“ਪਤਾ ਹੀ ਨਹੀਂ ਲੱਗਾ ਕਿ ਇਹ 13 ਦਿਨ ਕਿਵੇਂ ਨਿਕਲ ਗਏ ਹਨ, ਇਸ ਤਰ੍ਹਾਂ ਲਗਦਾ ਹੈ ...”
(20 ਮਾਰਚ 2026)
ਲਾਹੌਰ ਦੇ ਕੇਂਦਰੀ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਸਥਿਤ ਗੁਰਦੁਆਰਾ ਸਿੰਘ ਸਿੰਘਣੀਆਂ ਵਿੱਚ ਮੈਂ ਠਹਿਰਿਆ ਹੋਇਆ ਸਾਂ। ਗੁਰਦੁਆਰੇ ਦੀ ਬਹੁਤ ਖੂਬਸੂਰਤ ਇਮਾਰਤ ਵਿੱਚ ਇੱਕ ਗੈਸਟ ਹਾਊਸ ਬਣਿਆ ਹੋਇਆ ਹੈ, ਜਿਸ ਨੂੰ ਵਿਦੇਸ਼ੀ ਸਿੱਖਾਂ ਖ਼ਾਸ ਕਰਕੇ ਇੰਗਲੈਂਡ ਦੇ ਸਿੱਖਾਂ ਨੇ ਯਾਤਰੀਆਂ ਲਈ ਬਣਵਾਇਆ ਹੈ। ਦੱਸਿਆ ਜਾਂਦਾ ਹੈ ਕਿ ਇਸ ਇਤਿਹਾਸਿਕ ਜਗ੍ਹਾ ਨੂੰ ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖਾਂ ਨੇ ਇੱਕ ਮੁਕੱਦਮੇ ਵਿੱਚ ਆਪਣਾ ਹੱਕ ਜਤਾ ਕੇ ਲਿਆ ਸੀ। ਉਸ ਸਮੇਂ ਮੇਰੇ ਨਾਲ ਅੰਮ੍ਰਿਤਸਰ ਤੋਂ ਹੀ ਦੋ ਹੋਰ ਪਰਿਵਾਰ ਵੀ ਇਸ ਗੁਰਦੁਆਰੇ ਵਿੱਚ ਠਹਿਰੇ ਹੋਏ ਸਨ। ਸਾਡੇ ਕੋਲ ਵਾਪਸੀ ’ਤੇ ਆਉਣ ਲਈ ਸਿਰਫ ਇੱਕ ਰੇਲ ਗੱਡੀ ਦਾ ਹੀ ਸਾਧਨ ਸੀ। ਅਸੀਂ ਵਾਹਗੇ ਤੋਂ ਪੈਦਲ ਆ ਕੇ ਬਾਰਡਰ ਪਾਰ ਨਹੀਂ ਸਾਂ ਕਰ ਸਕਦੇ ਕਿਉਂ ਜੋ ਪੈਦਲ ਲੰਘਣ ਲਈ ਇੱਕ ਵੱਖਰੀ ਇਜਾਜ਼ਤ ਚਾਹੀਦੀ ਸੀ ਜੋ ਸਾਡੇ ਕੋਲ ਨਹੀਂ ਸੀ। ਅੱਜ ਤੋਂ ਬਾਅਦ ਜਦੋਂ ਫਿਰ ਗੱਡੀ ਆਉਣੀ ਅਤੇ ਜਾਣੀ ਸੀ, ਉਸ ਦਿਨ ਤਕ ਸਾਡਾ ਵੀਜ਼ਾ ਖਤਮ ਹੋ ਜਾਣਾ ਸੀ, ਜਿਸ ਕਰਕੇ ਸਾਨੂੰ ਹੋਰ ਉਲਝਣਾਂ ਵਿੱਚੋਂ ਲੰਘਣਾ ਪੈਣਾ ਸੀ। ਇਸ ਲਈ ਜਿਸ ਦਿਨ ਸਵੇਰੇ ਮੈਂ ਵਾਪਸ ਅੰਮ੍ਰਿਤਸਰ ਆਉਣਾ ਸੀ, ਮੈਂ ਰਾਤ ਨੂੰ ਹੀ ਇਸ ਬਾਰੇ ਬਹੁਤ ਸੁਚੇਤ ਸਾਂ ਕਿ ਗੱਡੀ ਨਾ ਲੰਘ ਜਾਵੇ। ਸ਼ਾਮ ਨੂੰ ਮੇਰੇ ਕੋਲ ਇੱਕ ਵਿਅਕਤੀ ਆਇਆ, ਜੋ ਅੰਮ੍ਰਿਤਸਰ ਯੂਨੀਵਰਸਿਟੀ ਦੀ ਕਿਸੇ ਪ੍ਰੋਫੈਸਰ ਔਰਤ ਦਾ ਵਾਕਫ ਸੀ ਅਤੇ ਉਸਨੇ ਮੈਨੂੰ ਦੋ ਵੱਡੇ-ਵੱਡੇ ਪੈਕਟ ਦਿੱਤੇ, ਜਿਨ੍ਹਾਂ ਵਿੱਚੋਂ ਇੱਕ ਉਸ ਪ੍ਰੋਫੈਸਰ ਨੂੰ ਦੇਣਾ ਸੀ ਅਤੇ ਇੱਕ ਮੇਰੇ ਲਈ ਸੀ। ਜਦੋਂ ਉਸਨੇ ਇਹ ਦੱਸਿਆ ਕਿ ਇਹ ਦੋ ਕੇਕ ਹਨ ਤਾਂ ਮੈਨੂੰ ਆਪਣੀ ਪੜ੍ਹੀ ਲਿਖੀ ਜਮਾਤ ਦੀ ਸਿਆਣਪ, ਜ਼ਿੰਦਾਦਿਲੀ ਅਤੇ ਵਾਹਗੇ ਵਾਲੀ ਲਕੀਰ ਨੂੰ ਪਾਰ ਕਰਨ ਲਈ ਸਮਾਨ ਦੀ ਚੋਣ ਸਬੰਧੀ ਸੋਚ ’ਤੇ ਕਈ ਸ਼ੰਕੇ ਪੈਦਾ ਹੋਏ। ਉਹ ਦੋਵੇਂ ਕੇਕ ਮੈਂ ਰੱਖ ਤਾਂ ਲਏ ਪਰ ਬਾਅਦ ਵਿੱਚ ਰੇਲਵੇ ਸਟੇਸ਼ਨ ’ਤੇ ਪਹੁੰਚਣ ਤਕ ਕਈ ਵਾਰ ਉਹਨਾਂ ਨੂੰ ਨਾਲ ਲਿਆਉਣ ਜਾਂ ਉੱਥੇ ਛੱਡ ਆਉਣ ਦੀ ਦੁਚਿੱਤੀ ਵਿੱਚ ਰਿਹਾ ਕਿਉਂ ਜੋ ਜਿੰਨਾ ਆਕਾਰ ਮੇਰੇ ਬਰੀਫਕੇਸ ਦਾ ਸੀ ਉੰਨਾ ਹੀ ਇਨ੍ਹਾਂ ਦੋਂਹ ਕੇਕਾਂ ਦਾ ਸੀ, ਜਿਸ ਨੂੰ ਉਹ ਅੰਮ੍ਰਿਤਸਰ ਦੇ ਪ੍ਰੋਫੈਸਰ ਲਈ ਤੋਹਫੇ ਦੇ ਤੌਰ ’ਤੇ ਭੇਜ ਰਿਹਾ ਸੀ।
ਮੈਂ ਸਵੇਰੇ ਪੈਦਲ ਹੀ ਸਟੇਸ਼ਨ ’ਤੇ ਪਹੁੰਚ ਗਿਆ ਅਤੇ ਅਟਾਰੀ ਦੀ ਟਿਕਟ ਲੈ ਕੇ ਸੱਜੇ ਹੱਥ ਵਾਲੇ ਪਲੇਟਫਾਰਮ ਵੱਲ ਚਲਾ ਗਿਆ। ਅਜੇ ਬਹੁਤ ਹੀ ਥੋੜ੍ਹੇ ਜਿਹੇ ਲੋਕ ਆਏ ਸਨ। ਗੱਡੀ ਪਲੇਟਫਾਰਮ ’ਤੇ ਲੱਗੀ ਹੋਈ ਸੀ। ਮੈਂ ਆਪਣਾ ਸਮਾਨ ਗੱਡੀ ਵਿੱਚ ਇੱਕ ਸੀਟ ’ਤੇ ਰੱਖ ਕੇ ਪਲੇਟਫਾਰਮ ਦੀ ਰੌਣਕ ਅਤੇ ਜਾਣ ਵਾਲੇ ਵਿਅਕਤੀਆਂ ਵੱਲ ਦੇਖਣ ਲਈ ਬਾਹਰ ਆ ਕੇ ਖੜ੍ਹਾ ਹੋ ਗਿਆ। ਕੁਝ ਚਿਰ ਬਾਅਦ ਹੀ ਮੇਰੇ ਨਾਲ ਗੁਰਦੁਆਰੇ ਵਿੱਚ ਰਹਿ ਰਿਹਾ ਪਰਿਵਾਰ ਵੀ ਆ ਕੇ ਇੱਕ ਡੱਬੇ ਵਿੱਚ ਵੜ ਗਿਆ। ਜ਼ਿਆਦਾਤਰ ਯਾਤਰੀ ਪਾਕਿਸਤਾਨ ਤੋਂ ਭਾਰਤ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਸਨ ਜਾਂ ਪਹਿਲਾਂ ਭਾਰਤ ਤੋਂ ਪਾਕਿਸਤਾਨ ਵਿੱਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਲੇ ਜਾਪਦੇ ਸਨ, ਜੋ ਉਨ੍ਹਾਂ ਦੇ ਪਹਿਰਾਵੇ ਅਤੇ ਗੱਲਬਾਤ ਤੋਂ ਲੱਗ ਰਿਹਾ ਸੀ। ਹੌਲੀ-ਹੌਲੀ ਸਟੇਸ਼ਨ ’ਤੇ ਕਾਫ਼ੀ ਭੀੜ ਹੋ ਰਹੀ ਸੀ। ਪਰ ਹਰ ਇੱਕ ਜਾਣ ਵਾਲੇ ਦੇ ਨਾਲ ਤਕਰੀਬਨ ਉੰਨੇ ਹੀ ਉਹਨਾਂ ਨੂੰ ਰੁਖਸਤ ਕਰਨ ਵਾਲੇ ਜਾਪਦੇ ਸਨ।
