“ਤੈਨੂੰ ਏ ਮੇਰਾ ਦਿਲੋਂ ਸਲਾਮ ਕਿਸਾਨ ਵੀਰਿਆ, ... ਝੂਲਦਾ ਰਹੇ ਜਿੱਤ ਦਾ ਨਿਸ਼ਾਨ ਵੀਰਿਆ ...”
(21 ਜਨਵਰੀ 2021)
1. ਬਹਾਦਰ ਕਿਸਾਨ
ਬਹਾਦਰਾਂ ਦਾ ਕੰਮ ਹੁੰਦੈ ਖੁਦ ਨੂੰ ਬੁਲੰਦ ਕਰਨਾ,
ਅਨਿਆਂ ਵਿਰੁੱਧ ਚਟਾਨ ਵਾਂਗ ਤਣ ਕੇ ਖੜ੍ਹਨਾ।
ਕਿਸਾਨ ਇਸ ਫਿਤਰਤ ਦੇ ਮਾਲਕ ਰਹੇ ਸਦੀਆਂ ਤੋਂ,
ਇਹ ਬਾਖ਼ੂਬੀ ਜਾਣਦੇ ਨੇ ਜ਼ੁਲਮ ਦੇ ਨਾਲ ਲੜਨਾ।
ਸ਼ੁਰੂ ਤੋਂ ਜਾਣਦੇ ਹਨ ਮੁਸੀਬਤਾਂ ਦੀ ਗਹਿਰਾਈ ਨੂੰ,
ਆਉਂਦਾ ਹੈ ਇਨ੍ਹਾਂ ਨੂੰ ਹਰ ਦਰਿਆ ਵਿੱਚ ਤਰਨਾ।
ਚੱਲਦਾ ਹੈ ਖੂਨ ਕਿਸਾਨਾਂ ਦਾ ਗਰਮ ਲਹਿਰਾਂ ਵਾਂਗ,
ਜਿੱਤਣਾ ਹੈ ਜਿੱਦ ਇਹਨਾਂ ਦੀ ਜਾਣਦੇ ਨਹੀਂ ਹਰਨਾ।
ਪੰਜਾਬੀਆਂ ਦੀ ਦੋਸਤੀ ਰਹੀ ਸਦਾ ਕੁਰਬਾਨੀਆਂ ਨਾਲ,
ਸ਼ੌਕ ਮੁੱਢ ਤੋਂ ਰਿਹਾ ਇਨ੍ਹਾਂ ਦਾ ਫਾਂਸੀਆਂ ’ਤੇ ਚੜ੍ਹਨਾ।
ਨਵਦੀਪ ਮਿੱਟੀ ਨਾਲ ਜੁੜੇ ਸਾਡੇ ਕਿਸਾਨ ਸਭ ਜਾਣਦੇ,
ਆਉਂਦਾ ਇਨ੍ਹਾਂ ਨੂੰ ਸੰਵਿਧਾਨ ਦਾ ਹਰ ਕਾਨੂੰਨ ਪੜ੍ਹਨਾ।
**
2. ਕਿਸਾਨਾਂ ਦਾ ਸੁਭਾਅ
ਅਸੀਂ ਤਰਸ ਦੇ ਪਾਤਰ ਨਹੀਂ,
ਨਾ ਹੀ ਕੋਈ ਭੀਖ ਮੰਗਦੇ ਹਾਂ।
ਸ਼ੌਕ ਲਈ ਨਹੀਂ ਸੜਕਾਂ ’ਤੇ,
ਹੱਕਾਂ ਲਈ ਅਸੀਂ ਲੜਦੇ ਹਾਂ।
ਪੈਣ ਜਦ ਡਾਕੇ ਸਾਡੇ ਹੱਕਾਂ ’ਤੇ,
ਗੈਰਾਂ ਦਾ ਧੱਕਾ ਨਹੀਂ ਜਰਦੇ ਹਾਂ।
ਪੁੱਤ ਹਾਂ ਅਸੀਂ ਦਸਮ ਪਿਤਾ ਦੇ,
ਮੌਤ ਨੂੰ ਵੀ ਮਖੌਲਾਂ ਕਰਦੇ ਹਾਂ।
ਸਾਡੇ ਸਬਰ ਨੂੰ ਨਾ ਪਰਖੇ ਕੋਈ,
ਭਾਂਬੜ ਵਾਂਗ ਫੇਰ ਮੱਚਦੇ ਹਾਂ।
ਵਧਾਇਆ ਪੈਰ ਜਦ ਮੰਜ਼ਲ ਵੱਲ,
ਪਿੱਛੇ ਫੇਰ ਕਦੇ ਨਹੀਂ ਹਟਦੇ ਹਾਂ।
**
3. ਇਹ ਕਿਸਾਨ ਨੇ
ਇਹ ਕਿਸਾਨ ਨੇ ਕੋਈ ਬੰਦੇ ਆਮ ਨਹੀਂ,
ਇਹ ਅੰਨਦਾਤਾ ਨੇ ਕੋਈ ਬਦਨਾਮ ਨਹੀਂ
ਖੇਤਾਂ ਨੂੰ ਸਿੰਜਦੇ ਨੇ ਖੂਨ ਪਸੀਨੇ ਨਾਲ,
ਆਪ ਕਰਦੇ ਉਹ ਕਦੇ ਆਰਾਮ ਨਹੀਂ।
ਦੇਸ਼ ਦਾ ਭਰਦੇ ਨੇ ਭੰਡਾਰ ਅੰਨ ਨਾਲ,
ਇਹ ਕਿਸਾਨ ਨੇ ਕੋਈ ਗੁੰਮਨਾਮ ਨਹੀਂ।
ਅਣਖ ਨਾਲ ਜਿਉਣਾ ਸ਼ੌਕ ਇਹਨਾਂ ਦਾ,
ਇਹ ਆਜ਼ਾਦ ਨੇ ਕੋਈ ਗੁਲਾਮ ਨਹੀਂ।
ਨਵਦੀਪ ਚੁਣੌਤੀ ਦਿੰਦੇ ਹਿੱਕ ਠੋਕ ਕੇ,
ਕਰਦੇ ਇਹ ਕਦੇ ਝੂਠੀ ਸਲਾਮ ਨਹੀਂ।
**
4. ਕਿਸਾਨ ਵੀਰਿਆ
ਤੈਨੂੰ ਏ ਮੇਰਾ ਦਿਲੋਂ ਸਲਾਮ ਕਿਸਾਨ ਵੀਰਿਆ,
ਝੂਲਦਾ ਰਹੇ ਜਿੱਤ ਦਾ ਨਿਸ਼ਾਨ ਵੀਰਿਆ।
ਰਾਤਾਂ ਪੋਹ ਵਾਲੀਆਂ ਤੂੰ ਸੜਕਾਂ ’ਤੇ ਕੱਟ ਦਿੱਤੀਆਂ,
ਨੀਵੀਂ ਨਾ ਹੋਈ ਤੇਰੀ ਉਡਾਨ ਵੀਰਿਆ।
ਤੇਰੇ ਜਜ਼ਬੇ ਨੇ ਤਾਂ ਕੀਲ ਦਿੱਤੇ ਦੁਨੀਆਂ ਦੇ ਲੋਕ,
ਹਰ ਸਖਸ਼ ਜਾਵੇ ਤੇਰੇ ’ਤੇ ਕੁਰਬਾਨ ਵੀਰਿਆ।
ਅੱਜ ਖੜ੍ਹਾ ਤੂੰ ਆਪਣੇ ਹੱਕਾਂ ਲਈ ਬਣ ਚਟਾਨ,
ਫ਼ਖਰ ਕਰੇ ਤੇਰੇ ’ਤੇ ਕੁਲ ਜਹਾਨ ਵੀਰਿਆ।
ਤੇਰੇ ਸਬਰ ਸਿਦਕ ਨੂੰ ਪਰਖਿਆ ਸਰਮਾਏਦਾਰਾਂ ਨੇ,
ਲੋਕਾਂ ਵਿਚ ਵਧਿਆ ਤੇਰਾ ਸਨਮਾਨ ਵੀਰਿਆ।
ਤੇਰੇ ਬੁਲੰਦੀ ਦੇ ਨਾਅਰੇ ਗੂੰਜਦੇ ਅੱਜ ਪਾਰ ਅਸਮਾਨੀਂ
ਨਵਦੀਪ ਨੂੰ ਰਹੇਗਾ ਤੇਰੇ ’ਤੇ ਮਾਣ ਵੀਰਿਆ।
**
5. ਗੀਤ: ਜਿੱਤਣੀ ਇਹ ਜੰਗ ਅਸੀਂ
ਜਿੱਤਣੀ ਇਹ ਜੰਗ ਅਸੀਂ,
ਸਾਡੀ ਅਣਖ ਦਾ ਸਵਾਲ ਹੈ।
ਭੁਲੇਖੇ ਵਿੱਚ ਨਾ ਰਹੇ ਕੋਈ,
ਪੂਰਾ ਵਤਨ ਸਾਡੇ ਨਾਲ ਹੈ।
ਜਿੱਤਣੀ ਇਹ ਜੰਗ ਅਸੀਂ,
ਸਾਡੀ ਅਣਖ ਦਾ ਸਵਾਲ ਹੈ।
ਖੇਤਾਂ ਦੇ ਹਾਂ ਮਾਲਕ ਅਸੀਂ,
ਸਾਡੀ ਰੂਹ ਇਨ੍ਹਾਂ ਵਿੱਚ ਹੈ ਵੱਸਦੀ।
ਦੇਸ਼ ਦੇ ਅੰਨਦਾਤੇ ਅਸੀਂ,
ਦੇਸ਼ ਦੀ ਜਨਤਾ ਸਾਨੂੰ ਹੈ ਦੱਸਦੀ।
ਝੰਡਾ ਫੜਿਆ ਹੱਥਾਂ ਵਿੱਚ,
