“ਸਾਡੇ ਆਲੇ-ਦੁਆਲੇ ਫੈਲੇ ਕੁਦਰਤੀ ਖਜ਼ਾਨੇ ਅਤੇ ਸਾਡੇ ਪੁਰਖਿਆਂ ਦੀ ਰਵਾਇਤੀ ਸਮਝ ...”
(25 ਸਤੰਬਰ 2026)
(1) ਕੰਡਿਆਂ ਦੇ ਓਹਲੇ ਕਿੱਕਰ ਦੀ ਅਸਲ ਪਛਾਣ
ਸਾਡੀ ਪੰਜਾਬ ਦੀ ਧਰਤੀ ’ਤੇ ਅਨੇਕਾਂ ਅਜਿਹੇ ਦੇਸੀ ਪੌਦੇ ਅਤੇ ਦ੍ਰਖਤ ਹਨ, ਜਿਨ੍ਹਾਂ ਨੂੰ ਅਸੀਂ ਅਕਸਰ ਆਮ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਇਨ੍ਹਾਂ ਵਿੱਚੋਂ ਹੀ ਇੱਕ ਹੈ ‘ਕਿੱਕਰ’ ਦਾ ਦ੍ਰਖਤ। ਪੁਰਾਣੇ ਸਮਿਆਂ ਵਿੱਚ ਸਾਡੇ ਬਜ਼ੁਰਗ ਕਿੱਕਰ ਦੀ ਦਾਤਣ ਤੋਂ ਲੈ ਕੇ ਇਸਦੇ ਪੱਤਿਆਂ, ਛਿੱਲ ਅਤੇ ਗੂੰਦ ਦੀ ਵਰਤੋਂ ਸਰੀਰਕ ਸਿਹਤ ਲਈ ਕਰਿਆ ਕਰਦੇ ਸਨ। ਕਿੱਕਰ ’ਤੇ ਲੱਗਣ ਵਾਲੀਆਂ ਹਰੀਆਂ ਫਲੀਆਂ, ਜਿਨ੍ਹਾਂ ਨੂੰ ਪੰਜਾਬੀ ਵਿੱਚ ‘ਤੁੱਕੇ’ ਕਿਹਾ ਜਾਂਦਾ ਹੈ, ਆਯੁਰਵੇਦ ਵਿੱਚ ਇੱਕ ਬਹਿਤਰੀਨ ਔਸ਼ਧੀ ਮੰਨੇ ਗਏ ਹਨ। ਅੱਜ ਦੇ ਦੌਰ ਵਿੱਚ ਜਦੋਂ ਅਸੀਂ ਹਰ ਛੋਟੀ-ਮੋਟੀ ਬਿਮਾਰੀ ਲਈ ਅੰਗਰੇਜ਼ੀ ਦਵਾਈਆਂ ਵੱਲ ਭੱਜਦੇ ਹਾਂ, ਉੱਥੇ ਕਿੱਕਰ ਦੇ ਤੁੱਕੇ ਇੱਕ ਬਿਨਾਂ ਖਰਚੇ ਵਾਲਾ ਕੁਦਰਤੀ ਇਲਾਜ ਸਾਬਤ ਹੁੰਦੇ ਹਨ।
ਜੋੜਾਂ ਅਤੇ ਗੋਡਿਆਂ ਦੇ ਦਰਦ ਤੋਂ ਮੁਕਤੀ
ਅੱਜ-ਕੱਲ੍ਹ ਉਮਰ ਵਧਣ ਦੇ ਨਾਲ-ਨਾਲ ਜਾਂ ਖੁਰਾਕ ਵਿੱਚ ਪੋਸ਼ਕ ਤੱਤਾਂ ਦੀ ਘਾਟ ਕਰਕੇ ਗੋਡਿਆਂ ਵਿੱਚੋਂ ਗਰੀਸ ਘਟਣ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਆਮ ਹੋ ਗਈ ਹੈ। ਕਿੱਕਰ ਦੇ ਕੱਚੇ ਤੁੱਕਿਆਂ ਨੂੰ ਛਾਂ ਵਿੱਚ ਸੁਕਾ ਕੇ ਬਣਾਇਆ ਗਿਆ ਪਾਊਡਰ ਇਸ ਸਮੱਸਿਆ ਲਈ ਵਰਦਾਨ ਮੰਨਿਆ ਜਾਂਦਾ ਹੈ। ਇਹ ਸਰੀਰ ਵਿੱਚ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਅਤੇ ਜੋੜਾਂ ਦੀ ਗਰੀਸ ਨੂੰ ਮੁੜ ਬਣਾਉਣ ਵਿੱਚ ਮਦਦ ਕਰਦਾ ਹੈ।
ਸ਼ੂਗਰ (ਡਾਇਬਟੀਜ਼) ਲਈ ਲਾਹੇਵੰਦ
ਕਿੱਕਰ ਦੇ ਤੁੱਕਿਆਂ ਵਿੱਚ ਅਜਿਹੇ ਕੁਦਰਤੀ ਤੱਤ ਹੁੰਦੇ ਹਨ ਜੋ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਸੰਤੁਲਿਤ ਰੱਖਣ ਵਿੱਚ ਸਹਾਈ ਹੁੰਦੇ ਹਨ। ਸ਼ੂਗਰ ਦੇ ਮਰੀਜ਼ ਜੇਕਰ ਇਸਦੇ ਪਾਊਡਰ ਦਾ ਨਿਯਮਿਤ ਸੇਵਨ ਕਰਨ ਤਾਂ ਇਹ ਇਨਸੁਲਿਨ ਦੇ ਪੱਧਰ ਨੂੰ ਸੁਧਾਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ।
ਮਸੂੜਿਆਂ ਅਤੇ ਦੰਦਾਂ ਦੀ ਮਜ਼ਬੂਤੀ
ਕਿੱਕਰ ਵਿੱਚ ਐਂਟੀ-ਬੈਕਟੀਰੀਅਲ ਗੁਣ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸਦੇ ਤੁੱਕਿਆਂ ਦੇ ਪਾਊਡਰ ਨਾਲ ਮਸੂੜਿਆਂ ਦੀ ਮਾਲਿਸ਼ ਕਰਨ ਨਾਲ ਦੰਦਾਂ ਦਾ ਹਿੱਲਣਾ, ਮਸੂੜਿਆਂ ਵਿੱਚੋਂ ਖੂਨ ਆਉਣਾ ਅਤੇ ਪਾਇਰੀਆ ਵਰਗੀਆਂ ਬਿਮਾਰੀਆਂ ਤੋਂ ਆਰਾਮ ਮਿਲਦਾ ਹੈ। ਇਹ ਦੰਦਾਂ ਨੂੰ ਕੁਦਰਤੀ ਤੌਰ ’ਤੇ ਮਜ਼ਬੂਤ ਬਣਾਉਂਦਾ ਹੈ।
ਪੇਟ ਦੀਆਂ ਸਮੱਸਿਆਵਾਂ ਅਤੇ ਪਾਚਨ ਸੁਧਾਰ
ਪੇਟ ਦੀ ਜਲਨ, ਬਦਹਜ਼ਮੀ, ਦਸਤ (ਲੂਜ਼ ਮੋਸ਼ਨ) ਅਤੇ ਆਂਦਰਾਂ ਦੀ ਕਮਜ਼ੋਰੀ ਲਈ ਵੀ ਇਹ ਬਹੁਤ ਲਾਹੇਵੰਦ ਹਨ। ਇਹ ਪੇਟ ਦੀ ਗਰਮੀ ਨੂੰ ਸ਼ਾਂਤ ਕਰਕੇ ਪਾਚਣ ਪ੍ਰਣਾਲੀ ਨੂੰ ਦਰੁਸਤ ਰੱਖਦੇ ਹਨ।
ਕਿੱਕਰ ਦੇ ਤੁੱਕਿਆਂ ਦਾ ਅਚਾਰ
ਪੁਰਾਣੇ ਸਮਿਆਂ ਵਿੱਚ ਪੰਜਾਬ ਦੀਆਂ ਬਜ਼ੁਰਗ ਔਰਤਾਂ ਕਿੱਕਰ ਦੇ ਹਰੇ ਅਤੇ ਨਰਮ ਤੁੱਕਿਆਂ ਦਾ ਅਚਾਰ ਵੀ ਬਣਾਇਆ ਕਰਦੀਆਂ ਸਨ। ਇਹ ਅਚਾਰ ਸਿਰਫ ਖਾਣ ਦਾ ਸਵਾਦ ਹੀ ਨਹੀਂ ਵਧਾਉਂਦਾ, ਸਗੋਂ ਸਿਹਤ ਲਈ ਵੀ ਦਵਾਈ ਦਾ ਕੰਮ ਕਰਦਾ ਹੈ। ਕੱਚੇ ਤੁੱਕਿਆਂ ਨੂੰ ਹਲਕਾ ਉਬਾਲ ਕੇ, ਸੁਕਾ ਕੇ ਸਰ੍ਹੋਂ ਦੇ ਤੇਲ, ਰਾਈ, ਸੌਂਫ, ਮੇਥੀ ਅਤੇ ਹਲਦੀ ਵਰਗੇ ਦੇਸੀ ਮਸਾਲਿਆਂ ਨਾਲ ਤਿਆਰ ਕੀਤਾ ਜਾਂਦਾ ਹੈ। ਇਹ ਅਚਾਰ ਪੇਟ ਦੀ ਭੁੱਖ ਵਧਾਉਂਦਾ ਹੈ, ਬਦਹਜ਼ਮੀ ਦੂਰ ਕਰਦਾ ਹੈ ਅਤੇ ਜੋੜਾਂ ਦੇ ਦਰਦ ਵਾਲੇ ਮਰੀਜ਼ਾਂ ਲਈ ਬਹੁਤ ਲਾਹੇਵੰਦ ਮੰਨਿਆ ਜਾਂਦਾ ਹੈ। ਰੁਜ਼ਾਨਾ ਖੁਰਾਕ ਵਿੱਚ ਇਹ ਅਚਾਰ ਸ਼ਾਮਲ ਕਰਨ ਨਾਲ ਤੁੱਕਿਆਂ ਦੇ ਔਸ਼ਧੀ ਗੁਣ ਸਹਿਜੇ ਹੀ ਸਰੀਰ ਨੂੰ ਮਿਲ ਜਾਂਦੇ ਹਨ।
ਸਾਡੇ ਆਲੇ-ਦੁਆਲੇ ਫੈਲੇ ਕੁਦਰਤੀ ਖਜ਼ਾਨੇ ਅਤੇ ਸਾਡੇ ਪੁਰਖਿਆਂ ਦੀ ਰਵਾਇਤੀ ਸਮਝ ਅੱਜ ਵੀ ਉੰਨੀ ਹੀ ਕਾਰਗਰ ਹੈ, ਜਿੰਨੀ ਪੁਰਾਣੇ ਸਮਿਆਂ ਵਿੱਚ ਸੀ। ਕਿੱਕਰ ਵਰਗੇ ਸਧਾਰਨ ਦਿਸਣ ਵਾਲੇ ਦ੍ਰਖਤ ਅਤੇ ਇਨ੍ਹਾਂ ਦੇ ਤੁੱਕੇ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਕਈ ਸਿਹਤ ਸਮੱਸਿਆਵਾਂ ਦਾ ਹੱਲ ਸਾਡੀ ਆਪਣੀ ਧਰਤੀ ਅਤੇ ਵਾਤਾਵਰਨ ਵਿੱਚ ਹੀ ਮੌਜੂਦ ਹੈ। ਇਹ ਰਵਾਇਤੀ ਨੁਸਖੇ ਨਾ ਸਿਰਫ ਸਾਨੂੰ ਬਿਨਾਂ ਕਿਸੇ ਬੁਰੇ ਪ੍ਰਭਾਵ ਦੇ ਅਰੋਗ ਰੱਖਦੇ ਹਨ, ਸਗੋਂ ਸਾਨੂੰ ਸਾਡੀ ਪੰਜਾਬੀ ਵਿਰਾਸਤ ਅਤੇ ਪ੍ਰਕ੍ਰਿਤੀ ਨਾਲ ਵੀ ਸਾਂਝ ਪਾਉਣ ਦਾ ਮੌਕਾ ਦਿੰਦੇ ਹਨ। ਅੱਜ ਅਸੀਂ ਜਿਸ ਦ੍ਰਖਤ ਨੂੰ ਸੜਕਾਂ ਦੇ ਕਿਨਾਰੇ ਜਾਂ ਖੇਤਾਂ ਦੀਆਂ ਵੱਟਾਂ ’ਤੇ ਖੜ੍ਹਾ ਇੱਕ ਆਮ ਦ੍ਰਖਤ ਸਮਝ ਕੇ ਅਣਡਿੱਠਾ ਕਰ ਦਿੰਦੇ ਹਾਂ, ਉਸ ਨਾਲ ਸਾਡੇ ਪੁਰਖਿਆਂ ਦੀ ਸਿਹਤ, ਰਸੋਈ ਅਤੇ ਜੀਵਨ-ਜਾਚ ਦੀਆਂ ਕਈ ਯਾਦਾਂ ਜੁੜੀਆਂ ਹੋਈਆਂ ਹਨ।
* * *
(2) ਮਿੱਟੀ ਵਿੱਚ ਡਿਗਿਆ ਬੀਜ ਵਿਅਰਥ ਨਹੀਂ ਜਾਂਦਾ
ਮਿੱਟੀ ਦੀ ਆਪਣੀ ਇੱਕ ਖ਼ਾਮੋਸ਼ ਭਾਸ਼ਾ ਹੁੰਦੀ ਹੈ। ਜਦੋਂ ਕੋਈ ਬੀਜ ਉਸ ਦੀ ਗੋਦ ਵਿੱਚ ਡਿੱਗਦਾ ਹੈ ਤਾਂ ਹਰ ਵਾਰ ਤੁਰੰਤ ਅੰਕੁਰ ਨਹੀਂ ਫੁੱਟਦਾ। ਕਈ ਵਾਰ ਉਹ ਦਿਨਾਂ ਤੱਕ ਅੰਦਰ ਪਿਆ ਰਹਿੰਦਾ ਹੈ, ਕਦੇ ਮਹੀਨੇ ਲੰਘ ਜਾਂਦੇ ਹਨ ਤੇ ਕਈ ਵਾਰੀ ਸਾਲਾਂ ਦੀ ਉਡੀਕ ਵੀ ਕਰਨੀ ਪੈਂਦੀ ਹੈ। ਬਾਹਰੋਂ ਵੇਖਣ ਵਾਲੇ ਨੂੰ ਲੱਗ ਸਕਦਾ ਹੈ ਕਿ ਬੀਜ ਖ਼ਤਮ ਹੋ ਗਿਆ, ਪਰ ਧਰਤੀ ਉਸਨੂੰ ਆਪਣੇ ਅੰਦਰ ਸੰਭਾਲੀ ਬੈਠੀ ਹੁੰਦੀ ਹੈ।
ਫਿਰ ਇੱਕ ਦਿਨ ਹਾਲਾਤ ਬਦਲਦੇ ਹਨ। ਨਮੀ ਮਿਲਦੀ ਹੈ, ਮੌਸਮ ਸਾਥ ਦਿੰਦਾ ਹੈ ਅਤੇ ਉਹੀ ਚੁੱਪ ਪਿਆ ਬੀਜ ਮਿੱਟੀ ਨੂੰ ਚੀਰ ਕੇ ਆਪਣੀ ਹੋਂਦ ਦਾ ਸਬੂਤ ਦੇ ਦਿੰਦਾ ਹੈ। ਨਿੱਕਾ ਜਿਹਾ ਅੰਕੁਰ ਹੌਲੀ-ਹੌਲੀ ਪੌਦਾ ਬਣਦਾ ਹੈ ਅਤੇ ਕਦੇ ਉਹੀ ਪੌਦਾ ਇੱਕ ਦਿਨ ਛਾਂ ਦੇਣ ਵਾਲਾ ਦ੍ਰਖਤ ਵੀ ਬਣ ਜਾਂਦਾ ਹੈ।
ਕੁਦਰਤ ਦਾ ਇਹ ਦ੍ਰਿਸ਼ ਸਾਨੂੰ ਇੱਕ ਡੂੰਘੀ ਗੱਲ ਸਮਝਾਉਂਦਾ ਹੈ - ਦੇਰ ਹੋਣਾ, ਵਿਅਰਥ ਹੋਣਾ ਨਹੀਂ ਹੁੰਦਾ।
ਜਿਵੇਂ ਧਰਤੀ ਹਰ ਬੀਜ ਨੂੰ ਉਸਦੀ ਆਪਣੀ ਰੁੱਤ ਆਉਣ ਤੱਕ ਸੰਭਾਲਦੀ ਹੈ, ਉਸੇ ਤਰ੍ਹਾਂ ਜ਼ਿੰਦਗੀ ਵਿੱਚ ਕੀਤੀ ਮਿਹਨਤ, ਦਿੱਤੀ ਸਿੱਖਿਆ, ਬੀਜੀ ਚੰਗੀ ਸੋਚ ਜਾਂ ਕੀਤਾ ਨੇਕ ਕੰਮ ਵੀ ਕਈ ਵਾਰ ਤੁਰੰਤ ਨਤੀਜਾ ਨਹੀਂ ਦਿੰਦਾ। ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਖ਼ਤਮ ਹੋ ਗਿਆ।
ਹਰ ਬੀਜ ਨੂੰ ਆਪਣਾ ਸਮਾਂ ਚਾਹੀਦਾ ਹੈ। ਹਰ ਸੁਪਨੇ ਨੂੰ ਆਪਣੀ ਰੁੱਤ ਮਿਲਦੀ ਹੈ। ਹਰ ਕੋਸ਼ਿਸ਼ ਦਾ ਫਲ ਉਸੇ ਸਮੇਂ ਨਹੀਂ ਮਿਲਦਾ।
ਮਿੱਟੀ ਬੀਜ ਨੂੰ ਵਿਅਰਥ ਨਹੀਂ ਕਰਦੀ, ਉਹ ਉਸਨੂੰ ਸਮਾਂ ਦਿੰਦੀ ਹੈ। ਸ਼ਾਇਦ ਸਾਨੂੰ ਵੀ ਜ਼ਿੰਦਗੀ ਦੀਆਂ ਕੁਝ ਚੁੱਪ ਉਡੀਕਾਂ ਨੂੰ ਇਸੇ ਨਜ਼ਰੀਏ ਨਾਲ ਦੇਖਣਾ ਅਤੇ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


























































































































