TarsemSBhangu7ਮੈਂ ਬੜੇ ਵੇਖੇ ਨੇ ਜ਼ਮੀਨਾਂ ਦੇ ਮਾਲਕ ਉੱਧਰ ਦਿਹਾੜੀਆਂ ਲਾਉਂਦੇ, ਜਿਹਨਾਂ ਵਿੱਚੋਂ ...
(28 ਜਨਵਰੀ 2019)

 

TarsemBhanguBookA3“ਬਰਾਰਾ, ਚਲਨਾ ਕਾਮ ’ਤੇ ਕਿ ...?” ਬਾਕੀ ਹਰਬੀਰ ਦੇ ਸਮਝਣ ਲਈ ਛੱਡ ਦੂਜੇ ਮਜ਼ਦੂਰਾਂ ਵੱਲ ਅਹੁਲਦੇ ਬਿਹਾਰ ਵਿੱਚੋਂ ਆ ਕੇ ਠੇਕੇਦਾਰ ਬਣੇ ਰਾਮ ਵਿਲਾਸ ਨੇ ਕਿਹਾ, ਜੋ ਹੁਣ ਕਦੀ ਕਦੀ ਬਹੁਤ ਵਧੀਆ ਪੰਜਾਬੀ ਬੋਲ ਲੈਂਦਾ ਸੀ

ਬਰਾੜ ਜੱਟ ਤੋਂ ਰਾਜ ਮਿਸਤਰੀ ਬਣੇ ਹਰਬੀਰ ਨੇ ਬਿਨਾ ਜਵਾਬ ਦਿੱਤੇ ਕੁਰਬਲ-ਕੁਰਬਲ ਕਰਦੇ ਲੇਬਰ ਚੌਂਕ ’ਤੇ ਨਿਗਾਹ ਮਾਰੀ, ਜਿੱਥੇ ਕੰਮ ਲਈ ਮਜ਼ਦੂਰਾਂ ਤੇ ਮਿਸਤਰੀਆਂ ਨੂੰ ਲੈਣ ਵਾਸਤੇ ਆਏ ਹੋਰ ਠੇਕੇਦਾਰਾਂ ਵੱਲ ਸ਼ਹਿਦ ਦੀਆਂ ਮੱਖੀਆਂ ਵਾਂਗ ਮਜ਼ਦੂਰ ਇੱਕ ਦੂਜੇ ਤੋਂ ਅੱਗੇ ਹੋ ਕੇ ਕੰਮ ’ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨਪਰ ਰੋਜ਼ ਮਿਸਤਰੀਆਂ ਅਤੇ ਮਜ਼ਦੂਰਾਂ ਵਿੱਚ ਵਿੱਚਰਦੇ ਠੇਕੇਦਾਰ ਚੋਣਵੇਂ ਕੰਮ ਵਾਲੇ ਬੰਦਿਆਂ ਨੂੰ ਹੀ ਪਹਿਲਾਂ ਪੁੱਛ-ਗਿੱਛ ਕਰਦੇਹਰਬੀਰ ਨੂੰ ਪਤਾ ਸੀ ਕਿ ਉਸਦੇ ਹੁੰਦਿਆਂ ਠੇਕੇਦਾਰ ਰਾਮ ਵਿਲਾਸ ਹੋਰ ਕਿਸੇ ਰਾਜ ਮਿਸਤਰੀ ਨੂੰ ਲਿਜਾ ਹੀ ਨਹੀਂ ਸਕਦਾ ਕਿਉਂਕਿ ਠੇਕੇਦਾਰ ਦੀ ਪਾਰਖੂ ਅੱਖ ਨੇ ਹਰਬੀਰ ਨੂੰ ਪਰਖ਼ ਲਿਆ ਸੀਉਹ ਤਾਂ ਇੱਕ ਦਿਹਾੜੀ ਦੇ ਵਾਧੇ-ਘਾਟੇ ਤੋਂ ਬਹਿਸਦਿਆਂ ਐਵੇਂ ਇੱਕ ਦਿਹਾੜੀ ਟੁੱਟ ਗਈ ਸੀ ਜੋ ਹੁਣੇ ਹੀ ਠੇਕੇਦਾਰ ਜਣਾ ਕੇ ਹਟਿਆ ਸੀ

“ਸਾਲੇ ਭਈਏ ਬਿਹਾਰੋਂ ਭੁੱਖੇ ਮਰਦੇ ਇੱਥੇ ਆ ਕੇ ਸਾਡੇ ’ਤੇ ਹੁਕਮ ਚਲਾਉਣ ਡਹਿ ਪਏ ...” ਹਰਬੀਰ ਮੂੰਹ ਵਿੱਚ ਹੀ ਬੁੜ-ਬੁੜਾਇਆ

“ਪਰ ਇਹ ਕਸੂਰ ਕਿਸਦਾ ਹੈ? ਕਿਰਤ ਕਰਦੇ ਨੇ, ਕਿਸੇ ਤੋਂ ਖੋਂਹਦੇ ਤਾਂ ਨਹੀਂ, ਅਸੀਂ ਪੰਜਾਬੀ ਤਾਂ ਡੱਕਾ ਨਹੀਂ ਤੋੜਦੇ, ਸ਼ਾਇਦ ਇਹ ਵੀ ਮੇਰੇ ਵਾਂਗ ਮਜਬੂਰੀ ਵਿੱਚ ਹੀ ਆਏ ਹੋਣ!” ਫਿਰ ਹਰਬੀਰ ਨੇ ਆਪਣੇ ਆਪ ਨੂੰ ਕਈ ਸਵਾਲ ਕੀਤੇ

ਹਰਬੀਰ ਗੁਜ਼ਾਰੇ ਜੋਗੀ ਜ਼ਮੀਨ ਦੇ ਮਾਲਕ ਪਿਓ ਦਾ ਪੁੱਤਰ ਸੀ, ਜਿਸ ਨੂੰ ਪ੍ਰਾਇਮਰੀ ਸਕੂਲ ਤੋਂ ਲੈ ਕੇ ਕਾਲਜ ਤੱਕ ਜਾਂਦੇ ਖੁੱਲ੍ਹਾ ਖਰਚਾ ਤੇ ਚੰਗਾ ਪਹਿਨਣ ਮਿਲਿਆ ਸੀਖਰਚਾ ਕਿੱਥੋਂ ਆਉਂਦਾ ਸੀ, ਕਿਵੇਂ ਆਉਂਦਾ ਸੀ ਇਹ ਕਦੀ ਉਸਨੇ ਸੋਚਣ ਦੀ ਲੋੜ ਹੀ ਨਹੀਂ ਸਮਝੀ ਸੀਇਹ ਤਾਂ ਉਦੋਂ ਹੀ ਪਤਾ ਲੱਗਾ ਸੀ ਜਦੋਂ ਬੈਂਕ ਤੋਂ ਲਿਮਟ ਬਣਵਾ ਕੇ ਚੁੱਕਿਆ ਕਰਜ਼ਾ ਤਿੰਨ ਗੁਣਾ ਹੋ ਗਿਆ ਸੀ ਤੇ ਕਰਜ਼ਾ ਨਾ ਮੋੜਨ ਕਰਕੇ ਬੈਂਕ ਵਾਲਿਆਂ ਨੇ ਜ਼ਮੀਨ ਦੀ ਕੁਰਕੀ ਦੇ ਸੰਮਨ ਭੇਜ ਦਿੱਤੇ ਸਨਲੱਖ ਕੋਸ਼ਿਸ਼ਾਂ ਦੇ ਬਾਵਜੂਦ ਨਿੱਤ ਪਿਓ ਨਾਲ ਮਹਿਫ਼ਲਾਂ ਜਮਾਈ ਰੱਖਣ ਵਾਲੇ ਭਾਲਿਆਂ ਵੀ ਨਹੀਂ ਸਨ ਲੱਭੇ

