“ਪੰਜਾਬ, ਹਰਿਆਣਾ, ਯੂ.ਪੀ., ਕਸ਼ਮੀਰ ਦੀ ਬਾਸਮਤੀ ਵਿਦੇਸ਼ਾਂ ਵਿੱਚ ਬਹੁਤ ਉੱਚੀ ...”
(13 ਮਈ 2026)
ਸੁਤੰਤਰਤਾ ਤੋਂ ਬਾਅਦ ਭਾਰਤ ਖੇਤੀ ਅਤੇ ਉਦਯੋਗਾਂ, ਦੋਵਾਂ ਖੇਤਰਾਂ ਵਿੱਚ ਪਛੜਿਆ ਹੋਇਆ ਸੀ। ਉਸ ਵੇਲੇ ਭਾਵੇਂ ਦੇਸ਼ ਦੀ 75 ਫ਼ੀਸਦੀ ਅਬਾਦੀ ਖੇਤੀ ਉੱਤੇ ਨਿਰਭਰ ਕਰਦੀ ਸੀ ਪਰ ਫਿਰ ਵੀ ਭਾਰਤ ਅਨਾਜ ਦੀ ਬਹੁਤ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਿਹਾ ਸੀ। 1964 ਤੋਂ ਅਮਰੀਕਾ ਨੇ ਭਾਰਤ ਨੂੰ ਪੀ.ਐੱਲ. 480 ਦੇ ਪ੍ਰਸਤਾਵ ਦੇ ਅਧੀਨ ਇੱਕ ਸਹੂਲਤ ਦਿੱਤੀ ਸੀ ਕਿ ਭਾਰਤ ਅਮਰੀਕਾ ਤੋਂ ਜਿੰਨੀ ਵੀ ਕਣਕ ਖਰੀਦੇਗਾ, ਉਸ ਲਈ ਉਸ ਨੂੰ ਭੁਗਤਾਨ ਡਾਲਰ ਵਿੱਚ ਨਹੀਂ ਬਲਕਿ ਭਾਰਤ ਦੀ ਕਰੰਸੀ ਰੁਪਏ ਵਿੱਚ ਕੀਤਾ ਜਾ ਸਕਦਾ ਹੈ। ਇਹ ਵੀ ਇੱਕ ਵੱਡੀ ਸਹੂਲਤ ਸੀ, ਕਿਉਂ ਜੋ ਅਮਰੀਕਾ ਉਸ ਰੁਪਏ ਨੂੰ ਭਾਰਤ ਵਿੱਚ ਹੀ ਵਰਤ ਸਕਦਾ ਸੀ. ਇਸ ਲਈ ਅਮਰੀਕਾ ਨੇ ਉਸ ਨਿਰਯਾਤ ਦੇ ਕਮਾਏ ਹੋਏ ਰੁਪਏ ਨਾਲ ਭਾਰਤ ਵਿੱਚ ਖੋਜ ਫੈਲੋਸ਼ਿੱਪ, ਖੋਜ ਸੰਸਥਾਵਾਂ ਅਤੇ ਭਾਰਤ ਵਿੱਚ ਅਮਰੀਕਨ ਨੌਕਰੀ ਕਰਨ ਵਾਲਿਆਂ ਨੂੰ ਉੱਚੀਆਂ ਤਨਖਾਹਾਂ ਅਤੇ ਵਜ਼ੀਫਿਆਂ ਆਦਿ ਵਿੱਚ ਖਰਚਿਆ ਪਰ ਅੰਨ ਸਮੱਸਿਆ ਇੰਨੀ ਗੰਭੀਰ ਸੀ ਕਿ 1965 ਵਿੱਚ ਜਦੋਂ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਹਫਤੇ ਵਿੱਚ ਇੱਕ ਦਿਨ ਵਰਤ ਰੱਖਣ ਦੀ ਅਪੀਲ ਕੀਤੀ। ਇੱਥੋਂ ਤਕ ਕਿ ਸੋਮਵਾਰ ਸ਼ਾਮ ਨੂੰ ਹੋਟਲਾਂ ਰੈਸਟੋਰੈਂਟ ਅਤੇ ਢਾਬਿਆਂ ਵਿੱਚ ਵੀ ਖਾਣਾ ਨਹੀਂ ਸੀ ਮਿਲਦਾ। ਅਨਾਜ ਦੀ ਆਯਾਤ ’ਤੇ ਹੋਣ ਵਾਲਾ ਖਰਚ ਭਾਰਤ ਦੀਆਂ ਯੋਜਨਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਸੀ।
1950 ਵਿੱਚ ਜਦੋਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਤਾਂ ਖੇਤੀ ਖੇਤਰ ਨੂੰ ਸਭ ਤੋਂ ਉੱਚੀ ਤਰਜੀਹ ਦਿੱਤੀ ਗਈ। ਖੇਤੀ ਯੂਨੀਵਰਸਿਟੀਆਂ, ਖੋਜ ਕੇਂਦਰ, ਬਿਜਲੀ ਪੂਰਤੀ ਵਿੱਚ ਵਾਧਾ, ਕ੍ਰਿਸਾਨੀ ਲਈ ਕਰਜ਼ਾ, ਸਿੰਚਾਈ ਸਹੂਲਤਾਂ ਆਦਿ ਬਹੁਤ ਕੁਝ ਕੀਤਾ ਗਿਆ ਪਰ 1967 ਤੋਂ ਹੋਏ ਹਰੇ ਇਨਕਲਾਬ ਨਾਲ ਰਸਾਇਣਾਂ ਅਤੇ ਨਵੇਂ ਬੀਜਾਂ ਦੀ ਖੋਜ ਨਾਲ ਖੇਤੀ ਉਤਪਾਦਨ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ। ਪਰ ਸਭ ਤੋਂ ਜ਼ਿਆਦਾ ਪ੍ਰਭਾਵ ਘੱਟੋ-ਘੱਟ ਸਮਰਥਨ ਮੁੱਲ (M.S.P.) ਦੀ ਘੋਸ਼ਣਾ ਅਤੇ ਸਰਕਾਰ ਵੱਲੋਂ ਉਸ ਘੋਸ਼ਿਤ ਕੀਮਤ ’ਤੇ ਖਰੀਦ ਨੂੰ ਯਕੀਨੀ ਕਰਨ ਦਾ ਪ੍ਰਭਾਵ ਪਿਆ। ਕਣਕ ਅਤੇ ਝੋਨੇ ਦੀ ਉਪਜ ਵਧਦੀ ਗਈ ਅਤੇ ਇਨ੍ਹਾਂ ਦੋਵਾਂ ਫਸਲਾਂ ਅਧੀਨ ਲਗਾਤਾਰ ਖੇਤਰ ਵਧਦਾ ਗਿਆ। ਅੱਜ-ਕੱਲ੍ਹ ਪੰਜਾਬ, ਹਰਿਆਣਾ ਅਤੇ ਪੱਛਮੀ ਯੂ.ਪੀ. ਵਿੱਚ ਫਸਲ-ਚੱਕਰ ਇਨ੍ਹਾਂ ਦੋਂਹ ਫਸਲਾਂ ‘ਤੇ ਹੀ ਸੀਮਿਤ ਹੋ ਗਿਆ ਹੈ।
ਫਿਰ ਇਸੇ ਹਰੇ ਇਨਕਲਾਬ ਦਾ ਪ੍ਰਭਾਵ ਥੋੜ੍ਹਾ ਚਿਰ ਹੀ ਰਿਹਾ ਕਿਉਂ ਜੋ ਭਾਰਤ ਵਿੱਚ ਵਸੋਂ ਤੇਜ਼ ਰਫਤਾਰ ਨਾਲ ਵਧਦੀ ਗਈ। 1971 ਵਿੱਚ ਭਾਰਤ ਵਿੱਚ ਸੀਮਿਤ ਕਿਸਾਨਾਂ (2.5 ਏਕੜ ਤੋਂ ਘੱਟ ਜੋਤਾਂ) 37 ਫ਼ੀਸਦੀ ਸਨ, ਜਿਹੜੀਆਂ ਅੱਜ-ਕੱਲ੍ਹ ਵਧ ਕੇ 74 ਫ਼ੀਸਦੀ ਹੋ ਗਈਆਂ ਹਨ। 40 ਫ਼ੀਸਦੀ ਤਾਂ ਉਹ ਕਿਸਾਨ ਹਨ, ਜਿਨ੍ਹਾਂ ਦੀ ਜੋਤ ਇੱਕ ਏਕੜ ਤੋਂ ਵੀ ਘੱਟ ਹੈ। ਉਹ ਕਿਸਾਨ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਣ ਦਾ ਲਾਭ ਨਹੀਂ ਲੈ ਸਕਦੇ। ਉਹਨਾਂ ਵਿੱਚੋਂ ਬਹੁਤੇ ਕਟਾਈ ਦੇ ਸਮੇਂ ਆਪਣੀ ਕਣਕ ਵੇਚ ਦਿੰਦੇ ਹਨ ਪਰ ਬਾਅਦ ਵਿੱਚ ਫਿਰ ਖਰੀਦਣ ਲਈ ਮਜਬੂਰ ਹੋ ਜਾਂਦੇ ਹਨ। ਕਿਸਾਨੀ ਦੀ ਹਾਲਤ ਦਿਨੋ ਦਿਨ ਇਸ ਕਰਕੇ ਕਮਜ਼ੋਰ ਹੋ ਗਈ ਕਿ ਕ੍ਰਿਸਾਨੀ ਵਿੱਚ ਵਸੋਂ ਘਟਣ ਦੀ ਬਜਾਏ ਹਰ ਸਾਲ ਵਧਦੀ ਗਈ, ਜਿਸਨੇ ਜੋਤ ਦਾ ਆਕਾਰ ਹੋਰ ਛੋਟਾ ਕਰ ਦਿੱਤਾ। ਕਰਜ਼ਾ ਵਧਦਾ ਗਿਆ, ਕਿਰਸਾਨੀ ਕਰਜ਼ੇ ਕਾਰਨ ਖੁਦਕੁਸ਼ੀਆਂ ਦੀਆਂ ਰਿਪੋਰਟਾਂ ਹਰ ਪ੍ਰਾਂਤ ਤੋਂ ਮਿਲਣ ਲੱਗੀਆਂ।
2017 ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 2022 ਤਕ (5 ਸਾਲਾਂ ਵਿੱਚ) ਕ੍ਰਿਸਾਨੀ ਆਮਦਨ ਨੂੰ ਦੁੱਗਣਾ ਕਰਨ ਦੀ ਗੱਲ ਕੀਤੀ ਤਾਂ ਇਸ ਨੂੰ ਬਹੁਤ ਸਲਾਹਿਆ ਗਿਆ ਪਰ ਇਸ ਆਮਦਨ ਨੂੰ ਦੂਣਾ ਕਰਨਾ ਸੰਭਵ ਨਹੀਂ ਸੀ। ਕਿਉਂ ਜੋ ਖੇਤੀ ਵਿੱਚ ਉਤਪਾਦਨ ਦੇ ਚਾਰ ਸਾਧਨਾਂ: ਭੂਮੀ, ਕਿਰਤ, ਪੂੰਜੀ ਅਤੇ ਪ੍ਰਬੰਧ ਵਿੱਚੋਂ ਭੂਮੀ ਦੀ ਹੀ ਵੱਡੀ ਮਹੱਤਤਾ ਹੈ, ਜਿਸ ਨੂੰ ਵਧਾਇਆ ਨਹੀਂ ਜਾ ਸਕਦਾ। ਖੇਤੀ ਵਿੱਚ ਘਟਦੀਆਂ ਪ੍ਰਾਪਤੀਆਂ ਦਾ ਨਿਯਮ ਲਾਗੂ ਹੁੰਦਾ ਹੈ, ਜਿਸਦਾ ਅਰਥ ਹੈ ਕਿ ਪਹਿਲੀ ਖਾਦ ਦੀ ਬੋਰੀ ਨਾਲ ਜੇ 8 ਕੁਇੰਟਲ ਉਪਜ ਵਧਦੀ ਹੈ ਤਾਂ ਅਗਲੇ ਸਾਲ 7, ਫਿਰ 6 ਅਤੇ ਇਸ ਤਰ੍ਹਾਂ ਉਪਜ ਘਟਦੀ ਜਾਵੇਗੀ। ਪਰ ਸਭ ਤੋਂ ਵਧ ਕੇ ਵਸੋਂ ਦੇ ਤੇਜ਼ ਵਾਧੇ ਕਰਕੇ ਉਪਜ ਜਾਂ ਆਮਦਨ ਦੀ ਵੰਡ-ਦਰ-ਵੰਡ ਹੁੰਦੀ ਗਈ ਅਤੇ ਆਮਦਨ ਵਿੱਚ ਵਾਧਾ ਨਾ ਹੋ ਸਕਿਆ।
ਖੇਤੀ ਘਰਾਂ ਦੀ ਆਮਦਨ ਵਧਾਉਣ ਲਈ ਰੁਜ਼ਗਾਰ ਵਿੱਚ ਵਾਧਾ, ਫਸਲ ਚੱਕਰ ਵਿੱਚ ਤਬਦੀਲੀ, ਕਿਸਾਨ ਦਾ ਕੀਮਤ ਵਿੱਚ ਹਿੱਸਾ ਅਤੇ ਖੇਤੀ ਸਹਾਇਕ ਧੰਦਿਆਂ ਵਿੱਚ ਸੀਮਿਤ ਸਮਰੱਥਾ ਹੈ। ਖੇਤੀ ਵਸਤੂਆਂ ਦੀ ਮੰਗ ਗ਼ੈਰ-ਲਚਕਦਾਰ ਹੈ ਜਿਸਦਾ ਅਰਥ ਹੈ ਕਿ ਕੀਮਤ ਵਧ ਵੀ ਜਾਵੇ ਇਨ੍ਹਾਂ ਉਪਜਾਂ ਦੀ ਮੰਗ ਸਥਿਰ ਰਹਿੰਦੀ ਹੈ। ਇਸ ਲਈ ਇਹ ਬਹੁਤ ਉਪਯੋਗੀ ਹੋਵੇਗਾ ਕਿ ਉਸ ਸਮਰੱਥਾ ਦਾ ਲਾਭ ਲਿਆ ਜਾਵੇ ਜਿਸ ਨਾਲ ਖੇਤੀ ਉਪਜ ਵਿੱਚ ਵਾਧਾ ਕੀਤਾ ਜਾ ਸਕਦਾ ਹੈ, ਭਾਵੇਂ ਉਹ ਸੀਮਿਤ ਹੀ ਹੋਵੇਗਾ। ਕੁਝ ਸਾਲ ਪਹਿਲਾਂ ਹੁਸ਼ਿਆਰਪੁਰ ਦੇ 300 ਕਿਸਾਨਾਂ ਨੇ ਸ਼ਹਿਦ ਵੇਚਣ ਲਈ ਇੱਕ ਸਹਿਕਾਰੀ ਮੰਡੀਕਰਣ ਸੁਸਾਇਟੀ ਬਣਾਈ ਸੀ ਤਾਂ ਕਿ ਇਸਦੇ ਮੰਡੀਕਰਣ ਦੀਆਂ ਸਮੱਸਿਆਵਾਂ ਅਤੇ ਇਸਦੀ ਦੇਸ਼ ਅਤੇ ਵਿਦੇਸ਼ ਵਿੱਚ ਵਿਕਰੀ ਸਬੰਧੀ ਯਤਨ ਹੋ ਸਕਣ। ਉਸ ਸਭਾ ਦਾ ਮੈਂਬਰ ਕਿਸਾਨਾਂ ਨੂੰ ਬਹੁਤ ਲਾਭ ਹੋਇਆ ਸੀ। ਪੰਜਾਬ ਅਤੇ ਗੁਜਰਾਤ ਵਿੱਚ ਦੁੱਧ ਸਹਿਕਾਰਤਾ ਨੇ ਦੁੱਧ ਉਤਪਾਦਿਕ ਕਿਸਾਨਾਂ ਦੀ ਆਮਦਨ ਵਿੱਚ ਵੱਡਾ ਵਾਧਾ ਕੀਤਾ ਹੈ। ਇਸ ਵਿੱਚ ਇਹ ਸਹੂਲਤ ਵੀ ਹੈ ਪਿੰਡ ਵਾਲਾ ਡੇਅਰੀ ਫਾਰਮ ਜਦੋਂ ਆਪਣਾ ਦੁੱਧ ਪਿੰਡ ਦੀ ਸਹਿਕਾਰੀ ਸਭਾ ਨੂੰ ਵੇਚ ਦਿੰਦਾ ਹੈ ਤਾਂ ਉਸਨੂੰ ਕੀਮਤ ਮਿਲ ਜਾਂਦੀ ਹੈ ਪਰ ਉਹ ਦੁੱਧ ਦੀਆਂ ਹੋਰ ਵਸਤੂਆਂ, ਜਿਨ੍ਹਾਂ ਨੂੰ ਵੇਚ ਕੇ ਜ਼ਿਲ੍ਹਾ, ਪ੍ਰਾਂਤ ਜਾਂ ਰਾਸ਼ਟਰੀ ਪੱਧਰ ਅਤੇ ਇੱਥੋਂ ਤਕ ਕਿ ਉਹਨਾਂ ਵਸਤੂਆਂ ਦੀ ਨਿਰਯਾਤ ਵਿੱਚ ਵੀ ਹਰ ਡੇਅਰੀ ਉਤਪਾਦਿਕ ਦਾ ਹਿੱਸਾ ਬਣਿਆ ਰਹਿੰਦਾ ਹੈ ਜੋ ਉਸਨੂੰ ਉਤਸ਼ਾਹਿਤ ਕਰਦਾ ਹੈ ਕਿ ਉਹ ਇਸ ਸਹਾਇਕ ਧੰਦੇ ਨੂੰ ਅਪਨਾ ਲਵੇ। ਪਰ ਇਸਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਜੇ ਉਹ ਦੁੱਧ ਸਹਿਕਾਰਤਾ ਨਾ ਹੁੰਦੀ ਤਾਂ ਨਿੱਜੀ ਵਪਾਰੀਆਂ ਨੇ ਉਸ ਉਤਪਾਦਿਕ ਦਾ ਬਹੁਤ ਸ਼ੋਸ਼ਣ ਕਰਨਾ ਸੀ ਅਤੇ ਉਸਨੂੰ ਬਹੁਤ ਘੱਟ ਕੀਮਤ ਦੇਣੀ ਸੀ ਪਰ ਹੁਣ ਉਸ ਨਿੱਜੀ ਉਤਪਾਦਿਕ ਨੂੰ ਸਹਿਕਾਰੀ ਸਭਾ ਵੱਲੋਂ ਦਿੱਤੀ ਜਾਂਦੀ ਕੀਮਤ ਤਾਂ ਅਦਾ ਕਰਨੀ ਹੀ ਪੈਂਦੀ ਹੈ।
ਫਲ ਅਤੇ ਸਬਜ਼ੀਆਂ ਇਹੋ ਜਿਹੀਆਂ ਖੇਤੀ ਵਸਤੂਆਂ ਹਨ ਕਿ ਇਨ੍ਹਾਂ ਦਾ ਖੇਤ ਵਿੱਚ ਮੁੱਲ ਅਤੇ ਕਰਿਆਨੇ ਵਿੱਚ ਰੇਹੜੀ ’ਤੇ ਮੁੱਲ ਵਿੱਚ ਚਾਰ-ਚਾਰ ਗੁਣਾ ਦਾ ਫਰਕ ਹੁੰਦਾ ਹੈ। ਇਹ ਵੀ ਇੱਕ ਦਿਲਚਸਪ ਤੱਥ ਹੈ ਕਿ ਸਬਜ਼ੀਆਂ ਅਤੇ ਫਲ ਉਤਪਾਦਿਕ ਨੂੰ ਕਈ ਵਾਰ ਘਾਟਾ ਪੈ ਜਾਂਦਾ ਹੈ, ਕਈ ਵਾਰ ਉਸਦੀ ਉਪਜ ਨੂੰ ਬਿਮਾਰੀ ਪ੍ਰਭਾਵਿਤ ਕਰ ਦਿੰਦੀ ਹੈ, ਜਿਸ ਨਾਲ ਉਸਦੇ ਲਾਭ ਘਟ ਜਾਂਦੇ ਹਨ ਪਰ ਇਹ ਕਦੀ ਵੀ ਨਹੀਂ ਹੋਇਆ ਕਿ ਇਨ੍ਹਾਂ ਉਪਜਾਂ ਦੇ ਕਿਸੇ ਵਪਾਰੀ ਨੇ ਕਦੀ ਘਾਟਾ ਖਾਧਾ ਹੋਵੇ, ਭਾਵੇਂ ਕੀਮਤ ਵਧੇ ਜਾਂ ਘਟੇ। ਇਸ ਤਰ੍ਹਾਂ ਹੀ ਹੋਰ ਫਸਲਾਂ ਵਿੱਚ ਵੀ ਵਪਾਰੀ ਤਾਂ ਹਮੇਸ਼ਾ ਲਾਭ ਕਮਾਉਂਦੇ ਹਨ ਪਰ ਕਿਸਾਨ ਕਦੀ ਘਾਟਾ, ਕਦੀ ਕੀਮਤ ਘੱਟ, ਕਦੀ ਫਸਲ ਦੀ ਬਿਮਾਰੀ, ਕਦੀ ਹੜ੍ਹ ਅਤੇ ਕਦੀ ਸੋਕੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ।
ਪੰਜਾਬ, ਹਰਿਆਣਾ, ਯੂ.ਪੀ., ਕਸ਼ਮੀਰ ਦੀ ਬਾਸਮਤੀ ਵਿਦੇਸ਼ਾਂ ਵਿੱਚ ਬਹੁਤ ਉੱਚੀ ਕੀਮਤ ’ਤੇ ਵਿਕਦੀ ਹੈ। ਬਾਸਮਤੀ ਉਹ ਕਿਸਮ ਹੈ ਜਿਹੜੀ ਸਿਰਫ ਭਾਰਤ ਅਤੇ ਪਾਕਿਸਤਾਨ ਵਿੱਚ ਹੀ ਪੈਦਾ ਹੁੰਦੀ ਹੈ ਪਰ ਇਸਦੀ ਮੰਗ ਅਰਬ ਦੇਸ਼ਾਂ, ਯੂਰਪੀਅਨ ਦੇਸ਼ਾਂ ਅਤੇ ਅਮਰੀਕਾ ਵਿੱਚ ਇੰਨੀ ਹੈ ਕਿ ਇਸ ਨੂੰ ਬਹੁਤ ਉੱਚੀ ਕੀਮਤ ’ਤੇ ਵੇਚਿਆ ਜਾਂਦਾ ਹੈ। ਪਰ ਇਸ ਉੱਚੀ ਕੀਮਤ ਵਿੱਚ ਕਿਸਾਨ ਦਾ ਬਿਲਕੁਲ ਕੋਈ ਹਿੱਸਾ ਨਹੀਂ, ਇਹ ਲਾਭ ਤਾਂ ਸਿਰਫ ਵਪਾਰੀ ਹੀ ਕਮਾਉਂਦੇ ਹਨ। ਕਿਸਾਨ ਭਾਵੇਂ ਵੱਡੀ ਤੋਂ ਵੱਡੀ ਜੋਤ ਦਾ ਮਾਲਕ ਹੋਵੇ, ਉਹ ਨਿਰਯਾਤ ਨਹੀਂ ਕਰ ਸਕਦਾ। ਇਹ ਨਿਰਯਾਤ ਵਪਾਰੀ ਦਾ ਹੀ ਕੰਮ ਹੈ ਪਰ ਜੇ ਦੁੱਧ ਸਹਿਕਾਰਿਤਾ ਵਾਂਗ ਬਾਸਮਤੀ ਵੇਚਣ ਵਾਲੇ ਕਿਸਾਨਾਂ ਦੀ ਸਹਿਕਾਰੀ ਫੈਡਰੇਸ਼ਨ ਬਣ ਜਾਵੇ ਤਾਂ ਉਸਦਾ ਲਾਭ ਹਰ ਕਿਸਾਨ ਨੂੰ ਮਿਲ ਸਕਦਾ ਹੈ। ਇਸ ਤਰ੍ਹਾਂ ਹੀ ਸਬਜ਼ੀਆਂ ਅਤੇ ਫਲਾਂ ਦੀ ਉਪਜ ਦੇ ਅਧਾਰ ’ਤੇ ਸਹਿਕਾਰੀ ਫੈਡਰੇਸ਼ਨ ਕਿਸਾਨਾਂ ਦੇ ਲਾਭ ਵਿੱਚ ਵਾਧਾ ਕਰ ਸਕਦੀਆਂ ਹਨ।
ਕ੍ਰਿਸਾਨੀ ਵਿੱਚ ਭੂਮੀ ਸਭ ਤੋਂ ਵੱਧ ਮਹੱਤਵਪੂਰਨ ਤੱਤ ਹੈ ਜਿਸ ਨੂੰ ਵਧਾਇਆ ਨਹੀਂ ਜਾ ਸਕਦਾ ਪਰ ਇਸਦਾ ਵਾਧਾ ਇਸ ਤਰ੍ਹਾਂ ਕੀਤਾ ਜਾਵੇ ਕਿ ਖੇਤੀ ਦੇ ਨਾਲ ਜੰਗਲ ਜਾਂ ਦਰਖਤ ਲਾਏ ਜਾਣ ਜੋ ਉਚਿਤ ਮੁੱਲ ਦੇ ਸਕਦੇ ਹਨ ਅਤੇ ਧਰਤੀ ਨੂੰ ਵੀ ਨਹੀਂ ਰੋਕਦੇ। ਇਸ ਲਈ ਕਿਸਾਨ ਦੀ ਸਰਪ੍ਰਸਤੀ ਜੰਗਲਾਤ ਮਹਿਕਮੇ ਨੂੰ ਕਰਨੀ ਚਾਹੀਦੀ ਹੈ। ਭਾਰਤ ਲੱਕੜ ਦੀ ਆਯਾਤ ਕਰ ਰਿਹਾ ਹੈ। ਲੱਕੜ ਦੀ ਮੰਗ ਬਹੁਤ ਹੈ ਅਤੇ ਵਸੋਂ ਦੇ ਵਧਣ ਕਰਕੇ ਵਧ ਵੀ ਰਹੀ ਹੈ। ਇਸ ਲਈ ਵੀ ਲੱਕੜ ਦਾ ਯਕੀਨੀ ਮੰਡੀਕਰਣ ਸਰਕਾਰ ਹੀ ਯਕੀਨੀ ਬਣਾ ਸਕਦੀ ਹੈ, ਨਿੱਜੀ ਵਪਾਰੀਆਂ ਉੱਤੇ ਮੰਡੀਕਰਨ ਛੱਡਣ ਨਾਲ ਕਿਸਾਨਾਂ ਦਾ ਸ਼ੋਸ਼ਣ ਹੋਵੇਗਾ, ਜਿਹੜਾ ਉਸਨੂੰ ਦਰਖਤਾਂ ਦੀ ਖੇਤੀ ਸਬੰਧੀ ਨਿਰਉਤਸ਼ਾਹਿਤ ਕਰੇਗਾ। ਬਹੁਤ ਸਾਰੀਆਂ ਜੜੀਆਂ-ਬੂਟੀਆਂ ਅਤੇ ਉਪਜਾਂ ਜਿਵੇਂ ਖੁੰਬਾਂ, ਜਿਨ੍ਹਾਂ ਦੀ ਵੱਡੀ ਮੰਗ ਹੈ ਅਤੇ ਅਸਾਨੀ ਦੇ ਨਾਲ ਅਪਨਾਈਆਂ ਜਾ ਸਕਦੀਆਂ ਹਨ। ਜਿਸ ਲਈ ਯੋਗ ਅਗਵਾਈ, ਸਿਖਲਾਈ ਅਤੇ ਮੰਡੀ ਸਬੰਧੀ ਜਾਣਕਾਰੀ ਸਰਕਾਰ ਦੇ ਖੇਤੀ ਵਿਭਾਗ ਵੱਲੋਂ ਪ੍ਰਦਾਨ ਕਰਨਾ ਕਿਸਾਨਾਂ ਦੀ ਆਮਦਨ ਵਿੱਚ ਵਾਧੇ ਲਈ ਸਹਾਇਕ ਹੋ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)














































































































