“ਕਨੇਡੀਅਨ ਰਾਜਨੀਤੀ ਨੂੰ ਸਾਫ ਸੁਥਰੀ ਰੱਖਣ ਲਈ ਕਨੇਡੀਅਨ ਸਰਕਾਰ ਨੂੰ ...”
(16 ਜੁਲਾਈ 2025)
ਦੋ ਤਿੰਨ ਦਹਾਕੇ ਪਹਿਲਾਂ ਤਕ ਜਿੱਥੇ ਕਨੇਡਾ ਦੇ ਆਮ ਲੋਕ ਬੜੇ ਸ਼ਰੀਫ ਅਤੇ ਨਿਮਰ ਸੁਭਾਅ ਦੇ ਮਾਲਕ ਮੰਨੇ ਜਾਂਦੇ ਸਨ, ਉੱਥੇ ਰਾਜਸੀ ਲੀਡਰ ਵੀ ਸ਼ਰੀਫ ਅਤੇ ਇਮਾਨਦਾਰ ਸਨ। ਰਾਜਨੀਤੀ ਵਿੱਚ ਪੈਸੇ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਸੀ। ਪਰ ਜਿਵੇਂ ਜਿਵੇਂ ਨਵੇਂ ਆਏ ਇਮੀਗਰੈਂਟ ਲੋਕਾਂ ਨੇ ਰਾਜਨੀਤੀ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ, ਤਿਵੇਂ ਤਿਵੇਂ ਜਿਸ ਭ੍ਰਿਸ਼ਟ ਸਿਸਟਮ ਤੋਂ ਉਹ ਭੱਜ ਕੇ ਇੱਥੇ ਆਏ ਸਨ, ਇੱਥੇ ਆ ਕੇ ਇਨ੍ਹਾਂ ਦੇਸ਼ਾਂ ਦਾ ਸਿਸਟਮ ਵੀ ਉਹੋ ਜਿਹਾ ਬਣਾਉਣਾ ਸ਼ੁਰੂ ਕਰ ਦਿੱਤਾ। ਇੱਥੋਂ ਦੇ ਇਮਾਨਦਰ ਸਿਸਟਮ ਦਾ ਫਾਇਦਾ ਉਠਾ ਕੇ ਹਰ ਗੈਰ ਇਖਲਾਕੀ ਅਤੇ ਗੈਰ ਕਾਨੂੰਨੀ ਢੰਗ ਨਾਲ ਰਾਜਨੀਤੀ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ; ਜਿਸਦਾ ਨਤੀਜਾ ਇਹ ਹੈ ਕਿ ਕਨੇਡਾ ਦਾ ਰਾਜਸੀ ਸਿਸਟਮ ਵੀ ਬਹੁ ਗਿਣਤੀ ਇਮੀਗਰੈਂਟ ਭਾਈਚਾਰਿਆਂ ਵਿੱਚ ਭ੍ਰਿਸ਼ਟ ਹੋ ਚੁੱਕਾ ਹੈ। ਇਮੀਗਰੈਂਟ ਭਾਈਚਾਰਿਆਂ ਦੇ ਵਧਦੇ ਪ੍ਰਭਾਵ ਅਧੀਨ ਮੌਕਾਪ੍ਰਸਤ ਮੇਨ ਸਟਰੀਮ ਲੀਡਰਾਂ ਨੇ ਵੀ ਵੋਟ ਅਤੇ ਨੋਟ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ।
