NavdeepBhatia7ਹਸਪਤਾਲ ਪਹੁੰਚਣ ਤੋਂ ਥੋੜ੍ਹਾ ਚਿਰ ਪਹਿਲਾਂ ਉਨ੍ਹਾਂ ਨੇ ਇੱਕ ਵਾਰ ਫੇਰ ਅੱਖਾਂ ਖੋਲ੍ਹੀਆਂ ...
(25 ਅਗਸਤ 2020)

 

ਵੈਸੇ ਤਾਂ ਮਿਲਦੇ ਨੇ ਦੁਨੀਆਂ ’ਤੇ ਲੋਕ ਬਥੇਰੇ
ਪਰ ਯਾਦ ਕੋਈ ਵਿਰਲਾ ਹੀ ਰਹਿ ਜਾਂਦਾ ਹੈ

ਇਹ ਸਤਰਾਂ ਉਨ੍ਹਾਂ ਸ਼ਖ਼ਸੀਅਤਾਂ ’ਤੇ ਢੁੱਕਦੀਆਂ ਹਨ ਜਿਨ੍ਹਾਂ ਦੀਆਂ ਯਾਦਾਂ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਤਾਜ਼ਾ ਤਰੀਨ ਰਹਿੰਦੀਆਂ ਹਨਇਹ ਉਹ ਇਨਸਾਨ ਹੁੰਦੇ ਹਨ ਜੋ ਆਪਣੇ ਤੁਰ ਜਾਣ ਤੋਂ ਬਾਅਦ ਸਾਨੂੰ ਇੱਕ ਯਤੀਮ ਵਾਲਾ ਅਹਿਸਾਸ ਕਰਾ ਦਿੰਦੇ ਹਨਭਾਵੇਂ ਸਾਡਾ ਉਨ੍ਹਾਂ ਨਾਲ ਖ਼ੂਨ ਦਾ ਰਿਸ਼ਤਾ ਨਹੀਂ ਹੁੰਦਾ ਪਰ ਆਪਣੇ ਉੱਚੇ ਸੁੱਚੇ ਕਿਰਦਾਰ ਅਤੇ ਮਿਲਣਸਾਰ ਸੁਭਾਅ ਕਰਕੇ ਉਹਨਾਂ ਦਾ ਵਿਛੋੜਾ ਗੁਲਜ਼ਾਰ ਨੂੰ ਵੀਰਾਨ ਬਣਾ ਦਿੰਦਾ ਹੈਉਨ੍ਹਾਂ ਦੀ ਗੈਰ ਮੌਜੂਦਗੀ ਨਾਲ ਸਾਰਾ ਹੀ ਚੌਗਿਰਦਾ ਭਾਂ ਭਾਂ ਕਰਨ ਲੱਗ ਪੈਂਦਾ ਹੈਅਜਿਹੀ ਇੱਕ ਸ਼ਖ਼ਸੀਅਤ ਸਨ ਬਾਪੂ ਸ਼ਿਵਇੰਦਰਜੀਤ ਸਿੰਘ ਜੋ ਸਾਡੇ ਇੱਕ ਕਾਲੋਨੀ ਦੇ ਬਾਬਾ ਬੋਹੜ ਸਨਜਾਂ ਇਹ ਕਹਿ ਲਵੋ ਸਾਡੀ ਕਾਲੋਨੀ ਦੀ ਰੂਹ ਸਨਉਨ੍ਹਾਂ ਦਾ ਜੱਦੀ ਸ਼ਹਿਰ ਕੋਟਕਪੂਰਾ ਸੀਪਿਛਲੇ ਪੰਜ ਸਾਲਾਂ ਤੋਂ ਉਹਨਾਂ ਨੇ ਇਸ ਕਾਲੋਨੀ ਵਿੱਚ ਆਪਣਾ ਇੱਕ ਫਲੈਟ ਮੁੱਲ ਲੈ ਲਿਆ ਸੀਉਨ੍ਹਾਂ ਦੇ ਦੋ ਪੁੱਤਰ ਹਨਵੱਡਾ ਬੇਟਾ ਜੱਦੀ ਘਰ ਕੋਟਕਪੂਰੇ ਹੀ ਰਹਿੰਦਾ ਹੈਛੋਟਾ ਬੇਟਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਕੰਵਲਜੀਤ ਸਿੰਘ (ਪ੍ਰਿੰਸ) ਦੇ ਨਾ ਨਾਲ ਮਸ਼ਹੂਰ ਹੈ, ਜਿਸ ਨੇ ਪੰਜਾਬੀ ਫਿਲਮ ਟੇਸ਼ਨ ਦੀ ਕਹਾਣੀ ਲਿਖ ਕੇ ਪੰਜਾਬੀ ਫਿਲਮਾਂ ਵਿੱਚ ਆਪਣੀ ਭੂਮਿਕਾ ਦਾ ਅਹਿਸਾਸ ਕਰਵਾਇਆ ਹੈਹੋਰ ਕਈ ਪੰਜਾਬੀ ਫਿਲਮਾਂ ਵਿੱਚ ਉਸ ਵੱਲੋਂ ਨਿਭਾਏ ਵੱਖ ਵੱਖ ਕਿਰਦਾਰ ਉਸ ਦੇ ਵਧੀਆ ਅਦਾਕਾਰ ਹੋਣ ਦੀ ਗਵਾਹੀ ਭਰਦੇ ਹਨਜ਼ਿਆਦਾਤਰ ਸ਼ੂਟਿੰਗ ਮੁਹਾਲੀ ਅਤੇ ਚੰਡੀਗੜ੍ਹ ਵਿੱਚ ਹੋਣ ਕਰਕੇ ਬਾਪੂ ਸ਼ਿਵਇੰਦਰਜੀਤ ਸਿੰਘ ਜੀ ਨੇ ਇੱਕ ਫਲੈਟ ਸਾਡੀ ਕਾਲੋਨੀ ਵਿੱਚ ਲੈ ਲਿਆਪ੍ਰਿੰਸ ਅਤੇ ਉਸ ਦਾ ਪਰਿਵਾਰ ਬਾਪੂ ਜੀ ਦੀ ਛਤਰ ਛਾਇਆ ਹੇਠ ਇਸ ਕਲੋਨੀ ਵਿੱਚ ਰਹਿਣ ਲੱਗੇ

