HarcharanS Parhar7ਸਾਰਾ ਭਾਈਚਾਰਾ ਵੱਡੀ ਦੁਬਿਧਾ ਦਾ ਸ਼ਿਕਾਰ ਬਣ ਚੁੱਕਾ ਹੈ। ਗੁਰਬਾਣੀ ਜਿਸ ...
(6 ਜੂਨ 2025)


ਮੈਂ ਪਹਿਲੀ ਜੂਨ ਨੂੰ ਸਵੇਰੇ-ਸਵੇਰੇ ਇੰਟਰਨੈੱਟ ਖੋਲ੍ਹਿਆ ਤਾਂ ਸਭ ਤੋਂ ਪਹਿਲਾਂ ‘ਸਿੱਖ ਵਿਊ ਪੁਆਇੰਟ’ ’ਤੇ ਸਿੱਖ ਚਿੰਤਕ ਸ. ਅਜਮੇਰ ਸਿੰਘ ਦੀ ‘ਜੂਨ
, 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਅਸਲ ਹੱਕਦਾਰ ਕੌਣ ਹਨ’ ਦੇ ਸਿਰਲੇਖ ਹੇਠਲੀ ਵੀਡੀਓ ਸਾਹਮਣੇ ਆ ਗਈਆਪਣੀ ਆਦਤ ਅਨੁਸਾਰ ਮੈਂ ਇਕਾਗਰ ਚਿੱਤ ਹੋ ਕੇ ਸੁਣਨੀ ਸ਼ੁਰੂ ਕਰ ਦਿੱਤੀ, ਇਹ ਦੇਖਣ ਲਈ ਕਿ ਸਿੱਖ ਚਿੰਤਕ ਨੇ ਐਤਕਾਂ ਦੇ ਵਰ੍ਹੇ ਕਿਸ ਕਿਸਮ ਦੀ ਕੋਈ ਨਵੀਂ ਅੰਤਰ ਝਾਤ ਪੁਆਈ ਹੈਰੂਸ-ਯੁਕਰੇਨ ਜੰਗ, ਇਜਰਾਈਲ ਵੱਲੋਂ ਗਾਜ਼ਾ ਦੇ ਲੋਕਾਂ ਦੇ ਨਸਲਘਾਤ ਜਾਂ ਭਾਰਤ-ਪਾਕਿਸਤਾਨ ਦੀ ਖਤਰਨਾਕ ਢਾਈ-ਫੱਟ ਜੰਗ ਵਰਗੇ ਭਿਆਨਕ ਕਾਂਡਾਂ ਤੋਂ ਕੋਈ ਸਬਕ ਸਿੱਖਿਆ ਹੈ ਜਾਂ ਨਹੀਂਪਰ ਵੀਡੀਓ ਸੁਣ ਕੇ ਅਫਸੋਸ ਹੋਇਆ ਕਿ ਭਾਈ ਸਾਹਿਬ ਨੇ ਇਸ ਵਾਰ ਵੀ ਨਵੀਂ ਪੀੜ੍ਹੀ ਨੂੰ ਵਕਤ ਅਨੁਸਾਰ ਨਵੀਂ ਸੇਧ ਦੇਣ ਦੀ ਥਾਂ ਲਗਾਤਾਰ ਨੌਜਵਾਨਾਂ ਨੂੰ ਜਜ਼ਬਾਤੀ ਤੌਰ ’ਤੇ ਭੜਕਾਈ ਰੱਖਣ ਲਈ ਆਪਣੀ ਸਾਰੀ ਵੀਡੀਓ ਵਿੱਚ ਬਿਨਾਂ ਅੱਖ ਝਮੱਕੇ ਅਤੇ ਬਿਨਾਂ ਸਾਹ ਲਏ, ਉਹੋ ਘੋੜਾ ਦਬਾਈ ਰੱਖਿਆ ਹੈ, ਜਿਸ ’ਤੇ ਉਸਨੇ ਪਿਛਲੇ 2 ਦਹਾਕਿਆਂ ਤੋਂ ਦਾਬ ਦਿੱਤੀ ਹੋਈ ਹੈ

