JaswinderSBhuleria7ਪਤਾਨਹੀਂਕਿਹੜੇ ਵੇਲੇਕੋਈਫਿਰੌਤੀਮੰਗਲਵੇ, ਜਾਂਫਿਰਗੋਲੀਹੀਮਾਰਦੇਵੇ।ਇਨ੍ਹਾਂਭਿਆਨਕ ...
(22 ਫਰਵਰੀ 2026)


ਅੱਜ
ਪੰਜਾਬ ਬਹੁਤ ਹੀ ਸਮੱਸਿਆਵਾਂ ਵਿੱਚ ਘਿਰਿਆ ਪਿਆ ਹੈ, ਜਿਨ੍ਹਾਂ ਦੇ ਹੱਲ ਲਈ ਲੋਕ ਤਰਸ ਰਹੇ ਹਨ। ਪਰ ਕੁਝ ਕੁ ਇਹੋ ਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦਾ ਤੁਰੰਤ ਹੱਲ ਲੱਭਣ ਦੀ ਸਖਤ ਜ਼ਰੂਰਤ ਹੈ। ਇਨ੍ਹਾਂ ਸਮੱਸਿਆਵਾਂ ਦੀ ਗੱਲ ਮੈਂ ਅੱਜ ਸਰਕਾਰ ਦੇ ਧਿਆਨ ਵਿੱਚ ਦਿਵਾਉਣਾ ਚਾਹੁੰਦਾ ਹਾਂ। ਜੇਕਰ ਗੱਲ ਕਰੀਏ ਤਾਂ ਕੋਈ ਇਹੋ ਜਿਹਾ ਦਿਨ ਹੋਵੇਗਾ ਜਿਸ ਦਿਨ ਕਿਸੇ ਅਵਾਰਾ ਪਸ਼ੂ ਨੇ ਕਿਸੇ ਰਾਹਗੀਰ ਦੀ ਜਾਨ ਨਾ ਲਈ ਹੋਵੇਗੀ। ਭਾਵੇਂ ਉਹ ਵਿਅਕਤੀ ਸੜਕ ਉੱਤੇ ਜਾ ਰਿਹਾ ਹੋਵੇ, ਭਾਵੇਂ ਬਜ਼ਾਰ ਜਾਂ ਹੋਰ ਕਿਸੇ ਥਾਂ ਉੱਤੋਂ ਲੰਘ ਰਿਹਾ ਹੋਵੇ। ਇਸ ਤੋਂ ਇਲਾਵਾ ਅਵਾਰਾਂ ਪਸ਼ੂਆਂ ਦਾ ਅੱਤਵਾਦ ਫਸਲਾਂ ਨੂੰ ਬਹੁਤ ਹੀ ਨੁਕਸਾਨ ਪਹੁੰਚਾ ਰਿਹਾ ਹੈ। ਲੋਕ ਦੁਖੀ ਹੋਏ ਬੈਠੇ ਹਨ। ਲੋਕ ਇਨ੍ਹਾਂ ਦਾ ਕੁਝ ਕਰ ਵੀ ਨਹੀਂ ਸਕਦੇ। ਬੇਸ਼ਕ ਗਊਸ਼ਾਲਾਵਾਂ ਦੇ ਨਾਂਵਾਂ ਹੇਠ ਬਹੁਤ ਸਾਰੇ ਗਊ ਸੈੱਸ ਟੈਕਸ ਲਏ ਜਾਂਦੇ ਹਨ, ਪਤਾ ਨਹੀਂ ਉਹ ਕਿੱਧਰ ਜਾ ਰਹੇ ਹਨ। ਅਵਾਰਾ ਗਾਵਾਂ ਤੇ ਬਲਦ ਉਵੇਂ ਹੀ ਸੜਕਾਂ ਉੱਤੇ ਭਿੜਦੇ ਫਿਰਦੇ ਹਨ। ਸਗੋਂ ਇਨ੍ਹਾਂ ਦੀ ਗਿਣਤੀ ਵਿੱਚ ਦਿਨ ਬਦਿਨ ਵਾਧਾ ਹੋ ਰਿਹਾ ਹੈ। ਜੇਕਰ ਗੱਲ ਕਰੀਏ ਅਵਾਰਾ ਕੁੱਤਿਆਂ ਦੀ, ਉਹ ਵੀ ਕਿਸੇ ਪੱਖੋਂ ਘੱਟ ਨਹੀਂ ਹਨ। ਬੱਚਿਆਂ ਨੂੰ ਨੋਚ ਨੋਚ ਕੇ ਖਾ ਜਾਂਦੇ ਹਨ। ਕੋਈ ਇਕੱਲਾ ਰਾਹਗੀਰ ਮਿਲ ਜਾਵੇ ਤਾਂ ਉਸ ਨੂੰ ਵੀ ਵੱਢ ਕੇ ਖਾ ਜਾਂਦੇ ਹਨ। ਬੇਹਿਸਾਬ ਲੋਕਾਂ ਦੀਆਂ ਮੌਤਾਂ ਕੁੱਤਿਆਂ ਦੇ ਵੱਢਣ ਕਰਕੇ ਹੋਈਆਂ ਹਨ ਅਤੇ ਵੀ ਹੋ ਰਹੀਆਂ ਹਨ। ਇਨ੍ਹਾਂ ਭਿਆਨਕ ਮੌਤਾਂ ਬਾਰੇ ਤੁਸੀਂ ਹਰ ਰੋਜ਼ ਅਖਬਾਰਾਂ ਵਿੱਚ ਖਬਰਾਂ ਪੜ੍ਹ ਸਕਦੇ ਹੋ। ਇਸ ਸਮੱਸਿਆ ਦਾ ਹੱਲ ਸਰਕਾਰ ਕੋਈ ਨਹੀਂ ਕੱਢ ਰਹੀ। ਲੋਕ ਬਹੁਤ ਪ੍ਰੇਸ਼ਾਨ ਹਨ। ਇਹ ਤਾਂ ਉਹ ਜਾਨਵਰ ਹਨ ਜੋ ਲੋਕਾਂ ਦੇ ਸਾਹਮਣੇ ਘੁੰਮਦੇ ਫਿਰਦੇ ਨਜ਼ਰ ਰਹੇ ਹਨ, ਜਿਨ੍ਹਾਂ ਨੂੰ ਫੜਨਾ ਕੋਈ ਔਖਾ ਨਹੀਂ।