ਸ਼ਿਵਇੰਦਰਜੀਤ ਸਿੰਘ ਜੀ ਨੂੰ ਕਾਲੋਨੀ ਦੇ ਵਸਨੀਕ ਬਾਬਾ ਜੀ, ਬਾਪੂ ਜੀ ਜਾਂ ਅੰਕਲ ਜੀ ਕਹਿ ਕੇ ਬੁਲਾਉਂਦੇ ਸਨਸਾਡੀ ਕਾਲੋਨੀ ਦੇ ਉਮਰ ਵਿੱਚ ਸਭ ਤੋਂ ਵੱਡੇ ਲਗਭਗ 83 ਸਾਲ ਦੇ ਉਹ ਬਜ਼ੁਰਗ ਬਾਕਮਾਲ ਸ਼ਖਸੀਅਤ ਦੇ ਮਾਲਕ ਸਨਚਿਹਰੇ ਉੱਤੇ ਨੂਰ ਅਤੇ ਜਲੌ, ਖੁੱਲ੍ਹਾ ਚਿੱਟਾ ਦਾਹੜਾ, ਚਿੱਟਾ ਕੁੜਤਾ ਪਜਾਮਾ ਅਤੇ ਉੱਪਰ ਗੁਰੂਆਂ ਵੱਲੋਂ ਬਖਸ਼ੀ ਦਾਤ ਗਾਤਰਾ ਸਾਹਿਬ ਅਤੇ ਨੀਲੀ ਪੱਗ ਉਹਨਾਂ ਦੀ ਸ਼ਖਸੀਅਤ ਨੂੰ ਹੋਰ ਨਿਖਾਰਦੇਮੈਂ ਉਹਨਾਂ ਲਈ ਬੱਚਾ ਸੀਕਈ ਵਾਰ ਸ਼ਾਮ ਨੂੰ ਮੈਂ ਕਾਲੋਨੀ ਵਿੱਚ ਉਨ੍ਹਾਂ ਨਾਲ ਸੈਰ ਕਰਦਾ ਤੇ ਉਹ ਅੱਧੇ ਘੰਟੇ ਵਿੱਚ ਹੀ ਜ਼ਿੰਦਗੀ ਦਾ ਪੂਰਾ ਫਲਸਫ਼ਾ ਮੇਰੇ ਸਾਹਮਣੇ ਰੱਖ ਦਿੰਦੇਉਨ੍ਹਾਂ ਦੇ ਮੂੰਹੋਂ ਗੁਰਬਾਣੀ ਦੀਆਂ ਤੁਕਾਂ ਸੱਚਮੁੱਚ ਸਕੂਨ ਦਿੰਦੀਆਂਜਦੋਂ ਮੈਂ ਕਦੇ ਅਜੋਕੀ ਸਿਆਸਤ ਦੀ ਗੱਲ ਕਰਦਾ ਤਾਂ ਮੈਂਨੂੰ ਇਹ ਕਹਿ ਕੇ ਰੋਕ ਦਿੰਦੇ ਇਹ ਤਾਂ ਸਾਰੇ ਚੋਰ ਹਨਆਪਣੇ ਸਮੇਂ ਦੇ ਅਤੀਤ ਦੇ ਚੰਗੇ ਲੀਡਰਾਂ ਦਾ ਗੁਣਗਾਨ ਜ਼ਰੂਰ ਕਰਦੇ ਤੇ ਕਹਿੰਦੇ ਮੈਂ ਭਾਵੇਂ ਆਲਮ ਫਾਜ਼ਲ ਨਹੀਂ ਪਰ ਮੈਂ ਵੀ ਡਾਇਰੀ ਲਿਖਦਾ ਹਾਂਉਸ ਡਾਇਰੀ ਵਿੱਚੋਂ ਉਹ ਆਪਣੇ ਲਿਖੇ ਕੁਝ ਸ਼ੇਅਰ ਮੇਰੇ ਨਾਲ ਜ਼ਰੂਰ ਸਾਂਝੇ ਕਰਦੇ

