TarsemSBhangu7ਭਲਵਾਨ ਜੀ, ਕੀ ਕਹਿੰਦੇ ਪਏ ਜੇਗਿੱਚੀ ਹਾਲੇ ਵੀ ਚਿਲੂੰ-ਚਿਲੂੰ ...
(14 ਅਪਰੈਲ 2018)

 

ਉਹ ਮੇਰਾ ਮਿੱਤਰ ਸੇਵਾ ਮੁਕਤੀ ਤੋਂ ਬਾਅਦ ਬਣਿਆਉਸ ਨਾਲ ਮੇਰੀ ਪਹਿਲੀ ਮੁਲਾਕਾਤ ਸਥਾਨਕ ਪਾਰਕ ਵਿੱਚ ਸੈਰ ਕਰਦਿਆਂ ਅਚਾਨਕ ਹੋਈ ਸੀ। ਹਮੇਸ਼ਾ ਚੁਸਤ ਪਹਿਰਾਵੇ ਵਿੱਚ ਵਿਚਰਨ ਵਾਲਾ, ਫਿਫਟੀ ਬੰਨ੍ਹ ਕੇ ਦੋਵੇਂ ਪਾਸੇ ਪੇਚਾਂ ਵਾਲੀ ਮਾਵਾ ਲੱਗੀ ਪੱਗ, ਸੁਨਹਿਰੀ ਫਰੇਮ ਦੀ ਐਨਕ, ਚਿੱਟੀ ਦਾੜ੍ਹੀ ਉੱਪਰ ਕਾਲੀ ਜਾਲੀ, ਚਮੜੇ ਦੀ ਬੈਲਟ ਕਿਸੇ ਸੇਵਾ ਮੁਕਤ ਫੌਜੀ ਅਫਸਰ ਦਾ ਭੁਲੇਖਾ ਪਾਉਂਦੀ। ਹੱਥ ਵਿੱਚ ਫੜੀ ਖੂੰਡੀ ਵੇਖ ਕੇ ਜੇ ਕੋਈ ਟਿੱਪਣੀ ਕਰਦਾ ਆਖਦਾ, ‘ਬਾਪੂ, ਲੱਗਦੈ ਬੁਢਾਪਾ ਕਬੂਲ ਕਰ ਲਿਐ’ ਤਾਂ ਉਹ ਮੋੜਵਾਂ ਜਵਾਬ ਦਿੰਦਾ, ‘ਨਹੀਂ, ਇਹ ਕੁੱਤੇ ਬਿੱਲੇ ਡਰਾਉਣ ਲਈ ਆ।’ ਇਹ ਸੁਣ ਕੇ ਅਗਲਾ ਕੱਚਾ ਜਿਹਾ ਹੋ ਜਾਂਦਾ। ਇੰਨਾ ਹੱਸਮੁੱਖ ਇਨਸਾਨ ਮੈਂ ਆਪਣੇ ਜੀਵਨ ਦੇ ਸੱਠਵੇਂ ਵਰ੍ਹੇ ਤੱਕ ਨਹੀਂ ਵੇਖਿਆ।

ਵੈਸੇ ਤਾਂ ਬੱਗੀ ਦਾੜ੍ਹੀ ਕਰਕੇ ਮੈਂ ਵੀ ਉਸ ਦੇ ਬਰਾਬਰ ਦਾ ਹੀ ਲੱਗਦਾ ਹਾਂ। ਲਗਾਤਾਰ ਮਿਲਣੀਆਂ ਕਰਕੇ ਜਦੋਂ ਮੈਂ ਉਸ ਨਾਲ ਘੁਲ ਮਿਲ ਗਿਆ ਤਾਂ ਇਕ ਦਿਨ ਮੈਂ ਪੁੱਛ ਹੀ ਲਿਆ, “ਬਜ਼ੁਰਗੋ, ਸੈਂਚਰੀ ਦੇ ਕਿੰਨਾ ਕੁ ਨੇੜੇ ਹੋ?

ਮੇਰੇ ਇਸ ਸਵਾਲ ਨਾਲ ਉਹ ਖਿੜਾ-ਖਿੜਾ ਕੇ ਹੱਸਿਆ ਅਤੇ “ਜੰਨ ਕੁ ਤੂੰ” ਕਹਿ ਕੇ ਮੇਰੇ ਵੱਲ ਝਾਕਣ ਲੱਗ ਪਿਆ। ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਕਹਿੰਦਾ, ਉਸ ਨੇ ਕਿਹਾ, “ਬੱਸ, ਤੂੰ ਸੱਠ ਸਾਲਾ ਨੌਜਵਾਨ ਏ, ਮੈਂ 84 ਸਾਲਾ ਏਨਾ ਕੁ ਈ ਫਰਕ ਆਇਸ ਲਈ ਨਾ ਮੈਨੂੰ ਬੁੜ੍ਹਾ ਸਮਝੀਂ ਤੇ ਨਾ ਆਪਣੇ ਆਪ ਨੂੰ। ਸਦਾ ਜਵਾਨ ਰਹੇਂਗਾ।”

ਪਾਰਕ ਵਿੱਚ ਪਏ ਲੋਹੇ ਦੇ ਜੰਗਾਲੇ ਬੈਂਚ ’ਤੇ ਬੈਠਦਿਆਂ ਮੈਂ ਕਿਹਾ, “ਫਿਰ ਇਕ ਰਿਸ਼ਤਾ ਤਾਂ ਮੈਂ ਤੁਹਾਡੇ ਨਾਲ ਜੋੜ ਈ ਲੈਣਾ ਹੈ, ਜਿਸ ਨੂੰ ਤੁਸੀਂ ਨਾਂਹ ਨਹੀਂ ਕਰ ਸਕਦੇ।”

“ਯਾਰ, ਕਿਸੇ ਰਿਸ਼ਤੇ ਵਿੱਚ ਨਾ ਬੰਨ੍ਹੀ, ਨਿਭਦੇ ਨਹੀਓਂ ਹੁੰਦੇ” ਉਸਨੇ ਥੋੜ੍ਹਾ ਗੰਭੀਰ ਹੁੰਦਿਆਂ ਕਿਹਾ।

“ਯਾਰ ਬਾਪੂ ਤਾਂ ਨਿਭ ਈ ਜਾਊ, ਦਿਲ ਦੀਆਂ ਗੱਲਾਂ ਤਾਂ ਯਾਰ ਨਾਲ ਈ ਕੀਤੀਆਂ ਜਾ ਸਕਦੀਆਂ ਨੇ” ਮੈਂ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ।

ਮੈਂ ਕਦੇ ਉਸਦੇ ਘਰ ਪਰਿਵਾਰ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਮੈਂ ਸਮਝਦਾ ਸਾਂ ਕਿ ਬਜ਼ੁਰਗਾਂ ਨਾਲ ਦੁਨੀਆ ਕਿਹੋ ਜਿਹੇ ਰਿਸ਼ਤੇ ਨਿਭਾਉਂਦੀ ਹੈ। ਹੌਲੀ-ਹੌਲੀ ਸਾਡੀ ਏਨੀ ਨੇੜਤਾ ਹੋ ਗਈ ਕਿ ਜੇ ਪਾਰਕ ਵਿੱਚ ਸਾਡੇ ਦੋਵਾਂ ਵਿੱਚੋਂ ਪਹਿਲਾਂ ਕੋਈ ਪਹੁੰਚ ਜਾਂਦਾ ਤਾਂ ਸੈਂਕੜੇ ਲੋਕਾਂ ਵਿੱਚੋਂ ਅੱਖਾਂ ਇਕ ਦੂਜੇ ਨੂੰ ਹੀ ਭਾਲਦੀਆਂ। ਉਹ ਅਧਿਆਪਨ ਦੇ ਕਿੱਤੇ ਵਿੱਚੋਂ ਸੇਵਾ ਮੁਕਤ ਹੋਇਆ ਹੈ। ਗੱਲਾਂ ਜਿੰਨੀਆਂ ਵੀ ਉਹ ਮੇਰੇ ਨਾਲ ਕਰਦਾ, ਜਵਾਨੀ ਅਤੇ ਬਚਪਨ ਵੇਲੇ ਦੀਆਂ ਹੀ ਕਰਦਾ।