ਅਗਲੀ ਗੱਲ, ਆਪਾਂ ਸਾਰੇ ਹੀ ਜਾਣਦੇ ਹਾਂ ਕਿ ਚਿੱਟਾ ਪੰਜਾਬ ਦੀ ਨੌਜਵਾਨੀ ਨੂੰ ਘੁਣ ਵਾਂਗ ਖਾਈ ਜਾ ਰਿਹਾ ਹੈ। ਹਰ ਰੋਜ਼ ਅਖਬਾਰ ਦੀਆਂ ਸੁਰਖੀਆਂ ਵਿੱਚ ਕਿਧਰੇ ਨਾ ਕਿਧਰੇ ਚਿੱਟੇ ਦੇ ਟੀਕੇ ਲਾਉਣ ਨਾਲ ਮੌਤ ਦੀ ਖਬਰ ਛਪੀ ਹੁੰਦੀ ਹੈ। ਭਾਵੇਂ ਸਰਕਾਰ ਵੱਲੋਂ ਬੜੇ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ ਕਿ ਚਿੱਟਾ ਬੰਦ ਕਰਕੇ ਵਿਖਾਵਾਂਗੇ ਪਰ ਅਜੇ ਤਕ ਕੋਈ ਠੋਸ ਹੱਲ ਨਹੀਂ ਲੱਭਿਆ। ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਚਿੱਟੇ ਦੀ ਥਾਂ ਓਟ ਸੈਂਟਰ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਪਰ ਉਹ ਫਾਰਮੂਲਾ ਵੀ ਫੇਲ ਹੀ ਸਾਬਤ ਹੋਇਆ ਹੈ। ਚਿੱਟੇ ਦੇ ਸਿੱਟੇ ਭਿਆਨਕ ਹੀ ਨਿਕਲ ਰਹੇ ਹਨ। ਕਦੋਂ ਉਹ ਦਿਨ ਆਵੇਗਾ ਜਦੋਂ ਪੰਜਾਬ ਵਿੱਚੋਂ ਚਿੱਟਾ ਖਤਮ ਹੋਵੇਗਾ?