ਸ. ਅਜਮੇਰ ਸਿੰਘ ਦੀ ਵੀਡੀਓ ਸੁਣ ਹੀ ਰਿਹਾ ਸਾਂ ਕਿ ਇੱਕ ਪੁਰਾਣੇ ਦੋਸਤ ਸੁਲੱਖਣ ਸਿੰਘ ਦਾ ਫੋਨ ਖੜਕ ਪਿਆਕੋਈ ਦੁਆ ਸਲਾਮ ਤੋਂ ਬਿਨਾਂ ਹੀ ਉਸਨੇ ਸਿੱਧਾ ਸਵਾਲ ਕਰ ਦਿੱਤਾ, “ਹਰਚਰਨ, ਤੂੰ 27 ਮਈ ਨੂੰ ‘ਪੰਜਾਬ ਟੈਲੀਵਿਯਨ’ ’ਤੇ ‘ਖੁੱਲ ਗਏ ਭੇਦ! ਰਸ਼ੀਅਨ ਖੁਫੀਆ ਜਾਣਕਾਰੀ ’ਤੇ ਹੋਇਆ ਸੀ ਸਾਕਾ ਨੀਲਾ ਤਾਰਾ’ ਵਾਲੀ ਵੀਡੀਓ ਦੇਖੀ ਹੈਅਗਲਾ ਰਾਕਟ ਸੁਲੱਖਣ ਸਿੰਘ ਨੇ ਇਹ ਕਹਿੰਦਿਆਂ ਦਾਗ ਦਿੱਤਾ ਕਿ ਸਿੱਖਾਂ ਵਿੱਚ ਠੰਢੇ ਦਿਮਾਗ ਨਾਲ ਸੋਚ ਕੇ ਗੱਲ ਕਰਨ ਵਾਲੇ ਬੁੱਧੀਜੀਵੀ ਵੀ ਅਜੇ ਹੈਗੇ! ਮੈਂ ਪਿਛਲੇ ਕਈ ਮਹੀਨਿਆਂ ਦੌਰਾਨ ਸੁਖਬੀਰ ਬਾਦਲ ਦੇ ਰਾਜਨੀਤਕ ਵਿਰੋਧੀਆਂ ਵੱਲੋਂ ਜਥੇਦਾਰਾਂ ਨੂੰ ਅੱਗੇ ਲਾ ਕੇ ਉਸਦੀ ਜਕੜ ਤੋਂ ਅਕਾਲੀ ਦਲ ਅਜ਼ਾਦ ਕਰਾਉਣ ਲਈ ਬਾਹਰੋਂ ਇਸ ਚੈਨਲ ਵੱਲੋਂ ਹੱਲਾਸ਼ੇਰੀ ਦਿੰਦਿਆਂ ਇੱਕ ਪਾਸੜ ਮੁਹਿੰਮ ਚਲਾਈ ਹੋਈ ਸੀ ਅਤੇ ਅੱਕ ਕੇ ਪਿਛਲੇ ਦੋ ਕੁ ਮਹੀਨਿਆਂ ਤੋਂ ਇਸ ਚੈਨਲ ਨੂੰ ਸੁਣਨਾ ਬੰਦ ਕੀਤਾ ਹੋਇਆ ਸੀਪਰ ਸੁਲੱਖਣ ਕਹਿ ਰਿਹਾ ਸੀ ਕਿ ਤੂੰ ਹੋਰ ਨਹੀਂ ਤਾਂ ਘੱਟੋ-ਘੱਟ ਉੱਪਰ ਦੱਸੀ ਵੀਡੀਓ ਵਿੱਚ ਪ੍ਰੋ. ਹਰਵਿੰਦਰ ਭੱਟੀ ਵਾਲਾ ਹਿੱਸਾ ਜ਼ਰੂਰ ਸੁਣ ਤਾਂ ਕਿ ਪਤਾ ਲੱਗ ਸਕੇ ਕਿ ਸਾਡੇ ਬੁੱਧੀਜੀਵੀਆਂ ਵਿੱਚ ਵੀ ‘ਕੋਈ ਹਰਿਆ ਬੂਟ ਰਹਿਓ ਰੀ’ ਵਾਲੀ ਗੱਲ ਅਜੇ ਕਾਇਮ ਹੈ

ਹਰਜਿੰਦਰ ਸਿੰਘ ਰੰਧਾਵੇ ਦਾ ਚੈਨਲ ’ਤੇ ਗੱਲ ਸ਼ੁਰੂ ਕਰਨ ਦਾ ਆਪਣੀ ਹੀ ਕਿਸਮ ਦਾ ਖਚਰਾ ਅੰਦਾਜ਼ ਸੀਉਹ ‘ਸਾਕਾ ਨੀਲਾ ਤਾਰਾ’ ਬਾਰੇ ਸਮਝਣ ਲਈ ਸ. ਤਰਲੋਚਨ ਸਿੰਘ ਦਿੱਲੀ ਨੂੰ ਬੜੇ ਨਾਟਕੀ ਢੰਗ ਨਾਲ ਗੱਲਬਾਤ ਦੀ ਸੱਥ ਵਿੱਚ ਉਤਾਰਦਾ ਹੈਪਰ ਉਹ ਅੱਗਿਉਂ ਰੰਧਾਵੇ ਦੀ ਚਾਲ ਤੋਂ ਬੇਖ਼ਬਰ ਆਪਣਾ ਪੁਰਾਣਾ ਘਸਿਆ-ਪਿੱਟਿਆ ਘਰਾਟ ਰਾਗ ਅਲਾਪਣਾ ਸ਼ੁਰੂ ਕਰ ਦਿੰਦਾ ਹੈਉਸ ਤੋਂ ਬਾਅਦ ਸਿੱਖ ਇਤਿਹਾਸਕਾਰ/ਪੱਤਰਕਾਰ, ਜਗਤਾਰ ਸਿੰਘ ਉਸ ਤੋਂ ਵੀ ਚਾਰ ਕਦਮ ਅੱਗੇ ਵਧ, ਰਹਿੰਦੀ ਕਸਰ ਕੱਢ ਦਿੰਦਾ ਹੈਸੁਖਬੀਰ ਬਾਦਲ ਖਿਲਾਫ ਜਿਹਾਦ ਦੌਰਾਨ ਤਾਂ ਪ੍ਰੋ. ਭੱਟੀ ਸਾਹਿਬ ਉਨ੍ਹਾਂ ਦੇ ਨਾਲ ਪਾਸ ਦੇ ਕੇ ਖੇਡਦੇ ਰਹੇ ਸਨ ਪਰ ਇਸ ਵਾਰ ਕਹਾਣੀ ਬਿਲਕੁਲ ਵੱਖਰੀ ਸੀ ਮੈਨੂੰ ਅਚੰਭੇ ਭਰੀ ਹੈਰਾਨੀ ਹੁੰਦੀ ਹੈ, ਪ੍ਰੋ. ਭੱਟੀ ਨੇ ਜਿਸ ਬੇਬਾਕੀ ਨਾਲ ਖਰੀਆਂ ਗੱਲਾਂ ਕੀਤੀਆਂ ਹਨ, ਉਸ ਲਈ ਉਹ ਸਤਕਾਰ ਦਾ ਹੱਕਦਾਰ ਹੈਸੁਲੱਖਣ ਦੀ ਗੱਲ ਸੋਲਾਂ ਆਨੇ ਸੱਚੀ ਲਗਦੀ ਹੈਇਸ ਬਾਰੇ ਪ੍ਰੋ. ਭੱਟੀ ਦੀ ਇੰਟਰਵੈਨਸ਼ਨ ਇਸ ਤਰ੍ਹਾਂ ਲਗਦੀ ਹੈ, ਜਿਵੇਂ ਚੱਲਦੇ ਘਰਾਟ ਰਾਗ ਅੰਦਰ ਕੋਈ ਪੰਡਤ ਸ਼ਿਵ ਕੁਮਾਰ ਵਾਂਗ ਠੰਢ ਵਰਤਾਉਣ ਵਾਲਾ ਆਪਣਾ ਸੰਤੂਰ ਵਜਾਉਣਾ ਸ਼ੁਰੂ ਕਰ ਦੇਵੇਜਿਵੇਂ ਜੂਨ ਮਹੀਨੇ ਦੀ ਤਪਦੀ ਦੁਪਹਿਰ ਮੌਕੇ ਕਿਸੇ ਪਿਆਸੇ ਮੁਸਾਫਿਰ ਨੂੰ ਛਬੀਲ ਦਾ ਠੰਢਾ-ਮਿੱਠਾ ਸ਼ਰਬਤ ਪੀਣ ਨੂੰ ਮਿਲ ਜਾਵੇਭੱਟੀ ਦੀਆਂ ਨਿਮਰ ਦਲੀਲਾਂ ਤੋਂ ਪ੍ਰਭਾਵਤ ਹੋ ਕੇ ਸ. ਤਰਲੋਚਨ ਸਿੰਘ ਤਾਂ ਸੋਚੀਂ ਪੈਂਦਾ ਨਜ਼ਰ ਆਉਣ ਲਗਦਾ ਹੈ ਪਰ ਜਗਤਾਰ ਸਿੰਘ ਆਪਣੇ ਸੂਤਰਧਾਰ ਹਰਜਿੰਦਰ ਸਿੰਘ ਰੰਧਾਵੇ ਤੋਂ ਵੀ ਵੱਧ ਚਲਾਕੀ ਨਾਲ ਘੇਸਲ ਮਾਰਦਿਆਂ ਪ੍ਰੋ. ਭੱਟੀ ਨੂੰ ਝਕਾਨੀ ਦੇ ਜਾਂਦਾ ਹੈਉਹ ਆਪਣਾ ਪਹਿਲਾ ਪ੍ਰਵਚਨ ਉਵੇਂ ਹੀ ਜਾਰੀ ਰੱਖਦਾ ਹੈ, ਜਿਵੇਂ ਉਸਨੇ ਭੱਟੀ ਦੀ ਕੋਈ ਗੱਲ ਸੁਣੀ ਹੀ ਨਾ ਹੋਵੇ

ਪ੍ਰੋ. ਭੱਟੀ ਅਨੁਸਾਰ ਉਸਨੇ ਨਵੰਬਰ 84 ਬਾਰੇ ਕਿਤਾਬ ਵਿੱਚੇ ਛੱਡ ਦਿੱਤੀ ਸੀ, ਪਰ ਸਾਡੀ ਸਲਾਹ ਹੈ ਕਿ ਉਹ ਜੂਨ 84 ਬਾਰੇ ਕਿਤਾਬ ਜ਼ਰੂਰ ਲਿਖਣ ਜਿਸ ਵਿੱਚ ਉਹ ਸਿੱਖਾਂ ਦੇ ਸੰਤਾਪ ਵਿੱਚ ਪੱਤਰਕਾਰ ਦਲਬੀਰ ਸਿੰਘ, ਇਤਿਹਾਸਕਾਰ ਜਗਤਾਰ ਸਿੰਘ ਅਤੇ ਸਿੱਖ ਚਿੰਤਕ ਅਜਮੇਰ ਸਿੰਘ ਵਰਗੇ ਬੇਚੈਨ ਕਾਮਰੇਡਾਂ ਵੱਲੋਂ ਪਾਈ ਤਿਲ-ਫੁੱਲ ਸੇਵਾ ਬਾਰੇ ਵੀ ਸਿੱਖ ਪੰਥ ਨੂੰ ਜਾਣੂ ਕਰਵਾ ਛੱਡਣਅਜਿਹਾ ਕੰਮ ਉਨ੍ਹਾਂ ਵਰਗੇ ਦਾਨਸ਼ਵਰ ਪ੍ਰੋਫੈਸਰ ਤੋਂ ਬਿਨਾਂ ਕਿਸੇ ਤੋਂ ਨਹੀਂ ਹੋਣਾ।

ਇਹ ਸਾਰੀ ਵੀਡੀਓ ਸੁਣਨ ਵਾਲੀ ਹੈ,  (ਵੀਡੀਓ ਸੁਣਨ ਲਈ ਲਿੰਕ ’ਤੇ ਕਲਿੱਕ ਕਰੋ:

 (ਖੁੱਲ੍ਹ ਗਏ ਭੇਦ! ਰਸ਼ੀਅਨ ਖੁਫ਼ੀਆ ਜਾਣਕਾਰੀ ’ਤੇ ਹੋਇਆ ਸਾਕਾ ਨੀਲਾ ਤਾਰਾ! ਕੀ ਕੁਝ ਦੱਸਿਆ ਸੰਤਾਂ ਸ. ਜਗਤਾਰ ਸਿੰਘ ਨੂੰ …)

ਪਰ ਥਾਂ ਦੀ ਕਮੀ ਕਾਰਨ ਸਿਰਫ ਪ੍ਰੋ. ਭੱਟੀ ਵਾਲਾ ਹਿੱਸਾ ਹੀ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ:

