“ਜੇਕਰ ਘਰ ਬਚ ਗਿਆ ਤਾਂ ਸਮਝੋ ਪਰਿਵਾਰ ਬਚ ਜਾਏਗਾ। ਜੇ ਪਰਿਵਾਰ ...”
(3 ਫਰਵਰੀ 2025)
ਚਾਈਨਾ ਡੋਰ ਇੱਕੋ ਝਟਕੇ ਫਾਂਸੀ ਲਾ ਰਹੀ ਹੈ
ਸਿਆਣੇ ਆਖਦੇ ਨੇ ਕਿ ਗੁੜ, ਗੁੜ ਆਖਣ ਨਾਲ ਕਦੇ ਨਹੀਂ ਹੁੰਦਾ ਮੂੰਹ ਮਿੱਠਾ, ਜਦੋਂ ਤੱਕ ਮੂੰਹ ਵਿੱਚ ਨਾ ਪਾਈਏ। ਬੱਸ ਉਹੀ ਗੱਲ ਅੱਜ ਸਾਡੇ ਨਾਲ ਹੋ ਰਹੀ ਹੈ। ਪ੍ਰਸ਼ਾਸਨ ਵੱਲੋਂ ਬੜਾ ਰੌਲਾ ਪਾਇਆ ਜਾ ਰਿਹਾ ਹੈ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਪਰ ਫਿਰ ਵੀ ਵੇਚਣ ਵਾਲੇ ਆਪਣਾ ਕੰਮ ਜ਼ੋਰਾਂ-ਸ਼ੋਰਾਂ ਨਾਲ ਕਰੀ ਜਾ ਰਹੇ ਹਨ। ਇਸ ਗੱਲ ਦਾ ਪਤਾ ਸਭ ਨੂੰ ਹੈ ਪਰ ਕਬੂਤਰ ਵਾਂਗੂੰ ਅੱਖਾਂ ਮੀਟ ਕੇ ਕੰਮ ਚਲਾ ਰਹੇ ਹਨ। ਕਿਸੇ ਇੱਕ ਅੱਧੇ ਨੂੰ ਫੜ ਕੇ ਪਰਚਾ ਕਟਿਆ ਜਾਂਦਾ ਹੈ, ਬਾਕੀ ਹਨੇਰ ਗਲੀ ਵਿੱਚੋਂ ਕੱਢ ਦਿੱਤੇ ਜਾਂਦੇ ਹਨ। ਪਤਾ ਉਸ ਸਮੇਂ ਲਗਦਾ ਹੈ ਜਦੋਂ ਕਿਸੇ ਰਾਹਗੀਰ ਦੇ ਗਲ ਵਿੱਚ ਚਾਈਨਾ ਡੋਰ ਫਸ ਜਾਂਦੀ ਹੈ। ਫਿਰ ਪ੍ਰਸ਼ਾਸ਼ਨ ਆਪਣੀ ਭੱਜ ਦੌੜ ਸ਼ੁਰੂ ਕਰਦਾ ਹੈ। ਇਹ ਤਾਂ ਇੱਕ ਡੋਰ ਹੈ, ਜਿਹੜੀ ਪ੍ਰਸ਼ਾਸ਼ਨ ਤੋਂ ਬੰਦ ਨਹੀਂ ਕੀਤੀ ਜਾ ਰਹੀ, ਬਾਕੀ ਚਿੱਟਾ ਤਾਂ ਪੁੜੀਆਂ ਵਿੱਚ ਵਿਕਦਾ ਹੈ, ਉਹ ਕਦੋਂ ਬੰਦ ਹੋਵੇਗਾ?
ਜਿਵੇਂ ਕਹਿੰਦੇ ਹਨ ਕਿ ਕਮਲ਼ੇ ਨੂੰ ਨਾ ਮਾਰੋ, ਕਮਲ਼ੇ ਦੀ ਮਾਂ ਨੂੰ ਮਾਰੋ, ਤਾਂ ਕਿ ਉਹ ਇੱਕ ਕਮਲਾ ਹੋਰ ਨਾ ਜੰਮ ਧਰੇ। ਮੁੱਢ ਨੂੰ ਕੋਈ ਕੁਝ ਨਹੀਂ ਕਹਿੰਦਾ, ਬੱਸ ਪੱਤਿਆਂ ਨੂੰ ਹੀ ਝਾੜਿਆ ਜਾਂਦਾ ਹੈ। ਫਿਰ ਉਹਨਾਂ ਹੀ ਟਾਹਣੀਆਂ ਨੂੰ ਨਵੇਂ ਪੱਤੇ ਫੁੱਟ ਪੈਂਦੇ ਹਨ। ਇਸੇ ਤਰ੍ਹਾਂ ਛੋਟੇ ਛੋਟੇ ਦੁਕਾਨਦਾਰਾਂ ਨੂੰ ਜ਼ਰੂਰ ਖਿੱਚਿਆ ਜਾਂਦਾ ਹੈ ਪਰ ਵੱਡੇ ਵੱਡੇ ਗੁਨਾਹਗਾਰਾਂ ਨੂੰ ਕੋਈ ਨਹੀਂ ਪੁੱਛਦਾ। ਉਹਨਾਂ ਦਾ ਕਾਰੋਬਾਰ ਜ਼ੋਰਾਂ ’ਤੇ ਚੱਲ ਰਿਹਾ ਹੈ। ਜਿਨ੍ਹਾਂ ਦਾ ਕੋਈ ਆਪਣਾ ਇਸ ਅਣਹੋਣੀ ਨਾਲ ਖਤਮ ਹੋ ਜਾਂਦਾ ਹੈ ਜਾਂ ਫਿਰ ਜ਼ਖਮੀ ਹੋ ਜਾਂਦਾ ਹੈ, ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਨਾਲ ਕੀ ਬੀਤਦੀ ਹੈ। ਅਗਰ ਇੱਕ ਅੱਧੀ ਮਿਸਾਲੀ ਸਜ਼ਾ ਦਿੱਤੀ ਹੋਵੇ, ਫਿਰ ਕਿਸੇ ਦੀ ਕੀ ਹਿੰਮਤ ਕਿ ਉਹ ਇਹੋ ਜਿਹੇ ਨਜ਼ਾਇਜ਼ ਡੋਰਾਂ ਵੇਚਣ ਵਾਲੇ ਕਾਰੋਬਾਰ ਕਰਕੇ ਵਿਖਾਵੇ। ਸਾਨੂੰ ਅਰਬ ਦੇਸ਼ਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਉੱਥੇ ਜਿਹੜਾ ਵੀ ਕੋਈ ਗੈਰ ਕਨੂੰਨੀ ਕੰਮ ਕਰਦਾ ਹੈ, ਉਸ ਨੂੰ ਇਹੋ ਜਿਹੀ ਸਖਤ ਸਜ਼ਾ ਚੌਰਾਹੇ ਵਿੱਚ ਖੜ੍ਹਾ ਕਰਕੇ ਦਿੱਤੀ ਜਾਂਦੀ ਹੈ ਕਿ ਬਾਕੀ ਵੇਖ ਕੇ ਥਰ ਥਰ ਕੰਬਦੇ ਹਨ ਕਿ ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ। ਕਨੂੰਨ ਨੂੰ ਸਖਤੀ ਵਰਤਣ ਦੀ ਜ਼ਰੂਰਤ ਹੈ। ਪ੍ਰਸ਼ਾਸ਼ਨ ਨੂੰ ਵੀ ਸਖਤ ਹੋਣ ਦੀ ਜ਼ਰੂਰਤ ਹੈ। ਜੱਜ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਲੱਗਾ ਸੌ ਵਾਰ ਸੋਚਦਾ ਹੋਵੇਗਾ ਪਰ ਚਾਈਨਾ ਡੋਰ ਇੱਕੋ ਝਟਕੇ ਫਾਂਸੀ ਲਾ ਰਹੀ ਹੈ।
ਕਬਰਾਂ ਵਿੱਚ ਲੱਤਾਂ ਪਸਾਰੀ ਬੈਠੇ ਸਿਆਸਤਦਾਨ ਸਿਆਸਤ ਤੋਂ ਸਨਿਆਸ ਕਦੋਂ ਲੈਣਗੇ?
