“ਅੱਜ ਵੇਲਾ ਸਾਡੇ ਹੱਥ ਵਿੱਚ ਹੈ, ਇਸ ਲਈ ਇਸ ਨੂੰ ਗਵਾਈਏ ਨਾ। ਵੱਡਿਆਂ ਨੂੰ ਕਦੇ ...”
(4 ਸਤੰਬਰ 2026)
ਹਰ ਕਹਾਣੀ ਕਾਗਜ਼ ’ਤੇ ਨਹੀਂ ਲਿਖੀ ਜਾਂਦੀ; ਕੁਝ ਕਹਾਣੀਆਂ ਕੋਈ ਅਵਾਜ਼ ਸੁਣਾ ਜਾਂਦੀ ਹੈ, ਕੁਝ ਕਹਾਣੀਆਂ ਹੰਝੂ ਬਿਆਨ ਕਰ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁਝ ਕਹਾਣੀਆਂ ਸਾਰੀ ਉਮਰ ਲਈ ਦਿਲ ਵਿੱਚ ਵਸ ਜਾਂਦੀਆਂ ਹਨ। ਇਹ ਇੱਕ ਅਜਿਹਾ ਅਨੁਭਵ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸਾਨ ਨਹੀਂ। ਬੀਤੇ ਵੀਰਵਾਰ ਰਾਤ ਕਰੀਬ ਨੌ ਕੁ ਵਜੇ ਮੇਰਾ ਫ਼ੋਨ ਵੱਜਿਆ। ਜਦੋਂ ਮੈਂ ਸਕ੍ਰੀਨ ਵੱਲ ਦੇਖਿਆ ਤਾਂ ਉਹ ਇੱਕ ਅੰਤਰਰਾਸ਼ਟਰੀ ਨੰਬਰ ਸੀ। ਪਹਿਲਾਂ ਮੈਨੂੰ ਲੱਗਿਆ ਕਿ ਸ਼ਾਇਦ ਇਹ ਕਿਸੇ ਦੋਸਤ ਜਾਂ ਰਿਸ਼ਤੇਦਾਰ ਦਾ ਫ਼ੋਨ ਹੋਵੇਗਾ। ਮੈਂ ਕਾਲ ਚੁੱਕ ਲਈ। ਉੱਧਰੋਂ ਇੱਕ ਹੌਲੀ, ਕੰਬਦੀ ਅਤੇ ਅਣਪਛਾਤੀ ਅਵਾਜ਼ ਸੁਣਾਈ ਦਿੱਤੀ, “ਕੁਲਬੀਰ ਜੀ ਗੱਲ ਕਰ ਰਹੇ ਹੋ?”
ਮੈਂ ਜਵਾਬ ਦਿੱਤਾ, “ਹਾਂ ਜੀ, ਪਰ ਮੈਂ ਤੁਹਾਨੂੰ ਪਛਾਣਿਆ ਨਹੀਂ।”
ਉਨ੍ਹਾਂ ਨੇ ਕਿਹਾ, “ਕੁਲਬੀਰ ਜੀ, ਮੈਂ ਤੁਹਾਡਾ ‘ਕੱਚੇ ਘਰ, ਪੱਕੇ ਰਿਸ਼ਤੇ’ ਵਾਲਾ ਲੇਖ ਅਖਬਾਰ ਵਿੱਚ ਪੜ੍ਹਿਆ ਹੈ।”
