KulbirSharma7“ਇਸ ਡਰ ਅਤੇ ਅਸ਼ਾਂਤੀ ਦੇ ਮਾਹੌਲ ਤੋਂ ਇਲਾਵਾ ਨਸ਼ਿਆਂ ਦੀ ਸਮੱਸਿਆ ਵੀ ...”
(10 ਨਵੰਬਰ 2026)

 

ਆਪਣੇ ਪਰਿਵਾਰ ਦੇ ਨਿੱਘ ਵਿੱਚ ਜਿਊਣ ਦੀ ਇੱਛਾ, ਆਪਣੀ ਮਾਂ-ਬੋਲੀ ਦੀ ਗਲਵੱਕੜੀ ਵਿੱਚ ਸਾਹ ਲੈਣ ਦਾ ਸਕੂਨ ਅਤੇ ਆਪਣੀ ਜੰਮਪਲ ਧਰਤੀ ਨਾਲ ਅੰਤਾਂ ਦਾ ਮੋਹ - ਪਰ ਅੱਜ ਪੰਜਾਬ ਦੀ ਹਾਲਤ ਕੁਝ ਅਜਿਹੀ ਬਣ ਚੁੱਕੀ ਹੈ ਕਿ ਇਹ ਸਭ ਕੁਝ ਹੁੰਦਿਆਂ ਹੋਇਆ ਵੀ ਨੌਜਵਾਨ ਪੀੜ੍ਹੀ ਦਾ ਆਪਣੇ ਹੀ ਘਰ, ਆਪਣੇ ਹੀ ਪੰਜਾਬ ਵਿੱਚ ਰਹਿਣ ਨੂੰ ਜੀਅ ਨਹੀਂ ਕਰ ਰਿਹਾ। ਜਦੋਂ ਸੋਚੀਦਾ ਹੈ ਕਿ ਕਿੱਥੇ ਤਾਂ ਗੁਰੂਆਂ, ਪੀਰਾਂ, ਮਹਾਨ ਯੋਧਿਆਂ ਅਤੇ ਖਿਡਾਰੀਆਂ ਦੀ ਇਸ ਧਰਤੀ ਨੇ ਪੂਰੀ ਦੁਨੀਆ ਵਿੱਚ ਮਾਣ ਖੱਟਿਆ ਸੀ, ਅਤੇ ਕਿੱਥੇ ਅੱਜ ਸਾਡਾ ਪੰਜਾਬ ਨਸ਼ਿਆਂ ਅਤੇ ਗੈਂਗਸਟਰ ਕਲਚਰ ਦੇ ਹਵਾਲੇ ਹੋ ਰਿਹਾ ਹੈ, ਤਾਂ ਕਲਮ ਵੀ ਆਪਣੇ ਆਪ ਕੰਬਣ ਲੱਗ ਜਾਂਦੀ ਹੈ। ਅੱਜ ਜਦੋਂ ਪੰਜਾਬ ਦੇ ਹਾਲਾਤ ਨੂੰ ਨੇੜਿਓਂ ਦੇਖੀਦਾ ਹੈ ਤਾਂ ਕਈ ਵਾਰ ਦਿਲ ਨਹੀਂ ਕਰਦਾ ਕਿ ਆਪਣੀ ਜਨਮ-ਭੂਮੀ ਬਾਰੇ ਕੋਈ ਕੌੜੀ ਗੱਲ ਲਿਖੀਏ, ਪਰ ਸਚਾਈ ਤੋਂ ਮੂੰਹ ਮੋੜਨਾ ਵੀ ਤਾਂ ਸਮਾਜ ਨਾਲ ਵੱਡੀ ਬੇਈਮਾਨੀ ਹੋਵੇਗੀ।

ਸਵੇਰੇ ਅਖਬਾਰ ਖੋਲ੍ਹਦਿਆਂ ਹੀ ਜਦੋਂ ਕਤਲਾਂ, ਫਿਰੌਤੀਆਂ ਅਤੇ ਗੋਲੀਆਂ ਨਾਲ ਕਿਸੇ ਨੌਜਵਾਨ ਦੀ ਜਾਨ ਚਲੀ ਜਾਣ ਦੀਆਂ ਖਬਰਾਂ ਅੱਖਾਂ ਸਾਹਮਣੇ ਆਉਂਦੀਆਂ ਹਨ ਤਾਂ ਪੜ੍ਹਦਿਆਂ-ਪੜ੍ਹਦਿਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ। ਦਿਨ-ਦਿਹਾੜੇ ਬਜ਼ਾਰਾਂ, ਸੜਕਾਂ ਅਤੇ ਜਨਤਕ ਥਾਂਵਾਂ ਉੱਤੇ ਹੋਣ ਵਾਲੀਆਂ ਅਜਿਹੀਆਂ ਵਾਰਦਾਤਾਂ ਆਮ ਲੋਕਾਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਗੈਂਗਸਟਰਵਾਦ ਦਾ ਵਧਦਾ ਪ੍ਰਭਾਵ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ। ਸੋਸ਼ਲ ਮੀਡੀਆ ਉੱਤੇ ਧਮਕੀਆਂ ਦੇਣੀਆਂ, ਹਥਿਆਰਾਂ ਦਾ ਦਿਖਾਵਾ ਕਰਨਾ ਅਤੇ ਅਪਰਾਧਾਂ ਦੀ ਜ਼ਿੰਮੇਵਾਰੀ ਲੈ ਕੇ ਦਹਿਸ਼ਤ ਫੈਲਾਉਣਾ ਅੱਜ ਆਮ ਜਿਹੀ ਗੱਲ ਬਣਦੀ ਜਾ ਰਹੀ ਹੈ। ਪੰਜਾਬ ਦੇ ਹਾਲਾਤ ਹੁਣ ਅਜਿਹੇ ਬਣਦੇ ਜਾ ਰਹੇ ਹਨ ਕਿ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਈ ਜਾਂ ਕੰਮ ਲਈ ਘਰੋਂ ਬਾਹਰ ਭੇਜਣ ਵੇਲੇ ਵੀ ਡਰਨ ਲੱਗ ਪਏ ਹਨ। ਹਰ ਮਾਪੇ ਦੇ ਮਨ ਵਿੱਚ ਇਹੀ ਫਿਕਰ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਦੇ ਬੱਚੇ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।

ਇਸ ਡਰ ਅਤੇ ਅਸ਼ਾਂਤੀ ਦੇ ਮਾਹੌਲ ਤੋਂ ਇਲਾਵਾ ਨਸ਼ਿਆਂ ਦੀ ਸਮੱਸਿਆ ਵੀ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖੋਖਲਾ ਕਰ ਰਹੀ ਹੈ। ਅੱਜ ਨਸ਼ਿਆਂ ਦਾ ਪਸਾਰਾ ਪੰਜਾਬ ਦੇ ਅਨੇਕਾਂ ਪਿੰਡਾਂ ਅਤੇ ਸ਼ਹਿਰਾਂ ਤਕ ਪਹੁੰਚ ਚੁੱਕਾ ਹੈ। ‘ਚਿੱਟੇ’ ਵਰਗੇ ਘਾਤਕ ਨਸ਼ਿਆਂ ਨੇ ਹੱਸਦੇ-ਖੇਡਦੇ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਜਿਨ੍ਹਾਂ ਨੌਜਵਾਨਾਂ ਨੇ ਪੜ੍ਹ-ਲਿਖ ਕੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰਨਾ ਸੀ ਅਤੇ ਬੁਢਾਪੇ ਵਿੱਚ ਮਾਪਿਆਂ ਦਾ ਸਹਾਰਾ ਬਣਨਾ ਸੀ, ਉਨ੍ਹਾਂ ਵਿੱਚੋਂ ਕਈ ਨਸ਼ਿਆਂ ਦੀ ਲਪੇਟ ਵਿੱਚ ਆ ਕੇ ਆਪਣੀ ਜ਼ਿੰਦਗੀ ਗੁਆ ਬੈਠਦੇ ਹਨ। ਜਦੋਂ ਮਾਪਿਆਂ ਨੂੰ ਆਪਣੇ ਜਵਾਨ ਪੁੱਤਾਂ ਦੀਆਂ ਅਰਥੀਆਂ ਚੁੱਕਣੀਆਂ ਪੈਂਦੀਆਂ ਹਨ ਜਾਂ ਨਸ਼ੇ ਦੀ ਲਤ ਵਿੱਚ ਫਸੇ ਬੱਚਿਆਂ ਨੂੰ ਬਚਾਉਣ ਲਈ ਦਰ-ਦਰ ਭਟਕਣਾ ਪੈਂਦਾ ਹੈ ਤਾਂ ਉਸ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਇਸ ਸਭ ਤੋਂ ਬਾਅਦ ਜਦੋਂ ਸੂਬੇ ਦੀ ਸਿਆਸੀ ਵਿਵਸਥਾ ਅਤੇ ਸਰਕਾਰਾਂ ਵੱਲ ਨਜ਼ਰ ਮਾਰੀਦੀ ਹੈ ਤਾਂ ਦਰਦ ਹੋਰ ਵੀ ਡੂੰਘਾ ਹੋ ਜਾਂਦਾ ਹੈ। ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਨੌਕਰੀਆਂ ਸਿਰਫ ਅਖਬਾਰਾਂ ਦੇ ਵੱਡੇ-ਵੱਡੇ ਇਸ਼ਤਿਹਾਰਾਂ ਜਾਂ ਚੋਣਾਂ ਵੇਲੇ ਵੋਟਾਂ ਬਟੋਰਨ ਦਾ ਇੱਕ ਮਹਿਜ਼ ਲਾਰਾ ਬਣ ਕੇ ਰਹਿ ਗਈਆਂ ਹਨ। ਸੱਤਾ ਬਦਲਣ ਨਾਲ ਚਿਹਰੇ ਤਾਂ ਬਦਲ ਜਾਂਦੇ ਹਨ ਪਰ ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨਾਂ ਦੀ ਕਿਸਮਤ ਨਹੀਂ ਬਦਲਦੀ। ਸਾਲਾਂਬੱਧੀ ਦਿਨ-ਰਾਤ ਪੜ੍ਹਾਈ ਦੀ ਮਿਹਨਤ ਤੋਂ ਬਾਅਦ ਵੀ ਨੌਜਵਾਨ ਹੱਥਾਂ ਵਿੱਚ ਡਿਗਰੀਆਂ ਲੈ ਕੇ ਭਟਕਦਾ ਹੈ। ਉਸਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਬੁੱਢੇ ਮਾਪਿਆਂ ਦੀ ਹਰ ਰੀਝ ਪੂਰੀ ਕਰੇਗਾ ਅਤੇ ਆਪਣੇ ਪੈਰਾਂ ’ਤੇ ਖੜ੍ਹਾ ਹੋਵੇਗਾ। ਪਰ ਬਦਕਿਸਮਤੀ ਦੇਖੋ ਕਿ ਡਿਗਰੀਆਂ ਹੋਣ ਦੇ ਬਾਵਜੂਦ ਵੀ ਉਹ ਬੇਰੋਜ਼ਗਾਰੀ ਦੇ ਹਨੇਰੇ ਵਿੱਚ ਧੱਕ ਦਿੱਤਾ ਜਾਂਦਾ ਹੈ। ਜਦੋਂ ਇਹੀ ਨੌਜਵਾਨ ਆਪਣੇ ਹੱਕਾਂ ਲਈ ਅਤੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੜਕਾਂ ’ਤੇ ਉੱਤਰ ਕੇ ਅਵਾਜ਼ ਬੁਲੰਦ ਕਰਦੇ ਹਨ ਤਾਂ ਉਨ੍ਹਾਂ ਦੀ ਗੱਲ ’ਤੇ ਗੌਰ ਕਰਨ ਦੀ ਬਜਾਏ ਉਨ੍ਹਾਂ ਉੱਤੇ ਝੂਠੇ ਪਰਚੇ ਦਰਜ ਕੀਤੇ ਜਾਂਦੇ ਹਨ ਅਤੇ ਲਾਠੀਆਂ ਨਾਲ ਉਨ੍ਹਾਂ ਨੂੰ ਜਾਨਵਰਾਂ ਵਾਂਗ ਕੁੱਟਿਆ ਜਾਂਦਾ ਹੈ। ਜਿਹੜੇ ਹੱਥਾਂ ਵਿੱਚ ਕਲਮਾਂ ਅਤੇ ਦੇਸ਼ ਦਾ ਭਵਿੱਖ ਸੰਵਾਰਨ ਦੀ ਤਾਕਤ ਹੋਣੀ ਚਾਹੀਦੀ ਸੀ, ਅੱਜ ਉਹੀ ਨੌਜਵਾਨ ਮਾਨਸਿਕ ਤਣਾਅ (ਡਿਪ੍ਰੈਸ਼ਨ) ਦਾ ਸ਼ਿਕਾਰ ਹੋ ਕੇ ਧਰਨਿਆਂ ’ਤੇ ਬੈਠਣ ਲਈ ਮਜਬੂਰ ਹਨ। ਪਰ ਇਨ੍ਹਾਂ ਸਭ ਪੀੜਾਂ ਦੇ ਬਾਵਜੂਦ ਵੀ ਸੁੱਤੀਆਂ ਸਰਕਾਰਾਂ ਅਤੇ ਸਿਆਸੀ ਆਗੂਆਂ ਦੇ ਕੰਨਾਂ ਉੱਤੇ ਜੂੰ ਤਕ ਨਹੀਂ ਸਰਕਦੀ।

ਸਾਡਾ ਪੰਜਾਬ ਹੋਰ ਵੀ ਕਈ ਨਾਸੂਰਾਂ ਨਾਲ ਛਲਣੀ ਹੋ ਰਿਹਾ ਹੈ। ਜਿਵੇਂ ਕਿ ‘ਪੇਪਰ ਲੀਕ’ ਹੋ ਜਾਣ ਦਾ ਸਿਲਸਿਲਾ ਨੌਜਵਾਨਾਂ ਦੇ ਹੌਸਲੇ ਤੋੜ ਕੇ ਰੱਖ ਦਿੰਦਾ ਹੈ। ਸਰਕਾਰੀ ਦਫਤਰਾਂ ਵਿੱਚ ਹਰ ਛੋਟੇ ਤੋਂ ਵੱਡੇ ਕੰਮ ਲਈ ਚਲਦਾ ਰਿਸ਼ਵਤਾਂ ਦਾ ਨੰਗਾ ਨਾਚ ਆਮ ਲੋਕਾਂ ਦਾ ਲਹੂ ਪੀ ਰਿਹਾ ਹੈ। ਹਾਲਾਤ ਇਹ ਹਨ ਕਿ ਜੇਕਰ ਕੋਈ ਨੌਜਵਾਨ ਨਸ਼ਿਆਂ ਖਿਲਾਫ, ਪੰਜਾਬ ਦੇ ਪਾਣੀਆਂ ਜਾਂ ਪੰਜਾਬ ਦੇ ਹੱਕਾਂ ਦੀ ਸੱਚੀ ਅਵਾਜ਼ ਬੁਲੰਦ ਕਰਦਾ ਹੈ ਤਾਂ ਸਿਸਟਮ ਵੱਲੋਂ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਡਰਾਇਆ-ਧਮਕਾਇਆ ਅਤੇ ਜ਼ਲੀਲ ਕੀਤਾ ਜਾਂਦਾ ਹੈ। ਜਿਸ ਧਰਤੀ ਨੇ ਦੁਨੀਆ ਨੂੰ ਨਾਮਵਰ ਖਿਡਾਰੀ ਦਿੱਤੇ, ਉੱਥੇ ਕਈ ਵੱਡੇ ਖਿਡਾਰੀ ਨਸ਼ਿਆਂ ਦੀ ਦਲਦਲ ਵਿੱਚ ਡੁੱਬ ਕੇ ਤਬਾਹ ਹੁੰਦੇ ਅਸੀਂ ਆਪਣੀਆਂ ਅੱਖਙ ਨਾਲ ਦੇਖ ਰਹੇ ਹਾਂ। ਦੂਜੇ ਪਾਸੇ, ਮਿਹਨਤਕਸ਼ ਅੰਨਦਾਤੇ, ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿੱਚ ਰੁਲਦੀਆਂ ਦੇਖ ਕੇ ਦਿਲ ਭਰ ਆਉਂਦਾ ਹੈ। ਅਜਿਹੇ ਅਨੇਕਾਂ ਅਣਗੌਲੇ ਮੁੱਦਿਆਂ ਅਤੇ ਲਾਪਰਵਾਹੀਆਂ ਨੇ ਸਾਡੇ ਹੱਸਦੇ-ਵੱਸਦੇ ਪੰਜਾਬ ਨੂੰ ਹਨੇਰੇ ਵੱਲ ਧੱਕ ਦਿੱਤਾ ਹੈ।

ਕਿਸੇ ਵੀ ਸੂਬੇ, ਰਾਜ ਜਾਂ ਦੇਸ਼ ਦੀ ਅਸਲ ਰੀੜ੍ਹ ਦੀ ਹੱਡੀ ਉੱਥੋਂ ਦੇ ਨੌਜਵਾਨ ਹੁੰਦੇ ਹਨ, ਜੋ ਦੇਸ਼ ਨੂੰ ਅੱਗੇ ਲੈ ਕੇ ਜਾਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਹਨ। ਪਰ ਪੰਜਾਬ ਵਿੱਚ ਹਰ ਵਾਰ ਬਦਲਦੀਆਂ ਸਰਕਾਰਾਂ ਨੇ ਸੂਬੇ ਨੂੰ ਤਰੱਕੀ ਦੇਣ ਦੀ ਬਜਾਏ ਕਰਜ਼ੇ ਦੇ ਬੋਝ ਹੇਠ ਦੱਬ ਦਿੱਤਾ ਹੈ। ਹਰ ਪੰਜ ਸਾਲਾਂ ਬਾਅਦ ਸੱਤਾ ਬਦਲਣ ਨਾਲ ਪੰਜਾਬ ਨੂੰ ਲੁੱਟਣ ਅਤੇ ਖਾਣ ਦੀਆਂ ਵਾਰੀਆਂ ਬੰਨ੍ਹੀਆਂ ਜਾਂਦੀਆਂ ਹਨ। ਆਪਣੇ ਵੱਡੇ ਨੈਕਸਸ ਅਤੇ ਕਾਰੋਬਾਰ ਚਲਾਉਣ ਲਈ ਸਾਡੇ ਭੋਲੇ-ਭਾਲੇ ਲੋਕਾਂ ਅਤੇ ਨੌਜਵਾਨਾਂ ਨੂੰ ਸਿਰਫ ਵੋਟਾਂ ਬਟੋਰਨ ਦਾ ਸਾਧਨ ਬਣਾ ਕੇ ਰੱਖ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਝੂਠੇ ਲਾਰਿਆਂ ਤੋਂ ਬਿਨਾਂ ਕਦੇ ਕੁਝ ਨਹੀਂ ਮਿਲਿਆ। ਇਨ੍ਹਾਂ ਮਾੜੇ ਹਾਲਾਤ ਵਿੱਚ ਅੱਜ ਦਾ ਪੜ੍ਹਿਆ-ਲਿਖਿਆ ਨੌਜਵਾਨ ਹੱਥਾਂ ਵਿੱਚ ਡਿਗਰੀਆਂ ਲਈ ਸੜਕਾਂ ’ਤੇ ਰੁਲ ਰਿਹਾ ਹੈ ਅਤੇ ਆਪਣੇ ਹੱਕਾਂ ਲਈ ਅਵਾਜ਼ ਉਠਾਉਣ ’ਤੇ ਪੁਲਿਸ ਦੇ ਡੰਡੇ ਖਾਣ ਲਈ ਮਜਬੂਰ ਹੈ।

