“ਅੱਜ ਆਮ ਆਦਮੀ ਵੀ ਇਹ ਸੋਚਣ ਲਈ ਮਜਬੂਰ ਹੋਇਆ ਬੈਠਾ ਹੈ ਕਿ ਕੀ ਬਣੂ ...”
(14 ਫਰਵਰੀ 2026)
ਨਵੇਂ ਰਿਵਾਜ਼ ਅਤੇ ਮਹਿੰਗੀਆਂ ਵਿਆਹ-ਸ਼ਾਦੀਆਂ, ਆਮ ਵਰਗ ਦੀਆਂ ਕਰਕੇ ਛੱਡਣਗੀਆਂ ਬਰਬਾਦੀਆਂ
ਵਿਆਹ ਦੋ ਪਰਿਵਾਰਾਂ ਅਤੇ ਮੁੰਡੇ ਕੁੜੀ ਦਾ ਸੁਮੇਲ ਕਰਵਾਉਣ ਦੀ ਇੱਕ ਪਰੰਪਰਾ ਹੈ ਜੋ ਕਿ ਪਿਛਲੇ ਕਈ ਹਜ਼ਾਰਾਂ ਸਾਲਾਂ ਤੋਂ ਚਲਦੀ ਆ ਰਹੀ ਹੈ। ਬੇਸ਼ਕ ਵਿਆਹ ਕਰਨ ਦੇ ਢੰਗ ਤਰੀਕੇ ਹਰ ਵਰਗ ਅਤੇ ਹਰ ਧਰਮ ਦੇ ਵੱਖੋ ਵੱਖਰੇ ਹਨ ਪਰ ਵਿਆਹ ਤਾਂ ਵਿਆਹ ਹੀ ਹੁੰਦਾ ਹੈ ਭਾਵੇਂ ਉਹ ਕਿਸੇ ਗਰੀਬ ਦਾ ਹੋਵੇ ਤੇ ਭਾਵੇਂ ਕਿਸੇ ਰਾਜੇ ਮਹਾਰਾਜੇ ਦਾ ਹੋਵੇ। ਵਿਆਹ ਦਾ ਚਾਅ ਹਰ ਇੱਕ ਨੂੰ ਹੁੰਦਾ ਹੈ। ਹਰ ਕੋਈ ਆਪਣੇ ਵਿਆਹ ਦੀਆਂ ਖੁਸ਼ੀਆਂ ਮਨਾਉਣਾ ਚਾਹੁੰਦਾ ਹੈ। ਖ਼ੁਸ਼ੀਆਂ ਮਨਾਉਣੀਆਂ ਵੀ ਚਾਹੀਦੀਆਂ ਹਨ। ਜਿਵੇਂ ਸਿਆਣੇ ਕਹਿੰਦੇ ਹਨ ਕਿ ਦੁੱਖ ਵੰਡਾਇਆ ਅੱਧਾ ਰਹਿ ਜਾਂਦਾ ਹੈ ਤੇ ਖੁਸ਼ੀ ਵੰਡਾਇਆਂ ਦੁੱਗਣੀ ਹੋ ਜਾਂਦੀ ਹੈ। ਵਿਆਹ ਵਿੱਚ ਹਰ ਇੱਕ ਰਿਸ਼ਤੇਦਾਰੀ ਦਾ ਆਪਣਾ ਆਪਣਾ ਰੁਤਬਾ ਹੁੰਦਾ ਹੈ। ਦਾਦਕਿਆਂ ਅਤੇ ਨਾਨਕਿਆਂ ਦੇ ਪਰਿਵਾਰਾਂ ਵਿੱਚ ਕਈ ਵਾਰ ਤਾਲਮੇਲ ਬੈਠ ਜਾਂਦਾ ਹੈ, ਕਈ ਵਾਰ ਨਹੀਂ ਵੀ ਬੈਠਦਾ। ਫਿਰ ਉੱਥੇ ਗੀਤਾਂ, ਸਿੱਠਣੀਆਂ, ਬੋਲੀਆਂ ਰਾਹੀਂ ਇੱਕ ਦੂਜੇ ਨੂੰ ਤਾਹਨੇ ਮਿਹਣੇ ਦੇ ਕੇ ਸਾਰੇ ਵਿਆਹ ਦਾ ਅਨੰਦ ਮਾਣਦੇ ਹਨ। ਵਿਆਹ ਵਾਲੇ ਮੁੰਡੇ-ਕੁੜੀ ਦੀ ਇਹੋ ਹੀ ਕੋਸ਼ਿਸ਼ ਹੁੰਦੀ ਹੈ। ਕਿ ਸਾਰੇ ਹੀ ਖੁਸ਼ ਰਹਿਣ, ਕਿਸੇ ਪ੍ਰਕਾਰ ਦਾ ਕੋਈ ਹੱਲਾ ਗੁੱਲਾ ਨਾ ਹੋਵੇ। ਕਿਉਂਕਿ ਮੁੰਡੇ ਕੁੜੀ ਨੂੰ ਸਾਰੇ ਰਿਸ਼ਤੇਦਾਰ ਹੀ ਇੱਕੋ ਜਿਹੇ ਹੁੰਦੇ ਹਨ ਭਾਵੇਂ ਉਹ ਦਾਦਕਿਆਂ ਦੇ ਪਰਿਵਾਰ ਵੱਲੋਂ ਹੋਣ ਤੇ ਭਾਵੇਂ ਉਹ ਨਾਨਕਿਆਂ ਦੇ ਪਰਿਵਾਰ ਵੱਲੋਂ।
ਮੰਗਣੀ ਤੋਂ ਲੈਕੇ ਵਿਆਹ ਤਕ ਸਾਰੇ ਹੀ ਰਸਮਾਂ ਰਿਵਾਜ਼ਾਂ ਨੂੰ ਸੋਹਣੇ ਢੰਗ ਨਾਲ ਨਿਭਾਉਣਾ ਚਾਹੀਦਾ ਹੈ। ਕੋਈ ਵੀ ਨਹੀਂ ਚਾਹੁੰਦਾ ਹੁੰਦਾ ਕਿ ਰੰਗ ਵਿੱਚ ਭੰਗ ਪਵੇ। ਹਰ ਇੱਕ ਦੀ ਇੱਛਾ ਹੁੰਦੀ ਹੈ ਕਿ ਸਮਾਗਮ ਨੂੰ ਚਾਰ ਚੰਨ ਲੱਗਣ। ਪਰ ਹੁਣ ਜੇ ਆਪਾਂ ਆਪਣੇ ਆਸੇ ਪਾਸੇ ਨਿਗ੍ਹਾ ਮਾਰੀਏ ਤਾਂ ਕੀ ਇਹ ਸਭ ਕੁਝ ਠੀਕਠਾਕ ਹੋ ਰਿਹਾ ਹੈ? ਸ਼ਾਇਦ ਨਹੀਂ। ਅਮੀਰ ਲੋਕ ਤਾਂ ਵਿਆਹ ਨੂੰ ਬੜੇ ਵੱਡੇ ਤਰੀਕੇ ਨਾਲ ਕਰਦੇ ਨਜ਼ਰ ਆ ਰਹੇ ਹਨ। ਕਈ ਕਈ ਦਿਨ ਉਹਨਾਂ ਦੇ ਘਰਾਂ ਵਿੱਚ ਵਿਆਹ ਚਲਦਾ ਹੈ। ਬੜੇ ਵੱਡੇ ਵੱਡੇ ਪੈਲੇਸ ਕਰਕੇ ਸ਼ਾਹੀ ਖਾਣੇ ਖਾਂਦੇ ਖਵਾਉਂਦੇ ਹੋਏ ਦਿਸਦੇ ਹਨ। ਲੱਖਾਂ ਕਰੋੜਾਂ ਰੁਪਏ ਕੁਝ ਘੰਟਿਆਂ ਵਿੱਚ ਹੀ ਖਰਚ ਕਰ ਦਿੰਦੇ ਹਨ। ਇਹ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਆਪਣੀ ਕਮਾਈ ਦਾ ਪਤਾ ਹੀ ਨਹੀਂ ਹੁੰਦਾ ਕਿ ਕਿੱਥੋਂ ਕੀ ਆ ਰਿਹਾ ਹੈ। ਉਹਨਾਂ ਲੋਕਾਂ ਵੱਲ ਦੇਖਕੇ ਅੱਜ ਆਮ ਵਰਗ ਦੇ ਲੋਕ ਵੀ ਉਹਨਾਂ ਦੀ ਰੀਸ ਕਰਨ ਲੱਗ ਪਏ ਹਨ। ਆਪਣੀਆਂ ਕੀਮਤੀ ਜ਼ਮੀਨਾਂ ਜਾਇਦਾਦਾਂ ਵੇਚ ਵੇਚਕੇ ਵਿਆਹਾਂ ਦਾ ਲੋਕ ਵਿਖਾਵਾ ਕਰ ਰਹੇ ਹਨ। ਇਨ੍ਹਾਂ ਦਾ ਚੜ੍ਹਿਆ ਕਰਜ਼ਾ ਫਿਰ ਕਈ ਕਈ ਸਾਲ ਬਾਅਦ ਵੀ ਨਹੀਂ ਲਹਿੰਦਾ। ਖਾਣ ਵਾਲੇ ਖਾ ਪੀ ਕੇ ਰਾਹ ਪੈ ਜਾਂਦੇ ਹਨ। ਜਦੋਂ ਗਰੀਬੀ ਆ ਜਾਵੇ ਫਿਰ ਆਪਣੇ ਵੀ ਨੇੜੇ ਨਹੀਂ ਲੱਗਦੇ। ਕਈ ਵਾਰ ਤਾਂ ਕਈ ਲੋਕ ਕਰਜ਼ੇ ਦੇ ਮਾਰੇ ਆਤਮ-ਹੱਤਿਆ ਵੀ ਕਰਦੇ ਵੇਖੇ ਹਨ। ਜਿਹੜੀਆਂ ਗੱਲਾਂ ਸਿਆਣਿਆ ਨੇ ਤੱਥ ਕੱਢ ਕੇ ਸਾਨੂੰ ਦੱਸੀਆਂ ਹਨ, ਸਾਨੂੰ ਉਨ੍ਹਾਂ ਉੱਤੇ ਅਮਲ ਕਰਨਾ ਚਾਹੀਦਾ ਹੈ। ਕਹਿੰਦੇ ਨੇ ਕਿਸੇ ਦਾ ਚੁਬਾਰਾ ਦੇਖਕੇ ਆਪਣੀ ਕੁੱਲੀ ਨਹੀਂ ਢਾਹੁਣੀ ਚਾਹੀਦੀ। ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਇਹ ਗੱਲ ਇਕੱਲੇ ਮਾਪਿਆਂ ਨੂੰ ਹੀ ਸੋਚਣ ਦੀ ਲੋੜ ਨਹੀਂ, ਸਗੋਂ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਘਰ ਕੀ ਕੁਝ ਹੈ।
ਅੱਜਕਲ ਤਾਂ ਬੱਚੇ ਜੰਮਦੇ ਹੀ ਸਿਆਣੇ ਬਣ ਜਾਂਦੇ ਹਨ। ਕਈ ਵਾਰ ਮਾਪਿਆਂ ਤੋਂ ਬਾਹਰੇ ਹੋ ਕੇ ਬੱਚੇ ਕਈ ਫੈਸਲੇ ਇਹੋ ਜਿਹੇ ਲੈ ਲੈਂਦੇ ਹਨ, ਜਿਨ੍ਹਾਂ ਦਾ ਖਮਿਆਜ਼ਾ ਮਾਪਿਆਂ ਨੂੰ ਭੁਗਤਣਾ ਪੈਂਦਾ ਹੈ। ਅਮੀਰਾਂ ਦੇ ਰਿਵਾਜ਼ ਗਰੀਬਾਂ ਉੱਤੇ ਭਾਰੂ ਪੈ ਰਹੇ ਹਨ। ਕੰਮ ਇਹੋ ਜਿਹੇ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਨਾਲ ਸਮਾਜ ਕੋਈ ਸੇਧ ਮਿਲੇ। ਆਮ ਵਰਗ ਦੇ ਲੋਕਾਂ ਨੂੰ ਕਿਸੇ ਵੱਡੇ ਅਤੇ ਆਮੀਰਜ਼ਾਦਿਆਂ ਦੇ ਮਗਰ ਲੱਗ ਕੇ ਲੋਕ ਵਿਖਾਵਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
* * *
ਪੰਜਾਬ ਵਿੱਚ ਗੋਲੀ ਕਲਚਰ ਦਾ ਵਧ ਰਿਹਾ ਰੁਝਾਨ, ਕਿਧਰੇ ਕਰ ਨਾ ਦੇਵੇ ਸਮੁੱਚੇ ਸਮਾਜ ਦਾ ਘਾਣ।
ਕੋਈ ਸਮਾਂ ਹੁੰਦਾ ਸੀ ਜਦੋਂ ਲੋਕ ਬੇਖੌਫ ਆਪਣੇ ਕੰਮਕਾਰ ਕਰਕੇ ਆਪਣੇ ਘਰਾਂ ਨੂੰ ਸੁਰੱਖਿਅਤ ਵਾਪਸ ਆ ਜਾਂਦੇ ਸਨ। ਕਿਸੇ ਨੂੰ ਕਿਸੇ ਦਾ ਖੌਫ ਨਹੀਂ ਸੀ ਹੁੰਦਾ। ਹੁਣ ਉਹੀ ਇਨਸਾਨ ਸੁਰੱਖਿਅਤ ਸਮਝਿਆ ਜਾਂਦਾ ਹੈ, ਜਿਹੜਾ ਸ਼ਾਮ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਵਾਪਸ ਪਰਤ ਆਉਂਦਾ ਹੈ। ਹਨੇਰਾ ਹੁੰਦਿਆਂ ਹੀ ਘਰ ਵਾਲਿਆਂ ਦੀਆਂ ਧੜਕਣਾਂ ਵਧਣ ਲੱਗ ਜਾਂਦੀਆਂ ਹਨ। ਪਤਾ ਨਹੀਂ ਕੀ ਬਣੇਗਾ, ਕਦੋਂ ਘਰ ਪਰਤਣਗੇ। ਸਹੀ ਸਲਾਮਤ ਪਰਤਣਗੇ ਵੀ ਕਿ ਨਹੀਂ? ਇਹ ਸਭ ਕੁਝ ਕੀ ਹੋ ਰਿਹਾ ਹੈ, ਇਸ ਗੱਲ ਦੀ ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ। ਅੱਜ ਨਾ ਘਰ, ਨਾ ਰਸਤੇ, ਨਾ ਕੋਰਟ ਕਚਹਿਰੀਆਂ ਅਤੇ ਨਾ ਕਾਲਜ ਸਕੂਲ ਸੁਰੱਖਿਅਤ ਹਨ। ਇਨ੍ਹਾਂ ਸਭ ਥਾਂਵਾਂ ’ਤੇ ਗੋਲੀ ਚੱਲ ਰਹੀ ਹੈ। ਕਿਸੇ ਨੂੰ ਪੁਲਿਸ ਦਾ ਕੋਈ ਡਰ ਭੈਅ ਹੀ ਨਹੀਂ ਰਿਹਾ। ਇੱਥੇ ਪੈਸੇ ਵਾਲਾ ਵੀ ਪ੍ਰੇਸ਼ਾਨ ਹੈ, ਗਰੀਬ ਵੀ ਪ੍ਰੇਸ਼ਾਨ ਹੈ, ਆਮ ਵਰਗ ਤਾਂ ਹੈ ਹੀ ਪ੍ਰੇਸ਼ਾਨ। ਜੇ ਕੋਈ ਕਿਤੇ ਖੇਡ ਰਿਹਾ ਹੁੰਦਾ ਹੈ, ਉੱਥੇ ਉਸ ਨੂੰ ਗੋਲੀਆਂ ਨਾਲ ਛਾਣਨੀ ਕਰ ਦਿੱਤਾ ਜਾਂਦਾ ਹੈ। ਜੇ ਕੋਈ ਵਿਆਹ ਦੇ ਸਮਾਗਮ ਉੱਤੇ ਖੁਸ਼ੀ ਮਨਾ ਰਿਹਾ ਹੁੰਦਾ ਹੈ, ਉੱਥੇ ਉਸ ਨੂੰ ਬੇਖੌਫ ਲੋਕ ਗੋਲੀਆਂ ਨਾਲ ਮਾਰ ਜਾਂਦੇ ਹਨ। ਜੇ ਕੋਈ ਬੱਸ ਵਿੱਚ ਸਫਰ ਕਰ ਰਿਹਾ ਹੁੰਦਾ ਹੈ, ਉੱਥੇ ਹੀ ਉਸ ਨੂੰ ਮਾਰ ਦਿੱਤਾ ਜਾਂਦਾ ਹੈ। ਹੋਰ ਤਾਂ ਗੱਲ ਹੀ ਛੱਡੋ, ਜੇ ਕੋਈ ਧਾਰਮਿਕ ਅਸਥਾਨ ਉੱਤੇ ਮੱਥਾ ਟੇਕ ਕੇ ਆ ਰਿਹਾ ਹੋਵੇ, ਉੱਥੇ ਹੀ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ। ਸਕੂਲਾਂ ਵਿੱਚ ਬੱਚੇ ਸੁਰੱਖਿਅਤ ਨਹੀਂ। ਕਾਲਜਾਂ ਵਿੱਚ ਕੁੜੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਨ।
ਮੈਨੂੰ ਤਾਂ ਕੋਈ ਵੀ ਜਗ੍ਹਾ ਇਹੋ ਜਿਹੀ ਨਹੀਂ ਨਜ਼ਰ ਆ ਰਹੀ, ਜਿੱਥੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਹੋਣ। ਜੇਲ੍ਹਾਂ ਵਿੱਚ ਬੈਠੇ ਲੋਕ ਬਾਹਰ ਹੋਏ ਕਤਲਾਂ ਦੀਆਂ ਜ਼ਿੰਮੇਵਾਰੀਆਂ ਲੈ ਰਹੇ ਹਨ। ਸੋਸ਼ਲ ਮੀਡਿਆ ਕਾਲਾਂ ਨੂੰ ਇੱਕ ਬਹੁਤ ਵਧੀਆ ਪਲੇਟਫਾਰਮ ਮਿਲ ਗਿਆ ਹੈ ਜਿੱਥੇ ਉਹ ਆਪਣੇ ਕਾਰਨਾਮਿਆਂ ਦੀਆਂ ਖਬਰਾਂ ਸਾਂਝੀਆਂ ਕਰਦੇ ਹਨ। ਕੰਮ ਧੰਦਾ ਤਾਂ ਕਿਸੇ ਨੇ ਕੀ ਕਰਨਾ ਹੈ, ਸਭ ਨੂੰ ਆਪਣੀ ਜਾਨ ਦੀ ਬਣੀ ਹੋਈ ਹੈ। ਪਤਾ ਨਹੀਂ ਕਿਹੜੇ ਵੇਲੇ ਕਿਸ ਨੇ ਕਿਸੇ ਨੂੰ ਗੋਲੀ ਮਾਰ ਦੇਣੀ ਹੈ। ਵਿਕਾਸ ਬਿਲਕੁਲ ਬੰਦ ਹੋ ਚੁੱਕਾ ਹੈ। ਲੋਕ ਸੋਚਦੇ ਹਨ, ਕਦੋਂ ਚੰਗਾ ਦਿਨ ਆਵੇਗਾ ਜਦੋਂ ਲੋਕ ਫਿਰ ਸੁਖ ਚੈਨ ਨਾਲ ਜ਼ਿੰਦਗੀ ਜਿਊਣ ਲੱਗ ਪੈਣਗੇ। ਕੀ ਇਹ ਪੰਜਾਬ ਦੀ ਤ੍ਰਾਸਦੀ ਹੈ ਕਿ ਦਸਾਂ ਬਾਰਾਂ ਸਾਲਾਂ ਬਾਅਦ ਇਸ ਨੂੰ ਪਿੱਛੇ ਵੱਲ ਧੱਕਣਾ ਹੀ ਧੱਕਣਾ ਹੈ। ਮੁੰਡੀਰ ਦੇ ਹੱਥਾਂ ਵਿੱਚ ਹਥਿਆਰ ਕੀ ਸੁਨੇਹਾ ਦਿੰਦੇ ਹਨ? ਕੀ ਇਹ ਤਰੱਕੀ ਦੀਆਂ ਨਿਸ਼ਾਨੀਆਂ ਹਨ ਜਾਂ ਫਿਰ ਢਹਿੰਦੀ ਕਲਾ ਦੀਆਂ? ਪੰਜਾਬ ਵਿੱਚੋਂ ਡਰ ਦੇ ਮਾਰੇ ਸਨਅਤਕਾਰ ਬਾਹਰ ਦੇ ਸੂਬਿਆਂ ਵਿੱਚ ਜਾ ਰਹੇ ਹਨ। ਕੋਈ ਵੀ ਕਾਰੋਬਾਰੀ ਹੁਣ ਪੰਜਾਬ ਵੱਲ ਮੂੰਹ ਨਹੀਂ ਕਰਦਾ ਨਜ਼ਰ ਨਹੀਂ ਆ ਰਿਹਾ। ਗੈਂਗਸਟਰਵਾਦ ਦੀ ਬੱਲੇ ਬੱਲੇ ਹੈ, ਬਾਕੀ ਸਭ ਥਾਂ ਕੰਮ ਥੱਲੇ ਥੱਲੇ ਹੈ। ਅੱਜ ਆਮ ਆਦਮੀ ਵੀ ਇਹ ਸੋਚਣ ਲਈ ਮਜਬੂਰ ਹੋਇਆ ਬੈਠਾ ਹੈ ਕਿ ਕੀ ਬਣੂ ਸਾਡੇ ਸੋਹਣੇ ਵਤਨ ਪੰਜਾਬ ਦਾ। ਹੋਣਾ ਕੀ ਚਾਹੀਦਾ ਸੀ ਤੇ ਹੋ ਕੀ ਰਿਹਾ ਹੈ। ਹੋਣਹਾਰ ਮੁੰਡੇ ਕੁੜੀਆਂ ਬਾਹਰ ਵੱਲ ਜਾ ਰਹੇ ਹਨ। ਉਹਨਾਂ ਦੇ ਮਾਂ ਬਾਪ ਇੱਥੇ ਉਹਨਾਂ ਦੇ ਵਿਛੋੜਿਆਂ ਵਿੱਚ ਵਿਲਕ ਰਹੇ ਹਨ। ਕੀ ਕੋਈ ਫਾਰਮੂਲਾ ਗੋਲੀ ਕਲਚਰ ਨੂੰ ਰੋਕਣ ਵਿੱਚ ਸਹਾਇਤਾ ਕਰੇਗਾ? ਇਸ ਗੱਲ ਦੀ ਚਿੰਤਾ ਹਰ ਨਵੀਂ ਸਵੇਰ ਲੋਕਾਂ ਨੂੰ ਵੱਢ ਵੱਢ ਖਾ ਰਹੀ ਹੈ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































