NavdeepBhatia7ਮਾਤਾ ਪਿਤਾ ਹੁਣ ਬਜ਼ੁਰਗ ਹੋ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਨਿਭਾਏ ...
(10 ਮਾਰਚ 2020)

 

ਮੈਂ ਆਪਣੀ ਜ਼ਿੰਦਗੀ ਦੇ ਪੰਜਾਹ ਸਾਲ ਪੂਰੇ ਕਰ ਚੁੱਕਿਆ ਹਾਂ। ਬਚਪਨ ਤੋਂ ਲੈ ਕੇ ਬੀ ਏ ਤੱਕ ਦਾ ਸਫ਼ਰ ਮੇਰਾ ਹੁਲਾਰਿਆਂ ਵਾਲਾ ਸੀ। ਇਸ ਉਮਰ ਤੱਕ ਮੈਂ ਜ਼ਿੰਦਗੀ ਦੀਆਂ ਫਿਕਰ ਵਰਗੀਆਂ ਬਲਾਵਾਂ ਤੋਂ ਬਹੁਤ ਦੂਰ ਰਿਹਾ। ਮਾਪਿਆਂ ਦੇ ਸਿਰ ’ਤੇ ਬੇਫਿਕਰੀ ਸੀ। ਪਿਤਾ ਜੀ ਡਾਕਖਾਨੇ ਵਿੱਚ ਨੌਕਰੀ ਕਰਦੇ ਸਨ। ਮਾਤਾ ਘਰ ਵਿੱਚ ਕੱਪੜੇ ਸਿਲਾਈ ਦਾ ਕੰਮ ਕਰਦੇ ਸਨ। ਸ਼ਹਿਰ ਵਿੱਚ ਲੇਡੀਜ਼ ਸੂਟਾਂ ਦੀ ਸਿਲਾਈ ਵਿੱਚ ਮਾਤਾ ਦੇ ਬਰਾਬਰ ਕੋਈ ਹੋਰ ਨਹੀਂ ਸੀ। ਪਿਤਾ ਜੀ ਤੇ ਮਾਤਾ ਜੀ ਦੀ ਕਮਾਈ ਨਾਲ ਘਰ ਦਾ ਗੁਜਾਰਾ ਵਧੀਆ ਚੱਲ ਜਾਂਦਾ ਸੀ। ਘਰ ਵਿੱਚ ਖਾਣ ਪੀਣ ਦੀ ਕੋਈ ਕਮੀ ਨਹੀਂ ਸੀ।