ਦੂਜੇ ਪਾਸੇ, ਸੋਸ਼ਲ ਮੀਡੀਆ ਅਤੇ ਰੁਜ਼ਾਨਾ ਦੀਆਂ ਖਬਰਾਂ ਵਿੱਚ ਦਿਨ-ਦਿਹਾੜੇ ਗੋਲੀਆਂ ਨਾਲ ਇਨਸਾਨਾਂ ਨੂੰ ਭੁੰਨ ਦਿੱਤੇ ਜਾਣ ਦੀਆਂ ਘਟਨਾਵਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ, ਜਿੱਥੇ ਹੁਣ ਕਿਸੇ ਨੂੰ ਕਿਸੇ ਦਾ ਡਰ ਨਹੀਂ ਰਿਹਾ। ਅਜਿਹੇ ਮਾਹੌਲ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਭੇਜਣ ਤੋਂ ਡਰਦੇ ਹਨ ਅਤੇ ਨੌਜਵਾਨਾਂ ਨੂੰ ਇੱਥੇ ਆਪਣਾ ਕੋਈ ਵੀ ਭਵਿੱਖ ਨਜ਼ਰ ਨਹੀਂ ਆਉਂਦਾ। ਫਿਰ ਜਦੋਂ ਅਜਿਹੇ ਸਵਾਲ ਹਰ ਇੱਕ ਦੇ ਦਿਲ ਵਿੱਚ ਉੱਠਦੇ ਹਨ ਕਿ ਨੌਜਵਾਨ ਬਾਹਰ ਕਿਉਂ ਨਾ ਜਾਵੇ, ਤਾਂ ਜਵਾਬ ਸਾਫ ਹੈ - ਜਦੋਂ ਆਪਣੇ ਘਰ ਵਿੱਚ ਹੀ ਜਾਨ, ਮਾਲ, ਪੜ੍ਹਾਈ ਅਤੇ ਰੁਜ਼ਗਾਰ ਦੀ ਕੋਈ ਸੁਰੱਖਿਆ ਅਤੇ ਕਦਰ ਨਹੀਂ ਬਚੀ, ਤਾਂ ਮਜਬੂਰ ਹੋ ਕੇ ਬਾਹਰਲੇ ਦੇਸ਼ਾਂ ਵੱਲ ਰੁਖ ਕਰਨਾ ਇਸ ਸੁੱਤੇ ਹੋਏ ਸਿਸਟਮ ਅਤੇ ਲੁਟੇਰੀਆਂ ਸਰਕਾਰਾਂ ਦੀ ਨਾਕਾਮੀ ਦਾ ਸਭ ਤੋਂ ਵੱਡਾ ਸਬੂਤ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਕੁਲਬੀਰ ਸ਼ਰਮਾ

ਕੁਲਬੀਰ ਸ਼ਰਮਾ

Jhabelwali, Mukatsar Sahib, Punjab, India.
WhatsApp: (91 - 84272 - 12104)
Email: (kulbeer0100@gmail.com)

More articles from this author