ਭਾਰਤੀ ਸਭਿਅਤਾ ਵਿੱਚ ਸਨਿਆਸੀ ਸ਼ਬਦ ਬਹੁਤ ਪੁਰਾਣਾ ਹੈ। ਪੁਰਾਣੇ ਸਮਿਆਂ ਵਿੱਚ ਜੇ ਕੋਈ ਇਨਸਾਨ ਘਰ ਬਾਹਰ ਛੱਡ ਕੇ ਬਾਹਰ ਜੰਗਲਾਂ ਵਿੱਚ ਭਗਤੀ ਕਰਨ ਚਲਾ ਜਾਂਦਾ ਸੀ, ਲੋਕ ਉਸ ਨੂੰ ਸਨਿਆਸੀ ਕਹਿਣ ਲੱਗ ਜਾਂਦੇ ਸਨ। ਜੇ ਕੋਈ ਵਿਅਕਤੀ ਵਿਆਹ ਨਹੀਂ ਕਰਵਾਉਂਦਾ ਸੀ ਤਾਂ ਵੀ ਲੋਕ ਸਨਿਆਸੀ ਕਹਿਣ ਲੱਗ ਜਾਂਦੇ। ਜੇਕਰ ਕੋਈ ਆਦਮੀ ਸਿੱਧਾ ਸਾਧਾ ਹੁੰਦਾ, ਬਹੁਤੀ ਦੁਨੀਆਦਾਰੀ ਦਾ ਗਿਆਨ ਨਾ ਰੱਖਣ ਵਾਲਾ ਹੁੰਦਾ, ਉਸ ਨੂੰ ਵੀ ਸਨਿਆਸੀ ਕਹਿ ਦਿੱਤਾ ਜਾਂਦਾ ਸੀ। ਇਹ ਸ਼ਬਦ ਇੰਨਾ ਕੁ ਪ੍ਰਚਲਿਤ ਹੋ ਗਿਆ ਕਿ ਆਪਣੀ ਧਰਤੀ ਛੱਡ ਕੇ ਵਿਦੇਸ਼ਾਂ ਵਿੱਚ ਪਹੁੰਚ ਗਿਆ। ਜਿਵੇਂ ਕਿ ਅੱਜਕਲ ਕਿਸੇ ਨਾਮੀ ਗਰਾਮੀ ਖਿਲਾੜੀ ਦਾ ਸਰੀਰ ਖੇਡ ਖੇਡਣ ਤੋਂ ਅਸਮਰੱਥ ਹੋ ਜਾਂਦਾ ਹੈ, ਉਹ ਇਹੋ ਐਲਾਨ ਕਰ ਦਿੰਦਾ ਹੈ ਕਿ ਮੈਂ ਇਸ ਖੇਡ ਤੋਂ ਸਨਿਆਸ ਲੈ ਰਿਹਾ ਹਾਂ। ਫਿਰ ਉਹ ਕਿਸੇ ਵੀ ਟੂਰਨਾਮੈਂਟ ਜਾਂ ਖੇਡ ਮੁਕਾਬਲੇ ਵਿੱਚ ਹਿੱਸਾ ਨਹੀਂ ਲੈਂਦਾ। ਸਾਡੇ ਧਾਰਮਿਕ ਸੰਸਥਾਵਾਂ ਉੱਤੇ ਬਹੁਤੇ ਸੇਵਾਦਾਰ ਸਨਿਆਸੀ ਹੀ ਹਨ। ਵੱਡੇ ਵੱਡੇ ਮੱਠਾਂ, ਡੇਰਿਆਂ, ਗੁਰਦੁਆਰਿਆਂ, ਮੰਦਰਾਂ ਦੇ ਪੁਜਾਰੀ ਅੱਜ ਵੀ ਸਨਿਆਸੀ ਹਨ। ਪਰ ਦੂਜੇ ਪਾਸੇ ਸਾਡਾ ਭਾਰਤ ਮਹਾਨ ਦੇਸ਼ ਇਹੋ ਜਿਹਾ ਹੈ ਜਿੱਥੇ ਲੋਕ ਸਿਆਸਤ ਤੋਂ ਮੌਤ ਹੋਣ ਤਕ ਸਨਿਆਸ ਨਹੀਂ ਲੈਂਦੇ। ਇਨ੍ਹਾਂ ਨੇ ਖਿਡਾਰੀਆਂ ਤੋਂ ਕੋਈ ਸਿੱਖਿਆ ਹਾਸਲ ਨਹੀਂ ਕੀਤੀ। ਅਸੀਂ ਕਹਿੰਦੇ ਹਾਂ ਕਿ ਬਾਹਰਲੇ ਮੁਲਕਾਂ ਨੇ ਤੱਰਕੀ ਬਹੁਤ ਕੀਤੀ ਹੈ। ਉਹਨਾਂ ਦੇਸ਼ਾਂ ਦੇ ਲੋਕ ਜੋ ਕਾਨੂੰਨ ਬਣਾਉਂਦੇ ਹਨ, ਉਹਨਾਂ ਉੱਤੇ ਆਪ ਵੀ ਖਰੇ ਉੱਤਰਦੇ ਦੇ ਹਨ। ਪਰ ਸਾਡੇ ਦੇਸ਼ ਵਿੱਚ ਜੋ ਕਾਨੂੰਨ ਬਣਾਉਂਦਾ ਹੈ ਜਾਂ ਬਣਵਾਉਂਦਾ ਹੈ, ਉਹ ਕਦੇ ਵੀ ਉਸ ਕਾਨੂੰਨ ’ਤੇ ਚਲਦਾ ਨਹੀਂ। ਅਗਰ ਗੱਲ ਬਾਹਰਲੇ ਮੁਲਕਾਂ ਦੀ ਕਰੀਏ ਤਾਂ ਹਾਲ ਦੀ ਘੜੀ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਉਹ ਅਗਲੀਆਂ ਆਮ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ। ਕੈਨੇਡਾ ਵਿੱਚ ਆਮ ਚੋਣਾਂ ਇਸ ਸਾਲ ਅਕਤੂਬਰ ਵਿੱਚ ਹੋਣੀਆਂ ਹਨ ਪਰ ਇਹ ਤੈਅ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ। ਟਰੂਡੋ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, “ਮੈਂ ਆਉਣ ਵਾਲੀਆਂ ਚੋਣਾਂ ਵਿੱਚ ਚੋਣ ਨਹੀਂ ਲੜਾਂਗਾ। ਇਹ ਮੇਰਾ ਆਪਣਾ ਫੈਸਲਾ ਹੈ। ਮਾਰਚ ਵਿੱਚ ਪਾਰਟੀ ਲੀਡਰ ਦੀ ਚੋਣ ਦਾ ਕੰਮ ਸਮਾਪਤ ਹੋ ਜਾਵੇਗਾ। ਲੋਕ ਆਪਣਾ ਨਵਾਂ ਪ੍ਰਧਾਨ ਮੰਤਰੀ ਚੁਣ ਲੈਣਗੇ। ਮੈਂ ਪੂਰੀ ਤਰ੍ਹਾਂ ਸਿਆਸਤ ਤੋਂ ਸਨਿਆਸ ਲੈ ਰਿਹਾ ਹੈ। ਮੈਂ ਸਰਕਾਰ ਜਾਂ ਪਾਰਟੀ ਦੀ ਕਿਸੇ ਵੀ ਗਤੀ ਵਿਧੀ ਵਿੱਚ ਹਿੱਸਾ ਨਹੀਂ ਲਵਾਂਗਾ।”