ਅੱਜ ਅਸੀਂ ਜੂਨ, 84 ਦੀਆਂ ਦੁਖਦਾਈ ਅਤੇ ਨਿੰਦਣਯੋਗ ਘਟਨਾਵਾਂ ਬਾਰੇ ਚਰਚਾ ਕਰ ਰਹੇ ਹਾਂਜਦੋਂ ਕਿਸੇ ਕੌਮ ਦੀ ਕੋਈ ਸਾਂਝੀ ਪੀੜਾ ਹੁੰਦੀ ਹੈ, ਉਸ ਨੂੰ ਅੱਜਕਲ ਮਨੋ-ਵਿਗਿਆਨ ਵਿੱਚ ‘ਪੇਨ ਬੌਡੀ’ ਕਹਿੰਦੇ ਹਨਕਈ ਵਾਰ ਅਸੀਂ ਆਪ ਹੀ ਉਸ ‘ਪੇਨ ਬੌਡੀ’ ਨੂੰ ਪੁਨਰ ਸਥਾਪਿਤ ਕਰਦੇ ਰਹਿੰਦੇ ਹਾਂਇਸ ਨਾਲ ਸਾਨੂੰ ਕੁਝ ਸਮੇਂ ਲਈ ਰਾਹਤ ਮਹਿਸੂਸ ਹੁੰਦੀ ਹੈਸਾਡੇ ਸਿੱਖਾਂ ਨਾਲ ਇਹ ਟਰੈਜਡੀ ਬਣੀ ਹੋਈ ਹੈ ਕਿ ਗੁਰੂ ਸਾਹਿਬ ਵੱਲੋਂ ਅਨੰਦਪੁਰ ਸਾਹਿਬ ਤੋਂ ਨਿਕਲਣ ਤੋਂ ਬਾਅਦ 1947 ਤਕ ਆਉਂਦਿਆਂ ਸਾਡੇ ’ਤੇ ਜਿੰਨੇ ਵੀ ਜ਼ੁਲਮ ਹੋਏ ਸਨ, ਅਸੀਂ ਉਹ ਸਭ ਆਪਣੀ ਰੋਜ਼ਾਨਾ ਦੀ ਅਰਦਾਸ ਦਾ ਹਿੱਸਾ ਬਣਾਏ ਹੋਏ ਹਨਜਿਨ੍ਹਾਂ ਨੂੰ ਵਾਰ-ਵਾਰ ਯਾਦ ਕਰਦੇ ਹਾਂ, ਦਿਨ-ਰਾਤ ਯਾਦ ਕਰਦੇ ਹਾਂ, ਪਰ ਉਸ ਵਿੱਚੋਂ ਨਿਕਲਣ ਦਾ ਰਸਤਾ ਗੁਰਬਾਣੀ ਵਿੱਚੋਂ ਨਹੀਂ ਲੱਭਦੇ ਅਤੇ ਨਾ ਹੀ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚੋਂ ਲੱਭਦੇ ਹਾਂ1984 ਵਿੱਚ ਵਾਪਰਿਆ ਸਾਕਾ ਨੀਲਾ ਤਾਰਾ ਸਾਡੀ ਕਮਿਉਨਿਟੀ ਲਈ ਇੱਕ ਭਿਆਨਕ ਇਤਿਹਾਸਕ ਹਾਦਸਾ ਸੀਮੈਂ 1947 ਬਾਰੇ ਕਿਤਾਬ ਲਿਖੀ ਸੀ, ਮੈਨੂੰ ਦੋਸਤਾਂ ਨੇ ਕਿਹਾ ਕਿ ਤੁਸੀਂ ਨਵੰਬਰ, 1984 ਬਾਰੇ ਵੀ ਲਿਖੋਮੈਂ ਦੰਗਾ ਪੀੜਿਤਾਂ ਦੇ ਐਫੀਡੈਵਿਟ ਵੀ ਪੜ੍ਹੇਮੈਂ ਆਪਣੇ ਦਿਲ ਦੀ ਗੱਲ ਦੱਸਦਾ ਹਾਂ ਕਿ ਮੈਨੂੰ ਉਹ ਪੜ੍ਹ ਕੇ ਲੱਗਾ ਕਿ ਮੇਰੇ ਵਿੱਚ ਉਹ ਹਿੰਮਤ ਹੀ ਨਹੀਂ ਸੀ ਕਿ ਮੈਂ ਉਹ ਦਰਦ ਬਰਦਾਸ਼ਤ ਕਰ ਸਕਾਂਤੁਹਾਡਾ ਸਰੀਰ ਅਤੇ ਮਨ ਪਹਿਲਾਂ ਉਹ ਦਰਦ ਝੱਲੇ ਤਾਂ ਉਸ ਨੂੰ ਤੁਸੀਂ ਸ਼ਬਦਾਂ ਵਿੱਚ ਉਤਾਰ ਸਕਦੇ ਹੋਮੇਰੇ ਕੋਲ ਅਜੇ ਵੀ ਸਮੱਗਰੀ ਪਈ ਹੈ, ਪਰ ਮੈਂ ਛਾਪਣ ਦੀ ਹਿੰਮਤ ਨਹੀਂ ਕਰ ਸਕਿਆ

ਅਸੀਂ ਹੁਣ ‘ਪੇਨ ਬੌਡੀ’ ਦੀ ਕਮਿਉਨਿਟੀ ਬਣ ਚੁੱਕੇ ਹਾਂਸਾਨੂੰ ਪੇਨ ਵਿੱਚੋਂ ਹੀ ਅਨੰਦ ਆਉਣ ਲੱਗਾ ਹੈਜਿਵੇਂ ਸਰੀਰ ’ਤੇ ਕਿਤੇ ਖਾਰਸ਼ ਹੋ ਜਾਵੇ ਤਾਂ ਹੱਥ ਵਾਰ-ਵਾਰ ਖਾਰਸ਼ ਕਰਨ ਲਈ ਉੱਧਰ ਜਾਂਦਾ ਹੈ, ਇੱਕ ਵਕਤ ਅਜਿਹਾ ਵੀ ਆਉਂਦਾ ਹੈ ਕਿ ਖਾਰਸ਼ ਕਰਨ ਵਿੱਚੋਂ ਹੀ ਵਿਅਕਤੀ ਸੁਖ ਮਹਿਸੂਸ ਕਰਨ ਲਗਦਾ ਹੈਸਾਡੇ ਨਾਲ ਵੀ ਕੁਝ ਅਜਿਹਾ ਹੀ ਲਗਾਤਾਰ ਵਾਪਰ ਰਿਹਾ ਹੈਮੈਂ ਕਹਿੰਦਾ ਹਾਂ ਕਿ 84 ਵਿੱਚ ਵਾਪਰਿਆ ਸਾਰਾ ਕੁਝ ਬਹੁਤ ਦੁਖਦਾਈ ਸੀਇਸ ਸਭ ਕੁਝ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈਪਰ ਕੀ ਅਜਿਹੇ ਕੌਮੀ ਦੁਖਾਂਤਾਂ ਵਿੱਚੋਂ ਕਦੇ ਅਸੀਂ ਆਪ ਬਾਹਰ ਨਿਕਲਾਂਗੇ ਜਾਂ ਸਾਨੂੰ ਕੋਈ ਹੋਰ ਕੱਢੇਗਾ? 18ਵੀਂ ਸਦੀ ਦੇ ਸ਼ੁਰੂਆਤ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ, ਅਸੀਂ ਬਹੁਤ ਜਲਦੀ ਉਸ ਤੋਂ ਬਾਹਰ ਨਿਕਲ ਜਾਂਦੇ ਹਾਂਬੰਦਾ ਸਿੰਘ ਬਹਾਦਰ ਪੰਜਾਬ ਆਉਂਦੇ ਹਨ, ਉਹ ਇਨ੍ਹਾਂ ਸ਼ਹਾਦਤਾਂ ਦਾ ਬਦਲਾ ਵੀ ਲੈਂਦੇ ਹਨਪਰ ਅਸੀਂ ਬੜੇ ਸਹਿਜ ਭਾਅ ਹੀ ਉਸ ਤੋਂ ਬਹੁਤ ਜਲਦ ਉੱਪਰ ਉੱਠ ਜਾਂਦੇ ਹਾਂਉਨ੍ਹਾਂ ਦੇ ਯਾਦਗਾਰੀ ਦਿਨਾਂ ਨੂੰ ਸ਼ਹੀਦੀ ਜੋੜ-ਮੇਲੇ ਕਹਿਣ ਲੱਗਦੇ ਹਾਂ ਬੇਸ਼ਕ ਹੁਣ ਕੁਝ ਸਾਲਾਂ ਤੋਂ ਉਨ੍ਹਾਂ ਸ਼ਹੀਦੀ ਜੋੜ ਮੇਲਿਆਂ ਨੂੰ ਸੋਗਮਈ ਦਿਨ ਮਨਾਉਣ ਦੀਆਂ ਹਦਾਇਤਾਂ ਜਾਰੀ ਹੁੰਦੀਆਂ ਹਨ ਕਿ ਸੰਗਤ ਬੈੱਡ ਦੀ ਥਾਂ ਜ਼ਮੀਨ ’ਤੇ ਸੌਂਵੇ, ਕੋਈ ਮਿੱਠਾ ਨਾ ਖਾਧਾ ਜਾਵੇ, ਕੋਈ ਖੁਸ਼ੀ ਦਾ ਸਮਾਗਮ ਨਾ ਕੀਤਾ ਜਾਵੇ ਆਦਿਅਜਿਹੀਆਂ ਇਤਿਹਾਸਕ ਘਟਨਾਵਾਂ ਬਹੁਤ ਛੋਟੀਆਂ ਹਨ, ਸਾਡੀ ਰੂਹ ਇਸ ਤੋਂ ਕਿਤੇ ਵੱਡੀ ਹੈਅਸਲ ਵਿੱਚ ਸਿੱਖ ਪੰਥ ਵਿੱਚੋਂ ਇਹ ਸਭ ਅਲੋਪ ਹੁੰਦਾ ਜਾ ਰਿਹਾ ਹੈਜਦੋਂ ਕੋਈ ਗੱਲ ਵਾਰ-ਵਾਰ ਕਰਦੇ ਹਾਂ ਤਾਂ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਸਾਡੇ ਤੋਂ ਗਲਤੀ ਕਿੱਥੇ ਹੋਈ ਸੀ?

ਸਾਡੀ ਕੌਮੀ ਤੌਰ ’ਤੇ ਇਹ ਬਹੁਤ ਵੱਡੀ ਦੁਬਿਧਾ ਹੈ ਕਿ ਅਸੀਂ ਫੈਸਲਾ ਨਹੀਂ ਕਰ ਪਾ ਰਹੇ ਕਿ ਕੀ ਅਸੀਂ ਭਾਰਤੀ ਸਟੇਟ ਦਾ ਹਿੱਸਾ ਹਾਂ ਜਾਂ ਸਟੇਟ ਸਾਡੀ ਦੁਸ਼ਮਣ ਹੈ1947 ਤੋਂ ਹੀ ਅਸੀਂ ਇਸ ਦੁਬਿਧਾ ਵਿੱਚੋਂ ਨਿਕਲ ਹੀ ਨਹੀਂ ਪਾ ਰਹੇ? ਅਸੀਂ ਇਹ ਗਿਲਾ ਕਰਦੇ ਹਾਂ ਕਿ ਸਾਡੇ ਗੁਰਧਾਮਾਂ ’ਤੇ ਫੌਜੀ ਹਮਲਾ ਕੀਤਾ ਗਿਆ, ਉਸ ਵਿੱਚ ਸ਼ਾਮਲ ਫੌਜੀਆਂ ਨੂੰ ਸਨਮਾਨਿਤ ਕੀਤਾ ਗਿਆਪਰ ਦੂਜਾ ਪੱਖ ਇਹ ਵੀ ਹੈ ਕਿ ਕੀ ਭਾਰਤੀ ਫੌਜੀ ਸਾਡੇ ਦੁਸ਼ਮਣ ਸਨ? ਸਾਡੀ ਸਾਰੀ ਕਮਿਉਨਿਟੀ ਅਜਿਹੀਆਂ ਅਨੇਕਾਂ ਦੁਬਿਦਾਵਾਂ ਵਿੱਚ ਫਸੀ ਹੋਈ ਹੋਈ ਹੈਮੈਂ ਕਹਿਨਾਂ ਉਸ ਵਕਤ ਦਾ ਸਾਰਾ ਸੱਚ ਸਾਹਮਣੇ ਲਿਆਉ ਉਸ ਨੂੰ ਲਿਖਤੀ ਰੂਪ ਵਿੱਚ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਸਾਂਭ ਕੇ ਰੱਖੋਪਰ ਇਹ ਵੀ ਦੇਖੋ ਕਿ ਇਹ ਕਰਨ ਦਾ ਸਾਡਾ ਮਕਸਦ ਕੀ ਹੈ? ਅਸੀਂ ਆਪਣੀ ਨਿੱਜੀ ਲਾਈਫ ਵਿੱਚ ਵੀ ਦੇਖਦੇ ਹਾਂ ਕਿ ਸਾਡੇ ਅੰਦਰ ਉਹੀ ਪੀੜਾ, ਉਹੀ ਜ਼ਿੱਲਤ, ਉਹੀ ਬੇਇੱਜ਼ਤੀ ਜਿਊਂਦੀ ਰਹਿੰਦੀ ਹੈ, ਜੋ ਅਸੀਂ ਵਾਰ-ਵਾਰ ਯਾਦ ਕਰਦੇ ਰਹਿੰਦੇ ਹਾਂ, ਉਸ ਨੂੰ ਕੁਰੇਦਦੇ ਰਹਿੰਦੇ ਹਾਂਜਿਹੜੀਆਂ ਵੱਡੀਆਂ ਕਮਿਉਨਿਟੀਆਂ ਹੁੰਦੀਆਂ ਹਨ, ਉਨ੍ਹਾਂ ਦੀ ਵੀ ਸਮੂਹਿਕ ਪੀੜਾ ਇਸੇ ਤਰ੍ਹਾਂ ਹੁੰਦੀ ਹੈਇਸ ਵਿੱਚੋਂ ਸਾਡੇ ਲਈ ਨਿਕਲਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਕਿਉਂਕਿ ਇਸ ਨੂੰ ਵੀ ਹੁਣ ਅਸੀਂ ਆਪਣੀ ਅਰਦਾਸ ਦਾ ਹਿੱਸਾ ਬਣਾ ਲਿਆ ਹੈ

ਮੈਨੂੰ ਲਗਦਾ ਹੈ ਕਿ ਸਾਡੀ ਕਮਿਉਨਿਟੀ ਅਜਿਹੀ ਦੁਬਿਧਾ ਦੀ ਸ਼ਿਕਾਰ ਬਣਾ ਦਿੱਤੀ ਗਈ ਹੈਸਾਡੇ ’ਤੇ ਰਾਜ ਕਰਨ ਵਾਲਾ ਉੱਚ ਵਰਗ ਇਸ ਪੀੜ ਦੀ ਖੱਟੀ ਖਾ ਰਿਹਾ ਹੈਹਿੰਦੂ ਰਾਸ਼ਟਰ, ਹਿੰਦੂਆਂ ਦੀ ਹਜ਼ਾਰਾਂ ਸਾਲਾਂ ਦੀ ਗੁਲਾਮੀ ਦੀ ਪੀੜਾ ਵਿੱਚੋਂ ਬਣਾਇਆ ਜਾ ਰਿਹਾ ਹੈਪਾਕਿਸਤਾਨ ਮੁਸਲਮਾਨਾਂ ਦੇ ਹਿੰਦੂਆਂ ਤੋਂ ਡਰ ਦੀ ਪੀੜਾ ਵਿੱਚੋਂ ਪੈਦਾ ਹੋਇਆ ਸੀਹੁਣ ਸਿੱਖ ਵੀ 84 ਦੀ ਪੀੜਾ ਵਿੱਚੋਂ ਕੁਝ ਕੱਢਣਾ ਚਾਹੁੰਦੇ ਹਨਸਾਡੀ ਲੀਡਰਸ਼ਿੱਪ ਸਾਨੂੰ ਹਰ ਸਾਲ ਨਵੇਂ ਨਵੇਂ ਢੰਗਾਂ ਨਾਲ ਇਸ ਦਲਦਲ ਵਿੱਚ ਫਸਾਈ ਜਾ ਰਹੀ ਹੈਸਿੱਖੀ ਦਾ ਸਾਰੀ ਮਾਨਵਤਾ ਲਈ ਰੂਹਾਨੀ ਸੁਨੇਹਾ ਸੀ, ਉਸ ਉੱਪਰ ਇਹ ਪੀੜਾ ਭਾਰੂ ਪੈ ਚੁੱਕੀ ਹੈਆਪਣੇ-ਆਪਣੇ ਜਾਤੀ ਜਾਂ ਜਮਾਤੀ ਹਿਤਾਂ ਅਨੁਸਾਰ ਸਾਡੇ ਲੀਡਰ ਸਾਰੇ ਭਾਈਚਾਰੇ ਨੂੰ ਇਸ ਪੀੜਾ ਵਿੱਚੋਂ ਨਿਲਕਣ ਨਹੀਂ ਦੇਣਾ ਚਾਹੁੰਦੇਸਾਡੀ ਰਾਜਸੀ ਲੀਡਰਸ਼ਿੱਪ ਇਸ ਵਿੱਚੋਂ ਸਿਆਸੀ ਲਾਹੇ ਲੈ ਰਹੀ ਹੈ ਅਤੇ ਸਾਡੀ ਧਾਰਮਿਕ ਲੀਡਰਸ਼ਿੱਪ ਇਸਦੇ ਭਾਰ ਹੇਠ ਦਬ ਕੇ ਰਹਿ ਗਈ ਹੈ ਕਿ ਉਹ ਗੁਰਬਾਣੀ ਦਾ ਰੂਹਾਨੀ ਸੰਦੇਸ਼ ਦੁਨੀਆਂ ਤਾਂ ਕੀ ਸਿੱਖਾਂ ਵਿੱਚ ਦੇਣ ਤੋਂ ਵੀ ਅਸਮਰੱਥ ਹੋ ਚੁੱਕੀ ਹੈ