ਸਾਡੀ ਕਾਲੋਨੀ ਵਿੱਚ 60 ਫਲੈਟ ਹਨ l ਉਨ੍ਹਾਂ ਨੂੰ ਸਾਰੇ ਫਲੈਟਾਂ ਦੇ ਇੱਕ ਇੱਕ ਮੈਂਬਰ ਦੀ ਜਾਣਕਾਰੀ ਸੀਉਨ੍ਹਾਂ ਦੀ ਕਾਰਜ ਕੁਸ਼ਲਤਾ ਦੀ ਗੱਲ ਕਰੀਏ ਤਾਂ ਉਹ ਜਵਾਨਾਂ ਤੋਂ ਵੀ ਵੱਧ ਕੰਮ ਕਰਦੇ ਸਨਕਾਲੋਨੀ ਦਾ ਕੋਈ ਵੀ ਕੰਮ ਹੋਵੇ, ਉਹ ਮੂਹਰੇ ਹੋ ਕੇ ਉਸ ਨੂੰ ਸੰਵਾਰਦੇਸੁਸਾਇਟੀ ਦੇ ਛੋਟੇ ਮੋਟੇ ਮਸਲੇ ਉਹ ਆਪ ਹੀ ਨਿਪਟਾ ਦਿੰਦੇਇਨ੍ਹਾਂ ਗੁਣਾਂ ਕਰਕੇ ਉਹ ਸਾਡੀ ਕਾਲੋਨੀ ਦੇ ਵਾਈਸ ਪ੍ਰੈਜ਼ੀਡੈਂਟ ਵੀ ਸਨਕਾਲੋਨੀ ਦਾ ਉਨ੍ਹਾਂ ਨੂੰ ਇੰਨਾ ਫਿਕਰ ਹੁੰਦਾ ਸੀ ਕਿ ਜੇ ਕੋਈ ਇੱਕ ਸਟਰੀਟ ਲਾਈਟ ਦਾ ਬਲਬ ਬੰਦ ਹੋ ਜਾਂਦਾ ਤਾਂ ਉਹ ਝੱਟ ਇਲੈਕਟ੍ਰੀਸ਼ਨ ਨੂੰ ਬੁਲਾ ਲੈਂਦੇਉਹਨਾਂ ਕੋਲ ਮਿਸਤਰੀ, ਪਲੰਬਰ, ਪੇਂਟਰ, ਏ ਸੀ ਰਿਪੇਅਰ ਵਾਲੇ, ਮਾਰਬਲ ਅਤੇ ਟਾਇਲਾਂ ਵਾਲੇ ਸਾਰਿਆਂ ਦੇ ਮੋਬਾਇਲ ਨੰਬਰ ਨੋਟ ਸਨਗੇਟ ਪੇਂਟ ਕਰਵਾਉਣਾ, ਗੇਟ ਉੱਪਰ ਕਾਲੋਨੀ ਦਾ ਨਾਮ ਲਿਖਵਾਉਣਾ ਅਤੇ ਕਾਲੋਨੀ ਦੇ ਸਬਮਰਸੀਬਲ ਪੰਪ ਨੂੰ ਠੀਕ ਕਰਵਾਉਣਾ ਸਾਰੇ ਕੰਮ ਆਪਣੇ ਮੋਢਿਆਂ ’ਤੇ ਚੁੱਕੇ ਹੋਏ ਸਨਸਵੇਰੇ ਤੜਕੇ 4 ਵਜੇ ਉੱਠ ਜਾਂਦੇਪਾਠ ਕਰਦੇ, ਫਿਰ ਕਾਲੋਨੀ ਦੇ 20 ਚੱਕਰ ਲਗਾਉਂਦੇਮਿਉਂਸਪਲ ਕਮੇਟੀ ਦਫਤਰ ਜਾਣਾ ਜਾਂ ਕਚਹਿਰੀ ਜਾਣਾ ਹੁੰਦਾ ਉਹ ਪੈਦਲ ਹੀ ਚਲੇ ਜਾਂਦੇਮੇਰੇ ਵਰਗਿਆਂ ਨੇ ਕਹਿਣਾ ਅੰਕਲ ਬੈਠ ਜਾਓ ਮੋਟਰਸਾਈਕਲ ’ਤੇ, ਮੈਂ ਛੱਡ ਆਉਂਦਾ ਹਾਂਉਹ ਹੱਸ ਕੇ ਬੋਲਦੇ, “ਯਾਰ ਤਿੰਨ ਚਾਰ ਕਿਲੋਮੀਟਰ ਨੂੰ ਤਾਂ ਮੈਂ ਕੁਝ ਨਹੀਂ ਸਮਝਦਾਨਾਲੇ ਹੱਡ ਪੈਰ ਠੀਕ ਰਹਿੰਦੇ ਹਨਥੋੜ੍ਹਾ ਬਹੁਤਾ ਸਰੀਰ ਦੀ ਹਿਲਜੁਲ ਠੀਕ ਹੀ ਰਹਿੰਦੀ ਹੈਮੇਰੀ ਉਮਰ ਹੁਣ 80 ਤੋਂ ਟੱਪ ਗਈ ਹੈ, ਜੇ ਮੰਜੇ ’ਤੇ ਪੈ ਗਿਆ ਮੈਂ ਵੀ ਦੁਖੀ ਤੇ ਘਰ ਦੇ ਵੀ ਦੁਖੀ ਹੋਣਗੇ।”

