“ਇਹ ਕਦਮ ਚੁੱਕਣ ਨਾਲ ਦੁਨੀਆਂ ਭਰ ਦੀਆਂ ਫੌਜਾਂ ਵਿੱਚ ਵਧੀਆ ਤੇ ਕੁਸ਼ਲ ਗਿਣੀ ਜਾਣ ਵਾਲੀ ਭਾਰਤੀ ਫੌਜ ਦਾ ...”
(18 ਜੂਨ 2022)
ਮਹਿਮਾਨ: 58.
ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੀਆਂ ਸੁਰਖੀਆਂ ਵਿੱਚ ਅਗਲੇ ਦਿਨੀਂ ਹੋਣ ਵਾਲੀ ਫੌਜੀ ਭਰਤੀ ਵਾਸਤੇ ਨਵੇਂ ਮਾਪਦੰਡ ਪੇਸ਼ ਕੀਤੇ ਗਏ ਹਨ। ਸਰਕਾਰ ਦਾ ਤਰਕ ਹੈ ਕਿ ਫੌਜ ਨੂੰ ਮਿਲਣ ਵਾਲੀ ਤਨਖਾਹ ਅਤੇ ਪੈਨਸ਼ਨ ਦੇ ਮੁਲਕ ਉੱਤੇ ਪੈ ਰਹੇ ਵਿੱਤੀ ਬੋਝ ਨੂੰ ਘੱਟ ਕਰਨ ਲਈ ਇਹ ਸਕੀਮ ਲਾਗੂ ਕੀਤੀ ਜਾ ਰਹੀ ਹੈ। ਇਸ ਸਕੀਮ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਨਵੇਂ ਮਾਪਦੰਡਾਂ ਅਨੁਸਾਰ ਅਗਨੀਪਥ ਨਾਮਕ ਸਕੀਮ ਤਹਿਤ ਨਵੀਂ ਭਰਤੀ ਵਿੱਚ ਇੱਕ ਸਿਪਾਹੀ ਨੂੰ ਸਿਰਫ਼ ਚਾਰ ਸਾਲ ਵਾਸਤੇ ਹੀ ਇੱਕ ਪੈਕੇਜ ਤਕਰੀਬਨ ਛੇ ਤੋਂ ਸੱਤ ਲੱਖ ਸਾਲ ਦਾ ਦਿੱਤਾ ਜਾਵੇਗਾ। ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਅਗਨੀਵੀਰ ਦਾ ਨਾਮ ਦਿੱਤਾ ਜਾਵੇਗਾ। ਉਹ ਪੈਨਸ਼ਨ ਲੈਣ ਦਾ ਹੱਕਦਾਰ ਨਹੀਂ ਹੋਵੇਗਾ। ਆਪਣੀ ਤਨਖਾਹ ਵਿੱਚੋਂ ਫੰਡ ਦੇ ਰੂਪ ਵਿੱਚ ਜਮ੍ਹਾਂ ਹੋਈ ਰਕਮ ਬਿਆਜ ਸਮੇਤ ਚਾਰ ਸਾਲ ਬਾਅਦ ਲੈਣ ਦਾ ਹੱਕਦਾਰ ਹੋਵੇਗਾ। ਭਰਤੀ ਕੀਤੇ ਜਵਾਨਾਂ ਵਿੱਚੋਂ ਵੀਹ ਫੀਸਦ ਜਵਾਨ ਪੰਦਰਾਂ ਸਾਲ ਲਈ ਨੌਕਰੀ ਵਾਸਤੇ ਰੱਖੇ ਜਾਣਗੇ। ਇਸ ਤਰ੍ਹਾਂ ਭਾਰਤੀ ਫੌਜ ਪੂਰੀ ਨੌਜਵਾਨ ਹੀ ਹੋਵੇਗੀ। ਭਾਵ ਅਗਨਬਾਣਾਂ ਵਰਗੇ ਅਗਨੀਵੀਰ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਉੱਕੇ-ਪੁੱਕੇ ਸਾਲ ਦੇ ਪੈਕੇਜ ਅਤੇ ਬਿਨਾਂ ਪੈਨਸ਼ਨ ਦੀ ਗੱਲ ਕਰਨ ਵਾਲੇ ਜ਼ਿੰਮੇਵਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਰਹੇ? ਅਜਿਹੇ ਮਾਪਦੰਡ ਇਹਨਾਂ ਉੱਪਰ ਲਾਗੂ ਨਹੀਂ ਹੋਣੇ ਚਾਹੀਦੇ? ਇਹਨਾਂ ਦੀ ਵੀ ਕੋਈ ਉਮਰ ਹੱਦ, ਸਰੀਰਕ ਫਿਟਨੈੱਸ ਅਤੇ ਅਕਾਦਮਿਕ ਯੋਗਤਾ ਨਹੀਂ ਹੋਣੀ ਚਾਹੀਦੀ? ਕੀ ਐੱਮ. ਪੀ. ਅਤੇ ਐੱਮ. ਐੱਲ. ਏ. ਅਨੇਕਾਂ ਸਹੂਲਤਾਂ ਮਾਣਦੇ ਖੁਦ ਉੱਕੇ-ਪੁੱਕੇ ਪੈਕੇਜ ’ਤੇ ਕੰਮ ਕਰਨ ਲਈ ਤਿਆਰ ਹੋਣਗੇ?
ਜਵਾਬ ਹੈ ਨਹੀਂ ਕਿਉਂਕਿ ਇਸ ਮੁਲਕ ਦੇ ਨੇਤਾ ਬਾਰਡਰਾਂ ’ਤੇ ਪਹੁੰਚ ਕੇ ਫੌਜੀ ਵਰਦੀ ਪਾ ਕੇ ਫੌਜੀ ਹੋਣ ਦਾ ਭਰਮ ਵੀ ਪਾਲਦੇ ਹਨ ਪਰ ਆਪਣੇ ਪੁੱਤਰਾਂ ਨੂੰ ਅਗਨੀਵੀਰ ਨਹੀਂ ਬਣਾਉਣਗੇ। ਉਹ ਆਪਣੇ ਬਾਪ ਦੀ ਵਿਰਾਸਤ ਵਿੱਚ ਮਿਲੀ ਕੁਰਸੀ ਸੰਭਾਲਦੇ ਹਨ, ਜਿੱਥੇ ਸੀਨਾ ਮਿਣਤੀ ਨਹੀਂ ਕੀਤਾ ਜਾਂਦਾ ਸਿਰਫ਼ ਸੀਨੇ ਦੀ ਮਿਣਤੀ ਦੱਸੀ ਜਾਂਦੀ ਹੈ। ਬਾਰਡਰਾਂ ਉੱਤੇ ਸੀਨੇ ਅਗਨੀਵੀਰਾਂ ਦੇ ਤਣਦੇ ਹਨ ਨੇਤਾਵਾਂ ਦੇ ਪੁੱਤਰਾਂ ਦੇ ਨਹੀਂ। ਨਵੇਂ ਮਾਪਦੰਡ ਬਣਾਉਣ ਵਾਲਿਆਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਚਾਰ ਸਾਲਾ ਰੰਗਰੂਟਾਂ ਵਰਗੇ ਅਗਨੀਵੀਰ ਦੁਸ਼ਮਣ ਦੇ ਘਰ ਵੜ ਕੇ ਆਪਣੇ ਕਿਸੇ ਜਵਾਨ ਜਾਂ ਅਫਸਰ ਨੂੰ ਛੁਡਾਉਣ ਦੀ ਹਿੰਮਤ ਵੀ ਕਰ ਕਰਨਗੇ?
ਅਜਿਹੇ ਮੌਕੇ ਉਹ ਰੈਗੂਲਰ ਸਰਵਿਸ ਵਾਲੇ ਜਵਾਨਾਂ ਨੂੰ ਇਹ ਵੀ ਕਹਿ ਸਕਦੇ ਹਨ ਕਿ ਫਰੰਟ ਉੱਤੇ ਜੂਝਣ ਲਈ ਤੁਸੀਂ ਜਾਓ, ਅਸੀਂ ਕਿਹੜਾ ਪੱਕੇ ਹਾਂ, ਕਿਹੜੀ ਪੈਨਸ਼ਨ ਲੈਣੀ ਹੈ, ਫਿਰ ਅਸੀਂ ਕਿਉਂ ਮਰੀਏ? ਇੰਜ ਆਪਸੀ ਸਹਿਯੋਗ ਦੀ ਥਾਂ ਤਣਾਅ ਵੀ ਵਧੇਗਾ।
ਇੱਕ ਪੁਰਾਣੇ ਪੈਨਸ਼ਨਰ ਨੇ ਦੱਸਿਆ ਕਿ ਉੰਨੀ ਸੌ ਸੱਤਰ ਤਕ ਫੌਜ ਵਿੱਚ ਕੁਝ ਸਮੇਂ ਬਾਅਦ ਰਿਜ਼ਰਵ ਦੇ ਨਾਂ ’ਤੇ ਫੌਜ ਵਿੱਚੋਂ ਜਵਾਨ ਘਰ ਆ ਜਾਂਦੇ ਸਨ। ਉਹ ਸਾਲ ਵਿੱਚ ਇੱਕ ਵਾਰ ਆਪਣੇ ਰਿਕਾਰਡ ਸੈਂਟਰ ਵਿੱਚ ਹਾਜ਼ਰੀ ਦਿੰਦੇ ਸਨ ਕਿਉਂਕਿ ਪੰਦਰਾਂ ਸਾਲਾਂ ਵਿੱਚ ਲੜਾਈ ਲੱਗਣ ਦੀ ਸੂਰਤ ਵਿੱਚ ਉਹ ਫੌਜ ਵਿੱਚ ਆਉਣ ਲਈ ਵਚਨਬੱਧ ਹੁੰਦੇ ਸਨ। ਉਹ ਵੀ ਵਿੱਤੀ ਬੋਝ ਘੱਟ ਕਰਨ ਲਈ ਹੀ ਕੀਤਾ ਗਿਆ ਸੀ ਪਰ ਸੰਨ 1971 ਦੀ ਹਿੰਦ-ਪਾਕਿ ਜੰਗ ਸਮੇਂ ਜਦੋਂ ਰਿਜ਼ਰਵ ਗਏ ਹੋਏ ਲੋਕਾਂ ਨੂੰ ਕਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਜੰਗ ਵਿੱਚ ਓਨੀ ਸ਼ਿੱਦਤ ਨਾਲ ਕੰਮ ਨਹੀਂ ਕੀਤਾ ਜਿੰਨੀ ਸ਼ਿੱਦਤ ਨਾਲ ਪੱਕੀ ਨੌਕਰੀ ਕਰ ਰਹੇ ਜਵਾਨਾਂ ਨੇ ਕੀਤਾ। ਉਸ ਤੋਂ ਬਾਅਦ ਰਿਜ਼ਰਵ ਸਕੀਮ ਬੰਦ ਕਰ ਦਿੱਤੀ ਗਈ ਸੀ। ਇੱਕ ਬਜ਼ੁਰਗ ਨੇ ਇਹ ਵੀ ਦੱਸਿਆ ਕਿ ਇੱਕ ਵਾਰ ਇੱਕ ਨੇਤਾ ਵੱਲੋਂ ਫੌਜ ਦੀ ਐਤਵਾਰ ਦੀ ਤਨਖਾਹ ਕੱਟਣ ਦੀ ਸਲਾਹ ਵੀ ਦਿੱਤੀ ਗਈ ਸੀ। ਫੌਜ ਵਿੱਚੋਂ ਅਵਾਜ਼ ਆਈ ਸੀ ਕਿ ਉਹ ਐਤਵਾਰ ਨੂੰ ਹਮਲਾ ਹੋਣ ਦੀ ਸੂਰਤ ਵਿੱਚ ਹਥਿਆਰ ਨਹੀਂ ਚੁੱਕਣਗੇ।
ਵਿੱਤੀ ਬੋਝ ਨੂੰ ਬਹਾਨਾ ਬਣਾ ਕੇ ਅਜਿਹੀ ਸਕੀਮ ਫਿਰ ਲਾਗੂ ਕਰਨ ਦੀ ਦੇਸ਼ ਦੇ ਭਵਿੱਖ ਲਈ ਫਿਕਰਮੰਦ ਸਿਆਣੇ ਸੋਚ ਰਹੇ ਹਨ। ਚਾਰ ਸਾਲ ਵਿੱਚ ਛੇ ਮਹੀਨੇ ਸਿਖਲਾਈ, ਵਰਤਮਾਨ ਨਿਯਮਾਂ ਅਨੁਸਾਰ ਸਾਲ ਵਿੱਚ ਤਿੰਨ ਮਹੀਨੇ ਦੀ ਛੁੱਟੀ ਬਾਕੀ ਨੌਕਰੀ ਢਾਈ ਸਾਲ। ਚਾਰ ਸਾਲ ਬਾਅਦ ਘਰ ਆਇਆ ਫੌਜੀ ਘਰ ਦਾ ਨਾ ਘਾਟ ਦਾ। ਇੱਕ ਤਰਕ ਇਹ ਵੀ ਦੱਸਿਆ ਗਿਆ ਹੈ ਕਿ ਇੰਜ ਪੂਰੇ ਮੁਲਕ ਵਿੱਚੋਂ ਨੌਜਵਾਨਾਂ ਦੇ ਫੌਜ ਵਿੱਚ ਜਾਣ ਦੀ ਰੀਝ ਪੂਰੀ ਹੋਵੇਗੀ। ਕੀ ਕਿਸੇ ਸੂਬੇ ਵਿੱਚ ਕਿਸੇ ਭਾਰਤੀ ਨੂੰ ਫੌਜ ਵਿੱਚ ਭਰਤੀ ਹੋਣ ਦੀ ਮਨਾਹੀ ਹੈ? ਮੁਲਕ ਦੇ ਸਾਰੇ ਸੂਬਿਆਂ ਦੀ ਕੌਮੀਅਤ ਦੇ ਨਾਂ ’ਤੇ ਬਣੀਆਂ ਯੂਨਿਟਾਂ ਵਰਗਾ ਕੌਮੀ ਜਜ਼ਬਾ ਕਿਧਰੇ ਵੀ ਵੇਖਣ ਨੂੰ ਨਹੀਂ ਮਿਲਦਾ। ਹਾਂ, ਸ਼ਾਇਦ ਗੁਜਰਾਤ ਅਤੇ ਕੁਝ ਹੋਰ ਸੂਬਿਆਂ ਦੇ ਨਾਂ ’ਤੇ ਰਜਮੈਟਾਂ ਨਹੀਂ ਹਨ, ਸਗੋਂ ਉਹ ਜ਼ਰੂਰ ਬਣਾ ਲੈਣੀਆਂ ਚਾਹੀਦੀਆਂ ਹਨ। ਦੇਸ਼ ਭਗਤੀ ਦਾ ਜਜ਼ਬਾ ਵੀ ਵਧੇਗਾ।
