“ਸਸਤੇ ਖਾਣੇ ਅਤੇ ਚਟਪਟੇ ਸੁਆਦਾਂ ਦੇ ਚੱਕਰ ਵਿੱਚ ਅਸੀਂ ਆਪਣੀ ਅਤੇ ਆਪਣੇ ...”
(18 ਨਵੰਬਰ 2026)
ਸ਼ਾਮ ਢਲਦਿਆਂ ਹੀ ਸਾਡੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ਗਲੀਆਂ-ਬਜ਼ਾਰਾਂ ਵਿੱਚ ਖਾਣ-ਪੀਣ ਦੀਆਂ ਰੇਹੜੀਆਂ ’ਤੇ ਮੇਲੇ ਵਰਗਾ ਮਾਹੌਲ ਬਣ ਜਾਂਦਾ ਹੈ। ਕੜਾਹੀਆਂ ਵਿੱਚ ਤਲਦੇ ਪਕਵਾਨਾਂ ਦੀ ਅਵਾਜ਼ ਅਤੇ ਮਸਾਲਿਆਂ ਦੀ ਤੇਜ਼ ਖੁਸ਼ਬੂ ਹਰ ਲੰਘਣ ਵਾਲੇ ਦੇ ਕਦਮ ਰੋਕ ਲੈਂਦੀ ਹੈ। ਪਰ ਇਨ੍ਹਾਂ ਚਟਪਟੇ ਸੁਆਦਾਂ ਅਤੇ ਇਸ ਚਮਕ-ਦਮਕ ਦੇ ਪਰਦੇ ਪਿੱਛੇ ਜਿਹੜਾ ਕੌੜਾ ਸੱਚ ਲੁਕਿਆ ਹੋਇਆ ਹੈ, ਉਹ ਮਨੁੱਖੀ ਸਿਹਤ ਲਈ ਬੇਹੱਦ ਘਾਤਕ ਬਣ ਚੁੱਕਿਆ ਹੈ। ਸਾਫ-ਸਫਾਈ ਦੇ ਬੁਨਿਆਦੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਜੋ ਕੁਝ ਪਰੋਸਿਆ ਜਾ ਰਿਹਾ ਹੈ, ਉਹ ਸਿੱਧੇ ਤੌਰ ’ਤੇ ਬਿਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ। ਇਹ ਤ੍ਰਾਸਦੀ ਸਿਰਫ ਕਿਸੇ ਇੱਕ ਰੇਹੜੀ ਜਾਂ ਦੁਕਾਨ ਤਕ ਸੀਮਿਤ ਨਹੀਂ, ਸਗੋਂ ਸਾਡੀ ਉਸ ਸਮੂਹਿਕ ਅਣਗਹਿਲੀ ਦੀ ਤਸਵੀਰ ਹੈ, ਜਿਸ ਨੂੰ ਅਸੀਂ ਹਰ ਰੋਜ਼ ਆਪਣੀਆਂ ਅੱਖਾਂ ਨਾਲ ਦੇਖ ਕੇ ਵੀ ਅਣਡਿੱਠ ਕਰ ਦਿੰਦੇ ਹਾਂ।
ਬਜ਼ਾਰਾਂ ਅਤੇ ਸੜਕਾਂ ਕਿਨਾਰੇ ਲੱਗੀਆਂ ਇਨ੍ਹਾਂ ਰੇਹੜੀਆਂ ਦੇ ਨੇੜੇ ਜਾ ਕੇ ਜੇਕਰ ਥੋੜ੍ਹਾ ਜਿਹਾ ਧਿਆਨ ਨਾਲ ਦੇਖਿਆ ਜਾਵੇ ਤਾਂ ਦਿਲ ਕੰਬ ਉੱਠਦਾ ਹੈ। ਭੋਜਨ ਤਿਆਰ ਕਰਨ ਵਾਲਿਆਂ ਦੇ ਹੱਥਾਂ ਵਿੱਚ ਨਾ ਕੋਈ ਦਸਤਾਨੇ ਹੁੰਦੇ ਹਨ ਅਤੇ ਨਾ ਸਿਰ ਢਕਣ ਲਈ ਕੋਈ ਕੱਪੜਾ ਅਤੇ ਨਾ ਹੀ ਮੂੰਹ ’ਤੇ ਮਾਸਕ। ਪਸੀਨੇ ਨਾਲ ਭਿੱਜੇ ਹੱਥਾਂ ਨਾਲ ਆਟਾ ਗੁੰਨ੍ਹਿਆ ਜਾਂਦਾ ਹੈ ਅਤੇ ਉਹੀ ਹੱਥ ਸਿੱਧੇ ਗਾਹਕਾਂ ਦੀਆਂ ਪਲੇਟਾਂ ਵਿੱਚ ਖਾਣਾ ਪਰੋਸਣ ਲਈ ਵਰਤੇ ਜਾਂਦੇ ਹਨ। ਕਈ ਥਾਂਵਾਂ ’ਤੇ ਤਾਂ ਖਾਣ ਵਾਲੀਆਂ ਵਸਤਾਂ ਬਿਲਕੁਲ ਖੁੱਲ੍ਹੀਆਂ ਪਈਆਂ ਰਹਿੰਦੀਆਂ ਹਨ, ਜਿਨ੍ਹਾਂ ਉੱਤੇ ਮੱਖੀਆਂ ਅਤੇ ਮੱਛਰ ਭਿਣਕਦੇ ਰਹਿੰਦੇ ਹਨ। ਸੜਕ ਤੋਂ ਉਡਦੀ ਧੂੜ-ਮਿੱਟੀ ਅਤੇ ਵਾਹਨਾਂ ਦਾ ਜ਼ਹਿਰੀਲਾ ਧੂੰਆਂ ਇਨ੍ਹਾਂ ਖੁੱਲ੍ਹੇ ਭਾਂਡਿਆਂ ਵਿੱਚ ਰਲਦਾ ਰਹਿੰਦਾ ਹੈ, ਜਿਸ ਨੂੰ ਅਸੀਂ ਬੜੇ ਚਾਅ ਨਾਲ ਸੁਆਦ ਲੈ-ਲੈ ਕੇ ਖਾਂਦੇ ਹਾਂ।
ਪਾਣੀ ਅਤੇ ਕੱਚੇ ਮਾਲ ਦੀ ਵਰਤੋਂ ਦੇ ਮਾਮਲੇ ਵਿੱਚ ਤਾਂ ਹਾਲਾਤ ਹੋਰ ਵੀ ਭਿਆਨਕ ਰੂਪ ਧਾਰਨ ਕਰ ਚੁੱਕੇ ਹਨ। ਕਈ ਥਾਂਵਾਂ ’ਤੇ ਗੰਦੇ ਨਾਲਿਆਂ ਦੇ ਬਿਲਕੁਲ ਉੱਪਰ ਜਾਂ ਨਾਲ ਲੱਗੀਆਂ ਟੂਟੀਆਂ ਤੋਂ ਪਾਣੀ ਭਰ ਕੇ ਖਾਣਾ ਬਣਾਉਣ ਲਈ ਵਰਤਿਆ ਜਾਂਦਾ ਹੈ। ਸਬਜ਼ੀਆਂ ਨੂੰ ਤਾਜ਼ਾ ਅਤੇ ਚਮਕਦਾਰ ਦਿਖਾਉਣ ਲਈ ਉਨ੍ਹਾਂ ਉੱਤੇ ਅਜਿਹਾ ਹੀ ਦੂਸ਼ਿਤ ਪਾਣੀ ਛਿੜਕਿਆ ਜਾਂਦਾ ਹੈ। ਜਿਨ੍ਹਾਂ ਭਾਂਡਿਆਂ ਵਿੱਚ ਗਾਹਕਾਂ ਨੂੰ ਭੋਜਨ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਧੋਣ ਲਈ ਇੱਕੋ ਬਾਲਟੀ ਦੇ ਗੰਦੇ ਤੇ ਕਾਲੇ ਹੋ ਚੁੱਕੇ ਪਾਣੀ ਵਿੱਚ ਵਾਰ-ਵਾਰ ਡੁਬੋਇਆ ਜਾਂਦਾ ਹੈ। ਮੁਨਾਫੇ ਦੀ ਅੰਨ੍ਹੀ ਦੌੜ ਵਿੱਚ ਕਈ ਵਪਾਰੀ ਮਿਆਦ ਪੁੱਗ ਚੁੱਕੀਆਂ (ਐਕਸਪਾਇਰੀ ਡੇਟ) ਵਸਤਾਂ, ਸਸਤੇ ਅਤੇ ਘਟੀਆ ਤੇਲ ਅਤੇ ਗਲੀਆਂ-ਸੜੀਆਂ ਸਬਜ਼ੀਆਂ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਇੱਕੋ ਤੇਲ ਨੂੰ ਵਾਰ-ਵਾਰ ਸਾੜ ਕੇ ਵਰਤਣਾ ਤਾਂ ਆਮ ਗੱਲ ਹੋ ਗਈ ਹੈ, ਜੋ ਸਿੱਧਾ ਕੈਂਸਰ ਅਤੇ ਦਿਲ ਦੀਆਂ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦਾ ਹੈ।