ਉਦੋਂ ਤਾਂ ਹਰਬੀਰ ਵੀ ਬੜਾ ਚੰਗਾ ਲੱਗਦਾ ਸੀ, ਜਦੋਂ ਪਿਓ ਵਾਂਗ ਹੀ ਉਹਦੇ ਯਾਰ ਦੋਸਤ ਉਸਦੇ ਮੋਟਰਸਾਈਕਲ ’ਤੇ ਬੈਠ ਕੁੜੀਆਂ ਦੇ ਸਕੂਲ ਜਾਂ ਕਾਲਜ ਮੂਹਰੇ ਗੇੜੀਆਂ ਦੇਂਦੇ ਸਨ ਇੱਕ ਵਾਰ ਮਾਂ ਨੇ ਜਦੋਂ ਨਵੇਂ ਮੋਟਰਸਾਈਕਲ ’ਤੇ ਸਿਰਫ਼ ਘਰੋਂ ਕਾਲਜ ਅਤੇ ਕਾਲਜੋਂ ਘਰ ਸਿੱਧੇ ਆਉਣ ਲਈ ਤਾੜਨਾ ਕੀਤੀ ਸੀ ਤਾਂ ਹਰਬੀਰ ਬੇਪਰਵਾਹੀ ਜਿਹੀ ਨਾਲ ਮਾਂ ਨੂੰ ਮੁਖ਼ਾਤਿਬ ਹੋਇਆ ਸੀ, “ਬੀਬੀ, ਜੇ ਮੁੰਡਿਆਂ ਨਾਲ ਇੱਕ ਗੇੜੀ ਜਹਾਜ਼ ਚੌਂਕ ਦੀ ਨਾ ਲਾਈਏ ਤਾਂ ਮੁੰਡੇ ਮਖੌਲ ਕਰਦੇ ਨੇ, “ਸਾਲਾ ਸੂਮ ਪਿਓ ਦਾ ਪੁੱਤ

ਉੱਪਰੋਂ ਪਿਓ ਨੇ ਦੋਹਰ ਪਾਉਂਦਿਆਂ ਕਿਹਾ ਸੀ, “ਕੁੜੀ ਯਾ ... ਐਵੇਂ ਨਾ ਮੁੰਡੇ ਨੂੰ ਟੋਕਦੀ ਰਿਹਾ ਕਰ, ਹੱਸਣ-ਖੇਡਣ ਦੇ ਦਿਨ ਨੇ ਜੁਆਕ ਦੇ

“ਆਹੋ, ਤੇਰੇ ਵਾਲੀਆਂ ਆਦਤਾਂ ਇਹਦੇ ’ਚ ਪੈਣ ਤੋਂ ਕੋਈ ਕਸਰ ਬਾਕੀ ਨਾ ਰਹਿ ਜੇ ...” ਮਾਂ ਸਿਰਫ਼ ਇੰਨਾ ਹੀ ਬੋਲੀ ਸੀ

ਹਰਬੀਰ ਇੱਕ ਗਾਇੱਕ ਵੱਲੋਂ ਗਾਏ ਗੀਤ ਦੇ ਬੋਲ ਯਾਦ ਹੋ ਆਏ, ‘ਬਾਬਲ ਹੁੰਦਿਆਂ ਬੇਪ੍ਰਵਾਹੀਆਂ ਰੱਬ ਯਾਦ ਨਹੀਂ ਰਹਿੰਦਾ

ਠੀਕ ਹੀ ਰੱਬ ਯਾਦ ਨਹੀਂ ਸੀ ਉਸ ਵੇਲੇ ਹਰਬੀਰ ਦੇ, ਤੇ ਅੱਜ ਉਸ ਨੂੰ ਸ਼ਰਮ ਜਿਹੀ ਆਉਂਦੀ ਹੈ ਆਪਣੇ ਜੱਟ ਹੋਣ ’ਤੇਕਾਸ਼! ਉਹ ਕਿਸੇ ਕਾਰੀਗਰ ਜਾਂ ਮਜ਼ਦੂਰ ਦੇ ਘਰ ਪੈਦਾ ਹੋਇਆ ਹੁੰਦਾ, ਚੌਂਕ ਵਿੱਚ ਔਜ਼ਾਰਾਂ ਵਾਲਾ ਝੋਲਾ ਫੜੀ ਖਲੋਤਿਆਂ ਵਾਕਫ਼ਕਾਰਾਂ ਤੋਂ ਮੂੰਹ ਤਾਂ ਨਾ ਛੁਪਾਉਣਾ ਪੈਂਦਾ!

ਕਿਸੇ ਠੀਕ ਹੀ ਕਿਹਾ ਹੈ ਵਕਤ ਪੈਣ ’ਤੇ ਆਪਣਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈਹਰਬੀਰ ਦੇ ਬਾਪ ਨਾਲ ਵੀ ਇੰਜ ਹੀ ਹੋਇਆ ਸੀਖੁਦ ਨਾਲ ਵੀ ਪਰਛਾਵੇਂ ਵਾਂਗ ਰਹਿੰਦੇ ਪੈੱਗ-ਵੱਟ ਯਾਰ ਹੌਲੀ-ਹੌਲੀ ਕਿਨਾਰਾ ਕਰ ਗਏ ਸਨਹੁਣ ਤਾਂ ਹਰਬੀਰ ਨੂੰ ਖੁਦ ਦੇ ਪਰਛਾਵੇਂ ਦਾ ਵੀ ਭਰੋਸਾ ਨਹੀਂ ਰਿਹਾ, ਪਤਾ ਨਹੀਂ ਇਹ ਵੀ ਕਦੋਂ ਸਾਥ ਛੱਡ ਜਾਵੇ

ਠੇਕੇਦਾਰ ਰਾਮ ਵਿਲਾਸ ਹਰਬੀਰ ਨੂੰ ਬਰਾੜ ਇਸ ਲਈ ਕਹਿੰਦਾ ਸੀ ਕਿ ਉਸਦੇ ਪਿਤਾ ਸੁਲੱਖਣ ਸਿੰਘ ਬਰਾੜ ਨੇ ਨਵੀਂ ਪਾਈ ਕੋਠੀ ਦਾ ਸਾਰਾ ਕੰਮ ਉਸ ਤੋਂ ਕਰਵਾਇਆ ਸੀਲਗਾਤਾਰ ਛੇ ਮਹੀਨੇ ਉਨ੍ਹਾਂ ਦੇ ਘਰ ਆਉਣ ਜਾਣ ਕਰਕੇ ਆਪਣਿਆਂ ਵਾਂਗ ਤੇਹ ਜਿਹਾ ਕਰਨ ਲੱਗ ਪਿਆ ਸੀ ਉਦੋਂ ਹਰਬੀਰ ਨੂੰ ਇਹ ਬਿਲਕੁਲ ਪਤਾ ਨਹੀਂ ਸੀ ਕਿ ਨਵੀਂ ਕੋਠੀ, ਭੈਣ ਦਾ ਗੱਜ-ਵੱਜ ਕੇ ਕੀਤਾ ਵਿਆਹ, ਅਤੇ ਉਸ ਵੱਲੋਂ ਕਾਲਜ ਜਾਣ ਲਈ ਜ਼ਿਦ ਕਰਕੇ ਲਿਆ ਬੁਲਟ, ਇਹ ਸਾਰਾ ਕੁਝ ਜ਼ਮੀਨ ਦੀ ਮੋਟੀ ਲਿਮਟ ਬਣਾ ਕੇ ਬਣਾਇਆ ਸੀਬਚਪਨ ਦੇ ਮਾਣੇ ਆਨੰਦ ਦੀ ਉਸ ਨੂੰ ਹੁਣ ਭਾਲੀ-ਭਾਂਤ ਸਮਝ ਪੈ ਰਹੀ ਸੀ

ਵੈਸੇ ਇਹ ਹਾਲ ਹਰ ਅੱਲੜ੍ਹ ਬੱਚੇ ਦਾ ਹੁੰਦਾ ਹੈਭਾਵੇਂ ਸਰਕਾਰ ਨੇ ਬੈਂਕ ਦੀ ਲਿਮਟ ਦਾ ਵਿਆਜ ਬਹੁਤ ਘੱਟ ਰੱਖਿਆ ਹੋਇਆ ਸੀ ਪਰ ਇਹ ਫ਼ਾਇਦਾ ਸਿਰਫ਼ ਉਹੀ ਕਿਸਾਨ ਉਠਾ ਸਕਦਾ ਸੀ ਜੋ ਛੇਈਂ ਮਹੀਨੀ ਲਿਮਟ ਨਵਿਆਉਂਦਾ ਸੀਜਿੰਨੀ ਲਿਮਟ ਦੀ ਰਕਮ ਸੀ ਜ਼ਮੀਨ ਓਨੀ ਫ਼ਸਲ ਨਹੀਂ ਕੱਢਦੀ ਸੀਜੇ ਕਿਧਰੇ ਕੋਈ ਮਰਨਾ-ਜੰਮਣਾ, ਜਾਂ ਵਰ੍ਹੀਣਾ ਪੈ ਗਿਆ, ਫ਼ਸਲ ਮਾਰ ਹੋ ਗਈ ਜਾਂ ਜਿਣਸ ਦੀ ਪੇਮੈਂਟ ਰੁਕ ਗਈ ਤਾਂ ਮੋਟਾ ਵਿਆਜ ਜਮ੍ਹਾਂ ਹੋ ਜਾਂਦਾ ਜੋ ਮੂਲ ਵਿੱਚ ਵਾਧਾ ਕਰ ਜਾਂਦਾ ਸੀਇਹ ਤਾਂ ਕੁਝ ਚਿਰ ਉਸਦੇ ਪਿਤਾ ਦੇ ਦੋਸਤ ਸਿੱਧੂ ਸਰਦਾਰ ਦੇ ਆੜ੍ਹਤੀ ਹੋਣ ਕਰਕੇ ਉਸ ਤੋਂ ਪੈਸੇ ਫੜ ਲਿਮਟ ਨਵਿਆ ਹੋ ਜਾਂਦੀ ਸੀ, ਵਰਨਾ ਕੁਰਕੀ ਤਾਂ ਕਦੋਂ ਦੀ ਹੋ ਜਾਂਦੀ

ਹਾਂ, ਸੁਲੱਖਣ ਬਰਾੜ ਦੀ ਬਾਜ਼ ਵਾਲੀ ਕੋਠੀ ਜ਼ਰੂਰ ਪਿੰਡ ਵਿੱਚ ਦਿਸਦੀ ਸੀ ਪਰ ਵਿੱਚੋਂ ਖੋਖਲੀ ਸੀ

“ਚੱਲੇਂ ਫਿਰ ਸਹਿਰ ਈ ਇੱਕ ਪੋਰੀ ਚਾਰਨੀ ਹੈਗਾ” ਦੋ ਮਜ਼ਦੂਰ ਲਈ ਖਲੋਤੇ ਠੇਕੇਦਾਰ ਨੇ ਸੋਚੀਂ ਪਏ ਹਰਬੀਰ ਨੂੰ ਝੰਜੋੜਦਿਆਂ ਕਿਹਾ

ਹਰਬੀਰ ਵੱਲੋਂ ਬਿਨਾਂ ਕੁਝ ਬੋਲਿਆਂ ਝੋਲਾ ਟੰਗਿਆ ਬਿਨਾਂ ਮਡਗਾਰਡਾਂ ਤੋਂ ਸਾਈਕਲ ਸਟੈਂਡ ਤੋਂ ਉਤਾਰਨ ਦਾ ਮਤਲਬ ਸੀ, ‘ਚੱਲ ਕਿੱਥੇ ਚੱਲਣੈ

ਠੇਕੇਦਾਰ ਨੇ ਆਪਣੀ ਭਾਸ਼ਾ ਵਿੱਚ ਮਜ਼ਦੂਰਾਂ ਨੂੰ ਕੁਝ ਕਿਹਾ, ਜੋ ਹਰਬੀਰ ਦੀ ਸਮਝ ਨਹੀਂ ਪਿਆਸ਼ਾਇਦ ਕੰਮ ਵਾਲੀ ਜਗ੍ਹਾ ਬਾਰੇ ਦੱਸਿਆ ਸੀਠੇਕੇਦਾਰ ਨਗਰ ਪਾਲਿਕਾ ਦੇ ਮਜ਼ਦੂਰ ਸ਼ੈੱਡ ਵਿੱਚ ਲੱਗੇ ਨਵੇਂ ਸਾਈਕਲ ਦਾ ਤਾਲਾ ਖੋਲ੍ਹ ਇਹ ਕਹਿੰਦਾ ਤੁਰ ਪਿਆ, “ਆ ਬਰਾਰਾ ਪੈਦਲ ਈ ਚਲਦੇ ਆਂ, ਨੇਰੇ ਈ ਆ

“ਮੈਂ ਪਤਾ ਤੂੰ ਪਰਾ-ਲਿਖਾ ਹੈ, ਬਰਾਰ ਸਾਹਬ ਮੇਰਾ ਦੋਸਤ ਸੀ, ਤੂੰ ਚਾਹੇ ਤੋਂ ਵਹੀ ਦਿਨ ਵਾਪਸ ਆ ਸਕਦਾ ਹੈ, ਤੂੰ ਠੇਕੇਦਾਰੀ ਸ਼ੁਰੂ ਕਰ, ਮੈਂ ਤੈ ਕਾਮ ਦੇਗਾਬੁਰਾ ਨਹੀਂ ਮਾਨਨਾ, ਤੁਮ, ਪੰਜਾਬੀ ਲੋਗ ਜਿੰਮੇਦਾਰੀ ਨਹੀਂ ਉਠਾਨਾ ਚਾਹਤਾ’ ਤੁਰਿਆ ਜਾਂਦਾ ਰਾਮ ਵਿਲਾਸ ਖਿਚੜੀ ਹਿੰਦੀ ਪੰਜਾਬੀ ਬੋਲੀ ਜਾ ਰਿਹਾ ਸੀ

ਠੇਕੇਦਾਰ ਠੀਕ ਹੀ ਕਹਿ ਰਿਹਾ ਸੀ ਕਿਉਂਕਿ ਕਈ ਚੰਗੇ ਪੰਜਾਬੀ ਕਾਰੀਗਰ ਠੇਕੇਦਾਰ ਭਈਆਂ ਦੀ ਜੀ ਹਜ਼ੂਰੀ ਕਰਦੇ ਉਸਨੇ ਵੇਖੇ ਸਨ

ਹਰਬੀਰ ਨੂੰ ਉਸਦੇ ਪਿਤਾ ਦੀ ਖੁਦਕੁਸ਼ੀ ਤੋਂ ਬਾਅਦ ਠੇਕੇਦਾਰ ਤੋਂ ਇਲਾਵਾ ਕਿਸੇ ਨੇ ਲੋਕਾਚਾਰੀ ਵੀ ਕੋਈ ਦਿਲਾਸਾ ਨਹੀਂ ਦਿੱਤਾ ਸੀਇਸ ਕੰਮ ਵਿੱਚ ਪਾਉਣ ਵਾਲਾ ਵੀ ਠੇਕੇਦਾਰ ਹੀ ਸੀਉਸਦੀ ਦਲੀਲ ਸੀ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ

ਹੋਇਆ ਇੰਜ ਸੀ ਕਿ ਆੜ੍ਹਤੀਏ ਬਣੇ ਜੱਟ ਸਿੱਧੂ ਸਰਦਾਰ ਨੇ ਲੰਮੀ ਸੋਚ ਕਰਕੇ ਨਾਲ ਲੱਗਦੀ ਪੈਲੀ ’ਤੇ ਲਿਮਟ ਬਣਾਉਣ ਵਿੱਚ ਵੀ ਸੁਲੱਖਣ ਸਿੰਘ ਦੀ ਖਾਸ ਮਦਦ ਕੀਤੀ ਸੀਫਿਰ ਲਿਮਟ ਨਵਿਆਉਣ ਵਿੱਚ ਵੀ ਮਦਦ ਕਰ ਦਿੰਦਾ ਰਿਹਾ ਸੀਪੈਸੇ ਵਾਲਾ ਜੁ ਸੀ ! ਆਪਣਾ ਵਿਆਜ ਲੈਣਾ ਤਾਂ ਉਸਦਾ ਵਿਹਾਰ ਸੀਔਖੇ-ਸੌਖੇ ਵੇਲੇ ਗ਼ਰਜ਼ ਵੀ ਪੂਰੀ ਕਰ ਦਿੰਦਾ ਰਿਹਾ ਸੀਪਰ ਸੁਲੱਖਣ ਬਰਾੜ ਤਾਂ ਯਾਰੀ ਪਾਲਦਾ ਆਪਣੀ ਪੱਗ ਦਾ ਸ਼ਮਲਾ ਆਪਣੇ ਯਾਰਾਂ ਬੇਲੀਆਂ ਵਿੱਚ ਉੱਚਾ ਰੱਖਦਾ ਰਿਹਾਜਦੋਂ ਕੁਰਕੀ ਦੇ ਸੰਮਨ ਆਏ ਤਾਂ ਸੁਲੱਖਣ ਦੀ ਦੌੜ ਤਾਂ ਸਿੱਧੂ ਯਾਰ ਤੱਕ ਹੀ ਸੀਉਸਨੇ ਯਾਰੀ ਦਾ ਮੁੱਲ ਇਹ ਕਹਿ ਕੇ ਮੋੜਿਆ, “ਤੂੰ ਫ਼ਿਕਰ ਨਾ ਕਰ, ਜਿੰਨੇ ਵੀ ਪੈਸੇ ਹੋਣਗੇ, ਆਪਾਂ ਤਾਰ ਦਿਆਂਗੇ ਤੂੰ ਪੈਲੀ ਵਾਹੀ ਜਾਵੀਂ, ਆਪਾਂ ਦੌੜੇ ਹੋਏ ਆਂ ਕਿਤੇ ਤੇਰੇ ਕੋਲੋਂ!”