ਫੌਜ ਵਿੱਚ ਅਧੁਨਿਕ ਸਾਜ਼ੋ ਸਾਮਾਨ ਹੀ ਐਨਾ ਹੁੰਦਾ ਹੈ ਕਿ ਪੂਰੀ ਜਾਣਕਾਰੀ ਵੀਹ ਪੰਝੀ ਸਾਲਾਂ ਦੀ ਨੌਕਰੀ ਵਿੱਚ ਵੀ ਨਹੀਂ ਮਿਲਦੀ, ਅਗਨੀਵੀਰ ਚਾਰ ਸਾਲ ਵਿੱਚ ਕਿੱਥੋਂ ਪ੍ਰਾਪਤ ਕਰ ਲੈਣਗੇ? ਕਿਸੇ ਵੀ ਕੰਮ ਵਿੱਚ ਤਜਰਬਾ ਬਹੁਤ ਮਾਅਨੇ ਰੱਖਦਾ ਹੈ। ਫੌਜ ਤਜਰਬਾਹੀਣ ਹੋ ਜਾਵੇਗੀ। ਇਹ ਕਦਮ ਚੁੱਕਣ ਨਾਲ ਦੁਨੀਆਂ ਭਰ ਦੀਆਂ ਫੌਜਾਂ ਵਿੱਚ ਵਧੀਆ ਤੇ ਕੁਸ਼ਲ ਗਿਣੀ ਜਾਣ ਵਾਲੀ ਭਾਰਤੀ ਫੌਜ ਦਾ ਮਨੋਬਲ ਡਿਗੇਗਾ ਤੇ ਸਮਾਜਿਕ ਮਾਣ ਸਤਿਕਾਰ ਵੀ ਘਟੇਗਾ। ਫੌਜੀ ਨੂੰ ਰਿਸ਼ਤਾ ਕਰਨ ਲੱਗੇ ਲੋਕ ਪਹਿਲਾ ਸਵਾਲ ਕਰਿਆ ਕਰਨਗੇ, ਬਈ ਤੂੰ ਪੱਕਾ ਏਂ ਕਿ ਕੱਚਾ? ਮਾਹਰਾਂ ਅਨੁਸਾਰ ਇਹ ਫੈਸਲਾ ਆਉਣ ਵਾਲੀਆਂ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਦਸ ਲੱਖ ਨੌਕਰੀਆਂ ਦੇ ਕੇ ਵੋਟ ਬੈਂਕ ਪੱਕਾ ਕਰਨਾ ਕਿਸੇ ਪਾਰਟੀ ਦੇ ਹਿਤ ਵਿੱਚ ਤਾਂ ਚੰਗਾ ਹੋ ਸਕਦਾ ਹੈ ਪਰ ਦੇਸ਼ ਦੇ ਹਿਤ ਵਿੱਚ ਤਾਂ ਬਿਲਕੁਲ ਨਹੀਂ। ਵਿੱਤੀ ਸੰਕਟ ਹੱਲ ਕਰਨ ਲਈ ਅਜਿਹੇ ਮਾਪਦੰਡ ਸਭ ਤੋਂ ਪਹਿਲਾਂ ਲੱਖਾਂ ਵਿੱਚ ਤਨਖਾਹਾਂ ਅਤੇ ਅਨੇਕਾਂ ਸਹੂਲਤਾਂ ਲੈ ਰਹੇ ਨੇਤਾਵਾਂ ਨੂੰ ਆਪਣੇ ਉੱਪਰ ਲਾਗੂ ਕਰਕੇ ਮਿਸਾਲ ਪੈਦਾ ਕਰਨ ਦੀ ਲੋੜ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3634)
(ਸਰੋਕਾਰ ਨਾਲ ਸੰਪਰਕ ਲਈ: