“ਸਾਡੀ ਥੋੜ੍ਹੀ ਜਿਹੀ ਜਾਗਰੂਕਤਾ ਅਤੇ ਪ੍ਰਸ਼ਾਸਨ ਦੀ ਥੋੜ੍ਹੀ ਜਿਹੀ ਸਖਤੀ ਕਈ ਘਰਾਂ ਦੇ”
(15 ਨਵੰਬਰ 2026)
ਸੂਰਜ ਢਲਦਿਆਂ ਹੀ ਜਿਵੇਂ-ਜਿਵੇਂ ਧੂੰਏਂ ਅਤੇ ਧੁੰਦ ਦੀ ਹਲਕੀ ਚਾਦਰ ਪੰਜਾਬ ਦੀਆਂ ਸੜਕਾਂ ਨੂੰ ਆਪਣੀ ਲਪੇਟ ਵਿੱਚ ਲੈਂਦੀ ਹੈ, ਤਿਵੇਂ-ਤਿਵੇਂ ਰਾਹਗੀਰਾਂ ਦੇ ਸਾਹ ਸੂਤੇ ਜਾਂਦੇ ਹਨ। ਇਨ੍ਹਾਂ ਦਿਨਾਂ ਵਿੱਚ ਸ਼ਾਮ ਵੇਲੇ ਸੜਕਾਂ ’ਤੇ ਨਿਕਲਣਾ ਕਿਸੇ ਜੋਖਮ ਭਰੇ ਸਫਰ ਤੋਂ ਘੱਟ ਨਹੀਂ ਰਿਹਾ। ਹਨੇਰੇ ਦੀ ਗੋਦ ਵਿੱਚ ਪਰਾਲੀ ਦੀਆਂ ਗੱਠਾਂ ਨਾਲ ਲੱਦੇ ਵਿਸ਼ਾਲ ਟਰਾਲੇ ਪੂਰੀ ਸੜਕ ਘੇਰ ਕੇ ਤੁਰੇ ਜਾਂਦੇ ਹਨ। ਨਾ ਇਨ੍ਹਾਂ ਦੇ ਪਿੱਛੇ ਕੋਈ ਲਾਈਟ ਜਗਦੀ ਹੈ ਅਤੇ ਨਾ ਹੀ ਕੋਈ ਚਮਕਦਾਰ ਨਿਸ਼ਾਨ ਲੱਗਿਆ ਹੁੰਦਾ ਹੈ। ਇਹ ਟਰਾਲੇ ਇੰਨੇ ਚੌੜੇ ਹੁੰਦੇ ਹਨ ਕਿ ਪਿੱਛੇ ਆ ਰਹੇ ਵਾਹਨਾਂ ਨੂੰ ਅੱਗੇ ਲੰਘਣ ਲਈ ਰਸਤਾ ਤਾਂ ਕੀ ਮਿਲਣਾ ਹੁੰਦਾ ਹੈ, ਸਾਹਮਣੇ ਤੋਂ ਆਉਂਦੀ ਕੋਈ ਗੱਡੀ ਤਕ ਨਜ਼ਰ ਨਹੀਂ ਆਉਂਦੀ। ਇਹ ਅੱਜ ਪੰਜਾਬ ਦੀ ਲਗਭਗ ਹਰ ਸੜਕ ਦਾ ਸੱਚ ਬਣ ਚੁੱਕਾ ਹੈ।
ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਦੀ ਸਾਂਭ-ਸੰਭਾਲ ਨੂੰ ਲੈ ਕੇ ਸਰਕਾਰੀ ਦਾਅਵੇ ਤਾਂ ਬੜੇ ਵੱਡੇ ਕੀਤੇ ਜਾਂਦੇ ਹਨ, ਪਰ ਇਸ ਮੁਹਿੰਮ ਦੇ ਪਰਦੇ ਪਿੱਛੇ ਸੜਕਾਂ ’ਤੇ ਪੈਦਾ ਹੋ ਰਹੇ ਖਤਰਿਆਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਖੇਤਾਂ ਵਿੱਚੋਂ ਗੱਠਾਂ ਬੰਨ੍ਹ ਕੇ ਫੈਕਟਰੀਆਂ ਅਤੇ ਡੰਪਾਂ ਤਕ ਪਹੁੰਚਾਉਣ ਵਾਲੇ ਇਹ ‘ਭੂੰਗ ਟਰਾਲੇ’ ਸੜਕੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਵੱਧ ਮੁਨਾਫੇ ਅਤੇ ਘੱਟ ਗੇੜਿਆਂ ਦੇ ਲਾਲਚ ਵਿੱਚ ਟਰਾਲੇ ਦੀ ਅਸਲ ਚੌੜਾਈ ਅਤੇ ਉਚਾਈ ਤੋਂ ਕਿਤੇ ਵੱਧ ਮਾਲ ਲੱਦਿਆ ਜਾਂਦਾ ਹੈ। ਕਈ ਵਾਰ ਇਹ ਗੱਠਾਂ ਟਰਾਲੇ ਦੇ ਪਾਸਿਆਂ ਤੋਂ ਇੰਨੀਆਂ ਬਾਹਰ ਨਿਕਲੀਆਂ ਹੁੰਦੀਆਂ ਹਨ ਕਿ ਦੋ-ਮਾਰਗੀ ਸੜਕ ਦਾ ਵੱਡਾ ਹਿੱਸਾ ਇਨ੍ਹਾਂ ਦੇ ਕਬਜ਼ੇ ਹੇਠ ਆ ਜਾਂਦਾ ਹੈ। ਅਜਿਹੇ ਵਿੱਚ ਪਿੱਛੇ ਆਉਣ ਵਾਲੇ ਕਾਰ ਜਾਂ ਮੋਟਰਸਾਈਕਲ ਚਾਲਕ ਕੋਲ ਅੰਦਾਜ਼ਾ ਲਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ ਕਿ ਟਰਾਲਾ ਕਿਸ ਪਾਸੇ ਮੁੜੇਗਾ ਜਾਂ ਰੁਕੇਗਾ।
ਫੈਕਟਰੀਆਂ ਅਤੇ ਡੰਪਾਂ ਉੱਤੇ ਦਿਨ ਵੇਲੇ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਅਤੇ ਭੀੜ ਤੋਂ ਬਚਣ ਲਈ ਇਨ੍ਹਾਂ ਟਰਾਲਿਆਂ ਦੇ ਚਾਲਕ ਅਕਸਰ ਰਾਤ ਦਾ ਸਮਾਂ ਚੁਣਦੇ ਹਨ। ਹਨੇਰੇ ਦੀ ਆੜ ਵਿੱਚ ਇਹ ਟਰਾਲੇ ਸੜਕਾਂ ’ਤੇ ਨਿਕਲ ਪੈਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਲੱਖਾਂ ਰੁਪਏ ਦੀ ਮਸ਼ੀਨਰੀ ਅਤੇ ਟਰਾਲੇ ਤਿਆਰ ਕਰਵਾਉਣ ਵਾਲੇ ਮਾਲਕ ਟਰਾਲੇ ਦੇ ਪਿੱਛੇ ਦੋ-ਚਾਰ ਸੌ ਰੁਪਏ ਦੇ ਰਿਫਲੈਕਟਰ ਜਾਂ ਬੈਕ-ਲਾਈਟਾਂ ਲਵਾਉਣ ਦੀ ਜ਼ਰੂਰਤ ਨਹੀਂ ਸਮਝਦੇ। ਨਵੰਬਰ ਦੇ ਇਸ ਮੌਸਮ ਵਿੱਚ ਜਦੋਂ ਸ਼ਾਮ ਢਲਦੇ ਹੀ ਪਰਾਲੀ ਦੇ ਧੂੰਏਂ ਅਤੇ ਮੌਸਮੀ ਧੁੰਦ ਦਾ ਗੁਬਾਰ ਸੜਕਾਂ ’ਤੇ ਛਾ ਜਾਂਦਾ ਹੈ ਤਾਂ ਇਹ ਬਿਨਾਂ ਲਾਈਟਾਂ ਵਾਲੇ ਟਰਾਲੇ ਚਲਦੀਆਂ-ਫਿਰਦੀਆਂ ਕੰਧਾਂ ਵਾਂਗ ਜਾਪਦੇ ਹਨ। ਤੇਜ਼ ਰਫਤਾਰ ਨਾਲ ਆ ਰਿਹਾ ਵਾਹਨ ਚਾਲਕ ਜਦੋਂ ਤਕ ਇਨ੍ਹਾਂ ਨੂੰ ਦੇਖਦਾ ਹੈ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।
