“ਪਿਛਲੇ 75 ਸਾਲਾਂ ਵਾਂਗ ਅਗਲੇ 75 ਸਾਲ ਤਾਂ ਕੀ 75 ਸੌ ਸਾਲ ਵੀ ਟੱਕਰਾਂ ਮਾਰਦੇ ਰਹੀਏ ਤਾਂ ...”
(13 ਸਤੰਬਰ 2025)
ਗੁਰੂ ਨਾਨਕ ਸਾਹਿਬ ਤੋਂ ਬਾਅਦ ਉਨ੍ਹਾਂ ਦੇ ਅਨੁਆਈ (ਭਾਵ ਉਨ੍ਹਾਂ ਦੀ ਵਿਚਾਰਧਾਰਾ ’ਤੇ ਚੱਲਣ ਵਾਲੇ ਲੋਕ) ‘ਨਾਨਕ ਪੰਥੀ’ ਕਹਾਏ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਸ਼ਸਤਰਧਾਰੀ ਪੰਥ ਨੂੰ ‘ਖਾਲਸਾ ਪੰਥ’ ਕਿਹਾ ਗਿਆ। ਜਿਵੇਂ ਕਬੀਰ ਜੀ ਦੇ ਸਿੱਖਾਂ ਨੂੰ ਕਬੀਰ ਪੰਥੀ, ਗੋਰਖ ਨਾਥ ਦੇ ਸਿੱਖਾਂ ਨੂੰ ਗੋਰਖ ਪੰਥੀ ਜਾਂ ਨਾਥ ਪੰਥੀ, ਰਵੀਦਾਸ ਜੀ ਦੇ ਸਿੱਖ ਰਵੀਦਾਸੀਏ ਕਹਾਏ। ਸਿੱਖ ਵੱਖਰਾ ਧਰਮ ਜਾਂ ਸਿੱਖ ਵੱਖਰੀ ਕੌਮ ਕਹਿਣਾ ਬਿਲਕੁਲ ਗੁਰਬਾਣੀ ਵਿਰੋਧੀ ਸੋਚ ਹੈ ਕਿਉਂਕਿ ਗੁਰਬਾਣੀ ਧਰਮ ਦੇ ਨਾਮ ’ਤੇ ਬਣੇ ਫਿਰਕਿਆਂ ਅਤੇ ਉਨ੍ਹਾਂ ਫਿਰਕਿਆਂ ਦੀਆਂ ਕਰਮਕਾਂਡੀ ਮਰਿਯਾਦਾਵਾਂ, ਧਾਰਮਿਕ ਚਿੰਨ੍ਹਾਂ ਦੇ ਸਖਤ ਵਿਰੋਧ ਵਿੱਚ ਖੜ੍ਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ 1936 ਵਿੱਚ ਬਣਾਈ ਗਈ ‘ਸਿੱਖ ਰਹਿਤ ਮਰਿਯਾਦਾ’ ਜਾਂ ਹੋਰ ਡੇਰਿਆਂ, ਟਕਸਾਲਾਂ, ਸੰਪਰਦਾਵਾਂ, ਨਿਹੰਗ ਜਥੇਬੰਦੀਆਂ ਆਦਿ ਦੀ ਮਰਿਯਾਦਾ ਅਤੇ ਧਰਮ ਦੇ ਨਾਮ ’ਤੇ ਪ੍ਰਚਲਤ ਕਰਮਕਾਂਡ ਗੁਰਬਾਣੀ ਦੇ ਪੂਰੀ ਤਰ੍ਹਾਂ ਵਿਰੋਧ ਵਿੱਚ ਹੀ ਨਹੀਂ, ਸਗੋਂ 180 ਡਿਗਰੀ ਉਲਟ ਦਿਸ਼ਾ ਵਿੱਚ ਹਨ।
ਭਾਰਤ ਵਿੱਚ ਧਰਮ ਅਤੇ ਪੰਥ ਦੀ ਪ੍ਰੀਭਾਸ਼ਾ, ਪੱਛਮ ਦੇ ਰਿਲੀਜਨ ਤੋਂ ਬਿਲਕੁਲ ਵੱਖਰੀ ਹੈ। ਭਾਰਤ ਵਿੱਚ ਪੁਰਾਤਨ ਕਾਲ ਤੋਂ ਲੈ ਕੇ ਅੱਜ ਤਕ ਕਦੇ ਵੀ ਜਥੇਬੰਧਕ ਧਰਮ ਨੂੰ ਧਰਮ ਨਹੀਂ ਮੰਨਿਆ ਗਿਆ, ਇੱਥੇ ਹਰੇਕ ਗੁਰੂ ਦਾ ਆਪਣਾ ਪੰਥ ਹੁੰਦਾ ਸੀ। ਗੁਰੂ ਨਾਨਕ ਸਾਹਿਬ ਦੇ ਪੰਥ ਨੂੰ ‘ਨਾਨਕਪੰਥ’ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਮੇਂ ਦੀ ਲੋੜ ਅਨੁਸਾਰ ਮਨੁੱਖਤਾ ਦੇ ਹੱਕ ਵਿੱਚ ਜ਼ੁਲਮ ਵਿਰੁੱਧ ਲੜਨ ਲਈ ‘ਖਾਲਸਾ ਪੰਥ’ ਸਾਜਿਆ। ਭਾਰਤ ਵਿੱਚ ਕਿਹਾ ਜਾਂਦਾ ਹਿੰਦੂ ਧਰਮ ਅੱਜ ਵੀ ਇਸਾਈਅਤ, ਇਸਲਾਮ ਅਤੇ ਯਹੂਦੀ ਜਥੇਬੰਧਕ ਧਰਮਾਂ ਵਰਗਾ ਜਥੇਬੰਧਕ ਧਰਮ ਨਹੀਂ। ਇਹ ਹਜ਼ਾਰਾਂ ਤਰ੍ਹਾਂ ਦੇ ਵਿਸ਼ਵਾਸਾਂ ਅਤੇ ਮਾਨਤਾਵਾਂ ਦੇ ਸਮੂਹ ਦਾ ਹਜ਼ਾਰਾਂ ਸਾਲਾਂ ਵਿੱਚ ਪ੍ਰਚਲਤ ਹੋ ਗਿਆ ਨਾਮ ਹੈ, ਜੋ ਕਿਸੇ ਵੀ ਜਥੇਬੰਧਕ ਧਰਮ ਦੀ ਪ੍ਰੀਭਾਸ਼ਾ ਵਿੱਚ ਫਿੱਟ ਨਹੀਂ ਆਉਂਦਾ। ਇਹ ਇੱਕ ਵਿਸ਼ਾਲ ਅਤੇ ਵਿਲੱਖਣ ਭਾਰਤੀ ਖਿੱਤੇ ਵਿੱਚ ਵਸਦੇ ਵੱਖ-ਵੱਖ ਵਿਸ਼ਵਾਸਾਂ ਦੇ ਲੋਕਾਂ ਦਾ ਸਮੂਹ ਹੈ। ਜਿਸ ਵਿੱਚ ਹਜ਼ਾਰਾਂ ਕੌਮਾਂ ਅਤੇ ਜਾਤਾਂ ਹਨ।
ਪਿਛਲੀ ਸਦੀ ਵਿੱਚ ‘ਨਾਨਕ ਪੰਥ’ ਅਤੇ ‘ਖਾਲਸਾ ਪੰਥ’ ਖਤਮ ਕਰਕੇ ਗੁਰਬਾਣੀ ਵਿਰੁੱਧ ਨਵਾਂ ਜਥੇਬੰਧਕ ਫਿਰਕਾ ‘ਸਿੱਖ ਧਰਮ’ ਅਤੇ ਰਾਜਨੀਤਕ ਜਮਾਤ ‘ਸਿੱਖ ਕੌਮ’ ਖੜ੍ਹੀ ਕੀਤੀ ਗਈ। ਮੌਜੂਦਾ ਸਿੱਖ ਧਰਮ ਵਿੱਚੋਂ ਗੁਰਬਾਣੀ ਵਾਲੀ ਧਾਰਮਿਕਤਾ ਖਤਮ ਹੋ ਚੁੱਕੀ ਹੈ, ਇਹ ਹੁਣ ਪੱਛਮ ਦੇ ਕਰਮਕਾਂਡੀ ਜਥੇਬੰਧਕ ਧਰਮਾਂ ਵਰਗਾ ਛੋਟਾ ਜਿਹਾ ਫਿਰਕਾ ਬਣ ਚੁੱਕਾ ਹੈ, ਜੋ ਉਹੀ ਸਭ ਕੁਝ ਕਰ ਰਿਹਾ ਹੈ, ਜਿਸਦੇ ਵਿਰੋਧ ਵਿੱਚ ਗੁਰੂ ਸਾਹਿਬਾਨ 200 ਸਾਲ ਲੱਗੇ ਰਹੇ ਜਾਂ ਉਨ੍ਹਾਂ ਤੋਂ 300 ਸਾਲ ਪਹਿਲਾਂ ਅਨੇਕਾਂ ਗੁਰੂ, ਸੰਤ, ਭਗਤ ਲੱਗੇ ਹੋਏ ਸਨ। ਪਿਛਲੀ ਸਦੀ ਤੋਂ ਪਹਿਲਾਂ ਭਾਰਤੀ ਖਿੱਤੇ ਸਮੇਤ ਸਾਊਥ ਏਸ਼ੀਆ ਵਿੱਚ ਇੱਕ ਵਿਸ਼ਾਲ ‘ਨਾਨਕਪੰਥੀ’ ਪੰਥ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ, ਮੁਸਲਮਾਨ, ਬੋਧੀ, ਜੈਨੀ, ਉਦਾਸੀ, ਨਿਰਮਲੇ, ਸਿੰਧੀ, ਵਣਜਾਰੇ, ਸਿਕਲੀਗਰ, ਲੁਬਾਣੇ, ਸੂਫ਼ੀ ਆਦਿ ਸ਼ਾਮਲ ਸਨ।
ਸਿੱਖਾਂ ਅਤੇ ਸਿੱਖੀ ਦੀਆਂ ਮੌਜੂਦਾ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਪਿਛਲੀ ਸਦੀ ਵਿੱਚ ਖੜ੍ਹੇ ਕੀਤੇ ਸਿੱਖ ਧਰਮ ਰੂਪੀ ਫਿਰਕੇ ਅਤੇ ਸਿੱਖ ਕੌਮ ਰੂਪੀ ਰਾਜਸੀ ਜਮਾਤ ਵਿੱਚ ਹੈ। ਪਰ ਬਹੁ-ਗਿਣਤੀ ਸਿੱਖ ਭਾਈਚਾਰੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਨ੍ਹਾਂ ਦੀ ਸਮੱਸਿਆ ਕੀ ਹੈ? ਉਹ ਕਿਉਂ ਬਿਨਾਂ ਕਿਸੇ ਪਲੈਨਿੰਗ ਦੇ ਇੱਧਰ ਉੱਧਰ ਭਟਕ ਰਹੇ ਹਨ? ਇੱਕ ਪਾਸੇ ਆਪਣੇ ਸਰਬੋਤਮ ਹੋਣ ਦਾ ਭਰਮ ਪਾਲੀ ਬੈਠੇ ਹਨ, ਦੂਜੇ ਪਾਸੇ ਆਪੇ ਸਿਰਜੀ ਸੁਪਰਮੇਸੀ ਦੇ ਜਾਲ ਵਿੱਚ ਆਪੇ ਫਸੇ ਹੋਏ, ਸਭ ਨੂੰ ਆਪਣੇ ਦੁਸ਼ਮਣ ਸਮਝਣ ਦੀ ਮਾਨਸਿਕ ਉਲਝਣ ਵਿੱਚ ਫਸ ਚੁੱਕੇ ਹਨ।
ਕਈ ਵਿਅਕਤੀਆਂ ਨੂੰ ‘ਸਕੈਂਜੋਫਰੇਨੀਆ’ ਨਾਮ ਦਾ ਇੱਕ ਮਾਨਸਿਕ ਰੋਗ ਹੁੰਦਾ ਹੈ। ਇਸ ਮਾਨਸਿਕ ਰੋਗ ਵਾਲੇ ਵਿਅਕਤੀ ਅੰਦਰ ਇੱਕ ਡਰ ਬੈਠ ਜਾਂਦਾ ਹੈ, ਫਿਰ ਉਹ ਆਪਣੇ ਦਿਮਾਗ ਵਿੱਚ ਆਪਣੇ ਸਾਹਮਣੇ ਆਏ ਕਿਸੇ ਵੀ ਵਿਅਕਤੀ ਨੂੰ ਆਪਣਾ ਦੁਸ਼ਮਣ ਬਣਾ ਸਕਦਾ ਹੈ। ਉਸ ਨੂੰ ਭਰਮ ਪੈ ਜਾਂਦਾ ਹੈ ਕਿ ਸਾਰੇ ਲੋਕ ਉਸ ਨੂੰ ਮਾਰਨਾ ਚਾਹੁੰਦੇ ਹਨ। ਇਸੇ ਡਰ ਵਿੱਚ ਬਹੁਤ ਵਾਰ ਉਹ ਦੂਜਿਆਂ ’ਤੇ ਹਮਲਾ ਵੀ ਕਰ ਦਿੰਦਾ ਹੈ। ਜਦਕਿ ਅਸਲੀਅਤ ਵਿੱਚ ਕੁਝ ਵੀ ਨਹੀਂ ਹੁੰਦਾ। ਇਹ ਮਾਨਸਿਕ ਰੋਗ ਸਿਰਫ ਵਿਅਕਤੀਆਂ ਨੂੰ ਹੀ ਨਹੀਂ, ਵਿਅਕਤੀ ਸਮੂਹਾਂ ਨੂੰ ਵੀ ਹੋ ਜਾਂਦਾ ਹੈ।
ਕਦੇ 18ਵੀਂ ਸਦੀ ਵਾਲੇ ਖ਼ਾਲਸੇ ਦੀ ਸਪਿਰਟ ਜਾਗ ਪੈਂਦੀ ਹੈ ਤਾਂ ਸਮਝਦੇ ਹਨ ਕਿ ਸਾਡੇ ਤੋਂ ਬਹਾਦਰ ਅਤੇ ਮਹਾਨ ਹੋਰ ਕੋਈ ਕੌਮ ਨਹੀਂ। ਜਦੋਂ ਮੋਹਰਿਉਂ ਕੋਈ ਤਕੜਾ ਟੱਕਰ ਪੈਂਦਾ ਤਾਂ ਫਿਰ ਪੀੜਿਤ ਧਿਰ ਬਣ ਜਾਂਦੇ ਹਨ। ਪਿਛਲੇ 75 ਸਾਲ ਤੋਂ ਇਸੇ ਨਾਬਰ ਅਤੇ ਪੀੜਿਤ ਦੀ ਦੁਬਿਧਾ ਵਿੱਚ ਫਸੇ ਹਰ ਸਮੇਂ ਕਿਸੇ ਨਾ ਕਿਸੇ ਮਸਲੇ, ਸੰਘਰਸ਼, ਮੋਰਚੇ ਵਿੱਚ ਫਸੇ ਰਹਿੰਦੇ ਹਨ। ਜੇ ਕੋਈ ਮੁੱਦਾ ਨਾ ਮਿਲੇ ਤਾਂ ਮੁੱਦਾ ਖੜ੍ਹ ਕਰ ਲੈਂਦੇ ਹਨ। ਕਿਸੇ ਵੀ ਮੁੱਦੇ ਦੀ ਉਮਰ ਉੰਨਾ ਚਿਰ ਹੀ ਹੁੰਦੀ ਹੈ, ਜਿੰਨਾ ਚਿਰ ਨਵਾਂ ਮੁੱਦਾ ਨਾ ਮਿਲ ਜਾਵੇ। ਜੇ ਬਹੁਤ ਪਿੱਛੇ ਨਾ ਵੀ ਜਾਈਏ ਤਾਂ ਪਿਛਲੇ 25 ਸਾਲ ਦੀਆਂ ਅਖਬਾਰਾਂ ਕੱਢ ਲਉ, ਕੋਈ ਹਫਤਾ ਜਾਂ ਮਹੀਨਾ ਅਜਿਹਾ ਨਹੀਂ ਹੋਵੇਗਾ, ਜਦੋਂ ਸ਼ਾਂਤੀ ਹੋਈ ਹੋਵੇਗਾ। ਨਿੱਤ ਦਿਨ ਨਵਾਂ ਮੁੱਦਾ, ਨਵਾਂ ਮੋਰਚਾ, ਨਵਾਂ ਸੰਘਰਸ਼। ਪਰ ਉਨ੍ਹਾਂ ਵਿੱਚੋਂ ਕੋਈ ਮੁੱਦਾ ਕਦੇ ਹੱਲ ਹੋਇਆ? ਕਦੇ ਕਿਸੇ ਨੇ ਪਿੱਛੇ ਮੁੜ ਕੇ ਦੇਖਿਆ ਕਿ ਉਹ ਹੱਲ ਕਿਉਂ ਨਹੀਂ ਹੋਇਆ?
