“ਗੱਲ ਸਾਡੇ ਹਜ਼ਮ ਨਹੀਂ ਹੋ ਰਹੀ ਸੀ ਕਿ ਇਸ ਬੁੱਢੇ ਕੈਪਟਨ ਦੀਆਂ ਲੱਤਾਂ ...”
(13 ਦਸੰਬਰ 2024)
ਪਿਛਲੇ ਦਿਨੀਂ ਮੈਂ ਆਪਣੇ ਕੁਝ ਦਸਤਾਵੇਜ਼ਾਂ ਸੰਬੰਧੀ ਸੈਨਿਕ ਭਲਾਈ ਦਫਤਰ ਵਿੱਚ ਗਿਆ। ਉੱਥੇ ਮੁਲਾਜ਼ਮ ਲੋਕਾਂ ਦਾ ਕੰਮ ਘੱਟ ਕਰਦੇ ਹਨ, ਫੌਜੀਆਂ ਦੀਆਂ ਜੇਬਾਂ ਵੱਲ ਜ਼ਿਆਦਾ ਵੇਖਦੇ ਹਨ। ਉਹਨਾਂ ਨੂੰ ਇੰਝ ਜਾਪਦਾ ਹੈ ਕਿ ਅਗਰ ਅਸੀਂ ਨਾ ਹੋਈਏ ਤਾਂ ਇਹਨਾਂ ਫੌਜੀਆਂ ਨੂੰ ਪੈਨਸ਼ਨ ਹੀ ਨਾ ਮਿਲੇ। ਖੈਰ, ਮੈਂ ਗੱਲ ਸਟਾਫ ਦੀ ਨਹੀਂ ਕਰਨ ਲੱਗਾ, ਗੱਲ ਇੱਕ ਇਹੋ ਜਿਹੇ ਇਨਸਾਨ ਦੀ ਕਰਨ ਜਾ ਰਿਹਾ ਹਾਂ, ਜਿਸਦੀ ਕਰਤੂਤ ਸੁਣ ਕੇ ਤੁਸੀਂ ਵੀ ਪਾਣੀ ਪਾਣੀ ਹੋ ਜਾਵੋਗੇ। ਤੁਹਾਡਾ ਸਿਰ ਸ਼ਰਮ ਨਾਲ ਝੁਕ ਜਾਵੇਗਾ ਕਿ ਸਾਡੇ ਸਮਾਜ ਵਿੱਚ ਇਹੋ ਜਿਹੇ ਲੋਕ ਵੀ ਬੈਠੇ ਹਨ, ਜਿਹਨਾਂ ਨੇ ਪੈਸੇ ਨੂੰ ਹੀ ਮੁੱਖ ਰੱਖਿਆ ਹੋਇਆ ਹੈ। ਇੱਜ਼ਤ ਨਾਂ ਦਾ ਸ਼ਬਦ ਉਹਨਾਂ ਦੇ ਸ਼ਬਦ ਕੋਸ਼ ਵਿੱਚ ਨਹੀਂ ਹੈ। ਇਹ ਗੱਲ ਬਿਲਕੁਲ ਹਕੀਕਤ ਹੈ। ਪਰ ਮੈਂ ਉਸ ਸ਼ਖਸ ਦਾ ਅਸਲੀ ਨਾਂ ਤੇ ਪਤਾ ਨਹੀਂ ਲਿਖ ਸਕਦਾ ਕਿਉਂਕਿ ਉਸ ਕੈਪਟਨ ਨੇ ਜਿਹੜੀ ਕਰਤੂਤ ਕੀਤੀ ਸੀ, ਉਹ ਜਨਤਕ ਨਹੀਂ ਹੋਈ। ਅਗਰ ਜਨਤਕ ਹੋ ਜਾਂਦੀ ਤਾਂ ਸ਼ਾਇਦ ਉਹ ਕੈਪਟਨ ਆਤਮਹੱਤਿਆ ਕਰ ਲੈਂਦਾ। ...
