“ਸਮਾਂ ਇਹੀ ਮੰਗ ਕਰਦਾ ਹੈ ਕਿ ਸੈਕੂਲਰ, ਲਿਬਰਲ, ਡੈਮੋਕਰੈਟਿਕ, ਲੋਕ ਪੱਖੀ ਆਵਾਜ਼ਾਂ ਨੂੰ ਆਪਣਾ ਪੱਖ ...”
(4 ਜੁਲਾਈ 2023)
ਮੇਰੀ ਜਾਚੇ, ਹਰ ਕੌਮ ਵਿੱਚ ਵੱਖ-ਵੱਖ ਰਾਜਸੀ ਵਿਚਾਰਧਾਰਾਵਾਂ ਦੇ ਲੋਕ ਹੁੰਦੇ ਹਨ ਅਤੇ ਅੱਜ ਦੇ ਲੋਕਤੰਤਰੀ ਸਿਸਟਮ ਵਿੱਚ ਹਰ ਇੱਕ ਨੂੰ ਆਪਣੀ ਵੱਖਰੀ ਵਿਚਾਰਧਾਰਾ ਨੂੰ ਲੋਕਤੰਤਰੀ ਢੰਗਾਂ ਨਾਲ ਰੱਖਣ ਅਤੇ ਪ੍ਰਚਾਰਨ ਦਾ ਪੂਰਾ ਹੱਕ ਹੈ। ਜੇ ਤੁਸੀਂ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਦਲੀਲ ਨਾਲ ਆਪਣਾ ਪੱਖ ਰੱਖਣ ਦਾ ਤੁਹਾਨੂੰ ਪੂਰਾ ਹੱਕ ਹੈ।
ਸਿੱਖਾਂ ਵਿੱਚ ਵੀ ਅਕਾਲੀ, ਕਾਂਗਰਸੀ, ਭਾਜਪਾਈ, ਮਾਰਕਸਵਾਦੀ, ਸਮਾਜਵਾਦੀ, ਖਾਲਿਸਤਾਨੀ, ਲਿਬਰਲ, ਕੰਜ਼ਰਵੇਟਿਵ ਆਦਿ ਵੱਖ-ਵੱਖ ਵਿਚਾਰਧਾਰਾਵਾਂ ਨੂੰ ਮੰਨਣ ਵਾਲ਼ੇ ਲੋਕ ਅਤੇ ਲੀਡਰ ਹਨ। ਇਨ੍ਹਾਂ ਵਿਚਾਰਧਾਰਾਵਾਂ ਨੂੰ ਮੰਨਣ ਵਾਲ਼ੇ ਬਹੁਤੇ ਲੋਕ ਆਪਣੇ ਆਪ ਨੂੰ ਗੁਰੂਆਂ ਦੇ ਸਿੱਖ ਵੀ ਕਹਾਉਂਦੇ ਹਨ ਅਤੇ ਇਹ ਵੀ ਉਨ੍ਹਾਂ ਦਾ ਪੂਰਾ ਹੱਕ ਹੈ।
ਇਨ੍ਹਾਂ ਵੱਖ-ਵੱਖ ਵਿਚਾਰਧਾਰਾਵਾਂ ਦੇ ਸਿੱਖਾਂ ਵਿੱਚੋਂ ਖਾਲਿਸਤਾਨੀ ਹੀ ਅਜਿਹੇ ਸਿੱਖ ਹਨ, ਜੋ ਵੱਖਰੀ ਵਿਚਾਰਧਾਰਾ ਵਾਲ਼ੇ ਜਾਂ ਖਾਲਿਸਤਾਨ ਦੀ ਵਿਚਾਰਧਾਰਾ ਦੇ ਵਿਰੋਧੀਆਂ ਨੂੰ ਪੰਥ ਵਿਰੋਧੀ, ਪੰਥ ਦੋਖੀ, ਸਿੱਖ ਕੌਮ ਦੇ ਗ਼ਦਾਰ ਆਦਿ ਦੇ ਫ਼ਤਵੇ ਦਿੰਦੇ ਹਨ ਅਤੇ ਪਿਛਲੇ ਸਮੇਂ ਵਿੱਚ ਬਹੁਤ ਵਾਰ ਇਨ੍ਹਾਂ ਵੱਲੋਂ ਅਜਿਹੇ ਲੋਕਾਂ ਉੱਤੇ ਸਰੀਰਕ ਹਮਲੇ ਵੀ ਕੀਤੇ ਗਏ।
ਅਜਿਹਾ ਵਰਤਾਰਾ ਸੋਸ਼ਲ ਮੀਡੀਆ ’ਤੇ ਵੀ ਅਕਸਰ ਦੇਖਿਆ ਜਾਂਦਾ ਹੈ। ਵਿਰੋਧੀ ਵਿਚਾਰਾਂ ਵਾਲਿਆਂ ਨੂੰ ਸਿੱਖ ਕੌਮ ਦੇ ਗ਼ਦਾਰ ਦੇ ਨਾਲ-ਨਾਲ ਗਾਲ਼ੀ-ਗਲੋਚ, ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ। ਹਰ ਪੱਧਰ ’ਤੇ ਅਜਿਹੇ ਵਿਅਕਤੀਆਂ ਨੂੰ ਕਮਿਉਨਿਟੀ ਵਿੱਚ ਬਦਨਾਮ ਕਰਨ ਦੇ ਯਤਨ ਕੀਤੇ ਜਾਂਦੇ ਹਨ। ਇੱਥੋਂ ਤਕ ਕਿ ਖਾਲਿਸਤਾਨ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਨੂੰ ਖਾਲਿਸਤਾਨੀਆਂ ਵੱਲੋਂ ਆਪਣੇ ਪ੍ਰਬੰਧ ਵਾਲ਼ੇ ਗੁਰਦੁਆਰਿਆਂ ਵਿੱਚ ਵਿਚਾਰ ਰੱਖਣ ਦੀ ਅਜ਼ਾਦੀ ਨਹੀਂ ਦਿੱਤੀ ਜਾਂਦੀ, ਜਦਕਿ ਗੁਰਦੁਆਰੇ ਸਭ ਸਿੱਖਾਂ ਲਈ ਸਾਂਝੇ ਅਸਥਾਨ ਹਨ।
84 ਦੇ ਦੌਰ ਵਿੱਚ ਖਾਲਿਸਤਾਨ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਨੂੰ ਭਾਰਤੀ ਸਟੇਟ ਦੇ ਸੰਦ, ਮੁਖ਼ਬਰ, ਗ਼ਦਾਰ ਆਖ ਕੇ ਗੋਲੀਆਂ ਵੀ ਮਾਰੀਆਂ ਜਾਂਦੀਆਂ ਸਨ। ਜਦਕਿ ਖਾਲਿਸਤਾਨ ਦਾ ਸੰਕਲਪ ਇੱਕ ਰਾਜਸੀ ਵਿਚਾਰਧਾਰਾ ਹੈ, ਜਿਸ ਨੂੰ ਮੰਨਣ ਵਾਲਿਆਂ ਅਨੁਸਾਰ ਇਸਦੀ ਕਾਇਮੀ ਵਿੱਚ ਸਿੱਖਾਂ ਦਾ ਭਲਾ ਹੈ ਤੇ ਸਿੱਖੀ ਦੀ ਰੱਖਿਆ ਲਈ ਇੱਕ ਵੱਖਰੇ ਦੇਸ਼ ਦਾ ਹੋਣਾ ਬੜਾ ਜ਼ਰੂਰੀ ਹੈ।
ਪਰ ਸਿੱਖਾਂ ਵਿੱਚੋਂ ਹੀ ਵੱਡੀ ਗਿਣਤੀ ਵਿੱਚ ਉਹ ਲੋਕ ਵੀ ਹਨ, ਜੋ ਸਮਝਦੇ ਹਨ ਕਿ ਸਿੱਖਾਂ ਦਾ ਭਲਾ ਭਾਰਤ ਵਿੱਚ ਰਹਿਣ ਨਾਲ ਹੈ। ਖਾਲਿਸਤਾਨ ਬਣਨ ਨਾਲ ਅਸੀਂ ਛੋਟੇ ਜਿਹੇ ਖ਼ਿੱਤੇ ਵਿੱਚ ਸੁੰਗੜ ਕੇ ਰਹਿ ਜਾਵਾਂਗੇ ਅਤੇ ਭਾਰਤ ਵਿੱਚ ਰਹਿਣ ਨਾਲ ਸਾਡੇ ਕੋਲ਼ ਵਿਸ਼ਾਲ ਭਾਰਤ ਵਿੱਚ ਵਧਣ ਫੁੱਲਣ ਦੇ ਮੌਕੇ ਹਨ।
ਇਹ ਸੱਚ ਵੀ ਹੈ ਕਿ 1947 ਤੋਂ ਬਾਅਦ ਪੰਜਾਬ ਤੋਂ ਬਾਹਰ ਬਾਕੀ ਭਾਰਤ ਵਿੱਚ ਵਸਦੇ ਸਿੱਖ ਆਰਥਿਕ ਪੱਖੋਂ ਵੱਧ ਖੁਸ਼ਹਾਲ ਹਨ। ਨੌਕਰੀ, ਕਾਰੋਬਾਰ, ਰਹਿਣ ਅਤੇ ਰਾਜਨੀਤੀ ਵਿੱਚ ਹਿੱਸਾ ਲੈਣ ਲਈ ਤੁਹਾਡੇ ਕੋਲ਼ ਪੂਰਾ ਭਾਰਤ ਹੈ। ਇਸੇ ਕਰਕੇ ਪੂਰੇ ਭਾਰਤ ਵਿੱਚ ਜਿੱਥੇ ਵੀ ਸਿੱਖ ਰਹਿੰਦੇ ਹਨ, ਪੂਰੇ ਕਾਮਯਾਬ ਹਨ। ਇਸ ਲਈ ਚਾਹੀਦਾ ਤਾਂ ਇਹ ਹੈ ਕਿ ਖਾਲਿਸਤਾਨੀ ਵੀਰ ਖਾਲਿਸਤਾਨ ਸਬੰਧੀ ਲੋਕਾਂ ਨੂੰ ਆਪਣੇ ਨਾਲ ਲੈਣ ਲਈ ਉਸਦੇ ਫਾਇਦਿਆਂ ਬਾਰੇ ਜਾਣਕਾਰੀ ਦੇਣ। ਇਸ ਸਬੰਧੀ ਡੀਬੇਟਾਂ ਕਰਾਉਣ ਅਤੇ ਵਿਰੋਧੀਆਂ ਨੂੰ ਬਿਨਾਂ ਕਿਸੇ ਡਰ ਦੇ ਖੁੱਲ੍ਹ ਕੇ ਆਪਣੇ ਵਿਚਾਰ ਰੱਖਣ ਦਾ ਮੌਕਾ ਦੇਣ, ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ।
ਸਾਡਾ ਤਾਂ ਇਹ ਵੀ ਮੰਨਣਾ ਹੈ ਕਿ ਸਿਰਫ ਸਿੱਖਾਂ ਨੂੰ ਹੀ ਕਿਉਂ, ਉਸ ਖ਼ਿੱਤੇ ਨਾਲ ਸਬੰਧਤ ਹਿੰਦੂਆਂ, ਮੁਸਲਮਾਨਾਂ, ਦਲਿਤਾਂ, ਕਾਮਰੇਡਾਂ ਤੇ ਸਿੱਖਾਂ ਵਿਚਲੇ ਨਾਮਧਾਰੀਆਂ, ਰਾਧਾ ਸਵਾਮੀਆਂ ਅਤੇ ਹੋਰ ਛੋਟੇ ਫ਼ਿਰਕਿਆਂ ਨੂੰ ਵੀ ਅਜਿਹੀਆਂ ਡੀਬੇਟਾਂ ਵਿੱਚ ਹਿੱਸਾ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਇਸਦੇ ਫ਼ਾਇਦਿਆਂ ਦਾ ਪਤਾ ਲੱਗ ਸਕੇ। ਪਰ ਖਾਲਿਸਤਾਨੀ ਧਿਰਾਂ ਨੇ ਦੇਸ਼-ਵਿਦੇਸ਼ ਵਿੱਚ ਆਪਣੀ ਵਿਚਾਰਧਾਰਾ ਦੇ ਪ੍ਰਸਾਰ ਲਈ ਹਿੰਸਾ ਅਤੇ ਨਫ਼ਰਤ ਦਾ ਸਹਾਰਾ ਲਿਆ ਹੋਇਆ ਹੈ, ਜਿਸ ਨਾਲ ਉਹ ਆਪਣੇ ਹਰ ਵਿਰੋਧੀ ਖਿਲਾਫ ਸ਼ਬਦਿਕ ਤੇ ਸਰੀਰਕ ਹਿੰਸਾ ਰਾਹੀਂ ਸਹਿਮ ਦਾ ਮਾਹੌਲ ਬਣਾ ਕੇ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਤੇ ਕਾਬਜ਼ ਹੋ ਚੁੱਕੇ ਹਨ। ਆਪਣੀ ਧੌਂਸ ਦੀ ਇਸ ਰਾਜਨੀਤੀ ਨਾਲ ਹਰ ਵਿਰੋਧੀ ਨੂੰ ਪੰਥ ਵਿਰੋਧੀ, ਸਿੱਖ ਵਿਰੋਧੀ, ਨਾਸਤਿਕ, ਕਾਮਰੇਡ, ਸਰਕਾਰੀ ਟਾਊਟ ਆਦਿ ਦੇ ਬੇਸਿਰ-ਪੈਰ ਖ਼ਿਤਾਬ ਬਖ਼ਸ਼ ਕੇ ਹਰ ਪੱਧਰ ’ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਸੋਸ਼ਲ ਮੀਡੀਆ ’ਤੇ ਆਪਣੇ ਵਿਰੋਧੀਆਂ ਦੀ ਆਵਾਜ਼ ਕੁਚਲਣ ਲਈ ਹਰ ਪਾਸੇ ਫੇਕ ਆਈ ਡੀਆਂ ਦੇ ਆਈ ਟੀ ਸੈੱਲ ਦਿਨ ਰਾਤ ਟਰੌਲਿੰਗ ਕਰਨ, ਧਮਕੀਆਂ ਦੇਣ ਲਈ ਸਰਗਰਮ ਰਿੰਦੇ ਹਨ।
ਇਹ ਲੋਕ ਵਿਦੇਸ਼ਾਂ ਵਿੱਚ ਗੋਰੇ ਸਿਆਸਤਦਾਨਾਂ ਨੂੰ ‘ਫਰੀਡਮ ਆਫ ਸਪੀਚ’ ਦੇ ਨਾਮ ਤੇ ਗੁਮਰਾਹ ਕਰਦੇ ਹਨ ਕਿ ਸਰਕਾਰਾਂ ਸਿੱਖਾਂ ਨਾਲ ਧੱਕਾ ਕਰਦੀਆਂ ਹਨ, ਜਦਕਿ ਆਮ ਸਿੱਖਾਂ ਦੀ ਹਰ ਛੋਟੀ ਮੋਟੀ ਆਵਾਜ਼ ਦਾ ਗਲ਼ਾ ਦਬਾਉਣ ਲਈ ਇਹ ਕੋਈ ਕਸਰ ਨਹੀਂ ਛੱਡਦੇ। ਜਦੋਂ ਸਰਕਾਰਾਂ ਇਨ੍ਹਾਂ ਦੀਆਂ ਹਿੰਸਾ ਤੇ ਨਫ਼ਰਤ ਦੀਆਂ ਕਾਰਵਾਈਆਂ ਖਿਲਾਫ ਕੋਈ ਐਕਸ਼ਨ ਲੈਂਦੀਆਂ ਹਨ ਤਾਂ ਇਹ ਆਪਣੇ ਬਚਾ ਲਈ ਪ੍ਰਚਾਰ ਕਰਦੇ ਹਨ ਕਿ ਸਿੱਖਾਂ ਨਾਲ ਜ਼ੁਲਮ ਹੋ ਰਿਹਾ। ਜਦਕਿ 90-95% ਸਿੱਖਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਗੱਲ ਕੀ ਹੋਈ ਹੈ ਅਤੇ ਸਿੱਖਾਂ ਤੇ ਕਿਹੜਾ ਜ਼ੁਲਮ ਹੋ ਰਿਹਾ ਹੈ? ਸਰਕਾਰਾਂ ਉੱਤੇ ਵਿਤਕਰਿਆਂ, ਧੱਕਿਆਂ, ਜ਼ੁਲਮਾਂ ਆਦਿ ਦਾ ਬਿਰਤਾਂਤ ਤਾਂ ਬੜੀ ਉੱਚੀ ਅਵਾਜ਼ ਵਿੱਚ ਸਿਰਜਦੇ ਹਨ, ਪਰ ਆਪਣੇ ਪ੍ਰਬੰਧ ਵਾਲ਼ੇ ਗੁਰਦੁਆਰੇ ਵਿੱਚ ਕਿਸੇ ਵਿਰੋਧੀ ਨੂੰ ਪ੍ਰਬੰਧ ਵਿੱਚ ਸ਼ਾਮਿਲ ਕਰਨਾ ਤਾਂ ਦੂਰ, ਕਿਸੇ ਨੂੰ ਦੋ ਸ਼ਬਦ ਬੋਲਣ ਦੀ ਇਜਾਜ਼ਤ ਵੀ ਨਹੀਂ ਦਿੰਦੇ।
ਸਿੱਖ ਸਮਾਜ ਵਿੱਚ 90-95% ਆਮ ਲੋਕ ਇਨ੍ਹਾਂ ਦੇ ਡਰ ਅਤੇ ਦਹਿਸ਼ਤ ਤੋਂ ਸਹਿਮ ਕੇ ਚੁੱਪ ਹੋ ਗਏ ਹਨ। ਇਨ੍ਹਾਂ ਨੂੰ ਚਾਹੀਦਾ ਵੀ ਇਹੀ ਹੈ ਕਿ ਲੋਕ ਇਨ੍ਹਾਂ ਦੇ ਕੰਟਰੋਲ ਵਾਲ਼ੇ ਸਥਾਨਾਂ ਵਿੱਚ ਆਉਣ, ਡਾਲਰ ਚੜ੍ਹਾਉਣ, ਡੋਨੇਸ਼ਨਾਂ ਦੇਣ, ਲੰਗਰ ਛਕਣ, ਇਨ੍ਹਾਂ ਦਾ ਇੱਕ ਪਾਸੜ ਪ੍ਰਚਾਰ ਸੁਣਨ ਤੇ ਘਰੇ ਜਾਣ। ਇਨ੍ਹਾਂ ਦੇ ਪ੍ਰਬੰਧ ਵਿੱਚ ਦਖ਼ਲ ਨਾ ਦੇਣ, ਇਨ੍ਹਾਂ ਦੇ ਪ੍ਰਚਾਰ ਉੱਤੇ ਸਵਾਲ ਨਾ ਕਰਨ, ਇਨ੍ਹਾਂ ਤੋਂ ਫੰਡਾਂ ਦਾ ਹਿਸਾਬ ਨਾ ਪੁੱਛਣ ਤਾਂ ਸਭ ਬੀਬੇ ਸਿੱਖ ਹਨ। ਜਿਹੜਾ ਸਵਾਲ ਕਰੇ, ਉਹ ਹੀ ਸਿੱਖ ਵਿਰੋਧੀ, ਕੌਮ ਦੁਸ਼ਮਣ, ਆਰ ਐੱਸ ਐੱਸ ਦਾ ਏਜੰਟ, ਨਾਸਤਿਕ, ਸਰਕਾਰੀ ਕੈਟ ਬਣ ਜਾਂਦਾ ਹੈ। ਵੈਸੇ ਤਾਂ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚੋਂ ਲੋਕਤੰਤਰ ਖਤਮ ਹੋ ਚੁੱਕਾ ਹੈ, ਜਿੱਥੇ ਇਨ੍ਹਾਂ ਦੇ ਹੀ ਵੱਖ-ਵੱਖ ਧੜੇ ਆਪਣੇ ਆਪਣੇ ਨਿੱਜੀ ਟ੍ਰਸਟ ਬਣਾ ਕੇ ਕਾਬਜ਼ ਹਨ। ਜੇ ਕਿਤੇ ਵੋਟ ਸਿਸਟਮ ਚੱਲ ਵੀ ਰਿਹਾ ਹੈ, ਤਾਂ ਉੱਥੇ ਇਨ੍ਹਾਂ ਦੇ ਹੀ ਦੋ ਧੜੇ ਆਪਸ ਵਿੱਚ ਲੜਦੇ ਹਨ। ਜੇ ਕਿਸੇ ਨੇ ਵੋਟ ਪਾਉਣੀ ਹੈ ਤਾਂ ਲੋਕਾਂ ਕੋਲ਼ ਇਨ੍ਹਾਂ ਦੇ ਹੀ ਧੜਿਆਂ ਵਿੱਚੋਂ ਇੱਕ ਨੂੰ ਚੁਣਨ ਦਾ ਹੱਕ ਹੈ, ਤੀਜਾ ਧੜਾ ਕੋਈ ਬਣਨ ਨਹੀਂ ਦਿੱਤਾ ਜਾਂਦਾ। ਜਦੋਂ ਇਹ ਧੜੇ ਰਲ਼-ਮਿਲ਼ ਕੇ ਚੱਲਣ ਲਈ ਸਹਿਮਤ ਹੋ ਜਾਣ ਤਾਂ ਫਿਰ ਆਪਸ ਵਿੱਚ ਸਰਬਸੰਮਤੀ ਕਰ ਲੈਂਦੇ ਹਨ।
ਸਮਾਂ ਇਹੀ ਮੰਗ ਕਰਦਾ ਹੈ ਕਿ ਸੈਕੂਲਰ, ਲਿਬਰਲ, ਡੈਮੋਕਰੈਟਿਕ, ਲੋਕ ਪੱਖੀ ਆਵਾਜ਼ਾਂ ਨੂੰ ਆਪਣਾ ਪੱਖ ਵਿਦੇਸ਼ੀ ਸਰਕਾਰਾਂ ਅਤੇ ਆਪਣੇ ਏਰੀਏ ਦੇ ਰਾਜਨੀਤਕ ਨੁਮਾਇੰਦਿਆਂ ਅੱਗੇ ਰੱਖਣਾ ਚਾਹੀਦਾ ਹੈ ਕਿ ਕਿਵੇਂ ਇਹ ਲੋਕ ਵਿਦੇਸ਼ਾਂ ਵਿੱਚ ਹਿੰਸਾ, ਨਫ਼ਰਤ, ਕੱਟੜਵਾਦ ਰਾਹੀਂ ਲੋਕਾਂ ਵਿੱਚ ਸਹਿਮ ਦਾ ਮਾਹੌਲ ਸਿਰਜ ਰਹੇ ਹਨ। ਇੱਕ ਨਵੀਂ ਤਰ੍ਹਾਂ ਦਾ ਕੱਟੜਵਾਦੀ ਅੱਤਵਾਦ ਵਿਦੇਸ਼ਾਂ ਵਿੱਚ ਪੈਦਾ ਹੋ ਚੁੱਕਾ ਹੈ। ਵਿਦੇਸ਼ੀ ਜੰਮਪਲ ਭੋਲ਼ੇ ਬੱਚੇ ਸਿੱਖੀ ਦੇ ਭੁਲੇਖੇ ਇਨ੍ਹਾਂ ਦੇ ਜਾਲ਼ ਵਿੱਚ ਫਸ ਰਹੇ ਹਨ। ਨਗਰ ਕੀਰਤਨਾਂ, ਕਬੱਡੀ ਟੂਰਨਾਮੈਂਟਾਂ, ਪੰਜਾਬੀ ਗਾਇਕਾਂ ਦੇ ਵੱਡੇ ਵੱਡੇ ਕਲਚਰਲ ਸ਼ੋਆਂ ਦੇ ਇਕੱਠਾਂ ਨੂੰ ਬੜੇ ਤਰੀਕੇ ਨਾਲ ਆਪਣੇ ਰਾਜਨੀਤਕ ਹਿਤਾਂ ਵਿੱਚ ਭੁਗਤਾਇਆ ਜਾਂਦਾ ਹੈ। ਰਾਜਸੀ ਪਾਰਟੀਆਂ ਅਤੇ ਰਾਜਸੀ ਨੇਤਾਵਾਂ ਉੱਤੇ ਸਿੱਖੀ ਦੇ ਨਾਮ ਤੇ ਗਲਬਾ ਪਾ ਕੇ ਉਨ੍ਹਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਆਮ ਲੋਕਾਂ ਦੇ ਇਕੱਠਾਂ ਨੂੰ ਵਰਤ ਕੇ ਆਪ ਜਾਂ ਆਪਣੇ ਧੀਆਂ ਪੁੱਤ ਰਾਜਨੀਤੀ ਅਤੇ ਸਰਕਾਰੀ ਜੌਬਾਂ ਵਿੱਚ ਫਿੱਟ ਕੀਤੇ ਜਾ ਰਹੇ ਹਨ। ਲੋਕ-ਪੱਖੀ ਅਤੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਸਿੱਖਾਂ ਕੋਲ਼ ਆਪਣੇ ਬੱਚਿਆਂ ਦੇ ਭਵਿੱਖ ਲਈ ਲਾਮਬੰਦ ਹੋਣ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ। ਆਪਣੇ ਆਪਣੇ ਇਲਾਕਿਆਂ ਵਿੱਚ ਛੋਟੇ-ਛੋਟੇ ਗਰੁੱਪ ਬਣਾ ਕੇ ਜਥੇਬੰਦ ਹੋਣ ਦੀ ਲੋੜ ਹੈ ਤੇ ਡਿਸਕਸ਼ਨ ਗਰੁੱਪ ਕਾਇਮ ਕਰਨੇ ਚਾਹੀਦੇ ਹਨ ਤਾਂ ਕਿ ਇਹ ਗੱਲ ਸਮਝੀ ਜਾਵੇ ਕਿ ਹਿੰਸਾ, ਨਫ਼ਰਤ ਅਤੇ ਧੌਂਸ ਦੀ ਰਾਜਨੀਤੀ ਦੇਸ਼-ਵਿਦੇਸ਼ ਵਿੱਚ ਕਿਤੇ ਵੀ ਸਿੱਖੀ ਜਾਂ ਸਿੱਖਾਂ ਦੇ ਹਿਤ ਵਿੱਚ ਨਹੀਂ। ਸਿੱਖਾਂ ਦਾ ਹਿਤ ਗੁਰੂਆਂ ਦੀ ਸਰਬ-ਸਾਂਝੀਵਾਲਤਾ, ਮਨੁੱਖੀ ਬਰਾਬਰੀ, ਸਮਾਜਿਕ ਨਿਆਂ ਦੀ ਵਿਚਾਰਧਾਰਾ ਵਿੱਚ ਹੈ। ਸਾਡਾ ਹਿਤ ਇਸ ਵਿੱਚ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਪੜ੍ਹਾ ਕੇ ਦੁਨੀਆਂ ਵਿੱਚ ਕਾਮਯਾਬ ਕਰਾਈਏ। ਲੋਕ ਹਿਤ ਵਿੱਚ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਲਈ ਕੰਮ ਕਰਨ ਦੀ ਲੋੜ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4068)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)