“ਭਾਰਤ ਨੂੰ ਨਾਟੋ ਖੇਮੇ ਵਿੱਚ ਲਿਆਉਣ ਲਈ ਜਿਸ ਤਰ੍ਹਾਂ ਇੱਕ ਪਾਸੇ ਅਮਰੀਕਾ, ਕਨੇਡਾ ਤੇ ਵੱਡੇ ਪੱਛਮੀ ਦੇਸ਼ਾਂ ਵੱਲੋਂ ਨਿੱਝਰ ...”
(16 ਜੁਲਾਈ 2024)
ਇਸ ਸਮੇਂ ਪਾਠਕ: 460.
ਜਦੋਂ ਅਮਰੀਕਾ ਦੀ ਅਗਵਾਈ ਵਾਲੇ 32 ਨਾਟੋ ਦੇਸ਼ ਰੂਸ ਦੇ ਰਾਸ਼ਟਰਪਤੀ ਪੂਤਨ ਦਾ ਯੂਕਰੇਨ ਜੰਗ ’ਤੇ ਹੋਰ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਉਸੇ ਵਕਤ ਅਮਰੀਕਾ ਦੇ ਦਬਾਅ ਅੱਗੇ ਨਾ ਝੁਕਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦਾ ਦੌਰਾ ਰੱਖਿਆ ਹੋਇਆ ਸੀ। ਇਸ ਦੌਰੇ ਦੌਰਾਨ ਰਾਸ਼ਟਰਪਤੀ ਪੂਤਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਰੂਸ ਦਾ ਸਭ ਤੋਂ ਵੱਡਾ ਨਾਗਰਿਕ ਅਵਾਰਡ ‘ਆਰਡਰ ਆਫ ਸੇਂਟ ਐਂਡਰਿਊ’ ਦਿੱਤਾ ਗਿਆ। ਮੋਦੀ ਨੂੰ ਅਜਿਹਾ ਵਕਾਰੀ ਅਵਾਰਡ ਦੇਣ ਦੇ ਕੂਟਨੀਤਕ ਪੱਖ ਤੋਂ ਬਹੁਤ ਵੱਡੇ ਮਾਇਨੇ ਹਨ।
ਭਾਰਤ ਨੂੰ ਨਾਟੋ ਖੇਮੇ ਵਿੱਚ ਲਿਆਉਣ ਲਈ ਜਿਸ ਤਰ੍ਹਾਂ ਇੱਕ ਪਾਸੇ ਅਮਰੀਕਾ, ਕਨੇਡਾ ਤੇ ਵੱਡੇ ਪੱਛਮੀ ਦੇਸ਼ਾਂ ਵੱਲੋਂ ਨਿੱਝਰ-ਪੰਨੂੰ ਮੁੱਦੇ ’ਤੇ ਭਾਰਤ ਦੀਆਂ ਗੋਡਣੀਆਂ ਲਵਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ, ਦੂਜੇ ਪਾਸੇ ਪੱਛਮੀ ਮੀਡੀਏ ਵੱਲੋਂ ਭਾਰਤੀ ਚੋਣਾਂ ਵਿੱਚ ਮੋਦੀ ਨੂੰ ਹਰਾਉਣ ਲਈ ਵੱਡੇ ਪੱਧਰ ਮੁਹਿੰਮ ਚਲਾਈ ਹਈ, ਉਸ ਤੋਂ ਇੱਕ ਵਾਰ ਤਾਂ ਲਗਦਾ ਸੀ ਕਿ ਸ਼ਾਇਦ ਭਾਰਤ, ਕਨੇਡਾ-ਅਮਰੀਕਾ ਦੇ ਦਬਾਅ ਹੇਠ ਝੁਕ ਜਾਵੇਗਾ। ਪਰ ਮੋਦੀ ਵੱਲੋਂ ਰੂਸ ਜਾ ਕੇ ਦਿੱਤੇ ਝਟਕੇ ਨੇ ਅਮਰੀਕਾ ਸਮੇਤ ਬਾਕੀ ਦੁਨੀਆਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਹੁਣ ਪੁਰਾਣਾ ਭਾਰਤ ਨਹੀਂ ਰਿਹਾ।
ਮੇਰੀ ਰਾਜਨੀਤਕ ਸਮਝ ਅਨੁਸਾਰ ਸਿੱਖਾਂ ਨੂੰ ਅਮਰੀਕਾ, ਰੂਸ, ਚੀਨ, ਭਾਰਤ ਤੇ ਨਾਟੋ ਦੇ ਸਾਨ੍ਹਾਂ ਦੇ ਭੇੜ ਵਿੱਚ ਫਸ ਕੇ ਆਪਣਾ ਨੁਕਸਾਨ ਨਹੀਂ ਕਰਾਉਣਾ ਚਾਹੀਦਾ। ਅਮਰੀਕਾ ਨੇ ਪਿਛਲੇ 70-80 ਸਾਲਾਂ ਵਿੱਚ ਜਿਨ੍ਹਾਂ ਦੇਸ਼ਾਂ ਨੂੰ ਆਪਣੇ ਰਾਜਸੀ, ਆਰਥਿਕ ਤੇ ਖੇਤਰੀ ਹਿਤਾਂ ਲਈ ਵਰਤਿਆ, ਉਹ ਮੁੜ ਕਦੇ ਪੈਰੀਂ ਨਹੀਂ ਆਏ। ਅਫਗਾਨਿਸਤਾਨ, ਪਾਕਿਸਤਾਨ, ਇਰਾਕ ਤੇ ਕਈ ਹੋਰ ਦੇਸ਼ਾਂ ਦੀਆਂ ਉਦਾਹਰਣਾਂ ਸਭ ਦੇ ਸਾਹਮਣੇ ਹਨ। ਅਮਰੀਕਾ ਦੁਨੀਆਂ ਦਾ ਇੱਕ ਅਜਿਹਾ ਦੇਸ਼ ਹੈ, ਜਿਸ ਨਾਲ ਦੋਸਤੀ ਤੇ ਦੁਸ਼ਮਣੀ ਦੋਨੋਂ ਮਾੜੀਆਂ ਹਨ।
ਮੇਰੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਅਨੁਸਾਰ ਸਿੱਖ ਪਿਛਲੇ ਦੋ ਸੌ ਸਾਲ ਤੋਂ ਲਗਾਤਾਰ ਵਰਤ ਹੀ ਹੋ ਰਹੇ ਹਨ। 18ਵੀਂ ਸਦੀ ਵਿੱਚ ਖਾਲਸੇ ਦੀਆਂ ਕੁਰਬਾਨੀਆਂ ਦਾ ਲਾਭ ਉਠਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾਂ ਆਪਣਾ ਨਿੱਜੀ (ਪਰਿਵਾਰਕ) ਰਾਜ ਬਣਾਇਆ ਅਤੇ ਫਿਰ ਸਿੱਖਾਂ ਨੂੰ ਰਾਜ-ਭਾਗ ਦਾ ਹਿੱਸੇਦਾਰ ਬਣਾਉਣ ਦੀ ਥਾਂ ਫੌਜਾਂ ਤਕ ਸੀਮਤ ਰੱਖ ਕੇ ਆਪਣਾ ਰਾਜ ਵਧਾਉਣ ਲਈ ਖੂਬ ਵਰਤਿਆ। ਫਿਰ ਅੰਗਰੇਜ਼ਾਂ ਨੇ ਉਸੇ ਸਿੱਖ ਫੌਜ ਨੂੰ ਅੰਗਰੇਜ਼ੀ ਫੌਜ ਵਿੱਚ ਭਰਤੀ ਕਰਕੇ ‘ਮਾਰਸ਼ਲ ਕੌਮ’ ਦਾ ਖਿਤਾਬ ਦੇ ਕੇ ਸੰਸਾਰ ਜੰਗਾਂ ਵਿੱਚ ਝੋਕੀ ਰੱਖਿਆ ਅਤੇ ਸਿੱਖ ਅੰਗਰੇਜ਼ਾਂ ਲਈ ਲੜਦੇ ਲੱਖਾਂ ਦੀ ਗਿਣਤੀ ਵਿੱਚ ਮਰੇ। ਫਿਰ ਦੇਸ਼ ਦੀ ਅਜ਼ਾਦੀ ਤੋਂ ਬਾਅਦ ਕਾਂਗਰਸ ਨੇ ‘ਸਿੱਖ ਬੜੀ ਬਹਾਦਰ ਕੌਮ’ ਦੀ ਫੂਕ ਛਕਾ ਕੇ ਪਹਿਲਾਂ ਫੌਜਾਂ ਵਿੱਚ ਵਰਤਿਆ ਤੇ ਫਿਰ ਵਿਤਕਰਿਆਂ ਦੇ ਬਿਰਤਾਂਤ ਸਿਰਜ ਕੇ ਨੌਜਵਾਨੀ ਨੂੰ ਅੱਤਵਾਦ ਤੇ ਵੱਖਵਾਦ ਦੇ ਰਾਹ ਤੋਰ ਕੇ ਪੰਜਾਬ ਤੇ ਸਿੱਖਾਂ ਦਾ ਬੇਤਹਾਸ਼ਾ ਨੁਕਸਾਨ ਕਰਾਇਆ।
ਹੁਣ ਪਿਛਲੇ 3-4 ਦਹਾਕਿਆਂ ਤੋਂ ਜਦੋਂ ਸਿੱਖ ਸਾਰੀ ਦੁਨੀਆਂ ਵਿੱਚ ਆਪਣੀ ਮਿਹਨਤ ਨਾਲ ਤਰੱਕੀ ਕਰਕੇ ਇੱਕ ਸਨਮਾਨਯੋਗ ਸਥਾਨ ਬਣਾ ਰਹੇ ਹਨ ਤਾਂ ਅਮਰੀਕਾ ਅਤੇ ਪੱਛਮੀ ਦੇਸ਼ ਆਪਣੇ ਰਾਜਸੀ, ਆਰਥਿਕ ਤੇ ਖੇਤਰੀ ਹਿਤਾਂ ਲਈ ਸਿੱਖਾਂ ਨੂੰ ਖਾਲਿਸਤਾਨ ਦੇ ਮੁੱਦੇ ਰਾਹੀਂ ਵਰਤਣਾ ਚਾਹੁੰਦੇ ਹਨ। ਵਿਦੇਸ਼ਾਂ ਵਿੱਚ ਖਾਲਿਸਤਾਨ ਦੇ ਮੁੱਦੇ ਨੂੰ ਵਰਤ ਕੇ ਉਹ ਭਾਰਤ ਦੀ ਬਾਂਹ ਮਰੋੜਨਾ ਚਾਹੁੰਦੇ ਹਨ। ਅਮਰੀਕਾ ਨੂੰ ਦਿਸ ਰਿਹਾ ਹੈ ਕਿ ਸੋਵੀਅਤ ਯੂਨੀਅਨ ਦੇ ਤਿੰਨ ਦਹਾਕੇ ਪਹਿਲਾਂ ਟੁੱਟਣ ਨਾਲ ਉਸਦੀ ਜੋ ਸਰਦਾਰੀ ਸਾਰੀ ਦੁਨੀਆਂ ਵਿੱਚ ਬਣੀ ਸੀ, ਉਹ ਹੁਣ ਟੁੱਟਣ ਲੱਗੀ ਹੈ। ਰੂਸ ਦੁਬਾਰਾ ਬਰਾਬਰ ਦੀ ਧਿਰ ਬਣ ਚੁੱਕਾ ਹੈ। ਚੀਨ ਪਹਿਲਾਂ ਹੀ ਅਮਰੀਕਾ ਲਈ ਖਤਰਾ ਬਣ ਚੁੱਕਾ ਹੈ। ਹੁਣ ਪਿਛਲੇ ਦਸ ਸਾਲ ਤੋਂ ਭਾਰਤ ਵੀ ਮੋਦੀ ਦੇ ਰਾਜ ਵਿੱਚ ਆਪਣਾ ਬਾਹੂਬਲ ਦਿਖਾ ਰਿਹਾ ਹੈ ਕਿ ਉਹ ਵੀ ਹੁਣ ਇਸ ਖੇਡ ਵਿੱਚ ਚੌਥੇ ਖਿਡਾਰੀ ਹਨ।
ਜਿਸ ਤਰ੍ਹਾਂ ਮੋਦੀ ਦੇ ਰੂਸੀ ਦੌਰੇ ਦੌਰਾਨ ਪੂਤਨ ਨੇ ਘੁੱਟ-ਘੁੱਟ ਜੱਫੀਆਂ ਪਾਈਆਂ ਹਨ, ਉਸ ਨੂੰ ਦੇਖਦੇ ਹੋਏ ਭਵਿੱਖ ਦੇ ਰੂਸ-ਚੀਨ-ਭਾਰਤ ਦੇ ਕਿਸੇ ਸਾਂਝੇ ਸੰਭਾਵੀ ਅਲਾਇੰਸ ਲਈ ਅਮਰੀਕਾ ਨੂੰ ਸਾਊਥ ਏਸ਼ੀਆ ਵਿੱਚ ਪਾਕਿਸਤਾਨ ਵਾਂਗ ਅਤੇ ਸੈਂਟਰਲ ਏਸ਼ੀਆ ਵਿੱਚ ਯੁਕਰੇਨ ਵਰਗਾ ਨਵਾਂ ਫੌਜੀ ਅੱਡਾ ਚਾਹੀਦਾ ਹੈ, ਜਿੱਥੋਂ ਉਹ ਚੀਨ ਅਤੇ ਰੂਸ ਉੱਤੇ ਦਬਾਅ ਬਣਾ ਕੇ ਰੱਖ ਸਕੇ। ਬੇਸ਼ਕ ਭਾਰਤ ਆਰਥਿਕ ਤਰੱਕੀ ਲਈ ਸਭ ਨਾਲ ਬਣਾ ਕੇ ਰੱਖਣ ਦੀ ਨੀਤੀ ’ਤੇ ਚੱਲ ਰਿਹਾ ਹੈ, ਪਰ ਉਹ ਅਮਰੀਕਾ ਦੀ ਬਸਤੀ ਨਹੀਂ ਬਣਨਾ ਚਾਹੁੰਦਾ।
ਅਜਿਹੇ ਵਿੱਚ ਅਮਰੀਕਾ ਸਿੱਖਾਂ ਵਿੱਚ ਲੰਬੇ ਸਮੇਂ ਤੋਂ ਧੁਖਦੀ ਆ ਰਹੀ ਖਾਲਿਸਤਾਨ ਦੀ ਮੰਗ ਨੂੰ ਵਰਤ ਕੇ ਭਾਰਤ ’ਤੇ ਦਬਾਅ ਬਣਾਉਣਾ ਚਾਹੁੰਦਾ ਹੈ। ਜੇ ਉਨ੍ਹਾਂ ਦੇ ਹਿਤ ਭਾਰਤ ਨਾਲ ਕਿਸੇ ਸਮਝੌਤੇ ਤਹਿਤ ਪੂਰੇ ਹੋ ਜਾਂਦੇ ਹਨ ਤਾਂ ਠੀਕ ਹੈ, ਨਹੀਂ ਤਾਂ ਉਹ ਭਾਰਤ ਨੂੰ ਪ੍ਰੇਸ਼ਾਨ ਕਰਨ ਲਈ ਇਸ ਮੁੱਦੇ ਨੂੰ ਹੋਰ ਲੰਬਾ ਖਿੱਚਣਗੇ। ਪਰ ਵਿਦੇਸ਼ਾਂ ਵਿੱਚ ਬੈਠੀਆਂ ਖਾਲਿਸਤਾਨੀ ਧਿਰਾਂ ਦੇ ਕਈ ਲੀਡਰਾਂ ਅਤੇ ਵਿਦਵਾਨਾਂ ਦੇ ਵਿਚਾਰ ਸੁਣ ਕੇ ਲਗਦਾ ਹੈ, ਜਿਵੇਂ ਉਹ ਇਸ ਖੁਸ਼ਫਹਿਮੀ ਵਿੱਚ ਹੋਣ ਕਿ ਅਮਰੀਕਾ ਸਿੱਖਾਂ ਨੂੰ ਪਲੇਟ ਵਿੱਚ ਰੱਖਕੇ ਖਾਲਿਸਤਾਨ ਫੜਾ ਦੇਵੇਗਾ। ਅਜਿਹੀ ਹੀ ਆਸ 84 ਵਿੱਚ ਪਾਕਿਸਤਾਨ ਤੋਂ ਸੀ ਕਿ ਉਹ ਭਾਰਤ ਤੋਂ ਬੰਗਲਾ ਦੇਸ਼ ਦਾ ਬਦਲਾ ਲੈਣ ਲਈ ਖਾਲਿਸਤਾਨ ਬਣਾ ਕੇ ਦੇਵੇਗਾ। ਸਿੱਖ ਨੌਜਵਾਨੀ ਨੇ 84 ਦੇ ਦੌਰ ਵਿੱਚ ਬਿਨਾਂ ਕਿਸੇ ਦੂਰ-ਅੰਦੇਸ਼ ਪਾਲਸੀ ਅਤੇ ਲੀਡਰਸ਼ਿੱਪ ਦੇ ਜਿਸ ਤਰ੍ਹਾਂ ਦੀ ਬੇ-ਮੁਹਾਰੀ ਹਿੰਸਾ ਵਾਲੀ ਜਜ਼ਬਾਤੀ ਖਾੜਕੂ ਲਹਿਰ ਚਲਾਈ ਸੀ ਅਤੇ ਉਸਦੇ ਜੋ ਨਤੀਜੇ ਨਿਕਲ਼ੇ ਸਨ, ਜੇ ਅਮਰੀਕਾ ਦੀ ਸ਼ਹਿ ’ਤੇ ਅਜਿਹੀ ਕੋਈ ਨਵੀਂ ਮੂਵਮੈਂਟ ਖੜ੍ਹੀ ਹੁੰਦੀ ਹੈ ਤਾਂ ਉਸਦੇ ਨਤੀਜੇ ਵੀ ਕੋਈ ਜ਼ਿਆਦਾ ਵੱਖਰੇ ਨਹੀਂ ਹੋਣਗੇ, ਸਗੋਂ ਵੱਧ ਭਿਆਨਕ ਹੋ ਸਕਦੇ ਹਨ। ਪਿਛਲੇ 30 ਸਾਲਾਂ ਵਿੱਚ ਦੇਸ਼-ਵਿਦੇਸ਼ ਵਿੱਚ ਵਿਚਰ ਰਹੀ, ਪੰਥਕ ਲੀਡਰਸ਼ਿੱਪ ਪਹਿਲੀ ਲੀਡਰਸ਼ਿੱਪ ਨਾਲ਼ੋਂ ਕੋਈ ਜ਼ਿਆਦਾ ਸਿਆਣੀ ਜਾਂ ਦੂਰ-ਅੰਦੇਸ਼ੀ ਹੋਣ ਦੀ ਥਾਂ ਦੋ ਕਦਮ ਪਿੱਛੇ ਹੀ ਹੈ। ਕੀ ਹੁਣ ਸਿੱਖ ਕੌਮ ਨੂੰ ਆਪਣੀ ਹੋਣੀ ਦੇ ਫੈਸਲੇ, ਆਪਣੇ ਹਿਤਾਂ ਅਨੁਸਾਰ ਨਹੀਂ ਕਰਨੇ ਚਾਹੀਦੇ? ਅਸੀਂ ਕਦੋਂ ਤਕ ਦੂਜਿਆਂ ਦੇ ਪਿਛਲੱਗ ਬਣ ਕੇ ਵਾਰ-ਵਾਰ ਵਰਤ ਹੁੰਦੇ ਰਹਾਂਗੇ ਅਤੇ ਮਰਦੇ ਰਹਾਂਗੇ? ਫਿਰ ਕੁਝ ਦਹਾਕੇ ਨੌਜਵਾਨੀ ਦੀਆਂ ਕੁਰਬਾਨੀਆਂ ਅਤੇ ਬਹਾਦਰੀਆਂ ਦੀ ਖੱਟੀ ਕੁਝ ਸਵਾਰਥੀ ਤੇ ਮੌਕਾਪ੍ਰਸਤ ਲੋਕ ਖਾਂਦੇ ਰਹਿਣਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5138)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.