ਸ਼ਾਇਦ ਸੁਲੱਖਣ ਬਰਾੜ ਉਸਦੀ ਦੂਰ ਦੀ ਨੀਤੀ ਨਹੀਂ ਸਮਝ ਸਕਿਆ ਸੀਹਰਬੀਰ ਸੋਚ ਰਿਹਾ ਸੀ, “ਬਾਪੂ ਵੀ ਆਪਣੇ ਯਾਰਾਂ ਨੂੰ ਸਮਝਣ ਵਿੱਚ ਧੋਖਾ ਖਾ ਗਿਆ ਤੇ ਮੈਂ ਵੀ।”

ਅੱਜ ਸਾਰਾ ਦਿਨ ਹਰਬੀਰ ਦੇ ਦਿਮਾਗ ਵਿੱਚ ਠੇਕੇਦਾਰ ਵੱਲੋਂ ਕਹੇ ਬੋਲ ਹਥੌੜੇ ਵਾਂਗ ਵੱਜਦੇ ਰਹੇ, “ਤੂੰ ਠੇਕੇਦਾਰੀ ਸ਼ੁਰੂ ਕਰ, ਪੰਜਾਬੀ ਜਿੰਮੇਦਾਰੀ ਚੁੱਕਣ ਤੋਂ ਡਰਦੇ ਨੇ।”

ਸ਼ਾਮ ਨੂੰ ਜਦੋਂ ਠੇਕੇਦਾਰ ਕੰਮ ਵਾਲੀ ਜਗ੍ਹਾ ’ਤੇ ਆਇਆ ਤਾਂ ਸਮੇਂ ਤੋਂ ਪਹਿਲਾਂ ਕੰਮ ਖਤਮ ਕਰਕੇ ਮਜ਼ਦੂਰ ਤੇ ਹਰਬੀਰ ਮਿਸਤਰੀ ਹੱਥ-ਮੂੰਹ ਧੋਂਦਿਆਂ ਵੇਖ ਬੜਾ ਖੁਸ਼ ਹੋਇਆ ਕਿਉਂਕਿ ਦੋ ਦਿਨ ਦਾ ਔਖਾ ਕੰਮ ਹਰਬੀਰ ਨੇ ਇੱਕ ਦਿਨ ਵਿੱਚ ਹੀ ਖਤਮ ਕਰ ਦਿੱਤਾ ਸੀਚੌਂਕ ਵਿੱਚੋਂ ਆਏ ਮਜ਼ਦੂਰਾਂ ਨੂੰ ਤਾਂ ਠੇਕੇਦਾਰ ਨੇ ਦਿਹਾੜੀ ਦੇ ਕੇ ਤੋਰ ਦਿੱਤਾ ਪਰ ਹਰਬੀਰ ਨੂੰ ਕਿਹਾ, “ਆਜ ਹਮਾਰੇ ਘਰ ਚੱਲ, ਵਹਾਂ ਪੈਸੇ ਦੇਂਗੇ ਆਪ ਕੋ।”

ਠੇਕੇਦਾਰ ਨਾਲ ਹਰਬੀਰ ਉਸਦੀ ਰਿਹਾਇਸ਼ ’ਤੇ ਚਲਾ ਗਿਆਇਹ ਕਿਸੇ ਮਾਲਕ ਦਾ ਹਵੇਲੀ ਨੁਮਾ ਪਲਾਟ ਸੀ ਜਿਸ ਵਿੱਚ ਮਾਲਕ ਵੱਲੋਂ ਛੋਟੇ-ਛੋਟੇ ਕਮਰੇ ਪਰਵਾਸੀ ਮਜ਼ਦੂਰਾਂ ਨੂੰ ਕਿਰਾਏ ’ਤੇ ਦੇਣ ਲਈ ਬਣਾਏ ਹੋਏ ਸਨ“ਆਓ ਬੈਠੋ,” ਠੇਕੇਦਾਰ ਨੇ ਪਲਾਸਟਿਕ ਦੀ ਕੁਰਸੀ ਖਿੱਚਦਿਆਂ ਕਿਹਾ

ਹਰਬੀਰ ਨੇ ਕੁਰਸੀ ’ਤੇ ਬੈਠਦਿਆਂ ਕਮਰੇ ਵਿੱਚ ਨਿਗਾਹ ਘੁਮਾਈਜ਼ਮੀਨ ’ਤੇ ਹੀ ਚਾਰ-ਪੰਜ ਵਿਛੇ ਮੈਲੇ ਕੁਚੈਲੇ ਬਿਸਤਰੇ, ਇੱਕ ਪਾਸੇ ਬੂਰੇ ਨਾਲ ਜਲਣ ਵਾਲੀ ਅੰਗੀਠੀ, ਕੁਝ ਸੁੱਕੀਆਂ ਲੱਕੜੀਆਂ, ਸਰ੍ਹੋਂ ਦੇ ਤੇਲ ਦੀ ਬੋਤਲ, ਆਟੇ ਦਾ ਪੀਪਾ, ਕੁਝ ਬਰਤਨ ਤੇ ਇੱਕ ਛਿੱਕੂ ਵਿੱਚ ਪਏ ਕੁਝ ਗੰਢੇ

ਠੇਕੇਦਾਰ ਆਪ ਲੱਕੜ ਦੀ ਚੌਂਕੀ ’ਤੇ ਬੈਠਦਾ ਬੋਲਿਆ, “ਦੇਖ ਹਰਬੀਰਾ, ਤੇਰਾ ਪਿਤਾ ਜੀ ਬੜਾ ਵਧੀਆ ਬੰਦਾ ਸੀ, ਉਸਕੋ ਉਸਦੇ ਯਾਰਾਂ ਨੇ ਮਾਰਾ, ਕਿਸੀ ਨੇ ਸੀਧੀ ਸਲਾਹ ਨਹੀਂ ਦੀ ਬੱਸ, ਖਾਤੇ ਰਹੇ ਸੀਜੋ ਹੂਆ, ਸੋ ਹੂਆਮੈਂ ਚਾਹਤਾ ਹੂੰ ਤੂੰ ਕੱਲ੍ਹ ਸੇ ਏਕ ਨਈ ਕੋਠੀ ਕਾ ਕਾਮ ਸ਼ੁਰੂ ਕਰਮੈਂ ਚੱਕਰ ਮਾਰਤਾ ਰਹੇਗਾ, ਕੱਲ੍ਹ ਸੇ ਤੇਰੀ ਠੇਕੇਦਾਰੀ ਉੱਧਰ ਸੇ ਹੀ ਸ਼ੁਰੂ ਹੋਸਵੇਰੇ ਚੌਂਕ ਨਹੀਂ ਜਾਨਾ - ਇਧਰ ਹੀ ਆ ਜਾਨਾ। ਬੰਦੇ ਮੈਂ ਆਪ ਲੇ ਆਨਾ ਹੈ।” ਨਾਲ ਹੀ ਠੇਕੇਦਾਰ ਨੇ ਅੱਜ ਦੀ ਦਿਹਾੜੀ 400 ਦੀ ਬਜਾਏ ਹਰਬੀਰ ਵੱਲ 500 ਰੁਪਏ ਦਾ ਨੋਟ ਵਧਾ ਦਿੱਤਾ

ਪਹਿਲਾਂ ਵੀ ਠੇਕੇਦਾਰ ਦੂਜੇ ਮਿਸਤਰੀਆਂ ਤੋਂ ਹਰਬੀਰ ਨੂੰ ਵੱਧ ਰੇਟ ਦੇਂਦਾ ਹੁੰਦਾ ਸੀ

ਬਾਪ ਦੀ ਖੁਦਕੁਸ਼ੀ ਨੇ ਹਰਬੀਰ ਨੂੰ ਸਭ ਕੁਝ ਭੁਲਾ ਕੇ ਰੱਖ ਦਿੱਤਾਪੁੱਤਾਂ ਵਾਂਗ ਸਾਂਭਿਆ ਫੋਰਡ ਉਹਨਾਂ ਪੈਲੀਆਂ ਵਿੱਚ ਵਗਦਾ ਵਿਹੁ ਵਖਾਲੀ ਦਿੰਦਾ, ਜੋ ਹੁਣ ਉਸਦੀਆਂ ਨਹੀਂ ਸਨਇਹ ਤਾਂ ਕੁਰਕੀ ਮੌਕੇ ਹੀ ਤਹਿਸੀਲਦਾਰ ਤੋਂ ਸਿੱਧੂ ਸਰਦਾਰ ਨੇ ਲਿਮਟ ਦੇ ਸਾਰੇ ਪੈਸੇ ਤਾਰ ਕੇ ਸਣੇ ਟਰੈਕਟਰ ਆਪਣੇ ਨਾਂ ਇੰਤਕਾਲ ਕਰਵਾ ਲਿਆ ਸੀਯਾਰ ਬਰਾੜ ਇਹ ਕਹਿ ਕੇ ਸਹਿਮਤ ਕਰ ਲਿਆ, “ਜੇ ਪਿੰਡ ਬਹਿ ਕੇ ਕੁਰਕੀ ਹੋਈ, ਪੱਲੇ ਕੁਝ ਨਹੀਂ ਰਹਿਣਾ ਤੂੰ ਪੈਲੀ ਵਾਹੀ ਜਾ, ਹੌਲੀ-ਹੌਲੀ ਪੈਸੇ ਜਦੋਂ ਨਿੱਬੜ ਜਾਣਗੇ, ਮੈਂ ਤੈਨੂੰ ਦੁਬਾਰਾ ਰਜਿਸਟਰੀ ਕਰ ਦਿਆਂਗਾਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ, ਯਾਰ, ਅਸਾਂ ਕੁਝ ਵੰਡਿਆ ਐ?” ਬਾਅਦ ਵਿੱਚ ਇਹ ਫ਼ੋਕਾ ਦਿਲਾਸਾ ਨਿਕਲਿਆ