1978-1995 ਤਕ ਤਕਰੀਬਨ ਦੋ ਦਹਾਕੇ ਪੰਜਾਬ ਨੇ ਖੂਨੀ ਦੌਰ ਹੰਢਾਇਆ, ਜਿਸਨੇ ਭਾਰਤ ਦੇ ਕਈ ਹੋਰ ਰਾਜਾਂ ਨੂੰ ਵੀ ਪ੍ਰਭਾਵਤ ਕੀਤਾ। ਹਜ਼ਾਰਾਂ ਬੇਗੁਨਾਹ ਲੋਕ ਸਰਕਾਰੀ ਅਤੇ ਖਾੜਕੂ ਹਿੰਸਾ ਦਾ ਸ਼ਿਕਾਰ ਹੋਏ। ਹੁਣ ਉਸ ਬੀਤੇ ਨੂੰ 30 ਸਾਲ ਹੋ ਗਏ, ਕਦੇ ਕਿਸੇ ਵਿਦਵਾਨ, ਲੀਡਰ, ਸੰਸਥਾ ਨੇ ਕੋਈ ਰੀਵੀਊ ਕੀਤਾ? ਕਦੇ ਕਿਤੇ ਕੋਈ ਸੈਮੀਨਾਰ ਕਰਕੇ ਚਰਚਾ ਕੀਤੀ? ਜੇ ਕੀਤਾ ਤਾਂ ਇੰਨਾ ਕੁ ਕੀਤਾ ਕਿ ਸਾਡਾ 0% ਕਸੂਰ ਹੈ ਅਤੇ ਸਾਡੇ ਵੱਲੋਂ ਆਪੇ ਸਿਰਜੇ ਹੋਏ ਵਿਰੋਧੀਆਂ ਦਾ 500% ਕਸੂਰ ਹੈ।
ਜਿਸ ਤਰ੍ਹਾਂ ਉੱਪਰ ਜ਼ਿਕਰ ਕੀਤਾ ਸੀ ਕਿ ਭਾਰਤ ਵਿੱਚ ਧਰਮ ਦੀ ਉਹ ਪ੍ਰੀਭਾਸ਼ਾ ਨਾ ਕਦੇ ਪਹਿਲਾਂ ਸੀ ਅਤੇ ਨਾ ਅੱਜ ਹੈ, ਜਿਸ ਤਰ੍ਹਾਂ ਦਾ ਧਰਮ ਪੱਛਮ ਵਿੱਚ ਹੈ। ਇਸੇ ਕਰਕੇ ਪਿਛਲੀ ਸਦੀ ਵਿੱਚ ਪਹਿਲਾਂ ‘ਸਿੰਘ ਸਭਾ ਲਹਿਰ’ ਅਤੇ ਫਿਰ ‘ਚੀਫ ਖਾਲਸਾ ਦੀਵਾਨ’ ‘ਸ਼੍ਰੋਮਣੀ ਕਮੇਟੀ’ ਅਤੇ ‘ਸ਼੍ਰੋਮਣੀ ਅਕਾਲੀ ਦਲ’ ਵੱਲੋਂ ਅੰਗਰੇਜ਼ਾਂ ਮਗਰ ਲੱਗ ਕਿ ਈਸਾਈਅਤ ਵਰਗਾ ਮਰਿਯਾਦਾ ਅਧਾਰਿਤ ਖੜ੍ਹਾ ਕੀਤਾ ਗਿਆ ਨਵਾਂ ਜਥੇਬੰਧਕ ਫਿਰਕਾ ‘ਸਿੱਖ ਧਰਮ’ ਪੂਰੀ ਤਰ੍ਹਾਂ ਗੁਰਬਾਣੀ ਦੇ ਫਲਸਫੇ ਦੇ ਉਲਟ ਹੈ। ਗੁਰਬਾਣੀ ਦਾ ਹਰ ਸ਼ਬਦ ਮਾਡਰਨ ‘ਸਿੱਖ ਧਰਮ’ ਦੇ ਵਿਰੋਧ ਵਿੱਚ ਭੁਗਤਦਾ ਹੈ।
