“ਹੋ ਸਕਦਾ ਹੈ ਕਿ ਡੌਨਲਡ ਟਰੰਪ ਦਾ ਇਹ ਝਟਕਾ ਪੰਜਾਬ ਵਿੱਚ ਬੰਦ ਪਏ ...”
(21 ਫਰਵਰੀ 2025)
ਡੌਨਲਡ ਟਰੰਪ ਵੱਲੋਂ ਅਮਰੀਕਾ ਵਿੱਚ ਗੈਰ-ਕਾਨੂੰਨੀ ਦਾਖਲ ਹੋਏ ਪੰਜਾਬੀਆਂ ਨੂੰ ਵਾਪਸ ਭੇਜੇ ਜਾਣ ਕਾਰਨ ਕੀ ਹੁਣ ਪੰਜਾਬ ਵਿੱਚ ਬੰਦ ਪਏ ਕਾਲਜ, ਯੂਨੀਵਰਸਿਟੀਆਂ ਹੁਣ ਖੁੱਲ੍ਹ ਜਾਣਗੇ?
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਗੱਦੀ ਤੇ ਬਿਰਾਜਮਾਨ ਹੁੰਦਿਆਂ ਹੀ ਨਾਦਰਸ਼ਾਹੀ ਫਰਮਾਨ ਲਾਗੂ ਕਰ ਦਿੱਤੇ। ਪਿਛਲੇ ਕਈ ਦਿਨਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਰਹਿੰਦੇ ਪ੍ਰਵਾਸੀਆਂ ਦੀ ਫੜੋ ਫੜਾਈ ਦਾ ਸਿਲਸਿਲਾ ਸ਼ੁਰੂ ਹੈ। ਜਿਹੜੇ ਲੋਕ ਉਨ੍ਹਾਂ ਦੇ ਹੱਥੀਂ ਚੜ੍ਹ ਗਏ, ਉਹਨਾਂ ਨੂੰ ਜਹਾਜ਼ਾਂ ਰਾਹੀਂ ਉਹਨਾਂ ਦੇ ਆਪਣੇ ਆਪਣੇ ਦੇਸ਼ਾਂ ਵਿੱਚ ਡਿਪੋਰਟ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਬਹੁਤਿਆਂ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਪਰ ਉਸ ਦਾ ਕਹਿਣਾ ਹੈ ਅਗਰ ਸਕਾ ਭਰਾ ਵੀ ਆਪਣੇ ਭਰਾ ਦੇ ਘਰ ਕੰਧ ਟੱਪ ਕੇ ਆਵੇ, ਉਹ ਵੀ ਚੰਗਾ ਨਹੀਂ ਲਗਦਾ, ਫਿਰ ਇਹ ਬਦੇਸ਼ੀ ਬੰਦੇ ਸਾਡੇ ਦੇਸ਼ ਵਿੱਚ ਕਿਉਂ ਕੰਧਾਂ ਟੱਪ ਟੱਪ ਕੇ ਆ ਰਹੇ ਹਨ? ਇਸ ਕਰਕੇ ਹੁਣ ਤਾਂ ਉਹਨਾਂ ਨੂੰ ਡਿਪੋਰਟ ਹੀ ਕਰ ਰਿਹਾ ਹਾਂ। ਇਸ ਤੋਂ ਬਾਅਦ ਉਹਨਾਂ ਨੂੰ ਕਿਊਬਾ ਵਿੱਚ ਬਣੀ ਸਪੈਸ਼ਲ ਜੇਲ੍ਹ ਵਿੱਚ ਸੁੱਟ ਦਿਆਂਗਾ। ਜਿਸ ਨੇ ਵੀ ਅਮਰੀਕਾ ਵਿੱਚ ਆਉਣਾ ਹੈ, ਉਹ ਸਹੀ ਤਰੀਕੇ ਨਾਲ ਆਵੇ, ਨਹੀਂ ਤੇ ਇੱਥੋਂ ਵਾਪਸ ਭੇਜ ਦਿਆਂਗਾ।
