“ਸਾਡੀ ਲੀਡਰਸ਼ਿੱਪ ਨੂੰ 40 ਸਾਲ ਤੋਂ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਪੀੜਤ ਧਿਰ ਹਾਂ ਜਾਂ ਹਮਲਾਵਰ। ਸਾਡੇ ਲੀਡਰ ...”
(1 ਜੂਨ 2024)
ਇਸ ਸਮੇਂ ਪਾਠਕ: 400.
ਹੁਣ ਹਫ਼ਤਾ ਕੁ ਉੱਪਰ ਦਿੱਤੀ ਜਾ ਰਹੀ ਤਸਵੀਰ ਵਿਚਲੇ ਦਾਅਵੇ ਵਰਗੀਆਂ ਸਨਸਨੀਖੇਜ਼ ਕਹਾਣੀਆਂ ਮੀਡੀਆ ਵਿੱਚ ਛਾਈਆਂ ਰਹਿਣਗੀਆਂ। ਅਜਿਹਾ ਕੁਝ ਪਿਛਲੇ 40 ਸਾਲਾਂ ਤੋਂ ਲਗਾਤਾਰ ਵਾਪਰ ਰਿਹਾ ਹੈ। ਇੱਕ ਪਾਸੇ ਉਹ ਪ੍ਰਚਾਰਕ ਤੇ ਵਿਦਵਾਨ ਹਨ, ਜਿਨ੍ਹਾਂ ਦਾ ਧੰਦਾ ਲੋਕਾਂ ਨੂੰ ਜਜ਼ਬਾਤੀ ਕਰਕੇ ਚੱਲਦਾ ਹੈ, ਦੂਜੇ ਪਾਸੇ ਉਹ ਰਾਜਸੀ ਲੋਕ ਹਨ, ਜਿਨ੍ਹਾਂ ਦੀ ਹਿੰਸਾ ਅਤੇ ਨਫ਼ਰਤ ਅਧਾਰਿਤ ਰਾਜਨੀਤੀ ਪਿਛਲੇ 40 ਸਾਲ ਤੋਂ ਲੋਕਾਂ ਨੂੰ ਗੁਮਰਾਹ ਕਰਕੇ ਚੱਲ ਰਹੀ ਹੈ।
ਸਵਾਲ ਇਹ ਹੈ ਕਿ ਕੀ ਅਸੀਂ 40 ਸਾਲ ਬਾਅਦ ਵੀ ਇਹ ਸੋਚਾਂਗੇ ਕਿ ਜੂਨ 84 ਵਰਗੀ ਮੰਦਭਾਗੀ ਘਟਨਾ ਕਿਉਂ ਵਾਪਰੀ? ਸਾਨੂੰ ਪਿਛਲੇ 40 ਸਾਲ ਤੋਂ ਵਾਰ-ਵਾਰ ਇਹ ਤਾਂ ਹਰ ਸਾਲ ਨਵੇਂ ਸਨਸਨੀਖੇਜ਼ ਖੁਲਾਸਿਆਂ ਨਾਲ ਦੱਸਿਆ ਜਾਂਦਾ ਰਿਹਾ ਹੈ ਕਿ ਜੂਨ 1 ਤੋਂ 6 ਤਕ ਕੀ ਤੇ ਕਿਵੇਂ ਵਾਪਰਿਆ, ਪਰ ਅੱਜ ਤਕ ਕੋਈ ਵਿਦਵਾਨ, ਲੀਡਰ, ਪ੍ਰਚਾਰਕ, ਖਾੜਕੂ ਇਹ ਨਹੀਂ ਦੱਸ ਸਕਿਆ ਕਿ ਇਹ ਕਿਉਂ ਵਾਪਰਿਆ? ਕਿਉਂਕਿ ਇਹ ਦੱਸਣ ਨਾਲ ਸਾਰੀ ਖੇਡ ਪੁੱਠੀ ਪੈ ਸਕਦੀ ਹੈ।
ਕਨੇਡਾ-ਅਮਰੀਕਾ ਵਿੱਚ ਸਾਡੇ ਦੇਖਦਿਆਂ ਪਿਛਲੇ 25-30 ਸਾਲਾਂ ਵਿੱਚ ਅਜਿਹੇ ਇੱਕ ਦੋ ਨਹੀਂ ਸੈਂਕੜੇ ਕੇਸ ਹੋਏ ਹਨ, ਜਦੋਂ ਕਥਿਤ ਅਪਰਾਧੀ ਦੇ ਹੱਥ ਵਿੱਚ ਸਿਰਫ ਚਾਕੂ ਸੀ (ਗੰਨ ਜਾਂ ਪਸਤੌਲ ਵੀ ਨਹੀਂ ਸੀ) ਤੇ ਇੱਕ ਪੁਲਿਸ ਵਾਲਾ ਤਿੰਨ ਵਾਰ ਕਹਿੰਦਾ ਹੈ ਕਿ ‘ਡਰੌਪ ਦਾ ਵੈਪਨ’, ਜੇ ਤੀਜੀ ਵਾਰ ਹੱਥ ਖੜ੍ਹੇ ਨਾ ਹੋਏ ਤਾਂ ਦੂਜਾ ਪੁਲਿਸ ਵਾਲਾ ਸਿੱਧਾ ਮੱਥੇ ਵਿੱਚ ਗੌਲੀ ਮਾਰਦਾ ਹੈ ਤੇ ਬੰਦਾ ਥਾਂਹੇਂ ਢੇਰੀ ਕਰ ਦਿੰਦੇ ਹਨ। ਹੈਰਾਨੀ ਹੁੰਦੀ ਹੈ ਕਿ 1982 ਵਿੱਚ ਹਰਿਮੰਦਰ ਸਾਹਿਬ ਅੰਦਰ ਚੱਲ ਰਹੇ ਧਰਮ ਯੁੱਧ ਮੋਰਚੇ ਦੀ ਆੜ ਵਿੱਚ ਸੈਂਕੜੇ ਬੰਦੇ ਕਤਲ ਕੀਤੇ ਗਏ, ਬੈਂਕਾਂ ਵਿੱਚ ਡਾਕੇ ਮਾਰੇ ਗਏ, ਫਿਰੌਤੀਆਂ ਲਈਆਂ ਗਈਆਂ। ਘੱਟੋ-ਘੱਟ ਦਰਜਨ ਤੋਂ ਵੱਧ ਬੰਦੇ ਕੰਪਲੈਕਸ ਦੇ ਅੰਦਰ ਕਤਲ ਕੀਤੇ ਗਏ। ਪੁਲਿਸ ਦਾ ਡੀ ਆਈ ਜੀ ਪ੍ਰਕਰਮਾ ਤੋਂ ਨਿਕਲਦਾ ਮਾਰ ਦਿੱਤਾ ਗਿਆ ਤਾਂ ਕੋਈ ਵੀ ਸਰਕਾਰ ਕਿਵੇਂ ਜਾਂ ਕਿੰਨਾ ਚਿਰ ਬਰਦਾਸ਼ਤ ਕਰ ਸਕਦੀ ਸੀ ਕਿ ਲੋਕ ਮਰੀ ਜਾਣ ਤੇ ਅਪਰਾਧੀ ਧਾਰਮਿਕ ਸਥਾਨ ਵਿੱਚ ਲੁਕ ਕੇ ਬੈਠੇ ਰਹਿਣ? ਅਸੀਂ ਕਿੰਨਾ ਚਿਰ ਅਜਿਹੀ ‘ਬਲੇਮ ਗੇਮ’ ਖੇਡਦੇ ਰਹਾਂਗਾ। ਅਸੀਂ ਕਦੋਂ ਖਾੜਕੂ ਧਿਰਾਂ ਨੂੰ ਸਵਾਲ ਕਰਾਂਗੇ ਕਿ ਅਕਾਲੀਆਂ ਦੇ ਸ਼ਾਂਤਮਈ ਧਰਮ ਯੁੱਧ ਮੋਰਚੇ ਵਿੱਚ ਹਿੰਸਾ ਅਤੇ ਕਤਲੋਗਾਰਤ ਕਿਸਦੇ ਇਸ਼ਾਰੇ ’ਤੇ ਵਾੜੀ ਗਈ? ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਕਿਸਦੀ ਮਦਦ ਨਾਲ ਮਿਲਟਰੀ ਦੀਆਂ ਤੋਪਾਂ ਉਡਾਉਣ ਵਾਲੇ ਮਾਰੂ ਹਥਿਆਰ ਪਹੁੰਚੇ? ਸ਼ਾਂਤਮਈ ਮੋਰਚੇ ਵਿੱਚ ਅਜਿਹੇ ਮੋਰਚੇ ਕਿਉਂ ਬਣਾਏ ਗਏ, ਜਿਵੇਂ ਕਿ ਕਿਸੇ ਦੇਸ਼ ਦੀ ਫੌਜ ਨਾਲ ਜੰਗ ਲੜਨੀ ਹੋਵੇ? ਜੇ ਮੋਰਚੇ ਬਣਾਉਣ ਅਤੇ ਹਥਿਆਰ ਜਮ੍ਹਾਂ ਕਰਨ ਵਾਲਿਆਂ ਨੂੰ ਪਹਿਲਾਂ ਪਤਾ ਸੀ ਕਿ ਭਾਰਤੀ ਫੌਜ ਹਮਲਾ ਕਰੇਗੀ ਤਾਂ ਫਿਰ ਇਹ ਗੱਲ ਆਮ ਸੰਗਤ ਨੂੰ ਕਿਉਂ ਨਹੀਂ ਦੱਸੀ ਗਈ ਤਾਂ ਜੁ ਉਹ ਬਾਹਰ ਨਿਕਲ ਜਾਂਦੀ? ਜੇ ਅੰਦਰ ਬੈਠੇ ਖਾੜਕੂਆਂ ਨੂੰ ਪਤਾ ਸੀ ਕਿ ਭਾਰਤੀ ਫੌਜ ਹਮਲਾ ਕਰੇਗੀ ਤਾਂ ਉਹ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਬਚਾਉਣ ਲਈ ਬਾਹਰ ਕਿਉਂ ਨਹੀਂ ਆ ਗਏ ਤਾਂ ਜੁ ਉੱਥੇ ਹੋਈ ਤਬਾਹੀ ਤੋਂ ਬਚਾ ਹੋ ਜਾਂਦਾ? ਉਹ ਭਾਰਤੀ ਫੌਜ ਨੂੰ ਬਾਹਰ ਆ ਕੇ ਚੈਲਿੰਜ ਕਰ ਸਕਦੇ ਸਨ ਅਤੇ ਆਪਣੀ ਬਹਾਦਰੀ ਦਿਖਾ ਸਕਦੇ ਸਨ। ਜੇ ਦਰਬਾਰ ਸਾਹਿਬ ਅੰਦਰ ਬੈਠੇ ਖਾੜਕੂ 1 ਤੋਂ 5 ਜੂਨ ਤਕ ਆਪਣੇ ਪਰਿਵਾਰਾਂ ਨੂੰ ਬਾਹਰ ਕੱਢ ਸਕਦੇ ਸਨ ਤਾਂ ਇਹ ਮੌਕਾ ਬੇਗੁਨਾਹ ਸ਼ਰਧਾਲੂਆਂ ਨੂੰ ਕਿਉਂ ਨਹੀਂ ਦਿੱਤਾ ਗਿਆ?
ਉੱਪਰਲੀ ਤਸਵੀਰ ਅਨੁਸਾਰ ਇੱਕ ਪ੍ਰਚਾਰਕ ਗੁਰਦੁਆਰੇ ਵਿੱਚ ਕਥਾ ਕਰ ਰਿਹਾ ਹੈ ਕਿ ਬੀਬੀਆਂ ਨੇ ਬੰਬਾਂ ਨਾਲ ਭਾਰਤੀ ਫੌਜ ਦੇ ਟੈਂਕ 20-20 ਫੁੱਟ ਹਵਾ ਵਿੱਚ ਉਡਾ ਦਿੱਤੇ। ਇਸੇ ਤਰ੍ਹਾਂ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਸਿੰਘਾਂ ਨੇ 800 ਤੋਂ ਵੱਧ ਹਵਾਈ ਜਹਾਜ਼ ਰਾਹੀਂ ਉਤਾਰੇ ਜਾ ਰਹੇ ਸਪੈਸ਼ਲ ਕਮਾਂਡੋ ਹਵਾ ਵਿੱਚ ਹੀ ਉਡਾ ਦਿੱਤੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਪ੍ਰਕਰਮਾ ਵਿੱਚ ਖਿਲਰ ਗਏ। ਇਸੇ ਤਰ੍ਹਾਂ ਦੇ ਅਨੇਕਾਂ ਤਰ੍ਹਾਂ ਦੇ ਵੱਡੇ-ਵੱਡੇ ਦਾਅਵੇ ਪਿਛਲੇ 40 ਸਾਲ ਤੋਂ ਕੀਤੇ ਜਾ ਰਹੇ ਹਨ ਕਿ ਸਿੰਘਾਂ ਨੇ ਦਸ ਹਜ਼ਾਰ ਤੋਂ ਵੱਧ ਫੌਜੀ ਮਾਰ ਮੁਕਾਏ ਸਨ। ਇੰਨੇ ਫੌਜੀ ਤਾਂ ਭਾਰਤੀ ਫੌਜ ਦੇ ਭਾਰਤ-ਪਾਕਿਸਤਾਨ ਜੰਗਾਂ ਵਿੱਚ ਨਹੀਂ ਮਰੇ ਸਨ। ਜੇ ਸਾਡੇ ਸਿੰਘਾਂ ਕੋਲ ਇੰਨੇ ਮਾਰੂ ਹਥਿਆਰ ਸਨ ਕਿ ਉਹ, ਉਸ ਭਾਰਤੀ ਫੌਜ ਦੇ 10 ਹਜ਼ਾਰ ਫੌਜੀ ਮਾਰ ਸਕਦੇ ਸਨ, ਜਿਸਨੇ ਅਜੇ 13 ਸਾਲ ਪਹਿਲਾਂ 1971 ਦੀ ਜੰਗ ਵਿੱਚ 90 ਹਜ਼ਾਰ ਪਾਕਿਸਤਾਨੀ ਫੌਜ ਤੋਂ ਹਥਿਆਰ ਸੁਟਵਾ ਲਏ ਸਨ ਤਾਂ ਫਿਰ ਸਾਡੇ ਵੱਲੋਂ ਪੀੜਤ ਬਣਨ ਦੇ ਕੀ ਅਰਥ ਰਹਿ ਜਾਂਦੇ ਹਨ ਕਿ ਭਾਰਤੀ ਫੌਜ ਨੇ ਸਾਡੇ ’ਤੇ ਨਿਹੱਕਾ ਹਮਲਾ ਕੀਤਾ?
