“ਤਾਰਿਕ ਫਤਹਿ ਭਾਰਤ-ਪਾਕਿਸਤਾਨ ਵੰਡ ਨੂੰ ਇਸ ਖਿੱਤੇ ਦੇ ਲੋਕਾਂ ਲਈ ਵੱਡਾ ਦੁਰਭਾਗ ਮੰਨਦੇ ਸਨ। ਉਨ੍ਹਾਂ ਦਾ ...”
(4 ਮਈ 2023)
ਇਸ ਸਮੇਂ ਪਾਠਕ: 96.
ਨਤਾਸ਼ਾ ਫਤਹਿ ਆਪਣੇ ਪਿਤਾ ਨਾਲ
20 ਨਵੰਬਰ, 1949 ਨੂੰ ਕਰਾਚੀ (ਪਾਕਿਸਤਾਨ) ਵਿੱਚ ਜਨਮੇ ਪਾਕਿਸਤਾਨੀ-ਕਨੇਡੀਅਨ ਪੱਤਰਕਾਰ ਤੇ ਲੇਖਕ ਤਾਰਿਕ ਫਤਹਿ ਦਾ 73 ਸਾਲ ਦੀ ਉਮਰ ਵਿੱਚ 24 ਅਪਰੈਲ, 2023 ਨੂੰ ਟਰਾਂਟੋ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹ ਕਈ ਸਾਲਾਂ ਤੋਂ ਕੈਂਸਰ ਦੀ ਨਾਮੁਰਾਦ ਬੀਮਾਰੀ ਤੋਂ ਪੀੜਤ ਸਨ। ਬੜੇ ਜ਼ਿੰਦਾ-ਦਿਲ ਤੇ ਹਸਮੁੱਖ ਸੁਭਾਅ ਦੇ ਮਾਲਕ ਤਾਰਿਕ ਫਤਹਿ ਇੱਕ ਨਿਡਰ ਤੇ ਨਿਧੜਕ ਲੇਖਕ, ਪੱਤਰਕਾਰ, ਰੇਡੀਓ, ਟੀਵੀ ਵਕਤਾ, ਰਾਜਸੀ ਕਾਰਕੁਨ ਸਨ। ਤਾਰਿਕ ਫਤਹਿ ਦੀ ਸੀ ਬੀ ਸੀ ਰੇਡੀਓ ਅਤੇ ਟੀ ਵੀ ਪੱਤਰਕਾਰ ਬੇਟੀ ਨਤਾਸ਼ਾ ਫਤਹਿ ਨੇ ਆਪਣੇ ਇੱਕ ਟਵੀਟ ਵਿੱਚ ਆਪਣੇ ਪਿਤਾ ਦੀ ਮੌਤ ਨੂੰ ਸਾਂਝਿਆਂ ਕਰਦਿਆਂ ਲਿਖਿਆ ਹੈ: “ਪੰਜਾਬ ਦਾ ਸ਼ੇਰ, ਹਿੰਦੁਸਤਾਨ ਦਾ ਪੁੱਤਰ, ਕਨੇਡਾ ਦਾ ਪਿਆਰਾ, ਨਿਧੜਕ ਬੁਲਾਰਾ, ਇਨਸਾਫ ਲਈ ਜੂਝਣ ਵਾਲ਼ਾ ਜੋਧਾ, ਪੀੜਤ ਲੋਕਾਂ ਦੀ ਆਵਾਜ਼, ਅੱਜ ਸਾਡੇ ਵਿੱਚ ਨਹੀਂ ਰਿਹਾ, ਪਰ ਉਸ ਵੱਲੋਂ ਅੱਤਵਾਦ, ਧਾਰਮਿਕ ਕੱਟੜਵਾਦ ਖਿਲਾਫ ਛੇੜਿਆ ਸੰਘਰਸ਼, ਉਸਦੇ ਚਾਹੁਣ ਵਾਲ਼ੇ ਜਾਰੀ ਰੱਖਣਗੇ।“
ਤਾਰਿਕ ਫਤਹਿ ਦੇ ਪੰਜਾਬੀ ਪਿਛੋਕੜ ਵਾਲ਼ੇ ਮਾਪੇ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਅਕਤੂਬਰ, 1947 ਵਿੱਚ ਮੁੰਬਈ ਤੋਂ ਕਰਾਚੀ ਚਲੇ ਗਏ ਸਨ। ਕਾਲਿਜ ਦੇ ਦਿਨਾਂ ਵਿੱਚ ਉਨ੍ਹਾਂ ਦਾ ਰੁਝਾਨ ਖੱਬੇ-ਪੱਖੀ ਸਟੂਡੈਂਟ ਰਾਜਨੀਤੀ ਵੱਲ ਸੀ। ਕਰਾਚੀ ਯੂਨੀਵਰਸਿਟੀ ਤੋਂ ‘ਬਾਇਓ ਕੈਮਿਸਟਰੀ’ ਵਿੱਚ ਡਿਗਰੀ ਪ੍ਰਾਪਤ ਕਰਨ ਬਾਅਦ ਤਾਰਿਕ ਫਤਹਿ ਨੇ 1970 ਵਿੱਚ ‘ਕਰਾਚੀ ਸੰਨ’ ਅਖ਼ਬਾਰ ਵਿੱਚ ਇਨਵੈਸਟੀਗੇਟਿਵ ਪੱਤਰਕਾਰੀ ਸ਼ੁਰੂ ਕੀਤੀ, ਜਿਸ ਦੌਰਾਨ ਪਾਕਿਸਤਾਨ ਦੀ ਫੌਜੀ ਹਕੂਮਤ ਨੇ ਉਨ੍ਹਾਂ ਨੂੰ ਦੋ ਵਾਰ ਜੇਲ੍ਹ ਵਿੱਚ ਨਜ਼ਰਬੰਦ ਵੀ ਕੀਤਾ। ਪਾਕਿਸਤਾਨ ਦੇ ਫੌਜੀ ਡਿਕਟੇਟਰ ਜਨਰਲ ਜ਼ਿਆ ਉਲ ਹੱਕ ਦੇ ਰਾਜ ਵਿੱਚ ਉਨ੍ਹਾਂ ਉੱਤੇ ਦੇਸ਼ ਧ੍ਰੋਹ ਦਾ ਪਰਚਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਉਹ ਖਤਰਾ ਮਹਿਸੂਸ ਕਰਦੇ ਹੋਏ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਛੱਡ ਕੇ 1979 ਵਿੱਚ ‘ਸਾਉਦੀ ਅਰਬ’ ਚਲੇ ਗਏ। ਉੱਥੋਂ ਉਹ ਆਪਣੀ ਪਤਨੀ ਤੇ ਦੋ ਬੇਟੀਆਂ ਨਾਲ 1987 ਵਿੱਚ ਕਨੇਡਾ ਆ ਵਸੇ। ਉਹ ਹਮੇਸ਼ਾ ਆਪਣੇ ਆਪ ਨੂੰ ਪਾਕਿਸਤਾਨੀ ਹੋਣ ਨਾਲ਼ੋਂ ਭਾਰਤੀ ਹੋਣ ਵਿੱਚ ਵੱਧ ਮਾਣ ਮਹਿਸੂਸ ਕਰਦੇ ਸਨ, ਇਸੇ ਕਰਕੇ ਉਹ ਅਕਸਰ ਕਹਿੰਦੇ ਸਨ: “ਮੈਂ ਪਾਕਿਸਤਾਨ ਵਿੱਚ ਜੰਮਿਆ ਭਾਰਤੀ ਅਤੇ ਇਸਲਾਮ ਵਿੱਚ ਜੰਮਿਆ ਪੰਜਾਬੀ ਹਾਂ।”
ਕਨੇਡਾ ਦੀ ਰਾਜਨੀਤੀ ਵਿੱਚ ਉਹ ਲੰਬਾ ਸਮਾਂ ਐੱਨ ਡੀ ਪੀ ਦੇ ਸਰਗਰਮ ਵਰਕਰ ਰਹੇ। ਕੁਝ ਸਮੇਂ ਲਈ ਉਹ ਐੱਨ ਡੀ ਪੀ ਛੱਡ ਕੇ ਲਿਬਰਲ ਪਾਰਟੀ ਵਿੱਚ ਵੀ ਚਲੇ ਗਏ ਸਨ। ਪਰ ਆਪਣੇ ਆਜ਼ਾਦ ਅਤੇ ਸਪਸ਼ਟ ਵਿਚਾਰਾਂ ਕਾਰਨ ਰਵਾਇਤੀ ਰਾਜਨੀਤਕ ਪਾਰਟੀਆਂ ਵਿੱਚ ਕਦੇ ਫਿੱਟ ਨਹੀਂ ਆਏ। ਉਹ ਲੰਬਾ ਸਮਾਂ ‘ਟਰਾਂਟੋ ਸਟਾਰ’, ‘ਗਲੋਬ ਐਂਡ ਮੇਲ’ ਅਤੇ ਹੋਰ ਕਈ ਨਾਮਵਰ ਅਖ਼ਬਾਰਾਂ ਲਈ ਕਾਲਮ ਲਿਖਦੇ ਰਹੇ। ਤਾਰਿਕ ਫਤਹਿ ਦੀਆਂ ਦੋ ਕਿਤਾਬਾਂ ‘ਮ੍ਰਿਗਤ੍ਰਿਸ਼ਨਾ ਦਾ ਪਿੱਛਾ’ (Chasing a Mirage) ਅਤੇ ‘ਯਹੂਦੀ ਮੇਰਾ ਦੁਸ਼ਮਣ ਨਹੀਂ’ (The Jew Is Not My Enemy) ਜਗਤ ਪ੍ਰਸਿੱਧ ਹਨ। ਤਾਰਿਕ ਫਤਹਿ ਧਾਰਮਿਕ ਕੱਟੜਵਾਦ ਅਤੇ ਅੱਤਵਾਦ ਦੇ ਸਖਤ ਖਿਲਾਫ ਸਨ। ਆਪਣੀਆਂ ਅਜਿਹੀਆਂ ਲਿਖਤਾਂ ਕਾਰਨ ਉਹ ਅਕਸਰ ਨਾ ਸਿਰਫ ਇਸਲਾਮਿਕ ਕੱਟੜਪੰਥੀਆਂ, ਸਗੋਂ ਸਿੱਖ ਕੱਟੜਪੰਥੀਆਂ ਦੀ ਨਫਰਤ ਦਾ ਵੀ ਸ਼ਿਕਾਰ ਰਹਿੰਦੇ ਸਨ। 2017 ਵਿੱਚ ਪੁਲਿਸ ਨੇ ਜੁਰਮ ਦੀ ਦੁਨੀਆਂ ਦੇ ਬਾਦਸ਼ਾਹ ਛੋਟਾ ਸ਼ਕੀਲ ਦੇ ਦੋ ਗੈਂਗਸਟਰਾਂ ਨੂੰ ਤਾਰਿਕ ਫਤਹਿ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ।
ਸਿੱਖ ਧਰਮ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਵਿਸ਼ੇਸ਼ ਸਤਿਕਾਰ ਸੀ। ਉਹ ਆਪਣੇ ਆਪ ਨੂੰ ‘ਤਾਰਿਕ ਫਤਹਿ ਸਿੰਘ’ ਕਹਾ ਕੇ ਖੁਸ਼ ਹੁੰਦੇ ਸਨ। ਉਹ ਆਪਣੀ ਕਿਤਾਬ ‘ਚੇਜ਼ਿੰਗ ਏ ਮੀਰਾਜ਼’ ਵਿੱਚ ਲਿਖਦੇ ਹਨ ਕਿ ਮੈਂ ਇਹ ਇੱਕ ਮੁਸਲਮਾਨ ਹੋਣ ਦੇ ਨਾਤੇ ਲਿਖ ਰਿਹਾ ਹਾਂ, ਜਿਸਦੇ ਪੁਰਖੇ ਕਦੇ ਹਿੰਦੂ ਸਨ, ਮੇਰੇ ਇਸਲਾਮ ਦੀਆਂ ਜੜ੍ਹਾਂ ਯਹੂਦੀ ਧਰਮ ਵਿੱਚ ਪਈਆਂ ਹਨ। ਮੇਰੇ ਪੰਜਾਬੀ ਪਿਛੋਕੜ ਕਰਕੇ ਮੇਰਾ ਸਬੰਧ ਸੱਭਿਆਚਾਰਕ ਤੌਰ ’ਤੇ ਸਿੱਖਾਂ ਨਾਲ ਜੁੜਿਆ ਹੋਇਆ ਹੈ।
ਤਾਰਿਕ ਫਤਹਿ ਮੁਸਲਮਾਨਾਂ ਨੂੰ ਕਹਿੰਦੇ ਸਨ ਕਿ ਆਪਣੇ ਇਸ ਪੁਰਾਤਨ ਵਿਰਸੇ ਨੂੰ ਛੱਡ ਕੇ ਅਸੀਂ ਕਦੇ ਸੱਚੇ ਮੁਸਲਮਾਨ ਨਹੀਂ ਬਣ ਸਕਦੇ। ਉਨ੍ਹਾਂ ਨੂੰ ਪਾਕਿਸਤਾਨ ਦੇ ਅਜੋਕੇ ਮੁਸਲਮਾਨ ਭਰਾਵਾਂ ਨਾਲ ਹਮੇਸ਼ਾ ਇਸ ਗੱਲ ਦਾ ਇਤਰਾਜ਼ ਰਿਹਾ ਕਿ ਉਹ ਆਪਣੇ ਪ੍ਰਾਚੀਨ ਭਾਰਤੀ ਸੰਸਕ੍ਰਿਤਕ ਵਿਰਸੇ ਨੂੰ ਪਿੱਠ ਦੇ ਕੇ ਆਪਣਾ ਨਾਤਾ ਅਰਬ ਨਾਲ ਕਿਉਂ ਜੋੜਦੇ ਹਨ? ਪਾਕਿਸਤਾਨ ਦੇ ਮੁਸਲਮਾਨਾਂ ਵਾਂਗ ਸ਼ਾਇਦ ਅਜਿਹੀ ਹੀ ਕਿਸੇ ਮੰਦਭਾਗੀ ਦੁਬਿਧਾ ਨੇ ਸਾਡੇ ਕੁਝ ਸਿੱਖ ਭਰਾਵਾਂ ਨੂੰ ਵਿਚਾਰਧਾਰਕ ਧੁੰਦੂਕਾਰੇ ਵਿੱਚ ਲਪੇਟਿਆ ਹੋਇਆ ਹੈ, ਜੋ ਆਪਣੀ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਅਤੇ ਪੰਜਾਬੀ ਕੌਮ ਤੋਂ ਨਾਤਾ ਤੋੜ ਕੇ ਵੱਖਰੀ ਸਿੱਖ ਕੌਮ ਦੀ ਪਹਿਚਾਣ ਸਥਾਪਿਤ ਕਰਨ ਦੇ ਵਿਰੋਧਾਭਾਸ ਵਿੱਚ ਫਸੇ ਹੋਏ ਹਨ। ਹੈਰਾਨੀ ਨਹੀਂ ਹੈ ਕਿ ਅਜਿਹੇ ਲੋਕਾਂ ਦੀ ਇਸ ਬਿਰਤੀ ਨੇ ਦੁਨੀਆਂ ਭਰ ਵਿੱਚ ਵਸਦੇ ਵਿਸ਼ਾਲ ਸਿੱਖ ਭਾਈਚਾਰੇ ਨੂੰ ਬਿਨਾਂ ਕਾਰਨ ਬੇਲੋੜੀ ਘੁੰਮਣਘੇਰੀ ਵਿੱਚ ਪਾਇਆ ਹੋਇਆ ਹੈ, ਜਿਸ ਕਾਰਨ ਸਿੱਖ ਪੰਥ ਪਿਛਲੇ 100 ਸਾਲ ਤੋਂ ਆਪਣੀ ਪਛਾਣ ਦੀਆਂ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਸਿੱਖ ਪੰਥ ਵਿੱਚ ਗੁਰੂਆਂ ਦੀ ਸਰਬ-ਸਾਂਝੀਵਾਲਤਾ, ਮਨੁੱਖੀ ਬਰਾਬਰਤਾ ਅਤੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਦੀ ਥਾਂ ਹਿੰਸਾ, ਨਫਰਤ ਅਤੇ ਜਾਤ-ਪਾਤੀ ਰਾਜਨੀਤੀ ਭਾਰੂ ਹੋ ਰਹੀ ਹੈ?
ਸਿੱਖ ਧਰਮ ਪ੍ਰਤੀ ਆਪਣੇ ਲਗਾਅ ਦਾ ਪ੍ਰਗਟਾਵਾ ਤਾਰਿਕ ਫਤਹਿ ਆਪਣੀ ਕਿਤਾਬ ‘ਚੇਜ਼ਿੰਗ ਏ ਮੀਰਾਜ਼’ ਦੇ ਮੱਖਬੰਦ ਦੀਆਂ ਆਖਰੀ ਲਾਈਨਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਮਾਝ ਦੀ ਵਾਰ ਦੇ ਮੁਸਲਮਾਨਾਂ ਨੂੰ ਸੰਬੋਧਨ ਇੱਕ ਸਲੋਕ ਨਾਲ ਕਰਦੇ ਹਨ ਅਤੇ ਆਪਣੇ ਵੱਲੋਂ ਮੁਸਲਮਾਨ ਭਰਾਵਾਂ ਨੂੰ ਸੁਨੇਹਾ ਦਿੰਦੇ ਹਨ ਕਿ ਸਾਨੂੰ ਆਪਣੀ ਸੋਚ ਨੂੰ ਵਿਸ਼ਾਲ ਕਰਨ ਦੀ ਲੋੜ ਹੈ ਅਤੇ ਗੁਰੂ ਨਾਨਕ ਸਾਹਿਬ ਦੇ ਮੁਸਲਮਾਨਾਂ ਨੂੰ ਦਿੱਤੇ ਸੰਦੇਸ਼ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਜਿਸ ਵਿੱਚ ਉਹ ਮੁਸਲਮਾਨ ਦੋਸਤਾਂ ਨੂੰ ਸਲਾਹ ਦਿੰਦੇ ਹਨ ਕਿ ਜੇ ਮੁਸਲਮਾਨ ਬਣਨਾ ਹੈ ਤਾਂ ਇਸ ਤਰ੍ਹਾਂ ਦੇ ਸੱਚੇ ਮੁਸਲਮਾਨ ਬਣੋ:
ਮਿਹਰ ਮਸੀਤ ਸਿਦਕੁ ਮੁਸੱਲਾ ਹਕੁ ਹਲਾਲੁ ਕੁਰਾਣੁ॥
ਸ਼ਰਮ ਸੁੰਨਤਿ ਸੀਲੁ ਰੋਜਾ ਹੋਹੋ ਮੁਸਲਮਾਣੁ॥
ਕਰਨੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥
ਤਸਬੀ ਸਾ ਤਿਸੁ ਭਾਵਸੀ ਨਾਨਕ ਰੱਖੇ ਲਾਜ॥ (ਗੁਰੂ ਗ੍ਰੰਥ ਸਾਹਿਬ, ਪੰਨਾ: 140)
ਜਿਸ ਤਰ੍ਹਾਂ ਦੁਨੀਆਂ ਭਰ ਦੇ ਸਿੱਖ ਰੋਜ਼ਾਨਾ ‘ਰਾਜ ਕਰੇਗਾ ਖਾਲਸਾ’ ਦਾ ਦੋਹਰਾ ਪੜ੍ਹਦੇ ਹਨ, ਪਰ ਇਸਦਾ ਕੀ ਭਾਵ ਹੈ, ਉਸ ਨੂੰ ਕੋਈ ਨਹੀਂ ਵਿਚਾਰਦਾ, ਇਸ ਨੂੰ ਸੰਜੀਦਗੀ ਨਾਲ ਲਿਆ ਜਾਣਾ ਚਾਹੀਦਾ? ਜਦੋਂ ਕੋਈ ਕਨੇਡਾ, ਅਮਰੀਕਾ ਜਾਂ ਪੱਛਮੀ ਦੇਸ਼ਾਂ ਵਿੱਚ ਇਹ ਦੋਹਰਾ ਪੜ੍ਹਦਾ ਹੈ ਤਾਂ ਕੀ ਉਸਨੇ ਇਨ੍ਹਾਂ ਦੇਸ਼ਾਂ ਵਿੱਚ ਸਿੱਖ ਹਾਕਮਾਂ ਵਾਲ਼ਾ ‘ਖਾਲਸਾ ਰਾਜ’ ਬਣਾਉਣਾ ਹੈ? ਇਸੇ ਤਰ੍ਹਾਂ ਮੁਸਲਮਾਨਾਂ ਵਿੱਚ ਵੀ ਅਜਿਹਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੇ ਸਾਰੀ ਦੁਨੀਆਂ ਨੂੰ ਸ਼ਰੀਅਤ ਅਧਾਰਿਤ ਇਸਲਾਮਕਿ ਸਟੇਟ ਬਣਾਉਣੀ ਹੈ। ਤਾਰਿਕ ਫਤਹਿ ਆਪਣੀ ਕਿਤਾਬ ‘ਚੇਜ਼ਿੰਗ ਏ ਮੀਰਾਜ਼’ ਵਿੱਚ ਇਹੀ ਦਲੀਲ ਦਿੰਦੇ ਹਨ ਕਿ ਮੁਸਲਮਾਨਾਂ ਨੂੰ ਇਸਲਾਮਿਕ ਸਟੇਟ ਨਹੀਂ, ਸਗੋਂ ਸਟੇਟ ਆਫ ਇਸਲਾਮ ਭਾਵ ਮੁਸਲਮਾਨਾਂ ਨੂੰ ਇਸਲਾਮ ਦੇ ਸ਼ੁਭ ਗੁਣਾਂ ਰਾਹੀਂ ਸਾਰੀ ਦੁਨੀਆਂ ਵਿੱਚ ਰਾਜ ਕਰਨਾ ਚਾਹੀਦਾ ਹੈ, ਨਾ ਕਿ ਮੁਸਲਮਾਨਾਂ ਨੇ ਸਾਰਿਆਂ ਉੱਤੇ ਪਾਕਿਸਤਾਨ, ਅਫਗਾਨਿਸਤਾਨ, ਇਰਾਨ, ਸਾਉਦੀ ਅਰਬ ਆਦਿ ਵਾਂਗ ਸ਼ਰੀਅਤ ਸਟੇਟ ਰਾਹੀਂ ਰਾਜ ਕਰਨਾ ਹੈ। ਕੁਝ ਅਜਿਹਾ ਹੀ ਵਿਚਾਰ ਸੌ ਕੁ ਸਾਲ ਪਹਿਲਾਂ ਪ੍ਰੋ. ਪੂਰਨ ਸਿੰਘ ਨੇ ਸਿੱਖਾਂ ਨੂੰ ਇਸ ਤਰ੍ਹਾਂ ਦਿੱਤਾ ਸੀ: ‘ਪੰਜਾਬ ਸਾਰਾ ਵਸਦਾ ਗੁਰਾਂ ਦੇ ਨਾਮ …।’ ਜਦੋਂ ਤੁਸੀਂ ਪ੍ਰੋ. ਪੂਰਨ ਸਿੰਘ ਨੂੰ ਪੜ੍ਹੋਗੇ ਤਾਂ ਪਤਾ ਲੱਗੇਗਾ ਕਿ ਉਨ੍ਹਾਂ ਦਾ ਮਤਲਬ ਇਹ ਨਹੀਂ ਸੀ ਕਿ ਪੰਜਾਬ ਵਿੱਚ ਬਹੁ-ਗਿਣਤੀ ਸਿੱਖਾਂ ਦਾ ਰਾਜ ਕਾਇਮ ਕਰਨਾ ਹੈ। ਸ਼ਾਇਦ ਉਹ ਵੀ ਇਹੀ ਚਾਹੁੰਦੇ ਸਨ ਕਿ ਗੁਰੂਆਂ ਦੀ ਸਰਬ-ਸਾਂਝੀਵਾਲਤਾ, ਮਨੁੱਖੀ ਬਰਾਬਰੀ, ਕਿਰਤ ਕਰਨ, ਵੰਡ ਛਕਣ ਵਾਲੀ ਵਿਚਾਰਧਾਰਾ ਦਾ ਸਾਰੇ ਪੰਜਾਬ ਵਿੱਚ ਬੋਲਬਾਲਾ ਹੋਵੇ। ਉਹ ਗੁਰੂਆਂ ਦੀ ਸਾਂਝੀਵਾਲਤਾ ਵਾਲੀ ਸਪਿਰਟ ਨੂੰ ਸਾਰੇ ਪੰਜਾਬੀਆਂ ਵਿੱਚ ਵਸਦੇ ਦੇਖਣਾ ਚਾਹੁੰਦੇ ਸਨ।
ਤਾਰਿਕ ਫਤਹਿ, ਜਿੱਥੇ ਭਾਰਤ-ਪਾਕਿਸਤਾਨ ਵੰਡ ਤੋਂ ਬੇਹੱਦ ਦੁਖੀ ਸਨ, ਉੱਥੇ ਉਹ ਮੁਸਲਿਮ ਦੇਸ਼ਾਂ ਵਿੱਚ ਸ਼ਰੀਅਤ ਅਧਾਰਿਤ ਇਸਲਾਮਿਕ ਰਾਜ ਦੇ ਵੀ ਸਖਤ ਖਿਲਾਫ ਸਨ। ਇਸੇ ਕਰਕੇ ਧਰਮਾਂ ਦੇ ਕੱਟੜਪੰਥੀ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਸਨ। ਇਸੇ ਤਰ੍ਹਾਂ ਉਹ ਸਿੱਖਾਂ ਦੇ ਇੱਕ ਸੈਕਸ਼ਨ ਵੱਲੋਂ ਧਰਮ ਅਧਾਰਿਤ ਸਿੱਖ ਸਟੇਟ ‘ਖਾਲਿਸਤਾਨ’ ਦੇ ਵੀ ਹੱਕ ਵਿੱਚ ਨਹੀਂ ਸਨ। ਉਹ ਅਕਸਰ ਸਿੱਖਾਂ ਨੂੰ ਧਰਮ ਅਧਾਰਿਤ ਮੁਸਲਿਮ ਸਟੇਟਾਂ ਦੇ ਹਵਾਲੇ ਨਾਲ ਚਿਤਾਵਨੀ ਦਿੰਦੇ ਸਨ ਕਿ ‘ਖਾਲਿਸਤਾਨ’ ਵਰਗੀ ਧਰਮ ਅਧਾਰਿਤ ਸਟੇਟ ਸਾਰੀ ਦੁਨੀਆਂ ਵਿੱਚ ਵਸਦੇ ਘੱਟ-ਗਿਣਤੀ ਸਿੱਖ ਭਾਈਚਾਰੇ ਦੇ ਹਿਤ ਵਿੱਚ ਨਹੀਂ।
‘ਯਹੂਦੀ ਮੇਰਾ ਦੁਸ਼ਮਣ ਨਹੀਂ’ ਲਿਖਣ ਦੀ ਪ੍ਰੇਰਨਾ ਦੇ ਸੋਮੇ ਬਾਰੇ ਪੁੱਛੇ ਜਾਣ ’ਤੇ ਤਾਰਿਕ ਫਤਹਿ ਕਹਿੰਦੇ ਸਨ ਕਿ ਇਹ ਪ੍ਰੇਰਨਾ ਸਾਲ 2006 ਵਿੱਚ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਵਤਨ ਫੇਰੀ ਸਮੇਂ ਮਿਲ਼ੀ ਸੀ। ਉਨ੍ਹਾਂ ਦੇ ਦੱਸਣ ਅਨੁਸਾਰ 20ਵੀਂ ਸਦੀ ਦੇ 50ਵਿਆਂ ਜਾਂ 60ਵਿਆਂ ਤਕ ਪਾਕਿਸਤਾਨੀ ਮੁਸਲਮਾਨਾਂ ਅੰਦਰ ਯਹੂਦੀਆਂ ਬਾਰੇ ਕੋਈ ਨਫਰਤ ਦੀ ਕਵਾਇਤ ਨਹੀਂ ਸੀ। ਪਰ 2006 ਵਿੱਚ ਜਦੋਂ ਉਨ੍ਹਾਂ ਕਰਾਚੀ ਦੇ ਦੌਰੇ ਸਮੇਂ ਚੁਫੇਰੇ ਕੰਧਾਂ ਕੌਲ਼ੇ ਯਹੂਦੀਆਂ ਪ੍ਰਤੀ ਨਫਰਤ ਦੇ ਨਾਅਰਿਆਂ ਨਾਲ ਭਰੇ ਦੇਖੇ ਤਾਂ ਹੈਰਾਨ ਰਹਿ ਗਏ। ਉਨ੍ਹੀਂ ਦਿਨੀਂ ਦੱਖਣ-ਪੂਰਬ ਏਸ਼ੀਆਈ ਦੇਸ਼ਾਂ ਵਿੱਚ ਬਰਡ ਫਲੂ ਫੈਲਿਆ ਹੋਇਆ ਸੀ। ਇਨ੍ਹਾਂ ਨਾਅਰਿਆਂ ਵਿੱਚ ਇਸਲਾਮੀ ਦੇਸ਼ ਇੰਡੋਨੇਸ਼ੀਆ ਦੀ ਆਰਥਿਕਤਾ ਨੂੰ ਤਬਾਹ ਕਰਨ ਲਈ ਯਹੂਦੀਆਂ ਦੀ ਸਾਜ਼ਿਸ਼ ਕਿਹਾ ਗਿਆ ਸੀ। ਉਨ੍ਹਾਂ ਦੇ ਕੁਲੀਨ ਮਿੱਤਰਾਂ ਵਿੱਚ ਵੀ ਇਜ਼ਰਾਈਲ ਖਿਲਾਫ ਗੱਲਾਂ ਆਮ ਚੱਲਦੀਆਂ ਸਨ। ਇਹ ਵੇਖ ਉਸ ਨੂੰ ਬੇਹੱਦ ਪ੍ਰੇਸ਼ਾਨੀ ਹੋਈ ਸੀ। ਉਨ੍ਹਾਂ ਨੇ ਉਦੋਂ ਹੀ ਚੇਜ਼ਿੰਗ ਏ ਮਿਰਾਜ ਤੋਂ ਬਾਅਦ ਆਪਣੀ ਇਹ ਕਿਤਾਬ ਲਿਖਣ ਦਾ ਮਨ ਬਣਾ ਲਿਆ ਸੀ।
‘ਚੇਜ਼ਿੰਗ ਏ ਮਿਰਾਜ’ ਦਾ ਇੱਕ-ਇੱਕ ਪੰਨਾ ਪੜ੍ਹਨ ਵਾਲਾ ਹੈ, ਜਿਸ ਵਿੱਚ ਤਾਰਿਕ ਫਤਹਿ ਇਸਲਾਮ ਦੀਆਂ 11-12 ਸੌ ਸਾਲ ਤੋਂ ਉਸਾਰੀਆਂ ਤੰਗ ਨਜ਼ਰੀ ਦੀਆਂ ਸਾਰੀਆਂ ਝੂਠੀਆਂ ਮਿੱਥਾਂ ਨੂੰ ਬੜੇ ਸਹਿਜ ਨਾਲ ਤੋੜੀ ਤੁਰੇ ਜਾਂਦੇ ਹਨ। ਉਹ ਬੇਸ਼ਕ ਮਹਿਮੂਦ ਗਜਨਵੀ ਵਰਗੇ ਨਮਰੂਦ (ਜ਼ਾਲਮ) ਤਾਂ ਨਹੀਂ ਸਨ, ਪਰ ਬਹੁਤ ਹੀ ਨਰਮ ਦਿਲ, ਨੇਕ ਅਤੇ ਮੁਹੰਮਦ ਸਾਹਿਬ ਦੇ ਸੱਚੇ ਬੁੱਤ ਸ਼ਿਕਨ ਪੈਰੋਕਾਰ ਸਨ। ਕਿਤਾਬ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਤਾਰਿਕ ਫਤਹਿ ਨੇ ਫਰੈਡਰਿਕ ਨੀਤਸ਼ੇ ਦੇ ਜਗਤ ਪ੍ਰਸਿੱਧ ਗ੍ਰੰਥ ‘ਦਸ ਸਪੋਕ ਯਰਾਥੁਸਟਰਾ’ (Thus Spoke Zarathustra) ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸੇ ਕਰਕੇ ਉਨ੍ਹਾਂ ਦਾ ਨਾਮ ਸਹਾਦਤ ਹਸਨ ਮੰਟੋ, ਇਕਬਾਲ ਅਹਿਮਦ, ਅਮਜਦ ਅਯੂਬ ਮਿਰਜ਼ਾ, ਤਾਰਿਕ ਅਲੀ, ਇਜ਼ਾਜ ਅਹਿਮਦ, ਇਸ਼ਤਿਆਕ ਅਹਿਮਦ, ਹੁਸੈਨ ਹਾਕਾਨੀ, ਫੈਜ਼ ਅਹਿਮਦ ਫੈਜ਼ ਅਤੇ ਫਰੂਖ ਤਾਹਿਰ ਵਰਗੇ ਅਨੇਕਾਂ ਬੁੱਤ ਸ਼ਿਕਨ ਇਸਲਾਮਿਕ ਸਕਾਲਰਾਂ ਦੀ ਲਾਈਨ ਵਿੱਚ ਕਿਸੇ ਧਰੂ ਤਾਰੇ ਵਾਂਗ ਚਮਕਦਾ ਨਜ਼ਰ ਆਉਂਦਾ ਹੈ। ਹੈਰਾਨੀ ਨਹੀਂ ਕਿ ਇਸ਼ਤਿਆਕ ਅਹਿਮਦ ਤੇ ਹੁਸੈਨ ਹਾਕਾਨੀ ਵਰਗੇ ਵਿਦਵਾਨ ਉਸਦੇ ਵੱਡੇ ਸ਼ੁਭ ਚਿੰਤਕਾਂ ਵਿੱਚੋਂ ਸਨ। ਇਸੇ ਕਰਕੇ ਡਾ. ਇਸ਼ਤਿਆਕ ਅਹਿਮਦ, ਡਾ. ਹੁਸੈਨ ਹਕਾਨੀ ਵਰਗੇ ਕਈ ਵੱਡੇ ਸਕਾਲਰਾਂ ਨੇ ਵਿਸ਼ਵ ਵਿਆਪੀ ਮੁਸਲਿਮ ਭਾਈਚਾਰੇ ਦੇ ਹਿਤਾਂ, ਹੱਕਾਂ ਦੀ ਰਾਖੀ ਲਈ ਲਾਜ਼ਮੀ ਇਸਲਾਮਿਕ ਸਟੇਟ ਦੀ ਜ਼ਰੂਰਤ ਦੇ ਸਿਧਾਂਤ ਜਾਂ ਮਿੱਥ ਦੇ ਖੋਖਲੇਪਨ ਨੂੰ ਉਜਾਗਰ ਕਰਨ ਲਈ ਇਸ ਕਿਤਾਬ ਦੇ ਸ਼ੁਰੂ ਵਿੱਚ ਉਚੇਚੀ ਪ੍ਰਸ਼ੰਸਾ ਕੀਤੀ ਹੋਈ ਹੈ।
ਜਗਤ ਪ੍ਰਸਿੱਧ ਬੁੱਤ ਸ਼ਿਕਨ ਨਾਟਕਕਾਰ ਜੌਰਜ ਬਰਨਾਰਡ ਸ਼ਾਹ ਨੇ ਰੂਸੀ ਇਨਕਲਾਬੀ ਲਿਊਨ ਟਰੌਸਟਕੀ ਦੀ ਕਿਤਾਬ ‘ਮਾਈ ਲਾਈਫ’ (My Life: An Attempt at an Autobiography) ਪੜ੍ਹ ਕੇ ਟਿੱਪਣੀ ਕੀਤੀ ਸੀ: ‘ਟਰੌਸਟਕੀ ਆਪਣੀ ਕਲਮ ਦੀ ਨੋਕ ਨਾਲ ਆਪਣੇ ਵਿਚਾਰਧਾਰਕ ਵਿਰੋਧੀਆਂ ਦੇ ਸਿਰ ਤੋਂ ਖੋਪੜ ਉਡਾ ਕੇ ਦਿਖਾ ਦਿੰਦਾ ਹੈ ਕਿ ਇਸ ਦਿਮਾਗ ਵਿੱਚ ਵਿਦਵਤਾ ਦੀ ਥਾਂ ਭੂਸਾ ਭਰਿਆ ਹੋਇਆ ਹੈ।’ ਅਜਿਹਾ ਪਵਿੱਤਰ ਕਾਰਜ ‘ਚੇਜ਼ਿੰਗ ਏ ਮੀਰਾਜ’ ਵਿੱਚ ਤਾਰਿਕ ਫਤਹਿ ਨੇ ਮੌਲਾਨਾ ਮਦੂਦੀ ਅਤੇ ਸਈਅਦ ਕੁਤਬ ਵਰਗੇ ਵੱਡੇ-ਵੱਡੇ ਇਸਲਾਮਿਕ ਚਿੰਤਕਾਂ ਦੀ ਵਿਚਾਰਧਾਰਾ ਦਾ ਨੰਗ ਦਰਸਾ ਕੇ ਬੜੇ ਦਲੀਲ ਪੂਰਵਕ ਢੰਗ ਨਾਲ ਕੀਤਾ ਹੋਇਆ ਹੈ।
ਪੁਸਤਕ ‘ਚੇਜ਼ਿੰਗ ਏ ਮਿਰਾਜ’ ਦੇ ‘ਸ਼ਰੀਆ ਗੌਡਜ਼ ਲਾਅ ਔਰ ਮੈਨਜ਼ ਫਲਾਅ?’ (Sharia - God’s Law or Man’s Flaw?), ਸਿਰਲੇਖ ਹੇਠਲੇ ਗਿਆਰਵੇਂ ਅਤੇ ‘ਜਿਹਾਦ’ (Jihad) ਹੇਠਲੇ 12ਵੇਂ ਚੈਪਟਰ ਵਿਸ਼ੇਸ਼ ਤੌਰ ’ਤੇ ਪੜ੍ਹਨਯੋਗ ਹਨ। ਤਾਰਿਕ ਫਤਹਿ ਦੱਸਦੇ ਹਨ ਕਿ ਸ਼ਰੀਅਤ ਦਾ ਸੋਮਾ ‘ਰੂਹਾਨੀ ਫੁਰਮਾਨ’ ਨਹੀਂ ਬਲਕਿ ‘ਇਨਸਾਨੀ’ ਹੈ। ਇਹ ਇਨਸਾਨ ਦੁਬਾਰਾ ਮੁਹੰਮਦ ਸਾਹਿਬ ਤੋਂ 2-3 ਸੌ ਸਾਲ ਬਾਅਦ ਬਣਾਈ ਗਈ ਹੈ। ਜਿਸ ਤਰ੍ਹਾਂ ਸਿੱਖਾਂ ਦੀ ‘ਰਹਿਤ ਮਰਿਯਾਦਾ’ ਦਾ ਸੋਮਾ ਵੀ ਗੁਰੂਆਂ ਦੀ ਆਪ ਲਿਖਤ ਬਾਣੀ ਦਾ ਸੰਗ੍ਰਹਿ ‘ਗੁਰੂ ਗ੍ਰੰਥ ਸਾਹਿਬ’ ਨਹੀਂ, ਉਨ੍ਹਾਂ ਤੋਂ ਬਾਅਦ 200 ਸਾਲ ਵਿੱਚ ਲਿਖੇ ਗ੍ਰੰਥ, ਹੁਕਮਨਾਮੇ, ਰਹਿਤਨਾਮੇ ਆਦਿ ਹਨ। ਇਸਲਾਮ ਦੀ ਸ਼ਰੀਅਤ ਦੇ ਨਿਯਮ ਵੱਖ-ਵੱਖ ਇਸਲਾਮਿਕ ਸਕਾਲਰਾਂ (ਇਮਾਮ ਹਬੂ ਖਲੀਫਾ, ਇਮਾਮ ਜਾਫਿਰ ਸਾਦਿਕ, ਇਮਾਮ ਸ਼ਫੀ, ਇਮਾਮ ਮਲਿਕ, ਇਮਾਮ ਹੰਭਾਲ ਆਦਿ) ਦੀ ਕੁਰਾਨਿਕ ਵਿਆਖਿਆ ਅਧਾਰਿਤ ਹਨ। ਇਸਲਾਮਿਕ ਇਤਿਹਾਸ ਦੀ ਵਿਡੰਬਨਾ ਦੇਖੋ ਕਿ ਇਸਲਾਮਿਕ ਸ਼ਰੀਅਤ ਦੇ ਸਕਾਲਰ ਨਿਰਮਾਤਾਵਾਂ ਨੂੰ ਸ਼ਰੀਅਤ ਅਧਾਰਿਤ ਇਸਲਾਮਿਕ ਹਕੂਮਤਾਂ ਨੇ ਇਮਾਮ ਹਬੂ ਹਨੂੀਫਾ ਨੂੰ ਜੇਲ੍ਹ ਵਿੱਚ ਜ਼ਹਿਰ ਦੇ ਕੇ ਮਾਰਿਆ, ਇਮਾਮ ਮਲਿਕ ਦੇ ਸ਼ਰੇਆਮ ਹੱਥ ਵੱਢੇ ਗਏ, ਇਮਾਮ ਸ਼ਫੀ ਤੇ ਇਮਾਮ ਹੰਭਾਲ ਨੂੰ ਵੀ ਜੇਲ੍ਹਾਂ ਵਿੱਚ ਕਤਲ ਕੀਤਾ ਗਿਆ। ਤਾਰਿਕ ਫਤਹਿ ਆਪਣੀ ਕਿਤਾਬ ਵਿੱਚ ਸਵਾਲ ਉਠਾਉਂਦੇ ਹਨ ਕਿ ਮੈਨੂੰ ਇਹ ਗੱਲ ਕਦੇ ਸਮਝ ਨਹੀਂ ਆਈ ਕਿ ਜਨੂੰਨੀ ਇਸਲਾਮਿਕ ਸਕਾਲਰ ਇਸ ਨੂੰ ‘ਇਸਲਾਮ ਦਾ ਸੁਨਹਿਰੀ ਕਾਲ’ ਕਿਸ ਅਧਾਰ ’ਤੇ ਕਹਿੰਦੇ ਹਨ?