ਸਾਡੇ ਵਿੱਚ ਮੀਰੀ-ਪੀਰੀ ਦਾ ਇੱਕ ਸੰਕਲਪ ਹੈਮੀਰ ਤਾਂ ਸਭ ਬਣੇ ਫਿਰਦੇ ਹਨ, ਪਰ ਪੀਰ ਕੋਈ ਨਜ਼ਰ ਨਹੀਂ ਆਉਂਦਾ? ਸਾਡੀਆਂ ਅਗਲੀਆਂ ਨਸਲਾਂ ਕਿੱਥੋਂ ਸੇਧ ਲੈਣ, ਕਿੱਥੋਂ ਆਸ ਰੱਖਣ? ਹੁਣ ਤਕ ਜੂਨ 84 ਬਾਰੇ ਸੈਂਕੜੇ ਕਿਤਾਬਾਂ ਮਾਰਕੀਟ ਵਿੱਚ ਆ ਚੁੱਕੀਆਂ ਹਨਇੱਕ ਪੱਖ ਤਾਂ ਇਹ ਹੈ ਕਿ ਉਸ ਸਮੇਂ ਦੀ ਹਕੂਮਤੀ ਧਿਰ ਕਾਂਗਰਸ ਪਾਰਟੀ ਨੇ ਸਿੱਖਾਂ ਦੀ ਰਾਜਸੀ ਪਾਰਟੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਸੰਤ ਭਿੰਡਰਾਂਵਾਲਿਆਂ ਨੂੰ ਖੜ੍ਹਾ ਕਰ ਲਿਆ ਸੀਦੂਜਾ ਪੱਖ ਇਹ ਹੈ ਕਿ ਭਾਰਤੀ ਸਟੇਟ ਪਹਿਲੇ ਦਿਨ ਤੋਂ ਹੀ ਸਿੱਖਾਂ ਦੀ ਦੁਸ਼ਮਣ ਜਮਾਤ ਹੈ, ਸਾਡੀ ਹੋਂਦ ਖਤਮ ਕਰਨਾ ਚਾਹੁੰਦੀ ਹੈ, ਸਾਡੀ ਵੱਖਰੀ ਪਛਾਣ ਮਿਟਾਉਣਾ ਚਾਹੁੰਦੀ ਹੈ, ਸਾਨੂੰ ਧਰਮ ਅਤੇ ਕੌਮ ਦੇ ਤੌਰ ’ਤੇ ਮਾਨਤਾ ਨਹੀਂ ਦਿੰਦੀ, ਜਿਸ ਤੋਂ ਅੱਕ ਕੇ ਸੰਤ ਭਿੰਡਰਾਂਵਾਲਿਆਂ ਨੇ ਨੌਜਵਾਨਾਂ ਨੂੰ ਹਥਿਆਰ ਚੁੱਕਾ ਕੇ ਦਰਬਾਰ ਸਾਹਿਬ ਦੀ ਰਾਖੀ ਲਈ ਸ਼ਹੀਦੀ ਪਾਈਅਸੀਂ ‘ਪੀੜਤ ਧਿਰ’ ਬਣਨ ਦੀ ਪਛਾਣ ਬਣਾਉਣ ਵਿੱਚ ਬੁਰ੍ਹੀ ਤਰ੍ਹਾਂ ਫਸ ਚੁੱਕੇ ਹਾਂਅਸੀਂ ਇਸ ਦੁਬਿਧਾ ਵਿੱਚੋਂ ਨਿਕਲ ਨਹੀਂ ਪਾ ਰਹੇ ਕਿ ਜੇ ਭਾਰਤੀ ਸਟੇਟ ਸਾਡੀ ਮੁੱਖ ਦੁਸ਼ਮਣ ਹੈ, ਜੋ ਸਾਨੂੰ ਮਲੀਆਮੇਟ ਕਰਨਾ ਚਾਹੁੰਦੀ ਹੈ ਤਾਂ ਫਿਰ ਅਸੀਂ ਉਸ ਤੋਂ ਕਿਸੇ ਭਲੇ ਦੀ ਆਸ ਕਿਉਂ ਰੱਖਦੇ ਹਾਂ? ਜੇ ਸਟੇਟ ਦੁਸ਼ਮਣ ਨਹੀਂ ਹੈ, ਇੱਕ ਰਾਜਸੀ ਪਾਰਟੀ ਨੇ ਸਾਡੇ ਨਾਲ ਇਹ ਸਭ ਕੁਝ ਕੀਤਾ ਸੀ ਤਾਂ ਫਿਰ ਸਾਡੇ ਕੋਲ਼ੋਂ ਗਲਤੀ ਕਿੱਥੇ ਹੋਈ ਹੈ? ਕੀ ਅਸੀਂ ਕਦੇ ਇਸ ਨੂੰ ਵੀ ਵਿਚਾਰਾਂਗੇ? ਅਸੀਂ ਕਿੱਥੇ ਮਾਰ ਖਾ ਗਏ? ਉਸ ਵਕਤ ਸਰਕਾਰ ਨਾਲ ਲਗਾਤਾਰ ਗੱਲ ਚਲਦੀ ਰਹੀ ਸੀ, ਫਿਰ ਉਹ ਸਿਰੇ ਕਿਉਂ ਨਾ ਚੜ੍ਹ ਸਕੀ? ਕਿਉਂ ਹਾਲਾਤ ਇੱਥੇ ਤਕ ਪਹੁੰਚੇ ਕਿ ਸਰਕਾਰ ਨੂੰ ਫੌਜੀ ਕਾਰਵਾਈ ਕਰਨ ਤਕ ਨੌਬਤ ਆਈ? ਕੀ ਇਸ ਲਈ ਸਰਕਾਰੀ ਧਿਰ ਹੀ ਪੂਰੀ ਤਰ੍ਹਾਂ ਦੋਸ਼ੀ ਸੀ ਜਾਂ ਸਾਡਾ ਵੀ ਕਿਤੇ ਮਾੜਾ-ਮੋਟਾ ਦੋਸ਼ ਸੀ? ਕੀ ਅਸੀਂ ਹਮੇਸ਼ਾ ਸਿਰਫ ਪੀੜਿਤ ਬਣ ਕੇ ਹੀ ਰਹਿਣਾ ਹੈ? ਕੀ ਸਾਡੀ ਕੋਈ ਸਾਂਝੀ ਕੌਮੀ ਪਾਲਿਸੀ ਕਦੇ ਬਣੇਗੀ?