ਫਿਰ ਇੱਕ ਵੱਡਾ ਗਰੁੱਪ, ਜਿਸ ਵਿੱਚ ਔਰਤਾਂ, ਮਰਦ ਅਤੇ ਬੱਚੇ ਸਨ, ਉਹਨਾਂ ਨੇ ਬੜੇ ਸਧਾਰਨ ਜਿਹੇ ਕੱਪੜੇ ਪਾਏ ਹੋਏ ਸਨ, ਇਕੱਠੇ ਹੀ ਆ ਰਹੇ ਸਨ ਅਤੇ ਉਹਨਾਂ ਦੇ ਵਿੱਚ ਇੱਕ ਸਿੱਖ ਸਰਦਾਰ, ਕੋਈ 6 ਕੁ ਫੁੱਟ ਉਚਾਈ ਅਤੇ ਕਾਫ਼ੀ ਚੰਗੀ ਸਿਹਤ ਵਾਲਾ ਕੋਈ 70 ਕੁ ਸਾਲ ਦੀ ਉਮਰ, ਹੱਥ ਵਿੱਚ ਇੱਕ ਕੱਪੜੇ ਦਾ ਵੱਡਾ ਸਾਰਾ ਥੈਲਾ ਲੈ ਕੇ ਆ ਰਿਹਾ ਸੀ।
ਉਹਨਾਂ ਵਿੱਚੋਂ ਇੱਕ ਬਜ਼ੁਰਗ ਮਾਤਾ ਨੇ ਮੇਰੇ ਕੋਲ ਆ ਕੇ ਮੈਨੂੰ ਜੱਫੀ ਪਾ ਲਈ ਅਤੇ ਬੜੀ ਅਪਣੱਤ ਨਾਲ ਕਹਿਣ ਲੱਗੀ, “ਇਸ ਆਪਣੇ ਵੀਰ ਨੂੰ ਵੀ ਨਾਲ ਲੈ ਜਾ, ਰਸਤੇ ਵਿੱਚ ਇਸਦਾ ਖ਼ਿਆਲ ਰੱਖੀਂ।”
ਉਸਦੇ ਕਹਿਣ ਦਾ ਢੰਗ ਇਸ ਤਰ੍ਹਾਂ ਸੀ ਜਿਵੇਂ ਉਹ ਮੈਨੂੰ ਸਦੀਆਂ ਤੋਂ ਜਾਣਦੀ ਹੋਵੇ ਪਰ ਮੈਂ ਅਜੇ ਉਸ ਵਕਤ ਤਕ ਉਹਨਾਂ ਬਾਰੇ ਕੁਝ ਵੀ ਨਹੀਂ ਸਾਂ ਸਮਝ ਸਕਿਆ। ਇਸਦੇ ਨਾਲ ਉਹਨਾਂ ਰੁਖਸਤ ਕਰਨ ਵਾਲਿਆਂ ਵਿੱਚੋਂ ਮਰਦਾਂ ਅਤੇ ਲੜਕਿਆਂ ਨੇ ਮੇਰੇ ਨਾਲ ਹੱਥ ਮਿਲਾਏ ਅਤੇ ਉਹ ਸਿੱਖ ਸਰਦਾਰ ਵੀ ਆ ਕੇ ਮਿਲਿਆ।
“ਕਿਥੇ ਜਾਣਾ ਹੈ ਤੁਸਾਂ?”
“ਅੰਮ੍ਰਿਤਸਰ।” ਮੈਂ ਜਵਾਬ ਦਿੱਤਾ ਅਤੇ ਨਾਲ ਹੀ ਬੜੀ ਉਤਸੁਕਤਾ ਨਾਲ ਪੁੱਛਣ ਲੱਗ ਪਿਆ ਕਿ ਤੁਸੀਂ ਕਦੋਂ ਆਏ ਸੀ? ਕਿੱਥੋਂ ਆਏ ਸੀ ਅਤੇ ਇਹ ਸਭ ਲੋਕ ਕੌਣ ਹਨ?
“ਮੈਂ ਮੋਗੇ ਦੇ ਲਾਗੇ ਇੱਕ ਪਿੰਡ ਤੋਂ ਹਾਂ, ਇਹ ਮੇਰੀ ਭੂਆ ਅਤੇ ਉਹ ਦੋਵੇਂ ਮੇਰੀਆਂ ਸਕੀਆਂ ਭੈਣਾਂ ਹਨ। ਉਹ ਮੇਰਾ ਭਣਵਈਆ ਹੈ, ਇਹ ਲੜਕੇ ਮੇਰੇ ਭਣੇਵੇ ਹਨ, ਇਹ ਮੇਰੀਆਂ ਭੈਣਾਂ ਹਨ, ਇਹ ਮੇਰੀਆਂ ਭਣੇਵੀਆਂ ਹਨ ਅਤੇ ਇਹ ਮੇਰੀ ਭਣੇਵੀ ਦਾ ਪਤੀ ਹੈ ਅਤੇ ਔਹ ਦੂਰ ਖੜ੍ਹੇ ਮੇਰੀ ਭੂਆ ਦੇ ਜਵਾਈ, ਮੇਰੇ ਭਣਵਈਏ ਹਨ।”
ਇੰਨੇ ਨੂੰ ਦੂਰ ਖੜੋਤੇ ਉਸਦੀ ਭੂਆ ਦੇ ਜਵਾਈ ਵੀ ਮੇਰੇ ਕੋਲ ਆ ਗਏ ਅਤੇ ਮੈਨੂੰ ਮਿਲੇ। ਮੈਨੂੰ ਇਹ ਸਭ ਕੁਝ ਜਾਣਨ ਦੀ ਉਤਸੁਕਤਾ ਵਧਦੀ ਗਈ ਪਰ ਮੈਂ ਉਹ ਸਮਾਂ ਅਜੇ ਯੋਗ ਨਾ ਸਮਝਿਆ। ਮੈਨੂੰ ਇੰਨੀ ਕੁ ਸਮਝ ਤਾਂ ਲੱਗ ਗਈ ਸੀ ਕਿ ਇਹ ਇੱਕ ਵਿੱਛੜਿਆ ਪਰਿਵਾਰ ਹੈ। ਫਿਰ ਦਲੀਪ ਸਿੰਘ ਆਪ ਹੀ ਦੱਸਣ ਲੱਗ ਪਿਆ, ਮੈਂ ਆਪਣੀ ਭੂਆ ਅਤੇ ਭੈਣ ਨੂੰ 59 ਸਾਲਾਂ ਤੋਂ ਬਾਅਦ ਮਿਲਿਆ ਹਾਂ ਅਤੇ ਇਸ ਮਿਲਣ ਲਈ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਹਨ, ਇਹ ਮੈਂ ਹੀ ਜਾਣਦਾ ਹਾਂ ਅਤੇ ਹੁਣ ਅੱਗੋਂ ਕਦੋਂ ਮਿਲਣਾ ਹੈ …।”
ਉਸ ਦੀ ਭੈਣ ਬਾਰ-ਬਾਰ ਉਸ ਨੂੰ ਜਫੀਆਂ ਪਾ ਰਹੀ ਸੀ, “ਮੇਰੇ ਪੇਕਿਆਂ ਦੀ ਨਿਸ਼ਾਨੀ ਪਰ ਹੁਣ ਕਦੋਂ ਮਿਲਾਂਗੇ?” ਉਸਦੀਆਂ ਦੋਵੇਂ ਛੋਟੀਆਂ ਭੈਣਾਂ ਉਸ ਨੂੰ ਬਾਰ-ਬਾਰ ਮਿਲ ਰਹੀਆਂ ਸਨ, “ਭਾ ਜੀ ਆਪਣੇ ਪੋਤਰੇ ਦੇ ਵਿਆਹ ਦਾ ਕਾਰਡ ਭੇਜ ਦੇਣਾ, ਅਸੀਂ ਵੀਜਾ ਲੈ ਕੇ ਜ਼ਰੂਰ ਆਵਾਂਗੀਆਂ। ਵਿਆਹ ਤੋਂ ਬਹੁਤ ਦਿਨ ਪਹਿਲਾਂ ਕਾਰਡ ਭੇਜਣਾ, ਬਹੁਤ ਸਮਾਂ ਲੱਗ ਜਾਂਦਾ ਹੈ ਵੀਜ਼ਾ ਲੈਣ ਲਈ। ਇਸਲਾਮਾਬਾਦ ਤੋਂ ਵੀਜ਼ਾ ਮਿਲਦਾ ਹੈ, ਬੜੀ ਕੋਸ਼ਿਸ਼ ਕਰਨੀ ਪੈਂਦੀ ਹੈ।”
“ਤੁਸੀਂ ਕਦੋਂ ਆਏ ਸੀ?”
“ਤਿੰਨ ਚਾਰ ਦਿਨ ਹੋਏ ਹਨ”
“ਕਿਸ ਜਗ੍ਹਾ ਤੋਂ ਆਏ ਹੋ?” ਦੂਸਰਾ ਪੁੱਛ ਰਿਹਾ ਸੀ “ਕਿੰਨੀ ਦੂਰ ਹੈ ਅੰਮ੍ਰਿਤਸਰ ਲਾਹੌਰ ਤੋਂ, ਕਦੋਂ ਪਹੁੰਚ ਜਾਉਗੇ”
ਉਹ ਸਵਾਲ ਜ਼ਿਆਦਾ ਪੁੱਛ ਰਹੇ ਸਨ ਅਤੇ ਮੇਰੇ ਜਵਾਬ ਦੇਣ ਤੋਂ ਪਹਿਲਾਂ ਜਾਂ ਮੇਰੇ ਵੱਲੋਂ ਕੁਝ ਪੁੱਛਣ ਤੋਂ ਪਹਿਲਾਂ ਹੀ ਉਹ ਹੋਰ ਸਵਾਲ ਕਰ ਦਿੰਦੇ ਸਨ। ਪਰ ਮੈਂ ਉਹਨਾਂ ਕੋਲੋਂ ਬਹੁਤ ਕੁਝ ਪੁੱਛਣਾ ਚਾਹੁੰਦਾ ਸਾਂ।
“ਕਿਹੜੀ ਜਗ੍ਹਾ ਤੋਂ ਆਏ ਹੋ?” ਮੈਂ ਪੁੱਛਿਆ।
“ਵੱਖ-ਵੱਖ ਪਿੰਡਾਂ ਤੋਂ ...” ਸਾਰੇ ਹੀ ਰਿਸ਼ਤੇਦਾਰ ਵੱਖ-ਵੱਖ ਪਿੰਡਾਂ ਵਿੱਚ ਰਹਿੰਦੇ ਸਨ ਅਤੇ ਛੋਟੀ ਕ੍ਰਿਸਾਨੀ ਨਾਲ ਸੰਬੰਧਿਤ ਸਨ। ਦਲੀਪ ਸਿੰਘ ਅਤੇ ਉਹਨਾਂ ਦੇ ਪਰਿਵਾਰ ਬਾਰੇ ਉਹਨਾਂ ਦੇ ਭਣਵਈਏ, ਬਹੁਤ ਕੁਝ ਸੁਣਦੇ ਤਾਂ ਰਹੇ ਸਨ ਪਰ ਮਿਲੇ ਪਹਿਲੀ ਵਾਰ ਸਨ।