ਇਕ ਦਿਨ ਉਹ ਦੱਸਣ ਲੱਗਾ, “ਜਦੋਂ ਮੈ ਦਸ ਗਿਆਰਾਂ ਸਾਲ ਦਾ ਸਾਂ, ਸ਼ਹਿਰ ਰਹਿਣ ਕਰਕੇ ਗੁਜ਼ਾਰਾ ਔਖਾ ਸੀ। ਪੜ੍ਹਾਈ ਦੇ ਨਾਲ-ਨਾਲ ਮੈਨੂੰ ਮੇਰੀ ਵਿਧਵਾ ਮਾਂ ਨੇ ਸਕੂਲ ਸਮੇਂ ਤੋਂ ਬਾਅਦ ਇਕ ਦੁਕਾਨ ’ਤੇ ਨੌਕਰੀ ਲਵਾ ਦਿੱਤਾ ਸੀ। ਅੰਮ੍ਰਿਤਸਰ ਸ਼ਹਿਰ ਵਿੱਚ ਸਿਨਮੇ ਕਾਫੀ ਹਨ। ਉਦੋਂ ਕਿਸੇ ਵੀ ਨਵੀਂ ਲੱਗੀ ਫਿਲਮ ਦਾ ਪ੍ਰਚਾਰ ਸਿਨਮੇ ਵਾਲਿਆਂ ਦੇ ਕਰਿੰਦੇ ਪੋਸਟਰ ਮੋਢਿਆਂ ’ਤੇ ਚੁੱਕ ਕੇ ਧੂਤੂ ਵਿੱਚ ਬੋਲ ਕੇ ਕਰਦੇ ਹੁੰਦੇ ਸਨ। ਉਦੋਂ ਇਕ ਨਵੀਂ ਹਿੰਦੀ ਫਿਲਮ ਆਈ, ਜਿਸ ਦਾ ਨਾਂ ਸੀ ‘ਮਾਈ ਸਿਸਟਰ’। ਹੀਰੋ ਉਸ ਵਿੱਚ ਕੇ ਐਲ ਸਹਿਗਲ ਸੀ। ਅੰਗਰੇਜ਼ੀ ਦਾ ਉਦੋਂ ਰੁਝਾਨ ਬੜਾ ਘੱਟ ਸੀ। ਫਿਲਮ ਦੇ ਨਾਵਾਂ ਦੇ ਅਰਥ ਲੋਕ ਸਮਝ ਲੈਣ, ਇਸ ਲਈ ਪੋਸਟਰ ਵਾਲੇ ਦੇ ਨਾਲ ਧੂਤੂ ਵਿੱਚ ਇਕ ਨੌਜਵਾਨ ਬੋਲ ਰਿਹਾ ਸੀ, ‘ਰਾਇਲ ਟਾਕੀ ਵਿੱਚ ਵੇਖੋ ਰੋਜ਼ਾਨਾ ਤਿੰਨ ਸ਼ੋਅ, ਮੇਰੀ ਬਹਿਨ, ਮੇਰੀ ਬਹਿਨ, ਮੇਰੀ ਬਹਿਨ।’

