KulbeerSharma7ਸਰਕਾਰੀ ਕੁਰਸੀ ਜਾਂ ਨੌਕਰੀ ਮਿਲ ਜਾਣ ਦਾ ਇਹ ਮਤਲਬ ਬਿਲਕੁਲ ਨਹੀਂ ਕਿ ...
(26 ਅਗਸਤ 2026)

 

ਲੋਕ ਸੇਵਾ ਦਫਤਰ” - ਇਹ ਸ਼ਬਦ ਸੁਣਦਿਆਂ ਹੀ ਮਨ ਵਿੱਚ ਇੱਕ ਅਜਿਹੇ ਅਦਾਰੇ ਦੀ ਤਸਵੀਰ ਬਣਨੀ ਚਾਹੀਦੀ ਹੈ, ਜਿੱਥੇ ਆਮ ਨਾਗਰਿਕ ਨੂੰ ਉਸਦੇ ਹੱਕ, ਸੁਵਿਧਾਵਾਂ ਅਤੇ ਸਰਕਾਰੀ ਸੇਵਾਵਾਂ ਇੱਜ਼ਤ ਅਤੇ ਸਹੂਲਤ ਨਾਲ ਮਿਲਣਪਰ ਅਸਲ ਹਕੀਕਤ ਕਈ ਵਾਰ ਇਸਦੇ ਬਿਲਕੁਲ ਉਲਟ ਨਜ਼ਰ ਆਉਂਦੀ ਹੈਜਿਹੜੇ ਸਰਕਾਰੀ ਅਦਾਰੇ ਅਤੇ ਦਫਤਰ ਲੋਕਾਂ ਦੀ ਸੇਵਾ ਲਈ ਬਣੇ ਹਨ, ਉਨ੍ਹਾਂ ਵਿੱਚ ਹੀ ਆਮ ਲੋਕ ਸਭ ਤੋਂ ਵੱਧ ਖੱਜਲ-ਖੁਆਰ ਅਤੇ ਪਰੇਸ਼ਾਨ ਹੁੰਦੇ ਦਿਖਾਈ ਦਿੰਦੇ ਹਨਸਰਕਾਰੀ ਦਫਤਰ ਵਿੱਚ ਇੱਕ ਵਾਰ ਜਾਣ ਨਾਲ ਹੀ ਕੰਮ ਹੋ ਜਾਵੇ, ਇਹ ਗੱਲ ਹੁਣ ਸਿਰਫ ਉਮੀਦ ਬਣ ਕੇ ਰਹਿ ਗਈ ਹੈਕੋਈ ਛੋਟਾ ਜਿਹਾ ਦਸਤਾਵੇਜ਼ ਬਣਾਉਣਾ ਹੋਵੇ, ਕਿਸੇ ਸਰਕਾਰੀ ਸੇਵਾ ਲਈ ਅਰਜ਼ੀ ਦੇਣੀ ਹੋਵੇ ਜਾਂ ਕਿਸੇ ਪੁਰਾਣੇ ਕੰਮ ਦੀ ਜਾਣਕਾਰੀ ਲੈਣੀ ਹੋਵੇ, ਆਮ ਨਾਗਰਿਕ ਨੂੰ ਕਈ ਵਾਰ ਇਸ ਲਈ ਹਫਤਿਆਂ ਤਕ ਦਫਤਰਾਂ ਦੇ ਚੱਕਰ ਲਾਉਣੇ ਪੈਂਦੇ ਹਨ

ਦੂਜੀ ਵੱਡੀ ਸਮੱਸਿਆ ਲੰਮੀਆਂ ਕਤਾਰਾਂ ਅਤੇ ਲੰਮੀ ਉਡੀਕ ਹੈਲੋਕ ਸਵੇਰੇ ਆਪਣਾ ਸਾਰਾ ਕੰਮ ਛੱਡ ਕੇ ਸਮੇਂ ਤੋਂ ਪਹਿਲਾਂ ਦਫਤਰ ਪਹੁੰਚ ਜਾਂਦੇ ਹਨ ਕਿ ਚਲੋ, ਅੱਜ ਕੰਮ ਜਲਦੀ ਕਰਵਾ ਕੇ ਵਾਪਸ ਚਲੇ ਜਾਵਾਂਗੇਪਰ ਉਡੀਕ ਕਰਦੀ ਉਸ ਕਤਾਰ ਵਿੱਚ ਬਜ਼ੁਰਗ ਖੜ੍ਹੇ ਹੁੰਦੇ ਹਨ, ਦਿਹਾੜੀ ਛੱਡ ਕੇ ਆਏ ਮਜ਼ਦੂਰ ਹੁੰਦੇ ਹਨ, ਬੱਚਿਆਂ ਨੂੰ ਗੋਦ ਵਿੱਚ ਚੁੱਕੀ ਖੜ੍ਹੀਆਂ ਮਾਵਾਂ ਹੁੰਦੀਆਂ ਹਨ ਅਤੇ ਆਪਣੇ ਛੋਟੇ-ਛੋਟੇ ਕੰਮਾਂ ਲਈ ਭਟਕਦੇ ਨੌਜਵਾਨ ਖੜ੍ਹੇ ਹੁੰਦੇ ਹਨਨਾ ਉਨ੍ਹਾਂ ਥਾਂਵਾਂ ’ਤੇ ਬੈਠਣ ਦੀ ਢੁਕਵੀਂ ਸਹੂਲਤ ਹੁੰਦੀ ਹੈ, ਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਅਤੇ ਨਾ ਹੀ ਧੁੱਪ ਤੋਂ ਬਚਣ ਲਈ ਛਾਂ ਦੀ ਸਹੂਲਤਲੋਕ ਭੁੱਖੇ-ਪਿਆਸੇ ਕਈ ਘੰਟਿਆਂ ਤਕ ਆਪਣੀ ਵਾਰੀ ਦੀ ਉਡੀਕ ਕਰਦੇ ਰਹਿੰਦੇ ਹਨਇੰਨੀ ਉਡੀਕ ਤੋਂ ਬਾਅਦ ਵੀ ਜਦੋਂ ਵਾਰੀ ਆਉਂਦੀ ਹੈ ਤਾਂ ਕਦੇ ਇਹ ਬਹਾਨੇ ਸੁਣਨ ਨੂੰ ਮਿਲਦੇ ਹਨ - ਸਰਵਰ ਹੌਲੀ ਹੈ, ਸਰਵਰ ਬੰਦ ਹੈ, ਕੰਪਿਊਟਰ ਵਿੱਚ ਸਮੱਸਿਆ ਹੈ ਜਾਂ ਕੋਈ ਕਾਗਜ਼ ਜਾਂ ਦਸਤਾਵੇਜ਼ ਘੱਟ ਹੈਫਿਰ ਲੋਕਾਂ ਨੂੰ “ਕੱਲ੍ਹ ਆ ਜਾਇਓ” ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ

ਪਰ ਇਸ ਤੋਂ ਵੀ ਵੱਧ ਦੁਖਦਾਈ ਗੱਲ ਸਰਕਾਰੀ ਮੁਲਾਜ਼ਮਾਂ ਦੀ ਬੋਲ-ਬਾਣੀ ਅਤੇ ਵਿਵਹਾਰ ਹੁੰਦੀ ਹੈਲੋਕ ਸੇਵਾ ਕਰਨ ਵਾਲੀ ਥਾਂ ’ਤੇ ਲੋਕਾਂ ਨਾਲ ਸਤਿਕਾਰ ਨਾਲ ਗੱਲ ਕਰਨੀ ਮੁਢਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈਪਰ ਕਈ ਵਾਰ ਨਾ ਉਮਰ ਦਾ ਲਿਹਾਜ਼ ਕੀਤਾ ਜਾਂਦਾ ਹੈ ਅਤੇ ਨਾ ਸਾਹਮਣੇ ਖੜ੍ਹੇ ਵਿਅਕਤੀ ਦੀ ਮਜਬੂਰੀ ਦਾਬਜ਼ੁਰਗ ਹੋਵੇ ਜਾਂ ਨੌਜਵਾਨ, ਮਜ਼ਦੂਰ ਹੋਵੇ ਜਾਂ ਕੋਈ ਪੜ੍ਹਿਆ-ਲਿਖਿਆ ਵਿਅਕਤੀ, ਕਈ ਵਾਰ ਅਜਿਹੀ ਰੁੱਖੀ ਬੋਲੀ ਸੁਣਨ ਨੂੰ ਮਿਲਦੀ ਹੈ ਕਿ ਵਿਅਕਤੀ ਰੋਣਹਾਕਾ ਹੋ ਜਾਂਦਾ ਹੈ ਕਈ ਥਾਂਵਾਂ ’ਤੇ ਇਹ ਵੀ ਅੱਖੀਂ ਦੇਖਣ ਨੂੰ ਮਿਲਦਾ ਹੈ ਕਿ ਲੋਕ ਆਪਣੀ ਵਾਰੀ ਦੀ ਉਡੀਕ ਵਿੱਚ ਬੈਠੇ ਹੁੰਦੇ ਹਨ, ਜਦਕਿ ਕੁਝ ਕਰਮਚਾਰੀ ਮੋਬਾਇਲ ਫ਼ੋਨ ਵਿੱਚ ਰੁੱਝੇ ਹੁੰਦੇ ਹਨ ਜਾਂ ਆਪਣੇ ਸਾਥੀਆਂ ਨਾਲ ਗੱਲਬਾਤ ਵਿੱਚ ਵਿਅਸਤ ਰਹਿੰਦੇ ਹਨਜਦੋਂ ਉਨ੍ਹਾਂ ਨੂੰ ਜਲਦੀ ਕੰਮ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਹ ਬੁਰੇ ਢੰਗ ਨਾਲ ਜਵਾਬ ਦਿੰਦੇ ਹਨ ਅਤੇ ਖਿਝ ਕੇ ਕਾਗਜ਼ਾਂ ਵਿੱਚ ਕੋਈ ਨਾ ਕੋਈ ਨੁਕਸ ਕੱਢ ਦਿੰਦੇ ਹਨ ਜਾਂ ਫਿਰ ਜਾਣਬੁੱਝ ਕੇ ਖੱਜਲ਼ ਕਰਦੇ ਹਨ ਇਸ ਖੱਜਲ-ਖੁਆਰੀ ਤੋਂ ਡਰਦੇ ਲੋਕ ਦਫਤਰ ਜਾਣ ਤੋਂ ਪਹਿਲਾਂ ਹੀ ਬਾਹਰ ਬੈਠੇ ਕੈਫੇ ਵਾਲਿਆਂ ਕੋਲ ਜਾ ਕੇ ਆਪਣੀਆਂ ਫਾਈਲਾਂ ਤਿਆਰ ਕਰਵਾਉਂਦੇ ਹਨ ਇੱਥੇ ਉਨ੍ਹਾਂ ਨੂੰ ਫੋਟੋਕਾਪੀਆਂ, ਕਾਗਜ਼ਾਂ ਅਤੇ ਫਾਈਲਾਂ ਤਿਆਰ ਕਰਵਾਉਣ ਦਾ ਵਾਧੂ ਖਰਚਾ ਪੈ ਜਾਂਦਾ ਹੈਜਿਹੜਾ ਸਰਟੀਫਿਕੇਟ ਜਾਂ ਕਾਗਜ਼ ਮੁਫਤ ਜਾਂ ਨਾਮਾਤਰ ਫੀਸ ’ਤੇ ਬਣਨਾ ਹੁੰਦਾ ਹੈ, ਉਸ ਲਈ ਵੀ ਆਮ ਨਾਗਰਿਕ ਨੂੰ 500 ਤੋਂ 1000 ਰੁਪਏ ਤਕ ਖਰਚਣੇ ਪੈਂਦੇ ਹਨ ਅਤੇ ਉਸ ਤੋਂ ਬਾਅਦ ਵੀ ਕੰਮ ਬਣਨ ਦੀ ਕੋਈ ਪੱਕੀ ਗਰੰਟੀ ਨਹੀਂ ਹੁੰਦੀ