ਆਪਣੀ ਜ਼ਮੀਨ ਵਿੱਚ ਹਿੱਸੇ ’ਤੇ ਖੇਤੀ ਕਰਦਿਆਂ ਹਰੇਕ ਫ਼ਸਲ ਵੇਲੇ ਹਿਸਾਬ ਕਰਕੇ ਛਿੱਕਾ ਛੀਕ ਛਿਆਨਵੇਂ ਵਿਆਜ ਦੇ ਚਾਰ ਪੂਰਾ ਸੌ ਵਾਲੇ ਚੱਕਰ ਵਿੱਚੋਂ ਸੁਲੱਖਣ ਸਿੰਘ ਬਰਾੜ ਆੜ੍ਹਤੀਏ ਦੇ ਕਰਜ਼ੇ ਤੋਂ ਨਿਜਾਤ ਨਾ ਪਾ ਸਕਿਆਗੱਭਰੂ ਹਰਬੀਰ ਯਾਰਾਂ ਦੋਸਤਾਂ ਨਾਲ ਮਸਤ ਰਿਹਾ

ਬਾਪ ਦੀ ਮੌਤ ਦਾ ਰਾਜ ਇੱਕ ਦਿਨ ਦੁਖੀ ਹੋਈ ਮਾਂ ਨੇ ਯਾਰਾਂ ਦੀ ਮਹਿਫ਼ਲ ਵਿੱਚੋਂ ਮੁੜੇ ਹਰਬੀਰ ਕਹਿ ਹੀ ਦਿੱਤਾ, “ਤੂੰ ਵੀ ਪਿਓ ਵਾਲੇ ਚਾਲੇ ਫੜੇ ਹੋਏ ਨੇ, ਵੇਖੀਂ ਕਿਧਰੇ ਕੋਈ ਕਸਰ ਬਾਕੀ ਨਾ ਰਹਿ ਜਾਏ

“ਮੈਂ ਡੈਡੀ ਵਾਂਗ ਬੁਜ਼ਦਿਲ ਨਹੀਂ, ਆਤਮ ਹੱਤਿਆ ਕਾਇਰ ਕਰਦੇ ਨੇ।” ਸ਼ਰਾਬੀ ਹੋਏ ਹਰਬੀਰ ਤੋਂ ਕਹਿ ਹੋ ਗਿਆਹਰਬੀਰ ਨੂੰ ਪਿਤਾ ਵੱਲੋਂ ਅਪਣਾਇਆ ਇਹ ਰਾਹ ਚੰਗਾ ਨਹੀਂ ਲੱਗਾ ਸੀਉਸ ਨੂੰ ਬਾਪ ਵੱਲੋਂ ਚੁੱਕੇ ਕਦਮ ਦਾ ਹਾਲੇ ਵੀ ਗਿਲਾ ਸੀ

ਜਦੋਂ ਮਾਂ ਨੇ ਕਿਹਾ ਕਿ ਤੇਰੇ ਬਾਪ ਨੇ ਤੜਕੇ ਫਾਹਾ ਲੈਣ ਵਾਲੀ ਰਾਤ ਦੱਸਿਆ ਸੀ ਕਿ ਸਿੱਧੂ ਧੋਖੇਬਾਜ਼ ਨਿਕਲਿਆ ਹੈ, ਹੁਣ ਕਹਿੰਦਾ ਹੈ ਭਿਆਲੀ ਵਾਰਾ ਨਹੀਂ ਖਾਂਦੀ, ਸਾਡੀ ਤਾਂ ਰਕਮ ਤਾਰੀ ਦਾ ਵਿਆਜ ਵੀ ਨਹੀਂ ਮੁੜਦਾ ਹਿੱਸੇ ਵਿੱਚੋਂ! ਇਸ ਵਾਰ ਹਾੜ੍ਹੀ ਅਸੀਂ ਆਪ ਬੀਜਾਂਗੇ, ਜਵਾਨ ਮੁੰਡੇ ਨਹੀਂ ਮੰਨਦੇ ਹੁਣ ਮੇਰੀ, ਵੈਸੇ ਮੈਂ ਔਖੇ-ਸੌਖੇ ਵੇਲੇ ਗਰਜ਼ ਲਈ ਭੱਜਾ ਨਹੀਂ।”

ਸਾਰੀ ਤਸਵੀਰ ਸਾਫ਼ ਹੋਣ ’ਤੇ ਹਰਬੀਰ ਨੇ ਬਾਪ ਦੀ ਮੌਤ ਦਾ ਜ਼ਿੰਮੇਵਾਰ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਪੁੱਤਰ ਹੋਣ ਦਾ ਫ਼ਰਜ਼ ਉਸਨੇ ਪਛਾਣਿਆ ਹੀ ਨਹੀਂ ਸੀ ਸਿਵਾਏ ਐਸ਼ ਕਰਨ ਦੇਪੜ੍ਹਿਆ ਵੀ ਘੱਟ ਵੱਧ ਹੀ ਸੀਇੰਜਨੀਅਰਿੰਗ ਦਾ ਦਾਖਲਾ ਤਾਂ ਨਾਂ ਮਾਤਰ ਹੀ ਸੀਹਰਬੀਰ ਪਿੰਡ ਤੁਰਿਆ ਆਉਂਦਾ ਸੋਚ ਰਿਹਾ ਸੀ, ਭਈਆਂ ਨੂੰ ਅਸੀਂ ਕਿਵੇਂ ਭੈੜੀ ਨਿਗਾਹ ਨਾਲ ਵੇਖਦੇ ਹਾਂ, ਤੇ ਉਹ ਕਿਵੇਂ ਆਪਣੇ ਮਾਪਿਆਂ ਲਈ ਅੱਧੇ ਭੁੱਖੇ ਰਹਿ ਰਹਿ ਕੇ ਜ਼ਮੀਨ ’ਤੇ ਸੌਂ ਕੇ ਪੈਸੇ ਜੋੜਦੇ ਹਨ

ਕਿੰਨਾ ਦੁੱਖ ਲੱਗਾ ਸੀ ਹਰਬੀਰ ਨੂੰ ਜਦੋਂ ਬੈਂਕ ਵਾਲੇ ਬੁਲਟ ਚੁੱਕ ਕੇ ਲੈ ਗਏ ਸਨਜਿਵੇਂ ਸਭ ਸਰਦਾਰੀਆਂ ਖਤਮ ਹੋ ਗਈਆਂ ਹੋਣਉਸ ਤੋਂ ਬਾਅਦ ਹਰਬੀਰ ਕਾਲਜ ਨਹੀਂ ਗਿਆਪਰ ਢਿੱਡ ਨੇ ਤਾਂ ਖਾਣ ਮੰਗਣਾ ਸੀਮਾਂ ਕਿੰਨਾ ਕੁ ਚਿਰ ਮੰਗ-ਤੰਗ ਕੇ ਸਾਰਦੀਭੈਣ ਵੱਲੋਂ ਹਰਬੀਰ ਸੁਰਖ਼ਰੂ ਸੀਕੋਈ ਕਾਰੋਬਾਰ ਚਲਾਉਣ ਲਈ ਭੈਣ ਭਣੋਈਏ ਤੋਂ ਕੋਈ ਮਦਦ ਮੰਗਣਾ ਉਸਦੇ ਲਈ ਮਿਹਣਾ ਸੀ