ਇਸ ਤੋਂ ਇਲਾਵਾ ਇੱਕ ਨਵਾਂ ਹੀ ਰੋਗ ਗੈਂਗਸਟਰਵਾਦ ਦਾ ਪੰਜਾਬ ਨੂੰ ਲੱਗ ਗਿਆ ਹੈ। ਇਹ ਖੂੰਖਾਰ ਦਰਿੰਦੇ ਨਜਾਇਜ਼ ਹੀ ਲੋਕਾਂ ਨੂੰ ਮਾਰੀ ਜਾ ਰਹੇ ਹਨ। ਕਿਤੇ ਗੈਂਗਸਟਰ ਮਾਰਿਆ ਜਾ ਰਿਹਾ ਹੈ, ਕਿਤੇ ਗੈਂਗਸਟਰ ਕਿਸੇ ਨੂੰ ਮਾਰ ਰਹੇ ਹਨ। ਕੋਈ ਸਮਝ ਹੀ ਨਹੀਂ ਆ ਰਹੀ ਕਿ ਇਹ ਹੋ ਕੀ ਰਿਹਾ ਹੈ। ਇਨ੍ਹਾਂ ਗੈਂਗਸਟਰ ਕੋਲ ਅਸਲਾ ਕਿੱਥੋਂ ਰਿਹਾ ਹੈ, ਆਮ ਲੋਕਾਂ ਨੂੰ ਤਾਂ ਰੋਟੀ ਦੇ ਲਾਲੇ ਪਏ ਹੋਏ ਹਨ? ਜਿਹੜੇ ਲੋਕ ਸੁਖ ਦੀ ਰੋਟੀ ਖਾਂਦੇ ਹਨ, ਉਹਨਾਂ ਲੋਕਾਂ ਨੀਂਦ ਹਰਾਮ ਹੋਈ ਪਈ ਹੈ। ਪਤਾ ਨਹੀਂ ਕਿਹੜੇ ਵੇਲੇ ਕੋਈ ਫਿਰੌਤੀ ਮੰਗ ਲਵੇ, ਜਾਂ ਫਿਰ ਗੋਲੀ ਹੀ ਮਾਰ ਦੇਵੇ। ਇਨ੍ਹਾਂ ਭਿਆਨਕ ਬਿਮਾਰੀਆਂ ਦਾ ਕੀ ਹੱਲ ਨਿਕਲੇਗਾ, ਇਹ ਹੁਣ ਹਰ ਇੱਕ ਪੰਜਾਬੀ ਵਾਸਤੇ ਸੋਚਣ ਦਾ ਵਿਸ਼ਾ ਬਣਿਆ ਹੋਇਆ ਹੈ। ਆਮ ਬੰਦੇ ਦੀ ਜ਼ਿੰਦਗੀ ਨਾਲ ਕਿਉਂ ਖਿਲਵਾੜ ਹੋ ਰਿਹਾ ਹੈ, ਇਸ ਨੂੰ ਤੁਰੰਤ ਰੋਕਣ ਦੀ ਜ਼ਰੂਰਤ ਹੈ। ਅਵਾਰਾ ਪਸ਼ੂ, ਅਵਾਰਾਂ ਕੁੱਤੇ, ਚਿੱਟਾ ਤੇ ਗੈਂਗਸਟਰਵਾਦ ਨੂੰ ਨੱਥ ਪਾਉਣੀ ਅਤਿਅੰਤ ਜ਼ਰੂਰੀ ਹੈ।ਜਿਹੜੀ ਸਰਕਾਰ ਪੰਜਾਬ ਵਿੱਚੋਂ ਅਵਾਰਾ ਪਸ਼ੂ ਅਤੇ ਕੁੱਤੇ ਹੀ ਕਾਬੂ ਨਹੀਂ ਕਰ ਸਕੀ, ਉਹ ਨਸ਼ਾ ਤਸਕਰਾਂ ਅਤੇ ਗੈਂਗਸਟਰ ਕਾਬੂ ਕਿਵੇਂ ਲਵੇਗੀ? ਇਹ ਸਵਾਲ ਅੱਜ ਹਰ ਪੰਜਾਬੀ ਦੇ ਮਨ ਨੂੰ ਬੇਚੈਨ ਕਰ ਰਿਹਾ ਹੈ। 

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

Jaswinder S Bhuleria

Jaswinder S Bhuleria

Mamdot, Firozpur, Punjab, India.
Phone: (91 - 75891 - 55501)
Email: (Jaswinder.Bhuleria1@gmail.com)

More articles from this author