ਸਾਡੀ ਦੁਕਾਨ ਦੇ ਸਾਹਮਣੇ ਇਕ ਮੁਸਲਮਾਨ ਦੀ ਦੁਕਾਨ ਸੀ। ਉਸ ਦਾ ਪੂਰਾ ਨਾਂ ਕਾਦਰ ਬਖਸ਼ ਸੀ ਤੇ ਕਾਦਾ ਕਰ ਕੇ ਸਾਰੇ ਉਸ ਨੂੰ ਬੁਲਾਉਂਦੇ ਸਨ। ਉਹ ਤੇਲ ਨਾਲ ਜਗਣ ਵਾਲੀਆਂ ਲਾਲਟੈਣਾਂ ਨੂੰ ਟਾਂਕੇ ਲਾਉਂਦਾ ਹੁੰਦਾ ਸੀ। ਉਹ ਹੁੱਜਤੀ ਬਹੁਤ ਸੀ। ਉਸ ਨੇ ਕਹਿ ਦਿੱਤਾ, ‘ਭੈਣ ਨੂੰ ਨਾਲ ਈ ਲਈ ਆਉਂਦਾ। ਐਥੇ ਈ ਵੇਖ ਲੈਂਦੇ ਸਿਨਮੇ ਨੂੰ ਢਾਹੁਣ ਜਾਣੈ।’ ਇਹ ਸ਼ਬਦ ਧੂਤੂ ਵਾਲੇ ਨੇ ਸੁਣ ਲਏ। ਸਿਨਮੇ ਵਾਲਿਆਂ ਦੇ ਕਰਿੰਦੇ ਵੀ ਆਪਣੇ ਆਪ ਨੂੰ ਘੱਟ ਬਦਮਾਸ਼ ਨਹੀਂ ਸਮਝਦੇ ਸਨ। ਉਨ੍ਹਾਂ ਕਾਦੇ ਨੂੰ ਜਾ ਗਲਿਓਂ ਫੜਿਆ। ਲੜਾਈ ਹਿੰਦੂ ਮੁਸਲਿਮ ਦਾ ਰੂਪ ਧਾਰ ਗਈ।

ਉਸੇ ਬਾਜ਼ਾਰ ਵਿੱਚ ਅਮ੍ਰਿਤਸਰ ਟਰਾਂਸਪੋਰਟ ਦੇ ਮਾਲਕ ਬਿਜਲੀ ਭਲਵਾਨ ਦੀ ਦਫਤਰ ਨੁਮਾ ਦੁਕਾਨ ਸੀ। ਉਸ ਦਾ ਬਾਜ਼ਾਰ ਵਿੱਚ ਕਾਫੀ ਦਬਦਬਾ ਸੀ। ਰੌਲਾ ਪੈਂਦਾ ਸੁਣ ਕੇ ਉਹ ਸਾਰਾ ਵਾਕਿਆ ਵੇਖਣ ਤੋਂ ਬਾਅਦ ਉੱਠ ਕੇ ਆਇਆ ਤੇ ਕਾਦੇ ਅਤੇ ਸਿਨੇਮਾ ਵਾਲਿਆਂ ਦੇ ਲੜਦੇ ਬੰਦਿਆਂ ਨੂੰ ਅਲੱਗ-ਅਲੱਗ ਕਰਕੇ ਕਾਦੇ ਦੀ ਗਿੱਚੀ ਵਿੱਚ ਜ਼ੋਰ ਦੀ ਇਕ ਲੱਫੜ ਮਾਰਿਆ ਤੇ ਕਿਹਾ, ‘ਸਾਲਿਆ, ਤੈਨੂੰ ਮੈਂ ਦੱਸਦਾਂ, ਕਿਵੇਂ ਕਿਸੇ ਨੂੰ ਗਲਤ ਬੋਲੀਦਾ। ਜਾਓ ਓਏ ਮੁੰਡਿਓ ਤੁਸੀਂ, ਇਹਦੇ ਮੈਂ ਦੋ ਹੋਰ ਲਾਉਂਦਾ ਹਾਂ।’ ਅੱਗੋਂ ਭਾਰਾ ਭਲਵਾਨ ਦੇਖ ਕੇ ਕਿਸੇ ਦੀ ਹੋਰ ਕੁਝ ਕਹਿਣ ਦੀ ਜੁਰਅਤ ਨਾ ਪਈ ਤੇ ਝਗੜਾ ਸ਼ਾਂਤ ਹੋ ਗਿਆਮੈਂ ਇਹ ਸਾਰਾ ਤਮਾਸ਼ਾ ਆਪਣੀ ਦੁਕਾਨ ’ਤੇ ਬੈਠਿਆਂ ਵੇਖਿਆ।

ਥੋੜ੍ਹੀ ਦੇਰ ਬਾਅਦ ਭਲਵਾਨ ਕਾਦੇ ਦੀ ਦੁਕਾਨ ’ਤੇ ਆਇਆ ਤੇ ਬੋਲਿਆ, ‘ਉਏ ਜ਼ਿਆਦਾ ਤਾਂ ਨਹੀਂ ਲੱਗੀ?’

ਭਲਵਾਨ ਜੀ, ਕੀ ਕਹਿੰਦੇ ਪਏ ਜੇ, ਗਿੱਚੀ ਹਾਲੇ ਵੀ ਚਿਲੂੰ-ਚਿਲੂੰ ਪਈ ਕਰਦੀ ਆ।’ ਕਾਦੇ ਨੇ ਗਿੱਚੀ ਪਲੋਸੀ।

ਭਲਵਾਨ ਨੇ ਕਾਦੇ ਨੂੰ ਗਲਵਕੜੀ ਵਿੱਚ ਲੈਂਦਿਆਂ ਕਿਹਾ, ‘ਗੁੱਸਾ ਨਾ ਕਰੀਂ, ਪਰ ਤੂੰ ਸਹੁਰੀ ਦਿਆ, ਮੌਕੇ ਦੀ ਗੱਲ ਬੜੀ ਵਧੀਆ ਆਖੀ ਆ, ਤੈਨੂੰ ਅਹੁੜੀ ਕਿਵੇਂ?’

**

ਫਿਰ ਕਿਸੇ ਹੋਰ ਦਿਨ ਬਾਪੂ ਦੱਸਣ ਲੱਗਾ, “ ... ਮਿਹਨਤ ਕਰਦਾ ਮੈਂ ਪੜ੍ਹ ਲਿਖ ਗਿਆ। ਸੂਬੇ ਤੋਂ ਬਾਹਰ ਨੌਕਰੀ ਮਿਲ ਗਈ। ਉਦੋਂ ਪੰਜਾਬ ਇਕੱਠਾ ਸੀ। ਮੇਰਾ ਵਿਆਹ ਵੀ ਤੇਰੀ ਬੇਬੇ ਨਾਲ ਹੋ ਗਿਆ, ਜੋ ਸਰਕਾਰੀ ਨੌਕਰੀ ਕਰਦੀ ਸੀ। ਮੈਂ ਵਿਆਹ ਤੋਂ ਬਾਅਦ ਉਸ ਨੂੰ ਆਪਣੇ ਨਾਲ ਲੈ ਗਿਆ। ਉਸ ਵੇਲੇ ਸਕਿੱਨ ਟਾਈਟ ਪਜਾਮੀਆਂ ਨਵੀਆਂ-ਨਵੀਆਂ ਚੱਲੀਆਂ ਸਨ। ਬੀਜੀ (ਮੇਰੀ ਸੱਸ) ਸਾਡੇ ਕੋਲ ਆਈ ਹੋਈ ਸੀ। ਮੈਂ ਨੌਕਰੀ ’ਤੇ ਥੋੜ੍ਹਾ ਲੇਟ ਜਾਂਦਾ ਸਾਂ। ਬੇਬੇ ਤੇਰੀ ਜਲਦੀ ਜਾਂਦੀ ਸੀ। ਉਸ ਦਿਨ ਉਸ ਨੇ ਸਕਿੱਨ (ਚਮੜੀ) ਵਾਲੇ ਰੰਗ ਦੀ ਪਜਾਮੀ ਕਮੀਜ਼ ਨਾਲ ਪਹਿਨੀ ਹੋਈ ਸੀ, ਜੋ ਦੂਰੋਂ ਨਾ ਪਾਇਆਂ ਬਰਾਬਰ ਲੱਗਦੀ ਸੀ। ਜਦੋਂ ਉਹ ਘਰੋਂ ਬਾਹਰ ਨਿਕਲੀ ਤਾਂ ਬੀਜੀ ਨੇ ਆਵਾਜ਼ ਮਾਰੀ, ‘ਨੀ ਕੁੜੇ ਸਤਵੰਤ, ਸਲਵਾਰ ਤਾਂ ਪਾ ਲੈਂਦੀ।’ ਉਸ ਨੇ ਗੱਲ ਅਣਸੁਣੀ ਕਰ ਦਿੱਤੀ। ਬੀਜੀ ਮੈਨੂੰ ਕਹਿਣ ਲੱਗੀ, ‘ਕਰਤਾਰ ਸਿੰਘ ਵੇਖ, ਮਾਰ ’ਵਾਜ, ਉਹ ਸੁਦੈਣ ਸਲਵਾਰ ਪਾਉਣੀ ਭੁੱਲ ਗਈ ਊ।’

ਮੈਂ ਮੁਸਕਰਾਉਂਦਿਆਂ ਕਿਹਾ, ‘ਕੋਈ ਨਾ ਬੀਜੀ, ਜਦੋਂ ਪਤਾ ਲੱਗੂ, ਮੁੜ ਆਊ, ਜਾਣ ਦਿਓ ਸੂ।’

ਹਾਏ-ਹਾਏ ਕਮਲਾ ਜਿਹਾ ਕਹਿੰਦੀ ਬੀਜੀ ਉਹਦੇ ਮਗਰ ਦੌੜੀ। ਜਦੋਂ ਪਤਨੀ ਨੇ ਦੱਸਿਆ ਕਿ ਮੈਂ ਕੱਪੜੇ ਪਹਿਨੇ ਹੋਏ ਨੇ ਤਾਂ ਬੁੜ-ਬੁੜ ਕਰਦੀ ਬੀਜੀ ਵਾਪਸ ਆ ਗਈ। ‘ਕਿਹੋ-ਕਿਹੋ ਜਿਹੇ ਕੱਪੜੇ ਚੱਲ ਪਏ ਨੇ। ਸ਼ਰਮ ਦਾ ਘਾਟਾ, ਨਖਾਫਣੇ ਬਣਾਉਣ ਵਾਲਿਆਂ ਨੂੰ।’

**

ਇਕ ਦਿਨ ਤਾਂ ਬਾਪੂ ਨੇ ਹਾਸੇ ਨਾਲ ਲੋਟ ਪੋਟ ਹੀ ਕਰ ਦਿੱਤਾ। ਉਹਨੇ ਆਪਣੇ ਜਵਾਨੀ ਵੇਲੇ ਦਾ ਇਕ ਹੋਰ ਕਿੱਸਾ ਛੇੜ ਲਿਆ, “... ਪੰਜਾਬੀ ਸੂਬਾ ਬਣ ਗਿਆ ਤਾਂ ਮੈਂ ਬਦਲੀ ਕਰਵਾ ਕੇ ਗੁਰਦਾਸਪੁਰ ਆ ਗਿਆ। ਬੇਰੀਆਂ ਮੁਹੱਲੇ ਕਿਰਾਏ ’ਤੇ ਰਹਿੰਦੇ ਸਾਂ। ਉਦੋਂ ਵੀ ਬੀਜੀ ਸਾਡੇ ਕੋਲ ਆਏ ਹੋਏ ਸਨ। ਰੇਡੀਓ ਉੱਤੇ ‘ਬਿਨਾਕਾ ਗੀਤਮਾਲਾ’ ਪਰੋਗਰਾਮ ਸ੍ਰੀਲੰਕਾ ਤੋਂ ਚੱਲ ਰਿਹਾ ਸੀ। ਗੀਤ ਵੱਜ ਰਿਹਾ ਸੀ, ‘ਮੈਂ ਯਾਰ ਮਨਾਣਾ ਨੀ, ਚਾਹੇ ਲੋਗ ਬੋਲੀਆਂ ਬੋਲੇ। ਮੈਂ ਬਾਜ਼ ਨਾ ਆਣਾ ਨੀ, ਚਾਹੇ ਜ਼ਹਿਰ ਸੌਂਤਨੇ ਘੋਲੇ।’