‘ਧਰਮ’ ਵਾਂਗ ਭਾਰਤ ਵਿੱਚ ਕੌਮ ਦੀ ਪ੍ਰੀਭਾਸ਼ਾ ਵੀ ਪੱਛਮੀ ਦੇਸ਼ਾਂ ਵਾਂਗ ਵੱਖਰੀ ਹੈ। ਪੱਛਮੀ ਦੇਸ਼ਾਂ ਦੀ ਨਕਲ ਵਾਲੀ ਬਣਾਈ ਗਈ ‘ਸਿੱਖ ਕੌਮ’ ਦੀ ਪ੍ਰੀਭਾਸ਼ਾ ਨਾਨਕ ਪੰਥ ਉੱਤੇ ਕਿਸੇ ਵੀ ਢੰਗ ਨਾਲ ਫਿੱਟ ਨਹੀਂ ਬੈਠਦੀ। ਕਾਮਰੇਡ ਲੈਨਿਨ ਦੀ ਕੌਮ ਬਾਰੇ ਪ੍ਰਚਲਿਤ ਤਕਰੀਬਨ ਸਰਬ ਪ੍ਰਵਾਨਤ ਪ੍ਰੀਭਾਸ਼ਾ ਵਿੱਚ ਵੀ ‘ਸਿੱਖ ਕੌਮ’ ਫਿੱਟ ਨਹੀਂ ਬੈਠਦੀ। ਭਾਰਤ ਵਿੱਚ ‘ਕੌਮ’ ਕਿਸੇ ਖਿੱਤੇ ਵਿੱਚ ਰਹਿੰਦੇ ਇੱਕੋ ਬੋਲੀ ਅਤੇ ਸੱਭਿਆਚਾਰ ਵਾਲੇ ਲੋਕ ਸਮੂਹ ਨੂੰ ਵੀ ਕਿਹਾ ਜਾਂਦਾ ਹੈ, ਜਿਵੇਂ ਗੁਜਰਾਤੀ, ਮਰਾਠੇ, ਬੰਗਾਲੀ, ਸਿੰਧੀ, ਕਸ਼ਮੀਰੀ, ਤਾਮਿਲ, ਨਾਗੇ ਆਦਿ ਅਨੇਕਾਂ ਕੌਮਾਂ ਹਨ, ਬੇਸ਼ਕ ਉਨ੍ਹਾਂ ਦੇ ਧਰਮ ਵੱਖਰੇ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਵਸਦੇ ਵੱਖ-ਵੱਖ ਧਰਮਾਂ ਦੇ ਸਭ ਲੋਕ ਇੱਕ ਪੰਜਾਬੀ ਕੌਮ ਬਣਦੇ ਹਨ, ਚਾਹੇ ਉਹ ਭਾਰਤ ਵਾਲੇ ਪਾਸੇ ਹੋਣ ਜਾਂ ਪਾਕਿਸਤਾਨ ਵਾਲੇ ਪਾਸੇ।
ਇਸੇ ਤਰ੍ਹਾਂ ਭਾਰਤ ਵਿੱਚ ਵੱਖ-ਵੱਖ ਜਾਤਾਂ ਦੇ ਸਮੂਹ ਨੂੰ ਵੀ ਕੌਮ ਕਿਹਾ ਜਾਂਦਾ ਸੀ ਜਾਂ ਹੈ, ਬੇਸ਼ਕ ਉਨ੍ਹਾਂ ਦਾ ਧਰਮ ਵੱਖਰਾ ਵੀ ਹੋਵੇ। ਜਿਵੇਂ ਜੱਟ ਕੌਮ, ਰਾਜਪੂਤ ਕੌਮ, ਖੱਤਰੀ ਕੌਮ, ਚਮਾਰ ਕੌਮ, ਬ੍ਰਾਹਮਣ ਕੌਮ ਆਦਿ। ਭਾਰਤ ਦੇ ਥਾਣਿਆਂ ਵਿੱਚ ਜਦੋਂ ਐੱਫ ਆਈ ਆਰ ਲਿਖੀ ਜਾਂਦੀ ਹੈ ਤਾਂ ‘ਕੌਮ’ ਵਾਲੇ ਖਾਨੇ ਵਿੱਚ ਅੱਜ ਵੀ ਤੁਹਾਡੀ ‘ਜਾਤ’ ਲਿਖੀ ਜਾਂਦੀ ਹੈ। ਇਸ ਹਿਸਾਬ ਨਾਲ ‘ਸਿੱਖ ਕੌਮ’ ਇੱਥੇ ਵੀ ਫਿੱਟ ਨਹੀਂ ਹੁੰਦੀ ਕਿਉਂਕਿ ਸਿੱਖਾਂ ਵਿੱਚ ਦਰਜਨਾਂ ਜਾਤਾਂ, ਕਬੀਲਿਆਂ, ਬਿਰਾਦਰੀਆਂ ਦੇ ਲੋਕ ਹਨ।
ਕੁੱਲ ਮਿਲਾ ਕੇ ਗੱਲ ਇੱਥੇ ਮੁੱਕਦੀ ਹੈ ਕਿ ਜਦੋਂ ਤਕ ਅਸੀਂ ਆਪਣੀਆਂ ਜੜ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਨਹੀਂ ਜੋੜਦੇ, ਉਦੋਂ ਤਕ ਸਿੱਖੀ ਦਾ ਕੁਝ ਨਹੀਂ ਬਣਨਾ। ਜਦੋਂ ਤਕ ਪਿਛਲੀ ਸਦੀ ਵਿੱਚ ਖੜ੍ਹੀ ਕੀਤੀ ਗਈ ਕਰਮਕਾਂਡੀ ਅਤੇ ਫਿਰਕਾਪ੍ਰਸਤੀ ਵਾਲੀ ਸਿੱਖੀ ਛੱਡ ਕੇ, ਜਾਤਾਂ, ਕੌਮਾਂ, ਮਜ਼੍ਹਬਾਂ, ਕਬੀਲਿਆਂ ਦੀ ਸੌੜੀ ਸੋਚ ਤਿਆਗ ਕੇ ਗੁਰਬਾਣੀ ਦੀ ਸਰਬ ਸਾਂਝੀਵਾਲਤਾ, ਮਨੁੱਖੀ ਬਰਾਬਰੀ, ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਕ ਨਿਆਂ ਵਾਲੀ ਨੀਤੀ ਨਹੀਂ ਅਪਣਾਉਂਦੇ, ਉਦੋਂ ਤਕ ਪਿਛਲੇ 75 ਸਾਲਾਂ ਵਾਂਗ ਅਗਲੇ 75 ਸਾਲ ਤਾਂ ਕੀ 75 ਸੌ ਸਾਲ ਵੀ ਟੱਕਰਾਂ ਮਾਰਦੇ ਰਹੀਏ, ਕੁਝ ਨਹੀਂ ਬਣਨਾ। ਉਸਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਮੌਜੂਦਾ ਸਿੱਖ ਕੌਮ ਦੇ ਰਾਜਸੀ, ਸਮਾਜਿਕ ਅਤੇ ਧਾਰਮਿਕ ਫਰੰਟ ਉੱਤੇ ਜੇ 100% ਨਹੀਂ ਤਾਂ 99% ਸਵਾਰਥੀ, ਮੌਕਾਪ੍ਰਸਤ ਅਤੇ ਬੇਈਮਾਨ ਲੀਡਰ ਕਾਬਜ਼ ਹੋ ਚੁੱਕੇ ਹਨ। ਗੁਰਬਾਣੀ ਵਿਰੋਧੀ ਇਸ ਸਿਸਟਮ ਵਿੱਚੋਂ ਇਹੀ ਕੁਝ ਨਿਕਲਣਾ ਸੀ, ਜੋ ਨਿਕਲਿਆ ਹੈ ਅਤੇ ਭਵਿੱਖ ਵਿੱਚ ਵੀ ਇਹੋ ਕੁਝ ਨਿਕਲੇਗਾ।
ਮੌਜੂਦਾ ਦੌਰ ਵਿੱਚ ਸਿੱਖਾਂ ਅਤੇ ਸਿੱਖੀ ਨੂੰ ਖ਼ਤਰਾ ਕਿਤਿਉਂ ਬਾਹਰੋਂ ਨਹੀਂ, ਇਹ ਭਰਮ ਦਿਲ ਵਿੱਚੋਂ ਕੱਢ ਦਿਓ! ਜੋ ਵੀ ਖ਼ਤਰਾ ਹੈ, ਉਹ ਅੰਦਰੂਨੀ ਹੈ। ਉਹ ਨਾਨਕ ਪੰਥ ਅਤੇ ਖਾਲਸਾ ਪੰਥ ’ਤੇ ਕਾਬਜ਼ ਹੋ ਚੁੱਕੇ ਭੇਖੀ ਲੀਡਰਾਂ, ਵਿਦਵਾਨਾਂ ਅਤੇ ਪ੍ਰਚਾਰਕਾਂ ਤੋਂ ਹੈ। ਘਰ ਦਾ ਭੇਦੀ ਹੀ ਲੰਕਾ ਢਾਹ ਰਿਹਾ ਹੈ ਅਤੇ ਅਸੀਂ ਬਾਹਰੋਂ ਆਪੂੰ ਸਿਰਜੇ ਦੁਸ਼ਮਣਾਂ ਨਾਲ ਬਿਨਾਂ ਵਜਾਹ ਲੜੀ ਜਾ ਰਹੇ ਹਾਂ।
ਸਾਡੇ ਵੱਲੋਂ ਪਿਛਲੇ 75 ਸਾਲਾਂ ਵਿੱਚ ਲਾਏ ਮੋਰਚਿਆਂ, ਸੰਘਰਸ਼ਾਂ ਵਿੱਚੋਂ ਜਿਵੇਂ ਕੁਝ ਨਹੀਂ ਨਿਕਲਿਆ, ਭਵਿੱਖ ਵਿੱਚ ਵੀ ਕੁਝ ਨਹੀਂ ਨਿਕਲਣਾ, ਜਿੰਨੇ ਮਰਜ਼ੀ ਸੰਘਰਸ਼ ਕਰੀ ਜਾਓ। ਅਸੀਂ ਲੜ ਮਰ ਸਕਦੇ ਹਾਂ, ਵਿਰੋਧੀਆਂ ਨੂੰ ਵੀ ਮਾਰ ਸਕਦੇ ਹਾਂ ਪਰ ਪ੍ਰਾਪਤੀ ਕੁਝ ਨਹੀਂ ਹੋਵੇਗੀ ਕਿਉਂਕਿ ਸਾਡੀ ਦਿਸ਼ਾ ਹੀ ਗੁਰਬਾਣੀ ਦੇ ਬੁਨਿਆਦੀ ਸਿਧਾਂਤਾਂ ਤੋਂ ਉਲਟ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (