“ਉੱਥੋਂ ਦੇ ਲੋਕਾਂ ਨੇ ਆਪਣੀਆਂ ਲੋੜਾਂ ਅਨੁਸਾਰ ਪ੍ਰਕਿਰਤੀ ਨਾਲ ਸਮਝੌਤਾ ਕਰਕੇ ...”
(9 ਅਕਤੂਬਰ 2026)
ਕੁਝ ਦਿਨ ਪਹਿਲਾਂ ਮੇਰਾ ਰਾਜਸਥਾਨ ਦੇ ਰਸਤੇ ਜੈਪੁਰ ਜਾਣ ਦਾ ਸਬੱਬ ਬਣਿਆ। ਪੰਜਾਬ ਤੋਂ ਗੱਡੀ ਵਿੱਚ ਬੈਠਦਿਆਂ ਮਨ ਅੰਦਰ ਰਾਜਸਥਾਨ ਦੀ ਉਹੀ ਪੁਰਾਣੀ ਤਸਵੀਰ ਤੈਰ ਰਹੀ ਸੀ ਜੋ ਅਸੀਂ ਬਚਪਨ ਤੋਂ ਕਿਤਾਬਾਂ ਵਿੱਚ ਪੜ੍ਹਦੇ ਜਾਂ ਲੋਕਾਂ ਤੋਂ ਸੁਣਦੇ ਆਏ ਹਾਂ- ਦੂਰ-ਦੂਰ ਤਕ ਫੈਲੇ ਰੇਤ ਦੇ ਟਿੱਬੇ, ਧੂੜ ਉਡਾਉਂਦੀਆਂ ਤਪਦੀਆਂ ਹਵਾਵਾਂ ਅਤੇ ਘੱਟ ਪਾਣੀ ਅਤੇ ਬੂਟਿਆਂ ਤੋਂ ਖਾਲੀ ਇਲਾਕੇ। ਪਰ ਜਿਵੇਂ-ਜਿਵੇਂ ਗੱਡੀ ਪੰਜਾਬ ਦੀ ਹੱਦ ਪਾਰ ਕਰਕੇ ਰਾਜਸਥਾਨ ਦੇ ਇਲਾਕਿਆਂ ਵਿੱਚੋਂ ਲੰਘਣ ਲੱਗੀ, ਅੱਖਾਂ ਸਾਹਮਣੇ ਆਉਂਦਾ ਦ੍ਰਿਸ਼ ਮਨ ਵਿੱਚ ਬਣੀ ਇਸ ਪੁਰਾਣੀ ਧਾਰਨਾ ਨੂੰ ਹੌਲੀ-ਹੌਲੀ ਤੋੜਨ ਲੱਗਾ। ਸੜਕਾਂ ਦੇ ਦੋਵੇਂ ਪਾਸੇ ਸਾਫ-ਸੁਥਰਾ ਮਾਹੌਲ ਅਤੇ ਲਾਈਨਾਂ ਵਿੱਚ ਖੜ੍ਹੇ ਹਰੇ-ਭਰੇ ਰੁੱਖ ਯਾਤਰੀਆਂ ਦਾ ਸਵਾਗਤ ਕਰਦੇ ਪ੍ਰਤੀਤ ਹੋ ਰਹੇ ਸਨ। ਜਿਨ੍ਹਾਂ ਟਿੱਬਿਆਂ ਬਾਰੇ ਇਹ ਮੰਨਿਆ ਜਾਂਦਾ ਸੀ ਕਿ ਉੱਥੇ ਰੇਤ ਤੋਂ ਬਿਨਾਂ ਕੁਝ ਨਹੀਂ ਹੈ, ਉਹ ਟਿੱਬੇ ਅੱਜ ਥਾਂ-ਥਾਂ ਤੋਂ ਹਰਿਆਵਲ ਦੀ ਚਾਦਰ ਲਪੇਟੀ ਬੈਠੇ ਸਨ। ਮਾਰੂਥਲ ਦੇ ਸੀਨੇ ’ਤੇ ਦੇਖਣ ਨੂੰ ਮਿਲ ਰਹੀ ਇਹ ਹਰਿਆਲੀ ਕੋਈ ਕੁਦਰਤੀ ਚਮਤਕਾਰ ਨਹੀਂ ਸੀ, ਸਗੋਂ ਉੱਥੋਂ ਦੇ ਲੋਕਾਂ ਦੀ ਸੂਝਬੂਝ, ਪ੍ਰਸ਼ਾਸਨ ਅਤੇ ਸਥਾਨਕ ਸੰਸਥਾਵਾਂ ਦੀ ਸਾਲਾਂ ਦੀ ਅਣਥੱਕ ਮਿਹਨਤ ਦਾ ਪ੍ਰਤੱਖ ਪ੍ਰਮਾਣ ਸੀ।