ਧੁਨ ਬਹੁਤ ਵਧੀਆ ਸੀ ਅਤੇ ਬੀਜੀ ਸਿਰ ਮਾਰ-ਮਾਰ ਝੂਮ ਕੇ ਬੜਾ ਆਨੰਦ ਲੈ ਰਹੇ ਸਨ। ਤੇਰੀ ਬੇਬੇ ਨੇ ਸੁਭਾਵਿਕ ਈ ਪੁੱਛ ਲਿਆ, ‘ਬੀਜੀ ਬੜੇ ਮਸਤ ਹੋਏ ਪਏ ਜੇ, ਦੱਸੋ ਖਾਂ ਭਲਾ ਗਾਣੇ ਦੇ ਬੋਲ ਕੀ ਨੇ।’

ਬੀਜੀ ਨੇ ਕਿਹਾ, ‘ਹਾਂ-ਹਾਂ ਬਹੁਤ ਵਧੀਆ ਆ, ਜੋ ਕੁੜੀ ਕਹਿ ਰਹੀ ਹੈ ਬਹੁਤ ਚੰਗੀਆਂ ਗੱਲਾਂ ਕਰ ਰਹੀ ਆ।’

ਕਿਹੜੀਆਂ ਗੱਲਾਂ?’ ਪਤਨੀ ਨੇ ਫਿਰ ਪੁੱਛਿਆ

ਇਹੋ ਈ, ਨੀ ਮੈਂ ਦਾਜ ਬਨਾਣਾ ਨੀ,’ ਬੀਜੀ ਨੇ ਪੂਰੇ ਭਰੋਸੇ ਨਾਲ ਆਖਿਆ।

ਨਹੀਂ ਬੀਜੀ, ਇਹ ਕਹਿ ਰਹੀ ਹੈ ਕਿ ਨੀ ਮੈਂ ਯਾਰ ਮਨਾਣਾ ਨੀ, ਚਾਹੇ ਲੋਗ ਬੋਲੀਆਂ ਬੋਲੇ’ ਪਤਨੀ ਨੇ ਆਪਣੇ ਵੱਲੋਂ ਸ਼ੁੱਧ ਉਚਾਰਨ ਦਾ ਖੁਲਾਸਾ ਕੀਤਾ।

ਦੂਰ ਫਿੱਟੇ ਮੂੰਹ ਏਹਦਾ ਤੇ ਨਾਲੇ ਤੇਰਾ, ਜਿਹੜੀ ਇਹੋ ਜਿਹੇ ਗੀਤ ਸੁਣਦੀ ਆ। ਬੰਦ ਕਰ ਏਹਨੂੰ ਪਿਓ ਨੂੰ’ ਬੀਜੀ ਨੇ ਰੇਡੀਓ ਵੱਲ ਇਸ਼ਾਰਾ ਕਰਦਿਆਂ ਗੁੱਸੇ ਨਾਲ ਆਖਿਆ।

**

ਅਜਿਹੀਆਂ ਰੂਹ ਨੂੰ ਤਾਜ਼ਗੀ ਦੇਣ ਵਾਲੀਆਂ ਅਨੇਕਾਂ ਗੱਲਾਂ ਮੇਰਾ ਯਾਰ ਬਾਪੂ ਸੁਣਾ ਕੇ ਹਾਸੇ ਵੰਡਦਾ ਰਹਿੰਦਾ ਹਾਸੇ ਵੰਡਣ ਵਾਲੇ ਮਨੁੱਖ ਹਮੇਸ਼ਾ ਲੰਬੀ ਉਮਰ ਭੋਗਦੇ ਹਨ।

*****

(1110)

About the Author

ਤਰਸੇਮ ਸਿੰਘ ਭੰਗੂ

ਤਰਸੇਮ ਸਿੰਘ ਭੰਗੂ

Gurdaspur, Punjab, India.
Phone: (91 - 94656 - 56214)
tarsembhangu1982@gmail.com

More articles from this author