ਕਨੇਡਾ ਪਿਛਲੇ 20-25 ਸਾਲ ਤੋਂ ਡਰੱਗ ਸਮਗਲਿੰਗ, ਡਰੱਗ ਓਵਰਡੋਜ਼ ਅਤੇ ਗੈਂਗਵਾਰ ਨਾਲ ਜੂਝ ਰਿਹਾ ਹੈ। 500 ਤੋਂ ਵੱਧ ਤਾਂ ਸਿੱਖ ਭਾਈਚਾਰੇ ਦੇ ਨੌਜਵਾਨ ਗੈਂਗਵਾਰ ਦਾ ਸ਼ਿਕਾਰ ਹੋ ਚੁੱਕੇ ਸਨ। ਰੋਜ਼ਾਨਾ 25-30 ਨੌਜਵਾਨ ਡਰੱਗ ਓਵਰਡੋਜ਼ ਨਾਲ ਮਰਦੇ ਹਨ। ਚੋਰੀਆਂ, ਡਾਕੇ, ਫਿਰੌਤੀਆਂ ਆਮ ਵਰਤਾਰਾ ਬਣ ਚੁੱਕਾ ਹੈ। ਪਿਛਲੇ ਦਿਨੀਂ ਬੀਸੀ ਦੇ ਪ੍ਰੀਮੀਅਰ ਨੇ ਮੰਗ ਕੀਤੀ ਕਿ ਭਾਰਤ ਦੇ ਲੌਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਿਆ ਜਾਵੇ। ਉਸਦੀ ਨਕਲ ਕਰਦੇ ਓਨਟੇਰੀਓ ਦੇ ਪ੍ਰੀਮੀਅਰ ਨੇ ਵੀ ਉਸਦੀ ਹਾਮੀ ਭਰੀ। ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਇਕੱਲੀ, ਦੀ ਕਹਾਵਤ ਅਨੁਸਾਰ ਅਲਬਰਟਾ ਦੀ ਪ੍ਰੀਮੀਅਰ ਨੇ ਵੀ ਬਿਆਨ ਦਾਗ਼ ਦਿੱਤਾ ਕਿ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਐਲਾਨਿਆ ਜਾਵੇ। ਬੇਸ਼ਕ ਦੇਖਣ-ਸੁਣਨ ਨੂੰ ਚੰਗੀ ਮੰਗ ਲਗਦੀ ਹੈ ਅਤੇ ਇਹ ਹੋਣਾ ਵੀ ਚਾਹੀਦਾ ਹੈ ਪਰ ਸਵਾਲ ਤਾਂ ਇਹ ਹੈ ਕਿ ਕੀ ਕਨੇਡਾ ਵਿੱਚ ਸਿਰਫ ਬਿਸ਼ਨੋਈ ਗੈਂਗ ਹੀ ਸਭ ਕੁਝ ਕਰ ਰਿਹਾ ਹੈ? ਸਾਲ ਕੁ ਪਹਿਲਾਂ ਤਕ ਕਿਸੇ ਨੇ ਬਿਸ਼ਨੋਈ ਗੈਂਗ ਦਾ ਨਾਮ ਵੀ ਕਨੇਡਾ ਵਿੱਚ ਨਹੀਂ ਸੁਣਿਆ ਸੀ ਜਦਕਿ ਅਨੇਕਾਂ ਪੰਜਾਬੀ, ਚੀਨੇ, ਗੋਰੇ, ਕਾਲਿਆਂ ਦੇ ਗੈਂਗ 2-3 ਦਹਾਕਿਆਂ ਤੋਂ ਸਰਗਰਮ ਹਨ। ਕੁਝ ਗੈਂਗ ਤਾਂ ਅਜਿਹੇ ਵੀ ਹਨ, ਜਿਹੜੇ ਸੁਪਾਰੀਆਂ ਦੇ ਕੇ ਪੰਜਾਬ ਜਾਂ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਕਤਲ ਕਰਾਉਂਦੇ ਰਹੇ ਹਨ। ਅਜਿਹੇ ਗੈਂਗਾਂ ਨੂੰ ਅੱਤਵਾਦੀ ਕਿਉਂ ਨਾ ਐਲਾਨਿਆ ਜਾਵੇ?