ਜਸਟਿਨ ਟਰੂਡੋ ਦੀ ਹਾਲੇ ਉਮਰ ਲਗਭਗ 53 ਸਾਲ ਹੀ ਹੋਈ ਹੈ ਜਦੋਂ ਕਿ ਸਾਡੇ ਦੇਸ਼ ਵਿੱਚ ਬਿਲਕੁਲ ਇਸਦੇ ਉਲਟ ਹੈ। ਪੁਰਾਣੇ ਸਿਆਸਤਦਾਨਾਂ ਨੂੰ ਵੀਲਚੇਅਰਾਂ ’ਤੇ ਬਿਠਾ ਕੇ ਸੰਸਦ ਵਿੱਚ ਲੈਕੇ ਜਾਂਦੇ ਹਨ। ਪੋਤੇ ਪੜਪੋਤੇ ਵੀ ਜਵਾਨ ਹੋ ਜਾਂਦੇ ਹਨ। ਪਰ ਸਿਆਸਤ ਤੋਂ ਸਨਿਆਸ ਨਹੀਂ ਲੈਂਦੇ। ਸਗੋਂ ਇਹੋ ਹੀ ਸੋਚਦੇ ਹਨ ਕਿ ਕੁਰਸੀ ਉੱਤੇ ਰਹਿ ਕੇ ਮੌਤ ਆਵੇਗੀ ਤੇ 21 ਤੋਪਾਂ ਦੀ ਸਲਾਮੀ ਮਿਲੇਗੀ। ਪੂਰੇ ਦੇਸ਼ ਵਿੱਚ ਛੁੱਟੀ ਦਾ ਐਲਾਨ ਹੋਵੇਗਾ। ਸੱਤ ਦਿਨ ਤਿਰੰਗਾ ਲਹਿਰਾਏਗਾ। ਮਾਣ ਸਨਮਾਨ ਮਿਲੇਗਾ। ਅਗਰ ਜਿਊਂਦੇ ਜੀਅ ਸਨਿਆਸ ਲੈ ਲਿਆ, ਫਿਰ ਇਹ ਸਾਰੀਆਂ ਵਡਿਆਈਆਂ ਨਹੀਂ ਮਿਲਣਗੀਆਂ। ਹੁਣ ਤੁਸੀਂ ਆਪ ਹੀ ਸੋਚੋ ਕਿ ਸਾਡਾ ਦੇਸ਼ ਕਿਵੇਂ ਤਰੱਕੀ ਕਰੇਗਾ। ਜੇਕਰ ਮੈਂ ਬਜ਼ੁਰਗ ਨੇਤਾਵਾਂ ਦੇ ਨਾਂ ਲੈਣ ਲੱਗ ਪਵਾਂ ਤਾਂ ਕਈ ਵਰਕੇ ਭਰ ਜਾਣਗੇ। ਰੱਬ ਸਾਡੇ ਬਜ਼ੁਰਗ ਸਿਆਸਤਦਾਨਾਂ ਨੂੰ ਸੁਮੱਤ ਬਖਸ਼ੇ। ਇਹ ਵੀ ਟਰੂਡੋ ਵਰਗੇ ਲੀਡਰਾਂ ਤੋਂ ਕੋਈ ਸਬਕ ਲੈ ਲੈਣ ਤੇ ਮੌਤ ਤੋਂ ਪਹਿਲਾਂ ਸਿਆਸਤ ਤੋਂ ਸਨਿਆਸ ਲੈਣ ਵਾਲੀ ਕਵਾਇਦ ਸ਼ੁਰੂ ਕਰ ਦੇਣ। ਫਿਰ ਹੋ ਸਕਦਾ ਹੈ ਕਿ ਦੇਸ਼ ਤਰੱਕੀ ਦੇ ਰਾਹ ਉੱਤੇ ਚੱਲਣ ਲੱਗ ਪਏ। ਅਗਰ ਕਬਰਾਂ ਵਿੱਚ ਲੱਤਾਂ ਰੱਖੀ ਬੈਠੇ ਸਿਆਸਤਦਾਨ ਕੁਰਸੀ ਨਾਲੋਂ ਮੋਹ ਨਹੀਂ ਤੋੜਨਗੇ ਤਾਂ ਫਿਰ 2047 ਇੱਕ ਵਾਰ ਨਹੀਂ, ਭਾਵੇਂ ਵੀਹ ਵਾਰ ਵੀ ਆ ਜਾਵੇ, ਭਾਰਤ ਦੁਨੀਆਂ ਦੇ ਬਰਾਬਰ ਕਦੇ ਵੀ ਨਹੀਂ ਪਹੁੰਚ ਸਕਦਾ। ਭਾਰਤਵਾਸੀਓ! ਆਓ ਸਾਰੇ ਇਕੱਠੇ ਹੋ ਕੇ ਇਨ੍ਹਾਂ ਕਬਰਾਂ ਵਿੱਚ ਲੱਤਾਂ ਪਸਾਰੀ ਬੈਠੇ ਸਿਆਸਤਦਾਨ ਨੂੰ ਪੁੱਛੀਏ ਕਿ ਇਹ ਸਿਆਸਤ ਤੋਂ ਸਨਿਆਸ ਕਦੋਂ ਲੈਣਗੇ?