ਮੇਰੀ ਮਾਤਾ ਕੋਲ ਇੱਕ ਕਾਲੇ ਰੰਗ ਦਾ ਵੈਲਵਟ ਦਾ ਬਟੂਆ ਹੁੰਦਾ ਸੀ, ਜੋ ਹਮੇਸ਼ਾ ਭਰਿਆ ਰਹਿੰਦਾ ਸੀ। ਕੋਈ ਦਿਨ ਅਜਿਹਾ ਨਹੀਂ ਸੀ ਜਦੋਂ ਮਾਂ ਸ਼ਾਮ ਦੀ ਚਾਹ ਬਿਨਾਂ ਕਿਸੇ ਚੀਜ਼ ਤੋਂ ਪਿਆਉਂਦੀ ਸੀ। ਜਦੋਂ ਸ਼ਾਮ ਹੁੰਦੀ ਮਾਂ ਚਾਹ ਬਣਾਉਂਦੀ, ਮੈਂਨੂੰ ਪੈਸੇ ਦੇ ਦਿੰਦੀ ਅਤੇ ਮੈਂ ਕੁਝ ਨਾ ਕੁਝ ਖਾਣ ਨੂੰ ਲੈ ਆਉਂਦਾ। ਰੋਟੀ ਸਬਜ਼ੀ ਬਣਾਉਣ ਵਿੱਚ ਵੀ ਮਾਤਾ ਦਾ ਕੋਈ ਜਵਾਬ ਨਹੀਂ ਸੀ। ਇੱਕ ਉਹਦੇ ਕੋਲ ਆਪਣੇ ਵੱਲੋਂ ਤਿਆਰ ਕੀਤੀ ਰੈਸਪੀ ਸੀ ਜਿਸਦਾ ਨਾਂ ਥੁਲ੍ਹੀ ਸੀ। ਗਾਜ਼ਰ, ਆਲੂ, ਮਟਰ, ਗੋਭੀ ਤੇ ਸ਼ਲਗਮ ਨੂੰ ਅਲੱਗ ਫਰਾਈ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਉਸ ਨੂੰ ਕੁੱਕਰ ਵਿੱਚ ਰੱਖ ਕੇ ਦਾਲ ਅਤੇ ਦਲੀਏ ਦੇ ਮਿਕਸਰ ਦੇ ਵਿੱਚ ਸੁੱਟ ਕੇ ਕੁੱਕਰ ਦੀਆਂ ਸੀਟੀਆਂ ਮਰਵਾ ਕੇ ਤਿਆਰ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਇਹ ਸਾਰੇ ਮਟੀਰੀਅਲ ਨੂੰ ਲਸਣ, ਪਿਆਜ਼, ਅਦਰਕ ਅਤੇ ਟਮਾਟਰ ਦਾ ਤੜਕਾ ਲਾ ਦਿੱਤਾ ਜਾਂਦਾ ਸੀ। ਇਹ ਮੇਰੀ ਮਨਭਾਉਂਦੀ ਖੁਰਾਕ ਸੀ। ਇੱਕ ਮਾਤਾ ਚਿੱਕੜੀ ਬਣਾਉਂਦੀ ਸੀ। ਘਰ ਵਿੱਚ ਜਦੋਂ ਮੱਖਣ ਤੋਂ ਦੇਸੀ ਘਿਉ ਕੱਢਿਆ ਜਾਂਦਾ ਸੀ ਤਾਂ ਉਸ ਦੇ ਭਾਂਡੇ ਵਿੱਚ ਜੋ ਛਿੱਦੀ ਬਚ ਜਾਂਦੀ ਸੀ ਉਸ ਵਿੱਚ ਆਟਾ ਰਲਾ ਕੇ ਮਾਤਾ ਗੁੰਨ੍ਹ ਲੈਂਦੀ ਸੀ। ਉਸ ਦੇ ਬਣੇ ਪਰੌਂਠੇ ਬੜੇ ਕੜਕਵੇਂ ਅਤੇ ਖਾਣ ਨੂੰ ਬਹੁਤ ਸੁਆਦੀ ਹੁੰਦੇ ਹਨ।

ਉਸ ਤੋਂ ਬਾਅਦ ਹਰ ਸਰਦੀਆਂ ਵਿੱਚ ਮਾਤਾ ਦੋ ਵਾਰ ਪਿੰਨੀਆਂ ਜ਼ਰੂਰ ਬਣਾਉਂਦੀ। ਪਿੰਨੀਆਂ ਵੱਟਣ ਦਾ ਕੰਮ ਮੇਰਾ ਹੁੰਦਾ ਸੀ। ਸਾਗ ਵਿੱਚ ਅੱਲਣ ਪਾ ਕੇ ਘੋਟਣ ਦਾ ਕੰਮ ਵੀ ਮੇਰਾ ਹੁੰਦਾ ਸੀ। ਨਾਸ਼ਤੇ ਵਿੱਚ ਗੋਭੀ, ਮੂਲੀ ਆਲੂ ਤੇ ਮੇਥੀ ਦੇ ਪਰੋਂਠੇ ਜ਼ਰੂਰ ਹੁੰਦੇ। ਮੱਖਣ ਘਰ ਦਾ ਹੀ ਹੁੰਦਾ ਸੀ। ਉਸ ਸਮੇਂ ਹਰ ਚੀਜ਼ ਬਿਨਾਂ ਮਿਲਾਵਟ ਤੋਂ ਸ਼ੁੱਧ ਹੁੰਦੀ ਸੀ। ਮੈਂਨੂੰ ਯਾਦ ਹੈ ਪੰਜ ਪੰਜ ਪਰੋਂਠੇ ਤਾਂ ਇੱਕ ਟਾਈਮ ਮੈਂ ਖਾ ਜਾਂਦਾ ਸੀ। ਇੰਨੀ ਜ਼ਿਆਦਾ ਖੁਰਾਕ ਨੇ ਕਦੇ ਵੀ ਸਰੀਰ ਨੂੰ ਕਸ਼ਟ ਨਹੀਂ ਦਿੱਤਾ ਸੀ ਕਿਉਂਕਿ ਉਸ ਸਮੇਂ ਸਾਈਕਲ ਬਹੁਤ ਚਲਾਈਦਾ ਸੀ ਅਤੇ ਪੈਦਲ ਬਹੁਤ ਜਾਈਦਾ ਸੀ।

ਜਦੋਂ ਬਰਸਾਤ ਦਾ ਮੌਸਮ ਹੁੰਦਾ ਤਾਂ ਸਾਡੇ ਘਰ ਪਕੌੜੇ ਜ਼ਰੂਰ ਬਣਦੇ ਸਨ। ਮੇਰੇ ਪਿਤਾ ਹੀ ਮਿੱਠੇ ਦੇ ਬਹੁਤ ਸ਼ੋਕੀਨ ਸਨ। ਇਸ ਲਈ ਘਰ ਵਿੱਚ ਖੀਰ ਪੂੜੇ ਅਤੇ ਕੜਾਹ ਮਹੀਨੇ ਵਿੱਚ ਦੋ ਵਾਰ ਜ਼ਰੂਰ ਬਣਦੇ। ਸਾਡੇ ਘਰ ਗੰਨੇ ਤੇ ਛੱਲੀਆਂ ਆਮ ਹੀ ਹੁੰਦੇ ਸਨ। ਪਿਤਾ ਜੀ ਨੂੰ ਸ਼ੱਕਰਕੰਦੀ ਬਹੁਤ ਚੰਗੀ ਲੱਗਦੀ ਸੀ ਜਦੋਂ ਵੀ ਕਦੇ ਉਹ ਸਬਜ਼ੀ ਮੰਡੀ ਜਾਂਦੇ, ਸ਼ੱਕਰਕੰਦੀ ਦਾ ਥੈਲਾ ਭਰ ਕੇ ਜ਼ਰੂਰ ਲਿਆਉਂਦੇ। ਸਾਡੇ ਮੁਹੱਲੇ ਵਿੱਚ ਇੱਕ ਸਾਂਝਾ ਤੰਦੂਰ ਹੁੰਦਾ ਸੀ, ਜਿੱਥੇ ਸਾਰੀਆਂ ਤੀਵੀਆਂ ਦੁਪਹਿਰ ਨੂੰ ਪਰਾਤ ਵਿੱਚ ਆਟਾ ਗੁੰਨ੍ਹ ਕੇ ਉੱਥੇ ਰੋਟੀਆਂ ਲਾਉਂਦੀਆਂ। ਮੇਰੀ ਮਾਤਾ ਵੀ ਤੰਦੂਰ ਤੋਂ ਜਦੋਂ ਰੋਟੀਆਂ ਲਾਹ ਕੇ ਲਿਆਉਂਦੀ ਤੇ ਘਰ ਦੇ ਮੱਖਣ ਨਾਲ ਚੋਪੜ ਕੇ ਟੀਂਡੇ ਜਾਂ ਪੇਠੇ ਦੀ ਸਬਜ਼ੀ ਨਾਲ ਖਵਾਉਂਦੀ, ਤੰਦੂਰੀ ਰੋਟੀਆਂ ਨਾਲ ਲੱਸੀ ਪੀ ਕੇ ਨਜ਼ਾਰਾ ਆ ਜਾਂਦਾ। ਮੈਂ ਤੇ ਮੇਰਾ ਛੋਟਾ ਭਰਾ ਨਵਰਾਜ ਅਸੀਂ ਆਪਣੀ ਮਾਤਾ ਨਾਲ ਰਸੋਈ ਦੇ ਕੰਮ ਵਿੱਚ ਵੀ ਹੱਥ ਵਟਾ ਦਿੰਦੇ ਸੀ। ਸਾਡੀ ਕੋਈ ਭੈਣ ਨਹੀਂ ਸੀ, ਇਸ ਲਈ ਸਾਡੀ ਮਾਂ ਸਾਡੇ ਦੋਵਾਂ ਭਰਾਵਾਂ ਨਾਲ ਹਰ ਗੱਲ ਸਾਂਝੀ ਕਰ ਲੈਂਦੀ ਸੀ।

ਮਾਤਾ ਦਾ ਦਿਲ ਬੜਾ ਵਿਸ਼ਾਲ ਸੀ। ਉਹਨੇ ਸਾਨੂੰ ਖਾਣ ਪੀਣ ਵਿੱਚ ਕਦੇ ਵੀ ਤੰਗੀ ਨਹੀਂ ਆਉਣ ਦਿੱਤੀ।

ਲੋਹੜੀ ਵਾਲੇ ਦਿਨ ਨੂੰ ਮੁਹੱਲੇ ਦੇ ਕੁੜੀਆਂ ਮੁੰਡੇ ਲੋਕਾਂ ਤੋਂ ਲੋਹੜੀ ਮੰਗਦੇ। ਸਾਰੇ ਮੁਹੱਲੇ ਵਿੱਚ ਮੈਂ ਤੇ ਮੇਰਾ ਭਰਾ ਕਦੇ ਵੀ ਕਿਸੇ ਘਰ ਲੋਹੜੀ ਮੰਗਣ ਨਹੀਂ ਜਾਂਦੇ ਸੀ। ਮੇਰੀ ਮਾਂ ਨੇ ਸਖ਼ਤ ਮਨ੍ਹਾਂ ਕੀਤਾ ਸੀ। ਉਹ ਕਹਿੰਦੀ ਸੀ ਕਿ ਜਿੰਨੇ ਪੈਸੇ ਦੀ ਲੋੜ ਹੈ, ਤੁਸੀਂ ਮੈਥੋਂ ਲਵੋ, ਪਰ ਲੋਹੜੀ ਨਹੀਂ ਮੰਗਣੀ।

ਭਾਵੇਂ ਸਾਡਾ ਪਰਿਵਾਰ ਅਮੀਰ ਨਹੀਂ ਸੀ ਪਰ ਸਾਡਾ ਰਹਿਣ ਸਹਿਣ ਤੇ ਖਾਣ ਪੀਣ ਅਮੀਰਾਂ ਨੂੰ ਵੀ ਮਾਤ ਪਾਉਂਦਾ ਸੀ। ਮੇਰੀ ਮਾਤਾ ਅੱਜ ਵੀ ਮੇਰੇ ਖੁੱਲ੍ਹੇ ਡੁੱਲ੍ਹੇ ਖਾਣ ਪੀਣ ਦਾ ਜ਼ਿਕਰ ਕਰਦੀ ਹੈ। ਮੈਂ ਤਾਂ ਰੋਟੀਆਂ ਉੱਤੇ ਪਤੀਲੇ ਵਿੱਚੋਂ ਹੱਥ ਪਾ ਕੇ ਮਲਾਈ ਕੱਢ ਕੇ ਉੱਤੇ ਧਰ ਦਿੰਦਾ ਸੀ ਤੇ ਲੂਣ, ਕਾਲੀ ਮਿਰਚ ਪਾ ਕੇ ਉਸ ਦੀ ਚੂਰੀ ਬਣਾਉਂਦਾ ਸੀ। ਬਣਾਈ ਚੂਰੀ ਉੱਤੇ ਦਾਲ ਦਾ ਬਾਟਾ ਉਲਟਾ ਦਿੰਦਾ ਤੇ ਫਿਰ ਉਹਦਾ ਗੁਤਾਵਾ ਬਣਾ ਕੇ ਖਾਂਦਾ। ਕਈ ਵਾਰ ਰੋਟੀ ਉੱਤੇ ਸ਼ੱਕਰ ਦੇਸੀ ਘੀ ਪਾ ਕੇ ਚੂਰੀ ਕੁੱਟ ਕੇ ਵੀ ਬਹੁਤ ਸੁਆਦ ਲੱਗਦੀ ਹੈ। ਸਾਡੇ ਦੋਵਾਂ ਭਰਾਵਾਂ ਦਾ ਮਾਤਾ ਨਾਲ ਪਿਆਰ ਜ਼ਿਆਦਾ ਸੀ। ਪਿਤਾ ਜੀ ਮੇਰੇ ਥੋੜ੍ਹੇ ਸਖ਼ਤ ਸੁਭਾਅ ਦੇ ਸਨ। ਆਪਣੀ ਸਚਾਈ, ਇਮਾਨਦਾਰੀ ਅਤੇ ਅਸੂਲਾਂ ਕਰਕੇ ਸਾਰੇ ਸ਼ਹਿਰ ਦੇ ਲੋਕ ਉਨ੍ਹਾਂ ਨੂੰ ਜਾਣਦੇ ਸਨ। ਤਨਖਾਹ ਤੋਂ ਇਲਾਵਾ ਕੋਈ ਹੋਰ ਪੈਸਾ ਪਿਤਾ ਜੀ ਨੇ ਘਰ ਨਹੀਂ ਲਿਆਉਂਦੇ ਸਨ। ਮੈਂ ਦੋ ਚੀਜ਼ਾਂ ਆਪਣੇ ਮਾਤਾ ਪਿਤਾ ਤੋਂ ਸਿੱਖੀਆਂ ਹਨ, ਇੱਕ ਮਾਂ ਤੋਂ ਮਹਿਮਾਨ ਨਿਵਾਜ਼ੀ ਤੇ ਪਿਤਾ ਤੋਂ ਈਮਾਨਦਾਰੀ। ਮੇਰੇ ਇਨ੍ਹਾਂ ਦੋਨਾਂ ਗੁਣਾਂ ਕਰਕੇ ਲੋਕ ਮੇਰੇ ਉੱਤੇ ਮਾਣ ਕਰਦੇ ਹਨ।

ਮਾਤਾ ਪਿਤਾ ਹੁਣ ਬਜ਼ੁਰਗ ਹੋ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਨਿਭਾਏ ਸਾਡੇ ਪ੍ਰਤੀ ਫਰਜ਼ਾਂ ਦਾ ਅਸੀਂ ਕਦੇ ਵੀ ਕਰਜ਼ਾ ਮੋੜ ਨਹੀਂ ਸਕਦੇ। ਸਾਗ ਅਤੇ ਪਿੰਨੀਆਂ ਦੀ ਗੱਲ ਪੁਰਾਣੀ ਹੋ ਗਈ। ਹੁਣ ਬਜ਼ੁਰਗ ਮਾਤਾ ਕੋਲ ਪਿੰਨੀਆਂ ਨਹੀਂ ਬਣਦੀਆਂ ਤੇ ਪਿੰਨੀਆਂ ਵੱਟਣ ਦਾ ਹੁਣ ਬੱਚਿਆਂ ਕੋਲ ਵੀ ਸਮਾਂ ਨਹੀਂ। ਸਾਗ ਬਣਾਉਣ ਦਾ ਤਰੱਦਦ ਮਾਂ ਕੋਲੋਂ ਹੁੰਦਾ ਨਹੀਂ ਤੇ ਸਾਗ ਨੂੰ ਘੋਟਣ ਦਾ ਸਮਾਂ ਹੁਣ ਬੱਚਿਆਂ ਕੋਲ ਨਹੀਂ। ਅੱਜ ਕੱਲ੍ਹ ਦੀਆਂ ਨੂੰਹਾਂ ਪੜ੍ਹੀਆਂ ਲਿਖੀਆਂ ਹਨ ਤੇ ਨੌਕਰੀਆਂ ਕਰਦੀਆਂ ਹਨ। ਉਹਨਾਂ ਕੋਲ ਹੁਣ ਸਾਗ ਬਣਾਉਣ ਤੇ ਪਿੰਨੀਆਂ ਬਣਾਉਣ ਦਾ ਸਮਾਂ ਨਹੀਂ। ਹੁਣ ਤਾਂ ਮਾਰਕਫੈੱਡ ਦਾ ਸਾਗ ਤੇ ਵੇਰਕੇ ਦੀਆਂ ਪਿੰਨੀਆਂ ਰੈਡੀਮੇਡ ਮਿਲ ਜਾਂਦੀਆਂ ਹਨ ਪਰ ਉਨ੍ਹਾਂ ਵਿੱਚ ਮਾਂ ਦੀ ਮਮਤਾ ਵਾਲਾ ਪਿਆਰ ਨਹੀਂ ਹੁੰਦਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1982)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਨਵਦੀਪ ਸਿੰਘ ਭਾਟੀਆ

ਨਵਦੀਪ ਸਿੰਘ ਭਾਟੀਆ

Kharar, SAS Nagar, Punjab, India.
Phone: (91 - 98767 - 29056)
Email: (singhbhatia71@gmail.com)

More articles from this author