“ਅਸੀਂ ਅੰਧ-ਵਿਸ਼ਵਾਸਾਂ ਦੇ ਜਾਲ਼ ਵਿੱਚ ਫਸਣ ਦੀ ਬਜਾਏ ਹਰ ਗੱਲ ਦੇ ਤਰਕ ਅਤੇ ...”
(13 ਨਵੰਬਰ 2026)
ਘਰਾਂ ਵਿੱਚ ਬਚਪਨ ਤੋਂ ਹੀ ਕਈ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਅਸੀਂ ਵੱਡੇ ਹੁੰਦੇ-ਹੁੰਦੇ ਆਪਣੀ ਆਦਤ ਦਾ ਹਿੱਸਾ ਬਣਾ ਲੈਂਦੇ ਹਾਂ। ਕਦੇ ਕਿਹਾ ਜਾਂਦਾ ਹੈ ਕਿ ਮੰਜਾ ਪੁੱਠਾ ਨਾ ਕਰੋ, ਕਦੇ ਰਾਤ ਨੂੰ ਨਹੁੰ ਨਾ ਕੱਟਣ ਦੀ ਹਦਾਇਤ ਮਿਲਦੀ ਹੈ ਅਤੇ ਕਦੇ ਬਿੱਲੀ ਦੇ ਰਾਹ ਕੱਟ ਜਾਣ ’ਤੇ ਕੁਝ ਸਮਾਂ ਰੁਕਣ ਲਈ ਆਖਿਆ ਜਾਂਦਾ ਹੈ। ਜਦੋਂ ਇਨ੍ਹਾਂ ਗੱਲਾਂ ਦਾ ਕਾਰਨ ਪੁੱਛਿਆ ਜਾਵੇ ਤਾਂ ਅਕਸਰ ਜਵਾਬ ਮਿਲਦਾ ਹੈ, “ਬੱਸ, ਇੰਝ ਨਹੀਂ ਕਰਨਾ ਚਾਹੀਦਾ ਜਾਂ ਕੁਝ ਮਾੜਾ ਹੋ ਸਕਦਾ ਹੈ।”
ਹੌਲੀ-ਹੌਲੀ ਇਹ ਗੱਲਾਂ ਸਾਡੀ ਸੋਚ ਦਾ ਹਿੱਸਾ ਬਣ ਜਾਂਦੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਅਸੀਂ ਇਨ੍ਹਾਂ ਗੱਲਾਂ ਬਾਰੇ ਕਿਸੇ ਸਿਆਣੇ ਬਜ਼ੁਰਗ ਨਾਲ ਚਰਚਾ ਕਰਦੇ ਹਾਂ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦੇ ਤਜਰਬੇ ਵਿੱਚੋਂ ਬਹੁਤ ਕੁਝ ਸਿੱਖਿਆ ਹੁੰਦਾ ਹੈ, ਤਾਂ ਇਨ੍ਹਾਂ ਪਿੱਛੇ ਲੁਕੇ ਕਾਰਨ ਕਈ ਵਾਰ ਬਿਲਕੁਲ ਵੱਖਰੇ ਨਿਕਲਦੇ ਹਨ। ਸਾਡੇ ਪੁਰਾਣੇ ਸਮਿਆਂ ਦੀਆਂ ਇਨ੍ਹਾਂ ਗੱਲਾਂ ਪਿੱਛੇ ਕੋਈ ਨਾ ਕੋਈ ਠੋਸ ਤਰਕ, ਵਜਾਹ ਜਾਂ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦਾ ਮਕਸਦ ਹੁੰਦਾ ਸੀ। ਪਰ ਅਸੀਂ ਅਸਲ ਵਜਾਹ ਨੂੰ ਤਾਂ ਇੱਕ ਪਾਸੇ ਰੱਖ ਦਿੱਤਾ ਅਤੇ ਕੇਵਲ ਵਹਿਮ ਨੂੰ ਆਪਣੇ ਸਿਰ ’ਤੇ ਚੁੱਕ ਲਿਆ।
ਪੁਰਾਣੇ ਪੰਜਾਬ ਦਾ ਰਹਿਣ-ਸਹਿਣ ਅੱਜ ਨਾਲੋਂ ਕਾਫੀ ਵੱਖਰਾ ਸੀ। ਕੱਚੇ ਘਰ, ਮਿੱਟੀ ਦੇ ਵਿਹੜੇ, ਦੀਵਿਆਂ ਦਾ ਚਾਨਣ, ਦੂਰੋਂ ਪਾਣੀ ਭਰ ਕੇ ਲਿਆਉਣਾ ਅਤੇ ਖੇਤੀਬਾੜੀ ਲਈ ਪਸ਼ੂਆਂ ਉੱਤੇ ਨਿਰਭਰਤਾ ਆਮ ਗੱਲ ਸੀ। ਅੱਜ ਜਿਹੜੀਆਂ ਸਹੂਲਤਾਂ ਸਾਡੇ ਲਈ ਰੁਜ਼ਾਨਾ ਜੀਵਨ ਦਾ ਹਿੱਸਾ ਹਨ, ਉਹ ਉਸ ਸਮੇਂ ਹਰ ਕਿਸੇ ਕੋਲ ਨਹੀਂ ਸਨ। ਇਸ ਲਈ ਉਸ ਦੌਰ ਵਿੱਚ ਲੋਕ ਆਪਣੇ ਤਜਰਬੇ ਦੇ ਅਧਾਰ ’ਤੇ ਕੁਝ ਨਿਯਮ ਬਣਾਉਂਦੇ ਸਨ, ਤਾਂ ਜੋ ਰੁਜ਼ਾਨਾ ਦੇ ਕੰਮਾਂ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਿਆ ਜਾ ਸਕੇ।
ਅਕਸਰ ਘਰਾਂ ਵਿੱਚ ਮੰਜਾ ਪੁੱਠਾ ਕਰਨ ਤੋਂ ਰੋਕਿਆ ਜਾਂਦਾ ਹੈ ਅਤੇ ਇਸ ਨੂੰ ਬਦਸ਼ਗਨੀ ਮੰਨ ਲਿਆ ਜਾਂਦਾ ਹੈ। ਅਸਲ ਵਿੱਚ ਪੁਰਾਣੇ ਸਮਿਆਂ ਵਿੱਚ ਘਰ ਕੱਚੇ ਹੁੰਦੇ ਸਨ, ਜਿਸ ਕਾਰਨ ਵਿਹੜਿਆਂ ਵਿੱਚ ਸੱਪ, ਸਲੂਤੀ, ਬਿੱਛੂ ਅਤੇ ਹੋਰ ਕਈ ਤਰ੍ਹਾਂ ਦੇ ਜੀਵ-ਜੰਤੂ ਆਮ ਦੇਖਣ ਨੂੰ ਮਿਲਦੇ ਸਨ। ਉਸ ਵੇਲੇ ਮੰਜੇ ਲੀਰਾਂ ਦੀਆਂ ਰੱਸੀਆਂ ਜਾਂ ਹੋਰ ਰੇਸ਼ਿਆਂ ਨਾਲ ਬੁਣੇ ਜਾਂਦੇ ਸਨ। ਜਦੋਂ ਮੰਜਾ ਪੁੱਠਾ ਖੜ੍ਹਾ ਕੀਤਾ ਜਾਂਦਾ ਤਾਂ ਉਸਦੀਆਂ ਤੰਦਾਂ ਅਤੇ ਬਣਤਰ ਕਾਰਨ ਛੋਟੇ ਜੀਵਾਂ ਲਈ ਉੱਪਰ ਚੜ੍ਹਨਾ ਅਤੇ ਉੱਥੇ ਲੁਕ ਕੇ ਬੈਠਣਾ ਸੌਖਾ ਹੋ ਸਕਦਾ ਸੀ। ਮੰਜੇ ਦੇ ਰੰਗ ਨਾਲ ਰਲਮਿਲ ਜਾਣ ਕਾਰਨ ਉਹ ਅਸਾਨੀ ਨਾਲ ਦਿਖਾਈ ਵੀ ਨਹੀਂ ਦਿੰਦੇ ਸਨ। ਅਜਿਹੇ ਵਿੱਚ ਜਦੋਂ ਘਰ ਦੇ ਬੱਚੇ ਜਾਂ ਹੋਰ ਪਰਿਵਾਰਕ ਮੈਂਬਰ ਮੰਜਾ ਡਾਹੁੰਦੇ ਤਾਂ ਉਨ੍ਹਾਂ ਨੂੰ ਕਿਸੇ ਜੀਵ ਦੇ ਡੰਗ ਮਾਰਨ ਦਾ ਖਤਰਾ ਰਹਿੰਦਾ ਸੀ। ਮੰਜੇ ਨੂੰ ਸਿੱਧਾ ਖੜ੍ਹਾ ਕਰਨ ਨਾਲ ਉਸਦੀ ਦੌਣ ਵਾਲਾ ਪਾਸਾ ਹੇਠਾਂ ਰਹਿੰਦਾ ਅਤੇ ਬੁਣਿਆ ਹੋਇਆ ਹਿੱਸਾ ਉੱਪਰ ਵੱਲ ਹੋ ਜਾਂਦਾ ਸੀ। ਦੌਣ ਵਿਰਲੀ ਹੋਣ ਕਾਰਨ ਜੀਵਾਂ ਲਈ ਉੱਪਰ ਚੜ੍ਹਨਾ ਔਖਾ ਹੁੰਦਾ ਸੀ ਅਤੇ ਜੇਕਰ ਕੋਈ ਜੀਵ ਉੱਥੇ ਮੌਜੂਦ ਹੁੰਦਾ ਤਾਂ ਉਸ ਨੂੰ ਦੇਖਣਾ ਵੀ ਸੌਖਾ ਰਹਿੰਦਾ ਸੀ। ਇਸ ਤਰ੍ਹਾਂ ਮੰਜੇ ਨੂੰ ਪੁੱਠਾ ਖੜ੍ਹਾ ਨਾ ਕਰਨ ਪਿੱਛੇ ਘਰ ਦੇ ਮੈਂਬਰਾਂ, ਖਾਸ ਕਰਕੇ ਬੱਚਿਆਂ ਦੀ ਸੁਰੱਖਿਆ ਦਾ ਇੱਕ ਕਾਰਨ ਸੀ। ਪਰ ਸਮੇਂ ਦੇ ਨਾਲ ਇਸ ਸਾਵਧਾਨੀ ਦਾ ਅਸਲ ਮਕਸਦ ਪਿੱਛੇ ਰਹਿ ਗਿਆ ਅਤੇ ਅੱਜ ਕਈ ਥਾਂਵਾਂ ’ਤੇ ਇਸ ਨੂੰ ਵਹਿਮ-ਭਰਮ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
ਇਸੇ ਤਰ੍ਹਾਂ ਅੱਜ-ਕੱਲ੍ਹ ਮੰਗਲਵਾਰ, ਵੀਰਵਾਰ ਅਤੇ ਸਨਿੱਚਰਵਾਰ ਨੂੰ ਸਿਰ ਧੋਣਾ ਜਾਂ ਕੱਪੜੇ ਧੋਣਾ ਮਾੜਾ ਮੰਨਿਆ ਜਾਂਦਾ ਹੈ। ਪਰ ਪੁਰਾਣੇ ਸਮਿਆਂ ਵਿੱਚ ਔਰਤਾਂ ਨੂੰ ਦੂਰ-ਦੂਰ ਤੋਂ ਪਾਣੀ ਭਰ ਕੇ ਲਿਆਉਣਾ ਪੈਂਦਾ ਸੀ। ਘਰ ਦੇ ਬਾਕੀ ਸਾਰੇ ਕੰਮਕਾਜ ਅਤੇ ਪਰਿਵਾਰ ਦੀ ਦੇਖਭਾਲ ਦੇ ਨਾਲ ਰੁਜ਼ਾਨਾ ਭਾਰੀ ਮਾਤਰਾ ਵਿੱਚ ਪਾਣੀ ਢੋਣਾ ਅਤੇ ਕੱਪੜੇ ਧੋਣਾ ਬਹੁਤ ਮੁਸ਼ਕਿਲ ਹੁੰਦਾ ਸੀ। ਉਨ੍ਹਾਂ ਦੀ ਜ਼ਿੰਦਗੀ ਨੂੰ ਸੁਖਾਲਾ ਕਰਨ ਅਤੇ ਥਕਾਵਟ ਤੋਂ ਰਾਹਤ ਦੇਣ ਲਈ ਵਿਚਕਾਰ ਇੱਕ ਦਿਨ ਦਾ ਵਕਫਾ ਰੱਖਿਆ ਜਾਂਦਾ ਸੀ। ਜਿਵੇਂ ਸੋਮਵਾਰ ਨੂੰ ਧੋ ਲਏ ਤਾਂ ਮੰਗਲਵਾਰ ਨੂੰ ਨਾ ਧੋਵੋ ਅਤੇ ਬੁੱਧਵਾਰ ਨੂੰ ਧੋ ਲਏ ਤਾਂ ਵੀਰਵਾਰ ਨੂੰ ਨਾ ਧੋਵੋ। ਇਹ ਨਿਯਮ ਔਰਤਾਂ ਨੂੰ ਅਰਾਮ ਦੇਣ ਦੇ ਮਕਸਦ ਨਾਲ ਬਣਾਇਆ ਗਿਆ ਸੀ, ਜਿਸ ਨੂੰ ਅਸੀਂ ਅੱਜ ਦਿਨਾਂ ਦੇ ਵਹਿਮ ਵਿੱਚ ਬਦਲ ਦਿੱਤਾ ਹੈ।
ਸਾਉਣ ਦੇ ਮਹੀਨੇ ਵਿੱਚ ਮੰਜਾ ਬੁਣਨ ਤੋਂ ਪਰਹੇਜ਼ ਕਰਨ ਪਿੱਛੇ ਵੀ ਮੌਸਮ ਨਾਲ ਜੁੜਿਆ ਇੱਕ ਕਾਰਨ ਸੀ। ਸਾਉਣ ਦੇ ਮਹੀਨੇ ਹਵਾ ਵਿੱਚ ਨਮੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਮੌਸਮ ਵਿੱਚ ਬੁਣਿਆ ਹੋਇਆ ਮੰਜਾ ਜਦੋਂ ਅਗਲੇ ਖੁਸ਼ਕ ਮਹੀਨਿਆਂ ਵਿੱਚ ਸੁੱਕਦਾ ਹੈ ਤਾਂ ਉਹ ਸੁੰਗੜ ਜਾਂਦਾ ਹੈ ਅਤੇ ਮੰਜਾ ਢਿੱਲਾ ਪੈ ਜਾਂਦਾ ਹੈ। ਇਸ ਨਾਲ ਮੰਜੇ ਨੂੰ ਵਾਰ-ਵਾਰ ਕੱਸਣਾ ਪੈਂਦਾ ਸੀ। ਇਸੇ ਖੱਜਲ-ਖੁਆਰੀ ਤੋਂ ਬਚਣ ਲਈ ਸਾਉਣ ਵਿੱਚ ਮੰਜਾ ਬੁਣਨ ਤੋਂ ਰੋਕਿਆ ਜਾਂਦਾ ਸੀ।
ਜਦੋਂ ਬਿੱਲੀ ਰਸਤਾ ਕੱਟ ਜਾਵੇ ਤਾਂ ਅਸੀਂ ਅਕਸਰ ਆਪਣਾ ਕੰਮ ਰੋਕ ਦਿੰਦੇ ਹਾਂ। ਪੁਰਾਣੇ ਸਮਿਆਂ ਵਿੱਚ ਸਾਡੇ ਆਉਣ-ਜਾਣ ਅਤੇ ਖੇਤੀਬਾੜੀ ਦੇ ਮੁੱਖ ਸਾਧਨ ਬਲਦ, ਊਠ ਜਾਂ ਘੋੜੇ ਹੁੰਦੇ ਸਨ। ਬਿੱਲੀ ਬਹੁਤ ਤੇਜ਼ ਦੌੜਨ ਵਾਲਾ ਜਾਨਵਰ ਹੈ। ਰਾਤ ਦੇ ਸਮੇਂ ਜਦੋਂ ਬਿੱਲੀ ਅੱਗੋਂ ਲੰਘਦੀ ਸੀ ਤਾਂ ਉਸਦੀਆਂ ਚਮਕਦੀਆਂ ਅੱਖਾਂ ਦੇਖ ਕੇ ਅੱਗੇ ਜੋਤੇ ਹੋਏ ਪਸ਼ੂ ਡਰ ਜਾਂਦੇ ਸਨ ਅਤੇ ਬੇਕਾਬੂ ਹੋ ਕੇ ਭੱਜ ਪੈਂਦੇ ਸਨ, ਜਿਸ ਨਾਲ ਵੱਡਾ ਹਾਦਸਾ ਹੋਣ ਦਾ ਖਤਰਾ ਰਹਿੰਦਾ ਸੀ। ਅਸਲ ਵਿੱਚ ਇਹ ਪਸ਼ੂਆਂ ਦੇ ਡਰਨ ਅਤੇ ਕਿਸੇ ਸੰਭਾਵੀ ਨੁਕਸਾਨ ਤੋਂ ਬਚਣ ਦੀ ਚਿਤਾਵਣੀ ਸੀ, ਜਿਸ ਨੂੰ ਅਸੀਂ ਬਿੱਲੀ ਨਾਲ ਜੁੜੇ ਵਹਿਮ ਵਿੱਚ ਬਦਲ ਲਿਆ।
ਰਾਤ ਨੂੰ ਵਾਲ ਅਤੇ ਨਹੁੰ ਨਾ ਕੱਟਣ ਬਾਰੇ ਵੀ ਇਹੋ ਤਰਕ ਲਾਗੂ ਹੁੰਦਾ ਹੈ। ਪੁਰਾਣੇ ਸਮਿਆਂ ਵਿੱਚ ਜਦੋਂ ਘਰਾਂ ਵਿੱਚ ਬਿਜਲੀ ਦੀ ਸਹੂਲਤ ਨਹੀਂ ਸੀ ਅਤੇ ਕੇਵਲ ਦੀਵੇ ਦੀ ਮੱਧਮ ਲੋਅ ਹੀ ਚਾਨਣ ਦਾ ਇੱਕੋ-ਇੱਕ ਜ਼ਰੀਆ ਹੁੰਦੀ ਸੀ, ਉਸ ਵੇਲੇ ਬਲੇਡ ਜਾਂ ਕੈਂਚੀ ਨਾਲ ਨਹੁੰ ਕੱਟਣ ਸਮੇਂ ਉਂਗਲਾਂ ’ਤੇ ਜ਼ਖਮ ਹੋ ਜਾਣ ਦਾ ਖਤਰਾ ਰਹਿੰਦਾ ਸੀ। ਇਸ ਤੋਂ ਇਲਾਵਾ, ਰਾਤ ਵੇਲੇ ਵਾਲ ਵਾਹੁਣ ਜਾਂ ਕੱਟਣ ਨਾਲ ਉਹ ਸਰੀਰ ਅਤੇ ਕੱਪੜਿਆਂ ’ਤੇ ਚਿਪਕ ਜਾਂਦੇ ਸਨ। ਰਾਤ ਦੀ ਰੋਟੀ ਖਾਂਦੇ ਸਮੇਂ ਇਹ ਵਾਲ ਜਾਂ ਨਹੁੰ ਖਾਣੇ ਵਿੱਚ ਡਿਗ ਕੇ ਪੇਟ ਵਿੱਚ ਜਾਣ ਦਾ ਖਦਸ਼ਾ ਬਣਿਆ ਰਹਿੰਦਾ ਸੀ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦਾ ਸੀ। ਇਸ ਲਈ ਇਹ ਨਿਯਮ ਸਰੀਰਕ ਬਚਾ, ਸਫਾਈ ਅਤੇ ਸੁਰੱਖਿਆ ਦੇ ਪੱਖੋਂ ਬਣਾਇਆ ਗਿਆ ਸੀ ਤਾਂ ਜੋ ਇਹ ਕੰਮ ਦਿਨ ਦੇ ਚਾਨਣ ਵਿੱਚ ਕੀਤੇ ਜਾ ਸਕਣ। ਪਰ ਅਫਸੋਸ ਕਿ ਅੱਜ ਅਸੀਂ ਇਸ ਸੂਝਬੂਝ ਭਰੀ ਸਲਾਹ ਨੂੰ ਵੀ ਅਸ਼ੁੱਭ ਹੋਣ ਦੇ ਵਹਿਮ ਨਾਲ ਜੋੜ ਲਿਆ ਹੈ।