ਇਸ ਤੋਂ ਵੀ ਵੱਧ ਖਤਰਨਾਕ ਸਥਿਤੀ ਉਦੋਂ ਬਣਦੀ ਹੈ ਜਦੋਂ ਰਾਤ ਦੇ ਹਨੇਰੇ ਵਿੱਚ ਪਰਾਲੀ ਨਾਲ ਲੱਦੇ ਇਹ ਟਰੈਕਟਰ-ਟਰਾਲੇ ਖੇਤਾਂ ਦੇ ਕੱਚੇ ਰਾਹਾਂ ਤੋਂ ਅਚਾਨਕ ਮੁੱਖ ਸੜਕ ਉੱਤੇ ਚੜ੍ਹਦੇ ਹਨ। ਉਸ ਵੇਲੇ ਨਾ ਤਾਂ ਸੜਕ ’ਤੇ ਖੜ੍ਹ ਕੇ ਕੋਈ ਵਿਅਕਤੀ ਟਾਰਚ ਦੀ ਰੌਸ਼ਨੀ ਨਾਲ ਆਉਂਦੇ-ਜਾਂਦੇ ਵਾਹਨਾਂ ਨੂੰ ਇਸ਼ਾਰਾ ਕਰਦਾ ਹੈ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਸਿਗਨਲ ਦਿੱਤਾ ਜਾਂਦਾ ਹੈ। ਟਰੈਕਟਰ ਚਾਲਕ ਸਿੱਧਾ ਹੀ ਭਾਰੀ ਟਰਾਲੇ ਨੂੰ ਸੜਕ ਵਿਚਕਾਰ ਮੋੜ ਦਿੰਦੇ ਹਨ। ਸੜਕ ਉੱਤੇ ਆਪਣੀ ਰਫਤਾਰ ਨਾਲ ਆ ਰਹੇ ਰਾਹਗੀਰਾਂ ਨੂੰ ਅਚਾਨਕ ਸਾਹਮਣੇ ਆਈ ਇਸ ਰੁਕਾਵਟ ਦਾ ਅੰਦਾਜ਼ਾ ਹੀ ਨਹੀਂ ਹੁੰਦਾ। ਕਈ ਵਾਰ ਤਾਂ ਪਿੰਡਾਂ ਦੀਆਂ ਲਿੰਕ ਸੜਕਾਂ ’ਤੇ ਬਿਜਲੀ ਦੀਆਂ ਨੀਵੀਂਆਂ ਤਾਰਾਂ ਵੀ ਇਨ੍ਹਾਂ ਉੱਚੇ ਟਰਾਲਿਆਂ ਦੀ ਲਪੇਟ ਵਿੱਚ ਆ ਕੇ ਟੁੱਟ ਜਾਂਦੀਆਂ ਹਨ, ਜੋ ਹਨੇਰੇ ਵਿੱਚ ਹੋਰ ਵੀ ਵੱਡੇ ਹਾਦਸੇ ਨੂੰ ਸੱਦਾ ਦਿੰਦੀਆਂ ਹਨ।
ਇਨ੍ਹਾਂ ਟਰਾਲਿਆਂ ਦੇ ਨਾਲ-ਨਾਲ ਸੜਕਾਂ ਉੱਤੇ ਬੇਰੋਕ-ਟੋਕ ਘੁੰਮਦੇ ਬੇਸਹਾਰਾ ਪਸ਼ੂ ਰਾਹਗੀਰਾਂ ਲਈ ਦੂਜਾ ਵੱਡਾ ਕਾਲ ਬਣੇ ਹੋਏ ਹਨ। ਪਿੰਡਾਂ ਦੀਆਂ ਸੜਕਾਂ ਹੋਣ ਜਾਂ ਕੌਮੀ ਸ਼ਾਹਰਾਹ, ਪਸ਼ੂਆਂ ਦੇ ਵੱਡੇ-ਵੱਡੇ ਝੁੰਡ ਸੜਕਾਂ ਦੇ ਐਨ ਵਿਚਕਾਰ ਬੈਠੇ ਜਾਂ ਤੁਰਦੇ ਮਿਲ ਜਾਂਦੇ ਹਨ। ਕਾਲੇ ਅਤੇ ਭੂਰੇ ਰੰਗ ਦੇ ਇਹ ਪਸ਼ੂ ਰਾਤ ਦੇ ਹਨੇਰੇ ਅਤੇ ਧੁੰਦ ਵਿੱਚ ਬਿਲਕੁਲ ਦਿਖਾਈ ਨਹੀਂ ਦਿੰਦੇ। ਸਾਹਮਣੇ ਤੋਂ ਆਉਂਦੀਆਂ ਗੱਡੀਆਂ ਦੀਆਂ ਤੇਜ਼ ਲਾਈਟਾਂ ਅੱਖਾਂ ਵਿੱਚ ਪੈਣ ਕਾਰਨ ਸੜਕ ਵਿਚਕਾਰ ਖੜ੍ਹਾ ਪਸ਼ੂ ਉਦੋਂ ਹੀ ਦਿਸਦਾ ਹੈ ਜਦੋਂ ਗੱਡੀ ਉਸਦੇ ਬਿਲਕੁਲ ਕੋਲ ਪਹੁੰਚ ਜਾਂਦੀ ਹੈ। ਅਚਾਨਕ ਬਰੇਕ ਲਾਉਣ ਜਾਂ ਗੱਡੀ ਮੋੜਨ ਦੇ ਚੱਕਰ ਵਿੱਚ ਵਾਹਨ ਬੇਕਾਬੂ ਹੋ ਕੇ ਪਲਟ ਜਾਂਦੇ ਹਨ ਜਾਂ ਪਿੱਛੇ ਆਉਂਦੀਆਂ ਗੱਡੀਆਂ ਆਪਸ ਵਿੱਚ ਟਕਰਾ ਜਾਂਦੀਆਂ ਹਨ।
ਸਿਸਟਮ ਦੀ ਦੋਹਰੀ ਨੀਤੀ ਉਦੋਂ ਸਾਫ ਝਲਕਦੀ ਹੈ ਜਦੋਂ ਨਾਕਿਆਂ ’ਤੇ ਖੜ੍ਹੀ ਪੁਲਿਸ ਆਮ ਦੋ-ਪਹੀਆ ਵਾਹਨ ਜਾਂ ਕਾਰ ਚਾਲਕ ਦੇ ਕਾਗਜ਼ਾਂ ਵਿੱਚ ਮਾਮੂਲੀ ਕਮੀ ਨਿਕਲਣ ’ਤੇ ਤੁਰੰਤ ਭਾਰੀ ਚਲਾਨ ਕੱਟ ਦਿੰਦੀ ਹੈ, ਪਰ ਸੜਕਾਂ ’ਤੇ ਮੌਤ ਵੰਡਦੇ ਇਨ੍ਹਾਂ ਓਵਰਲੋਡ ਅਤੇ ਬਿਨਾਂ ਲਾਈਟਾਂ ਵਾਲੇ ਟਰਾਲਿਆਂ ਨੂੰ ਰੋਕਣ ਦੀ ਹਿੰਮਤ ਕੋਈ ਨਹੀਂ ਕਰਦਾ। ਦੂਜੇ ਪਾਸੇ, ਗਊ ਸੈੱਸ ਦੇ ਨਾਂ ’ਤੇ ਆਮ ਲੋਕਾਂ ਦੀ ਜੇਬ ਵਿੱਚੋਂ ਹਰ ਰੋਜ਼ ਕਰੋੜਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਬੇਸਹਾਰਾ ਪਸ਼ੂ ਅੱਜ ਵੀ ਸੜਕਾਂ ’ਤੇ ਰੁਲ ਰਹੇ ਹਨ। ਨਾ ਤਾਂ ਇਨ੍ਹਾਂ ਨੂੰ ਗਊਸ਼ਾਲਾਵਾਂ ਤਕ ਪਹੁੰਚਾਉਣ ਦਾ ਕੋਈ ਪੁਖਤਾ ਪ੍ਰਬੰਧ ਹੈ ਤੇ ਨਾ ਹੀ ਸਮਾਜ ਸੇਵੀ ਸੰਸਥਾਵਾਂ ਜਾਂ ਪੰਚਾਇਤਾਂ ਦੇ ਸਹਿਯੋਗ ਨਾਲ ਇਨ੍ਹਾਂ ਦੇ ਗਲਾਂ ਵਿੱਚ ਚਮਕਦਾਰ ਰਿਫਲੈਕਟਰ ਪੱਟੀਆਂ ਪਾਉਣ ਦੀ ਕੋਈ ਮੁਹਿੰਮ ਚਲਾਈ ਜਾਂਦੀ ਹੈ।
ਸਾਡੇ ਸਮਾਜ ਦੀ ਇਹ ਤ੍ਰਾਸਦੀ ਬਣ ਗਈ ਹੈ ਕਿ ਅਸੀਂ ਕਿਸੇ ਵੀ ਖਤਰੇ ਨੂੰ ਉਦੋਂ ਤਕ ਗੰਭੀਰਤਾ ਨਾਲ ਨਹੀਂ ਲੈਂਦੇ, ਜਦੋਂ ਤਕ ਸਾਡਾ ਆਪਣਾ ਕੋਈ ਨੁਕਸਾਨ ਨਾ ਹੋ ਜਾਵੇ। ਜਦੋਂ ਇਨ੍ਹਾਂ ਲਾਪਰਵਾਹੀਆਂ ਕਾਰਨ ਕੋਈ ਭਿਆਨਕ ਹਾਦਸਾ ਵਾਪਰਦਾ ਹੈ, ਕਿਸੇ ਘਰ ਦਾ ਕਮਾਊ ਜੀਅ ਤੁਰ ਜਾਂਦਾ ਹੈ ਜਾਂ ਕੋਈ ਨੌਜਵਾਨ ਸਦਾ ਲਈ ਅਪਾਹਜ ਹੋ ਜਾਂਦਾ ਹੈ, ਤਾਂ ਚਾਰ ਦਿਨ ਹਾਹਾਕਾਰ ਮਚਦੀ ਹੈ। ਲੋਕ ਸਿਸਟਮ ਨੂੰ ਕੋਸਦੇ ਹਨ, ਅਧਿਕਾਰੀ ਜਾਂਚ ਦੇ ਹੁਕਮ ਦੇ ਕੇ ਪੱਲਾ ਝਾੜ ਲੈਂਦੇ ਹਨ; ਅਥਿਤੀ ਓਹੀ ਦੀ ਓਹੀ ਰਹਿੰਦੀ ਹੈ।
ਸੜਕਾਂ ’ਤੇ ਸਫਰ ਕਰਨ ਵਾਲੇ ਹਰ ਇਨਸਾਨ ਦੀ ਜ਼ਿੰਦਗੀ ਕੀਮਤੀ ਹੈ। ਪਰਾਲੀ ਖਰੀਦਣ ਵਾਲੀਆਂ ਫੈਕਟਰੀਆਂ ਅਤੇ ਡੰਪ ਮਾਲਕਾਂ ਨੂੰ ਵੀ ਸਖਤ ਹਦਾਇਤ ਹੋਣੀ ਚਾਹੀਦੀ ਹੈ ਕਿ ਉਹ ਕਿਸੇ ਵੀ ਅਜਿਹੇ ਟਰਾਲੇ ਦਾ ਮਾਲ ਨਾ ਉਤਾਰਨ ਜਿਸ ਉੱਤੇ ਰਿਫਲੈਕਟਰ, ਬੈਕ-ਲਾਈਟਾਂ ਅਤੇ ਤੈਅ ਹੱਦ ਦੀ ਪਾਲਣਾ ਨਾ ਕੀਤੀ ਗਈ ਹੋਵੇ। ਟਰਾਲਾ ਚਾਲਕਾਂ ਨੂੰ ਖੁਦ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਖੇਤ ਵਿੱਚੋਂ ਸੜਕ ’ਤੇ ਚੜ੍ਹਨ ਵੇਲੇ ਟਾਰਚ ਜਾਂ ਸਿਗਨਲ ਦਾ ਪ੍ਰਬੰਧ ਰੱਖਣਾ ਚਾਹੀਦਾ ਹੈ। ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਕਿਸੇ ਵੱਡੀ ਅਣਹੋਣੀ ਦੀ ਉਡੀਕ ਕਰਨ ਦੀ ਬਜਾਏ ਹੁਣੇ ਤੋਂ ਸਖਤੀ ਵਰਤੇ ਅਤੇ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਠੋਸ ਕਦਮ ਚੁੱਕੇ। ਸਾਡੀ ਥੋੜ੍ਹੀ ਜਿਹੀ ਜਾਗਰੂਕਤਾ ਅਤੇ ਪ੍ਰਸ਼ਾਸਨ ਦੀ ਥੋੜ੍ਹੀ ਜਿਹੀ ਸਖਤੀ ਕਈ ਘਰਾਂ ਦੇ ਚਿਰਾਗ ਬੁੱਝਣ ਤੋਂ ਬਚਾ ਸਕਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)



























































































