* * *
ਮਾਪੇ ਸੁਚੇਤ ਹੋਣ ...
ਅੱਜ ਪੰਜਾਬ ਦਾ ਕੋਈ ਹੀ ਘਰ ਇਹੋ ਜਿਹਾ ਹੋਵੇਗਾ, ਜਿਸ ਘਰ ਨੂੰ ਨਸ਼ੇ ਦਾ ਗ੍ਰਹਿਣ ਨਾ ਲੱਗਾ ਹੋਵੇ। ਕਈ ਘਰਾਂ ਦੇ ਘਰ ਨਸ਼ਿਆਂ ਨੇ ਤਬਾਹ ਕਰ ਦਿੱਤੇ ਹਨ। ਕਈ ਗਭਰੂ ਮੁੰਡੇ ਨਸ਼ੇ ਨੇ ਨਿਪੁੰਸਕ ਕਰ ਦਿੱਤੇ ਹਨ। ਅੱਜ ਕਈ ਮੁਟਿਆਰਾਂ ਵੀ ਨਸ਼ਿਆਂ ਦੀ ਦਲਦਲ ਵਿੱਚ ਫਸੀਆਂ ਹੋਈਆਂ ਹਨ, ਜਿਹੜੀਆਂ ਜੱਗ ਜ਼ਾਹਿਰ ਨਹੀਂ ਹੋ ਰਹੀਆਂ, ਸਗੋਂ ਅੰਦਰੋਂ ਅੰਦਰੀ ਖਤਮ ਹੋ ਰਹੀਆਂ ਹਨ। ਪਰਿਵਾਰ ਵਾਲੇ ਜੱਗ ਦੀ ਹੇਠੀ ਤੋਂ ਡਰਦੇ ਕਿਸੇ ਅੱਗੇ ਪ੍ਰਗਟਾਵਾ ਨਹੀਂ ਕਰਦੇ। ਬਹੁਤ ਬੁਰਾ ਹਾਲ ਹੋਇਆ ਪਿਆ ਹੈ। ਅਸੀਂ ਸਿਰਫ ਪ੍ਰਸ਼ਾਸਨ ਉੱਤੇ ਦੋਸ਼ ਮੜ੍ਹੀ ਜਾਂਦੇ ਹਾਂ ਕਿ ਪ੍ਰਸ਼ਾਸਨ ਸੁਸਤ ਹੈ। ਪਰ ਕੀ ਅਸੀਂ ਕਦੇ ਆਪਣੇ ਅੰਦਰ ਵੀ ਝਾਤੀ ਮਾਰੀ ਹੈ? ਸੱਚ ਸਭ ਨੂੰ ਕੌੜਾ ਲਗਦਾ ਹੈ।
ਜਦੋਂ ਕਿਸੇ ਪਰਿਵਾਰ ਦੀ ਕੁੜੀ ਮੁਟਿਆਰ ਹੋ ਜਾਂਦੀ ਹੈ, ਘਰ ਵਾਲੇ ਆਪਣੀ ਬੇਟੀ ਵਾਸਤੇ ਚੰਗੇ ਘਰ ਤੇ ਵਰ ਦੀ ਭਾਲ ਕਰਦੇ ਹਨ। ਸਭ ਤੋਂ ਪਹਿਲਾਂ ਘਰ ਵਾਲਿਆਂ ਦੀ ਸੋਚ ਹੁੰਦੀ ਹੈ ਕਿ ਵਰ ਤੇ ਘਰ ਇਹੋ ਜਿਹਾ ਮਿਲੇ, ਜਿਹੜਾ ਪਰਿਵਾਰ ਨਸ਼ੇ ਤੋਂ ਰਹਿਤ ਹੋਵੇ, ਜ਼ਮੀਨ ਜਾਇਦਾਦ ਭਾਵੇਂ ਘੱਟ ਹੀ ਹੋਵੇ। ਵਿਚੋਲਾ ਵੀ ਪੂਰੀ ਤਨਦੇਹੀ ਨਾਲ ਦੋਹਾਂ ਪਰਿਵਾਰਾਂ ਦਾ ਜੋੜ ਮੇਲਾ ਕਰਵਾ ਹੀ ਦਿੰਦਾ ਹੈ। ਆਹਮੋ ਸਾਹਮਣੇ ਬੈਠ ਕੇ ਸਾਰਾ ਕੁਝ ਤੈਅ ਵੀ ਹੋ ਜਾਂਦਾ ਹੈ ਪਰ ਜਦੋਂ ਗੱਲ ਵਿਆਹ ਦੀ ਹੁੰਦੀ ਹੈ, ਸਭ ਤੋਂ ਪਹਿਲਾਂ ਬਰਾਤ ਦੀ ਸੇਵਾ ਦੀ ਗੱਲ ਹੁੰਦੀ ਹੈ। ਦਾਜ ਭਾਵੇਂ ਥੋੜ੍ਹਾ ਘੱਟ ਵੀ ਹੋਵੇ। ਬਰਾਤ ਦੀ ਸੇਵਾ ਕਿਸ ਢੰਗ ਨਾਲ ਹੋਵੇ? ਫਿਰ ਗੱਲ ਮੀਟ ਸ਼ਰਾਬ ਦੀ ਹੁੰਦੀ ਹੈ। ਜਦੋਂ ਵਿਆਹ ਪੱਕਾ ਹੋ ਜਾਂਦਾ ਹੈ ਫਿਰ ਫੋਨ ’ਤੇ ਸ਼ਰਾਬ ਦੀਆਂ ਕਿਸਮਾਂ ਦੀ ਮੰਗ ਰੱਖੀ ਜਾਂਦੀ ਹੈ। ਸਾਡਾ ਫਲਾਨਾ ਪਰਾਹੁਣਾ ਫਲਾਨੀ ਕਿਸਮ ਦੀ ਸ਼ਰਾਬ ਪੀਂਦਾ ਹੈ, ਫਲਾਨਾ ਫਲਾਨੀ ਕਿਸਮ ਦੀ। ਫਿਰ ਉੱਥੇ ਹੀ ਬੱਚਿਆਂ ਲਈ ਨਸ਼ੇ ਦਾ ਮੁੱਢ ਬੱਝ ਜਾਂਦਾ ਹੈ। ਫਿਰ ਨਾ ਪਿਉ ਪੁੱਤ ਦੀ ਸ਼ਰਮ ਕਰਦਾ ਹੈ ਨਾ ਪੁੱਤ ਪਿਉ ਦੀ। ਇਸੇ ਤਰ੍ਹਾਂ ਹੌਲੀ ਹੌਲੀ ਬੱਚੇ ਪਹਿਲਾਂ ਬੀਅਰ ਤੇ ਫਿਰ ਸ਼ਰਾਬ ਪੀਣ ਦੇ ਆਦੀ ਹੋ ਜਾਂਦੇ ਹਨ। ਅੱਜਕਲ ਦੀ ਨੌਜਵਾਨ ਪੀੜ੍ਹੀ ਇਕੱਲੀ ਸ਼ਰਾਬ ’ਤੇ ਬੱਸ ਨਹੀਂ ਕਰਦੀ, ਉਹ ਚਿੱਟਾ, ਸਮੈਕ, ਹੁੱਕਾ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਨਸ਼ਿਆਂ ਦੇ ਸੇਵਨ ਕਰਦੇ ਹਨ। ਇਸ ਕਰਕੇ ਅੱਜ ਸਾਡਾ ਸਾਰਾ ਹੀ ਸਮਾਜ ਇਸੇ ਤਾਣੇ ਬਾਣੇ ਵਿੱਚ ਉਲਝ ਗਿਆ ਹੈ।