ਉਨ੍ਹਾਂ ਦਾ ਇਸ ਕਾਲੋਨੀ ਨਾਲ ਮੋਹ ਪਿਆਰ ਇੰਨਾ ਜ਼ਿਆਦਾ ਹੋ ਗਿਆ ਕਿ ਉਹ ਆਪਣੇ ਜੱਦੀ ਘਰ ਕਦੇ ਕਦੇ ਹੀ ਜਾਂਦੇ ਸੀਕਾਲੋਨੀ ਵਿੱਚ ਕੋਈ ਸਮੱਸਿਆ ਹੁੰਦੀ, ਉਹ ਆਥਣ ਨੂੰ ਮੀਟਿੰਗ ਬੁਲਾ ਕੇ ਸਾਰਿਆਂ ਨੂੰ ਬਿਠਾ ਕੇ ਹੱਲ ਕਰਵਾ ਦਿੰਦੇਜੇ ਕਾਲੋਨੀ ਵਿੱਚ ਕੋਈ ਓਪਰਾ ਬੰਦਾ ਦੇਖ ਲੈਂਦੇ ਤਾਂ ਉਸ ਨੂੰ ਰੋਕ ਕੇ ਪੂਰੀ ਤਫਤੀਸ਼ ਕਰਦੇਹੁਣ ਪ੍ਰਤੀਤ ਹੋਣ ਲੱਗਾ ਜਿਵੇਂ ਬਾਪੂ ਸ਼ਿਵਇੰਦਰਜੀਤ ਸਾਰੀ ਕਾਲੋਨੀ ਦੇ ਬਾਪੂ ਹੋਣਵਿਹਲੇ ਟਾਈਮ ਉਹ ਆਪਣੇ ਫਲੈਟ ਮੁਹਰੇ ਕੁਰਸੀ ’ਤੇ ਬੈਠ ਜਾਂਦੇ ਅਤੇ ਅੱਖਾਂ ਬੰਦ ਕਰਕੇ ਰੱਬ ਨੂੰ ਧਿਆਉਂਦੇ ਰਹਿੰਦੇਕਾਲੋਨੀ ਦੇ ਸਾਰੇ ਪਰਿਵਾਰਾਂ ਦਾ ਅਤੇ ਬਾਕੀ ਘਰ ਦੇ ਜੀਆਂ ਦਾ ਉਨ੍ਹਾਂ ਨੂੰ ਫਿਕਰ ਹੁੰਦਾਉਨ੍ਹਾਂ ਦਾ ਰਹਿਣ ਸਹਿਣ ਅਜਿਹਾ ਸੀ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਇਸ ਵਡੇਰੀ ਉਮਰ ਦੇ ਵਿੱਚ ਵੀ ਫਿੱਟ ਰੱਖਿਆ ਹੋਇਆ ਸੀਕਦੇ ਸਿਰ ਦਰਦ ਤਕ ਦੀ ਗੋਲੀ ਨਹੀਂ ਸੀ ਖਾਧੀਸਾਡੀ ਸੁਸਾਇਟੀ ਦੇ ਦੋ ਹੋਰ ਸੱਠ ਤੋਂ ਉੱਤੇ ਹੋਏ ਵਿਪਿਨ ਗਰੋਵਰ ਜੀ ਅਤੇ ਪ੍ਰਿਤਪਾਲ ਜੀ ਨਾਲ ਉਨ੍ਹਾਂ ਦਾ ਖਾਸ ਲਗਾਅ ਸੀਹਰ ਗੱਲ ਉਨ੍ਹਾਂ ਨਾਲ ਸਾਂਝੀ ਕਰਦੇਦਿਨ ਵਿੱਚ ਜੇ ਉਨ੍ਹਾਂ ਨਾਲ ਉਹ ਕਾਲੋਨੀ ਦੇ ਚੱਕਰ ਨਹੀਂ ਕੱਟ ਲੈਂਦੇ ਉਹ ਉਨ੍ਹਾਂ ਨੂੰ ਨੀਂਦ ਨਾ ਆਉਂਦੀ

