KulbirSharma7ਅੱਜ ਕਿਸੇ ਕੋਲ ਸਮੇਂ ਦੀ ਘਾਟ ਹੈ, ਕਿਸੇ ਕੋਲ ਸ਼ਬਦਾਂ ਦੀ, ਕਿਸੇ ਨੂੰ ਲਗਦਾ ਹੈ ਕਿ ...
(20 ਸਤੰਬਰ 2026)

 

ਅੱਜ-ਕੱਲ੍ਹ ਜਦੋਂ ਵੀ ਕੋਈ ਅਖਬਾਰ ਹੱਥ ਵਿੱਚ ਆਉਂਦਾ ਹੈ, ਖਾਸ ਕਰਕੇ ਜਦੋਂ ਮੈਂ ਸੰਪਾਦਕੀ ਜਾਂ ਵਿਚਾਰ ਪੰਨਾ ਦੇਖਦਾ ਹਾਂ ਤਾਂ ਏ ਆਈ ਦੀ ਮਦਦ ਨਾਲ ਤਿਆਰ ਕੀਤੀਆਂ ਲਿਖਤਾਂ ਵੱਲ ਧਿਆਨ ਚਲਾ ਹੀ ਜਾਂਦਾ ਹੈਲੇਖਾਂ ਦੇ ਵਿਸ਼ੇ ਭਾਵੇਂ ਵੱਖ-ਵੱਖ ਹੋਣ, ਭਾਸ਼ਾ ਅਤੇ ਲਿਖਣ ਦਾ ਢੰਗ ਵੀ ਪ੍ਰਭਾਵਸ਼ਾਲੀ ਹੋਵੇ, ਪਰ ਕਈ ਵਾਰ ਇਹ ਮਹਿਸੂਸ ਹੁੰਦਾ ਹੈ ਕਿ ਆਪਣੀ ਸੋਚ ਅਤੇ ਆਪਣੇ ਤਜਰਬੇ ਵਿੱਚੋਂ ਲਿਖਣ ਵਾਲੀ ਉਹ ਨਿੱਜੀ ਅਵਾਜ਼ ਹੌਲੀ-ਹੌਲੀ ਘਟ ਰਹੀ ਹੈ ਆਰਟੀਫੀਸ਼ਲ ਇੰਟੈਲੀਜੈਂਸ (AI) ਕੁਝ ਹੀ ਪਲਾਂ ਵਿੱਚ ਕਿਸੇ ਵੀ ਵਿਸ਼ੇ ਉੱਤੇ ਸੁਚੱਜਾ, ਸਪਸ਼ਟ ਅਤੇ ਪ੍ਰਭਾਵਸ਼ਾਲੀ ਲੇਖ ਤਿਆਰ ਕਰ ਸਕਦੀ ਹੈਸ਼ਬਦ ਸੋਹਣੇ ਹੁੰਦੇ ਹਨ, ਵਿਚਾਰ ਸਲੀਕੇ ਨਾਲ ਪੇਸ਼ ਕੀਤੇ ਹੁੰਦੇ ਹਨ ਅਤੇ ਲੇਖ ਪੜ੍ਹਨ ਵਿੱਚ ਵੀ ਵਧੀਆ ਲਗਦਾ ਹੈ ਪਰ ਇਸ ਸਹੂਲਤ ਦੇ ਨਾਲ ਨਾਲ ਇੱਕ ਗੱਲ ਬਾਰੇ ਸੋਚਣਾ ਵੀ ਜ਼ਰੂਰੀ ਹੈ ਕਿ ਜੇ ਲਿਖਤ ਹੀ ਕਿਸੇ ਹੋਰ ਤੋਂ ਤਿਆਰ ਕਰਵਾ ਲਈ ਤਾਂ ਉਸ ਵਿੱਚ ਸਾਡੀ ਆਪਣੀ ਸੋਚ ਕਿੱਥੇ ਰਹਿ ਗਈ?

