“ਇਸ ਦੁਖਾਂਤ ਨੇ ਮੈਨੂੰ ਮੇਰੇ ਆਪਣੇ ਨਾਲ ਬੀਤੀ ਇੱਕ ਪੁਰਾਣੀ ਘਟਨਾ ਦੀ ਯਾਦ ਤਾਜ਼ਾ ...”
(12 ਮਾਰਚ 2026)
ਦੁਨੀਆਂ ਦਾ ਸਾਰਾ ਦਾਰੋਮਦਾਰ ਕੁਦਰਤ ਦੇ ਰਹਿਮੋ-ਕਰਮ ’ਤੇ ਖੜ੍ਹਾ ਹੈ। ਕਹਿੰਦੇ ਨੇ ਕਿ ਗੁੱਸੇ, ਹਨੇਰੀ ਜਾਂ ਝੱਖੜ ਝੁੱਲ ਜਾਣ ਤੋਂ ਬਾਅਦ ਹੀ ਪਤਾ ਲਗਦਾ ਹੈ ਕਿ ਨੁਕਸਾਨ ਕਿੰਨਾ ਕੁ ਹੋਇਆ ਹੈ। ਕੁਝ ਦਿਨ ਪਹਿਲਾਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਇੱਕ ਮੰਦਭਾਗੀ, ਦਰਦਨਾਕ ਅਤੇ ਸ਼ਰਮਨਾਕ ਖਬਰ ਪੜ੍ਹ ਕੇ ਮਨ ਬੇਚੈਨ ਅਤੇ ਪ੍ਰੇਸ਼ਾਨ ਹੋ ਗਿਆ। ਪੰਜਾਬ ਦੇ ਇੱਕ ਪਿੰਡ ਦਾ ਇੱਕ ਲੜਕਾ ਆਪਣੇ ਬਾਪ ਨਾਲ ਜਾ ਰਿਹਾ ਸੀ। ਉਸਦਾ ਮਨ ਗੰਨਾ ਚੂਪਣ ਨੂੰ ਕੀਤਾ। ਉਸਨੇ ਕਮਾਦ ਦੇ ਖੇਤ ਵਿੱਚੋਂ ਇੱਕ ਗੰਨਾ ਭੰਨ ਲਿਆ। ਪਰ ਮੌਕੇ ’ਤੇ ਖੇਤ ਦੇ ਮਾਲਕ ਨੇ ਉਸ ਨੂੰ ਫੜ ਕੇ ਘਸੁੰਨ ਮੁੱਕੇ ਅਤੇ ਗੰਨੇ ਦੇ ਨਾਲ ਉਸਦੇ ਬਾਪ ਦੀਆਂ ਅੱਖਾਂ ਸਾਹਮਣੇ ਉਸਦੀ ਇੰਨੀ ਕੁੱਟਮਾਰ ਕੀਤੀ ਕਿ ਲੜਕੇ ਦੀ ਮੌਤ ਹੋ ਗਈ। ਕੀ ਮਨੁੱਖੀ ਜਾਨ ਨਾਲੋਂ ਗੰਨਾ ਜ਼ਿਆਦਾ ਕੀਮਤੀ ਹੋ ਗਿਆ? ਇਸ ਘਟਨਾ ਨਾਲ ਉਸ ਬੱਚੇ ਦੇ ਪਰਿਵਾਰ ’ਤੇ ਕੀ ਬੀਤੀ ਹੋਵੇਗੀ, ਇਸ ਬਾਰੇ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ।
ਇਸ ਦੁਖਾਂਤ ਨੇ ਮੈਨੂੰ ਮੇਰੇ ਆਪਣੇ ਨਾਲ ਬੀਤੀ ਇੱਕ ਪੁਰਾਣੀ ਘਟਨਾ ਦੀ ਯਾਦ ਤਾਜ਼ਾ ਕਰਵਾ ਦਿੱਤੀ। ਬਚਪਨ ਵਿੱਚ ਸਕੂਲ ਸਮੇਂ ਦੌਰਾਨ ਗੰਨੇ ਦੀ ਮਾਰ ਦਾ ਦਰਦ ਅਸੀਂ ਵੀ ਆਪਣੇ ਪਿੰਡੇ ’ਤੇ ਹੰਢਾਇਆ ਸੀ। ਪੰਜਵੀਂ ਜਮਾਤ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪਾਸ ਕਰਨ ਉਪਰੰਤ ਅਸੀਂ ਪਿੰਡ ਤੋਂ ਦੋ ਕੁ ਕਿਲੋਮੀਟਰ ਦੀ ਦੂਰੀ ’ਤੇ ਦੂਸਰੇ ਪਿੰਡ ਦੇ ਸਕੂਲ ਵਿੱਚ ਦਾਖਲਾ ਲੈ ਲਿਆ। ਇੱਕ ਦਿਨ ਮੈਂ ਅਤੇ ਮੇਰੇ ਜਮਾਤੀ ਮਿੱਤਰ ਨੇ ਅੱਧੀ ਛੁੱਟੀ ਸਮੇਂ ਸਕੂਲ ਨੇੜੇ ਇੱਕ ਖੇਤ ਵਿੱਚੋਂ ਗੰਨਾ ਭੰਨ ਲਿਆ। ਸਾਨੂੰ ਖੇਤ ਦੇ ਮਾਲਕ ਨੇ ਫੜ ਕੇ ਪਹਿਲਾਂ ਗੰਨਿਆਂ ਨਾਲ ਕੁੱਟਿਆ ਅਤੇ ਫੇਰ ਸਾਡੇ ਅਧਿਆਪਕਾਂ ਦੇ ਹਵਾਲੇ ਕਰਨ ਲਈ ਸਕੂਲ ਲੈ ਗਿਆ। ਸਾਡੇ ਅਧਿਆਪਕਾਂ ਨੇ ਪਤਾ ਨਹੀਂ ਉਸ ਕਿਸਾਨ ਨੂੰ ਕੀ ਸਮਝਾਇਆ ਹੋਵੇਗਾ ਕਿ ਉਹ ਢੈਲਾ ਜਿਹਾ ਹੋ ਕੇ ਸਕੂਲ ਤੋਂ ਚਲਾ ਗਿਆ।
ਉਮਰ ਵਧਣ ਦੇ ਨਾਲ ਸਾਨੂੰ ਵੀ ਇੱਕ ਕਿਸਾਨ ਦੀ ਮਿਹਨਤ ਅਤੇ ਫਸਲ ਦੀ ਬਰਬਾਦੀ ਅਤੇ ਉਸਦੇ ਦਰਦ ਦਾ ਅਹਿਸਾਸ ਮਹਿਸੂਸ ਹੋਣ ਲੱਗਿਆ। ਪੰਜਾਬੀ ਦੇ ਇੱਕ ਪ੍ਰਸਿੱਧ ਕਵੀ ਨੇ ਲਿਖਿਆ ਹੈ, “ਪੱਕੀ ਖੇਤੀ ਦੇਖ ਕੇ ਗਰਵ ਕਰੇ ਕਿਰਸਾਣ। ਗੜਿਓਂ, ਝੱਖੜੋ-ਝੋਲਿਓਂ ਬਚ ਘਰ ਆਵੇ ਤਾਂ ਜਾਣ ।’ ਫਸਲ ਬੀਜਣ ਤੋਂ ਲੈ ਕੇ ਪੱਕਣ ਤਕ ਦਾ ਸਾਰਾ ਦਾਰੋ-ਮਦਾਰ ਕੁਦਰਤ ਦੇ ਰਹਿਮੋ-ਕਰਮ ’ਤੇ ਨਿਰਭਰ ਕਰਦਾ ਹੈ। ਬ੍ਰਹਿਮੰਡ ਦੇ ਕਣ ਕਣ ਵਿੱਚ ਕੁਦਰਤ ਦਾ ਵਾਸ ਹੈ। ਭਾਵੇਂ ਇਸ ਨੂੰ ਅਸੀਂ ਦੇਖ ਨਹੀਂ ਸਕਦੇ ਪਰ ਮਹਿਸੂਸ ਕਰ ਸਕਦੇ ਹਾਂ। ਕੁਝ ਵਰ੍ਹੇ ਪਹਿਲਾਂ ਦੀ ਗੱਲ ਹੈ। ਮੇਰੀ ਧਰਮ ਪਤਨੀ ਨੇ ਘਰ ਵਿੱਚ ਇੱਕ ਗਮਲੇ ਵਿੱਚ ਤੁਲਸੀ ਦਾ ਛੋਟਾ ਜਿਹਾ ਬੂਟਾ ਲਿਆ ਕੇ ਲਾਇਆ। ਮੇਰਾ ਚਾਰ ਕੁ ਸਾਲ ਦਾ ਦੋਹਤਾ ਆਇਆ ਹੋਇਆ ਸੀ। ਉਸਨੇ ਖੇਡਦੇ ਖੇਡਦੇ ਜਿਹੜੇ ਚਾਰ ਕੁ ਪੱਤੇ ਤੁਲਸੀ ਦੇ ਬੂਟੇ ਨੂੰ ਨਿਕਲੇ ਸਨ, ਉਹ ਤੋੜ ਕੇ ਖਾ ਗਿਆ। ਮੈਨੂੰ ਦੇਖ ਕੇ ਬਹੁਤ ਗੁੱਸਾ ਆਇਆ। ਮੈਂ ਉਸ ਨੂੰ ਗੁੱਸੇ ਵੀ ਹੋਇਆ ਅਤੇ ਹਲਕੀ ਜਿਹੀ ਚਪੇੜ ਵੀ ਉਸਦੇ ਮੂੰਹ ’ਤੇ ਲਾ ਦਿੱਤੀ। ਉਹ ਡਰ ਗਿਆ। ਪਰ ਅਗਲੇ ਸਾਲ ਦੇਖਿਆ ਕਿ ਘਰ ਵਿੱਚ ਲਾਏ ਗਏ ਫੁੱਲਦਾਰ ਬੂਟਿਆਂ ਦੇ ਸਾਰੇ ਗਮਲਿਆਂ ਵਿੱਚ ਤੁਲਸੀ ਦੇ ਬੂਟੇ ਆਪਣੇ ਆਪ ਉੱਗ ਪਏ ਸਨ। ਹੁਣ ਮੇਰਾ ਦੋਹਤਾ 12 ਸਾਲ ਦਾ ਹੋ ਗਿਆ ਹੈ ਅਤੇ ਤੁਲਸੀ ਦੇ ਬੂਟੇ ਹਰ ਗਮਲੇ ਵਿੱਚ ਹਰ ਸਾਲ ਉੱਗ ਜਾਂਦੇ ਹਨ ਪਰ ਹੁਣ ਜਦੋਂ ਦੋਹਤਾ ਆ ਕੇ ਤੁਲਸੀ ਦੇ ਪੱਤੇ ਤੋੜਦਾ ਹੈ ਤਾਂ ਨਾ ਸਾਨੂੰ ਗੁੱਸਾ ਆਉਂਦਾ ਹੈ ਅਤੇ ਨਾ ਅਸੀਂ ਉਸ ਨੂੰ ਅਜਿਹਾ ਕਰਨ ਤੋਂ ਰੋਕਦੇ ਟੋਕਦੇ ਹਾਂ।
ਇਸੇ ਤਰ੍ਹਾਂ ਸਾਡੇ ਪਿੰਡ ਸ਼੍ਰੀ ਕ੍ਰਿਸ਼ਨ ਬਲਦੇਵ ਜੀ ਦਾ ਪੁਰਾਤਨ ਮੰਦਰ ਹੈ ਜਿੱਥੇ ਹਰ ਜਾਤ ਅਤੇ ਧਰਮ ਦੇ ਵਿਅਕਤੀ ਦੂਰੋਂ ਨੇੜਿਓਂ ਆ ਕੇ ਨਤਮਸਤਕ ਹੁੰਦੇ ਹਨ। ਅੱਜ ਤੋਂ ਕੋਈ 50-60 ਸਾਲ ਪਹਿਲਾਂ ਲੋਕ ਉੱਥੇ ਆ ਕੇ ਸੁੱਖਣਾ ਸੁੱਖ ਲੈਂਦੇ ਸਨ ਅਤੇ ਉਨ੍ਹਾਂ ਦੀ ਸੁੱਖਣਾ ਪੂਰੀ ਹੋਣ ’ਤੇ ਉਹ ਮੰਦਰ ਵਿੱਚ ਬ੍ਰਾਹਮਣਾਂ ਨੂੰ ਸ਼ਰਧਾਪੂਰਵਕ ਭੋਜਨ ਛਕਾਉਂਦੇ ਸਨ ਅਤੇ ਨਾਲ ਹੀ ਬੱਕਰੀ ਦੇ ਛੋਟੇ ਬੱਚੇ ਨੂੰ ਮੰਦਰ ਵਿੱਚ ਚੜ੍ਹਾਉਂਦੇ ਸਨ। ਉਹ ਬੱਕਰੇ ਮੰਦਰ ਦੇ ਆਸ ਪਾਸ ਦੇ ਖੇਤਾਂ ਵਿੱਚ ਫਸਲਾਂ ਖਾ ਕੇ ਆਪਣਾ ਪੇਟ ਭਰਦੇ ਸਨ ਪਰ ਕੋਈ ਵੀ ਕਿਰਸਾਨ ਉਨ੍ਹਾਂ ਨੂੰ ਖੇਤ ਵਿੱਚੋਂ ਬਾਹਰ ਨਹੀਂ ਕੱਢਦਾ ਸੀ, ਸਗੋਂ ਉਹ ਖੁਸ਼ ਹੁੰਦੇ ਸਨ ਕਿ ਬੱਕਰਾ ਉਨ੍ਹਾਂ ਦੇ ਖੇਤ ਵਿੱਚੋਂ ਚਾਰਾ ਖਾ ਰਿਹਾ ਹੈ। ਉਨ੍ਹਾਂ ਨੂੰ ਲਗਦਾ ਸੀ ਕਿ ਮੰਦਰ ਦੇ ਬੱਕਰਿਆਂ ਵੱਲੋਂ ਉਨ੍ਹਾਂ ਦੀ ਫਸਲ ਖਾਣ ਨਾਲ ਫਸਲ ਹੋਰ ਵਧਦੀ ਫੁੱਲਦੀ ਅਤੇ ਫਲਦੀ ਹੈ।
ਸਮਾਂ ਪਾ ਕੇ ਮੰਦਰ ਵਿੱਚ ਬੱਕਰੇ ਚੜ੍ਹਾਉਣ ਦਾ ਸਿਲਸਿਲਾ ਬੰਦ ਹੋ ਗਿਆ ਕਿਉਂਕਿ ਦੂਰ ਨੇੜੇ ਦੇ ਪਿੰਡਾਂ ਦੇ ਲੋਕ ਉਨ੍ਹਾਂ ਨੂੰ ਚੋਰੀ ਛਿੱਪੇ ਫੜ ਕੇ ਲੈ ਜਾਂਦੇ ਸਨ। ਸਿਆਣਿਆਂ ਦਾ ਕਹਿਣਾ ਹੈ ਕਿ ਜੇਕਰ ਇੱਕ ਚਿੜੀ ਨਦੀ ਵਿੱਚੋਂ ਪਾਣੀ ਦੀ ਚੁੰਝ ਭਰ ਕੇ ਲੈ ਜਾਵੇ ਤਾਂ ਨਦੀ ਵਿੱਚੋਂ ਪਾਣੀ ਘਟ ਨਹੀਂ ਜਾਂਦਾ। ਇਸ ਤਰ੍ਹਾਂ ਦੀਆਂ ਉਦਾਹਰਨਾਂ ਕੁਝ ਸੰਤਾਂ, ਭਗਤਾਂ ਅਤੇ ਗੁਰੂਆਂ ਦੇ ਜੀਵਨ ਦੀਆਂ ਵੀ ਸੁਣੀਆਂ ਹਨ, ਜਿਹੜੇ ਮੱਝਾਂ-ਗਊਂਆਂ ਚਰਾਉਣ ਜਾਂਦੇ ਸਨ। ਉਹ ਆਪ ਤਾਂ ਕਿਸੇ ਦਰਖਤ ਹੇਠਾਂ ਇਕਾਂਤ ਵਿੱਚ ਬੈਠ ਕੇ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਸਨ ਅਤੇ ਮੱਝਾਂ-ਗਾਵਾਂ ਜ਼ਿਮੀਦਾਰਾਂ ਦੀਆਂ ਫਸਲਾਂ ਉਜਾੜ ਦਿੰਦੀਆਂ ਸਨ ਪਰ ਬਾਅਦ ਵਿੱਚ ਉਹੀ ਫਸਲਾਂ ਪਹਿਲਾਂ ਵਾਂਗ ਲਹਿ-ਲਹਾਉਂਦੀਆਂ ਨਜ਼ਰ ਆਉਂਦੀਆਂ ਸਨ, ਜਿਵੇਂ ਉਨ੍ਹਾਂ ਨੂੰ ਕਿਸੇ ਪਸ਼ੂ ਨੇ ਖਾਧਾ ਹੀ ਨਾ ਹੋਵੇ। ਮੈਂ ਦੇਖਿਆ ਹੈ ਕਿ ਲੋਕਾਂ ਵੱਲੋਂ ਹਰ ਸਾਲ ਹੋਲੇ ਮਹੱਲੇ ਮੌਕੇ ਰੋਟੀ ਪ੍ਰਸ਼ਾਦੇ ਅਤੇ ਚਾਹ ਪਕੌੜਿਆਂ ਆਦਿ ਦੇ ਲੰਗਰਾਂ ਤੋਂ ਇਲਾਵਾ ਸੰਗਤਾਂ ਲਈ ਗੰਨੇ ਦੇ ਰਸ ਦੇ ਲੰਗਰ ਵੀ ਲਾਏ ਜਾਂਦੇ ਹਨ। ਇਸ ਨੂੰ ਲੋਕਾਂ ਵਿੱਚ ਸਬਰ ਸੰਤੋਖ, ਧਾਰਮਿਕ ਸ਼ਰਧਾ, ਲੋਕ-ਸੇਵਾ, ਪ੍ਰਮਾਤਮਾ ਅਤੇ ਕੁਦਰਤ ਵਿੱਚ ਉਨ੍ਹਾਂ ਦਾ ਅਟੁੱਟ ਵਿਸ਼ਵਾਸ ਹੀ ਕਿਹਾ ਜਾ ਸਕਦਾ ਹੈ।
ਮੈਂ ਆਪਣੀ ਜ਼ਿੰਦਗੀ ਵਿੱਚ ਸਾਲ 1988 ਅਤੇ 2025 ਵਿੱਚ ਕੁਦਰਤ ਦੀ ਕਰੋਪੀ ਦਾ ਮੰਜ਼ਰ ਆਪਣੀ ਅੱਖੀਂ ਦੇਖਿਆ ਹੈ ਜਦੋਂ ਪੰਜਾਬ ਵਿੱਚ ਹੜ੍ਹਾਂ ਨੇ ਇੰਨੀ ਤਬਾਹੀ ਮਚਾਈ ਸੀ ਕਿ ਲੋਕਾਂ ਦੇ ਘਰ, ਡੰਗਰ-ਪਸ਼ੂ, ਮਾਲ ਢਾਂਡਾ ਅਤੇ ਖੜ੍ਹੀਆਂ ਫਸਲਾਂ ਪਲਾਂ ਵਿੱਚ ਤਬਾਹ ਹੋ ਗਏ ਸਨ। ਬੇਸ਼ਕ ਸਾਇੰਸ ਅਤੇ ਟੈਕਨਾਲੋਜੀ ਨੇ ਅੱਜ ਬੇਇੰਤਹਾ ਤਰੱਕੀ ਕੀਤੀ ਹੈ ਪਰ ਕੁਦਰਤੀ ਵਰਤਾਰੇ ਅੱਗੇ ਸਭ ਫੇਲ੍ਹ ਜਾਪ ਰਹੇ ਹਨ। ਮੌਸਮ ਵਿਗਿਆਨੀ ਆਉਣ ਵਾਲੇ ਮੌਸਮ ਬਾਰੇ ਤਾਂ ਪੇਸ਼ੀਨਗੋਈ ਕਰ ਦੇਣਗੇ ਜੋ ਕਈ ਵਾਰੀ ਉਹ ਵੀ ਗਲਤ ਹੋ ਜਾਂਦੀ ਹੈ ਪਰ ਆਉਣ ਵਾਲੇ ਮੀਂਹ, ਹਨੇਰੀ, ਝੱਖੜ ਅਤੇ ਹੜ੍ਹਾਂ ਆਦਿ ਨੂੰ ਰੋਕਣ ਵਿੱਚ ਹਾਲੇ ਤਕ ਅਸਮਰੱਥ ਹਨ। ਸਰਕਾਰਾਂ ਵੱਲੋਂ ਕਰੋੜਾਂ ਅਰਬਾਂ ਰੁਪਏ ਪੁਲਾੜ ਦੀ ਖੋਜ ਕਰਨ ਲਈ ਖਰਚੇ ਜਾ ਰਹੇ ਹਨ ਪਰ ਧਰਤੀ ਦੇ ਬਾਸ਼ਿੰਦਿਆਂ ਨੂੰ ਕੁਦਰਤੀ ਆਫਤਾਂ ਤੋਂ ਬਚਾਉਣ ਲਈ ਕੀਤੇ ਜਾਂਦੇ ਉਪਰਾਲੇ ਨਾਕਾਮ ਸਾਬਤ ਹੋ ਰਹੇ ਹਨ। ਇਹ ਕੁਦਰਤੀ ਆਫਤਾਂ ਪਲਾਂ ਵਿੱਚ ਹੀ ਆਮ ਜਨ ਜੀਵਨ ਨੂੰ ਅਸਤ ਵਿਅਸਤ ਕਰ ਕੇ ਰੱਖ ਦਿੰਦੀਆਂ ਹਨ। ਫਿਰ ਕੁਦਰਤ ਵੱਲੋਂ ਕੀਤੇ ਗਏ ਨੁਕਸਾਨ ਲਈ ਅਸੀਂ ਕਿਸ ਨੂੰ ਦੋਸ਼ ਦਿਆਂਗੇ। ਇਸ ਨੁਕਸਾਨ ਲਈ ਅਸੀਂ ਖੁਦ ਹੀ ਜ਼ਿਮੇਵਾਰ ਹਾਂ ਕਿਉਂਕਿ ਅਸੀਂ ਹਰ ਸਮੇਂ ਕੁਦਰਤ ਨਾਲ ਖਿਲਵਾੜ ਕਰਦੇ ਰਹਿੰਦੇ ਹਾਂ।
ਹੁਣ ਮੈਂ ਫਿਰ ਉਸ ਗੰਨੇ ਵਾਲੀ ਘਟਨਾ ਵਲ ਆਉਂਦਾ ਹਾਂ। ਇੱਕ ਕਹਾਵਤ ਹੈ ਕਿ “ਜੱਟ ਗੰਨਾ ਨਹੀਂ ਦਿੰਦਾ, ਗੁੜ ਦੀ ਭੇਲੀ ਦੇ ਦਿੰਦਾ ਹੈ।” ਗੰਨੇ ਤੋਂ ਗੁੜ ਬਣਾਉਣ ਤਕ ਦੇ ਸਫਰ ਵਿੱਚ ਸਮਾਂ ਅਤੇ ਮਿਹਨਤ ਲਗਦੀ ਹੈ। ਜਦੋਂ ਖੇਤ ਵਿੱਚੋਂ ਗੰਨਾ ਭੰਨਣ ਵਾਲੇ ਲੜਕੇ ਦੀ ਖੇਤ ਦੇ ਮਾਲਕ ਨੇ ਗੁੱਸੇ ਵਿੱਚ ਆ ਕੇ ਕੁੱਟਮਾਰ ਕੀਤੀ ਹੋਵੇਗੀ ਤਾਂ ਉਸ ਨੂੰ ਇਸਦਾ ਅਹਿਸਾਸ ਵੀ ਨਹੀਂ ਹੋਵੇਗਾ ਕਿ ਇਸਦਾ ਅੰਜਾਮ ਕੀ ਹੋਵੇਗਾ। ਲੜਕੇ ਦੀ ਮੌਤ ਨਾਲ ਉਸਦੇ ਪਰਿਵਾਰ ਨੂੰ ਜੋ ਘਾਟਾ ਪਿਆ ਹੈ ਉਸਦੀ ਕੀਮਤ ਤਾਂ ਕਦੇ ਵੀ ਚੁਕਾਈ ਨਹੀਂ ਜਾ ਸਕਦੀ ਅਤੇ ਉਹ ਘਾਟਾ ਤਾਂ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਰ ਕਾਨੂੰਨ ਮੁਤਾਬਿਕ ਜੋ ਸਜ਼ਾ ਖੇਤ ਦੇ ਮਾਲਕ ਨੂੰ ਮਿਲੇਗੀ, ਉਹ ਇੱਕ ਗੰਨੇ ਦੀ ਕੀਮਤ ਨਾਲੋਂ ਕਿਤੇ ਜ਼ਿਆਦਾ ਹੋਵੇਗੀ। ਸ਼ਾਇਦ ਇਹ ਕਹਾਵਤ ਤਾਂ ਹੀ ਬਣੀ ਹੋਵੇਗੀ, “ਜੱਟ ਗੰਨਾ ਨਹੀਂ ਦਿੰਦਾ, ਗੁੜ ਦੀ ਭੇਲੀ ਦੇ ਦਿੰਦਾ ਹੈ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (