“ਵੱਡੀਆਂ ਵੱਡੀਆਂ ਆਲੀਸ਼ਾਨ ਇਮਾਰਤਾਂ ਦੀ ਉਸਾਰੀ ਕਰਨ ਵਾਲੇ ਇਹ ਕਾਮੇ ਖੁਦ ਝੁੱਗੀਆਂ ...”
(1 ਮਈ 2025)
ਅੱਜ ਤੋਂ ਕਰੀਬ 139 ਸਾਲ ਪਹਿਲਾਂ ਮਈ 1886 ਵਿੱਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਹੜਤਾਲ ’ਤੇ ਬੈਠੇ ਸ਼ਾਂਤਮਈ ਕਾਮਿਆਂ ’ਤੇ ਪੁਲਿਸ ਵੱਲੋਂ ਸਮੇਂ ਦੇ ਹੁਕਮਰਾਨਾਂ ਅਤੇ ਰਜਵਾੜਾਸ਼ਾਹੀ ਤਾਕਤਾਂ ਦੇ ਇਸ਼ਾਰੇ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਕਾਰਨ 50 ਤੋਂ ਵਧ ਕਾਮੇ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਛੇ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਚਾਰ ਮਜ਼ਦੂਰਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਕੇ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਨਿਰਦੋਸ਼ ਕਾਮਿਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹਰ ਸਾਲ 1 ਮਈ ਨੂੰ ਪੂਰੇ ਵਿਸ਼ਵ ਵਿੱਚ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿੱਚ ਵੀ ਇਹ ਦਿਹਾੜਾ ਮਨਾਉਣ ਲਈ ਕਈ ਸੂਬਾ ਸਰਕਾਰਾਂ ਵੱਲੋਂ ਇਸ ਦਿਨ ਸਰਕਾਰੀ ਦਫਤਰਾਂ, ਬੋਰਡਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ। ਪਰ ਮਜ਼ਦੂਰਾਂ, ਕਿਰਤੀ ਕਾਮਿਆਂ ਨੂੰ ਇਸ ਛੁੱਟੀ ਦਾ ਕੀ ਭਾਅ? ਸਰਕਾਰੀ ਮੁਲਾਜ਼ਮ ਤਾਂ ਇਸ ਦਿਨ ਆਪਣੇ ਬੱਚਿਆਂ ਨਾਲ ਪਿਕਨਿਕ ਮਨਾ ਕੇ ਛੁੱਟੀ ਦਾ ਅਨੰਦ ਮਾਣਦੇ ਹਨ ਕਿਉਂਕਿ ਉਨ੍ਹਾਂ ਨੂੰ ਛੁੱਟੀ ਵਾਲੇ ਦਿਨ ਦੀ ਵੀ ਤਨਖਾਹ ਮਿਲਦੀ ਹੈ ਪਰ ਇੱਕ ਮਜ਼ਦੂਰ ਨੂੰ ਤਾਂ ਆਪਣੇ ਘਰ ਦਾ ਚੁੱਲ੍ਹਾ ਬਲਦਾ ਰੱਖਣ ਲਈ ਆਪਣੇ ਕੰਮ ’ਤੇ ਜਾਣਾ ਹੀ ਪੈਂਦਾ ਹੈ। ਜੇਕਰ ਉਹ ਛੁੱਟੀ ਕਰ ਕੇ ਘਰ ਬੈਠ ਜਾਵੇ ਤਾਂ ਅਗਲੇ ਦਿਨ ਉਸਦੇ ਘਰ ਦਾ ਚੁੱਲ੍ਹਾ ਨਹੀਂ ਮਘਦਾ ਅਤੇ ਪਰਿਵਾਰ ਨੂੰ ਭੁੱਖੇ ਪੇਟ ਰਹਿਣਾ ਪੈਂਦਾ ਹੈ।
ਮਜ਼ਦੂਰਾਂ ਨੂੰ ਤਾਂ ਇਸ ਦਿਨ ਦੀ ਅਹਿਮੀਅਤ ਦਾ ਪਤਾ ਵੀ ਨਹੀਂ ਹੈ। ਇੱਕ ਕਹਾਵਤ ਹੈ ਕਿ ‘ਭੁੱਖੇ ਅੱਗੇ ਬਾਤ ਪਾਈ ਤਾਂ ਉਹ ਕਹਿੰਦਾ ਰੋਟੀ।’ ਭਾਵ ਕਿ ਮਜ਼ਦੂਰਾਂ ਜਾਂ ਕਿਰਤੀਆਂ ਨੂੰ ਤਾਂ ਆਪਣੇ ਅਤੇ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਰੋਟੀ ਚਾਹੀਦੀ ਹੈ, ਜਿਹੜੀ ਉਨ੍ਹਾਂ ਨੂੰ ਵਿਹਲੇ ਬੈਠ ਕੇ ਨਹੀਂ ਮਿਲ ਸਕਦੀ। ਇਹ ਉਹ ਵਰਗ ਹੈ, ਜਿਹੜਾ ਆਪਣੇ ਸੁਪਨਿਆਂ ਅਤੇ ਆਪਣੀਆਂ ਖਾਹਿਸ਼ਾਂ ਨੂੰ ਧਰਤੀ ਹੇਠ ਡੂੰਘਾ ਦਫਨ ਕਰ ਕੇ ਦੂਜਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਿਰੰਤਰ ਜੁਟਿਆ ਰਹਿੰਦਾ ਹੈ। ਪਰ ਫਿਰ ਵੀ ਮਜ਼ਦੂਰਾਂ, ਕਿਰਤੀ ਕਾਮਿਆਂ ਦਾ ਆਰਥਿਕ ਸ਼ੋਸ਼ਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ। ਮਜ਼ਦੂਰ ਔਰਤਾਂ ਦੀ ਦੁਰਦਸ਼ਾ ਤਾਂ ਮਰਦ ਮਜ਼ਦੂਰਾਂ ਨਾਲੋਂ ਵੀ ਤਰਸਯੋਗ ਹੁੰਦੀ ਹੈ। ਉਨ੍ਹਾਂ ਨੂੰ ਘੱਟ ਮਜ਼ਦੂਰੀ ਦੇ ਕੇ ਵੱਧ ਕੰਮ ਲਿਆ ਜਾਂਦਾ ਹੈ ਅਤੇ ਕਈ ਵਾਰ ਤਾਂ ਉਨ੍ਹਾਂ ਦੇ ਪੈਸੇ ਮਾਰ ਵੀ ਲਏ ਜਾਂਦੇ ਹਨ। ਇੱਥੇ ਹੀ ਬੱਸ ਨਹੀਂ ਹੈ। ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਨਾ ਅਮੀਰਜ਼ਾਦਿਆਂ ਲਈ ਆਮ ਜਿਹੀ ਗੱਲ ਹੈ। ਫਿਰ ਵੀ ਉਹ ਚੁੱਪ ਰਹਿ ਕੇ ਸਮਾਂ ਲੰਘਾ ਲੈਂਦੀਆਂ ਹਨ ਕਿਉਂਕਿ ਸਰਕਾਰੇ ਦਰਬਾਰੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਔਰਤਾਂ ਲੋਕਾਂ ਦੇ ਘਰਾਂ ਵਿੱਚ ਸਾਫ਼ ਸਫ਼ਾਈ ਦਾ ਕੰਮ ਕਰ ਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਪੇਟ ਪਾਲਦੀਆਂ ਹਨ। ਸਿਆਸਤਦਾਨਾਂ ਵੱਲੋਂ ਇਨ੍ਹਾਂ ਨੂੰ ਆਪਣੇ ਵੋਟ ਬੈਂਕ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੀ ਗਰੀਬੀ, ਮੁਫਲਿਸੀ ਅਤੇ ਮਜਬੂਰੀ ਦਾ ਭਰਪੂਰ ਫਾਇਦਾ ਉਠਾਇਆ ਜਾਂਦਾ ਹੈ। ਜੇਕਰ ਇਹ ਕਿਰਤ ਨਾ ਕਰਨ ਤਾਂ ਜਿੱਥੇ ਇਨ੍ਹਾਂ ਦੇ ਪਰਿਵਾਰਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਵੇਗਾ, ਉੱਥੇ ਦੇਸ਼ ਦਾ ਵਿਕਾਸ ਵੀ ਰੁਕ ਜਾਵੇਗਾ। ਇਹ ਵਰਗ ਹੀ ਦੇਸ਼ ਦੇ ਵਿਕਾਸ ਦਾ ਅਸਲ ਨਿਰਮਾਤਾ ਹੈ।
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ “ਕਿਸੇ ਵੀ ਦੇਸ਼ ਦੀ ਤਰੱਕੀ ਉਸ ਦੇਸ਼ ਦੇ ਕਾਮਿਆਂ ਅਤੇ ਕਿਸਾਨਾਂ ’ਤੇ ਨਿਰਭਰ ਕਰਦੀ ਹੈ।” ਵੱਡੀਆਂ ਵੱਡੀਆਂ ਆਲੀਸ਼ਾਨ ਇਮਾਰਤਾਂ ਦੀ ਉਸਾਰੀ ਕਰਨ ਵਾਲੇ ਇਹ ਕਾਮੇ ਖੁਦ ਝੁੱਗੀਆਂ ਝੌਂਪੜੀਆਂ ਵਿੱਚ ਰਹਿ ਕੇ ਗੁਜ਼ਰ ਬਸਰ ਕਰਦੇ ਹਨ ਪਰ ਕਿਸੇ ਵੀ ਸਿਆਸੀ ਪਾਰਟੀ ਜਾਂ ਸਰਕਾਰ ਦੀ ਸਵੱਲੀ ਨਜ਼ਰ ਇਨ੍ਹਾਂ ਮਿਹਨਤਕਸ਼ ਲੋਕਾਂ ਦੀ ਭਲਾਈ ਵਲ ਨਹੀਂ ਜਾਂਦੀ। ਸਮਾਜ ਦਾ ਇਹ ਦੱਬਿਆ ਕੁਚਲਿਆ ਅਤੇ ਲਤਾੜਿਆ ਹੋਇਆ ਵਰਗ ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਨਿਰੰਤਰ ਕੰਮ ਕਰਦਾ ਆ ਰਿਹਾ ਹੈ ਪਰ ਇਨ੍ਹਾਂ ਦੇ ਖੁਦ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਅਤਿ ਦੀ ਮਹਿੰਗਾਈ ਕਾਰਨ ਇਨ੍ਹਾਂ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ। ਇਸ ਲਈ ਸਰਕਾਰ ਨੂੰ ਇਨ੍ਹਾਂ ਦੇ ਵਿਕਾਸ ਵਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਨ੍ਹਾਂ ਦੇ ਬੱਚਿਆਂ ਲਈ ਮੁਫ਼ਤ ਸਿੱਖਿਆ, ਰੁਜ਼ਗਾਰ, ਸਿਰ ਢਕਣ ਲਈ ਮਜ਼ਬੂਤ ਛੱਤ ਅਤੇ ਹੋਰ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਜ਼ਮੀਨੀ ਪੱਧਰ ’ਤੇ ਉਪਰਾਲੇ ਕਰਨੇ ਚਾਹੀਦੇ ਹਨ। ਇਨ੍ਹਾਂ ਨੂੰ ਵੀ ਸਮਾਜ ਵਿੱਚ ਪੂਰਾ ਮਾਣ ਸਨਮਾਨ ਮਿਲਣਾ ਚਾਹੀਦਾ ਹੈ, ਤਦ ਹੀ ਮਜ਼ਦੂਰ ਦਿਵਸ ਮਨਾਉਣਾ ਸਾਰਥਿਕ ਹੋ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)