ਮੈਂ AI ਦੇ ਵਿਰੁੱਧ ਨਹੀਂ ਹਾਂ, ਇਸਦੀ ਮਦਦ ਲੈਣੀ, ਕਿਸੇ ਲੇਖ ਦੀ ਭਾਸ਼ਾ ਸੁਧਾਰਨੀ, ਵਿਚਾਰਾਂ ਨੂੰ ਸਹੀ ਢੰਗ ਨਾਲ ਪੇਸ਼ ਕਰਨਾ ਜਾਂ ਕਿਸੇ ਗੱਲ ਨੂੰ ਹੋਰ ਸਪਸ਼ਟ ਬਣਾਉਣਾ ਗਲਤ ਨਹੀਂ; ਪਰ ਜਦੋਂ ਆਪਣਾ ਪੂਰਾ ਵਿਚਾਰ, ਆਪਣਾ ਤਜਰਬਾ ਅਤੇ ਆਪਣੀ ਗੱਲ ਵੀ AI ਦੇ ਹਵਾਲੇ ਕਰ ਦਿੱਤੀ ਜਾਵੇ ਅਤੇ ਤਿਆਰ ਲਿਖਤ ਨੂੰ ਆਪਣੀ ਲਿਖਤ ਵਜੋਂ ਪੇਸ਼ ਕੀਤਾ ਜਾਵੇ ਤਾਂ ਇਹ ਗੱਲ ਜ਼ਰੂਰ ਸੋਚਣ ਲਈ ਮਜਬੂਰ ਕਰਦੀ ਹੈਇੱਕ ਲੇਖਕ ਕੋਲ ਸਭ ਤੋਂ ਵੱਡੀ ਚੀਜ਼ ਉਸਦੀ ਆਪਣੀ ਸੋਚ ਹੁੰਦੀ ਹੈਉਹ ਆਪਣੇ ਆਲੇ-ਦੁਆਲੇ ਨੂੰ ਦੇਖਦਾ ਹੈ, ਲੋਕਾਂ ਦੀ ਜ਼ਿੰਦਗੀ ਨੂੰ ਸਮਝਦਾ ਹੈ, ਦੁੱਖ-ਤਕਲੀਫਾਂ ਨੂੰ ਮਹਿਸੂਸ ਕਰਦਾ ਹੈ, ਆਪਣੇ ਦੇਸ਼ ਅਤੇ ਸਮਾਜ ਦੀਆਂ ਸਮੱਸਿਆਵਾਂ ਨੂੰ ਆਪਣੀ ਨਜ਼ਰ ਨਾਲ ਦੇਖਦਾ ਹੈ ਅਤੇ ਫਿਰ ਆਪਣੀ ਕਲਮ ਰਾਹੀਂ ਉਹ ਗੱਲ ਸਾਹਮਣੇ ਲਿਆਉਂਦਾ ਹੈਇਹ ਨਜ਼ਰੀਆ ਕੋਈ ਮਸ਼ੀਨ ਪੂਰੀ ਤਰ੍ਹਾਂ ਨਹੀਂ ਦੇ ਸਕਦੀ, ਕਿਉਂਕਿ ਮਨੁੱਖ ਦੀ ਜ਼ਿੰਦਗੀ ਦੇ ਤਜਰਬੇ ਉਸਦੇ ਆਪਣੇ ਹੁੰਦੇ ਹਨ

ਮੈਨੂੰ ਅੱਜ ਵੀ ਆਪਣੇ ਨਾਨਾ ਜੀ, ਸਵਰਗਵਾਸੀ ਹਰਦਿਆਲ ਚੰਦ ਵੈਦ ਜੀ ਯਾਦ ਆਉਂਦੇ ਹਨਉਨ੍ਹਾਂ ਨੂੰ ਅਖਬਾਰ ਪੜ੍ਹਨ ਦਾ ਬਹੁਤ ਸ਼ੌਕ ਸੀਸਾਡੇ ਘਰ ਵਿੱਚ ਚਾਰ-ਪੰਜ ਅਖਬਾਰ ਆਉਂਦੇ ਸਨਉਹ ਅਖਬਾਰਾਂ ਦੇ ਨਾਲ ਨਾਲ ਨਾਵਲ, ਲੇਖ ਅਤੇ ਧਾਰਮਿਕ ਗ੍ਰੰਥ ਵੀ ਪੜ੍ਹਦੇ ਸਨਘਰ ਵਿੱਚ ਅਖਬਾਰ ਆਉਣ ਕਰਕੇ ਜਦੋਂ ਵੀ ਮੈਨੂੰ ਥੋੜ੍ਹਾ ਸਮਾਂ ਮਿਲਦਾ, ਮੈਂ ਵੀ ਅਖਬਾਰ ਨੂੰ ਇੱਕ ਨਜ਼ਰ ਜ਼ਰੂਰ ਮਾਰ ਲੈਂਦਾਉਸ ਸਮੇਂ ਸੰਪਾਦਕੀ ਅਤੇ ਵਿਚਾਰ ਪੰਨੇ ਮੇਰੇ ਲਈ ਖਾਸ ਦਿਲਚਸਪੀ ਵਾਲੇ ਹੁੰਦੇ ਸਨਵੱਖ-ਵੱਖ ਅਖਬਾਰਾਂ ਵਿੱਚ ਵੱਖ-ਵੱਖ ਲੇਖਕਾਂ ਦੀ ਆਪਣੀ-ਆਪਣੀ ਸੋਚ ਪੜ੍ਹਨ ਨੂੰ ਮਿਲਦੀ ਸੀਕਿਸੇ ਦੀ ਗੱਲ ਨਾਲ ਸਹਿਮਤ ਹੁੰਦਾ, ਕਿਸੇ ਦੀ ਗੱਲ ਨਾਲ ਨਾ, ਪਰ ਹਰ ਲੇਖ ਕੁਝ ਨਾ ਕੁਝ ਸੋਚਣ ਲਈ ਜ਼ਰੂਰ ਦੇ ਜਾਂਦਾਉੱਥੋਂ ਹੀ ਸ਼ਾਇਦ ਮੈਨੂੰ ਪੜ੍ਹਨ ਅਤੇ ਆਪਣੇ ਵਿਚਾਰ ਲਿਖਣ ਦੀ ਆਦਤ ਪਈ