ਸਕੂਲਾਂ ਵਿੱਚ ਹੁਣ ਪੜ੍ਹਾਈ ਘੱਟ ਹੋ ਰਹੀ ਹੈ, ਨਸ਼ਿਆਂ ਦੇ ਸੇਵਨ ਜ਼ਿਆਦਾ। ਜਿੰਨੇ ਵੀ ਪੰਜਾਬ ਵਿੱਚ ਪੱਬ ਕਲੱਬ ਹੋਟਲ ਅਤੇ ਢਾਬੇ, ਸਾਰੇ ਹੀ ਨਸ਼ਿਆਂ ਦੇ ਅੱਡੇ ਬਣ ਚੁੱਕੇ ਹਨ। ਸ਼ਾਇਦ ਹੀ ਕੋਈ ਬਚਿਆ ਰਹਿ ਗਿਆ ਹੋਵੇ ਕਿਉਂਕਿ ਹੁਣ ਨਸ਼ਿਆਂ ਵਿੱਚ ਕਮਾਈ ਬਹੁਤ ਹੋ ਰਹੀ ਹੈ। ਸਾਨੂੰ ਆਪਣੇ ਆਪ ਨੂੰ ਸੰਭਾਲਣ ਦੀ ਬੇਹੱਦ ਜ਼ਰੂਰਤ ਹੈ, ਨਹੀਂ ਤਾਂ ਸਾਡੀ ਸਾਰੀ ਉਮਰ ਦੀ ਕੀਤੀ ਕਮਾਈ ਮਿੰਟਾਂ ਵਿੱਚ ਮਿੱਟੀ ਹੋ ਜਾਵੇਗੀ। ਜੋ ਮੈਂ ਆਪਣੇ ਆਲੇ ਦੁਆਲੇ ਵੇਖ ਰਿਹਾ ਹਾਂ, ਉਸ ਦੀ ਹੀ ਤਸਵੀਰ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਆਉ ਸਾਰੇ ਰਲਕੇ ਹੰਭਲਾ ਮਾਰੀਏ, ਪੰਜਾਬ ਨੂੰ ਨਸ਼ੇ ਦੇ ਦਰਿਆ ਵਿੱਚ ਡੁੱਬਣ ਤੋਂ ਬਚਾ ਲਈਏ। ਬੱਚਿਆਂ ਨੂੰ ਆਪਣੇ ਦੋਸਤ ਬਣਾ ਕੇ ਰੱਖੀਏ। ਉਹਨਾਂ ਦੇ ਬੇਲੀਆਂ ਸੱਜਣਾਂ ਦਾ ਰਿਕਾਰਡ ਵੀ ਜਾਣੀਏ। ਬੱਚਿਆਂ ਨੂੰ ਅੱਖੋਂ ਪਰੋਖੇ ਕਰਨ ਨਾਲ ਨਤੀਜੇ ਗੰਭੀਰ ਨਿਕਲ ਸਕਦੇ ਹਨ। ਜੇਕਰ ਘਰ ਬਚ ਗਿਆ ਤਾਂ ਸਮਝੋ ਪਰਿਵਾਰ ਬਚ ਜਾਏਗਾ। ਜੇ ਪਰਿਵਾਰ ਬਚ ਗਿਆ ਤਾਂ ਸਮਝੋ ਸੰਸਾਰ ਬਚ ਜਾਏਗਾ। ਇਨ੍ਹਾਂ ਸਮਿਆਂ ਵਿੱਚ ਮਾਪਿਆਂ ਨੂੰ ਬਹੁਤ ਚੁਕੰਨੇ ਹੋਣ ਦੀ ਲੋੜ ਹੈ। ਆਉ ਸਾਰੇ ਜਾਗੀਏ ਤਾਂ ਕਿ ਕੋਈ ਚੋਰ ਸਾਡੀ ਜਾਇਦਾਦ, ਨੌਜਵਾਨੀ ਨੂੰ ਸੰਨ੍ਹ ਨਾ ਲਾ ਸਕੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)