“ਭਾਵੇਂ ਬਾਲ ਮਜ਼ਦੂਰੀ ਕਾਨੂੰਨਨ ਅਪਰਾਧ ਹੈ ਪਰ ਇਸ ਨੂੰ ਰੋਕਣ ਲਈ ਸਰਕਾਰ ਨੂੰ ਆਰਥਿਕ ਪੱਖੋਂ ਪਛੜੇ ਅਤੇ ਕਮਜ਼ੋਰ ਵਰਗ ਦੇ ...”
(22 ਅਗਸਤ 2024)
ਕਿਸੇ ਵੀ ਦੇਸ਼ ਦੀ ਆਰਥਿਕ ਹਾਲਤ ਨੂੰ ਜਾਣਨਾ ਹੋਵੇ ਤਾਂ ਉੱਥੇ ਵਸ ਰਹੇ ਲੋਕਾਂ ਦੇ ਰਹਿਣ ਸਹਿਣ, ਖਾਣ ਪੀਣ ਅਤੇ ਉਨ੍ਹਾਂ ਦੇ ਕਾਰ-ਵਿਹਾਰ ਤੋਂ ਬਾਖੂਬੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਦੇਸ਼ ਵਿੱਚ ਵਧ ਰਹੀ ਬੇਰੁਜ਼ਗਾਰੀ ਦੀ ਸਮੱਸਿਆ ਕਾਰਨ ਲੋਕਾਂ ਨੂੰ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਨ ਲਈ ਰੋਟੀ ਰੋਜ਼ੀ ਦੇ ਵਸੀਲਿਆਂ ਦੀ ਭਾਲ ਕਰਨੀ ਪੈਂਦੀ ਹੈ। ਇੱਥੋਂ ਤਕ ਕਿ ਮਾਸੂਮ ਬੱਚਿਆਂ ਨੂੰ ਵੀ ਕੰਮ ਧੰਦੇ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਭਾਵੇਂ ਬਾਲ ਮਜ਼ਦੂਰੀ ਕਾਨੂੰਨਨ ਅਪਰਾਧ ਹੈ ਪਰ ਫਿਰ ਵੀ ਮਜਬੂਰੀ ਵੱਸ ਬੱਚਿਆਂ ਨੂੰ ਮਜ਼ਦੂਰੀ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਕੋਈ ਵੀ ਮਾਪੇ ਭਾਵੇਂ ਉਹ ਕਿੰਨੇ ਵੀ ਗਰੀਬ ਕਿਉਂ ਨਾ ਹੋਣ ਉਹ ਆਪਣੇ ਬੱਚਿਆਂ ਨੂੰ ਮਜ਼ਦੂਰੀ ਕਰਨ ਲਈ ਨਹੀਂ ਭੇਜ ਸਕਦੇ। ਉਨ੍ਹਾਂ ਦੀ ਕੋਈ ਤਾਂ ਮਜਬੂਰੀ ਹੁੰਦੀ ਹੋਵੇਗੀ। ਬੱਚੇ ਮਜ਼ਦੂਰੀ ਕਿਉਂ ਕਰਦੇ ਹਨ, ਇਸਦੇ ਪਿੱਛੇ ਛੁਪੇ ਕਾਰਨਾਂ ਨੂੰ ਜਾਣਨਾ ਬੇਹੱਦ ਜ਼ਰੂਰੀ ਹੈ। ਇਨ੍ਹਾਂ ਕਾਰਨਾਂ ਦਾ ਹੱਲ ਕਰ ਕੇ ਹੀ ਬਾਲ ਮਜ਼ਦੂਰੀ ਨੂੰ ਰੋਕਿਆ ਜਾ ਸਕਦਾ ਹੈ।
ਬਾਲ ਮਜ਼ਦੂਰੀ ਸਮਾਜ ਦੇ ਮੱਥੇ ’ਤੇ ਕਲੰਕ ਹੈ। ਜਦੋਂ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਖੇਤਾਂ ਵਿੱਚ, ਭੱਠਿਆਂ ’ਤੇ, ਕਰਿਆਨੇ ਅਤੇ ਕੱਪੜੇ ਦੀਆਂ ਦੁਕਾਨਾਂ, ਢਾਬਿਆਂ ਆਦਿ ’ਤੇ ਕੰਮ ਕਰਦੇ ਹੋਏ ਦੇਖਦੇ ਹਾਂ ਤਾਂ ਉਨ੍ਹਾਂ ਦੇ ਮਾਪਿਆਂ ਦੀ ਮਜਬੂਰੀ ਵਲ ਧਿਆਨ ਜਾਂਦਾ ਹੈ। ਕਿਵੇਂ ਇਹ ਬੱਚੇ ਘਰ ਦਾ ਗੁਜ਼ਾਰਾ ਚਲਾਉਣ ਲਈ ਮਾਪਿਆਂ ਦੇ ਨਾਲ ਕੰਮ ਵਿੱਚ ਹੱਥ ਵਟਾਉਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਗਰੀਬ ਪਰਿਵਾਰਾਂ ਦੀਆਂ ਮੁਢਲੀਆਂ ਲੋੜਾਂ ਦਾ ਹੱਲ ਕਰੇ ਤਾਂ ਜੋ ਇਹ ਵੀ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜ ਸਕਣ। ਅਜਿਹਾ ਕਰਨ ਨਾਲ ਬਾਲ ਮਜ਼ਦੂਰੀ ਦਾ ਖਾਤਮਾ ਆਪਣੇ ਆਪ ਹੋ ਜਾਵੇਗਾ। ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਬੱਚੇ ਭਾਵੇਂ ਉਹ ਸਕੂਲਾਂ, ਕਾਲਜਾਂ ਵਿੱਚ ਪੜ੍ਹਦੇ ਵੀ ਹਨ ਪਰ ਉਹ ਸਕੂਲਾਂ, ਕਾਲਜਾਂ ਤੋਂ ਆ ਕੇ ਮਾਪਿਆਂ ਨਾਲ ਖੇਤਾਂ ਵਿੱਚ ਜਾਂ ਭੱਠਿਆਂ ’ਤੇ ਕੰਮ ਕਰਦੇ ਹਨ। ਅਜਿਹਾ ਕਰ ਕੇ ਉਹ ਘਰ ਦਾ ਗੁਜ਼ਾਰਾ ਚਲਾਉਣ ਲਈ ਅਤੇ ਆਪਣੇ ਸਕੂਲ, ਕਾਲਜ ਦੀਆਂ ਫੀਸਾਂ ਅਤੇ ਹੋਰ ਖਰਚੇ ਚਲਾਉਣ ਲਈ ਆਪਣੇ ਮਾਪਿਆਂ ਦੀ ਮਦਦ ਕਰਦੇ ਹਨ। ਜੇਕਰ ਇਨ੍ਹਾਂ ਬੱਚਿਆਂ ਨੂੰ ਕੰਮ ਕਰਨ ਤੋਂ ਰੋਕਣਾ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਇਨ੍ਹਾਂ ਗਰੀਬ ਪਰਿਵਾਰਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਯਤਨ ਕੀਤੇ ਜਾਣ।
ਭਾਰਤ ਤੋਂ ਵਿਦੇਸ਼ਾਂ ਵਿੱਚ ਪੜ੍ਹਾਈ ਦੇ ਆਧਾਰ ’ਤੇ ਗਏ ਬੱਚੇ ਵੀ ਆਪਣੇ ਵਿਹਲੇ ਸਮੇਂ ਵਿੱਚ ਉੱਥੋਂ ਦੇ ਹੋਟਲਾਂ, ਸ਼ਾਪਿੰਗ ਮਾਲਜ਼ ਅਤੇ ਹੋਰ ਕਈ ਥਾਵਾਂ ’ਤੇ ਕੰਮ ਕਰਦੇ ਹਨ ਤਾਂ ਕਿ ਉਹ ਆਪਣੀ ਪੜ੍ਹਾਈ ਅਤੇ ਰਹਿਣ ਸਹਿਣ ਦਾ ਖਰਚਾ ਖੁਦ ਚੁੱਕ ਸਕਣ। ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਨੂੰ ਉੱਥੋਂ ਦੀਆਂ ਵਿੱਦਿਅਕ ਸੰਸਥਾਵਾਂ ਅਤੇ ਸਰਕਾਰ ਵੱਲੋਂ ਹਫਤੇ ਵਿੱਚ ਕੁਝ ਘੰਟੇ ਕੰਮ ਕਰਨ ਦੀ ਛੋਟ ਦਿੱਤੀ ਜਾਂਦੀ ਹੈ। ਕੰਮ ਕਰ ਕੇ ਜਿੱਥੇ ਉਹ ਆਪਣੇ ਮਾਪਿਆਂ ਦੇ ਆਰਥਿਕ ਬੋਝ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ, ਉੱਥੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਵੀ ਯਤਨਸ਼ੀਲ ਹੁੰਦੇ ਹਨ।
ਦਿਨ-ਬ-ਦਿਨ ਵਧ ਰਹੀ ਆਬਾਦੀ ਵੀ ਸਮਾਜ ਦੇ ਕੁਝ ਵਰਗਾਂ ਦੀ ਆਰਥਿਕ ਹਾਲਤ ਵਿਗਾੜਨ ਦਾ ਕਾਰਨ ਬਣਦੀ ਜਾ ਰਹੀ ਹੈ, ਜਿਸ ਕਾਰਨ ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਕੋਈ ਨਾ ਕੋਈ ਕੰਮ ਧੰਦਾ ਕਰਨਾ ਪੈਂਦਾ ਹੈ। ਫਿਰ ਭਾਵੇਂ ਉਹ ਬੱਚੇ ਹੋਣ ਜਾਂ ਬੁੱਢੇ, ਕੰਮ ਕਰਨਾ ਉਨ੍ਹਾਂ ਦੀ ਮਜਬੂਰੀ ਬਣ ਜਾਂਦੀ ਹੈ। ਸਰਕਾਰ ਨੂੰ ਵਧ ਰਹੀ ਆਬਾਦੀ ਨੂੰ ਠੱਲ੍ਹ ਪਾਉਣ ਲਈ ਵੀ ਕੋਈ ਠੋਸ ਨਿਯਮ ਅਤੇ ਕਾਨੂੰਨ ਬਣਾਉਣੇ ਚਾਹੀਦੇ ਹਨ। ਇਸਦੇ ਨਾਲ ਹੀ ਇੱਕ ਉਮਰ ਹੱਦ ਤੋਂ ਉੱਪਰ ਦੇ ਬੱਚਿਆਂ ਨੂੰ ਕੰਮ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਮਾਪਿਆਂ ਦੀ ਆਮਦਨ ਵਿੱਚ ਵਾਧਾ ਕਰ ਸਕਣ ਅਤੇ ਪੜ੍ਹ ਲਿਖ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ। ਭਾਵੇਂ ਬਾਲ ਮਜ਼ਦੂਰੀ ਕਾਨੂੰਨਨ ਅਪਰਾਧ ਹੈ ਪਰ ਇਸ ਨੂੰ ਰੋਕਣ ਲਈ ਸਰਕਾਰ ਨੂੰ ਆਰਥਿਕ ਪੱਖੋਂ ਪਛੜੇ ਅਤੇ ਕਮਜ਼ੋਰ ਵਰਗ ਦੇ ਇਨ੍ਹਾਂ ਲੋਕਾਂ ਨੂੰ ਰੁਜ਼ਗਾਰ ਦੇ ਵਧੇਰੇ ਮੌਕੇ ਮੁਹਈਆ ਕਰਵਾ ਕੇ ਸਮਾਜ ਵਿੱਚ ਇੱਜ਼ਤ ਮਾਣ ਨਾਲ ਵਿਚਰਣ ਦੇ ਯੋਗ ਬਣਾਉਣ ਦੀ ਲੋੜ ਹੈ। ਇਸ ਨਾਲ ਬਾਲ ਮਜ਼ਦੂਰੀ ਨੂੰ ਵੀ ਠੱਲ੍ਹ ਪਵੇਗੀ ਅਤੇ ਦੇਸ਼ ਦੀ ਆਰਥਿਕਤਾ ਵੀ ਉੱਨਤ ਹੋਵੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5239)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.