ਅੱਜ ਜਦੋਂ ਮੈਂ ਖੁਦ ਲੇਖ ਲਿਖਦਾ ਹਾਂ ਤਾਂ ਅਕਸਰ ਮਹਿਸੂਸ ਕਰਦਾ ਹਾਂ ਕਿ ਲਿਖਣਾ ਸਿਰਫ ਸ਼ਬਦ ਕਾਗਜ਼ ਉੱਤੇ ਉਤਾਰਨਾ ਨਹੀਂ, ਲਿਖਣ ਤੋਂ ਪਹਿਲਾਂ ਬੰਦਾ ਸੋਚਦਾ ਹੈ, ਕਿਸੇ ਵਿਸ਼ੇ ਦੇ ਕਈ ਪੱਖਾਂ ਬਾਰੇ ਵਿਚਾਰ ਕਰਦਾ ਹੈਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਯਾਦ ਕਰਦਾ ਹੈਕਈ ਵਾਰ ਇੱਕ ਛੋਟੀ ਜਿਹੀ ਘਟਨਾ ਵੀ ਲੇਖ ਦਾ ਵਿਸ਼ਾ ਬਣ ਜਾਂਦੀ ਹੈਇਹੀ ਤਾਂ ਲਿਖਣ ਦੀ ਖੂਬਸੂਰਤੀ ਹੈਜਦੋਂ ਅਸੀਂ ਆਪਣੇ ਹੱਥ ਨਾਲ ਲਿਖਦੇ ਹਾਂ ਤਾਂ ਸਾਡੀ ਸੋਚ ਵੀ ਉਸੇ ਪ੍ਰਕਿਰਿਆ ਵਿੱਚ ਵਿਕਸਿਤ ਹੁੰਦੀ ਹੈਇੱਕ ਗੱਲ ਤੋਂ ਦੂਜੀ ਗੱਲ ਯਾਦ ਆਉਂਦੀ ਹੈਕੋਈ ਨਵਾਂ ਵਿਚਾਰ ਮਨ ਵਿੱਚ ਜਨਮ ਲੈਂਦਾ ਹੈਕਈ ਵਾਰ ਜੋ ਗੱਲ ਪਹਿਲਾਂ ਸਾਨੂੰ ਸਹੀ ਲਗਦੀ ਹੈ, ਲਿਖਦੇ-ਲਿਖਦੇ ਉਸ ਬਾਰੇ ਸਾਡੀ ਸੋਚ ਹੀ ਬਦਲ ਜਾਂਦੀ ਹੈਇਹ ਸਾਰਾ ਕੁਝ ਲਿਖਣ ਦੀ ਪ੍ਰਕਿਰਿਆ ਦਾ ਹਿੱਸਾ ਹੈਪਰ ਜੇ ਅਸੀਂ ਹਰ ਵਾਰ ਸਿਰਫ ਵਿਸ਼ਾ ਦੱਸ ਕੇ ਤਿਆਰ ਲੇਖ ਲੈ ਲਈਏ, ਤਾਂ ਕੀ ਅਸੀਂ ਆਪਣੇ ਅੰਦਰ ਚੱਲ ਰਹੀ ਇਸ ਸੋਚ ਦੀ ਪ੍ਰਕਿਰਿਆ ਨੂੰ ਹੌਲੀ-ਹੌਲੀ ਖਤਮ ਨਹੀਂ ਕਰ ਰਹੇ?