ਦੁਨੀਆਂ ਭਰ ਦੇ ਬਹੁਤ ਸਾਰੇ ਖੱਬੇ-ਪੱਖੀ ਚਿੰਤਕ, ਇਸਲਾਮਿਕ ਜਨੂੰਨੀਆਂ ਦੀਆਂ ‘ਹਥਿਆਰਬੰਦ ਸਥਾਨਿਕ ਮੂਵਮੈਂਟਾਂ’ ਨੂੰ ‘ਸਾਮਰਾਜਵਾਦ’ ਦੇ ਖਿਲਾਫ ‘ਇਸਲਾਮਿਕ ਜਿਹਾਦ’ ਦੇ ਰੂਪ ਵਿੱਚ ਦੇਖਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਸ਼ਾਇਦ ਅਜਿਹੀਆਂ ਮੂਲਵਾਦੀ ਮੂਵਮੈਂਟਾਂ ਰਾਹੀਂ ਸਾਮਰਾਜਵਾਦ ਨੂੰ ਢਾਹਿਆ ਜਾ ਸਕਦਾ ਹੈ? ਅਜਿਹੀ ਸੋਚ ਨਾਲ ਹੀ ਅਮਰੀਕਾ ਨੇ ‘ਸਮਾਜਵਾਦ’ ਨੂੰ ਢਾਹੁਣ ਲਈ ਅਫਗਾਨਿਸਤਾਨ ਵਿੱਚ ‘ਇਸਲਾਮਿਕ ਮੁਜਾਹਦੀਨ’ ਖੜ੍ਹੇ ਕੀਤੇ ਸਨ, ਜੋ ਬਾਅਦ ਵਿੱਚ ‘ਤਾਲਬਾਨ’ ਬਣ ਕੇ ਅੱਜ ਤਕ ਸਾਰੇ ਸਭਿਅਕ ਜਗਤ ਲਈ ਖਤਰਾ ਬਣੇ ਹੋਏ ਹਨ। ਇਸਦੇ ਉਲਟ ਬਹੁਤ ਸਾਰੇ ਲਿਬਰਲ ਤੇ ਸੈਕੂਲਰ ਇਸਲਾਮਿਕ ਸਕਾਲਰ ਇਸ ਨੂੰ ‘ਇੱਕ ਨਵੇਂ ਕਾਲ਼ੇ ਦੌਰ’ ਦੇ ਰੂਪ ਵਿੱਚ ਦੇਖਦੇ ਹਨ। ਇਸ ਸਬੰਧੀ 2008 ਵਿੱਚ ਜਦੋਂ ਪਾਕਿਸਤਾਨ ਦੇ ਦੋ ਪ੍ਰਮੁੱਖ ਖੱਬੇ-ਪੱਖੀ ਸਕਾਲਰਾਂ ਪ੍ਰੋ. ਪਰਵੇਜ਼ ਹੁੱਡਬੋਏ (ਜੋ ਇਲਾਮਾਬਾਦ ਦੀ ਯੂਨੀਵਰਸਿਟੀ ਦੇ ਫਿਜ਼ਿਕਸ ਦੇ ਪ੍ਰੋਫੈਸਰ ਸਨ) ਅਤੇ ਤਾਰਿਕ ਅਲੀ (ਲੇਖਕ, ਪੱਤਰਕਾਰ, ਹਿਸਟੋਰੀਅਨ ਤੇ ਫਿਲਮ ਮੇਕਰ) ਵਿੱਚ ਇਸ ਸਬੰਧੀ ਬਹਿਸ ਚੱਲ ਰਹੀ ਸੀ ਤਾਂ ਤਾਰਿਕ ਫਤਹਿ ਨੇ ਕਨੇਡੀਅਨ ਟੀ ਵੀ ਨੈੱਟਵਰਕ ਸੀ ਬੀ ਸੀ ਨੂੰ ਦਿੱਤੀ ਆਪਣੀ ਇੰਟਰਵਿਊ ਵਿੱਚ ਪ੍ਰੋ. ਪਰਵੇਜ਼ ਹੁੱਡਬੋਏ ਦੇ ਹੱਕ ਵਿੱਚ ਸਟੈਂਡ ਲਿਆ ਸੀ। ਜਿੱਥੇ ਤਾਰਿਕ ਅਲੀ ਵਰਗੇ ਵਿਦਵਾਨ ਧਾਰਮਿਕ ਕੱਟੜਤਾ ਨੂੰ ਪ੍ਰਣਾਏ ਹੋਏ ਤਾਲਿਬਾਨ, ਆਈਸਿਸ ਵਰਗੇ ਅਨੇਕਾਂ ਇਸਲਾਮਕਿ ਗਰੁੱਪਾਂ ਨੂੰ ਇਸਲਾਮ ਦੇ ਜਬਰ ਜ਼ੁਲਮ ਵਿਰੁੱਧ ਲੜਨ ਵਾਲ਼ੇ ‘ਜਿਹਾਦ’ ਦੇ ਰੂਪ ਵਿੱਚ ਵੇਖਦੇ ਹਨ, ਜਿਸ ਨਾਲ ‘ਅਮਰੀਕਾ ਪੱਖੀ ਸਾਮਰਾਜੀ’ ਤਾਕਤਾਂ ਨੂੰ ਭਾਂਜ ਦਿੱਤੀ ਜਾ ਸਕਦੀ ਹੈ, ਉੱਥੇ ਪ੍ਰੋ. ਪਰਵੇਜ਼ ਵਰਗੇ ਵਿਦਵਾਨ ਇਹ ਸਮਝਦੇ ਹਨ ਕਿ ਅਜਿਹੀਆਂ ਮੂਲਵਾਦੀ ਲਹਿਰਾਂ ਦੁਨੀਆਂ ਨੂੰ ਇਤਿਹਾਸ ਦੇ ਉਨ੍ਹਾਂ ਕਾਲ਼ੇ ਦੌਰਾਂ ਵਿੱਚ ਲੈ ਜਾਣਗੀਆਂ, ਜਿੱਥੋਂ ਮਨੁੱਖਤਾ ਨੂੰ ਨਿਕਲਣ ਲਈ ਸਦੀਆਂ ਲੱਗ ਗਈਆਂ ਸਨ ਤੇ ਲੱਖਾਂ ਲੋਕ ਮੌਤ ਦੇ ਮੂੰਹ ਜਾ ਪਏ ਸਨ। ਤਾਰਿਕ ਫਤਹਿ ਵੀ ਆਪਣੀ ਕਿਤਾਬ ਵਿੱਚ ਅਜਿਹਾ ਮੱਤ ਹੀ ਪੇਸ਼ ਕਰਦੇ ਹਨ ਕਿ ਅਜਿਹੀਆਂ ਮੂਲਵਾਦੀ ਲਹਿਰਾਂ ਦਾ ਖਾਸਾ ਹੀ ਲੋਕ ਵਿਰੋਧੀ ਹੋਣ ਕਰਕੇ ਇਹ ਨਾ ਧਰਮ ਅਤੇ ਨਾ ਲੋਕ ਹਿਤ ਵਿੱਚ ਹਨ।
ਇਸ ਸਬੰਧੀ ਪਾਠਕ ਤਾਰਿਕ ਫਤਹਿ ਦੇ ਲੇਖ (https://archive.thedailystar.net/forum/2009/February/between.htm) ਲਿੰਕ ’ਤੇ ਕਲਿੱਕ ਕਰਕੇ ਪੜ੍ਹ ਸਕਦੇ ਹਨ।
ਤਾਰਿਕ ਫਤਹਿ ਭਾਰਤ-ਪਾਕਿਸਤਾਨ ਵੰਡ ਨੂੰ ਇਸ ਖਿੱਤੇ ਦੇ ਲੋਕਾਂ ਲਈ ਵੱਡਾ ਦੁਰਭਾਗ ਮੰਨਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਵੰਡ ਕਦੇ ਵੀ ਨਹੀਂ ਹੋਣੀ ਚਾਹੀਦੀ ਸੀ। ਉਹ ਪਾਕਿਸਤਾਨ ਦੀ ਇਸਲਾਮਿਕ ਸਟੇਟ ਦੀ ਥਾਂ ਭਾਰਤ ਦੀ ਸੈਕੂਲਰ ਤੇ ਲੋਤਤੰਤਰੀ ਪ੍ਰਣਾਲੀ ਦੇ ਬੇਬਾਕ ਪ੍ਰਸ਼ੰਸਕ ਸਨ। ਉਹ ਸੈਕੂਲਰ ਭਾਰਤ ਨੂੰ ਇਸਲਾਮਿਕ ਪਾਕਿਸਤਾਨ ਦੇ ਮੁਕਾਬਲੇ ਵੱਧ ਚੰਗਾ ਸਮਝਦੇ ਸਨ। ਆਪਣੀ ਇਸੇ ਸੋਚ ਤਹਿਤ ਉਹ ਮਹਾਤਮਾ ਗਾਂਧੀ, ਪੰਡਤ ਜਵਾਹਰ ਨਹਿਰੂ, ਮੌਲਾਨਾ ਅਬੁਲ ਕਲਾਮ ਅਜ਼ਾਦ ਸਮੇਤ ਭਾਰਤ ਦੇ ਕੌਮੀ ਲੀਡਰਾਂ ਦੇ ਪ੍ਰਸ਼ੰਸਕ ਸਨ। ਇਸੇ ਕਰਕੇ ਪਿਛਲੇ ਦਸ ਬਾਰਾਂ ਸਾਲਾਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਦਿਨ ਲੰਘਿਆ ਹੋਵੇ, ਜਦੋਂ ਉਨ੍ਹਾਂ ਨੂੰ ਗਾਲ਼ੀ-ਗਲ਼ੋਚ ਜਾਂ ਜਾਨੋਂ ਮਾਰਨ ਦੀਆਂ ਧਮਕੀਆਂ ਨਾ ਸੁਣਨੀਆਂ ਪਈਆਂ ਹੋਣ? ਇਸੇ ਚਿੜ ਤੋਂ ਉਹ ਮੌਜੂਦਾ ਭਾਰਤੀ ਹਾਕਮਾਂ ਦੀਆਂ ਕਈ ਗਲਤ ਨੀਤੀਆਂ ਨੂੰ ਵੀ ਜਾਇਜ਼ ਠਹਿਰਾਉਣ ਤਕ ਚਲੇ ਜਾਂਦੇ ਸਨ, ਜੋ ਕਿ ਸੱਚਮੁੱਚ ਇਤਰਾਜ਼ਯੋਗ ਗੱਲ ਸੀ। ਪਾਕਿਸਤਾਨ ਦੇ ਜਨੂੰਨੀ ਇਸਲਾਮੀ ਨਿਯਾਮ ਵਿਰੁੱਧ ਉਨ੍ਹਾਂ ਅੰਦਰ ਆਕਰੋਸ਼ ਦੀ ਭੜਕਦੀ ਅੱਗ ਦਾ ਕਾਰਨ, ਉਨ੍ਹਾਂ ਦੀਆਂ ਲਿਖਤਾਂ ਪੜ੍ਹ ਕੇ ਹੀ ਜਾਣਿਆ ਜਾ ਸਕਦਾ ਹੈ।
ਤਾਰਿਕ ਫਤਹਿ ਵਰਗੇ ਸਿਰੜੀ ਤੇ ਬਹਾਦਰ, ਧਰਮ ਨਿਰਪੱਖ ਅਤੇ ਅਗਾਂਹਵਧੂ ਵਿਅਕਤੀਆਂ ਦੇ ਸੰਸਾਰ ਤੋਂ ਚਲੇ ਜਾਣ ਨਾਲ ਸਮਾਜ ਨੂੰ ਘਾਟਾ ਤਾਂ ਜ਼ਰੂਰ ਪੈਂਦਾ ਹੈ, ਪਰ ਉਨ੍ਹਾਂ ਦੇ ਵਿਚਾਰ ਕਦੇ ਮਰਦੇ ਨਹੀਂ। ਜਿਸ ਤਰ੍ਹਾਂ ਉਨ੍ਹਾਂ ਦੀ ਬੇਟੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪਿਆਰ ਕਰਨ ਵਾਲ਼ੇ ਲੋਕ ਸਮਾਜ ਵਿੱਚੋਂ ਕੱਟੜਵਾਦ ਅਤੇ ਅੱਤਵਾਦ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਗੇ, ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3951)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)