ਇਹ ਸੁਣਦਿਆਂ ਹੀ ਮੈਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਇਹ ਕਿਸੇ ਪਾਠਕ ਦਾ ਫ਼ੋਨ ਹੈ। ਕੁਝ ਪਲ ਇੱਕ-ਦੂਜੇ ਦਾ ਹਾਲ-ਚਾਲ ਪੁੱਛਣ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਕੁਲਬੀਰ ਜੀ, ਤੁਸੀਂ ਬਹੁਤ ਸੋਹਣਾ ਲਿਖਿਆ ਹੈ। ਮੈਂ ਇਹ ਲੇਖ ਦੋ-ਤਿੰਨ ਵਾਰ ਪੜ੍ਹਿਆ ਹੈ ਅਤੇ ਇਸਦੀ ਕਾਪੀ ਸੰਭਾਲ ਕੇ ਆਪਣੇ ਕੋਲ ਰੱਖ ਲਈ ਹੈ।”
ਫਿਰ ਉਨ੍ਹਾਂ ਨੇ ਆਪਣੇ ਬਾਰੇ ਦੱਸਿਆ ਕਿ ਉਹ 80 ਸਾਲ ਦੇ ਹਨ, ਸਾਹ ਦੀ ਬਿਮਾਰੀ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ 77 ਸਾਲ ਦੀ ਹੈ, ਜੋ ਸ਼ੂਗਰ ਦੀ ਮਰੀਜ਼ ਹੈ। ਉਹ ਕਹਿਣ ਲੱਗੇ, “ਤੁਸੀਂ ਆਪਣੇ ਲੇਖ ਵਿੱਚ ਲਿਖਿਆ ਸੀ ਕਿ ਅੱਜ-ਕੱਲ੍ਹ ਬਜ਼ੁਰਗ ਇਕੱਲੇਪਨ ਦਾ ਸ਼ਿਕਾਰ ਹੋ ਰਹੇ ਹਨ। ਕੁਲਬੀਰ ਜੀ, ਤੁਸੀਂ ਸੱਚ ਲਿਖਿਆ ਹੈ। ਇਹ ਗੱਲ ਬਿਲਕੁਲ ਸਾਡੇ ਉੱਤੇ ਢੁੱਕਦੀ ਹੈ। ...”
ਇਸ ਤੋਂ ਬਾਅਦ ਉਹ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦੇ ਕਹਿਣ ਲੱਗੇ, “ਉਹ ਸਮਾਂ ਕਦੇ ਨਹੀਂ ਭੁੱਲਦਾ, ਆਪਸੀ ਪਿਆਰ, ਸਾਂਝ, ਨਾ ਕਿਸੇ ਨਾਲ ਵੈਰ-ਵਿਰੋਧ ਤੇ ਨਾ ਹੀ ਈਰਖਾ। ਸਾਰਾ ਪਰਿਵਾਰ ਇਕੱਠੇ ਬੈਠ ਕੇ ਰੋਟੀ ਖਾਂਦਾ ਸੀ। ਦਿਨ ਭਰ ਕੰਮ ਕਰਨ ਤੋਂ ਬਾਅਦ ਰਾਤ ਨੂੰ ਇੱਕੋ ਵਿਹੜੇ ਵਿੱਚ ਲੰਮੀ ਕਤਾਰ ਵਿੱਚ ਮੰਜੇ ਡਾਹ ਕੇ ਗੱਲਾਂ ਕਰਨੀਆਂ ਅਤੇ ਸਾਰਿਆਂ ਨੇ ਇਕੱਠੇ ਸੌਣਾ।”
ਉਨ੍ਹਾਂ ਦੀ ਹਰ ਗੱਲ ਬੀਤੇ ਸਮੇਂ ਦੀਆਂ ਜੀਵੰਤ ਤਸਵੀਰਾਂ ਮੇਰੇ ਸਾਹਮਣੇ ਉਕੇਰ ਰਹੀ ਸੀ। ਗੱਲਾਂ ਕਰਦਿਆਂ-ਕਰਦਿਆਂ ਇੱਕਦਮ ਉਨ੍ਹਾਂ ਦੀ ਅਵਾਜ਼ ਕੰਬਣ ਲੱਗੀ। ਅਗਲੇ ਹੀ ਪਲ ਉਨ੍ਹਾਂ ਦੇ ਹੰਝੂ ਸ਼ਬਦਾਂ ਤੋਂ ਵੀ ਭਾਰੇ ਹੋ ਗਏ ਤੇ ਉਹ ਰੋਣ ਲੱਗ ਪਏ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਨ੍ਹਾਂ ਨੂੰ ਕਿਵੇਂ ਹੌਸਲਾ ਦਿਆਂ। ਮੈਂ ਹੌਲੀ ਜਿਹੀ ਅਵਾਜ਼ ਵਿੱਚ ਕਿਹਾ, “ਅੰਕਲ ਜੀ... ਤੁਸੀਂ ਰੋਵੋ ਨਾ। ਕੀ ਹੋਇਆ? ਮੈਨੂੰ ਦੱਸੋ।”
ਹੌਂਕਿਆਂ ਅਤੇ ਹੰਝੂਆਂ ਦੇ ਵਿਚਕਾਰੋਂ ਉਨ੍ਹਾਂ ਦੇ ਸ਼ਬਦ ਨਿਕਲੇ, “ਕੁਲਬੀਰ ਜੀ, ਅਸੀਂ ਇੱਕੋ ਜ਼ਿੰਦਗੀ ਵਿੱਚ ਸਵਰਗ ਵੀ ਦੇਖ ਲਿਆ ਤੇ ਨਰਕ ਵੀ। ਉਹ ਦਿਨ ਸੱਚਮੁੱਚ ਸਵਰਗ ਵਰਗੇ ਜਾਪਦੇ ਸਨ, ਪਰ ਜੋ ਅੱਜ ਅਸੀਂ ਕੱਟ ਰਹੇ ਹਾਂ, ਉਹ ਨਰਕ ਤੋਂ ਘੱਟ ਨਹੀਂ।”
ਫਿਰ ਉਹ ਕਹਿਣ ਲੱਗੇ, “ਅਸੀਂ ਆਪਣੇ ਪੁੱਤ ਕੋਲ ਕੈਨੇਡਾ ਵਿੱਚ ਰਹਿ ਰਹੇ ਹਾਂ। ਨੂੰਹ ਹੈ, ਦੋ ਪੋਤਰੇ ਹਨ। ਇੰਨਾ ਵੱਡਾ ਪਰਿਵਾਰ ਹੋਣ ਦੇ ਬਾਵਜੂਦ ਵੀ ਅਸੀਂ ਇਕੱਲੇ ਹਾਂ। ਪੁੱਤ ਦਾ ਸਾਡੇ ਨਾਲ ਕੋਈ ਮੋਹ-ਪਿਆਰ ਹੀ ਨਹੀਂ ਰਿਹਾ। ਰਹੀ ਗੱਲ ਪੋਤਿਆਂ ਦੀ, ਉਹ ਤਾਂ ਇੱਥੋਂ ਦੇ ਕਲਚਰ ਵਿੱਚ ਜੰਮੇ-ਪਲੇ ਹੋਣ ਕਰਕੇ ਸਾਡੇ ਨੇੜੇ ਹੀ ਨਹੀਂ ਆਉਂਦੇ।”
ਉਨ੍ਹਾਂ ਦੇ ਦਿਲ ਦਾ ਦਰਦ ਧਾਹਾਂ ਬਣ ਕੇ ਬਾਹਰ ਆ ਰਿਹਾ ਸੀ। ਉਹ ਬੋਲੇ, “ਕਦੇ ਕਿਸੇ ਨੇ ਨਹੀਂ ਪੁੱਛਿਆ ਕਿ ਤੁਸੀਂ ਠੀਕ ਹੋ? ਦਵਾਈ ਹੈ ਜਾਂ ਮੁੱਕ ਗਈ? ਕੁਝ ਖਾਧਾ ਹੈ ਜਾਂ ਨਹੀਂ? ਕਿਸੇ ਚੀਜ਼ ਦੀ ਲੋੜ ਤਾਂ ਨਹੀਂ? ਸਾਡੇ ਕੋਲ ਇੱਕ ਘੜੀ ਬੈਠਣ ਦਾ ਵੀ ਕਿਸੇ ਕੋਲ ਸਮਾਂ ਨਹੀਂ। ਸਾਰੇ ਆਪਣੇ-ਆਪਣੇ ਕੰਮਾਂ ਵਿੱਚ ਰੁੱਝੇ ਹੋਏ ਹਨ ਅਤੇ ਅਸੀਂ ਆਪਣੇ ਕਮਰੇ ਤਕ ਸੀਮਿਤ ਹੋ ਕੇ ਰਹਿ ਗਏ ਹਾਂ। ਆਪਣੇ-ਆਪ ਨੂੰ ਕੋਸਦੇ ਰਹਿੰਦੇ ਹਾਂ ਕਿ ਅਸੀਂ ਇੱਥੇ ਕਿਉਂ ਆ ਗਏ? ਇੱਥੋਂ ਨਾਲੋਂ ਤਾਂ ਸਾਡਾ ਪੰਜਾਬ ਹੀ ਚੰਗਾ ਸੀ, ਜਿੱਥੇ ਘੱਟੋ-ਘੱਟ ਚਾਰ ਬੰਦੇ ਆ ਕੇ ਹਾਲ-ਚਾਲ ਤਾਂ ਪੁੱਛ ਲੈਂਦੇ ਸਨ। ਨਾ ਕਿਸੇ ਕੋਲ ਆਪਣਾ ਦਰਦ ਫਰੋਲ ਸਕਦੇ ਹਾਂ, ਬੱਸ ਆਪਣੇ ਅੰਦਰ ਹੀ ਦੁੱਖ ਦੱਬੀ ਬੈਠੇ ਹਾਂ। ... ਅਸੀਂ ਤਾਂ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਕਦੇ ਆਪਣਾ ਹੀ ਖੂਨ ਚਿੱਟਾ ਹੋ ਜਾਵੇਗਾ। ਜਿਸ ਪੁੱਤ ਨੂੰ ਉਂਗਲ ਫੜਾ ਕੇ ਤੁਰਨਾ ਸਿਖਾਇਆ, ਚਾਵਾਂ-ਲਾਡਾਂ ਨਾਲ ਪਾਲਿਆ-ਪੋਸਿਆ, ਜਿਸਦੀ ਹਰ ਖੁਸ਼ੀ ਲਈ ਆਪਣੀਆਂ ਖਾਹਿਸ਼ਾਂ ਅਤੇ ਅਰਮਾਨਾਂ ਨੂੰ ਹੱਸ ਕੇ ਕੁਰਬਾਨ ਕਰ ਦਿੱਤਾ, ਉਹੀ ਅੱਜ ਸਾਡੇ ਹੰਝੂਆਂ ਤੋਂ ਵੀ ਬੇਪਰਵਾਹ ਹੋ ਗਿਆ। ਜਿਸ ਨੂੰ ਬੋਲਣਾ ਸਿਖਾਉਣ ਲਈ ਅਸੀਂ ਹਜ਼ਾਰਾਂ ਵਾਰ ਇੱਕੋ ਸ਼ਬਦ ਦੁਹਰਾਉਂਦੇ ਸੀ, ਅੱਜ ਉਸੇ ਕੋਲ ਸਾਡੇ ਦੋ ਬੋਲ ਸੁਣਨ ਲਈ ਦੋ ਪਲ ਦਾ ਸਮਾਂ ਵੀ ਨਹੀਂ ਬਚਿਆ। ਹੁਣ ਤਾਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਉਸਦੇ ਮਾਪੇ ਨਹੀਂ, ਸਗੋਂ ਉਸਦੀ ਜ਼ਿੰਦਗੀ ਉੱਤੇ ਇੱਕ ਵਾਧੂ ਬੋਝ ਬਣ ਕੇ ਰਹਿ ਗਏ ਹਾਂ ...”