ਬੇਸ਼ਕ ਉੱਥੇ ਸਾਰੀ ਦੁਨੀਆ ਦੇ ਲੋਕ ਆਪਣੇ ਆਪਣੇ ਢੰਗ ਨਾਲ ਬਹੁਤ ਚਿਰਾਂ ਤੋਂ ਪਹੁੰਚ ਰਹੇ ਹਨ। ਲੱਖਾਂ ਦੀ ਗਿਣਤੀ ਵਿੱਚ ਲੋਕ ਉੱਥੇ ਪਹੁੰਚੇ ਹਨ ਪਰ ਅਸੀਂ ਗੱਲ ਕਰੀਏ ਭਾਰਤ ਤੇ ਆਪਣੇ ਸੂਬੇ ਪੰਜਾਬ ਦੀ। ਪਿਛਲੇ ਦੋ ਤਿੰਨ ਦਹਾਕਿਆਂ ਤੋਂ ਪੰਜਾਬ ਦੀ ਸਾਰੀ ਨੌਜਵਾਨੀ ਨੇ ਬਾਹਰ ਦਾ ਰੁਖ ਕੀਤਾ ਹੋਇਆ ਹੈ। ਕੋਈ ਹੀ ਪਿੰਡ ਅਜਿਹਾ ਨਹੀਂ ਹੋਵੇਗਾ, ਜਿੱਥੇ ਟਰੈਵਲ ਏਜੈਂਟਾਂ ਦੇ ਬੋਰਡ ਨਾ ਲੱਗੇ ਹੋਣ। ਵਰਨਾ ਕੋਈ ਖੰਭਾ, ਕੋਈ ਦੀਵਾਰ ਜਾਂ ਰੁੱਖ ਸੱਖਣਾ ਨਹੀਂ, ਜਿੱਥੇ ਵੱਡੇ ਵੱਡੇ ਹੋਰਡਿੰਗ ਬੋਰਡਾਂ ਵਿੱਚ ਬਾਹਰਲੇ ਵੀਜ਼ੇ ਲਗਵਾਉਣ ਵਾਲਿਆਂ ਦਾ ਨਾਂ ਨਾ ਲਿਖਿਆ ਹੋਵੇ। ਵੱਡੀਆਂ ਵੱਡੀਆਂ ਸ਼ਰਤਾਂ ਬਿਨਾਂ ਆਈਲੈਟਸ ਕੀਤੇ ਸਿੱਧਾ ਵੀਜ਼ਾ ਸਾਡੇ ਕੋਲੋਂ ਲਵੋਂ। ਇਹੋ ਜਿਹੇ ਏਜੈਂਟਾਂ ਨੇ ਭੋਲੇ ਭਲੇ ਲੋਕਾਂ ਕੋਲੋਂ ਬੇਹਿਸਾਬ ਪੈਸਾ ਲੁੱਟਿਆ ਹੈ। ਖਾਸ ਕਰਕੇ ਅਮਰੀਕਾ ਦੇ ਨਾਂਅ ਤੇ 40-50 ਲੱਖ ਰੁਪਏ ਇੱਕ ਇੱਕ ਆਦਮੀ ਕੋਲੋਂ ਲੈਕੇ ਡੌਂਕੀ ਲਵਾਉਂਦੇ ਰਹੇ। ਕਈ ਮਾਵਾਂ ਦੇ ਪੁੱਤਰ ਰਾਹ ਵਿੱਚ ਮਰ-ਖਪ ਗਏ। ਇੱਧਰ ਕਾਲਜਾਂ ਦੇ ਦਰਵਾਜ਼ੇ ਬੰਦ ਹੋ ਗਏ। ਯੂਨੀਵਰਸਿਟੀਆਂ ਬੰਦ ਹੋ ਗਈਆਂ। ਲੈਕਚਰਾਰਾਂ ਤੇ ਪ੍ਰੋਫੈਸਰਾਂ ਦੀਆਂ ਨੌਕਰੀਆਂ ਖਤਮ ਹੋ ਗਈਆਂ। ਲੱਖਾਂ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ। ਪੰਜਾਬ ਦੀ ਸਾਰੀ ਕਰੀਮ ਤੇ ਪੈਸਾ ਬਾਹਰ ਜਾਣ ਲੱਗ ਪਿਆ। ਬਹੁਤ ਲੋਕ ਆਪਣੀਆਂ ਜ਼ਮੀਨਾਂ ਵੇਚਕੇ, ਘਰ ਗਹਿਣੇ ਪਾ ਕੇ, ਰਿਸ਼ਤੇਦਾਰਾਂ ਨੂੰ ਠੱਗ ਕੇ ਬਾਹਰ ਚਲੇ ਗਏ। ਕਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂ ਕੇ ਤੇ ਹੋਰ ਯੂਰਪ ਦੇ ਦੇਸ਼ਾਂ ਵਿੱਚ ਪੰਜਾਬੀਆਂ ਨੇ ਗੰਦ ਪਾ ਦਿੱਤਾ ਹੈ। ਬਾਰ੍ਹਵੀਂ ਕਰਦੇ ਸਾਰ ਹੀ ਆਈਲੈਟਸ ਕਰਨ ਲੱਗ ਜਾਂਦੇ ਹਨ। ਫਿਰ ਅਗਲੀ ਪੜ੍ਹਾਈ ਕਿਸ ਨੇ ਕਰਨੀ ਹੈ। ਜੇ ਅੱਗੇ ਕਿਸੇ ਨੇ ਪੜ੍ਹਨਾ ਹੀ ਨਹੀਂ, ਫਿਰ ਕਾਲਜ ਕਿਉਂ ਖੁੱਲ੍ਹੇ ਰਹਿਣਗੇ। ਹੋ ਸਕਦਾ ਹੈ ਕਿ ਡੌਨਲਡ ਟਰੰਪ ਦਾ ਇਹ ਝਟਕਾ ਪੰਜਾਬ ਵਿੱਚ ਬੰਦ ਪਏ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਖੋਲ੍ਹਣ ਵਿੱਚ ਸਹਾਈ ਹੋ ਸਕੇ। ਜਿਵੇਂ ਕੁਝ ਚਿਰ ਪਹਿਲਾਂ ਕਨੇਡਾ ਨੇ ਡਿਗਰੀ ਹੋਲਡਰ ਸਟੂਡੈਂਟ ਹੀ ਮੰਗਵਾਉਣੇ ਸ਼ੁਰੂ ਕੀਤੇ ਹਨ, ਇਸ ਨਾਲ ਕਾਲਜ ਤਾਂ ਹੀ ਖੁੱਲ੍ਹ ਸਕਦੇ ਹਨ ਜੇ ਵਿਦਿਆਰਥੀਆਂ ਨੇ ਪੜ੍ਹਨਾ ਹੋਵੇ।
ਅਮਰੀਕਾ ਦੇ ਰਾਸ਼ਟਰਪਤੀ ਨੇ ਇੱਕ ਬਹੁਤ ਵੱਡਾ ਝਟਕਾ ਦਿੱਤਾ ਹੈ। ਇਸ ਝਟਕੇ ਤੋਂ ਸਾਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਬਕ ਸਿੱਖਣ ਦੀ ਜ਼ਰੂਰਤ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇੱਥੇ ਪੰਜਾਬ ਵਿੱਚ ਰੋਜ਼ਗਾਰ ਮੁਹਈਆ ਕਰਵਾਏ। ਨੌਜਵਾਨ ਵੀ ਆਪਣੀ ਪੂਰੀ ਤਨਦੇਹੀ ਨਾਲ ਮਿਹਨਤ ਕਰਕੇ ਪੜ੍ਹਾਈ ਕਰਨ। ਚੰਗੀ ਪੜ੍ਹਾਈ ਜ਼ਰੂਰ ਰੰਗ ਲਿਆਉਂਦੀ ਹੈ। ਹੁਣ ਬਾਹਰ ਦੀ ਝਾਕ ਛੱਡ ਕੇ ਆਪਣੇ ਕਾਰੋਬਾਰ ਕਰਨ ਦੀਆਂ ਵਿਉਤਾਂ ਬਣਾਈਏ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ ਕੋਈ ਭੁੱਖਾ ਨਹੀਂ ਸੌਂ ਸਕਦਾ। ਆਪਾਂ ਵੀ ਹੱਥਾਂ ਨਾਲ ਕੰਮ ਕਰਨ ਦੀ ਪਿਰਤ ਪਾਈਏ। ਇਸ ਵਿੱਚ ਸਾਡਾ ਆਪਣਾ ਤੇ ਸਾਡੇ ਦੇਸ਼ ਦਾ ਭਲਾ ਹੋਵੇਗਾ।
ਹੁਣ ਉਹ ਜ਼ਮਾਨਾ ਨਹੀਂ ਰਿਹਾ ਜਦੋਂ ਸੱਸਾਂ ਨੂੰਹਾਂ ਨੂੰ ਰੋਟੀਆਂ ਗਿਣ ਕੇ ਤੇ …
ਹੁਣ ਉਹ ਜ਼ਮਾਨਾ ਨਹੀਂ ਰਿਹਾ ਜਦੋਂ ਸੱਸਾਂ ਨੂੰਹਾਂ ਨੂੰ ਰੋਟੀਆਂ ਗਿਣ ਕੇ ਤੇ ਦੁੱਧ ਮਿਣ ਕੇ ਦਿੰਦੀਆਂ ਸਨ। ਸਮੇਂ ਦੀ ਰਫਤਾਰ ਬਹੁਤ ਤੇਜ਼ ਚੱਲਦੀ ਹੈ। ਬੇਸ਼ੱਕ ਦੁਨੀਆਂ ਭਾਵੇਂ ਚਲਦੀ ਚਲਦੀ ਰੁਕ ਜਾਵੇ ਪਰ ਸਮਾਂ ਕਦੇ ਨਹੀਂ ਰੁਕਦਾ। ਸਮੇਂ ਦੇ ਨਾਲ ਨਾਲ ਬਹੁਤ ਕੁਝ ਬਦਲਦਾ ਜਾਂਦਾ ਹੈ। ਸਮੇਂ ਦੇ ਹਾਣੀ ਬਣਨ ਵਾਸਤੇ ਸਮੇਂ ਨਾਲੋਂ ਜ਼ਿਆਦਾ ਤੇਜ਼ ਚੱਲਣ ਦੀ ਲੋੜ ਹੁੰਦੀ ਹੈ। ਦੁਨੀਆ ਵਿੱਚ ਰਹਿੰਦੇ ਹੋਏ ਸਾਡੇ ਕਈ ਰਿਸ਼ਤੇ ਬਣੇ ਹੁੰਦੇ ਹਨ, ਜਿਹਨਾਂ ਰਿਸ਼ਤਿਆਂ ਨੂੰ ਨਿਭਾਉਣ ਵਾਸਤੇ ਮਰਿਯਾਦਾ ਵਿੱਚ ਰਹਿਣਾ ਪੈਂਦਾ ਹੈ। ਕਈ ਰਿਸ਼ਤੇ ਅਟੁੱਟ ਹੁੰਦੇ ਹਨ ਤੇ ਕਈ ਫੁੱਲਾਂ ਦੀ ਖ਼ੁਸ਼ਬੋ ਵਰਗੇ। ਖੈਰ, ਸਾਰੇ ਰਿਸ਼ਤਿਆਂ ਦੀ ਗੱਲ ਕਰਨ ਲੱਗ ਪਏ ਤਾਂ ਕਈ ਵਰਕੇ ਭਰ ਜਾਣਗੇ। ਕਿਸੇ ਕੋਲ ਇੰਨਾ ਸਮਾਂ ਹੀ ਨਹੀਂ ਹੁੰਦਾ ਕਿ ਉਹ ਸਾਰੀਆਂ ਲਿਖੀਆਂ ਹੋਈਆਂ ਗੱਲਾਂ ਨੂੰ ਪੜ੍ਹ ਸਕੇ। ਅੱਜ ਸਿਰਫ ਮੈਂ ਉਸ ਪਵਿੱਤਰ ਰਿਸ਼ਤੇ ਨੂੰਹ ਤੇ ਸੱਸ ਦੀ ਕਰਨ ਜਾ ਰਿਹਾ ਹਾਂ, ਜਿਨ੍ਹਾਂ ਤੋਂ ਆਪਾਂ ਜਨਮ ਲੈਂਦੇ ਹਾਂ। ਸਾਡੇ ਘਰਾਂ ਵਿੱਚ ਜਾਂ ਆਲੇ ਦੁਆਲੇ ਅਸੀਂ ਹਰ ਰੋਜ਼ ਕੁਝ ਅਜਿਹੀਆਂ ਘਟਨਾਵਾਂ ਵਰਤਦੀਆਂ ਵੇਖਦੇ ਹਾਂ, ਜਿਨ੍ਹਾਂ ਨੂੰ ਵੇਖ ਕੇ ਕਦੇ ਕਦੇ ਰੂਹ ਕੰਬ ਜਾਂਦੀ ਹੈ, ਕੁੱਝ ਕੁ ਇਸ ਤਰ੍ਹਾਂ ਦਾ ਵੇਖਦੇ ਹਾਂ ਕਿ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ।
ਮੈਨੂੰ ਕਿਸੇ ਗੀਤ ਦੀਆਂ ਦੋ ਸਤਰਾਂ ਯਾਦ ਆ ਗਈਆਂ ਹਨ, “ਕਿਸੇ ਨੇ ਸੌਂ ਕੇ ਰਾਤ ਗੁਜ਼ਾਰ ਲਈ, ਕਿਸੇ ਨੇ ਰੋ ਕੇ ਰਾਤ ਗੁਜ਼ਾਰ ਲਈ।” ਰਾਤ ਤਾਂ ਸਾਰਿਆਂ ਦੀ ਹੀ ਨਿੱਕਲ ਜਾਂਦੀ ਹੈ ਪਰ ਇੱਕ ਸਮੇਂ ਪਲ ਖੁਸ਼ੀ ਨਾਲ ਲੰਘਣੇ ਦੂਸਰੇ ਸਮੇਂ ਦੁਖੀ ਹੋ ਕੇ ਲੰਘਾਉਣੇ ਪੈਂਦੇ ਹਨ। ਫ਼ਰਕ ਤਾਂ ਬਹੁਤ ਪੈਂਦਾ ਹੈ। ਇਸੇ ਤਰ੍ਹਾਂ ਹੀ ਨੂੰਹ ਸੱਸ ਦਾ ਰਿਸ਼ਤਾ ਹੁੰਦਾ ਹੈ। ਕਈਆਂ ਘਰਾਂ ਵਿੱਚ ਵੇਖਦੇ ਹਾਂ ਕਿ ਨੂੰਹ-ਸੱਸ ਵਿੱਚੋਂ ਸੂਈ ਵੀ ਨਹੀਂ ਲੰਘਦੀ, ਇੰਨੀਆਂ ਇੱਕ ਦੂਜੀ ਨਾਲ ਘੁਲਮਿਲ ਕੇ ਰਹਿੰਦੀਆਂ ਹਨ। ਦੂਰੋਂ ਵੇਖਣ ਵਾਲਾ ਕਿਆਸ ਵੀ ਨਹੀਂ ਕਰ ਸਕਦਾ ਕਿ ਇਹ ਮਾਵਾਂ ਧੀਆਂ ਹੋਣਗੀਆਂ ਜਾਂ ਨੂੰਹ ਸੱਸ। ਹੋਣਾ ਵੀ ਇੰਝ ਹੀ ਚਾਹੀਦਾ ਹੈ। ਸਾਡੀ ਆਪਣੀ ਧੀ ਤਾਂ ਬਿਗਾਨੇ ਘਰ ਚਲੀ ਜਾਂਦੀ ਹੈ, ਜਿਹੜੀ ਕਿਸੇ ਨੇ ਆਪਣੇ ਪੁੱਤਰ ਦੇ ਲੜ ਲਈ ਹੁੰਦੀ ਹੈ। ਉਸ ਨੂੰ ਆਪਣੀ ਧੀ ਨਾਲੋਂ ਵੀ ਜਿਆਦਾ ਪਿਆਰ ਦੇਣਾ ਚਾਹੀਦਾ ਹੈ। ਇੱਕ ਵੇਲੇ ਕੋਈ ਉੱਚੀ ਨੀਵੀਂ ਗੱਲ ਵੀ ਹੋ ਜਾਵੇ ਤਾਂ ਬੈਠ ਕੇ ਉਸ ਦਾ ਹੱਲ ਕੱਢਿਆ ਜਾ ਸਕਦਾ ਹੈ। ਕਈ ਬੀਬੀਆਂ ਤਾਂ ਇਹੋ ਜਿਹੀਆਂ ਹੁੰਦੀਆਂ ਹਨ, ਜਿਹੜੀਆਂ ਗੱਲ ਮੂੰਹੋਂ ਨਿਕਲਣ ਹੀ ਨਹੀਂ ਦਿੰਦੀਆਂ, ਕੋਠੇ ਚੜ੍ਹ ਕੇ ਰੌਲਾ ਪਾਉਣ ਲੱਗ ਜਾਂਦੀਆਂ ਹਨ, ਜਿਸ ਨਾਲ ਰਿਸ਼ਤਿਆਂ ਵਿੱਚ ਕੜਵਾਹਟ ਪੈਦਾ ਹੋ ਜਾਂਦੀ ਹੈ। ਗੱਲ ਕਹਿੰਦੀ ਹੈ ਤੂੰ ਮੈਨੂੰ ਮ੍ਹਹੋਂ ਕੱਢ, ਮੈ ਤੈਨੂੰ ਪਿੰਡੋਂ ਕਢਵਾਵਾਂਗੀ।
ਕੀ ਕਦੇ ਮਾਵਾਂ ਧੀਆਂ ਵਿੱਚ ਕਿਸੇ ਗੱਲ ’ਤੇ ਰੋਸਾ ਨਹੀਂ ਹੁੰਦਾ? ਉਸ ਨੂੰ ਕਿੰਨਾ ਕੁ ਲੋਕਾਂ ਤੱਕ ਪੁਚਾਇਆ ਜਾਂਦਾ ਹੈ? ਫਿਰ ਨੂੰਹ ਦੀ ਗੱਲ ਨੂੰ ਲੋਕਾਂ ਤਕ ਕਿਉਂ ਪੁਚਾਇਆ ਜਾਵੇ? ਕਿਸੇ ਵੇਲੇ ਨੂੰਹ ਕੋਲੋਂ ਕੋਈ ਗੱਲ ਹੋ ਵੀ ਜਾਵੇ ਤਾਂ ਸੱਸ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਸੱਸ ਉਮਰ ਵਿੱਚ ਵੱਡੀ ਹੁੰਦੀ ਹੈ। ਉਸ ਨੂੰ ਤਰੀਕੇ ਨਾਲ ਹੱਲ ਕਰ ਸਕਣ ਦੀ ਸੋਝੀ ਹੁੰਦੀ ਹੈ। ਸਾਡਾ ਭਾਰਤੀ ਵਿਰਸਾ ਬਹੁਤ ਹੀ ਵਧੀਆ ਹੈ। ਇਹ ਪੱਛਮੀ ਮੁਲਕਾਂ ਵਰਗਾ ਨਹੀਂ ਕਿ ‘ਕੌਣ ਮਾਂ ਕੌਣ ਪਿਉ, ਕਿੱਥੇ ਰਹਿੰਦੇ ਨੇ, ਕਿਸੇ ਨੂੰ ਕੁਝ ਪਤਾ ਹੀ ਨਹੀਂ ਹੁੰਦਾ। ਇੱਥੇ ਤਾਂ ਰਿਸ਼ਤਿਆਂ ਦੀ ਬੜੀ ਮਹਾਨਤਾ ਹੈ।
ਹੁਣ ਜ਼ਮਾਨਾ ਪੜ੍ਹਿਆ ਲਿਖਿਆ ਹੈ। ਹਰ ਇੱਕ ਨੂੰ ਸਮਝ ਹੈ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ। ਹੁਣ ਸੱਸਾਂ ਨੂੰ ਆਪਣੇ ਸੁਭਾਅ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ। ਨੂੰਹਾਂ ਨੂੰ ਵੀ ਖਰ੍ਹਵੇਪਣ ਵਾਲੀ ਗੱਲ ਨਹੀਂ ਕਰਨੀ ਚਾਹੀਦੀ। ਰਿਸ਼ਤਿਆਂ ਵਿੱਚ ਇੱਕ ਵਾਰ ਤਰੇੜ ਆ ਜਾਵੇ, ਫਿਰ ਜਿੰਦਗੀ ਨਿਭਾਉਣੀ ਬੜੀ ਔਖੀ ਹੋ ਜਾਂਦੀ ਹੈ। ਅੱਜ ਬਹੁਤੇ ਬਿਰਧ ਆਸ਼ਰਮ ਕਈ ਔਰਤਾਂ ਦੇ ਖਰਵੇਪਨ ਦੀ ਦੇਣ ਹਨ। ਸਾਨੂੰ ਇਹਨਾਂ ਤੋਂ ਬਚਣ ਦੀ ਲੋੜ ਹੈ। ਲੋੜਵੰਦ ਤਾਂ ਬਿਰਧ ਆਸ਼ਰਮ ਦੀ ਸ਼ਰਨ ਲਵੇ, ਕੋਈ ਮਾੜੀ ਗੱਲ ਨਹੀਂ ਪਰ ਬਹੁਤੇ ਬਜ਼ੁਰਗ ਤਾਂ ਨੂੰਹਾਂ-ਪੁੱਤਰਾਂ ਤੋਂ ਤੰਗ ਆ ਕੇ ਬਿਰਧ ਆਸ਼ਰਮ ’ਤੇ ਭਾਰ ਪਾਈ ਬੈਠੇ ਹਨ। ਹੁਣ ਉਹ ਜ਼ਮਾਨਾ ਨਹੀਂ ਰਿਹਾ ਕਿ ਸੱਸ ਨੂੰਹ ਉੱਤੇ ਨਾਦਰਸ਼ਾਹੀ ਵਰਗੇ ਹੁਕਮ ਚਲਾਏ। ਸੱਸਾਂ ਨੂੰ ਨੂੰਹ ਧੀਆਂ ਦੇ ਸਮਾਨ ਤੇ ਨੂੰਹਾਂ ਨੂੰ ਸੱਸਾਂ ਮਾਂਵਾਂ ਦੇ ਸਮਾਨ ਰੱਖਣੀਆਂ ਚਾਹੀਦੀਆਂ ਹਨ। ਫਿਰ ਹੀ ਅਸੀਂ ਇੱਕ ਵਧੀਆ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।
* * *
ਮਾਂ ਬੋਲੀ ਪੰਜਾਬੀ ਦੀ ਹੋਂਦ ’ਤੇ ਖਤਰੇ ਦਾ ਘੁੱਗੂ ਕਿਉਂ?
ਮਾਂ ਬੋਲੀ ਪੰਜਾਬੀ ਇੱਕ ਇਹੋ ਜਿਹੀ ਮਿਠਾਸ ਘੋਲਣ ਵਾਲੀ ਬੋਲੀ ਹੈ, ਜਿਸ ਨੂੰ ਜਿੰਨਾ ਸੁਣੀਏ, ਵਿਚਾਰੀਏ ਉੰਨਾ ਹੀ ਦਿਲ ਨੂੰ ਸਕੂਨ ਮਿਲਦਾ ਹੈ। ਗੁਰੂਆਂ, ਪੀਰਾਂ ਦੀ ਧਰਤੀ ’ਤੇ ਜੰਮੀ ਪਲੀ ਪੰਜਾਬੀ ਮਾਂ ਬੋਲੀ ਦੀ ਅੱਜ ਹਾਲਤ ਤਰਸਯੋਗ ਬਣੀ ਹੋਈ ਹੈ। ਮਾਂ ਬੋਲੀ ਪੰਜਾਬੀ ਨੂੰ ਘਰੋਂ ਬਾਹਰ ਕੱਢਣ ਦੇ ਦੋਸ਼ੀ ਕੋਈ ਬਾਹਰੋਂ ਆਏ ਲੋਕ ਨਹੀਂ, ਸਗੋਂ ਅਸੀਂ ਖ਼ੁਦ ਹਾਂ। ਉਹਨਾਂ ਦੀ ਮਿਸਾਲ ਕੁਝ ਕੁ ਅੰਸ਼ ਮੈਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਿਹਾ ਹਾਂ। ਆਪਾਂ ਆਪਣੀ ਰੋਜ਼ਮਰ੍ਹਾ ਜ਼ਿੰਦਗੀ ਦੀ ਗੱਲ ਕਰੀਏ ਕਿ ਦਾਤਣ ਦੀ ਥਾਂ ਟੁੱਥ ਪੇਸਟ ਕਹਿਣਾ ਸ਼ੁਰੂ ਕੀਤਾ ਹੈ। ਗੰਢੇ ਨੂੰ ਪਿਆਜ਼, ਥੋਮ ਨੂੰ ਲਸਣ ਤੇ ਚਾਹ ਨੂੰ ਬੈੱਡ ਟੀ। ਸ਼ਾਹ ਵੇਲੇ ਨੂੰ ਬ੍ਰੇਕ ਫਾਸਟ, ਲੌਢੇ ਵੇਲੇ ਨੂੰ ਲੰਚ, ਸਵੇਰ ਦੀ ਸੈਰ ਨੂੰ ਮੌਰਨਿੰਗ ਵਾਕ। ਜਿਹੜੀਆਂ ਰੋਟੀਆਂ ਨੂੰ ਪੋਣੇ ਵਿੱਚ ਬੰਨ੍ਹ ਕੇ ਸਕੂਲ ਜਾਂਦੇ ਸੀ, ਅੱਜ ਉਹ ਟਿਫਨ ਬਾਕਸ ਕਹਾਉਣ ਲੱਗ ਪਈਆਂ ਹਨ। ਇੱਕ ਪ੍ਰਵਾਸੀ ਮਜ਼ਦੂਰ ਅਗਰ ਕੋਈ ਘਰ ਵਿੱਚ ਕੰਮ ਲਈ ਰੱਖ ਲੈਂਦਾ ਹੈ, ਉਸ ਇਕੱਲੇ ਨੂੰ ਕੋਈ ਪੰਜਾਬੀ ਨਹੀਂ ਸਿਖਾਉਂਦਾ, ਸਗੋਂ ਸਾਰਾ ਟੱਬਰ ਹਿੰਦੀ ਬੋਲਣ ਲੱਗ ਜਾਂਦਾ ਹੈ। ‘ਆਂਟੀ ਤੇ ਅੰਕਲ’ ਨੇ ਸਾਰੇ ਰਿਸ਼ਤਿਆਂ ਦਾ ਫਾਹਾ ਹੀ ਵੱਢ ਦਿੱਤਾ ਹੈ। ਕੋਈ ਚਾਚੀ, ਤਾਈ, ਭੂਆ, ਮਾਸੀ ਕਹਿ ਕੇ ਬੁਲਾਉਂਦਾ ਹੀ ਨਹੀਂ। ਭਰਾ ਨੂੰ ਬਰੋ, ਡਾਕਟਰ ਨੂੰ ਡੋਕ ਤੇ ਹਲਾਂ ਨੂੰ ਕਲਟੀਵੇਟਰ ਕਹੀ ਜਾਂਦੇ ਹਨ। ਹੁਣ ਕੋਈ ਆਪਣੇ ਆਪ ਨੂੰ ਅਨਪੜ੍ਹ ਕਹਾਉਣਾ ਹੀ ਨਹੀਂ ਚਾਹੁੰਦਾ। ਸਭ ਝੱਗੇ ਪਜਾਮੇ ਦੀ ਥਾਂ ਪੈਂਟਾਂ ਸ਼ਰਟਾਂ ਤੇ ਕਮੀਜ਼ਾਂ ਦੀ ਥਾਂ ਟੀ ਸ਼ਰਟਾਂ ਪਾਉਂਦੇ ਹਨ। ਇੱਥੋਂ ਤਕ ਕਿ ਰੋਟੀ ਸ਼ਬਦ ਇੱਕ ਪੰਜਾਬੀ ਦਾ ਠੇਠ ਸ਼ਬਦ ਸੀ। ਹੁਣ ਰੋਟੀ ਰੋਟੀ ਨਹੀਂ ਰਹੀ ਸਗੋਂ ਚਪਾਤੀ ਬਣ ਕੇ ਰਹਿ ਗਈ ਹੈ। ਦਿਉਰਾਣੀਆਂ, ਜਿਠਾਣੀਆਂ ਆਪਸ ਵਿੱਚ ਭੈਣਾਂ ਭੈਣਾਂ ਕਹਿਣ ਦੀ ਬਜਾਏ ਭਾਬੀ ਕਹਿਣ ਲੱਗ ਪਈਆਂ ਹਨ। ਸੂਈ ਧਾਗੇ ਨੀਡਲ ਬਣ ਗਈਆਂ ਹਨ। ਤੌਲੀਏ ਨੂੰ ਹਰ ਕੋਈ ਤਾਵਲ ਹੀ ਕਹੀ ਜਾਂਦੇ ਹਨ। ਕਹੀ ਨੂੰ ਕੱਸੀ, ਦੁੱਧ ਨੂੰ ਮਿਲਕ। ਪਤਾ ਨਹੀਂ ਅਸੀਂ ਕਿਉਂ ਪੰਜਾਬੀ ਨਾਲ ਨਫਰਤ ਕਰਨ ਲੱਗ ਪਏ ਹਨ। ਬੁੱਧੀਜੀਵੀਆਂ ਨੂੰ ਪੰਜਾਬੀ ਦੀ ਹੋਂਦ ਨੂੰ ਬਚਾਉਣ ਦੀ ਚਿੰਤਾ ਲੱਗੀ ਹੋਈ ਹੈ। ਪੰਜਾਬੀਆਂ ਨੂੰ ਪੰਜਾਬੀ ਜ਼ਹਿਰ ਵਾਂਗ ਲੱਗਣ ਲੱਗ ਪਈ ਹੈ। ਪੰਜਾਬੀ ਨੂੰ ਇੱਕ ਦਿਨ ਨਹੀਂ ਸਗੋਂ ਹਰ ਰੋਜ਼ ਬਚਾਉਣ ਦੀ ਲੋੜ ਹੈ। ਪਹਿਲਾਂ ਦੋਸ਼ੀ ਅਸੀਂ ਹਾਂ, ਫਿਰ ਕੋਈ ਹੋਰ ਤੇ ਸਰਕਾਰ।
ਅੱਗੇ ਸਕੂਲਾਂ ਵਿੱਚ ਅਧਿਆਪਕਾਂ ਨੂੰ ਮਾਸਟਰ ਜੀ ਤੇ ਭੈਣ ਜੀ ਕਿਹਾ ਕਰਦੇ ਸੀ, ਹੁਣ ਟੀਚਰ ਤੇ ਮੈਡਮ ਕਹਿਣ ਲੱਗ ਪਏ ਹਾਂ। ਹੁਣ ਇਹ ਰੋਣਾ ਕੀਹਦੇ ਕੀਹਦੇ ਕੋਲ ਰੋਈਏ? ਦੁਨੀਆਂ ਵਿੱਚ ਦਸਵੇਂ ਨੰਬਰ ’ਤੇ ਬੋਲੀ ਜਾਣ ਵਾਲੀ ਪੰਜਾਬੀ ਅੱਜ ਪੰਜਾਬ ਵਿੱਚੋਂ ਹੀ ਅਲੋਪ ਹੋ ਰਹੀ ਹੈ।