ਰਾਜਸਥਾਨ ਦੇ ਲੋਕਾਂ ਨੇ ਆਪਣੀ ਭੂਗੋਲਿਕ ਬਣਤਰ ਅਤੇ ਪਾਣੀ ਦੀ ਤੰਗੀ ਨੂੰ ਸਮਝਦਿਆਂ ਬੜੀ ਵਿਗਿਆਨਕ ਅਤੇ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਹੈ। ਰੇਤ ਦੇ ਉਡਦੇ ਟਿੱਬਿਆਂ ਨੂੰ ਇੱਕੋ ਥਾਂ ਬੰਨ੍ਹ ਕੇ ਰੱਖਣ ਲਈ ਉੱਥੋਂ ਦੇ ਸਥਾਨਕ ਅਤੇ ਘੱਟ ਪਾਣੀ ਨਾਲ ਪਲਣ ਵਾਲੇ ਰੁੱਖ-ਬੂਟੇ ਲਾਏ ਗਏ। ਖੇਜੜੀ, ਜਿਸ ਨੂੰ ਰਾਜਸਥਾਨ ਦਾ ‘ਕਲਪਬ੍ਰਿਕਸ਼’ ਵੀ ਮੰਨਿਆ ਜਾਂਦਾ ਹੈ, ਦੇ ਨਾਲ-ਨਾਲ ਰੋਹੀੜਾ, ਫੋਗ, ਕੇਰ, ਜਾਲ਼ ਅਤੇ ਦੇਸੀ ਕਿੱਕਰਾਂ ਵਰਗੇ ਮਜ਼ਬੂਤ ਰੁੱਖਾਂ ਦੀਆਂ ਲੰਮੀਆਂ ਕਤਾਰਾਂ ਤਿਆਰ ਕੀਤੀਆਂ ਗਈਆਂ। ਸੜਕਾਂ ਅਤੇ ਖੇਤਾਂ ਦੇ ਕਿਨਾਰਿਆਂ ’ਤੇ ਹਵਾ ਰੋਕੂ ਰੁੱਖਾਂ ਦੀਆਂ ਪੱਟੀਆਂ (ਸ਼ੈਲਟਰ ਬੈਲਟ) ਬਣਾਈਆਂ ਗਈਆਂ ਤਾਂ ਜੋ ਰੇਤੀਲੀਆਂ ਹਵਾਵਾਂ ਸੜਕਾਂ ’ਤੇ ਰੇਤ ਨਾ ਜਮ੍ਹਾਂ ਹੋਣ ਦੇਣ ਅਤੇ ਮਿੱਟੀ ਦੇ ਖੋਰ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਇੰਦਰਾ ਗਾਂਧੀ ਨਹਿਰ ਦੇ ਆਸ-ਪਾਸ ਦੇ ਖੇਤਰਾਂ ਵਿੱਚ ਤੁਪਕਾ ਸਿੰਜਾਈ (ਡ੍ਰਿਪ ਇਰੀਗੇਸ਼ਨ) ਅਤੇ ਵਾਟਰ ਹਾਰਵੈਸਟਿੰਗ ਦੀ ਸੁਚੱਜੀ ਵਰਤੋਂ ਕਰਕੇ ਪਾਣੀ ਦੀ ਇੱਕ-ਇੱਕ ਬੂੰਦ ਨਾਲ ਬੂਟਿਆਂ ਨੂੰ ਪਾਲਿਆ ਗਿਆ। ਟਿੱਬਿਆਂ ਦੀਆਂ ਢਲਾਣਾਂ ’ਤੇ ਖਾਸ ਕਿਸਮ ਦੀਆਂ ਝਾੜੀਆਂ ਅਤੇ ਘਾਹ ਲਾ ਕੇ ਰੇਤ ਨੂੰ ਉਡਣ ਤੋਂ ਰੋਕਿਆ ਗਿਆ, ਜਿਸ ਨਾਲ ਕਦੇ ਰੇਗਸਤਾਨ ਅਖਵਾਉਣ ਵਾਲਾ ਖਿੱਤਾ ਅੱਜ ਹਰਿਆਵਲ ਵਿੱਚ ਤਬਦੀਲ ਹੋ ਰਿਹਾ ਹੈ।
ਇਸ ਸਫਰ ਦੌਰਾਨ ਇੱਕ ਗੱਲ ਮਨ ਵਿੱਚ ਘਰ ਕਰ ਗਈ ਕਿ ਜਿਨ੍ਹਾਂ ਕੋਲ ਕੋਈ ਚੀਜ਼ ਨਹੀਂ ਹੁੰਦੀ, ਉਹ ਉਸਦੀ ਅਸਲ ਕੀਮਤ ਸਮਝਦੇ ਹਨ। ਰਾਜਸਥਾਨ ਨੇ ਸਦੀਆਂ ਤੋਂ ਪਾਣੀ ਦੀ ਘਾਟ ਅਤੇ ਬੰਜਰ ਧਰਤੀ ਦਾ ਦਰਦ ਹੰਢਾਇਆ ਹੈ, ਇਸੇ ਲਈ ਉੱਥੇ ਰੁੱਖ ਦੇ ਇੱਕ-ਇੱਕ ਪੱਤੇ ਅਤੇ ਪਾਣੀ ਦੀ ਇੱਕ ਇੱਕ ਬੂੰਦ ਦੀ ਕਦਰ ਹੈ। ਉੱਥੇ ਬਿਸ਼ਨੋਈ ਸਮਾਜ ਵਰਗੀਆਂ ਪਰੰਪਰਾਵਾਂ ਅੱਜ ਵੀ ਲੋਕਾਂ ਦੇ ਖੂਨ ਵਿੱਚ ਰਚੀਆਂ ਹੋਈਆਂ ਹਨ, ਜੋ ਰੁੱਖਾਂ ਨੂੰ ਆਪਣੇ ਪਰਿਵਾਰ ਦੇ ਜੀਆਂ ਵਾਂਗ ਸੰਭਾਲਦੀਆਂ ਹਨ। ਜਿੱਥੇ ਕੁਦਰਤੀ ਸੰਸਾਧਨਾਂ ਦੀ ਘਾਟ ਸੀ, ਉੱਥੇ ਲੋਕਾਂ ਨੇ ਇਕਜੁੱਟ ਹੋ ਕੇ ਹੰਭਲਾ ਮਾਰਿਆ ਅਤੇ ਅਸੰਭਵ ਨੂੰ ਸੰਭਵ ਕਰ ਵਿਖਾਇਆ।
ਪਰ ਰਾਜਸਥਾਨ ਦੀ ਇਸ ਮਿਹਨਤ ਨੂੰ ਦੇਖ ਕੇ ਜਿੱਥੇ ਖੁਸ਼ੀ ਹੋਈ, ਉੱਥੇ ਹੀ ਮਨ ਅੰਦਰ ਆਪਣੇ ਪੰਜਾਬ ਦੀ ਮੌਜੂਦਾ ਹਾਲਤ ਬਾਰੇ ਸੋਚ ਕੇ ਇੱਕ ਗੂੜ੍ਹਾ ਦਰਦ ਉੱਭਰ ਆਇਆ। ਪੰਜਾਬ ਨੂੰ ਕੁਦਰਤ ਨੇ ਪੰਜਾਂ ਦਰਿਆਵਾਂ ਦੀ ਉਪਜਾਊ ਮਿੱਟੀ, ਅਥਾਹ ਪਾਣੀ ਅਤੇ ਹਰੇ-ਭਰੇ ਖੇਤਾਂ ਦੀ ਨਿਆਮਤ ਨਾਲ ਨਿਵਾਜਿਆ ਸੀ। ਸਾਡੇ ਪਿੰਡਾਂ ਦੀ ਅਸਲ ਰੌਣਕ ਉਹ ਬੋਹੜ, ਪਿੱਪਲ, ਨਿੰਮ, ਟਾਹਲੀ ਅਤੇ ਦੇਸੀ ਕਿੱਕਰਾਂ ਹੁੰਦੀਆਂ ਸਨ, ਜਿਨ੍ਹਾਂ ਹੇਠਾਂ ਸਾਡੀਆਂ ਸੱਥਾਂ ਸਜਦੀਆਂ ਸਨ। ਘਰਾਂ ਦੇ ਵਿਹੜਿਆਂ ਵਿੱਚ ਹਰਿਆਲੀ ਹੁੰਦੀ ਸੀ ਅਤੇ ਸੂਇਆਂ-ਨਹਿਰਾਂ ਦੀਆਂ ਪਟੜੀਆਂ ’ਤੇ ਸੰਘਣੇ ਰੁੱਖਾਂ ਦੀ ਠੰਢੀ ਛਾਂ ਹੇਠੋਂ ਲੰਘਦਿਆਂ ਰੂਹ ਤਰੋ-ਤਾਜ਼ਾ ਹੋ ਜਾਂਦੀ ਸੀ। ਅੱਜ ਉਸੇ ਪੰਜਾਬ ਵਿੱਚੋਂ ਹਰਿਆਲੀ ਦਿਨ-ਬ-ਦਿਨ ਗਾਇਬ ਹੁੰਦੀ ਜਾ ਰਹੀ ਹੈ। ਉਹੀ ਰੁੱਖ ਹੌਲੀ-ਹੌਲੀ ਸਾਡੀਆਂ ਅੱਖਾਂ ਸਾਹਮਣੇ ਘਟ ਰਹੇ ਹਨ। ਕਿਤੇ ਸੜਕਾਂ ਚੌੜੀਆਂ ਕਰਨ ਦੇ ਨਾਂ ’ਤੇ, ਕਿਤੇ ਸ਼ਹਿਰੀ ਵਿਕਾਸ ਅਤੇ ਉਦਯੋਗਾਂ ਲਈ ਅਤੇ ਕਿਤੇ ਸਿਰਫ ਆਪਣੀ ਸਹੂਲਤ ਲਈ ਅਸੀਂ ਪੁਰਾਣੇ ਰੁੱਖਾਂ ਉੱਤੇ ਆਰੀ ਚਲਾ ਦਿੱਤੀ ਹੈ। ਖੇਤਾਂ ਦੀਆਂ ਵੱਟਾਂ ’ਤੇ ਖੜ੍ਹੇ ਰੁੱਖ ਵੀ ਕਈ ਥਾਂਵਾਂ ’ਤੇ ਇਸ ਕਰਕੇ ਵੱਢ ਦਿੱਤੇ ਜਾਂਦੇ ਹਨ ਕਿ ਮਸ਼ੀਨਾਂ ਤੇ ਸੰਦਾਂ ਨੂੰ ਲੰਘਣ ਵਿੱਚ ਰੁਕਾਵਟ ਨਾ ਆਵੇ।
ਪੰਜਾਬ ਦੀ ਧਰਤੀ ਵੱਲੋਂ ਮਿਲੀਆਂ ਇਨ੍ਹਾਂ ਅਣਮੋਲ ਦਾਤਾਂ ਦੀ ਸਾਨੂੰ ਕੋਈ ਪਰਵਾਹ ਹੀ ਨਹੀਂ ਰਹੀ। ਸਾਨੂੰ ਲਗਦਾ ਹੈ ਜਿਵੇਂ ਸਾਨੂੰ ਵਾਤਾਵਰਣ ਦੀ ਸੰਭਾਲ ਲਈ ਕੋਈ ਉੱਦਮ ਕਰਨ ਦੀ ਲੋੜ ਹੀ ਨਹੀਂ। ਹਰ ਸਾਲ ਗਰਮੀ ਦੇ ਟੁੱਟਦੇ ਰਿਕਾਰਡ, ਝੁਲਸਦੀਆਂ ਲੂਆਂ ਅਤੇ ਮੌਸਮ ਦਾ ਵਿਗੜਦਾ ਮਿਜ਼ਾਜ ਸਾਨੂੰ ਖਤਰੇ ਦੀ ਘੰਟੀ ਵਜਾ ਕੇ ਚਿਤਾਵਣੀ ਦਿੰਦੇ ਹਨ, ਪਰ ਸਾਡੀ ਬੇਧਿਆਨੀ ਜਿਉਂ ਦੀ ਤਿਉਂ ਬਣੀ ਹੋਈ ਹੈ। ਸਾਡੇ ਆਸ-ਪਾਸ ਤੋਂ ਚਿੜੀਆਂ, ਜੁਗਨੂੰ, ਪਰਿੰਦੇ ਅਤੇ ਹੋਰ ਕੁਦਰਤੀ ਜੀਵ-ਜੰਤੂ ਹੌਲੀ-ਹੌਲੀ ਅਲੋਪ ਹੋ ਰਹੇ ਹਨ ਪਰ ਅਸੀਂ ਇਸ ਵੱਡੀ ਤਬਾਹੀ ਵੱਲੋਂ ਅੱਖਾਂ ਮੀਚੀ ਬੈਠੇ ਹਾਂ। ਸਾਨੂੰ ਉਹ ਗੱਲਾਂ, ਖਬਰਾਂ ਜਾਂ ਪੌਡਕਾਸਟ ਵੀ ਸੁਣਨੇ ਪਸੰਦ ਨਹੀਂ ਆਉਂਦੇ ਜਿਨ੍ਹਾਂ ਵਿੱਚ ਪੰਜਾਬ ਦੇ ਸੁੱਕ ਰਹੇ ਪਾਣੀਆਂ ਅਤੇ ਕੱਟੇ ਜਾ ਰਹੇ ਰੁੱਖਾਂ ਦੇ ਗੰਭੀਰ ਸੰਕਟ ਦੀ ਚਰਚਾ ਹੁੰਦੀ ਹੈ। ਸਾਨੂੰ ਲਗਦਾ ਹੈ ਕਿ ਪੰਜਾਬ ਨੂੰ ਮੁੜ ਹਰਾ-ਭਰਾ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੀਆਂ ਸੰਸਥਾਵਾਂ ਨਾਲ ਜੁੜਨ ਦੀ ਸਾਨੂੰ ਕੋਈ ਲੋੜ ਨਹੀਂ। ਸ਼ਾਇਦ ਅਸੀਂ ਉਦੋਂ ਤਕ ਨਹੀਂ ਜਾਗਾਂਗੇ ਜਦੋਂ ਤਕ ਪੰਜਾਬ ਦਾ ਹਰ ਘਰ ਗਰਮੀ ਨਾਲ ਅੱਗ ਵਾਂਗ ਤਪਣ ਨਹੀਂ ਲੱਗ ਜਾਂਦਾ, ਜਦੋਂ ਤਕ ਏ.ਸੀ. ਵੀ ਕੰਮ ਕਰਨਾ ਬੰਦ ਨਹੀਂ ਕਰ ਦਿੰਦੇ, ਅਤੇ ਜਦੋਂ ਤਕ ਸਿਰ ਲੁਕਾਉਣ ਲਈ ਕਿਸੇ ਰੁੱਖ ਦੀ ਛਾਂ ਤਕ ਨਸੀਬ ਨਹੀਂ ਹੁੰਦੀ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਪਾਣੀ ਦੀ ਇੱਕ-ਇੱਕ ਬੂੰਦ ਅਤੇ ਰੁੱਖ ਦੀ ਛਾਂ ਲਈ ਤਰਸੇਗਾ। ਰਾਜਸਥਾਨ ਦੇ ਲੋਕਾਂ ਨੇ ਬੰਜਰ ਮਾਰੂਥਲ ਵਿੱਚ ਹਰਿਆਲੀ ਉਗਾ ਕੇ ਸਾਨੂੰ ਇੱਕ ਵੱਡਾ ਸਬਕ ਦਿੱਤਾ ਹੈ। ਉੱਥੋਂ ਦੇ ਲੋਕਾਂ ਨੇ ਆਪਣੀਆਂ ਲੋੜਾਂ ਅਨੁਸਾਰ ਪ੍ਰਕਿਰਤੀ ਨਾਲ ਸਮਝੌਤਾ ਕਰਕੇ ਮਾਰੂਥਲ ਨੂੰ ਸਦਾਬਹਾਰ ਬਣਾ ਦਿੱਤਾ, ਜਦਕਿ ਅਸੀਂ ਇੱਕ ਹੱਸਦੇ-ਵਸਦੇ, ਹਰੇ-ਭਰੇ ਪੰਜਾਬ ਨੂੰ ਮਾਰੂਥਲ ਬਣਾਉਣ ਦੇ ਰਾਹ ਪਏ ਹੋਏ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)


























































































































