“ਆਓ ਸਾਰੇ ਆਪਣਾ ਜਾਗਰੂਕ ਅਤੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ...”
(15 ਅਗਸਤ 2026)
ਇਸ ਸਮੇਂ ਪਾਠਕ: 2165.

ਹਰ ਸਾਲ ਜਦੋਂ ਅਸੀਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਘੁੰਮਣ-ਫਿਰਨ, ਪੜ੍ਹਾਈ ਕਰਨ, ਰੁਜ਼ਗਾਰ ਜਾਂ ਵਪਾਰ ਦੇ ਸਿਲਸਿਲੇ ਵਿੱਚ ਜਾਂਦੇ ਹਾਂ ਤਾਂ ਉੱਥੋਂ ਦੇ ਪ੍ਰਦੂਸ਼ਣ-ਰਹਿਤ ਅਤੇ ਸ਼ਾਂਤਮਈ ਮਾਹੌਲ, ਸਫਾਈ, ਹਰਿਆਲੀ ਨਾਲ ਭਰੇ ਪਾਰਕ, ਸੁਚੱਜੀ ਆਵਾਜਾਈ ਪ੍ਰਣਾਲੀ ਅਤੇ ਉੱਚ ਦਰਜੇ ਦੀ ਸੁੰਦਰਤਾ ਨੂੰ ਦੇਖ ਕੇ ਪ੍ਰਭਾਵਿਤ ਹੁੰਦੇ ਹਾਂ। ਉੱਥੋਂ ਦੇ ਵਾਤਾਵਰਣ ਵਿੱਚ ਰਚੀ ਸਕਾਰਾਤਮਕ ਊਰਜਾ ਸਾਨੂੰ ਇੱਕ ਵੱਖਰਾ ਹੀ ਸਕੂਨ ਮਹਿਸੂਸ ਕਰਵਾਉਂਦੀ ਹੈ। ਇਸੇ ਕਰਕੇ ਜਦੋਂ ਅਸੀਂ ਵਾਪਸ ਆਪਣੇ ਦੇਸ਼ ਪਰਤਦੇ ਹਾਂ ਤਾਂ ਆਪਣੇ ਦੋਸਤਾਂ-ਮਿੱਤਰਾਂ ਅਤੇ ਪਰਿਵਾਰਕ ਮੈਂਬਰਾਂ ਸਾਹਮਣੇ ਉੱਥੋਂ ਦੀ ਸੁੰਦਰਤਾ ਦੀਆਂ ਖੁੱਲ੍ਹ ਕੇ ਤਾਰੀਫਾਂ ਕਰਦੇ ਹਾਂ। ਇਸ ਸਭ ਤੋਂ ਬਾਅਦ ਸਾਡੇ ਮਨ ਵਿੱਚ ਇਹ ਖਿਆਲ ਆਉਣਾ ਸੁਭਾਵਿਕ ਹੈ ਕਿ ਕਾਸ਼ ਸਾਡਾ ਦੇਸ਼, ਸਾਡਾ ਪੰਜਾਬ, ਸਾਡਾ ਸ਼ਹਿਰ ਅਤੇ ਸਾਡਾ ਪਿੰਡ ਵੀ ਇੰਨਾ ਹੀ ਸਾਫ-ਸੁਥਰਾ, ਅਨੁਸ਼ਾਸਿਤ ਅਤੇ ਖੂਬਸੂਰਤ ਹੋਵੇ। ਫਿਰ ਅਸੀਂ ਆਪਣੇ ਦੇਸ਼ ਦੀ ਤੁਲਨਾ ਉਨ੍ਹਾਂ ਵਿਕਸਿਤ ਦੇਸ਼ਾਂ ਨਾਲ ਕਰਨੀ ਸ਼ੁਰੂ ਕਰ ਦਿੰਦੇ ਹਾਂ ਅਤੇ ਅਕਸਰ ਸਾਰੀਆਂ ਕਮੀਆਂ ਦਾ ਦੋਸ਼ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਸਿਰ ਮੜ੍ਹ ਕੇ ਆਪਣੀ ਸੋਚ ਨੂੰ ਉੱਥੇ ਹੀ ਖਤਮ ਕਰ ਦਿੰਦੇ ਹਾਂ।
ਪਰ ਅਸਲ ਸਵਾਲ ਤਾਂ ਇੱਥੋਂ ਹੀ ਸ਼ੁਰੂ ਹੁੰਦਾ ਹੈ। ਜੇ ਅਸੀਂ ਆਪਣੇ ਦੇਸ਼ ਦੀ ਤੁਲਨਾ ਵਿਕਸਿਤ ਦੇਸ਼ਾਂ ਨਾਲ ਕਰ ਸਕਦੇ ਹਾਂ, ਉਨ੍ਹਾਂ ਦੀਆਂ ਸਰਕਾਰਾਂ ਅਤੇ ਕਾਨੂੰਨਾਂ ਦੀ ਤੁਲਨਾ ਆਪਣੀ ਸਰਕਾਰ ਅਤੇ ਕਾਨੂੰਨਾਂ ਨਾਲ ਕਰ ਸਕਦੇ ਹਾਂ, ਤਾਂ ਫਿਰ ਆਪਣੀ ਤੁਲਨਾ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨਾਲ ਕਿਉਂ ਨਹੀਂ ਕਰਦੇ? ਕੀ ਸਾਡੀਆਂ ਆਦਤਾਂ ਉਨ੍ਹਾਂ ਜਾਗਰੂਕ ਨਾਗਰਿਕਾਂ ਵਰਗੀਆਂ ਹਨ? ਕੀ ਅਸੀਂ ਆਪਣੇ ਫਰਜ਼ਾਂ ਨੂੰ ਉੰਨੇ ਹੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਂਦੇ ਹਾਂ? ਕੀ ਅਸੀਂ ਜਨਤਕ ਸੰਪਤੀ ਦੀ ਸੰਭਾਲ ਆਪਣੀ ਸੰਪਤੀ ਵਾਂਗ ਕਰਦੇ ਹਾਂ? ਕੀ ਅਸੀਂ ਟ੍ਰੈਫਿਕ ਅਤੇ ਸਫਾਈ ਦੇ ਨਿਯਮਾਂ ਦੀ ਪਾਲਣਾ ਉਨ੍ਹਾਂ ਦੇਸਾਂ ਦੇ ਨਾਗਰਿਕਾਂ ਵਾਂਗ ਕਰਦੇ ਹਾਂ?
ਕਿਸੇ ਵੀ ਦੇਸ਼ ਦੀ ਤਰੱਕੀ ਸਿਰਫ ਵੱਡੀਆਂ ਇਮਾਰਤਾਂ, ਆਧੁਨਿਕ ਸਹੂਲਤਾਂ ਜਾਂ ਚੌੜੀਆਂ ਸੜਕਾਂ ਨਾਲ ਨਹੀਂ ਹੁੰਦੀ, ਦੇਸ਼ ਨੂੰ ਅਸਲ ਵਿੱਚ ਉਸਦੇ ਜਾਗਰੂਕ ਅਤੇ ਜ਼ਿੰਮੇਵਾਰ ਨਾਗਰਿਕ ਮਹਾਨ ਬਣਾਉਂਦੇ ਹਨ। ਜੇ ਲੋਕ ਆਪਣੇ ਫਰਜ਼ ਸਮਝਣ, ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੇ ਦੇਸ਼ ਨੂੰ ਆਪਣਾ ਘਰ ਸਮਝਣ, ਤਾਂ ਉਸ ਦੇਸ਼ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ।
ਜੇ ਅਸੀਂ ਸੱਚਮੁੱਚ ਆਪਣੇ ਦੇਸ਼ ਨੂੰ ਬਦਲਦਾ ਦੇਖਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸੁਧਾਰ ਦੀ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਹੀ ਕਰਨੀ ਪਵੇਗੀ। ਆਪਣੇ ਆਪ ਨੂੰ ਬਦਲਣ ਲਈ ਤਿਆਰ ਹੋਣਾ ਪਵੇਗਾ। ਸਾਨੂੰ ਉਨ੍ਹਾਂ ਦੇਸ਼ਾਂ ਦੇ ਫਰਜ਼ਸ਼ਨਾਸ ਨਾਗਰਿਕਾਂ ਦੀ ਸੋਚ ਨੂੰ ਅਪਣਾਉਣਾ ਹੋਵੇਗਾ ਅਤੇ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਛੋਟੀਆਂ-ਛੋਟੀਆਂ ਚੰਗੀਆਂ ਆਦਤਾਂ ਨੂੰ ਥਾਂ ਦੇਣੀ ਹੋਵੇਗੀ। “ਇੱਕ ਮੇਰੇ ਸੁਧਰਨ ਨਾਲ ਕੀ ਫਰਕ ਪਵੇਗਾ?” ਜਾਂ “ਮੈਨੂੰ ਕੀ ਲੋੜ ਹੈ?” ਵਰਗੀ ਆਲਸੀ ਅਤੇ ਨਕਾਰਾਤਮਕ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਤਿਆਗਣਾ ਹੋਵੇਗਾ। ਅਜਿਹੇ ਕਈ ਛੋਟੇ-ਛੋਟੇ ਕਦਮਾਂ ਨਾਲ ਅਸੀਂ ਵੀ ਆਪਣੇ ਦੇਸ਼ ਦੀ ਨੁਹਾਰ ਬਦਲ ਸਕਦੇ ਹਾਂ।
ਸਾਡਾ ਸਭ ਤੋਂ ਪਹਿਲਾ ਨਾਗਰਿਕ ਫਰਜ਼ ਇਹ ਹੈ ਕਿ ਅਸੀਂ ਸਫਾਈ ਨੂੰ ਕੇਵਲ ਆਪਣੇ ਘਰ ਦੀਆਂ ਬਰੂਹਾਂ ਤਕ ਸੀਮਿਤ ਨਾ ਰੱਖੀਏ, ਸਗੋਂ ਪੂਰੇ ਸ਼ਹਿਰ, ਗਲੀ, ਪਾਰਕਾਂ ਅਤੇ ਸਰਕਾਰੀ ਥਾਂਵਾਂ ਨੂੰ ਆਪਣੇ ਘਰ ਦਾ ਵਿਹੜਾ ਸਮਝੀਏ। ਜਦੋਂ ਅਸੀਂ ਚਾਕਲੇਟ ਦਾ ਰੈਪਰ, ਖਾਲੀ ਲਿਫਾਫਾ ਜਾਂ ਪਲਾਸਟਿਕ ਦੀ ਬੋਤਲ ਸੜਕ ਉੱਤੇ ਸੁੱਟਣ ਦੀ ਥਾਂ ਉਸ ਨੂੰ ਉਦੋਂ ਤਕ ਆਪਣੀ ਜੇਬ ਜਾਂ ਬੈਗ ਵਿੱਚ ਰੱਖਣ ਦੀ ਸਮਝਦਾਰੀ ਦਿਖਾਵਾਂਗੇ, ਜਦੋਂ ਤਕ ਕੋਈ ਕੂੜੇਦਾਨ ਨਾ ਮਿਲੇ, ਤਾਂ ਸਾਡੇ ਦੇਸ਼ ਦੀ ਸਫਾਈ ਦਾ ਅੱਧਾ ਮਸਲਾ ਆਪਣੇ ਆਪ ਹੱਲ ਹੋ ਜਾਵੇਗਾ।
ਇਸਦੇ ਨਾਲ ਹੀ, ਸੜਕੀ ਆਵਾਜਾਈ ਵਿੱਚ ਅਨੁਸ਼ਾਸਨ ਬਣਾਕੇ ਰੱਖਣਾ ਸਾਡਾ ਮੁਢਲਾ ਫਰਜ਼ ਹੈ। ਟ੍ਰੈਫਿਕ ਨਿਯਮਾਂ ਦੀ ਪਾਲਣਾ ਸਿਰਫ ਜੁਰਮਾਨੇ ਦੇ ਡਰ ਕਰਕੇ ਨਹੀਂ, ਸਗੋਂ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਪ੍ਰਤੀ ਜ਼ਿੰਮੇਵਾਰੀ ਸਮਝ ਕੇ ਕਰਨੀ ਚਾਹੀਦੀ ਹੈ। ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਰਸਤਾ ਦੇਣਾ ਸਿਰਫ ਇੱਕ ਨਿਯਮ ਨਹੀਂ, ਸਗੋਂ ਸਾਡੀ ਮਾਨਵਤਾ, ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰ ਨਾਗਰਿਕ ਹੋਣ ਦੀ ਪਛਾਣ ਹੈ।
ਸਰਕਾਰੀ ਬੱਸਾਂ, ਰੇਲ ਗੱਡੀਆਂ, ਰੇਲਵੇ ਸਟੇਸ਼ਨ, ਸਕੂਲ, ਹਸਪਤਾਲ, ਪਾਰਕ, ਸੜਕਾਂ ਅਤੇ ਇਤਿਹਾਸਕ ਵਿਰਾਸਤਾਂ ਸਾਡੇ ਸਾਰਿਆਂ ਦੀ ਸਾਂਝੀ ਸੰਪਤੀ ਹਨ, ਜੋ ਸਾਡੇ ਹੀ ਟੈਕਸ ਦੇ ਪੈਸਿਆਂ ਨਾਲ ਬਣਦੀਆਂ ਹਨ। ਇਸ ਲਈ ਗੁੱਸੇ ਜਾਂ ਵਿਰੋਧ ਵਿੱਚ ਇਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ, ਕੰਧਾਂ ’ਤੇ ਲਿਖਣਾ, ਕੂੜਾ ਸੁੱਟਣਾ ਜਾਂ ਤੋੜ-ਫੋੜ ਕਰਨਾ ਆਪਣੇ ਹੀ ਘਰ ਦਾ ਨੁਕਸਾਨ ਕਰਨ ਦੇ ਬਰਾਬਰ ਹੈ। ਇਹ ਸਾਰੀਆਂ ਸਹੂਲਤਾਂ ਸਾਡੀ ਭਲਾਈ ਅਤੇ ਸੁਵਿਧਾ ਲਈ ਹੀ ਬਣਾਈਆਂ ਗਈਆਂ ਹਨ। ਜੇ ਅਸੀਂ ਆਪ ਹੀ ਇਨ੍ਹਾਂ ਦੀ ਸੰਭਾਲ ਨਹੀਂ ਕਰਾਂਗੇ ਤਾਂ ਫਿਰ ਹੋਰ ਕੌਣ ਕਰੇਗਾ? ਇੱਕ ਕਰਤੱਵਨਿਸ਼ਠ (ਫਰਜ਼ ਸ਼ਨਾਸ, ਜ਼ਿੰਮੇਵਾਰ) ਨਾਗਰਿਕ ਹੋਣ ਦੇ ਨਾਤੇ ਜਨਤਕ ਸੰਪਤੀ ਦੀ ਰੱਖਿਆ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਹੈ।
ਇਸ ਤੋਂ ਇਲਾਵਾ ਸਾਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਵਾਤਾਵਰਣ ਪ੍ਰਤੀ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਹੋਵੇਗਾ। ਇਸ ਲਈ ਪਾਣੀ ਅਤੇ ਬਿਜਲੀ ਦੀ ਬੇਲੋੜੀ ਬਰਬਾਦੀ ਤੋਂ ਬਚਣਾ, ਸਿੰਗਲ-ਯੂਜ਼ ਪਲਾਸਟਿਕ ਨੂੰ ਪੂਰੀ ਤਰ੍ਹਾਂ ਤਿਆਗਣਾ, ਵੱਧ ਤੋਂ ਵੱਧ ਰੁੱਖ ਲਾਉਣਾ ਅਤੇ ਆਪਣੇ ਆਲੇ-ਦੁਆਲੇ ਨੂੰ ਪ੍ਰਦੂਸ਼ਣ-ਮੁਕਤ ਰੱਖਣਾ ਸਾਡੇ ਰੋਜ਼ਾਨਾ ਦੇ ਜੀਵਨ ਦਾ ਹਿੱਸਾ ਬਣਨਾ ਚਾਹੀਦਾ ਹੈ।
ਇੱਕ ਆਦਰਸ਼ ਨਾਗਰਿਕ ਹੋਣ ਦੇ ਨਾਤੇ ਸਾਨੂੰ ਕਾਨੂੰਨਾਂ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ। ਇਮਾਨਦਾਰੀ ਨਾਲ ਟੈਕਸ ਅਦਾ ਕਰਨਾ, ਭ੍ਰਿਸ਼ਟਾਚਾਰ ਨੂੰ ਕਿਸੇ ਵੀ ਰੂਪ ਵਿੱਚ ਉਤਸ਼ਾਹਿਤ ਨਾ ਕਰਨਾ, ਨਾ ਰਿਸ਼ਵਤ ਲੈਣੀ ਅਤੇ ਨਾ ਹੀ ਦੇਣੀ, ਝੂਠੇ ਦਸਤਾਵੇਜ਼ਾਂ, ਸਿਫਾਰਸ਼ਾਂ ਜਾਂ ਗਲਤ ਤਰੀਕਿਆਂ ਨਾਲ ਆਪਣੇ ਕੰਮ ਕਰਵਾਉਣ ਦੀ ਕੋਸ਼ਿਸ਼ ਨਾ ਕਰਨੀ ਹਰ ਨਾਗਰਿਕ ਦਾ ਫਰਜ਼ ਹੈ।
ਇਸਦੇ ਨਾਲ ਹੀ ਸਾਡੇ ਵਿਹਾਰ ਵਿੱਚ ਨਿਮਰਤਾ, ਆਪਸੀ ਸਤਿਕਾਰ ਅਤੇ ਇਨਸਾਨੀਅਤ ਦੀ ਭਾਵਨਾ ਵੀ ਝਲਕਣੀ ਚਾਹੀਦੀ ਹੈ। ਘਰ ਆਉਣ ਵਾਲੇ ਹਰ ਮਹਿਮਾਨ ਦਾ ਮੁਸਕਰਾ ਕੇ ਸਵਾਗਤ ਕਰਨਾ, ਘਰੋਂ ਨਿਕਲਦੇ ਜਾਂ ਵਾਪਸ ਆਉਂਦੇ ਸਮੇਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਮਿਲਣਾ, ਵੱਡਿਆਂ ਦਾ ਆਦਰ ਕਰਨਾ ਅਤੇ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣਾ ਸਾਡੇ ਚੰਗੇ ਸੰਸਕਾਰਾਂ ਦੀ ਪਛਾਣ ਹੈ। ਬੱਚਿਆਂ ਨਾਲ ਪਿਆਰ ਅਤੇ ਧੀਰਜ ਨਾਲ ਪੇਸ਼ ਆਉਣਾ, ਔਰਤਾਂ ਦਾ ਸਤਿਕਾਰ ਕਰਨਾ, ਦਿਵਿਆਂਗ ਅਤੇ ਬਜ਼ੁਰਗ ਵਿਅਕਤੀਆਂ ਦੀ ਸੜਕ ਪਾਰ ਕਰਵਾਉਣ ਜਾਂ ਲੋੜ ਪੈਣ ’ਤੇ ਉਨ੍ਹਾਂ ਦੀ ਮਦਦ ਕਰਨੀ, ਰਾਹ ਭੁੱਲੇ ਜਾਂ ਮੁਸੀਬਤ ਵਿੱਚ ਫਸੇ ਕਿਸੇ ਅਣਜਾਣ ਵਿਅਕਤੀ ਨੂੰ ਸਹੀ ਰਸਤਾ ਦੱਸਣਾ ਜਾਂ ਸਹਾਇਤਾ ਕਰਨੀ ਵੀ ਇੱਕ ਜਾਗਰੂਕ ਨਾਗਰਿਕ ਦੀ ਪਛਾਣ ਹੈ। ਜਨਤਕ ਥਾਂਵਾਂ ’ਤੇ ਕਤਾਰ ਦਾ ਸਤਿਕਾਰ ਕਰਨਾ, ਆਪਣੀ ਵਾਰੀ ਦੀ ਉਡੀਕ ਕਰਨੀ, ਬੱਸਾਂ-ਟਰੇਨਾਂ ਵਿੱਚ ਬਜ਼ੁਰਗਾਂ, ਗਰਭਵਤੀ ਮਹਿਲਾਵਾਂ, ਦਿਵਿਆਂਗ ਵਿਅਕਤੀਆਂ ਅਤੇ ਲੋੜਵੰਦ ਯਾਤਰੀਆਂ ਲਈ ਆਪਣੀ ਸੀਟ ਛੱਡਣਾ, ਬਿਨਾਂ ਲੋੜ ਉੱਚੀ ਅਵਾਜ਼ ਵਿੱਚ ਨਾ ਬੋਲਣਾ, ਰੌਲਾ ਨਾ ਪਾਉਣਾ, ਗਾਲੀ-ਗਲੋਚ ਤੋਂ ਬਚਣਾ ਅਤੇ ਹਰ ਵਿਅਕਤੀ ਨਾਲ ਨਿਮਰਤਾ ਨਾਲ ਗੱਲ ਕਰਨੀ, ਘਰ, ਦਫਤਰ, ਬਾਜ਼ਾਰਾਂ ਜਾਂ ਸੜਕਾਂ ’ਤੇ ਔਰਤਾਂ ਨੂੰ ਪੂਰਨ ਸੁਰੱਖਿਅਤ ਅਤੇ ਸਨਮਾਨਜਨਕ ਮਾਹੌਲ ਦੇਣਾ ਸਾਡੇ ਸਮਾਜ ਦੀ ਉੱਚੀ ਸੋਚ ਨੂੰ ਦਰਸਾਉਂਦਾ ਹੈ। ਅਜਿਹੀਆਂ ਛੋਟੀਆਂ-ਛੋਟੀਆਂ ਆਦਤਾਂ ਇੱਕ ਸੱਭਿਅਕ ਸਮਾਜ ਦੀ ਨੀਂਹ ਮਜ਼ਬੂਤ ਕਰਦੀਆਂ ਹਨ, ਜਿਸ ਨਾਲ ਸਾਡੇ ਦੇਸ਼ ਦੀ ਤਰੱਕੀ ਦੀ ਰਫਤਾਰ ਆਪਣੇ ਆਪ ਤੇਜ਼ ਹੋ ਜਾਂਦੀ ਹੈ। ਸਾਡਾ ਹਰ ਇੱਕ ਸਕਾਰਾਤਮਕ ਕਦਮ ਸਮਾਜ ਵਿੱਚ ਵੱਡਾ ਬਦਲਾਅ ਲਿਆਉਣ ਦੀ ਸਮਰੱਥਾ ਰੱਖਦਾ ਹੈ। ਆਓ ਸਾਰੇ ਇਕੱਠੇ ਹੋ ਕੇ ਇਸ ਨਵੀਂ ਸੋਚ ਦੀ ਰੌਸ਼ਨੀ ਨਾਲ ਆਪਣੇ ਦੇਸ਼ ਦੀ ਨੁਹਾਰ ਬਦਲੀਏ, ਇਸ ਨੂੰ ਵੀ ਵਿਕਸਿਤ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਲ ਕਰੀਏ ਅਤੇ ਆਪਣਾ ਜਾਗਰੂਕ ਅਤੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਪੂਰੀ ਇਮਾਨਦਾਰੀ ਨਾਲ ਨਿਭਾਈਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