ਪਿੰਡ ਵਿੱਚ ਕਿਸੇ ਹੋਰ ਕੋਠੀ ਦਾ ਕੰਮ ਠੇਕੇ ’ਤੇ ਲੈਣ ਕਰਕੇ ਇੱਕ ਦਿਨ ਰਾਮ ਵਿਲਾਸ ਠੇਕੇਦਾਰ ਘਰ ਆ ਗਿਆਘਰ ਦੀ ਹਾਲਤ ਉਸ ਤੋਂ ਗੁੱਝੀ ਨਹੀਂ ਸੀ, ਕੁਰਕੀ ਦਾ ਵੀ ਉਸ ਨੂੰ ਪਤਾ ਸੀਗੱਲਾਂਬਾਤਾਂ ਕਰਦਿਆਂ ਉਸਨੇ ਕਿਹਾ ਸੀ, “ਹਰਬੀਰ, ਰਾਜ ਮਿਸਤਰੀ ਜਾਂ ਹੋਰ ਕੋਈ ਵੀ ਕਾਮ ਸੀਖ ਲੇ।”

“ਰਾਜ ਮਿਸਤਰੀ, ਮੈਂ?” ਹਰਬੀਰ ਨੇ ਹੈਰਾਨੀ ਜ਼ਾਹਰ ਕੀਤੀ

“ਹਾਂ-ਹਾਂ, ਕਾਮ ਕੋਈ ਭੀ ਮਾੜਾ ਨਹੀਂ ਹੋਤਾ, ਕਾਮ ਸੀਖ ਕਰ ਵਿਦੇਸ਼ ਚਲਾ ਜਾਨਾ, ਜੈਸੇ ਮੈਂ ਪੰਜਾਬ ਆ ਗਿਆ, ਵਿਦੇਸ਼ ਤੋਂ ਮੈਂ ਜਾ ਨਹੀਂ ਸਕਤਾ ਥਾ

ਜਿਵੇਂ ਠੇਕੇਦਾਰ ਨੇ ਆਪਣੇ ਬਾਰੇ ਦੱਸਣ ਦੀ ਕੋਸ਼ਿਸ ਕੀਤੀ ਹੋਵੇ

“ਪਰ ਵਿਦੇਸ਼ ਲਈ ਪੈਸੇ ਕਿੱਥੋਂ ਆਉਣਗੇ, ਜ਼ਮੀਨ ਤਾਂ ਵਿਕ ਗਈ?” ਹਰਬੀਰ ਆਪਣੀ ਥਾਂ ਸੱਚਾ ਸੀ

“ਕੋਈ ਨਾ ਪਹਿਲੇ ਕਾਮ ਤੋਂ ਸੀਖ, ਵੋ ਭੀ ਹੋ ਜਾਏਗਾ” ਠੇਕੇਦਾਰ ਨੇ ਹੌਸਲਾ ਦਿੱਤਾ ਸੀ

ਠੇਕੇਦਾਰ ਰਾਮ ਵਿਲਾਸ ਇੱਕ ਤਰ੍ਹਾਂ ਹਰਬੀਰ ਲਈ ਰੱਬ ਬਣ ਕੇ ਬਹੁੜਿਆ ਸੀਕੰਮ ਸਿੱਖਦੇ ਪਹਿਲੇ ਦਿਨ ਤੋਂ ਹੀ ਅੱਧੀ ਦਿਹਾੜੀ ਦੇਣੀ ਸ਼ੁਰੂ ਕਰ ਦਿੱਤੀ ਸੀ, ਵਰਨਾ ਸਿਖਾਂਦਰੂ ਮੁੰਡੇ ਕਈ-ਕਈ ਮਹੀਨੇ ਖੱਜਲ ਹੁੰਦੇ ਫਿਰਦੇ ਹਨ

ਹਰਬੀਰ ਹੱਥੀਂ ਕੀਤੀ ਕਮਾਈ ਦੀ ਰੋਟੀ ਦਾ ਸੁਆਦ ਅੱਜ ਤੱਕ ਕਦੀ ਭੁੱਲ ਨਹੀਂ ਸਕਿਆਦਿਨਾਂ ਵਿੱਚ ਹੀ ਕਾਰੀਗਰ ਬਣ ਕੇ ਪੂਰੀ ਦਿਹਾੜੀ ਕਮਾਉਣ ਲੱਗਿਆ ਸੀਪਰ ਜਟਊਪੁਣਾ ਖਤਮ ਨਾ ਕਰ ਸਕਿਆਕੰਮ ਸਿੱਖਦਿਆਂ ਇੰਜਿਨਰਿੰਗ ਦੀ ਪੜ੍ਹਾਈ ਉਸਦੇ ਕੰਮ ਆਈ ਸੀਕਦੀ ਕਦੀ ਸਹੀ ਗਲਤ ਤੋਂ ਠੇਕੇਦਾਰ ਨਾਲ ਉਤਾਂਹ-ਠਾਂਹ ਵੀ ਹੋ ਪੈਂਦਾ ਪਰ ਠੇਕੇਦਾਰ ਗੁੱਸਾ ਨਾ ਕਰਦਾਉਸ ਨੂੰ ਪਤਾ ਸੀ ਕਿ ਹਰਬੀਰ ਵਰਗਾ ਸਿਆਣਾ ਕਾਰੀਗਰ ਹੋਰ ਕੋਈ ਨਹੀਂ ਹੋ ਸਕਦਾ, ਕਿਉਂਕਿ ਉਹ ਪੜ੍ਹਿਆ ਲਿਖਿਆ ਕਾਰੀਗਰ ਸੀ

ਸਾਰੀ ਰਾਤ ਠੇਕੇਦਾਰੀ ਕਰਨ ਦੀ ਉਧੇੜ ਬੁਣ ਵਿੱਚ ਕਦੋਂ ਅੱਖ ਲੱਗੀ ਹਰਬੀਰ ਨੂੰ ਪਤਾ ਹੀ ਨਾ ਲੱਗਾ

ਅਗਲੇ ਦਿਨ ਤਿਆਰ ਹੋ ਕੇ ਹਰਬੀਰ ਠੇਕੇਦਾਰ ਦੇ ਕਮਰੇ ਵਿੱਚ ਚਲਾ ਗਿਆ

ਨਵਾਂ ਕੰਮ ਕਿਸੇ ਵਿਦੇਸ਼ੋਂ ਆਏ ਬੰਦੇ ਦਾ ਸੀਠੇਕੇਦਾਰ ਨੇ ਹਰਬੀਰ ਨਕਸ਼ਾ ਫੜਾਉਂਦਿਆਂ ਕਿਹਾ, “ਮੁਕੰਮਲ ਰੂਪ ਮੇਂ ਸਾਰਾ ਕਾਮ ਤੂੰ ਕਰੇਗਾ, ਮੈਂ ਸਿਰਫ਼ ਚੱਕਰ ਹੀ ਮਾਰਨਾ ਹੈ” ਫਿਰ ਠੇਕੇਦਾਰ ਨੇ ਮਜ਼ਦੂਰਾਂ ਨੂੰ ਹਦਾਇਤ ਕੀਤੀ ‘ਆਜ ਸੇ ਬਰਾੜ ਕੋ ਮਿਸਤਰੀ ਨਹੀਂ, ਠੇਕੇਦਾਰ ਜੀ ਕਰਕੇ ਬੁਲਾਨਾ, ਸਮਝ ਗਏ!’ ਜਿਵੇਂ ਠੇਕੇਦਾਰ ਨੇ ਤਾੜਨਾ ਕੀਤੀ ਹੋਵੇਇੰਨੇ ਨੂੰ ਠੇਕੇਦਾਰ ਦਾ ਇੱਕ ਪੁਰਾਣਾ ਬੰਦਾ ਲਿਫ਼ਾਫ਼ੇ ਵਿੱਚ ਲੱਡੂ ਲਈ ਆ ਗਿਆਠੇਕੇਦਾਰ ਨੇ ਹਰਬੀਰ ਨੂੰ ਲਿਫ਼ਾਫ਼ਾ ਫੜਾਉਂਦਿਆਂ ਕਿਹਾ, "ਲੇ ਬਈ ਠੇਕੇਦਾਰ ... ਪਟਨੇ ਵਾਲੇ ਗੁਰੂ ਕਾ ਨਾਮ ਲੈ ਕੇ ਪ੍ਰਸਾਦ ਬਾਂਟ ...ਕਰ ਕਾਮ ਸ਼ੁਰੂ।”

ਹਰਬੀਰ ਨੇ ਰਾਮ ਵਿਲਾਸ ਠੇਕੇਦਾਰ ਵੱਲੋਂ ਮਿਲੇ ਹੌਸਲੇ ਨਾਲ ਪ੍ਰਸ਼ਾਦ ਵੰਡ ਕੇ ਕਿਸੇ ਵਿਸ਼ਵਾਸ ਨਾਲ ਲਬਾ-ਲਬ ਹੋ ਕੇ ਨਵੀਂ ਕੱਟੀ ਪੁੱਡਾ ਕਲੋਨੀ ਦੇ ਚੌਰਸ ਪਲਾਟ ਵਿੱਚ ਕੰਮ ਸ਼ੁਰੂ ਕਰ ਦਿੱਤਾਨਕਸ਼ੇ ਮੁਤਾਬਕ ਇਹ ਕੰਮ ਮਾੜੇ ਕਾਰੀਗਰ ਦੇ ਵੱਸ ਦਾ ਰੋਗ ਨਹੀਂ ਸੀਤਿੰਨ-ਚਾਰ ਦਿਨਾਂ ਵਿੱਚ ਨੀਹਾਂ ਭਰੀਆਂ ਗਈਆਂ

ਅਚਾਨਕ ਇੱਕ ਦਿਨ ਹਰਬੀਰ ਨੇ ਆਪਣੇ ਧਿਆਨ ਕੰਮ ਕਰਦਿਆਂ ਸਿਰ ਉਤਾਂਹ ਚੁੱਕਿਆ, ਸਾਹਮਣੇ ਕਾਲੀਆਂ ਐਨਕਾਂ ਲਾਈ ਕਲੀਨ ਸ਼ੇਵ ਨੌਜਵਾਨ ਜਿਵੇਂ ਜਾਣਿਆ ਪਛਾਣਿਆ ਲੱਗਿਆਨੌਜਵਾਨ ਨੇ ਐਨਕਾਂ ਲਾਹ ਕੇ ਹੱਸਦਿਆਂ ਕਿਹਾ, ‘ਬਰਾੜਾ. ਪਛਾਣਿਆ ਨਹੀਂ?”

‘ਇਹ ਤਾਂ ਬਾਜਵਿਆਂ ਦਾ ਬੰਟੀ ਆ, ਜਿਹੜਾ +2 ਕਰਦਾ ਹੀ ਆਈਲੈਟਸ ਕਰਕੇ ਕਨੇਡਾ ਪੜ੍ਹਨ ਚਲਾ ਗਿਆ ਸੀ“ਓ ਬੱਲੇ, ... ਵੀਰੇ ਮੈਂ ਤਾਂ ਪਛਾਣਿਆ ਈ ਨਹੀਂ।” ਉੱਠਦਾ ਹੋਇਆ ਹਰਬੀਰ ਇੰਜ ਬੋਲਿਆ, ਜਿਵੇਂ ਕੱਚਾ ਜਿਹਾ ਹੋ ਗਿਆ ਹੋਵੇ

ਕਾਂਡੀ ਰੱਖ ਕੇ ਘੁੱਟ ਕੇ ਹੱਥ ਮਿਲਾਇਆਗੱਲਾਂਬਾਤਾਂ ਕਰਦਿਆਂ ਆਪਣਾ ਆਪ ਲੁਕਾਉਣ ਦੀ ਕੋਸ਼ਿਸ਼ ਕਰਦਿਆਂ ਹਰਬੀਰ ਨੇ ਕਿਹਾ, "ਤੂੰ ਤਾਂ ਯਾਰ ਚੰਗਾ ਰਹਿ ਗਿਆ ਕਨੇਡਾ ਜਾ ਕੇ, ਆਹ ਵੇਖ ਲੈ, ਰਹਿ ਗਿਆ ਜੱਟ ਬਰਾੜ ਦਿਹਾੜੀਆਂ ਜੋਗਾ” ਹਰਬੀਰ ਨੇ ਭਰੀਆਂ ਨੀਹਾਂ ਵੱਲ ਇਸ਼ਾਰਾ ਕੀਤਾ

ਬੰਟੀ ਨੇ ਹਰਬੀਰ ਦੇ ਮੋਢੇ ਤੋਂ ਦੀ ਬਾਂਹ ਵਲਾ ਕੇ ਉਸਦੀ ਮਾਨਸਿਕਤਾ ਸਮਝਦਿਆਂ ਕਿਹਾ, “ਨਹੀਂ ਉਏ, ਤੂੰ ਉਹਨਾਂ ਸਿੱਧੂਆਂ, ਕਾਹਲੋਆਂ ਤੇ ਬਾਜਵਿਆਂ ਨਾਲੋਂ ਚੰਗਾ ਐਂ, ਜੋ ਕਨੇਡਾ ਸਫਾਈਆਂ ਕਰਦੇ ਫਿਰਦੇ ਨੇ ਪੰਜਾਬ ਦੀਆਂ ਮੈਨੇਜਰੀਆਂ ਅਤੇ ਸਰਦਾਰੀਆਂ ਛੱਡ ਕੇ। ਮੈਂ ਬੜੇ ਵੇਖੇ ਨੇ ਜ਼ਮੀਨਾਂ ਦੇ ਮਾਲਕ ਉੱਧਰ ਦਿਹਾੜੀਆਂ ਲਾਉਂਦੇ, ਜਿਹਨਾਂ ਵਿੱਚੋਂ ਮੈਂ ਵੀ ਇੱਕ ਹਾਂਸਾਡੇ ਪੰਜਾਬੀਆਂ ਵਿੱਚ ਇਹੀ ਵੱਡੀ ਮਾਰ ਆ, ਅਸੀਂ ਭੁੱਖੇ ਮਰਦੇ ਵੀ ਜੱਟਪੁਣੇ ਦੀ ਪੂਛ ਦਾ ਵਲ ਨਹੀਂ ਕੱਢਦੇਹੱਥੀਂ ਕਿਰਤ ਕਰਨੀ ਤਾਂ ਜਗਤ ਗੁਰੂ ਬਾਬੇ ਨਾਨਕ ਨੇ ਵੀ ਕਿਹਾ ਹੈ” ਬੰਟੀ ਉਪਦੇਸ਼ਕ ਬਣਿਆ ਖੜ੍ਹਾ ਸੀ

ਸਕੂਲ ਦੇ ਮਿੱਤਰ ਬੰਟੀ ਬਾਜਵੇ ਦੀਆਂ ਗੱਲਾਂ ਨੇ ਹਰਬੀਰ ਵਿੱਚੋਂ ਹੀਣਤਾ ਵਗਾਹ ਮਾਰੀ ਤੇ ਉਹ ਕੰਮ ਵਿੱਚ ਜੁੱਟ ਗਿਆਹਰਬੀਰ ਨੇ ਦਿਨਾਂ ਵਿੱਚ ਹੀ ਕੋਠੀ ਲੈਂਟਰ ਤਕ ਲੈ ਆਂਦੀਇਸ ਦੌਰਾਨ ਮਜ਼ਦੂਰਾਂ ਅਤੇ ਮਿਸਤਰੀਆਂ ਦੀ ਦਿਹਾੜੀ ਦੇਣ ਵਾਸਤੇ ਪੈਸੇ ਪਹਿਲਾਂ ਹੀ ਮਾਲਕ ਠੇਕੇਦਾਰ ਨੇ ਹਰਬੀਰ ਦੇਣ ਵਾਸਤੇ ਕਹਿ ਦਿੱਤਾ ਸੀ

ਹਰਬੀਰ ਸਾਰਾ ਹਿਸਾਬ-ਕਿਤਾਬ ਲਿਖਕੇ ਰੱਖਦਾ ਰਿਹਾਜਦੋਂ ਲੈਂਟਰ ਤਕ ਦਾ ਹਿਸਾਬ ਕੀਤਾ ਤਾਂ ਸਾਰਿਆਂ ਪੈਸੇ ਦੇ ਕੇ ਹਰਬੀਰ ਕੋਲ ਦਿਹਾੜੀ ਦੇ ਹਿਸਾਬ ਨਾਲ ਚਾਰ ਗੁਣਾਂ ਬੱਚਤ ਹੋਈ ਸੀਹਰਬੀਰ ਨੇ ਸਾਰੀ ਬੱਚਤ ਠੇਕੇਦਾਰ ਰਾਮ ਵਿਲਾਸ ਅੱਗੇ ਰੱਖਦਿਆਂ ਕਿਹਾ, "ਲੈ ਬਈ ਠੇਕੇਦਾਰ, ਜੋ ਮੇਰਾ ਬਣਦਾ ਮੈਨੂੰ ਦੇ ਦੇ