ਇਸ ਤੋਂ ਇਲਾਵਾ, ਕਈ ਦਫਤਰਾਂ ਦੇ ਬਾਹਰ ਵਿਚੋਲਿਆਂ ਅਤੇ ਏਜੰਟਾਂ ਦਾ ਜਾਲ਼ ਵੀ ਨਜ਼ਰ ਆਉਂਦਾ ਹੈਜਿਹੜਾ ਵਿਅਕਤੀ ਏਜੰਟ ਦੀ ਜੇਬ ਭਰਦਾ ਹੈ, ਉਸਦਾ ਕੰਮ ਕਈ ਵਾਰ ਬਿਨਾਂ ਲਾਈਨ ਵਿੱਚ ਲੱਗੇ ਜਲਦੀ ਹੋ ਜਾਂਦਾ ਹੈਅਜਿਹੀ ਸਥਿਤੀ ਵਿੱਚ ਸਭ ਤੋਂ ਵੱਧ ਮਾਰ ਆਮ ਅਤੇ ਗਰੀਬ ਨਾਗਰਿਕ ’ਤੇ ਪੈਂਦੀ ਹੈ, ਜੋ ਮਸਾਂ ਕਿਰਾਇਆ ਲਾ ਕੇ ਜਾਂ ਦੂਰੋਂ ਆਪਣਾ ਕੰਮ ਛੱਡ ਕੇ ਆਉਂਦਾ ਹੈ, ਪਰ ਅੰਤ ਵਿੱਚ ਉਸਦੇ ਹੱਥ ਸਿਰਫ ਨਿਰਾਸ਼ਾ ਅਤੇ ਧੱਕੇ ਹੀ ਲਗਦੇ ਹਨ ਇਸੇ ਕਰਕੇ ਹੁਣ ਕਈ ਲੋਕ ਸੇਵਾ ਕੇਂਦਰਾਂ ਜਾਂ ਹੋਰ ਸਰਕਾਰੀ ਦਫਤਰਾਂ ਵਿੱਚ ਜਾਣ ਤੋਂ ਵੀ ਹਿਚਕਚਾਉਣ ਲੱਗ ਪਏ ਹਨਉਨ੍ਹਾਂ ਦੇ ਮਨ ਵਿੱਚ ਪਹਿਲਾਂ ਹੀ ਡਰ ਹੁੰਦਾ ਹੈ ਕਿ ਪਤਾ ਨਹੀਂ ਅੱਜ ਕੰਮ ਹੋਵੇਗਾ ਜਾਂ ਨਹੀਂ, ਪਤਾ ਨਹੀਂ ਕਿੰਨਾ ਸਮਾਂ ਉਡੀਕ ਕਰਨੀ ਪਵੇਗੀ ਅਤੇ ਪਤਾ ਨਹੀਂ ਕਿਹੜਾ ਨਵਾਂ ਕਾਗਜ਼ ਮੰਗ ਲਿਆ ਜਾਵੇਗਾ

ਪਰ ਸਾਰੀਆਂ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂਕਈ ਸਰਕਾਰੀ ਕਰਮਚਾਰੀ ਅਜਿਹੇ ਵੀ ਹਨ ਜੋ ਬਹੁਤ ਮਿੱਠੇ ਸੁਭਾਅ ਨਾਲ ਲੋਕਾਂ ਦੀ ਗੱਲ ਸੁਣਦੇ ਹਨ, ਉਨ੍ਹਾਂ ਦੀ ਸਮੱਸਿਆ ਸਮਝਦੇ ਹਨ ਅਤੇ ਜਿੰਨੀ ਜਲਦੀ ਹੋ ਸਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨਉਹ ਲੋਕਾਂ ਨਾਲ ਇੱਜ਼ਤ ਨਾਲ ਪੇਸ਼ ਆਉਂਦੇ ਹਨ ਅਤੇ ਬਿਨਾਂ ਕਿਸੇ ਲਾਲਚ ਦੇ ਉਨ੍ਹਾਂ ਦੀ ਮਦਦ ਕਰਦੇ ਹਨਅਜਿਹੇ ਕਰਮਚਾਰੀ ਸੱਚਮੁੱਚ ਸਰਕਾਰੀ ਸੇਵਾ ਦੀ ਚੰਗੀ ਮਿਸਾਲ ਹਨਪਰ ਅਜਿਹੇ ਵਿਵਹਾਰ ਦੀ ਲੋੜ ਹਰ ਸਰਕਾਰੀ ਦਫਤਰ ਵਿੱਚ ਹੈ, ਨਾ ਕਿ ਸਿਰਫ ਕੁਝ ਥਾਂਵਾਂ ’ਤੇ