ਇਸ ਗੱਲ ਦਾ ਮੈਨੂੰ ਉਸ ਸਮੇਂ ਪਤਾ ਲੱਗਾ, ਜਦੋਂ ਉਹ ਕੈਪਟਨ ਆਪਣੀ ਕਰਤੂਤ ’ਤੇ ਪਰਦਾ ਪੁਆਉਣ ਵਾਸਤੇ ਮਿਨਤਾਂ ਕਰ ਰਿਹਾ ਸੀ। ਪਰ ਸੈਨਿਕ ਭਲਾਈ ਵਾਲੇ ਮੁਲਾਜ਼ਮ ਉਸ ਨੂੰ ਮੁਆਫ਼ ਨਹੀਂ ਸਨ ਕਰ ਰਹੇ। ਜਦੋਂ ਤਕ ਮੈਨੂੰ ਉਸ ਦੀ ਅਸਲੀ ਗੱਲ ਦਾ ਪਤਾ ਨਹੀਂ ਸੀ, ਉਸ ਸਮੇਂ ਤਕ ਮੈਂ ਕੈਪਟਨ ਦੀ ਹਾਲਤ ਵੇਖ ਕੇ ਤਰਸ ਖਾ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਅਸੀਂ ਸਾਰੀ ਜਵਾਨੀ ਦੇਸ਼ ਦੇ ਲੇਖੇ ਲਾ ਕੇ ਆ ਜਾਂਦੇ ਹਾਂ, ਜਦੋਂ ਬੁਢਾਪਾ ਆ ਜਾਂਦਾ ਹੈ, ਪੈਨਸ਼ਨ ਵਾਸਤੇ ਦਫਤਰਾਂ ਵਾਲਿਆਂ ਦੀਆਂ ਮਿਨਤਾਂ ਕਰਨੀਆਂ ਪੈਂਦੀਆਂ ਹਨ। ਇਹ ਸਾਡੇ ਨਾਲ ਇਨਸਾਫ ਨਹੀਂ।
ਉਸ ਦਿਨ ਸੀਨੀਅਰ ਕਲਰਕ ਨੇ ਕੈਪਟਨ ਨੂੰ ਕਹਿ ਦਿੱਤਾ, “ਅੱਜ ਸਮਾਂ ਨਹੀਂ, ਫਿਰ ਕਿਸੇ ਦਿਨ ਆ ਜਾਵੀਂ, ਤੇਰਾ ਮਸਲਾ ਹੱਲ ਕਰਕੇ ਵੇਖਾਂਗੇ।”
ਕੇਪਟਨ ‘ਜੀ’ ਕਹਿ ਕੇ ਬਾਹਰ ਨੂੰ ਚਲਾ ਗਿਆ।
ਮੈਂ ਉਸ ਕਲਰਕ ਨੂੰ ਪੁੱਛਿਆ, “ਤੁਸੀਂ ਇੱਕ ਸੀਨੀਅਰ ਸਿਟੀਜ਼ਨ ਬਜ਼ੁਰਗ ਦੀ ਗੱਲ ਕਿਉਂ ਨਹੀਂ ਸੁਣੀ। ਫੌਜ ਨੇ ਉਸ ਨੂੰ ਆਨਰਰੀ ਕੈਪਟਨ ਦਾ ਅਹੁਦਾ ਨਿਵਾਜ਼ ਕੇ ਭੇਜਿਆ ਹੈ। ਉਸ ਦੀ ਹੁਣ ਹਾਲਤ ਤਾਂ ਵੇਖੋ ਕੀ ਹੋਈ ਪਈ ਹੈ? ਤੁਹਾਨੂੰ ਕਿਸੇ ਬਜ਼ੁਰਗ ’ਤੇ ਤਰਸ ਕਿਉਂ ਨਹੀਂ ਆਉਂਦਾ? ਕੁਰਸੀ ਮਿਲ ਜਾਣ ਨਾਲ ਬੰਦਾ ਰੱਬ ਨਹੀਂ ਬਣ ਜਾਂਦਾ। ਇਹ ਕੁਰਸੀ ਤਾਂ ਚਾਰ ਦਿਨਾਂ ਦੀ ਪ੍ਰਹਾਉਣੀ ਹੁੰਦੀ ਹੈ। ਅੱਜ ਤੁਹਾਡੇ ਥੱਲੇ ਤੇ ਕੱਲ੍ਹ ਨੂੰ ਕਿਸੇ ਹੋਰ ਦੇ ਥੱਲੇ। ...”
ਮੇਰੀਆਂ ਗੱਲਾਂ ਸੁਣ ਕੇ ਕਲਰਕ ਖਫ਼ਾ ਹੋ ਗਿਆ ਤੇ ਕਹਿੰਦਾ, “ਸੂਬੇਦਾਰ ਸਾਬ੍ਹ ਜੀ, ਤੁਹਾਨੂੰ ਇਸਦੀ ਕਰਤੂਤ ਦਾ ਪਤਾ ਨਹੀਂ। ਅਗਰ ਪਤਾ ਲੱਗ ਗਿਆ ਤਾਂ ਤੁਹਾਡੇ ਪੈਰਾਂ ਥੱਲਿਉਂ ਮਿੱਟੀ ਨਿਕਲ ਜਾਵੇਗੀ।”
ਮੈਂ ਕਿਹਾ, “ਉਹ ਇਹੋ ਜਿਹੀ ਕਿਹੜੀ ਗੱਲ ਹੈ?”
ਕਲਰਕ ਮੈਨੂੰ ਵਿਸਥਾਰ ਨਾਲ ਕੈਪਟਨ ਦੀ ਕਰਤੂਤ ਦੱਸਣ ਲੱਗਣ ਪਿਆ, “ਇਹ ਜੋ ਕੈਪਟਨ ਸਾਬ੍ਹ ਹੈ ਨਾ, ਅੱਜ ਤੋਂ ਪੰਜ ਕੁ ਸਾਲ ਪਹਿਲਾਂ ਇਸਦੀ ਘਰ ਵਾਲੀ ਅਕਾਲ ਚਲਾਣਾ ਕਰ ਸੀ। ਇਸਦਾ ਇੱਕੋ ਇੱਕ ਮੁੰਡਾ ਹੈ। ਮੁੰਡਾ ਕੋਈ ਨੌਕਰੀ ਤਾਂ ਨਹੀਂ ਕਰਦਾ ਪਰ ਹੁਸ਼ਿਆਰ ਬਹੁਤ ਹੈ। ਉਸ ਦੀ ਸ਼ਾਦੀ ਨੂੰ 10-15 ਸਾਲ ਹੋ ਗਏ ਹਨ ਪਰ ਅਜੇ ਤਕ ਕੋਈ ਬੱਚਾ ਕੋਈ ਨਹੀਂ ਹੋਇਆ ਜਾਂ ਫਿਰ ਲਿਆ ਨਹੀਂ। ਨੂੰਹ ਰਾਣੀ ਵੀ ਪੜ੍ਹੀ ਲਿਖੀ ਤੇ ਤੇਜ਼ ਤਰਾਰ ਹੈ। ਇਹਨਾਂ ਨੇ ਘਰ ਬੈਠ ਕੇ ਇੱਕ ਵਿਉਂਤ ਬਣਾਈ, ਕਿਉਂ ਨਾ ਇੰਝ ਕਰੀਏ ਕਿ ਮੇਰੇ ਮਰ ਜਾਣ ਤੋਂ ਬਾਅਦ ਵੀ ਤੁਹਾਨੂੰ ਪੈਨਸ਼ਨ ਮਿਲਦੀ ਰਹੇ। ਕੈਪਟਨ ਨੇ ਪਹਿਲਾਂ ਮੁੰਡੇ ਤੇ ਨੂੰਹ ਰਾਣੀ ਦਾ ਤਲਾਕ ਕਾਗਜ਼ਾਂ ਵਿੱਚ ਕਰਵਾ ਲਿਆ। ਫਿਰ ਥੋੜ੍ਹੇ ਚਿਰ ਬਾਅਦ ਆਪਣਾ ਵਿਆਹ ਕਾਗਜ਼ਾਂ ਵਿੱਚ ਉਸ ਨੂੰਹ ਰਾਣੀ ਨਾਲ ਕਰ ਲਿਆ। ਪਹਿਲੀ ਘਰ ਵਾਲੀ ਦਾ ਮੌਤ ਦਾ ਸਰਟੀਫਿਕੇਟ ਜਲਦੀ ਜਮ੍ਹਾਂ ਕਰਵਾ ਦਿੱਤਾ। ਫਿਰ ਇਹ ਤਿੰਨੇ ਜਣੇ ਵਿਆਹ ਦਾ ਸਰਟੀਫਿਕੇਟ ਲੈ ਕੇ ਇੱਥੇ ਆ ਗਏ। ਮੁੰਡਾ ਤਾਂ ਬਾਹਰ ਗੱਡੀ ਵਿੱਚ ਬੈਠਾ ਰਿਹਾ, ਨੂੰਹ ਸੌਹਰਾ ਦੋਵਾਂ ਜੀਆਂ ਦਾ ਡਰਾਮਾ ਕਰਦੇ ਹੋਏ ਸਾਹਮਣੇ ਕੁਰਸੀਆਂ ’ਤੇ ਆ ਕੇ ਬੈਠ ਗਏ। ਅਸੀਂ ਕਦੇ ਕੈਪਟਨ ਵੱਲ ਵੇਖੀਏ ਤੇ ਕਦੇ ਉਸ ਬੀਬੀ ਵੱਲ। ਉਮਰ ਦਾ ਬਹੁਤ ਸਾਰਾ ਫਰਕ ਸੀ ਪਰ ਅਸੀਂ ਉਹਨਾਂ ਦੇ ਨਿੱਜੀ ਮਾਮਲੇ ਵਿੱਚ ਕੁਝ ਨਹੀਂ ਬੋਲ ਸਕਦੇ ਸੀ। ਗੱਲ ਸਾਡੇ ਹਜ਼ਮ ਨਹੀਂ ਹੋ ਰਹੀ ਸੀ ਕਿ ਇਸ ਬੁੱਢੇ ਕੈਪਟਨ ਦੀਆਂ ਲੱਤਾਂ ਕਬਰਾਂ ਵੱਲ ਜਾ ਰਹੀਆਂ ਹਨ ਤੇ ਵਿਆਹ ਭਲਾ ਇਸ ਨੇ ਕਿਵੇਂ ਕਰਵਾ ਲਿਆ? ਕੈਪਟਨ ਸਾਡੇ ਸ਼ੱਕ ਦੇ ਘੇਰੇ ਵਿੱਚ ਆ ਗਿਆ। ਅਸੀਂ ਉਸ ਦਾ ਵਿਆਹ ਵਾਲਾ ਸਰਟੀਫਿਕੇਟ ਰੱਖ ਲਿਆ। ਉਸ ਨੂੰ ਹਫਤੇ ਬਾਅਦ ਆਉਣ ਲਈ ਕਿਹਾ।
“ਸਾਡੇ ਕੋਲ ਹਰ ਇੱਕ ਫੌਜੀ ਦੇ ਨੰਬਰ ਹੁੰਦੇ ਹਨ। ਅਸੀਂ ਉਸ ਦੇ ਪਿੰਡ ਦੇ ਇੱਕ ਗੁਆਂਢੀ ਨੂੰ ਫੋਨ ਲਾਇਆ। ਉਸ ਤੋਂ ਗੱਲੀਂਬਾਤੀਂ ਇਸ ਕੈਪਟਨ ਦੀ ਇਨਕੁਆਰੀ ਕਰ ਲਈ। ਸਾਨੂੰ ਪਤਾ ਲੱਗ ਗਿਆ ਕਿ ਵਿਆਹ ਫਰਜ਼ੀ ਹੈ। ਅਗਲੇ ਹਫ਼ਤੇ ਕੈਪਟਨ ਫਿਰ ਆ ਗਿਆ। ਅਸੀਂ ਉਸ ਨੂੰ ਜ਼ਾਹਿਰ ਨਹੀਂ ਹੋਣ ਦਿੱਤਾ ਕਿ ਤੇਰੇ ਵਿਆਹ ਦਾ ਕੱਚ-ਸੱਚ ਅਸੀਂ ਪਤਾ ਕਰ ਲਿਆ ਹੈ। ਉਹ ਆ ਕੇ ਬੈਠ ਗਏ। ਮੈਂ ਕੈਪਟਨ ਨੂੰ ਕਿਹਾ, ਸਾਬ੍ਹ ਜੀ, ਵਿਆਹ ਵਾਲੀਆਂ ਫੋਟੋ ਤੇ ਆਨੰਦ ਕਾਰਜ ਵਾਲਾ ਸਰਟੀਫਿਕੇਟ ਲਿਆਉ। ਅੱਗੋਂ ਉਹ ਕਹਿਣ ਲੱਗਾ ਕਿ ਸਾਰੀਆਂ ਫਾਰਮੈਲਟੀਆਂ ਪੂਰੀਆਂ ਹੋਣ ਤੋਂ ਬਾਅਦ ਹੀ ਇਹ ਵਿਆਹ ਦਾ ਮੈਰਿਜ ਸਰਟੀਫਿਕੇਟ ਬਣਦਾ ਹੈ, ਜੋ ਮੈਂ ਤੁਹਾਨੂੰ ਲਿਆ ਕੇ ਦੇ ਦਿੱਤਾ ਹੈ। ਤੁਸੀਂ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰੋ ਤਾਂ ਕਿ ਮੇਰੇ ਖ਼ਤਮ ਹੋਣ ਤੋਂ ਬਾਅਦ ਮੇਰੀ ਘਰਵਾਲੀ ਨੂੰ ਪੈਨਸ਼ਨ ਮਿਲਦੀ ਰਹੇ।