ਅਜੇ ਪਿਛਲੇ ਹਫਤੇ ਕਪਿਲ ਸ਼ਰਮਾ ਦੇ ਕੈਫੇ ’ਤੇ ਗੋਲੀਆਂ ਚਲਾਉਣ ਵਾਲੇ ਗੈਂਗਸਟਰ ਹਰਜੀਤ ਲਾਡੀ ਨੇ ਪਿਛਲੇ ਸਾਲ ਪੰਜਾਬ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲੀਡਰ ਦਾ ਕਤਲ ਕਰਾਇਆ ਸੀ ਅਤੇ ਪੰਜਾਬ ਪੁਲਿਸ ਨੇ ਉਸ ਉੱਪਰ ਦਸ ਲੱਖ ਦਾ ਇਨਾਮ ਰੱਖਿਆ ਹੋਇਆ ਹੈ। ਕੀ ਸਾਡੇ ਇਹ ਲੀਡਰ ਕਨੇਡਾ ਵਿੱਚੋਂ ਕਰਾਈਮ ਖਤਮ ਕਰਨਾ ਚਾਹੁੰਦੇ ਹਨ ਜਾਂ ਵੋਟ-ਨੋਟ ਦੀ ਰਾਜਨੀਤੀ ਹੀ ਕਰ ਰਹੇ ਹਨ? ਜੇ ਇਹ ਸੁਹਿਰਦ ਹੋਣ ਤਾਂ ਸਾਰੇ ਗਰੁੱਪਾਂ ’ਤੇ ਪਾਬੰਦੀ ਲਾਉਣ ਅਤੇ ਅੱਤਵਾਦੀ ਐਲਾਨਣ ਦੀ ਮੰਗ ਕਿਉਂ ਨਹੀਂ ਕਰਦੇ? ਕਿਉਂ ਨਹੀਂ ਕਾਨੂੰਨ ਵਿੱਚ ਤਬਦੀਲੀ ਕਰਕੇ ਅਪਰਾਧੀਆਂ ’ਤੇ ਸ਼ਿਕੰਜਾ ਕੱਸਣ ਦੀ ਮੰਗ ਕਰਦੇ?
ਹੁਣ ਕਨੇਡੀਅਨ ਲੀਡਰ ਵੀ ਆਪਣੀ ਇਮਾਨਦਾਰੀ ਅਤੇ ਭਰੋਸੇਯੋਗਤਾ ਗਵਾ ਰਹੇ ਹਨ। ਇਹ ਵੀ ਥਰਡ ਵਰਲਡ ਦੇਸ਼ਾਂ ਦੀ ਭ੍ਰਿਸ਼ਟ ਰਾਜਨੀਤੀ ਦਾ ਸ਼ਿਕਾਰ ਹੋ ਰਹੇ ਹਨ। ਕਨੇਡੀਅਨ ਰਾਜਨੀਤੀ ਨੂੰ ਸਾਫ ਸੁਥਰੀ ਰੱਖਣ ਲਈ ਕਨੇਡੀਅਨ ਸਰਕਾਰ ਨੂੰ ਕਾਨੂੰਨ ਬਦਲ ਕੇ ਕਨੇਡਾ ਵਿੱਚ ਜਨਮੇ ਵਿਅਕਤੀਆਂ ਨੂੰ ਹੀ ਰਾਜਨੀਤੀ ਵਿੱਚ ਦਾਖਲ ਹੋਣ ਇਜਾਜ਼ਤ ਦੇਣੀ ਚਾਹੀਦੀ ਹੈ। ਵਿਦੇਸ਼ਾਂ ਦੇ ਜੰਮਪਲ ਇਮੀਗਰੈਂਟਸ ਉੱਤੇ ਰਾਜਨੀਤੀ ਵਿੱਚ ਪ੍ਰਤੀਨਿੱਧਤਾ ਕਰਨ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ ਤਾਂ ਹੀ ਕਨੇਡਾ ਆਪਣਾ ਪਹਿਲਾ ਵਕਾਰ ਕਾਇਮ ਰੱਖ ਸਕਦਾ ਹੈ; ਨਹੀਂ ਤਾਂ ਉਹ ਸਮਾਂ ਬਹੁਤਾ ਦੂਰ ਨਹੀਂ, ਜਦੋਂ ਕਨੇਡਾ ਦੀ ਰਾਜਨੀਤੀ ਵੀ ਥਰਡ ਵਰਲਡ ਦੇਸ਼ਾਂ ਦੇ ਪੱਧਰ ਤਕ ਗਿਰ ਜਾਵੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (