JaswinderSBhuleria8ਬਾਬਾ, ਤੁਹਾਨੂੰ ਇਨ੍ਹਾਂ ਤਰਪਾਲਾਂ ਵਿੱਚ ਠੰਢ ਨਹੀਂ ਲਗਦੀ? ਮੈਂ ਤਾਂ ਇਸ ਕੋਟ ਵਿੱਚ ਵੀ ...
(26 ਫਰਵਰੀ 2025)

 

ਸਮੁੱਚੇ ਪੰਜਾਬ ਦੀ ਧਰਤੀ ਤੇ ਅਸਲੀ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਲੋਕਾਂ ਨੂੰ ਕਦੇ ਕਿਸੇ ਨੇ ਪੁੱਛਿਆ ਤਕ ਨਹੀਂ। ਅੱਜ ਸਵੇਰੇ ਸਵੇਰੇ ਜਦੋਂ ਮੈਂ ਆਪਣੇ ਪੋਤਿਆਂ ਨੂੰ ਸਕੂਲ ਬੱਸ ’ਤੇ ਚੜ੍ਹਾਉਣ ਗਿਆ, ਉਸ ਸਮੇਂ ਨਿੱਕੀਆਂ ਨਿੱਕੀਆਂ ਕਣੀਆਂ ਪੈ ਰਹੀਆਂ ਸਨ। ਠੰਢ ਵੀ ਬਹੁਤ ਜ਼ਿਆਦਾ ਲੱਗ ਰਹੀ ਸੀ। ਉੱਤੋਂ ਜ਼ੋਰ ਦੀ ਹਵਾ ਵੀ ਚੱਲ ਰਹੀ ਸੀ। ਮੀਂਹ ਸਾਰੀ ਰਾਤ ਤੋਂ ਲਗਾਤਾਰ ਪੈ ਰਿਹਾ ਸੀ। ਸੜਕਾਂ ਤੇ ਕਾਫੀ ਚਿੱਕੜ ਹੋਇਆ ਪਿਆ ਸੀ। ਸਕੂਲ ਬੱਸ ਥੋੜ੍ਹੀ ਜਿਹੀ ਲੇਟ ਹੋ ਗਈ। ਮੈਂ ਜੁਆਕਾਂ ਨੂੰ ਲੈ ਕੇ ਬੱਸ ਅੱਡੇ ’ਤੇ ਬਣੇ ਇੱਕ ਸ਼ੈੱਡ ਥੱਲੇ ਖਲੋ ਗਿਆ। ਮੇਰੀ ਨਜ਼ਰ ਸਿੱਧੀ ਖੰਡਰਾਂ ਵਿੱਚ ਖੜ੍ਹੀਆਂ ਹੋਈਆਂ ਗਦੀਰੀਆਂ ਵਾਲਿਆਂ ਦੀਆਂ ਗੱਡੀਆਂ ’ਤੇ ਪਈ, ਜਿਨ੍ਹਾਂ ਨੂੰ ਲੋਕ ਰਾਣਾ ਪ੍ਰਤਾਪ ਦੀ ਸੈਨਾ ਵੀ ਕਹਿੰਦੇ ਹਨ। ਬੇਸ਼ਕ ਉਹਨਾਂ ਦਾ ਪੱਕਾ ਕੋਈ ਟਿਕਾਣਾ ਨਹੀਂ ਹੈ, ਕਦੇ ਉਹ ਇਸ ਪਿੰਡ ਤੇ ਕਦੇ ਉਸ ਪਿੰਡ ਤੁਰਦੇ ਜਾਂਦੇ ਹਪਰ ਜਿਹੜੀ ਹਾਲਤ ਅੱਜ ਮੈਂ ਉਹਨਾਂ ਦੀ ਵੇਖੀ, ਉਸ ਨੇ ਮੈਨੂੰ ਹਲੂਣ ਕੇ ਰੱਖ ਦਿੱਤਾ। ਉਹਨਾਂ ਕੋਲ ਕੋਈ ਕੋਠਾ ਨਹੀਂ, ਕੋਈ ਨਹਾਉਣ ਧੋਣ ਵਾਸਤੇ ਜਗ੍ਹਾ ਨਹੀਂ। ਆਪਣੀਆਂ ਗੱਡੀਆਂ ਦੇ ਚਾਰ ਚੁਫੇਰੇ ਇੱਕ ਕਾਲੀ ਜਿਹੀ ਤਰਪਾਲ ਨੂੰ ਥੱਲੇ ਡੰਡੇ ਲਾ ਕੇ ਰੱਸੀਆਂ ਨਾਲ ਬੰਨ੍ਹ ਕੇ ਖੜ੍ਹਾ ਕੀਤਾ ਹੋਇਆ ਸੀਇੱਕ ਦੋ ਟੁੱਟੀਆਂ ਭੱਜੀਆਂ ਮੰਜੀਆਂ ਡਾਹੀਆਂ ਹੋਈਆਂ ਸਨ। ਮੀਂਹ ਦੀ ਕਣੀਆਂ ਆਰ ਪਾਰ ਹੋ ਰਹੀਆਂ ਸਨ। ਕੋਈ ਕੋਈ ਤਰਪਾਲ ਵਿੱਚੋਂ ਪਾਟੀ ਵੀ ਹੋਈ ਸੀ, ਜਿਸ ਕਰਕੇ ਮੀਂਹ ਦਾ ਪਾਣੀ ਸਿੱਧਾ ਉਹਨਾਂ ਦੇ ਸਮਾਨ ਉੱਤੇ ਪੈ ਰਿਹਾ ਸੀ। ਉਹਨਾਂ ਨੇ ਆਪਣੀਆਂ ਜੁੱਲੀਆਂ ਆਪਣੇ ਉੱਤੇ ਲਪੇਟੀਆਂ ਹੋਈਆਂ ਸਨ। ਬਾਹਰ ਜਿਹੜੀਆਂ ਲੱਕੜਾਂ ਉਨ੍ਹਾਂ ਨੇ ਬਾਲਣ ਵਾਸਤੇ ਇਕੱਠੀਆਂ ਕਰ ਕੇ ਰੱਖੀਆਂ ਹੋਈਆਂ ਸਨ, ਉਹ ਵੀ ਸਾਰੀ ਰਾਤ ਮੀਂਹ ਪੈਣ ਕਰਕੇ ਭਿੱਜੀਆਂ ਪਈਆਂ ਸਨ। ਉਹਨਾਂ ਦੇ ਨਿੱਕੇ ਨਿੱਕੇ ਬੱਚੇ ਠੰਢ ਨਾਲ ਠਰੂੰ ਠਰੂੰ ਕਰਦੇ ਹੋਏ ਆਪਣੀਆਂ ਮਾਵਾਂ ਨਾਲ ਚਿੰਬੜੇ ਬੈਠੇ ਸਨ। ਕਈ ਰੋਂਦੇ ਹੋਏ ਚਾਹ ਪੀਣ ਦੀ ਜ਼ਿਦ ਕਰ ਰਹੇ ਸਨ। ਜਦੋਂ ਮੈਂ ਝਾਤ ਮਾਰੀ ਤਾਂ ਪਤਾ ਲੱਗਾ ਕਿ ਉਹਨਾਂ ਕੋਲ ਕੋਈ ਗੈਸ ਵਾਲਾ ਚੁੱਲ੍ਹਾ ਵੀ ਨਹੀਂ ਸੀ, ਨਾ ਉੱਥੇ ਕੋਈ ਬਿਜਲੀ ਦੀ ਤਾਰ ਆਉਂਦੀ ਸੀ। ਜਿਸ ਸਮੇਂ ਮੈਂ ਉਨ੍ਹਾਂ ਕੋਲ ਗਿਆ, ਉਸ ਸਮੇਂ ਦਿਨ ਦਾ ਚਾਨਣ ਜ਼ਰੂਰ ਹੋ ਚੁੱਕਾ ਸੀ। ਇਹ ਸਾਰਾ ਕੁਝ ਵੇਖ ਕੇ ਮੈਂ ਕੋਈ ਗੱਲ ਉਹਨਾਂ ਨਾਲ ਕਰਦਾ, ਇੰਨੇ ਨੂੰ ਉਹਨਾਂ ਦਾ ਇੱਕ ਬਜ਼ੁਰਗ ਬੋਲ ਪਿਆ, “ਸਰਦਾਰ ਜੀ, ਅੱਜ ਕਿਵੇਂ ਸਵੇਰੇ ਸਵੇਰੇ ਆਉਣਾ ਹੋਇਆ? ਆਉ ਬੈਠੋ, ਕੋਈ ਤੁਹਾਡੀ ਸੇਵਾ ਪਾਣੀ ਕਰਦੇ ਹਾਂ।”

ਮੈਨੂੰ ਸਭ ਤੋਂ ਵਧੀਆ ਇਹ ਗੱਲ ਲੱਗੀ ਕਿ ਉਹ ਬਜ਼ੁਰਗ ਬੜੇ ਪਿਆਰ ਨਾਲ ਬੋਲਿਆ। ਮੈਂ ਕਿਹਾ, “ਮੈਂ ਜੁਆਕਾਂ ਨੂੰ ਸਕੂਲ ਬੱਸ ’ਤੇ ਚੜ੍ਹਾਉਣ ਆਇਆ ਸੀ, ਸੋਚਿਆ, ਤੁਹਾਡਾ ਹਾਲ ਚਾਲ ਹੀ ਪੁੱਛਦਾ ਜਾਵਾਂ।”

“ਬੜਾ ਵਧੀਆ ਕੀਤਾ ਈ ਸਰਦਾਰਾ ਜਿਹੜਾ ਤੂੰ ਸਾਨੂੰ ਮਿਲਣ ਆ ਗਿਆ ਹੈਂ। ਸਾਨੂੰ ਤਾਂ ਕੋਈ ਬੁਲਾ ਕੇ ਖੁਸ਼ ਨਹੀਂ। ਸਾਨੂੰ ਤਾਂ ਬਹੁਤੇ ਲੋਕ ਬੰਦੇ ਹੀ ਨਹੀਂ ਮੰਨਦੇ। ਅਸੀਂ ਫਿਰ ਵੀ ਆਪਣੀ ਦੁਨੀਆਂ ਵਿੱਚ ਖੁਸ਼ ਰਹਿੰਦੇ ਹਾਂ।”

ਮੈਂ ਪੁੱਛਿਆ, “ਬਾਬਾ, ਤੁਹਾਨੂੰ ਇਨ੍ਹਾਂ ਤਰਪਾਲਾਂ ਵਿੱਚ ਠੰਢ ਨਹੀਂ ਲਗਦੀ? ਮੈਂ ਤਾਂ ਇਸ ਕੋਟ ਵਿੱਚ ਵੀ ਠੁਰ ਠੁਰ ਕਰ ਰਿਹਾ ਹਾਂ।”

“ਸਰਦਾਰ ਜੀ, ਅਗਰ ਠੰਢ ਲੱਗੇ ਵੀ ਤਾਂ ਕੀ ਕਰ ਸਕਦੇ ਹਾਂ? ਕੋਈ ਗੱਲ ਨਹੀਂ, ਜਦੋਂ ਮੀਂਹ ਹਟ ਜਾਵੇਂਗਾ ਫਿਰ ਅੱਗ ਬਾਲ਼ ਕੇ ਠੰਢ ਲਾਹ ਲਵਾਂਗੇ। ਸਾਡੀ ਤਾਂ ਸਾਰੀ ਜ਼ਿੰਦਗੀ ਹੀ ਇੰਝ ਲੰਘਦੀ ਹੈ। ਤੁਸੀਂ ਸਰਦਾਰ ਜੀ ਅੱਜ ਸਾਡੇ ਵੱਲ ਨਿਗ੍ਹਾ ਮਾਰੀ ਹੈ, ਨਹੀਂ ਤਾਂ ਤਾਂ ...”

“ਨਹੀਂ ਬਾਬਾ, ਮੈਂ ਅਕਸਰ ਲੰਘਦਾ ਟੱਪਦਾ ਤੁਹਾਡੇ ਵਲ ਵੇਖ ਕੇ ਹੀ ਲੰਘਦਾ ਹਾਂ। ਤੁਹਾਡੀ ਕਦੇ ਕਿਸੇ ਸਰਕਾਰ ਨੇ ਬਾਂਹ ਨਹੀਂ ਫੜੀ। ਕਿਸੇ ਨੇ ਤੁਹਾਨੂੰ ਘਰ ਬਣਵਾਉਣ ਬਾਰੇ ਨਹੀਂ ਕਿਹਾ।”