ਜੇ ਸਾਡਾ ਸਾਂਝਾ ਕੌਮੀ ਨਿਸ਼ਾਨਾ ਕੀ ਹੈ, ਬਾਰੇ ਅਸੀਂ ਸਪਸ਼ਟ ਨਹੀਂ ਤਾਂ ਕਿਤੇ ਵੀ ਨਹੀਂ ਪਹੁੰਚਾਂਗੇ ਗੁਰਬਾਣੀ ਸਾਡੀ ਗੁਰੂ ਹੈ, ਕੀ ਸਾਡਾ ਨਿਸ਼ਾਨਾ ਉਸ ਅਨੁਸਾਰ ਹੋਵੇ ਜਾਂ ਮੌਜੂਦਾ ਹਾਲਾਤ ਅਨੁਸਾਰ ਹੋਵੇ? ਅਸੀਂ ਕਿਤੇ ਤਾਂ ਸਪਸ਼ਟ ਹੋਈਏ ਆਮ ਜੀਵਨ ਵਿੱਚ ਵੀ ਜਦੋਂ ਵੱਡੇ ਹਾਦਸੇ ਵਾਪਰਦੇ ਹਨ ਤਾਂ ਬੇਸ਼ਕ ਉਹ ਕਿਤੇ ਨਾ ਕਿਤੇ ਸਾਡੇ ਚੇਤਿਆਂ ਵਿੱਚ ਤਾਂ ਜ਼ਰੂਰ ਰਹਿੰਦੇ ਹਨ, ਪਰ ਆਮ ਤੌਰ ’ਤੇ ਵਿਅਕਤੀ ਉਸ ਤੋਂ ਜਲਦੀ ਉੱਪਰ ਉੱਠ ਜਾਂਦੇ ਹਨਪਰ ਅਸੀਂ ਕੌਮੀ ਤੌਰ ’ਤੇ ਅਜਿਹੇ ਘੱਲੂਘਾਰਿਆਂ ਤੋਂ ਉੱਪਰ ਨਹੀਂ ਉੱਠ ਰਹੇ ਜਾਂ ਸਾਨੂੰ ਉੱਪਰ ਉੱਠਣ ਨਹੀਂ ਦਿੱਤਾ ਜਾ ਰਿਹਾ? ਜ਼ਖਮਾਂ ਨੂੰ ਵਾਰ-ਵਾਰ ਕੁਰੇਦ ਕੇ ਅਸੀਂ ਕਦੇ ਵੀ ਅੱਗੇ ਨਹੀਂ ਵਧ ਸਕਦੇ ਹੋਰ ਵੀ ਵੱਡਾ ਮਸਲਾ ਇਹ ਬਣ ਰਿਹਾ ਹੈ ਕਿ ਨਵੀਂ ਪੀੜ੍ਹੀ ਵਿੱਚ ਇਹ ਦਰਦ ਵਧਾ ਚੜ੍ਹਾ ਕੇ ਪੇਸ਼ ਕਰਨ ਨਾਲ, ਜਿਨ੍ਹਾਂ ਕੋਲ਼ੋਂ ਇਹ ਪੀੜਾ ਸਹਿਣ ਨਹੀਂ ਹੁੰਦੀ, ਉਹ ਨਸ਼ਿਆਂ ਵਿੱਚ ਫਸ ਜਾਂਦੇ ਹਨ, ਕੋਈ ਹਿੰਸਾ ਦਾ ਰਾਹ ਫੜ ਲੈਂਦਾ ਹੈ, ਕੋਈ ਜੁਰਮ ਦੀ ਦਲ-ਦਲ ਵਿੱਚ ਧਸ ਜਾਂਦਾ ਹੈਸਾਡੇ ਕੋਲ ਕੋਈ ਕੌਮੀ ਨਿਸ਼ਾਨਾ ਨਹੀਂ ਹੈ? ਸਾਰਾ ਭਾਈਚਾਰਾ ਵੱਡੀ ਦੁਬਿਧਾ ਦਾ ਸ਼ਿਕਾਰ ਬਣ ਚੁੱਕਾ ਹੈਗੁਰਬਾਣੀ ਜਿਸ ਆਦਰਸ਼ਕ ਮਨੁੱਖ ਦੀ ਸਿਰਜਣਾ ਕਰਨਾ ਚਾਹੁੰਦੀ ਸੀ, ਅਸੀਂ ਉਸ ਮਾਰਗ ਤੋਂ ਭਟਕ ਚੁੱਕੇ ਹਾਂਜਦੋਂ ਤਕ ਅਸੀਂ ਇਸ ਪਾਸੇ ਨਹੀਂ ਤੁਰਦੇ ਕਿ ਸਾਡੇ ਤੋਂ ਗਲਤੀਆਂ ਕਿੱਥੇ ਹੋਈਆਂ ਅਤੇ ਹੁਣ ਅਸੀਂ ਅੱਗੇ ਕਿਵੇਂ ਤੁਰਨਾ ਹੈ, ਸਾਡਾ ਮਕਸਦ ਕੀ ਹੈ, ਉਦੋਂ ਤਕ ਅਸੀਂ ਇਵੇਂ ਹੀ ਭਟਕਦੇ ਰਹਾਂਗੇ? ਅਸੀਂ ਕਦੋਂ ਵਿਚਾਰ ਕਰਾਂਗੇ ਕਿ ਕੀ ਕੋਈ ਬੱਜਰ ਗਲਤੀਆਂ ਸਾਡੇ ਤੋਂ ਵੀ ਹੋਈਆਂ ਸਨ ਅਤੇ ਉਹ ਕਿੱਥੇ-ਕਿੱਥੇ ਹੋਈਆਂ ਸਨ?

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਹਰਚਰਨ ਸਿੰਘ ਪਰਹਾਰ

ਹਰਚਰਨ ਸਿੰਘ ਪਰਹਾਰ

Editor: Sikh Virsa.
Calgary, Alberta, Canada.
Tel: (403 - 681 - 8689)
Email: (hparharwriter@gmail.com)

 

More articles from this author