ਸੰਵਿਧਾਨ ਮੁਤਾਬਿਕ ਭਾਰਤ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ। 2011 ਦੀ ਮਰਦਮ ਸ਼ੁਮਾਰੀ ਮੁਤਾਬਿਕ 19,569 ਮਾਂ ਬੋਲੀਆਂ ਹਨ ਹਾਲਾਂਕਿ ਕਿ 96 ਫੀਸਦੀ ਲੋਕ 22 ਭਾਸ਼ਾਵਾਂ ਨੂੰ ਮਾਂ ਬੋਲੀ ਵਜੋਂ ਬੋਲਦੇ ਹਨ। ਜਿਵੇਂ ਕਿ ਬੰਗਾਲ ਬੰਗਾਲੀ, ਹਰਿਆਣਾ ਹਰਿਆਣਵੀ, ਮਹਾਰਾਸ਼ਟਰ ਵਾਲੇ ਮਰਾਠੀ, ਆਂਧਰਾ ਵਾਲੇ ਤੇਲਗੂ, ਕੇਰਲਾ ਵਾਲੇ ਮਲਿਆਲਮ ਆਦਿ ਜਦੋਂ ਕਿ ਦੱਖਣੀ ਏਸ਼ੀਆ ਵਿੱਚ ਹਿੰਦੀ, ਬੰਗਾਲੀ ਤੋਂ ਬਾਅਦ ਤੀਜੇ ਨੰਬਰ ਤੇ ਪੰਜਾਬੀ ਬੋਲੀ ਨੂੰ ਬੋਲਿਆ ਜਾਂਦਾ ਹੈ। ਵਰਤਮਾਨ ਸਮੇਂ ਵਿੱਚ ਇੰਗਲੈਂਡ ਵਿੱਚ ਪੰਜਾਬੀ ਤੀਜੇ ਦਰਜ਼ੇ ਅਤੇ ਕਨੇਡਾ ਵਿੱਚ ਚੌਥੇ ਦਰਜ਼ੇ ’ਤੇ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਹੈ। ਪੰਜਾਬੀ ਨੇ ਸੱਤ ਸਮੁੰਦਰਾਂ ਤੋਂ ਪਾਰ ਲੰਘ ਕੇ ਆਪਣੀ ਪਕੜ ਮਜ਼ਬੂਤ ਕੀਤੀ ਹੈ। ਪਰ ਪੰਜਾਬ ਵਿੱਚ ਜੰਮੀ ਪਲੀ ਇਹ ਬੋਲੀ ਅੱਜ ਦੁਹਾਈਆਂ ਪਾ ਰਹੀ ਹੈ।
“ਕੋਈ ਮੋੜ ਲਿਆਵੋਂ ਨੀ ਗਈ ਜੇ ਮੈਥੋਂ ਰੁੱਸ ਕੇ ...” ਅਸੀਂ ਇੱਕ ਦੂਜੇ ਨੂੰ ਦੋਸ਼ੀ ਨਾ ਠਹਿਰਾਈਏ ਸਗੋਂ ਆਪ ਅੱਗੇ ਵਧ ਕੇ ਪੰਜਾਬੀ ਵਾਸਤੇ ਕੰਮ ਕਰੀਏ। ਖਾਣ ਪੀਣ ਵਾਲੀਆਂ ਵਸਤੂਆਂ ਦੇ ਨਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਵਿੱਚ ਦੱਸੀਏ। ਪੰਜਾਬੀ ਬਣ ਕੇ ਰਹੀਏ, ਪੰਜਾਬੀ ਪੜ੍ਹੀਏ ਤੇ ਪੰਜਾਬੀ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਈਏ, ਤਾਂ ਹੀ ਸਾਡਾ ਫਾਇਦਾ ਹੈ ਪੰਜਾਬੀ ਦਿਵਸ ਮਨਾਉਣ ਦਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)