“ਨਹੀਂ ਹਰਬੀਰੇ, ਸਭ ਤੇਰਾ ਹੈ, ਤੂੰ ਨੇ ਕਾਮ ਕੀਆ ਹੈਮੈਂ ਬਿਹਾਰੀ ਪੁੱਤਰ ਹੂੰ, ਮਿਹਨਤ ਕਰਕੇ ਲੇਤਾ ਹੂੰ, ਤੇਰੀ ਮਿਹਨਤ ਹੈਤੇਰਾ ਕਾਮ ਦੇਖ ਕਰ ਔਰ ਕਾਮ ਭੀ ਮਿਲ ਗਿਆ ਹੈ, ਤਕੜਾ ਹੋ ਕੇ ਕਾਮ ਕਰ, ਮੈਂ ਤੇਰੇ ਸਾਥ ਹੈ।” ਠੇਕੇਦਾਰ ਨੇ ਹਰਬੀਰ ਦੇ ਮੋਢੇ ਉੱਤੇ ਹੱਥ ਰੱਖਦਿਆਂ ਦਾਨਿਆਂ ਵਾਂਗ ਕਿਹਾ

“ਜੇ ਤੂੰ ਬਿਹਾਰੀ ਪੁੱਤ ਐਂ, ਮੈਂ ਵੀ ਪੰਜਾਬੀ ਆਂ, ਤੂੰ ਮੇਰਾ ਕੰਮ ਵੇਖਿਆ ਹੈ ... ਯਾਰੀ ਨਹੀਂ” ਹਰਬੀਰ ਬੋਲਿਆ, “ਕਿਰਤੀ ਨੇ ਕਿਰਤੀ ਸਮਝਣ ਵਿੱਚ ਧੋਖਾ ਨਹੀਂ ਖਾਧਾ, ਤੇਰੀ ਮੇਰੀ ਯਾਰੀ ਕਿਰਤ ਦੀ ਮਹਿਮਾ ਹੈਇਹ ਠੇਕੇਦਾਰੀ ਤਾਂ ਰਾਮ ਤੇ ਬਰਾੜ ਦੀ ਇਕੱਠੀ ਹੀ ਚੱਲੂ। ਹਾਂ, ਹਿੱਸਾ ਬਰਾਬਰ ਦਾ ਠੋਕ ਕੇ ਲਊਂ, ਵੇਖੀ ਕਿਤੇ ਹੁਣ ਦੌੜ ਨਾ ਜਾਵੀਂ!” ਜਿਵੇਂ ਹਰਬੀਰ ਨੇ ਯਾਰੀ ਲਈ ਹਿੱਕ ਠੋਕੀ ਹੋਵੇ

ਠੇਕੇਦਾਰ ਰਾਮ ਵਿਲਾਸ ਨੇ ਹਰਬੀਰ ਨੂੰ ਆਪਣੇ ਨਾਲ ਘੁੱਟ ਲਿਆ, ਜਿਵੇਂ ਚਿਰਾਂ ਤੋਂ ਵਿੱਛੜੇ ਭਰਾ ਮਿਲੇ ਹੋਣ

ਜਿੱਥੇ ਇਮਾਨਦਾਰੀ ਅਤੇ ਮਿਹਨਤ ਇਕੱਠੀਆਂ ਹੋ ਜਾਣ, ਉੱਥੇ ਕਿਸੇ ਗੱਲ ਦਾ ਘਾਟਾ ਨਹੀਂ ਰਹਿੰਦਾਦਿਨਾਂ ਵਿੱਚ ਹੀ ਬਰਾੜ ਠੇਕੇਦਾਰ ਦੀ ਸ਼ਹਿਰ ਵਿੱਚ ਚੜ੍ਹਤ ਹੋ ਗਈਹਰੇਕ ਨਕਸ਼ਾ ਨਵੀਸ ਨਵਾਂ ਘਰ ਬਣਾਉਣ ਵਾਲੇ ਹਰਬੀਰ ਦੀ ਦੱਸ ਪਾਉਂਦਾਜਿੱਥੇ ਵੀ ਕੰਮ ਮਿਲਦਾ ਦੋਵੇਂ ਇਕੱਠੇ ਕਰਦੇਮਜ਼ਦੂਰਾਂ ਤੇ ਕਾਰੀਗਰਾਂ ਦਾ ਮਿਹਨਤਾਨਾ ਪੂਰਾ ਦੇਂਦੇਹਰ ਕੋਈ ਉਹਨਾਂ ਦੇ ਕੰਮ ’ਤੇ ਜਾਣਾ ਲੋਚਦਾਹੱਥੀਂ ਕਿਰਤ ਨੇ ਉਹਨਾਂ ਦਾ ਵਿਸ਼ਵਾਸ ਹੋਰ ਪਕੇਰਾ ਕਰ ਦਿੱਤਾ

ਹਰਬੀਰ ਅਤੇ ਰਾਮ ਵਿਲਾਸ ਦੀ ਯਾਰੀ ਅਤੇ ਭਿਆਲੀ ਅਜਿਹਾ ਰੰਗ ਲਿਆਈ ਕਿ ਸਰਕਾਰੀ ਉਸਾਰੀ ਦੇ ਟੈਂਡਰ ਵੀ ਆਉਣ ਲੱਗ ਪਏਦਿਨਾਂ ਵਿੱਚ ਹੀ ਲਹਿਰਾਂ ਬਹਿਰਾਂ ਹੋ ਗਈਆਂਹਰਬੀਰ ਨੇ ਸ਼ਹਿਰ ਵਿੱਚ ਹੀ ਜੀ. ਟੀ. ਰੋਡ ’ਤੇ ਇੱਕ ਪਲਾਟ ਖਰੀਦ ਕੇ ਦੁਕਾਨਾਂ ਉਸਾਰ ਲਈਆਂਸਰਕਾਰੀ ਕੰਮ ਲੈਣ ਵਾਸਤੇ ਠੇਕੇਦਾਰੀ ਦਾ ਰਜਿਸਟ੍ਰੇਸ਼ਨ ਨੰਬਰ ਵੀ ਲੈ ਲਿਆਰਾਮ ਵਿਲਾਸ ਨਾਲ ਸਲਾਹ ਕਰਕੇ ਹਰਬੀਰ ਨੇ ਦੁਕਾਨ ਦਾ ਉਦਘਾਟਨ ਰੱਖ ਲਿਆ ਤਾਂ ਕਿ ਜਿਸ ਨੂੰ ਨਹੀਂ ਪਤਾ, ਉਸ ਨੂੰ ਵੀ ਪਤਾ ਲੱਗ ਜਾਵੇਰਿਸ਼ਤੇਦਾਰ ਅਤੇ ਸ਼ਹਿਰ ਦੇ ਪ੍ਰਮੁੱਖ ਬੰਦਿਆਂ ਤੋਂ ਇਲਾਵਾ ਸਿੱਧੂ ਸਰਦਾਰ ਨੂੰ ਵਿਸ਼ੇਸ਼ ਨਿਉਤਾ ਹਰਬੀਰ ਨੇ ਆਪ ਜਾ ਕੇ ਦਿੱਤਾ

ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਕਰਕੇ ਲੱਗੇ ਦੁਕਾਨ ਦੇ ਬੋਰਡ ਤੋਂ ਪਰਦਾ ਹਟਾਇਆ ਗਿਆਜਦੋਂ ਲੋਕਾਂ ਨੇ ‘ਰਾਮ ਵਿਲਾਸ ਐਂਡ ਬਰਾੜ ਕੰਸਟਰਕਸ਼ਨ ਕੰਪਨੀ’ ਦਾ ਬੋਰਡ ਪੜ੍ਹਿਆ ਤਾਂ ਸਣੇ ਰਾਮ ਵਿਲਾਸ ਸਾਰੇ ਹੈਰਾਨ ਰਹਿ ਗਏ ਇਹ ਨਿੱਗਰ ਯਾਰੀ ਦੀ ਅਜਿਹੀ ਮਿਸਾਲ ਸੀ। ਸਿੱਧੂ ਸਰਦਾਰ ਦੀਆਂ ਨਜ਼ਰਾਂ ਸ਼ਰਮ ਨਾਲ ਝੁਕ ਗਈਆਂ ਸਨ, ਜਿਸਨੇ ਯਾਰ ਦੀ ਪਿੱਠ ਵਿੱਚ ਛੁਰਾ ਮਾਰਿਆ ਸੀਪਰ ਹਰਬੀਰ ਵੱਲੋਂ ਮਿਲੇ ਪਿਆਰ ਕਰਕੇ ਪ੍ਰਦੇਸੀ ਯਾਰ ਰਾਮ ਵਿਲਾਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਜੋ ਸ਼ਾਇਦ ਹਰਬੀਰ ਤੋਂ ਬਗੈਰ ਕਿਸੇ ਨੇ ਨਹੀਂ ਵੇਖੇ

*****

(1466)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਤਰਸੇਮ ਸਿੰਘ ਭੰਗੂ

ਤਰਸੇਮ ਸਿੰਘ ਭੰਗੂ

Gurdaspur, Punjab, India.
Phone: (91 - 94656 - 56214)