ਮੌਤ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਗੇਟ ਦਾ ਕੋਈ ਅਧੂਰਾ ਕੰਮ ਖੜੋ ਕੇ ਪੂਰਾ ਕਰਵਾਇਆਪ੍ਰਿਤਪਾਲ ਜੀ ਨੇ ਬਥੇਰਾ ਕਿਹਾ ਕਿ ਰਾਤ ਪੈ ਗਈ ਬਾਕੀ ਕੰਮ ਸਵੇਰੇ ਨਿਬੇੜਾਂਗੇਉਹ ਹੱਸ ਕੇ ਕਹਿਣ ਲੱਗੇ, “ਜ਼ਿੰਦਗੀ ਵਿੱਚ ਜਿਸ ਕੰਮ ਨੂੰ ਮੈਂ ਹੱਥ ਪਾ ਲੈਂਦਾ ਹਾਂ ਉਹਨੂੰ ਪੂਰਾ ਕਰਕੇ ਛੱਡਦਾ ਹਾਂਨਾਲੇ ਕੱਲ੍ਹ ਕਿਹਨੇ ਵੇਖੀ ਹੈ?” ਉਨ੍ਹਾਂ ਦੀ ਗੱਲ ਬਿਲਕੁਲ ਸੱਚ ਨਿਕਲੀਅਗਲੇ ਦਿਨ ਬਾਪੂ ਜੀ ਸਵੇਰੇ ਉੱਠੇਰੋਜ਼ ਵਾਂਗ ਕਾਲੋਨੀ ਦੇ ਦਸ ਗੇੜੇ ਕੱਢੇਥੋੜ੍ਹੀ ਜਿਹੀ ਥਕਾਵਟ ਮਹਿਸੂਸ ਹੋਈਘਰ ਆ ਗਏਆਪਣੇ ਬੇਟੇ ਨੂੰ ਆਖਣ ਲੱਗੇ ਕਿ ਮੈਂਨੂੰ ਘਬਰਾਹਟ ਹੋ ਰਹੀ ਹੈਉਨ੍ਹਾਂ ਨੂੰ ਗਰਮ ਕਰਕੇ ਦੁੱਧ ਪੀਣ ਨੂੰ ਦਿੱਤਾਥੋੜ੍ਹੇ ਚਿਰ ਬਾਅਦ ਉਹ ਫੇਰ ਖੜ੍ਹੇ ਹੋ ਗਏ, “ਮੈਂ ਹਰ ਰੋਜ਼ ਵੀਹ ਚੱਕਰ ਲਗਾਉਂਦਾ ਹਾਂਅਜੇ 10 ਚੱਕਰ ਰਹਿ ਗਏ ਨੇ।” ਕਹਿੰਦੇ ਹੋਏ ਉਹ ਘਰੋਂ ਬਾਹਰ ਆ ਗਏ