ਸੋਸ਼ਲ ਮੀਡੀਆ ਅਤੇ ਫੂਡ ਵਲੌਗਰਾਂ ਦੀ ਭੂਮਿਕਾ ਨੇ ਇਸ ਗੰਭੀਰ ਮਸਲੇ ਨੂੰ ਇੱਕ ਅਜੀਬ ਮੋੜ ਦੇ ਦਿੱਤਾ ਹੈ। ਮੋਬਾਇਲ ਫੋਨ ਚੁੱਕ ਕੇ ਵੀਡੀਓ ਬਣਾਉਣ ਦੇ ਰੁਝਾਨ ਨੇ ਅੱਜ ਹਰ ਦੂਜੇ ਨੌਜਵਾਨ ਨੂੰ ਫੂਡ ਵਲੌਗਰ (Vlogger) ਬਣਾ ਦਿੱਤਾ ਹੈ। ਜਦੋਂ ਕਿਸੇ ਥਾਂ ’ਤੇ ਗੰਦਗੀ ਭਰੇ ਮਾਹੌਲ ਵਿੱਚ ਖਾਣਾ ਬਣਾਉਣ ਦੀ ਕੋਈ ਵੀਡੀਓ ਵਾਇਰਲ ਹੁੰਦੀ ਹੈ ਤਾਂ ਲੋਕ ਕੁਮੈਂਟਾਂ ਵਿੱਚ ਆਪਣਾ ਗੁੱਸਾ ਜ਼ਰੂਰ ਕੱਢਦੇ ਹਨ ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਉਸ ਵੀਡੀਓ ਨੂੰ ਦੇਖ ਕੇ ਕੋਈ ਕਾਰਵਾਈ ਹੋਣ ਦੀ ਬਜਾਏ, ਦਰਜਨਾਂ ਹੋਰ ਵਲੌਗਰ ਸਿਰਫ ਆਪਣੇ ਵਿਊਜ਼ ਅਤੇ ਲਾਈਕਸ ਵਧਾਉਣ ਖਾਤਰ ਉਸੇ ਗੰਦਗੀ ਵਾਲੀ ਥਾਂ ’ਤੇ ਪਹੁੰਚ ਜਾਂਦੇ ਹਨ। ਲੋਕਾਂ ਦੀ ਸਿਹਤ ਨੂੰ ਦਾਅ ’ਤੇ ਲਾ ਕੇ ਆਪਣੀ ਪ੍ਰਸਿੱਧੀ ਅਤੇ ਕਮਾਈ ਵਧਾਉਣ ਦੀ ਇਹ ਦੌੜ ਬੇਹੱਦ ਸ਼ਰਮਨਾਕ ਹੈ, ਜਿੱਥੇ ਗੰਦਗੀ ਦਾ ਪਰਦਾ ਫਾਸ਼ ਕਰਨ ਦੀ ਬਜਾਏ ਉਸਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਕੌਮਾਂਤਰੀ ਪੱਧਰ ’ਤੇ ਸਾਡੇ ਦੇਸ਼ ਦੇ ਸਟਰੀਟ ਫੂਡ ਦੀ ਜੋ ਤਸਵੀਰ ਪੇਸ਼ ਹੋ ਰਹੀ ਹੈ, ਉਹ ਹਰ ਭਾਰਤੀ ਲਈ ਨਮੋਸ਼ੀ ਦਾ ਸਬੱਬ ਬਣ ਰਹੀ ਹੈ। ਵਿਦੇਸ਼ਾਂ ਵਿੱਚ ਸਾਡੀਆਂ ਗਲੀਆਂ ਦੇ ਖਾਣੇ ਦੀਆਂ ਵੀਡੀਓ ਸਾਂਝੀਆਂ ਕਰਕੇ ਇਹ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ ਕਿ ਭਾਰਤ ਵਿੱਚ ਸਭ ਤੋਂ ਵੱਧ ਅਸੁਰੱਖਿਅਤ ਅਤੇ ਗੰਦਗੀ ਭਰਿਆ ਭੋਜਨ ਮਿਲਦਾ ਹੈ। ਕਿਸੇ ਸਮੇਂ ਸਾਡਾ ਰਵਾਇਤੀ ਖਾਣਾ ਪੂਰੀ ਦੁਨੀਆ ਵਿੱਚ ਆਪਣੀ ਪੌਸ਼ਟਿਕਤਾ, ਸਫਾਈ ਅਤੇ ਵਿਲੱਖਣ ਸੁਆਦ ਲਈ ਜਾਣਿਆ ਜਾਂਦਾ ਸੀ ਪਰ ਅੱਜ ਕੁਝ ਲੋਕਾਂ ਦੇ ਲਾਲਚ ਅਤੇ ਲਾਪਰਵਾਹੀ ਕਾਰਨ ਸਾਡੇ ਮੁਲਕ ਦੀ ਕੌਮੀ ਸਾਖ ਨੂੰ ਵੱਡੀ ਸੱਟ ਵੱਜ ਰਹੀ ਹੈ, ਜਿਸ ਨੂੰ ਅਸੀਂ ਚਾਹੁਣ ਦੇ ਬਾਵਜੂਦ ਝੁਠਲਾ ਨਹੀਂ ਸਕਦੇ ਕਿਉਂਕਿ ਸੱਚ ਸਾਡੀਆਂ ਅੱਖਾਂ ਦੇ ਬਿਲਕੁਲ ਸਾਹਮਣੇ ਹੈ।
ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਲਾਪਰਵਾਹੀ ਇਸ ਪੂਰੇ ਵਰਤਾਰੇ ਦੀ ਸਭ ਤੋਂ ਵੱਡੀ ਜ਼ਿੰਮੇਵਾਰ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਵਾਲੀਆਂ ਗੰਦਗੀ ਭਰੀਆਂ ਵੀਡੀਓਜ਼ ਜਦੋਂ ਲੱਖਾਂ ਲੋਕਾਂ ਤਕ ਪਹੁੰਚਦੀਆਂ ਹਨ ਤਾਂ ਯਕੀਨਨ ਉਹ ਸਬੰਧਤ ਅਫਸਰਾਂ ਦੀਆਂ ਨਜ਼ਰਾਂ ਵਿੱਚੋਂ ਵੀ ਲੰਘਦੀਆਂ ਹੋਣਗੀਆਂ। ਪਰ ਅਫਸੋਸ ਕਿ ਕੋਈ ਵੀ ਅਧਿਕਾਰੀ ਮੌਕੇ ’ਤੇ ਜਾ ਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਜ਼ਹਿਮਤ ਨਹੀਂ ਉਠਾਉਂਦਾ। ਫੂਡ ਸੇਫਟੀ ਵਿਭਾਗ ਦੀਆਂ ਟੀਮਾਂ ਸਿਰਫ ਤਿਉਹਾਰਾਂ ਦੇ ਦਿਨਾਂ ਵਿੱਚ ਹੀ ਰਸਮੀ ਛਾਪੇਮਾਰੀ ਕਰਕੇ ਖਾਨਾਪੂਰਤੀ ਕਰਦੀਆਂ ਹਨ ਅਤੇ ਬਾਕੀ ਪੂਰਾ ਸਾਲ ਕੁੰਭਕਰਨੀ ਨੀਂਦ ਸੁੱਤੀਆਂ ਰਹਿੰਦੀਆਂ ਹਨ। ਬਿਨਾਂ ਕਿਸੇ ਡਰ ਅਤੇ ਰੋਕ-ਟੋਕ ਦੇ ਚੱਲ ਰਿਹਾ ਇਹ ਧੰਦਾ ਛੋਟੇ-ਛੋਟੇ ਬੱਚਿਆਂ ਅਤੇ ਆਮ ਨਾਗਰਿਕਾਂ ਨੂੰ ਪੇਟ ਦੀਆਂ ਬਿਮਾਰੀਆਂ, ਪੀਲੀਆ ਅਤੇ ਟਾਈਫਾਈਡ ਵਰਗੇ ਭਿਆਨਕ ਰੋਗਾਂ ਦੇ ਮੂੰਹ ਵਿੱਚ ਧੱਕ ਰਿਹਾ ਹੈ।