“ਸਾਡਾ ਪ੍ਰਾਹੁਣਾ (ਦਲੀਪ ਸਿੰਘ) ਸ਼ਰਾਬ ਦਾ ਬਹੁਤ ਸ਼ੁਕੀਨ ਸੀ। ਸਾਡੇ ਵਿੱਚੋਂ ਕੋਈ ਵੀ ਨਹੀਂ ਪੀਂਦਾ ਪਰ ਅਸੀਂ ਰੋਜ਼ਾਨਾ ਹੀ ਇਸ ਲਈ ਇੰਤਜ਼ਾਮ ਕਰਦੇ ਰਹੇ ਹਾਂ। ਇੱਥੇ ਇਸਦਾ ਇੰਤਜ਼ਾਮ ਕਰਨਾ ਪੈਂਦਾ ਹੈ, ਖੁੱਲ੍ਹੀ ਨਹੀਂ ਮਿਲਦੀ। ਹਰ ਘਰ ਵਿੱਚ ਇਸਦਾ ਸਵਾਗਤ ਹੁੰਦਾ ਰਿਹਾ ਹੈ। ਪਤਾ ਹੀ ਨਹੀਂ ਲੱਗਾ ਕਿ ਇਹ 13 ਦਿਨ ਕਿਵੇਂ ਨਿਕਲ ਗਏ ਹਨ, ਇਸ ਤਰ੍ਹਾਂ ਲਗਦਾ ਹੈ ਜਿਵੇਂ ਕੱਲ੍ਹ ਇਸ ਨੂੰ ਲਾਹੌਰੋਂ ਲੈ ਕੇ ਗਏ ਸਾਂ ਅਤੇ ਅੱਜ ਛੱਡਣ ਵੀ ਆ ਗਏ ਹਾਂ। ਅਜੇ ਤਾਂ ਅਸੀਂ ਇਸਦੇ ਪੂਰੇ ਪਰਿਵਾਰ ਬਾਰੇ ਵਾਕਫੀ ਵੀ ਨਹੀਂ ਕਰ ਸਕੇ। ਇਸ ਨੂੰ ਪਹਿਲੀ ਵਾਰ ਮਿਲੇ ਹਾਂ। ਇਨ੍ਹਾਂ ਦੇ ਲੜਕੇ, ਲੜਕੀਆਂ, ਪੋਤਰੇ, ਪੋਤਰੀਆਂ, ਨੂੰਹਾਂ, ਕਿਸੇ ਬਾਰੇ ਵੀ ਕੁਝ ਵੀ ਨਹੀਂ ਪੁੱਛਿਆ। ਉਹ ਤਾਂ ਇੱਧਰ ਆ ਵੀ ਨਹੀਂ ਸਕਦੇ, ਵੀਜ਼ਾ ਮਿਲਣਾ ਇੱਕ ਵੱਡੀ ਮੁਸ਼ਕਿਲ ਹੈ, ਰਿਸ਼ਤੇਦਾਰ ਵੀ ਮਿਲਣ ਲਈ 59 ਸਾਲ ਉਡੀਕਦੇ ਰਹੇ ...”
ਉਹਨਾਂ ਵੱਲੋਂ ਦੱਸੀਆਂ ਗੱਲਾਂ ਭਾਵੇਂ ਬਹੁਤ ਕੁਝ ਆਪਣੇ ਆਪ ਦੱਸ ਰਹੀਆਂ ਸਨ ਪਰ ਮੈਨੂੰ ਅਜੇ ਵੀ ਕੁਝ ਪਤਾ ਨਹੀਂ ਸੀ ਲੱਗ ਰਿਹਾ ਅਤੇ ਮੈਂ ਬੜੀ ਉਤਸੁਕਤਾ ਨਾਲ ਇਸ ਬਾਰੇ ਜਾਣਨਾ ਚਾਹੁੰਦਾ ਸਾਂ। ਇੰਨੇ ਨੂੰ ਗੱਡੀ ਦੀ ਪਹਿਲੀ ਵਿਸਲ ਵੱਜ ਗਈ। ਦਲੀਪ ਸਿੰਘ ਸਾਰਿਆਂ ਨੂੰ ਵਾਰੀ-ਵਾਰੀ ਮਿਲਣ ਲੱਗਾ। ਪਰ ਹਰ ਇੱਕ ਦੀਆਂ ਅੱਖਾਂ ਵਿੱਚੋਂ ਅੱਥਰੂ ਵਗ ਰਹੇ ਸਨ। ਕੋਈ ਵੀ ਬੋਲ ਨਹੀਂ ਸੀ ਰਿਹਾ। ਦਲੀਪ ਸਿੰਘ ਦੇ ਨਾਲ, ਹਰ ਕੋਈ ਵਾਰ-ਵਾਰ ਮਿਲ ਰਿਹਾ ਸੀ ਅਤੇ ਗੱਡੀ ਦੀ ਜਦੋਂ ਦੂਸਰੀ ਵਿਸਲ ਵੱਜੀ ਤਾਂ ਉਸਦੀ ਭੂਆ ਫਿਰ ਆ ਕੇ ਉਸ ਨੂੰ ਮਿਲੀ ਅਤੇ ਹੱਥ ਫੜ ਕੇ ਡੱਬੇ ਦੇ ਕੋਲ ਲੈ ਆਈ ਅਤੇ ਮੈਨੂੰ ਸੰਬੋਧਨ ਕਰ ਕੇ ਫਿਰ ਕਹਿਣ ਲੱਗੀ, “ਵੀਰ ਦਾ ਖ਼ਿਆਲ ਰੱਖੀਂ।”
ਮੈਨੂੰ ਦਲੀਪ ਸਿੰਘ ਅਤੇ ਉਸਦੀ ਸਾਰੀ ਕਹਾਣੀ ਸੁਣਨ ਦੀ ਕਾਹਲੀ ਸੀ, ਉਸ ਨਾਲ ਹਮਦਰਦੀ ਹੋ ਰਹੀ ਸੀ। ਮੈਂ ਅਤੇ ਦਲੀਪ ਸਿੰਘ ਗੱਡੀ ਵਿੱਚ ਇਕੱਠੇ ਬੈਠ ਗਏ। ਮੇਰੇ ਪੁੱਛਣ ਤੋਂ ਪਹਿਲਾਂ ਹੀ ਦਲੀਪ ਸਿੰਘ ਦੱਸਣ ਲੱਗ ਪਿਆ, “ਜਦੋਂ ਪਾਕਿਸਤਾਨ ਬਣਿਆ, ਮੈਂ 11 ਕੁ ਸਾਲ ਦਾ ਸਾਂ। ਮੈਨੂੰ ਪੂਰੀ ਹੋਸ਼ ਹੈ। ਕਈ ਦਿਨ ਚਰਚਾ ਚਲਦੀ ਰਹੀ, ਸਾਡਾ ਪਿੰਡ ਪਾਕਿਸਤਾਨ ਵਿੱਚ ਨਹੀਂ ਜਾਵੇਗਾ। ਮੈਨੂੰ ਅਜੇ ਵੀ ਯਾਦ ਹੈ ਪਿੰਡ ਦੇ ਮੁਸਲਮਾਨ ਅਤੇ ਸਿੱਖ ਵੱਖ-ਵੱਖ ਥਾਂਵਾਂ ’ਤੇ ਰੋਜ਼ ਇਕੱਠੇ ਹੁੰਦੇ ਸਨ। ਉਹ ਕਈ ਮਤੇ ਪਕਾਉਂਦੇ ਸਨ ਅਤੇ ਗੁਪਤ ਤੌਰ ’ਤੇ ਹਥਿਆਰ ਵੀ ਇਕੱਠੇ ਕਰਦੇ ਰਹਿੰਦੇ ਸਨ। ਪਰ ਪਿੰਡ ਦੇ ਮੁਸਲਮਾਨ ਅਤੇ ਸਿੱਖ ਇੱਕ ਦੂਜੇ ਦੀ ਮਦਦ ਵੀ ਕਰਦੇ ਸਨ, ਉਹਨਾਂ ਨੇ ਇੱਕ ਦੂਜੇ ਦੀ ਮਦਦ ਕੀਤੀ ਵੀ। ਜਦੋਂ ਇਹ ਤੈਅ ਹੋ ਗਿਆ ਕਿ ਸਾਡਾ ਪਿੰਡ ਹੁਣ ਪਾਕਿਸਤਾਨ ਵਿੱਚ ਆਉਣਾ ਹੈ ਤਾਂ ਪਿੰਡ ਦੇ ਸਿੱਖ, ਹਿੰਦੂ ਉੱਥੋਂ ਜਾਣ ਲਈ ਤਿਆਰ ਹੋਣ ਲੱਗ ਪਏ। ਪਿੰਡ ਦੇ ਮੁਸਲਮਾਨ ਉਹਨਾਂ ਨੂੰ ਕੈਂਪ ਵਿੱਚ ਛੱਡਣ ਲਈ ਜਾਂਦੇ ਸਨ। ਜਿਸ ਦਿਨ ਅਸੀਂ ਆਏ ਕਈ ਮੁਸਲਮਾਨ ਛੱਡਣ ਆ ਰਹੇ ਸਨ। ਉਹਨਾਂ ਨੇ ਸਾਡਾ ਸਮਾਨ ਚੁੱਕਿਆ ਹੋਇਆ ਸੀ। ਪਰ ਰਸਤੇ ਵਿੱਚ ਹੋਰ ਪਿੰਡਾਂ ਦੇ ਗੁੰਡਿਆਂ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਮੇਰਾ ਬਾਪ, ਦੋ ਭਰਾ ਮਾਰੇ ਗਏ। ਮੇਰੀ ਮਾਂ ਜਦੋਂ ਅੱਗੇ ਹੋ ਕੇ ਆਪਣੇ ਬੱਚਿਆਂ ਨੂੰ ਬਚਾਉਣ ਲੱਗੀ ਤਾਂ ਉਸਦੀ ਵੱਖੀ ਵਿੱਚ ਵੀ ਬਰਛੀ ਵੱਜੀ। ਉਹ ਲਹੂ ਲੁਹਾਣ ਹੋ ਗਈ ਅਤੇ ਉਸਨੇ ਮੈਨੂੰ ਇੰਨਾ ਹੀ ਕਿਹਾ- ਕਿ ਭੱਜ ਜਾ ... ਤੇ ਦਮ ਤੋੜ ਦਿੱਤਾ। ਉਹਨਾਂ ਗੁੰਡਿਆਂ ਨੇ ਮੇਰੀ ਭੂਆ ਅਤੇ ਭੈਣਾਂ ਨੂੰ ਘੋੜੀਆਂ ’ਤੇ ਬਿਠਾ ਲਿਆ। ਸਾਡੇ ਪਿੰਡ ਦੇ ਮੁਸਲਮਾਨ ਲੜਕਿਆਂ ਨੇ ਸਾਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ... ਚਾਰ ਲੜਕੇ ਸਾਡੀ ਮਦਦ ਕਰਦੇ ਮਾਰੇ ਗਏ।” ਉਹ ਇੱਕ ਸਾਹੇ ਹੀ ਇੰਨਾ ਕੁਝ ਦੱਸ ਗਿਆ।
“ਤੁਸੀਂ ਕਿੰਨੇ ਆਦਮੀ ਬਚ ਗਏ ਸੀ।” ਮੈਂ ਪੁੱਛਿਆ।
“ਸਾਡੇ ਪਰਿਵਾਰ ਵਿੱਚੋਂ ਸਿਰਫ ਮੈਂ ਅਤੇ ਮੇਰਾ ਚਾਚਾ... ਅਸੀਂ ਤਾਂ ਆਪਣੇ ਜੀਆਂ ਦੀਆਂ ਲਾਸ਼ਾਂ ਦਾ ਸਸਕਾਰ ਵੀ ਨਹੀਂ ਸੀ ਕਰ ਸਕੇ। ਮਿਲਟਰੀ ਵਾਲਿਆਂ ਨੇ ਸਾਨੂੰ ਸੁਰੱਖਿਅਤ ਜਗ੍ਹਾ ਪਹੁੰਚਾਉਣ ਦੀ ਕਾਹਲੀ ਪਾਈ ਹੋਈ ਸੀ। ਪਤਾ ਨਹੀਂ ਉਸ ਹਮਲੇ ਵਿੱਚ ਮਾਰੇ ਗਏ 25-30 ਮਰਦਾਂ ਔਰਤਾਂ ਦਾ ਸਸਕਾਰ ਕਿਸਨੇ ਕੀਤਾ, ਕੀਤਾ ਵੀ ਕਿ ਨਹੀਂ ਕੀਤਾ। ਮੈਨੂੰ ਅੱਜ ਤਕ ਵੀ ਉਹ ਦ੍ਰਿਸ਼ ਨਹੀਂ ਭੁੱਲਿਆ। ਮੇਰੀ ਭੂਆ ਅਤੇ ਭੈਣਾਂ ਨੇ ਬੜੇ ਦੁੱਖ ਵੇਖੇ। ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਫਿਰ ਇੱਕ ਮੁਸਲਮਾਨ ਚੌਧਰੀ ਨੇ ਇਨ੍ਹਾਂ ਦੇ ਵਿਆਹ ਕਰਵਾ ਦਿੱਤੇ। ਜਦੋਂ ਸਰਕਾਰ ਵੱਲੋਂ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਵਾਪਸ ਭੇਜਣ ਦੇ ਯਤਨ ਹੋ ਰਹੇ ਸਨ ਤਾਂ ਚਾਚੇ ਨੇ ਕੋਸ਼ਿਸ਼ ਤਾਂ ਕੀਤੀ ਪਰ ਅੱਧੇ ਜਿਹੇ ਮਨ ਨਾਲ, ਉਹ ਜ਼ਿਆਦਾ ਹੀ ਡਿਪਰੈਸ਼ਨ ਵਿੱਚ ਸੀ, ਮੈਂ ਛੋਟਾ ਸਾਂ।
“ਕੋਈ ਪੰਜ ਸਾਲ ਤੋਂ ਮੇਰੀ ਭੂਆ ਅਤੇ ਭੈਣਾਂ ਬਾਰੇ ਮੈਨੂੰ ਪਤਾ ਲੱਗਾ। ਇੰਨੀਆਂ ਕੋਸ਼ਿਸ਼ਾਂ ਤੋਂ ਬਾਅਦ ਮੈਂ ਪਹਿਲੀ ਵਾਰ ਉਹਨਾਂ ਨੂੰ ਮਿਲਣ ਆਇਆ ਸਾਂ। ਮੈਂ ਤਾਂ ਭੂਆ ਨੂੰ ਪਛਾਣ ਲਿਆ ਪਰ ਉਹਨਾਂ ਦੇ ਬੱਚਿਆਂ, ਜਿਨ੍ਹਾਂ ਨੂੰ ਮੈਂ ਪਹਿਲੀ ਵਾਰ ਮਿਲਿਆ, ਉਹ ਤਾਂ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਈ ਸਦੀਆਂ ਤੋਂ ਵਾਕਿਫ ਹੋਣ। ਬਾਰ-ਬਾਰ ਕਹਿੰਦੇ ਸਨ, ਮਾਮਾ ਇੱਥੇ ਹੀ ਰਹੋ। ਹਰ ਘਰ ਵਿੱਚ ਮੈਂ ਜਾਂਦਾ ਸਾਂ। ਹਰ ਘਰ ਵਿੱਚ ਸ਼ਾਮ ਨੂੰ ਪਤਾ ਨਹੀਂ ਕਿਵੇਂ ਸ਼ਰਾਬ ਦਾ ਇੰਤਜ਼ਾਮ ਕੀਤਾ ਹੁੰਦਾ ਸੀ। ਰੋਜ਼ਾਨਾ ਵੱਖ-ਵੱਖ ਘਰਾਂ ਵਿੱਚ ਬੁਲਾਉਂਦੇ, ਪਰ ਸਾਰੇ ਰਿਸ਼ਤੇਦਾਰ ਸ਼ਾਮ ਨੂੰ ਇਕੱਠੇ ਹੋ ਜਾਂਦੇ ਸਨ। ਦੂਸਰੇ ਪਿੰਡਾਂ ਤੋਂ ਵੀ ਆ ਜਾਂਦੇ ਸਨ। ਰਾਤ ਨੂੰ ਤਕਰੀਬਨ ਇੱਕ-ਦੋ ਵੱਜ ਜਾਂਦੇ ਸਨ, ਗੱਲਾਂ ਹੀ ਨਹੀਂ ਸਨ ਮੁੱਕਦੀਆਂ।”
ਫਿਰ ਦਲੀਪ ਸਿੰਘ ਨੇ ਸਮਾਨ ਵੱਲ ਉਂਗਲ ਕਰਕੇ ਦੱਸਿਆ, “ਇਹ ਜਿਹੜਾ ਸਮਾਨ ਪਿਆ ਹੈ, ਇਸ ਤੋਂ ਦੁੱਗਣਾ ਮੈਂ ਛੱਡ ਆਇਆ ਹਾਂ। ਇੰਨਾ ਤਾਂ ਮੈਂ ਲਿਜਾ ਵੀ ਨਹੀਂ ਸਾਂ ਸਕਦਾ। ਸਮਾਨ ਵਿੱਚ ਕੱਪੜੇ, ਭਾਂਡੇ, ਖਾਣ ਦੀਆਂ ਚੀਜ਼ਾਂ, ਖੋਏ ਦੀਆਂ ਪਿੰਨੀਆਂ, ਗੁੜ, ਜਿਸ ਵਿੱਚ ਮੇਵੇ, ਬਦਾਮਾਂ ਦੀਆਂ ਗਿਰੀਆਂ, ਸੌਂਫ ਆਦਿ ਕਈ ਕੁਝ ਪਿਆ ਹੋਇਆ ਸੀ ਅਤੇ ਇੱਥੋਂ ਤਕ ਕਿ ਤਿਲ ਵੀ ਸਨ।