ਅੱਜ ਕਿਸੇ ਕੋਲ ਸਮੇਂ ਦੀ ਘਾਟ ਹੈ, ਕਿਸੇ ਕੋਲ ਸ਼ਬਦਾਂ ਦੀ, ਕਿਸੇ ਨੂੰ ਲਗਦਾ ਹੈ ਕਿ ਉਸਦੀ ਲਿਖਤ ਇੰਨੀ ਪ੍ਰਭਾਵਸ਼ਾਲੀ ਨਹੀਂ;AI ਇਹ ਮੁਸ਼ਕਲਾਂ ਕੁਝ ਪਲਾਂ ਵਿੱਚ ਦੂਰ ਕਰ ਦਿੰਦੀ ਹੈਪਰ ਲੇਖਕ ਬਣਨ ਦੀ ਸਭ ਤੋਂ ਵੱਡੀ ਖੂਬੀ ਸੁੰਦਰ ਸ਼ਬਦ ਨਹੀਂ, ਸਗੋਂ ਆਪਣੀ ਗੱਲ ਆਪਣੇ ਢੰਗ ਨਾਲ ਕਹਿਣਾ ਹੈਹੋ ਸਕਦਾ ਹੈ ਸਾਡੀ ਲਿਖਤ ਵਿੱਚ ਵਿਆਕਰਨ ਦੀਆਂ ਗਲਤੀਆਂ ਹੋਣ, ਹੋ ਸਕਦਾ ਹੈ ਸਾਡੇ ਵਾਕ AI ਵਾਂਗ ਬਿਲਕੁਲ ਸੁਚੱਜੇ ਨਾ ਹੋਣ, ਹੋ ਸਕਦਾ ਹੈ ਸਾਡੇ ਸ਼ਬਦ ਬਹੁਤ ਸਧਾਰਨ ਹੋਣ; ਪਰ ਜੇ ਉਨ੍ਹਾਂ ਵਿੱਚ ਸਾਡਾ ਤਜਰਬਾ, ਸਾਡਾ ਅਹਿਸਾਸ ਅਤੇ ਸਾਡੀ ਆਪਣੀ ਸੋਚ ਹੈ ਤਾਂ ਉਹ ਲਿਖਤ ਸਾਡੇ ਨਾਲ ਜੁੜੀ ਹੋਈ ਹੈਕਿਸੇ ਪਿੰਡ ਦਾ ਲੇਖਕ ਆਪਣੇ ਪਿੰਡ ਦੀ ਗਲੀ ਵਿੱਚ ਖੜ੍ਹ ਕੇ ਜੋ ਦੇਖ ਸਕਦਾ ਹੈ, ਉਹ ਉਸਦੀ ਆਪਣੀ ਨਜ਼ਰ ਹੈਕਿਸੇ ਕਿਸਾਨ ਦੇ ਘਰ ਦੀ ਚਿੰਤਾ, ਕਿਸੇ ਮਜ਼ਦੂਰ ਦੀ ਮਿਹਨਤ, ਕਿਸੇ ਮਾਂ ਦੀ ਚਿੰਤਾ, ਕਿਸੇ ਨੌਜਵਾਨ ਦੀ ਬੇਰੁਜ਼ਗਾਰੀ, ਕਿਸੇ ਬਜ਼ੁਰਗ ਦੀ ਇਕੱਲਤਾ ਜਾਂ ਵਿਦੇਸ਼ ਗਏ ਬੱਚੇ ਦੀ ਉਡੀਕ; ਇਨ੍ਹਾਂ ਗੱਲਾਂ ਨੂੰ ਮਹਿਸੂਸ ਕਰਕੇ ਲਿਖਣ ਵਾਲਾ ਵਿਅਕਤੀ ਆਪਣੇ ਤਜਰਬੇ ਵਿੱਚੋਂ ਲਿਖਦਾ ਹੈ