ਚਾਬੀਆਂ ਘੁਮਾਉਣ ਨਾਲ ਘਰ ਵਿੱਚ ਕਲੇਸ਼ ਪੈਣ ਦੀ ਗੱਲ ਵੀ ਇਸੇ ਤਰ੍ਹਾਂ ਬਣੀ। ਪੁਰਾਣੇ ਸਮਿਆਂ ਵਿੱਚ ਚਾਬੀਆਂ ਪਾਉਣ ਲਈ ਅੱਜ ਵਰਗੇ ਲੋਹੇ ਦੇ ਛੱਲੇ ਨਹੀਂ ਹੁੰਦੇ ਸਨ। ਚਾਬੀਆਂ ਨੂੰ ਕੱਚੇ ਧਾਗਿਆਂ, ਸੇਬਿਆਂ ਜਾਂ ਰੱਸੀਆਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਸੀ। ਬਿਨਾਂ ਵਜਾਹ ਚਾਬੀਆਂ ਘੁਮਾਉਣ ਨਾਲ ਉਹ ਧਾਗਾ ਘਸ ਜਾਂਦਾ ਸੀ ਜਾਂ ਟੁੱਟ ਜਾਂਦਾ ਸੀ, ਜਿਸ ਨਾਲ ਚਾਬੀਆਂ ਗੁਆਚਣ ਦਾ ਡਰ ਰਹਿੰਦਾ ਸੀ। ਉਦੋਂ ਜਿੰਦਰਿਆਂ-ਚਾਬੀਆਂ ਦੇ ਕਾਰੀਗਰ ਬਹੁਤ ਦੂਰ-ਦੁਰਾਡੇ ਮਿਲਦੇ ਸਨ ਅਤੇ ਨਵੀਂ ਚਾਬੀ ਬਣਵਾਉਣੀ ਬਹੁਤ ਔਖੀ ਸੀ। ਚਾਬੀ ਗੁਆਚਣ ’ਤੇ ਘਰ ਵਿੱਚ ਪਰੇਸ਼ਾਨੀ ਅਤੇ ਖਿੱਚੋਤਾਣ ਪੈਦਾ ਹੋ ਜਾਂਦੀ ਸੀ। ਇਸੇ ਨੁਕਸਾਨ ਤੋਂ ਬਚਣ ਲਈ ਚਾਬੀਆਂ ਨਾ ਘੁਮਾਉਣ ਦੀ ਹਦਾਇਤ ਦਿੱਤੀ ਜਾਂਦੀ ਸੀ।
ਇਸੇ ਤਰ੍ਹਾਂ ਰੋਟੀ ਖਾਣ ਤੋਂ ਬਾਅਦ ਹੱਥ ਝਾੜਨ ਤੋਂ ਵੀ ਰੋਕਿਆ ਜਾਂਦਾ ਹੈ। ਜਦੋਂ ਅਸੀਂ ਰੋਟੀ ਖਾਣ ਤੋਂ ਬਾਅਦ ਆਪਣੇ ਹੱਥ ਝਾੜਦੇ ਹਾਂ ਤਾਂ ਮਾਪੇ, ਦੋਸਤ-ਮਿੱਤਰ ਜਾਂ ਘਰ ਦੇ ਵੱਡੇ ਸਾਨੂੰ ਅਕਸਰ ਝਿੜਕ ਦਿੰਦੇ ਹਨ ਕਿ ਰੋਟੀ ਖਾਣ ਤੋਂ ਬਾਅਦ ਹੱਥ ਨਹੀਂ ਝਾੜੀਦੇ, ਮਾੜਾ ਹੁੰਦਾ ਹੈ। ਪਰ ਇਸ ਗੱਲ ਪਿੱਛੇ ਵੀ ਇੱਕ ਡੂੰਘੀ ਸੋਚ ਛੁਪੀ ਹੋਈ ਹੈ। ਸਾਡੇ ਪੁਰਾਣੇ ਬਜ਼ੁਰਗ ਅੰਨ ਦੀ ਕਦਰ ਕਰਨਾ ਸਿਖਾਉਂਦੇ ਸਨ, ਕਿਉਂਕਿ ਅੰਨ ਹੀ ਸਾਡੇ ਜੀਵਨ ਦਾ ਅਧਾਰ ਹੈ ਅਤੇ ਸਾਨੂੰ ਜਿਊਣ ਦੀ ਤਾਕਤ ਦਿੰਦਾ ਹੈ। ਅਸੀਂ ਜਦੋਂ ਪੰਛੀਆਂ ਜਾਂ ਹੋਰ ਜੀਵ-ਜੰਤੂਆਂ ਨੂੰ ਦਾਣਾ ਪਾਉਂਦੇ ਹਾਂ ਤਾਂ ਉਸ ਨੂੰ ਕਿਸੇ ਉੱਚੀ ਜਾਂ ਸਾਫ ਜਗ੍ਹਾ ’ਤੇ ਰੱਖਦੇ ਹਾਂ, ਤਾਂ ਜੋ ਉਹ ਪੈਰਾਂ ਹੇਠ ਨਾ ਆਵੇ ਅਤੇ ਉਸਦੀ ਬੇਅਦਬੀ ਨਾ ਹੋਵੇ। ਇਸੇ ਤਰ੍ਹਾਂ ਜਦੋਂ ਰੋਟੀ ਖਾਣ ਤੋਂ ਬਾਅਦ ਸਾਡੇ ਹੱਥਾਂ ਨਾਲ ਅੰਨ ਦੇ ਛੋਟੇ-ਛੋਟੇ ਕਣ ਲੱਗੇ ਹੁੰਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਹੱਥ ਝਾੜ ਕੇ ਹੇਠਾਂ ਸੁੱਟ ਦਿੰਦੇ ਹਾਂ ਤਾਂ ਉਹ ਪੈਰਾਂ ਹੇਠ ਆ ਜਾਂਦੇ ਹਨ। ਇਸੇ ਲਈ ਸਾਡੇ ਵੱਡੇ-ਵਡੇਰੇ ਸਾਨੂੰ ਹੱਥ ਨਾ ਝਾੜਨ ਦੀ ਸਲਾਹ ਦਿੰਦੇ ਸਨ, ਤਾਂ ਜੋ ਅੰਨ ਦਾ ਕੋਈ ਵੀ ਕਣ ਵਿਅਰਥ ਨਾ ਜਾਵੇ ਅਤੇ ਉਸਦੀ ਕਦਰ ਬਣੀ ਰਹੇ। ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਇਹ ਸਿਰਫ ਮਾੜੇ ਹੋਣ ਜਾਂ ਕਿਸੇ ਅਣਹੋਣੀ ਦਾ ਡਰ ਨਹੀਂ ਸੀ, ਸਗੋਂ ਅੰਨ ਪ੍ਰਤੀ ਸਤਿਕਾਰ ਅਤੇ ਉਸਦੀ ਮਹੱਤਤਾ ਨੂੰ ਸਮਝਾਉਣ ਦਾ ਇੱਕ ਤਰੀਕਾ ਸੀ।
ਘਰਾਂ ਵਿੱਚ ਸਦੀਆਂ ਤੋਂ ਚੱਲੀਆਂ ਆ ਰਹੀਆਂ ਇਹ ਰੀਤਾਂ ਅਤੇ ਸਾਵਧਾਨੀਆਂ ਅਸਲ ਵਿੱਚ ਸਾਡੇ ਵੱਡੇ-ਵਡੇਰਿਆਂ ਦੇ ਤਜਰਬੇ, ਦੂਰਅੰਦੇਸ਼ੀ ਅਤੇ ਜ਼ਿੰਦਗੀ ਨੂੰ ਸੌਖਾ ਬਣਾਉਣ ਦੇ ਨਿਯਮ ਸਨ ਪਰ ਸਮੇਂ ਦੇ ਵਹਾਅ ਵਿੱਚ ਅਸੀਂ ਅਸਲ ਹਕੀਕਤ ਨੂੰ ਪਿੱਛੇ ਛੱਡ ਕੇ ਇਨ੍ਹਾਂ ਨੂੰ ਕੇਵਲ ਡਰ ਅਤੇ ਵਹਿਮਾਂ-ਭਰਮਾਂ ਦਾ ਰੂਪ ਦੇ ਦਿੱਤਾ ਹੈ, ਜਿਸ ਕਾਰਨ ਅੱਜ ਸਾਡੀ ਹਾਲਤ ਇਹ ਹੋ ਗਈ ਹੈ ਕਿ ਅਸੀਂ ਹਰ ਛੋਟੀ-ਮੋਟੀ ਗੱਲ ਉੱਤੇ ਬੇਬੁਨਿਆਦ ਵਹਿਮ ਕਰਨ ਲੱਗ ਪੈਂਦੇ ਹਾਂ। ਜੇਕਰ ਕਿਸੇ ਵੀ ਰੋਕ-ਟੋਕ ਜਾਂ ਮਨਾਹੀ ਦੇ ਪਿੱਛੇ ਦਾ ਅਸਲ ਸੱਚ ਕਿਸੇ ਸਿਆਣੇ ਜਾਂ ਬਜ਼ੁਰਗ ਤੋਂ ਜਾਣ ਲਿਆ ਜਾਵੇ ਤਾਂ ਸਾਨੂੰ ਪਤਾ ਲਗਦਾ ਹੈ ਕਿ ਉਹ ਵਹਿਮ ਨਹੀਂ, ਸਗੋਂ ਉਸ ਸਮੇਂ ਦੀ ਸੁਰੱਖਿਆ, ਸਫਾਈ ਅਤੇ ਜ਼ਰੂਰਤ ਨਾਲ ਜੁੜੀ ਇੱਕ ਅਹਿਮ ਸਲਾਹ ਸੀ। ਸਾਨੂੰ ਚਾਹੀਦਾ ਹੈ ਕਿ ਅਸੀਂ ਅੰਧ-ਵਿਸ਼ਵਾਸਾਂ ਦੇ ਜਾਲ਼ ਵਿੱਚ ਫਸਣ ਦੀ ਬਜਾਏ ਹਰ ਗੱਲ ਦੇ ਤਰਕ ਅਤੇ ਅਸਲ ਅਰਥਾਂ ਨੂੰ ਸਮਝੀਏ, ਕਿਉਂਕਿ ਸਾਡੀ ਗੁਰਬਾਣੀ ਵੀ ਸਾਨੂੰ ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸਾਂ ਤੋਂ ਦੂਰ ਰਹਿ ਕੇ ਸੱਚ ਦੇ ਮਾਰਗ ਉੱਤੇ ਚੱਲਣ ਦੀ ਸਿੱਖਿਆ ਦਿੰਦੀ ਹੈ। ਗੁਰਬਾਣੀ ਮਨੁੱਖ ਨੂੰ ਡਰ ਅਤੇ ਭਰਮ ਵਿੱਚ ਜਿਊਣ ਦੀ ਬਜਾਏ ਪਰਮਾਤਮਾ ਦੇ ਭਾਣੇ ਨੂੰ ਸਮਝਣ, ਨਾਮ ਨਾਲ ਜੁੜਨ ਅਤੇ ਸੱਚੀ-ਸੁੱਚੀ ਜੀਵਨ-ਜਾਚ ਅਪਣਾਉਣ ਦਾ ਸੰਦੇਸ਼ ਦਿੰਦੀ ਹੈ। ਇਸ ਲਈ ਸਾਨੂੰ ਹਰ ਪੁਰਾਣੀ ਗੱਲ ਨੂੰ ਅੱਖਾਂ ਬੰਦ ਕਰਕੇ ਮੰਨਣ ਜਾਂ ਉਸ ਤੋਂ ਡਰਨ ਦੀ ਬਜਾਏ ਉਸ ਪਿੱਛੇ ਲੁਕੇ ਅਸਲ ਮਕਸਦ ਨੂੰ ਸਮਝਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)



























































































