“ਮੈਥੋਂ ਰਿਹਾ ਨਾ ਗਿਆ। ਮੈਂ ਬੀਬੀ ਜੀ ਨੂੰ ਕਿਹਾ ਕਿ ਤੁਸੀਂ ਬਾਹਰ ਗੱਡੀ ਵਿੱਚ ਚਲੇ ਜਾਉ। ਬੀਬੀ ਬਾਹਰ ਚਲੀ ਗਈ ਤੇ ਮੈਂ ਕੈਪਟਨ ਨੂੰ ਪੁੱਛਿਆ, ਤੁਸੀਂ ਸੱਚੀਂ ਵਿਆਹ ਕਰਵਾਇਆ ਹੈ? ਉਸ ਦੀ ਜ਼ਬਾਨ ਥਥਲਾਉਣ ਲੱਗ ਪਈ। ਮੂੰਹ ’ਤੇ ਪਸੀਨਾ ਆ ਗਿਆ ਹੈ। ਸੱਚ ਉਸ ਦੇ ਚਿਹਰੇ ’ਤੇ ਝਲਕਣ ਲੱਗ ਪਿਆ। ਪਰ ਮੂੰਹੋਂ ਕੁਝ ਨਾ ਬੋਲ ਸਕਿਆ। ... ਅਗਰ ਅਸੀਂ ਉਸ ਦੀ ਸਚਾਈ ਦਾ ਪਤਾ ਨਾ ਕਰਦੇ ਤਾਂ ਚਾਰ ਸੌ ਵੀਹ ਦੇ ਕੇਸ ਵਿੱਚ ਅਸੀਂ ਫਸ ਜਾਣਾ ਸੀ। ਹੁਣ ਅਸੀਂ ਇਸ ਨੂੰ ਚਾਰ ਸੌ ਵੀਹ ਦੇ ਕੇਸ ਵਿੱਚ ਫਸਾ ਲਿਆ ਹੈ, ਜਿਸ ਕਰਕੇ ਇਹ ਸਾਡੀਆਂ ਮਿਨਤਾਂ ਕਰਦਾ ਫਿਰਦਾ ਹੈ। ਤੁਹਾਨੂੰ ਲੱਗਿਆ ਹੋਵੇਗਾ ਕਿ ਅਸੀਂ ਗਲਤ ਹਾਂ। ਇਹੋ ਜਿਹਾ ਲਾਲਚੀ ਬੰਦਾ ਮੈਂ ਆਪਣੀ ਪੂਰੀ ਸਰਵਿਸ ਵਿੱਚ ਨਹੀਂ ਵੇਖਿਆ, ਜਿਸ ਨੇ ਪੈਨਸ਼ਨ ਦੇ ਲਾਲਚ ਆਪਣੇ ਪਿਉ ਧੀ ਵਰਗੇ ਪਵਿੱਤਰ ਉੱਤੇ ਕਾਲ਼ਖ਼ ਮਲ ਦਿੱਤੀ ਹੋਵੇ। ਹੁਣ ਤੁਸੀਂ ਦੱਸੋ ਕਿ ਇਹੋ ਜਿਹੇ ਬੰਦੇ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾਵੇ?”
ਕੈਪਟਨ ਦੀ ਕਰਤੂਤ ਸੁਣ ਕੇ ਮੇਰਾ ਮੂੰਹ ਬੰਦ ਹੋ ਗਿਆ। ਮੇਰੇ ਮਨ ਨੂੰ ਬਹੁਤ ਠੇਸ ਲੱਗੀ। ਮੈਂ ਬਿਨਾਂ ਆਪਣਾ ਕੰਮ ਕਰਵਾਇਆਂ ਉੱਥੋਂ ਉੱਠ ਕੇ ਆ ਗਿਆ। ਮੈਂ ਇਹ ਸੋਚਣ ਲਈ ਮਜਬੂਰ ਹੋ ਗਿਆ ਕਿ ਲੋਕ ਇੰਨੇ ਗਿਰ ਕਿਉਂ ਗਏ ਹਨ? ਪੈਸਾ ਹੀ ਲਾਲਚੀ ਲੋਕਾਂ ਨੇ ਕਿਉਂ ਮੁੱਖ ਰੱਖ ਲਿਆ ਹੈ?
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5525)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)