“ਮੈਂ ਬਹੁਤ ਮਨ੍ਹਾਂ ਕੀਤਾ ਪਰ ਉਹਨਾਂ ਨੇ ਬਦੋਬਦੀ ਇਹ ਸਮਾਨ ਨਾਲ ਖੜਨ ਦੀ ਜ਼ਿਦ ਕੀਤੀ ਅਤੇ ਮੈਂ ਵੀ ਨਾਂਹ ਨਹੀਂ ਕਰ ਸਕਿਆ। ਜਿਸ ਪਿਆਰ ਨਾਲ ਉਹ ਸਮਾਨ ਲੈ ਕੇ ਆਈਆਂ ਸਨ, ਜੇ ਮੈਂ ਨਾ ਲਿਆਉਂਦਾ ਤਾਂ ਚੰਗਾ ਨਾ ਲਗਦਾ।”
ਉਸ ਵਕਤ ਮੈਂ ਉਸ ਗੁੜ ਦਾ ਆਪਣੇ ਕੋਲ ਪਏ ਕੇਕਾਂ ਨਾਲ ਮੁਕਾਬਲਾ ਕਰ ਰਿਹਾ ਸਾਂ ਅਤੇ ਮੈਨੂੰ ਉਹਨਾਂ ਦਾ ਭਾਰ ਇਸ ਸਮਾਨ ਦੇ ਭਾਰ ਤੋਂ ਕਿਤੇ ਜ਼ਿਆਦਾ ਲੱਗ ਰਿਹਾ ਸੀ। ਇਨ੍ਹਾਂ ਮਗਰ ਛਿਪੇ ਜਜ਼ਬਾਤਾਂ ਵਿੱਚ ਜ਼ਮੀਨ-ਅਸਮਾਨ ਦਾ ਫਰਕ ਸੀ।
ਪਤਾ ਹੀ ਨਹੀਂ ਲੱਗਾ ਜਦੋਂ ਗੱਡੀ ਆ ਕੇ ਵਾਹਗਾ ਦੇ ਸਟੇਸ਼ਨ ’ਤੇ ਖੜੋ ਗਈ। ਉਸਨੇ ਦੋਹਾਂ ਹੱਥਾਂ ਵਿੱਚ ਕੁਝ ਸਮਾਨ ਵਾਲੇ ਕੱਪੜੇ ਦੇ ਝੋਲੇ ਫੜ ਲਏ ਅਤੇ ਇੱਕ ਤੋੜਾ ਸਿਰ ’ਤੇ ਚੁੱਕ ਲਿਆ।
ਜਦੋਂ ਅਸੀਂ ਪਾਸਪੋਰਟ ਚੈੱਕ ਕਰਵਾ ਕੇ ਸਮਾਨ ਨੂੰ ਐਕਸਰੇ ਵਾਲੀ ਮਸ਼ੀਨ ’ਤੇ ਰੱਖਿਆ ਅਤੇ ਦੂਸਰੀ ਤਰਫ ਸਮਾਨ ਲੈਣ ਆਏ ਤਾਂ ਐਕਸਰੇ ਨੂੰ ਦੇਖ ਰਿਹਾ ਕਰਮਚਾਰੀ ਦਲੀਪ ਸਿੰਘ ਨੂੰ ਸੰਬੋਧਿਤ ਹੋ ਕੇ ਕਹਿਣ ਲੱਗਾ, “ਸਰਦਾਰ ਜੀ, ਇਹ ਗੁੜ, ਤਿਲ ਭਾਰਤ ਵਿੱਚ ਨਹੀਂ ਮਿਲਦੇ?”
“ਸਭ ਕੁਝ ਹੀ ਮਿਲਦਾ ਹੈ ਭਾਰਤ ਵਿੱਚ, ਪਰ ਭੈਣਾਂ ਅਤੇ ਭੂਆ ਵੱਲੋਂ ਦਿੱਤਾ ਇਹ ਗੁੜ ਅਤੇ ਤਿਲ ਨਹੀਂ ਮਿਲਦੇ।”
ਨਾਲ ਖੜ੍ਹੇ ਕਰਮਚਾਰੀ ਨੇ ਦਲੀਪ ਸਿੰਘ ਵਲ ਇਸ ਤਰ੍ਹਾਂ ਦੇਖਿਆ, ਜਿਵੇਂ ਉਸਨੂੰ ਸ਼ੱਕ ਹੋਵੇ ਕਿ ਇਸ ਸਰਦਾਰ ਦੀਆਂ ਭੈਣਾਂ ਅਤੇ ਭੂਆ ਪਾਕਿਸਤਾਨ ਵਿੱਚ ਹੋ ਸਕਦੀਆਂ ਹਨ। ਪਰ ਦਲੀਪ ਸਿੰਘ ਦੀਆਂ ਅੱਖਾਂ ਵਿੱਚ ਇਸ ਦੁਖਾਂਤ ਦਾ ਵੱਡਾ ਇਤਿਹਾਸ ਲੁਕਿਆ ਨਜ਼ਰ ਆ ਰਿਹਾ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