ਰੰਗ ਉਸਦਾ ਗੂੜ੍ਹਾ ਲਾਲ ਹੈ।
ਜਿੱਤਣੀ ਇਹ ਜੰਗ ਅਸੀਂ
ਸਾਡੀ ਅਣਖ ਦਾ ਸਵਾਲ ਹੈ।
ਅੰਨ ਉਗਾਈਏ ਖੇਤਾਂ ਵਿੱਚ,
ਪੇਟ ਸਭ ਦਾ ਹਾਂ ਪਾਲਦੇ।
ਭਲੇਮਾਣਸ ਜਿਹੇ ਬੰਦੇ ਅਸੀਂ,
ਸੁੱਖ ਸਭ ਦਾ ਹਾਂ ਭਾਲਦੇ।
ਫਸ ਜਾਣਗੇ ਜਾਲਮ ਆਪੇ,
ਜੋ ਬੁਣਦੇ ਨੇ ਮੱਕੜ ਜਾਲ ਹੈ।
ਜਿੱਤਣੀ ਇਹ ਜੰਗ ਅਸੀਂ,
ਸਾਡੀ ਅਣਖ ਦਾ ਸਵਾਲ ਹੈ।
ਪੁੱਤ ਹਾਂ ਅਸੀਂ ਭਾਰਤ ਮਾਂ ਦੇ,
ਪਿੱਛੇ ਅਸੀ ਹਟਦੇ ਨਹੀਂ।
ਨਵਦੀਪ ਏਕਾ ਹੈ ਪੂਰਾ ਸਾਡਾ,
ਆਪੋ ਵਿੱਚ ਅਸੀਂ ਫਟਦੇ ਨਹੀਂ।
ਪੂਰੇ ਦੇਸ਼ ਵਿੱਚ ਤਾਂਹੀਓ ਪੈਂਦੀ,
ਜੋਸ਼ ਸਾਡੇ ਦੀ ਧਮਾਲ ਹੈ।
ਜਿੱਤਣੀ ਇਹ ਜੰਗ ਅਸੀਂ,
ਸਾਡੀ ਅਣਖ ਦਾ ਸਵਾਲ ਹੈ।
**
6. ਜਨ ਅੰਦੋਲਨ
ਇਹ ਲੜਾਈ ਆਰ ਦੀ ਹੈ ਜਾਂ ਪਾਰ ਦੀ ਹੈ,
ਇਹ ਕਿਸਾਨ ਦੀ ਇੱਜ਼ਤ ਤੇ ਵਕਾਰ ਦੀ ਹੈ।
ਠੰਢੀਆਂ ਰਾਤਾਂ ਕੱਟੀਆਂ ਸੜਕ ਉੱਤੇ ਜਿਨ੍ਹਾਂ,
ਉਹਨਾਂ ਅੰਨਦਾਤਿਆਂ ਦੇ ਸਤਿਕਾਰ ਦੀ ਹੈ।
ਕਸੂਰ ਹੁਣ ਸੁੰਡੀ ਦਾ ਨਾ ਹੀ ਟਿੱਡੀ ਦਲ ਦਾ,
ਗਲਤੀ ਗੈਰਾਂ ਵੱਲੋਂ ਕੀਤੇ ਗੁੱਝੇ ਵਾਰ ਦੀ ਹੈ।
ਕਿਸਾਨ ਅੰਦੋਲਨ ਬਣ ਗਿਆ ਜਨ ਅੰਦੋਲਨ,
ਲੜਾਈ ਹੁਣ ਸਭ ਵਰਗਾਂ ਦੇ ਪਰਿਵਾਰ ਦੀ ਹੈ।
ਦੇਸ਼ ਦਾ ਹਰ ਇਨਸਾਨ ਖੜ੍ਹਾ ਹੈ ਨਾਲ ਕਿਸਾਨਾਂ ਦੇ
ਨਵਦੀਪ ਲੜਾਈ ਹੁਣ ਖੋਹੇ ਹੋਏ ਅਧਿਕਾਰ ਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2538)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)







































































