“ਸਰਦਾਰ ਜੀ, ਇੱਥੇ ਲੋਕ ਜੋ ਕੁਛ ਸਾਡੇ ਕੋਲ਼ ਆ, ਉਹ ਖੋਹਣ ਨੂੰ ਫਿਰਦੇ ਆ, ਤੁਸੀਂ ਘਰ ਬਣਾਉਣ ਦੀ ਗੱਲ ਕਰਦੇ ਹੋ। ਸਾਡੀ ਇਹੋ ਗੱਡੀ ਘਰ ਤੇ ਜਾਇਦਾਦ ਹੈ। ਸਾਨੂੰ ਤਾਂ ਕੋਈ ਖਾਲੀ ਜ਼ਮੀਨ ਉੱਤੇ ਰੇਹੜੀ ਵੀ ਖਿਲਾਰਨ ਨਹੀਂ ਦਿੰਦਾ। ਜਿਹੜਾ ਮਰਜ਼ੀ ਰੋਹਬ ਮਾਰ ਕੇ ਸਾਨੂੰ ਅੱਗੇ ਤੋਰ ਦਿੰਦਾ ਹੈ। ਅਸੀਂ ਤਾਂ ਰੱਬ ਦੇ ਆਸਰੇ ਹੀ ਦਿਨ ਕੱਟਦੇ ਹਾਂ।”

ਕਦੇ ਮੈਂ ਬਜ਼ੁਰਗ ਦੇ ਹੌਸਲੇ ਵੱਲ ਵੇਖਦਾ, ਕਦੇ ਉਸ ਤਰਪਾਲ ਵੱਲ, ਜਿਹੜੀ ਹਵਾ ਨਾਲ ਉਡੂੰ ਉਡੂੰ ਕਰ ਰਹੀ ਸੀ। ਪਰ ਮੈਂ ਮਨ ਹੀ ਮਨ ਵਿੱਚ ਸੋਚਦਾ ਰਿਹਾ ਕਿ ਸਾਡੇ ਦੇਸ਼ ਦੇ ਮਹਾਨ ਨੇਤਾ ਕਿਹੜੇ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਚੇ ਚੁੱਕਣ ਦੀ ਗੱਲ ਕਰਦੇ ਹਨ? ਇਨ੍ਹਾਂ ਲੋਕਾਂ ਤੋਂ ਜ਼ਿਆਦਾ ਗਰੀਬ ਹੋਰ ਕੌਣ ਹੋ ਸਕਦੇ ਹਨ, ਜਿਨ੍ਹਾਂ ਕੋਲ ਕੁਝ ਵੀ ਨਹੀਂ ਰਹਿਣ ਵਾਸਤੇ? ਆਪਣਾ ਦਿਹਾੜੀ ਦੱਪਾ ਕਰਕੇ ਢਿੱਡ ਤਾਂ ਜ਼ਰੂਰ ਭਰ ਲੈਂਦੇ ਹੋਣਗੇ ਪਰ ਹੋਰ ਜ਼ਿੰਦਗੀ ਜਿਊਣ ਵਾਸਤੇ ਇਨ੍ਹਾਂ ਕੋਲ ਕੁਝ ਵੀ ਨਹੀਂ। ਕਈ ਇੰਨੇ ਵੱਡੇ ਧਨਾਢ ਬੈਠੇ ਹਨ, ਜਿਨ੍ਹਾਂ ਕੋਲ ਪੈਸੇ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਹਜ਼ਾਰਾਂ ਹਜ਼ਾਰਾਂ ਫਲੈਟਾਂ ਦੇ ਮਾਲਕ ਬਣੇ ਹਨ। ਇੱਧਰ ਇੱਕ ਝੌਂਪੜੀ-ਝੁੱਗੀ ਵੀ ਨਹੀਂ ਹੈ। ਇਹ ਸਭ ਕੁਝ ਵੇਖ ਕੇ ਮੇਰੇ ਪੈਰਾਂ ਥੱਲਿਓਂ ਮਿੱਟੀ ਖਿਸਕਣ ਲੱਗ ਪਈ। ਮੈਂ ਇਹੋ ਸੋਚ ਕੇ ਤੁਰ ਪਿਆ ਕਿ ਇਹ ਹਕੀਕਤ ਮੈਂ ਸਾਰੀ ਦੁਨੀਆਂ ਨੂੰ ਜ਼ਰੂਰ ਸੁਣਾਵਾਂਗਾ। ਇਹ ਬਿਲਕੁਲ ਸੱਚ ਤੇ ਅਸਲੀਅਤ ਹੈ। ਇਹ ਅੱਖੀਂ ਵੇਖਿਆ ਦ੍ਰਿਸ਼ ਮੈਂ ਕਦੇ ਨਹੀਂ ਭੁੱਲ ਸਕਦਾ।

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Jaswinder S Bhuleria

Jaswinder S Bhuleria

Mamdot, Firozpur, Punjab, India.
Phone: (91 - 75891 - 55501)
Email: (Jaswinder.Bhuleria1@gmail.com)

More articles from this author