ਸਰਕਾਰੀ ਕੁਰਸੀ ਜਾਂ ਨੌਕਰੀ ਮਿਲ ਜਾਣ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਕੋਈ ਕਰਮਚਾਰੀ ਆਪਣੀ ਮਨਮਰਜ਼ੀ ਕਰੇ ਜਾਂ ਆਮ ਲੋਕਾਂ ਨਾਲ ਰੁੱਖੇਪਣ ਨਾਲ ਪੇਸ਼ ਆਵੇਅਸਲ ਵਿੱਚ ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਤਾਂ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ, ਕਿਉਂਕਿ ਸਰਕਾਰੀ ਦਫਤਰ ਵਿੱਚ ਆਉਣ ਵਾਲਾ ਹਰ ਨਾਗਰਿਕ ਆਪਣੇ ਕਿਸੇ ਕੰਮ, ਹੱਕ ਜਾਂ ਲੋੜ ਲਈ ਉੱਥੇ ਪਹੁੰਚਦਾ ਹੈਸਰਕਾਰੀ ਮੁਲਾਜ਼ਮਾਂ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਕਈ ਵਾਰ ਉਹ ਖੁਦ ਵੀ ਇਸੇ ਪ੍ਰਣਾਲੀ ਵਿੱਚੋਂ ਆਮ ਨਾਗਰਿਕ ਬਣ ਕੇ ਲੰਘੇ ਹੁੰਦੇ ਹਨਜਿਸ ਮੁਸ਼ਕਿਲ, ਉਡੀਕ ਜਾਂ ਪਰੇਸ਼ਾਨੀ ਦਾ ਸਾਹਮਣਾ ਇੱਕ ਆਮ ਵਿਅਕਤੀ ਕਰਦਾ ਹੈ, ਉਹ ਉਸਨੂੰ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਨਇਸ ਲਈ ਆਪਣਾ ਕੰਮ ਬਿਨਾਂ ਲੜਾਈ-ਝਗੜੇ, ਬਿਨਾਂ ਲਾਰੇ-ਲੱਪੇ ਅਤੇ ਮਿੱਠੇ ਬੋਲਾਂ ਨਾਲ ਕਰਨਾ ਹੀ ਇੱਕ ਚੰਗੇ ਸਰਕਾਰੀ ਮੁਲਾਜ਼ਮ ਦੀ ਪਛਾਣ ਹੋਣੀ ਚਾਹੀਦੀ ਹੈ

ਇਸਦੇ ਨਾਲ-ਨਾਲ ਦਫਤਰ ਵਿੱਚ ਮੌਜੂਦ ਸੀਨੀਅਰ ਅਧਿਕਾਰੀਆਂ ਦੀ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈਉਨ੍ਹਾਂ ਨੂੰ ਆਪਣੇ ਸਹਿਕਰਮੀਆਂ ਦੇ ਵਿਵਹਾਰ ਅਤੇ ਕੰਮ ਕਰਨ ਦੇ ਢੰਗ ਵੱਲ ਧਿਆਨ ਦੇਣਾ ਚਾਹੀਦਾ ਹੈਜੇ ਕੋਈ ਨਾਗਰਿਕ ਬਿਨਾਂ ਵਜਾਹ ਪਰੇਸ਼ਾਨ ਹੋ ਰਿਹਾ ਹੈ, ਉਸਨੂੰ ਵਾਰ-ਵਾਰ ਦਫਤਰ ਦੇ ਚੱਕਰ ਲਵਾਏ ਜਾ ਰਹੇ ਹਨ ਜਾਂ ਉਸ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਤਾਂ ਸੀਨੀਅਰ ਅਧਿਕਾਰੀਆਂ ਨੂੰ ਸਿਰਫ ਦੇਖਦੇ ਰਹਿਣ ਦੀ ਬਜਾਏ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ

ਸਰਕਾਰ ਨੂੰ ਵੀ ਇਸ ਪਾਸੇ ਗੰਭੀਰ ਧਿਆਨ ਦੇਣ ਦੀ ਲੋੜ ਹੈਹਰ ਸਰਕਾਰੀ ਦਫਤਰ ਅਤੇ ਲੋਕ ਸੇਵਾ ਕੇਂਦਰ ਵਿੱਚ ਲੋਕਾਂ ਲਈ ਪੀਣ ਵਾਲੇ ਪਾਣੀ, ਬੈਠਣ ਅਤੇ ਛਾਂ ਵਰਗੀਆਂ ਮੁਢਲੀਆਂ ਸਹੂਲਤਾਂ ਦਾ ਢੁਕਵਾਂ ਪ੍ਰਬੰਧ ਹੋਣਾ ਚਾਹੀਦਾ ਹੈਲੋਕਾਂ ਨੂੰ ਘੰਟਿਆਂਬੱਧੀ ਕਤਾਰਾਂ ਵਿੱਚ ਖੜ੍ਹੇ ਰਹਿਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾਲੋੜ ਅਨੁਸਾਰ ਸਮੇਂ ਸਿਰ ਭਰਤੀ ਕੀਤੀ ਜਾਵੇ ਤਾਂ ਜੋ ਦਫਤਰਾਂ ਵਿੱਚ ਕਰਮਚਾਰੀਆਂ ਦੀ ਘਾਟ ਦੂਰ ਹੋਵੇ, ਕੰਮ ਦੀ ਰਫਤਾਰ ਵਧੇ ਅਤੇ ਲੋਕਾਂ ਨੂੰ ਲੰਮੀਆਂ ਕਤਾਰਾਂ ਅਤੇ ਬੇਲੋੜੀ ਉਡੀਕ ਤੋਂ ਰਾਹਤ ਮਿਲ ਸਕੇ

ਇਸਦੇ ਨਾਲ ਨਾਲ ਸਰਕਾਰੀ ਅਦਾਰਿਆਂ ਵਿੱਚ ਆਧੁਨਿਕ ਤਕਨੀਕੀ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈਸਰਵਰ ਹੌਲੀ ਹੋਣ, ਵਾਰ-ਵਾਰ ਬੰਦ ਹੋਣ ਜਾਂ ਕਿਸੇ ਤਕਨੀਕੀ ਸਮੱਸਿਆ ਕਾਰਨ ਲੋਕਾਂ ਨੂੰ ਵਾਰ-ਵਾਰ ਦਫਤਰਾਂ ਦੇ ਗੇੜੇ ਨਾ ਲਾਉਣੇ ਪੈਣਜੇ ਸੇਵਾਵਾਂ ਨੂੰ ਆਨਲਾਈਨ ਕੀਤਾ ਗਿਆ ਹੈ ਤਾਂ ਉਨ੍ਹਾਂ ਲਈ ਭਰੋਸੇਯੋਗ ਅਤੇ ਨਿਰਵਿਘਨ ਤਕਨੀਕੀ ਪ੍ਰਬੰਧ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈਆਧੁਨਿਕ ਸਹੂਲਤਾਂ ਦਾ ਮਕਸਦ ਲੋਕਾਂ ਦਾ ਕੰਮ ਅਸਾਨ ਕਰਨਾ ਹੈ, ਨਾ ਕਿ ਨਵੀਂ ਕਿਸਮ ਦੀ ਪਰੇਸ਼ਾਨੀ ਪੈਦਾ ਕਰਨਾਇਸ ਤੋਂ ਇਲਾਵਾ ਜਿੱਥੇ ਕੋਈ ਵਿਅਕਤੀ ਰਿਸ਼ਵਤ ਲੈਂਦਾ ਹੈ, ਉਸ ’ਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਆਮ ਨਾਗਰਿਕ ਨੂੰ ਇਹ ਮਹਿਸੂਸ ਨਾ ਹੋਵੇ ਕਿ ਬਿਨਾਂ ਪੈਸੇ ਜਾਂ ਸਿਫਾਰਸ਼ ਦੇ ਉਸਦਾ ਕੰਮ ਹੋਣਾ ਮੁਸ਼ਕਿਲ ਹੈਸਰਕਾਰੀ ਸੇਵਾ ਦਾ ਅਸਲ ਫਰਜ਼ ਇਹ ਹੋਣਾ ਚਾਹੀਦਾ ਹੈ ਕਿ ਹਰ ਨਾਗਰਿਕ ਦਾ ਕੰਮ ਇਮਾਨਦਾਰੀ, ਸਤਿਕਾਰ ਅਤੇ ਸਮੇਂ ਸਿਰ ਹੋ ਟਿਪਟ ਜਾਵੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਕੁਲਬੀਰ ਸ਼ਰਮਾ

ਕੁਲਬੀਰ ਸ਼ਰਮਾ

Jhabelwali, Mukatsar Sahib, Punjab, India.
WhatsApp: (91 - 84272 - 12104)
Email: (kulbeer0100@gmail.com)