ਸਸਤੇ ਖਾਣੇ ਅਤੇ ਚਟਪਟੇ ਸੁਆਦਾਂ ਦੇ ਚੱਕਰ ਵਿੱਚ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਖੁਦ ਦਾਅ ’ਤੇ ਲਾ ਰਹੇ ਹਾਂ। ਸਰਕਾਰ ਅਤੇ ਪ੍ਰਸ਼ਾਸਨ ਦੀ ਇਹ ਮੁਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਖਤ ਨਿਯਮ ਲਾਗੂ ਕਰੇ, ਲਾਇਸੈਂਸ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਵੇ ਅਤੇ ਗੰਦਗੀ ਫੈਲਾਉਣ ਵਾਲਿਆਂ ਖਿਲਾਫ ਮਿਸਾਲੀ ਕਾਰਵਾਈ ਕਰੇ। ਇਸਦੇ ਨਾਲ ਹੀ ਬਤੌਰ ਨਾਗਰਿਕ ਸਾਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਅਜਿਹੀਆਂ ਥਾਂਵਾਂ ਤੋਂ ਖਾਣਾ ਖਾਣ ਦਾ ਮੁਕੰਮਲ ਬਾਈਕਾਟ ਕਰਨਾ ਪਵੇਗਾ, ਜਿੱਥੇ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ। ਵਲੌਗਰਾਂ ਨੂੰ ਵੀ ਗੰਦਗੀ ਨੂੰ ਵਡਿਆਉਣ ਦੀ ਬਜਾਏ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਂਦਿਆਂ ਪ੍ਰਸ਼ਾਸਨ ਨੂੰ ਜਗਾਉਣ ਦਾ ਕੰਮ ਕਰਨਾ ਚਾਹੀਦਾ ਹੈ। ਅੱਜ ਖੁਦ ਅਸੀਂ ਇਸ ਜ਼ਹਿਰ ਨੂੰ ਆਪਣੇ ਸਰੀਰਾਂ ਵਿੱਚ ਉਤਾਰ ਕੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ; ਜੇਕਰ ਅਸੀਂ ਅੱਜ ਵੀ ਨਾ ਸੰਭਲੇ ਤਾਂ ਹਾਲਾਤ ਇਸ ਤੋਂ ਵੀ ਵੱਧ ਭਿਆਨਕ ਹੋ ਜਾਣਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