ਫਿਰ ਇੱਕ ਢੂੰਘਾ ਸਾਹ ਭਰਦਿਆਂ ਉਹ ਬੋਲੇ, “ਕੁਲਬੀਰ ਜੀ, ਅੱਜ ਤੁਹਾਡੇ ਨਾਲ ਗੱਲ ਕਰਕੇ ਲੱਗਿਆ ਜਿਵੇਂ ਸਾਲਾਂ ਤੋਂ ਦਿਲ ’ਤੇ ਰੱਖਿਆ ਕੋਈ ਭਾਰ ਹੌਲਾ ਹੋ ਗਿਆ ਹੋਵੇ। ਬਹੁਤ ਸਮੇਂ ਬਾਅਦ ਕਿਸੇ ਨੇ ਸਾਡੀਆਂ ਗੱਲਾਂ ਨੂੰ ਸਿਰਫ ਸੁਣਿਆ ਹੀ ਨਹੀਂ, ਸਗੋਂ ਮਹਿਸੂਸ ਵੀ ਕੀਤਾ। ਤੁਹਾਡੇ ਮਾਪਿਆਂ ਨੇ ਤੁਹਾਨੂੰ ਬਹੁਤ ਸੋਹਣੇ ਸੰਸਕਾਰ ਦਿੱਤੇ ਹਨ। ਇਸੇ ਲਈ ਤੁਸੀਂ ਬਜ਼ੁਰਗਾਂ ਦੇ ਦਿਲ ਦਾ ਦਰਦ ਇੰਨੀ ਗਹਿਰਾਈ ਨਾਲ ਸਮਝਦੇ ਵੀ ਹੋ ਅਤੇ ਉਸ ਨੂੰ ਸ਼ਬਦਾਂ ਵਿੱਚ ਵੀ ਬਿਆਨ ਕਰ ਲੈਂਦੇ ਹੋ। ਸੱਚਮੁੱਚ, ਉਹ ਮਾਪੇ ਬਹੁਤ ਕਿਸਮਤ ਵਾਲੇ ਹਨ ਜਿਨ੍ਹਾਂ ਨੂੰ ਤੁਹਾਡੇ ਵਰਗਾ ਪੁੱਤ ਮਿਲਿਆ। ਤੁਸੀਂ ਇੰਨੇ ਆਪਣੇਪਣ ਅਤੇ ਪਿਆਰ ਨਾਲ ਸਾਡੀ ਗੱਲ ਸੁਣੀ, ਇਸ ਲਈ ਦਿਲੋਂ ਬਹੁਤ-ਬਹੁਤ ਧੰਨਵਾਦ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਤੰਦਰੁਸਤ ਰੱਖੇ, ਤੁਹਾਡੀ ਕਲਮ ਨੂੰ ਹੋਰ ਤਾਕਤ ਬਖਸ਼ੇ ਅਤੇ ਜ਼ਿੰਦਗੀ ਦੇ ਹਰ ਮੋੜ ’ਤੇ ਤੁਹਾਨੂੰ ਤਰੱਕੀਆਂ ਅਤੇ ਕਾਮਯਾਬੀਆਂ ਬਖਸ਼ੇ। ਸਾਡੀਆਂ ਦਿਲੋਂ ਨਿਕਲੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਹਨ।”
ਇੰਨਾ ਕਹਿ ਕੇ ਉਨ੍ਹਾਂ ਨੇ ਫ਼ੋਨ ਰੱਖ ਦਿੱਤਾ ਪਰ ਉਨ੍ਹਾਂ ਦੇ ਹਉਕੇ, ਅਥਾਹ ਦਰਦ ਅਤੇ ਇਕੱਲੇਪਨ ਦੀ ਹੂਕ ਨੇ ਮੈਨੂੰ ਅੰਦਰ ਤਕ ਬੇਚੈਨ ਕਰ ਦਿੱਤਾ। ਉਸ ਰਾਤ ਨਾ ਰੋਟੀ ਖਾਣ ਨੂੰ ਚਿੱਤ ਕੀਤਾ ਤੇ ਨਾ ਹੀ ਅੱਖਾਂ ਵਿੱਚ ਨੀਂਦ ਆਈ। ਉਨ੍ਹਾਂ ਦੇ ਹਰ ਸ਼ਬਦ ਨਾਲ ਜਿਵੇਂ ਇੱਕ ਨਵਾਂ ਦਰਦ ਜੁੜਿਆ ਹੋਇਆ ਸੀ। ਜਿੰਨਾ ਮੈਂ ਉਨ੍ਹਾਂ ਨੂੰ ਸੁਣਿਆ ਸੀ, ਉਸ ਤੋਂ ਕਈ ਗੁਣਾ ਵੱਧ ਮੈਂ ਉਨ੍ਹਾਂ ਦੇ ਦਰਦ ਨੂੰ ਆਪਣੇ ਅੰਦਰ ਮਹਿਸੂਸ ਕਰ ਰਿਹਾ ਸੀ। ਮਨ ਵਿੱਚ ਇੱਕ ਤੋਂ ਬਾਅਦ ਇੱਕ ਸਵਾਲ ਜਨਮ ਲੈਂਦੇ ਰਹੇ: ਕੀ ਸਾਡਾ ਖੂਨ ਸੱਚਮੁੱਚ ਚਿੱਟਾ ਹੋ ਗਿਆ ਹੈ? ਜਿਨ੍ਹਾਂ ਮਾਪਿਆਂ ਨੇ ਸਾਨੂੰ ਕਦੇ ਤੱਤੀ ਵਾਅ ਨਹੀਂ ਲੱਗਣ ਦਿੱਤੀ, ਅੱਜ ਅਸੀਂ ਉਨ੍ਹਾਂ ਨੂੰ ਦੁੱਖਾਂ ਅਤੇ ਇਕੱਲੇਪਨ ਦੀ ਦਲਦਲ ਵਿੱਚ ਧੱਕ ਦਿੱਤਾ ਹੈ? ਕੀ ਸੱਚਮੁੱਚ ਉਹ ਸਿਰਫ ਉਦੋਂ ਤਕ ਆਪਣੇ ਸੀ, ਜਦੋਂ ਤਕ ਸਾਨੂੰ ਉਨ੍ਹਾਂ ਦੀ ਲੋੜ ਸੀ? ਕੀ ਇਹੋ ਹੈ ਸਾਡੀ ਉਹ ਤਰੱਕੀ, ਜਿਸਦੀ ਕੀਮਤ ਸਾਡੇ ਬਜ਼ੁਰਗਾਂ ਨੂੰ ਆਪਣੇ ਹੰਝੂਆਂ ਨਾਲ ਚੁਕਾਉਣੀ ਪੈ ਰਹੀ ਹੈ?
ਇਹ ਕੌੜੀ ਹਕੀਕਤ ਕਿਸੇ ਇੱਕ ਪਰਿਵਾਰ ਦੀ ਕਹਾਣੀ ਨਹੀਂ, ਸਗੋਂ ਨਾ ਜਾਣੇ ਕਿੰਨੇ ਘਰਾਂ ਦੀਆਂ ਬੰਦ ਕੰਧਾਂ ਦੇ ਅੰਦਰ ਇਹ ਦਰਦ, ਇਹ ਇਕੱਲਾਪਨ ਅਤੇ ਇਹ ਤੜਫ ਅੱਜ ਵੀ ਚੁੱਪ-ਚਾਪ ਸਾਹ ਲੈ ਰਹੀ ਹੈ। ਕਿੰਨੇ ਹੀ ਮਾਪੇ ਹਰ ਰੋਜ਼ ਆਪਣੇ ਬੱਚਿਆਂ ਨਾਲ ਦੋ ਘੜੀਆਂ ਬੈਠ ਕੇ ਗੱਲਾਂ ਕਰਨ ਤੇ ਕੁਝ ਪਲ ਬਿਤਾਉਣ ਲਈ ਤਰਸ ਰਹੇ ਹਨ। ਕੀ ਅਸੀਂ ਐਨੇ ਖੁਦਗਰਜ਼ ਹੋ ਗਏ ਹਾਂ ਕਿ ਦੋ ਪਲ ਵੀ ਉਨ੍ਹਾਂ ਨਾਲ ਸਾਂਝੇ ਨਹੀਂ ਕਰ ਸਕਦੇ? ਸਾਡੇ ਦਿਨ ਵਿੱਚੋਂ ਕੱਢੇ ਸਿਰਫ ਕੁਝ ਕੁ ਮਿੰਟ ਉਨ੍ਹਾਂ ਦੇ ਚਿਹਰੇ ’ਤੇ ਉਹ ਪੁਰਾਣੀ ਰੌਣਕ ਮੋੜ ਕੇ ਲਿਆ ਸਕਦੇ ਹਨ। ਉਨ੍ਹਾਂ ਦੀ ਉਮਰ ਵਧਾ ਸਕਦੇ ਹਨ। ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਬਿਮਾਰੀਆਂ ਤੋਂ ਮੁਕਤ ਕਰ ਸਕਦੇ ਹਨ, ਜੋ ਸਾਡੇ ਹੀ ਫਿਕਰ ਅਤੇ ਤਣਾਅ ਕਾਰਨ ਉਨ੍ਹਾਂ ਨੂੰ ਲੱਗ ਗਈਆਂ ਹਨ। ਉਨ੍ਹਾਂ ਨੇ ਤਾਂ ਆਪਣਾ ਹਰ ਫਰਜ਼ ਬਾਖੂਬੀ ਨਿਭਾਇਆ, ਪਰ ਅਸੀਂ ਆਪਣਾ ਫਰਜ਼ ਕਦੋਂ ਨਿਭਾਵਾਂਗੇ?
ਅੱਜ ਵੇਲਾ ਸਾਡੇ ਹੱਥ ਵਿੱਚ ਹੈ, ਇਸ ਲਈ ਇਸ ਨੂੰ ਗਵਾਈਏ ਨਾ। ਵੱਡਿਆਂ ਨੂੰ ਕਦੇ ਇਹ ਮਹਿਸੂਸ ਨਾ ਹੋਣ ਦੇਈਏ ਕਿ ਸਾਡੇ ਪਿੱਛੇ ਕੀਤੀ ਉਨ੍ਹਾਂ ਦੀ ਸਾਰੀ ਉਮਰ ਦੀ ਮਿਹਨਤ ਵਿਅਰਥ ਚਲੀ ਗਈ। ਉਨ੍ਹਾਂ ਨੇ ਸਾਨੂੰ ਪੜ੍ਹਾਇਆ-ਲਿਖਾਇਆ, ਆਪਣੀਆਂ ਲੋੜਾਂ ਅਤੇ ਖਾਹਿਸ਼ਾਂ ਨੂੰ ਪਿੱਛੇ ਰੱਖ ਕੇ ਸਾਡੇ ਹਰ ਸ਼ੌਕ ਨੂੰ ਪੂਰਾ ਕੀਤਾ। ਉਨ੍ਹਾਂ ਦੇ ਇਹ ਤਿਆਗ ਮਿੱਟੀ ਨਾ ਹੋਣ ਦੇਈਏ। ਉਨ੍ਹਾਂ ਦੀਆਂ ਆਸਾਂ ਤੇ ਉਮੀਦਾਂ ’ਤੇ ਖਰੇ ਉੱਤਰੀਏ, ਦਿਲੋਂ ਨਿਕਲੀਆਂ ਦੁਆਵਾਂ ਦੇ ਹੱਕਦਾਰ ਬਣੀਏ, ਤਾਂ ਜੋ ਉਨ੍ਹਾਂ ਦੀਆਂ ਅੱਖਾਂ ਵਿੱਚ ਕਦੇ ਪਛਤਾਵੇ ਅਤੇ ਇਕੱਲੇਪਨ ਦੀ ਨਮੀ ਨਾ ਹੋਵੇ, ਸਿਰਫ ਮਾਣ ਦੇ ਹੰਝੂ ਹੀ ਚਮਕਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