ਇੱਕ ਮਸ਼ੀਨ ਜਾਣਕਾਰੀ ਦੇ ਸਕਦੀ ਹੈ, ਭਾਸ਼ਾ ਨੂੰ ਸੁੰਦਰ ਬਣਾ ਸਕਦੀ ਹੈ ਅਤੇ ਵਿਚਾਰਾਂ ਨੂੰ ਸਲੀਕੇ ਨਾਲ ਪੇਸ਼ ਕਰ ਸਕਦੀ ਹੈ ਪਰ ਸਾਡੇ ਆਪਣੇ ਜੀਵਨ ਦੀਆਂ ਯਾਦਾਂ, ਖੁਸ਼ੀਆਂ ਦੇ ਪਲ ਅਤੇ ਅਹਿਸਾਸ ਸਾਡੇ ਆਪਣੇ ਹੁੰਦੇ ਹਨਇਸ ਲਈ ਗੱਲ AI ਨੂੰ ਚੰਗੀ ਜਾਂ ਮਾੜੀ ਕਹਿਣ ਦੀ ਨਹੀਂ, ਗੱਲ ਇਸਦੀ ਵਰਤੋਂ ਦੀ ਹੈਜੇ AI ਸਾਡੀ ਕਲਮ ਦੀ ਮਦਦਗਾਰ ਬਣੇ ਤਾਂ ਇਹ ਤਕਨਾਲੋਜੀ ਦਾ ਸਹੀ ਲਾਭ ਹੈਪਰ ਜੇ ਕਲਮ ਸਾਡੇ ਹੱਥ ਵਿੱਚ ਹੋਣ ਦੇ ਬਾਵਜੂਦ ਸੋਚ ਵੀ AI ਕਰੇ, ਲਿਖਤ ਵੀ ਉਹ ਤਿਆਰ ਕਰੇ ਅਤੇ ਅਸੀਂ ਸਿਰਫ ਉਸ ਨਾਲ ਆਪਣਾ ਨਾਮ ਜੋੜ ਕੇ ਉਸਨੂੰ ਅੱਗੇ ਭੇਜ ਦੇਈਏ, ਤਾਂ ਇਹ ਸਿਰਫ ਲਿਖਤ ਦਾ ਮਸਲਾ ਨਹੀਂ ਰਹਿੰਦਾ; ਇਹ ਸਾਡੀ ਆਪਣੀ ਸੋਚਣ ਦੀ ਆਦਤ ਦਾ ਵੀ ਮਸਲਾ ਬਣ ਜਾਂਦਾ ਹੈ

ਅਖਬਾਰ ਸਿਰਫ ਖਬਰਾਂ ਨਾਲ ਭਰਿਆ ਕਾਗਜ਼ ਨਹੀਂ ਹੁੰਦਾ; ਇਸਦੇ ਵਿਚਾਰ ਪੰਨੇ ਸਮਾਜ ਦੀ ਸੋਚ ਦਾ ਇੱਕ ਹਿੱਸਾ ਹੁੰਦੇ ਹਨਇੱਥੇ ਵੱਖ-ਵੱਖ ਲੋਕਾਂ ਦੀਆਂ ਵੱਖ-ਵੱਖ ਅਵਾਜ਼ਾਂ ਸੁਣਨ ਨੂੰ ਮਿਲਣੀਆਂ ਚਾਹੀਦੀਆਂ ਹਨਜੇ ਹਰ ਲੇਖ ਇੱਕੋ ਜਿਹੀ ਭਾਸ਼ਾ, ਇੱਕੋ ਜਿਹਾ ਅੰਦਾਜ਼ ਅਤੇ ਇੱਕੋ ਤਰ੍ਹਾਂ ਦੀ ਬਣਤਰ ਲੈ ਕੇ ਆਵੇ ਤਾਂ ਉਹ ਵੱਖਰਾਪਣ ਕਿੱਥੇ ਰਹੇਗਾ ਜੋ ਪਾਠਕ ਨੂੰ ਨਵੀਂ ਸੋਚ ਦਿੰਦਾ ਹੈਭਾਸ਼ਾ ਸੁਧਾਰਨ ਜਾਂ ਸ਼ਬਦਾਂ ਨੂੰ ਸੋਹਣਾ ਬਣਾਉਣ ਲਈ AI ਦੀ ਮਦਦ ਲਈ ਜਾ ਸਕਦੀ ਹੈ, ਪਰ ਵਿਚਾਰ ਅਤੇ ਤਜਰਬਾ ਆਪਣਾ ਹੋਣਾ ਚਾਹੀਦਾ ਹੈਆਖਰ ਲੇਖ ਦੀ ਪਛਾਣ ਉਸਦੇ ਸ਼ਬਦਾਂ ਅਤੇ ਉਸਦੀ ਸੋਚ ਨਾਲ ਹੁੰਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਕੁਲਬੀਰ ਸ਼ਰਮਾ

ਕੁਲਬੀਰ ਸ਼ਰਮਾ

Jhabelwali, Mukatsar Sahib, Punjab, India.
WhatsApp: (91 - 84272 - 12104)
Email: (kulbeer0100@gmail.com)