“ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਅਤੇ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਹਿੰਮਤ ...”
(6 ਜੂਨ 2023)
ਇਸ ਸਮੇਂ ਪਾਠਕ: 106.
ਅੱਜ ਤੋਂ 39 ਸਾਲ ਪਹਿਲਾਂ ਹਰਿਮੰਦਰ ਸਾਹਿਬ ਕੰਪਲੈਕਸ ਉੱਤੇ ਭਾਰਤ ਸਰਕਾਰ ਨੇ ‘ਓਪਰੇਸ਼ਨ ਬਲਿਊ ਸਟਾਰ’ ਨਾਮ ਦੀ ਫੌਜੀ ਕਾਰਵਾਈ ਕੀਤੀ ਸੀ, ਜਿਸ ਵਿੱਚ ਦੋਨਾਂ ਪੱਖਾਂ ਤੋਂ ਹਜ਼ਾਰਾਂ ਜਾਨਾਂ ਗਈਆਂ ਤੇ ਕਰੋੜਾਂ ਦੀ ਜਾਇਦਾਦ ਦੇ ਨੁਕਸਾਨ ਨਾਲ ਅਕਾਲ ਤਖ਼ਤ ਦੀ ਬਿਲਡਿੰਗ ਦਾ ਕਾਫੀ ਹਿੱਸਾ ਵੀ ਤੋਪ ਦੇ ਗੋਲ਼ਿਆਂ ਨਾਲ ਢੱਠ ਗਿਆ ਸੀ। ਅਸੀਂ ਹਮੇਸ਼ਾ ਤੋਂ ਇਹ ਕਹਿੰਦੇ ਹਾਂ ਕਿ ਅਜਿਹੇ ਮਨਹੂਸ ਭਾਣੇ ਕਿਸੇ ਵੀ ਭਾਈਚਾਰੇ ਨਾਲ ਨਹੀਂ ਵਾਪਰਨੇ ਚਾਹੀਦੇ ਸਨ। ਅਜਿਹੀ ਸਖ਼ਤ ਕਾਰਵਾਈ ਤੋਂ ਪਹਿਲਾਂ ਸਰਕਾਰ ਨੂੰ ਕੋਈ ਹੋਰ ਢੰਗ ਤਰੀਕੇ ਲੱਭਣੇ ਚਾਹੀਦੇ ਸਨ। ਇਸ ਘਟਨਾ ਦੀ ਜਿੰਨੀ ਨਿੰਦਾ ਹੋਵੇ, ਥੋੜ੍ਹੀ ਹੈ।
ਪਿਛਲੇ 39 ਸਾਲਾਂ ਤੋਂ ਹਰ ਸਾਲ ਕੁਝ ਲੋਕ ਤੇ ਕੁਝ ਸੰਸਥਾਵਾਂ ਜੂਨ ਦੇ ਪਹਿਲੇ ਹਫ਼ਤੇ ਜੂਨ 84 ਦੀਆਂ ਘਟਨਾਵਾਂ ਨੂੰ ਪੇਸ਼ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਵਾਰ-ਵਾਰ ਦੁਹਰਾਉਂਦੇ ਹਨ ਕਿ ਕਿਤੇ ਸਾਡੇ ਉੱਤੇ ਕੋਈ ਇਲਜ਼ਾਮ ਨਾ ਲਗਾ ਦੇਵੇ ਕਿ ਇਹ ਹੁਣ 84 ਨੂੰ ਭੁੱਲ ਗਏ ਹਨ। ਪਰ ਮੈਂ ਪਿਛਲੇ 39 ਸਾਲਾਂ ਵਿੱਚ ਕਦੇ ਕਿਸੇ ਲੀਡਰ, ਵਿਦਵਾਨ, ਪ੍ਰਚਾਰਕ, ਪੱਤਰਕਾਰ ਤੋਂ ਇਹ ਨਹੀਂ ਸੁਣਿਆ ਕਿ ਇਹ ਘਟਨਾਵਾਂ ਕਿਉਂ ਵਾਪਰੀਆਂ? ਸਰਕਾਰ ਨੂੰ ਜਾਂ ਫੌਜ ਨੂੰ ਕਿਉਂ ਲੋੜ ਪਈ ਕਿ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਜਾਵੇ?
ਜਿਸ ਤਰ੍ਹਾਂ ਕਈ ਧਿਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਜੇ ਸਰਕਾਰ ਨੇ ਸਾਲ ਪਹਿਲਾਂ ਹਮਲਾ ਦੀ ਯੋਜਨਾ ਬਣਾਈ ਸੀ ਤਾਂ ਸਿੱਖ ਲੀਡਰਾਂ ਨੇ ਉਸ ਤੋਂ ਸਿੱਖਾਂ ਜਾਂ ਅਕਾਲ ਤਖਤ ਨੂੰ ਬਚਾਉਣ ਲਈ ਯਤਨ ਕਿਉਂ ਨਹੀਂ ਕੀਤੇ? ਕਿਉਂ ਉਨ੍ਹਾਂ ਲੋਕਾਂ ਨੂੰ ਅੱਜ ਵੀ ਹੀਰੋ ਵਾਂਗ ਪੇਸ਼ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸਰਕਾਰ ਦੇ ਮਨਸੂਬਿਆਂ ਦਾ ਪਤਾ ਹੋਣ ਦੇ ਬਾਵਜੂਦ ਅੰਦਰ ਹਥਿਆਰ ਜਮ੍ਹਾਂ ਕੀਤੇ, ਮੋਰਚੇ ਬਣਾਏ? ਕਦੇ ਕਿਸੇ ਨੇ ਇਸ ਵੱਡੇ ਘੱਲੂਘਾਰੇ ਦਾ ਹਰ ਪੱਖ ਤੋਂ ਨਿਰਪੱਖਤਾ ਨਾਲ ਵਿਸ਼ਲੇਸ਼ਣ ਕਰਕੇ ਸਚਾਈ ਸਾਹਮਣੇ ਨਹੀਂ ਰੱਖੀ? ਮੈਂ ਕਿਤੇ ਵੀ ਇਹ ਨਹੀਂ ਪੜ੍ਹਿਆ ਕਿ ਇਸ ਘਟਨਾ ਵਿੱਚ ਸਿੱਖਾਂ ਦਾ ਵੀ ਕੋਈ ਇੱਕ ਅੱਧਾ ਪ੍ਰਸੈਂਟ ਦੋਸ਼ ਸੀ? ਅਕਾਲੀ ਦਲ ਦੇ ਸ਼ਾਂਤਮਈ ਧਰਮ ਯੁੱਧ ਮੋਰਚੇ ਵਿੱਚ ਹਥਿਆਰਬੰਦ ਸੰਘਰਸ਼ ਸ਼ੁਰੂ ਕਰਕੇ ਬੰਦੇ ਮਾਰਨੇ ਸ਼ੁਰੂ ਕਰ ਦੇਣੇ, ਕਿੰਨੇ ਕੁ ਜਾਇਜ਼ ਜਾਂ ਜ਼ਰੂਰੀ ਸਨ?
ਅਜੇ ਵੀ ਸਮਾਂ ਹੈ ਕਿ ਅਜਿਹੇ ਲੀਡਰਾਂ, ਵਿਦਵਾਨਾਂ, ਪ੍ਰਚਾਰਕਾਂ, ਲੇਖਕਾਂ, ਪੱਤਰਕਾਰਾਂ ਨੂੰ ਸਵਾਲ ਕਰੀਏ ਕਿ ਸਾਨੂੰ ਸੱਚ ਦੱਸੋ, ਸਿਰਫ ਕਾਬਜ਼ ਧਿਰਾਂ ਨੂੰ ਖੁਸ਼ ਕਰਨ ਲਈ ਸੋਹਲੇ ਨਾ ਗਾਈ ਜਾਵੋ। ਸਿਆਣੀਆਂ ਕੌਮਾਂ ਘੱਲੂਘਾਰਿਆਂ ਤੋਂ ਸਬਕ ਸਿੱਖ ਕੇ ਅੱਗੇ ਵਿਕਾਸ ਕਰਦੀਆਂ ਹਨ, ਪਰ ਸਿੱਖਾਂ ਦੀਆਂ ਕਾਬਜ਼ ਧਿਰਾਂ ਸਿੱਖਾਂ ਨੂੰ ਆਪਣੀਆਂ ਚੌਧਰਾਂ, ਲਾਲਚਾਂ ਅਤੇ ਸਿਆਸੀ ਰੋਟੀਆਂ ਸੇਕਣ ਲਈ ਅੱਗੇ ਨਹੀਂ ਵਧਣ ਦੇਣਾ ਚਾਹੁੰਦੀਆਂ। ਹਿੰਸਾ, ਨਫ਼ਰਤ ਅਤੇ ਵੱਖਵਾਦ ਦੀ ਰਾਜਨੀਤੀ, ਸਾਰੀ ਦੁਨੀਆਂ ਵਿੱਚ ਵਸਦੇ ਸਿੱਖਾਂ ਦੇ ਕਿਸੇ ਵੀ ਤਰ੍ਹਾਂ ਹਿਤ ਵਿੱਚ ਨਹੀਂ।
ਦੋ ਪੀੜ੍ਹੀਆਂ ਇਨ੍ਹਾਂ ਦੀਆਂ ਮੂਰਖਤਾਵਾਂ ਨਾਲ ਬਰਬਾਦ ਹੋ ਚੁੱਕੀਆਂ ਹਨ, ਹੋਰ ਹੋਣ ਤੋਂ ਬਚਾਉਣ ਲਈ ਇਨ੍ਹਾਂ ਨੂੰ ਸਵਾਲ ਕਰਨ ਜਾਂ ਲਾਂਭੇ ਕਰਨ ਲਈ ਯਤਨ ਕਰਨੇ ਚਾਹੀਦੇ ਹਨ।
ਜਦੋਂ ਤਕ ਅਸੀਂ ਇਸ ਤਰ੍ਹਾਂ ਦੀਆਂ ਜਜ਼ਬਾਤੀ ਗੱਲਾਂ ਕਰਦੇ ਰਹਾਂਗੇ, ਸਿੱਖਾਂ ਦਾ ਕਦੇ ਭਲਾ ਨਹੀਂ ਹੋਣਾ, ਸਗੋਂ ਦਿਨੋ ਦਿਨ ਨੁਕਸਾਨ ਹੋ ਰਿਹਾ ਹੈ। ਸਵਾਲ ਇਹ ਨਹੀਂ ਕਿ ਹਮਲਾ ਕਿਵੇਂ ਹੋਇਆ ਜਾਂ ਨੁਕਸਾਨ ਕੀ ਹੋਇਆ? ਅਸੀਂ 39 ਸਾਲ ਬਾਅਦ ਵੀ ਇਹ ਨਹੀਂ ਵਿਚਾਰ ਰਹੇ ਕਿ ਹਮਲਾ ਕਿਉਂ ਹੋਇਆ? ਸ਼ਾਂਤਮਈ ਚੱਲ ਰਹੇ ਮੋਰਚੇ ਵਿੱਚ ਹਥਿਆਰ ਕਿਉਂ ਵਾੜੇ ਗਏ? ਦਰਬਾਰ ਸਾਹਿਬ ਅੰਦਰ ਮੋਰਚਾਬੰਦੀ ਕਿਉਂ ਕੀਤੀ ਗਈ? ਕੀ ਮੋਰਚਾਬੰਦੀ ਕਰਨ ਵਾਲਿਆਂ ਨੂੰ ਪਤਾ ਸੀ ਕਿ ਹਮਲਾ ਹੋਣਾ ਹੈ? ਜੇ ਪਤਾ ਸੀ ਤਾਂ ਉਨ੍ਹਾਂ ਆਪਣੇ ਪਰਿਵਾਰ ਬਾਹਰ ਕੱਢ ਲਏ ਤੇ ਸੰਗਤ ਨੂੰ ਇਤਲਾਹ ਕਿਉਂ ਨਹੀਂ ਕੀਤੀ? ਜਦੋਂ ਫੌਜ ਨੇ 2 ਤੋਂ 5 ਜੂਨ ਤਕ ਘੇਰਾ ਪਾਇਆ ਹੋਇਆ ਸੀ ਤਾਂ ਦਰਬਾਰ ਸਾਹਿਬ ਅਤੇ ਅਕਾਲ ਤਖਤ ਬਚਾਉਣ ਲਈ ਅੰਦਰ ਬੈਠੇ ਖਾੜਕੂ ਬਾਹਰ ਕਿਉਂ ਨਹੀਂ ਆਏ? ਜੇ ਉਹ ਆਪਣੇ ਪਰਿਵਾਰ ਬਾਹਰ ਕੱਢ ਸਕਦੇ ਸਨ ਤਾਂ ਕੀ ਆਪ ਨਹੀਂ ਆ ਸਕਦੇ ਸਨ? ਕੀ ਉਹ ਕਿਸੇ ਦੇ ਇਸ਼ਾਰੇ ਉੱਤੇ ਅਜਿਹਾ ਭਾਣਾ ਵਰਤਾਉਣਾ ਚਾਹੁੰਦੇ ਸਨ? ਕੀ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਟੈਂਕਾਂ ਤੋਪਾਂ ਵਾਲੀ ਫੌਜ ਦਾ ਉਹ ਮੁਕਾਬਲਾ ਨਹੀਂ ਕਰ ਸਕਦੇ ਸਨ ਤਾਂ ਫਿਰ ਉਨ੍ਹਾਂ ਆਤਮਘਾਤੀ ਰਾਹ ਕਿਉਂ ਚੁਣਿਆ?
ਅਜਿਹੇ ਅਨੇਕਾਂ ਸਵਾਲ ਹਨ, ਜਿਨ੍ਹਾਂ ਨੂੰ ਸੰਬੋਧਨ ਹੋਏ ਬਿਨਾਂ ਅਸੀਂ ਕਿਤੇ ਨਹੀਂ ਪਹੁੰਚ ਸਕਦੇ। ਜੂਨ ਦੇ ਪਹਿਲੇ ਹਫ਼ਤੇ ਹਰ ਸਾਲ ਕੁਝ ਜਜ਼ਬਾਤੀ ਗੱਲਾਂ ਕਰਕੇ ਸਾਰਾ ਸਾਲ ਸਭ ਕੁਝ ਭੁੱਲ-ਭੁਲਾ ਦਿੱਤਾ ਜਾਂਦਾ ਹੈ। ਕੀ ਸਾਨੂੰ ਵਿਚਾਰ ਨਹੀਂ ਕਰਨੀ ਚਾਹੀਦੀ ਕਿ ਕੋਈ ਪਲੈਨ ਕਰੀਏ ਕਿ ਭਵਿੱਖ ਵਿੱਚ ਸਾਨੂੰ ਅਜਿਹੇ ਘੱਲੂਘਾਰਿਆਂ ਦਾ ਸਾਹਮਣਾ ਨਾ ਕਰਨਾ ਪਵੇ? ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਅਤੇ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਹਿੰਮਤ ਪੈਦਾ ਕਰੀਏ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4015)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)