ਕਲੋਨੀ ਦੇ ਦੋ ਚੱਕਰ ਹੋਰ ਲਗਾਏਇੱਕ ਦਮ ਮੱਥੇ ’ਤੇ ਤਰੇਲੀਆਂ ਆ ਗਈਆਂਜਲਦੀ ਜਲਦੀ ਗੱਡੀ ਵਿੱਚ ਪਾ ਕੇ ਹਸਪਤਾਲ ਲੈ ਗਏਬੇਸੁਰਤ ਹੋ ਕੇ ਆਪਣੇ ਬੇਟੇ ਦੇ ਮੋਢੇ ’ਤੇ ਸਿਰ ਧਰ ਕੇ ਅੱਖਾਂ ਬੰਦ ਕੀਤੀਆਂ ਜਿਵੇਂ ਕਿ ਉਹ ਦੁਨੀਆਂ ਤੋਂ ਮੋਹ ਤਿਆਗਣ ਦੀ ਤਿਆਰੀ ਵਿੱਚ ਸਨਹਸਪਤਾਲ ਪਹੁੰਚਣ ਤੋਂ ਥੋੜ੍ਹਾ ਚਿਰ ਪਹਿਲਾਂ ਉਨ੍ਹਾਂ ਨੇ ਇੱਕ ਵਾਰ ਫੇਰ ਅੱਖਾਂ ਖੋਲ੍ਹੀਆਂ, ਆਪਣੇ ਬੇਟੇ ਵੱਲ ਵੇਖ ਕੇ ਮੁਸਕਰਾਏ, ਫਿਰ ਸਦਾ ਦੀ ਨੀਂਦ ਸੌਂ ਗਏ

15 ਅਗਸਤ 2020 ਨੂੰ ਆਜ਼ਾਦੀ ਵਾਲੇ ਦਿਨ ਉਹ ਇਸ ਸੰਸਾਰ ਤੋਂ ਸਦਾ ਲਈ ਆਜ਼ਾਦ ਹੋ ਗਏਅਜਿਹੀ ਮੌਤ ਚੰਗੇ ਕਰਮਾਂ ਵਾਲੇ ਜਾਂ ਨਸੀਬਾਂ ਵਾਲਿਆਂ ਨੂੰ ਹੀ ਆਉਂਦੀ ਹੈਬਾਪੂ ਸ਼ਿਵਇੰਦਰਜੀਤ ਸਿੰਘ ਦੀ ਕਮੀ ਸ਼ਾਇਦ ਕੋਈ ਵਿਰਲਾ ਹੀ ਪੂਰੀ ਕਰ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2311)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਨਵਦੀਪ ਭਾਟੀਆ

ਨਵਦੀਪ ਭਾਟੀਆ

Kharar, SAS Nagar, Punjab, India.
Phone: (91 - 98767 - 29056)
Email: (singhbhatia71@gmail.com)