ਅਸੀਂ ਗੁਰਦੁਆਰਿਆਂ ਵਿੱਚ ਅਜਿਹਾ ਗੁਮਰਾਹਕੁੰਨ ਪ੍ਰਚਾਰ ਕਰਕੇ ਹਾਸਿਲ ਕੀ ਕਰਨਾ ਚਾਹੁੰਦੇ ਹਾਂ? ਸਾਡੀ ਲੀਡਰਸ਼ਿੱਪ ਨੂੰ 40 ਸਾਲ ਤੋਂ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਪੀੜਤ ਧਿਰ ਹਾਂ ਜਾਂ ਹਮਲਾਵਰ। ਸਾਡੇ ਲੀਡਰ ਤੇ ਵਿਦਵਾਨ ਹਰ ਪੱਧਰ ’ਤੇ ਦੋਗਲੇਪਨ ਦਾ ਸ਼ਿਕਾਰ ਹਨ। ਜੇ ਸਾਡੇ ਕੋਲ ਇੰਨੇ ਘਾਤਕ ਹਥਿਆਰ ਸਨ, ਇੰਨੇ ਟ੍ਰੇਂਡ ਖਾੜਕੂ ਸਨ, ਇੰਨੇ ਜ਼ਬਰਦਸਤ ਮੋਰਚੇ ਸਨ ਤਾਂ ਸਾਡੇ ਇਹ ਕਹਿਣ ਦੀ ਕੀ ਤੁਕ ਬਣਦੀ ਹੈ ਕਿ ਭਾਰਤ ਸਰਕਾਰ ਨੇ ਗੁਰਪੁਰਬ ਮਨਾ ਰਹੀਆਂ ਨਿਹੱਥੀਆਂ ਸਿੱਖ ਸੰਗਤ ’ਤੇ ਸਾਜਿਸ਼ ਨਾਲ ਹਮਲਾ ਕਰਕੇ ਪੰਜ ਸਦੀਆਂ ਦਾ ਵੈਰ ਪੁਗਾਇਆ ਸੀ।
ਜੇ ਕਨੇਡਾ ਵਰਗੇ ਸ਼ਾਂਤ ਦੇਸ਼ ਵਿੱਚ ਪਬਲਿਕ ਵਿੱਚ ਨੰਗਾ ਚਾਕੂ ਰੱਖਣ ਕਰਕੇ ਪੁਲਿਸ ਬੰਦਾ ਮਾਰਨ ਲੱਗੀ ਇੱਕ ਮਿੰਟ ਨਹੀਂ ਲਾਉਂਦੀ ਤਾਂ ਅਸੀਂ ਕਿਉਂ 40 ਸਾਲ ਬਾਅਦ ਵੀ ਇਹ ਗੱਲ ਨਹੀਂ ਸਮਝ ਸਕੇ ਜਾਂ ਸਮਝ ਰਹੇ ਕਿ ਜਦੋਂ ਸਾਰੇ ਪਾਸੇ ਬੇਗੁਨਾਹਾਂ ਦੇ ਕਤਲ ਹੋ ਰਹੇ ਸਨ, ਕਤਲ ਕਰਨ ਵਾਲੇ ਖਾੜਕੂ ਦਰਬਾਰ ਸਾਹਿਬ ਅੰਦਰ ਲੁਕੇ ਬੈਠੇ ਸਨ, ਉਨ੍ਹਾਂ ਕੋਲ ਪਾਕਿਸਤਾਨ ਦੀ ਆਰਮੀ ਤੋਂ ਵੱਧ ਖਤਰਨਾਕ ਹਥਿਆਰ ਸਨ ਤਾਂ ਕੀ ਅਸੀਂ ਸਰਕਾਰ ਨੂੰ ਫੌਜ ਭੇਜਣ ਲਈ ਆਪ ਸੱਦਾ ਨਹੀਂ ਦੇ ਰਹੇ ਸੀ?
ਜੇ ਸਾਡਾ ਕੋਈ ਕਸੂਰ ਨਹੀਂ ਸੀ, ਸਾਡਾ ਸਾਰਾ ਮੋਰਚਾ ਸ਼ਾਂਤਮਈ ਸੀ ਤਾਂ ਇਸ ਉੱਪਰ ਦਿੱਤੀ ਫੋਟੋ ਵਰਗੀਆਂ ਸੈਂਕੜੇ ਫੁਕਰੀਆਂ ਮਾਰਨ ਵਾਲਿਆਂ ਨੂੰ ਅਸੀਂ ਕਦੇ ਸਵਾਲ ਕਿਉਂ ਨਹੀਂ ਕਰਦੇ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5014)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)