“ਇਕ ਵਾਰ ਦੀ ਵਾਰਨਿੰਗ ਤੋਂ ਬਾਅਦ ਗੋਲੀ ਦੀ ਅਵਾਜ਼ ਆਉਣੀ ਚਾਹੀਦੀ ਹੈ। ਸਿਵਲੀਅਨ ਦਾ ਫੌਜ ਉੱਤੇ ਹਮਲਾ ...”
(10 ਜੂਨ 2023)
ਇਸ ਸਮੇਂ ਪਾਠਕ:192.
ਇਹ ਘਟਨਾ ਉੰਨੀ ਸੌ ਸਤਾਸੀ ਦੀ ਹੈ, ਇਸ ਲਈ ਇਹ ਘਟਨਾ ਸਾਂਝੀ ਕਰਨ ਤੋਂ ਪਹਿਲਾਂ ਅੱਸੀਵੇਂ ਦਹਾਕੇ ਦਾ ਜ਼ਿਕਰ ਕਰਨਾ ਵੀ ਜਰੂਰੀ ਹੈ। ਉਨ੍ਹਾਂ ਵੇਲਿਆਂ ਵਿਚ ਰੇਲ ਦੇ ਸਫਰ ਵਿਚ ਦੂਜੇ ਸੂਬਿਆਂ ਨੂੰ ਸਫਰ ਕਰਦੇ ਵੇਲੇ ਲੋਕ ਸਿੱਖ ਸਰਦਾਰ ਦੇ ਨੇੜੇ ਸੀਟ ਲੈਣ ਦੀ ਕੋਸ਼ਿਸ਼ ਕਰਦੇ ਹੁੰਦੇ ਸਨ ਕਿਉਂਕਿ ਇਹ ਧਾਰਨਾ ਸੀ ਕਿ ਸਿੱਖ ਦੇ ਹੁੰਦਿਆਂ ਲੁੱਟ-ਖਸੁੱਟ ਕਰਨ ਦੀ ਕੋਈ ਹਿੰਮਤ ਨਹੀਂ ਕਰਦਾ ਸੀ। ਖਾਸ ਕਰਕੇ ਪੰਜਾਬ ਵਿੱਚੋਂ ਆਪਣੇ ਰਿਸ਼ਤੇਦਾਰਾਂ ਕੋਲ ਜੇ ਯੂਪੀ ਵੱਲ ਕੋਈ ਨਿਹੰਗ ਸਿੰਘ ਜਾਂਦਾ ਸੀ ਤਾਂ ਰੇਲ ਗੱਡੀ ਦੇ ਉਸ ਡੱਬੇ ਵਿਚ ਕੋਈ ਬੀੜੀ-ਸਿਗਰਟ ਪੀਣ ਦੀ ਜੁਰਅਤ ਨਹੀਂ ਸੀ ਕਰਦਾ। ਜੇ ਕਿਧਰੇ ਗਲਤੀ ਨਾਲ ਕਿਸੇ ਨੇ ਬੀੜੀ ਸੁਲਗਾ ਲਈ ਹੋਵੇ ਤੇ ਬਦਬੂ ਡੱਬੇ ਵਿਚ ਫੈਲ ਗਈ ਹੋਵੇ ਤਾਂ ਨਿਹੰਗ ਸਿੰਘ ਉੱਚੀ ਅਵਾਜ਼ ਵਿਚ ਬੋਲਦਾ, “ਕਿਹੜਾ ਗਧੀ ਚੁੰਘ ਰਿਹਾ ਹੈ ਬਈ ਓਏ?” ਬੀੜੀ ਪੀਣਾ ਤਾਂ ਦੂਰ ਦੀ ਗੱਲ ਸੀ, ਪੀਣ ਵਾਲਾ ਡਰਦਾ ਬੀੜੀ ਅੰਦਰ ਹੀ ਲੰਘਾ ਜਾਂਦਾ ਸੀ।
ਮੇਰੀ ਆਪ ਬੀਤੀ ਬੜੀ ਹੀ ਲੂੰ ਕੰਡੇ ਖੜ੍ਹੇ ਕਰਨ ਵਾਲੀ ਹੈ। ਦਰਬਾਰ ਸਾਹਿਬ ਉੱਤੇ ਹਮਲੇ ਤੋਂ ਪਹਿਲਾਂ ਗੰਧਲੀ ਰਾਜਨੀਤੀ ਦੇ ਸ਼ਿਕਾਰ ਹੋਏ ਸਿੱਖ ਨੌਜਵਾਨਾਂ ਨੂੰ ਪ੍ਰਿੰਟ ਮੀਡੀਆ ਬੜੇ ਡਰਾਉਣੇ ਰੂਪ ਵਿੱਚ ਪ੍ਰਚਾਰ ਰਿਹਾ ਸੀ। ਫੌਜ ਵਿਚ ਨੌਕਰੀ ਦੌਰਾਨ ਛੁੱਟੀ ਕੱਟ ਕੇ ਜਾਣ ਤੋਂ ਬਾਅਦ ਦੂਸਰੇ ਸੂਬਿਆਂ ਦੇ ਸਾਥੀ ਜਵਾਨ ਅਕਸਰ ਪੁੱਛਦੇ, “ਪੰਜਾਬ ਵਿਚ ਤਾਂ ਮਾਹੌਲ ਬੜਾ ਖਰਾਬ ਹੈ, ਤੁਹਾਨੂੰ ਡਰ ਨਹੀਂ ਲੱਗਦਾ?”
ਇਸ ਖਰਾਬ ਮਾਹੌਲ ਨੂੰ ਠੱਲ੍ਹ ਪਾਉਣ ਲਈ ਪੰਜਾਬ ਵਿੱਚ ਸਾਕਾ ਨੀਲਾ ਤਾਰਾ ਨੂੰ ਅੰਜਾਮ ਦਿੱਤਾ ਗਿਆ। ਚੁਰਾਸੀ ਵਿਚ ਹੀ ਸਿੱਖ ਰਖਵਾਲਿਆਂ ਵੱਲੋਂ ਇੰਦਰਾ ਗਾਂਧੀ ਦੇ ਕਤਲ ਨੇ ਤਾਂ ਪੂਰੇ ਹਿੰਦੋਸਤਾਨ ਵਿੱਚ ਹੀ ਸਿੱਖ ਗੈਰ ਸਿੱਖਾਂ ਦੇ ਦੁਸ਼ਮਣ ਬਣਾ ਦਿੱਤੇ ਸਨ। ਇਹ ਵਰ੍ਹਾ ਧਰਮ ਨਿਰਪੱਖ ਮੁਲਕ ਵਿੱਚ ਕਲੰਕ ਵਜੋਂ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ। ਉਸ ਮੌਕੇ ਇਕ ਸਖ਼ਸ਼ ਵੱਲੋਂ ਇਕ ਵਾਕ ਬੋਲਣ ਨਾਲ ਜੋ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੋਇਆ ਸੀ, ਉਹ ਕਿਸੇ ਤੋਂ ਭੁੱਲਾ ਨਹੀਂ।
ਉਸ ਤੋਂ ਬਾਅਦ ਕੱਚੇ ਧਾਗੇ ਨਾਲ ਬੱਝੀ ਭਾਰਤੀ ਫੌਜ ਵਿੱਚ ਵੀ ਨੌਕਰੀ ਕਰਦੇ ਹਰੇਕ ਸਿੱਖ ਨੂੰ ਤਿਰਛੀ ਨਜ਼ਰ ਨਾਲ ਵੇਖਿਆ ਜਾਣ ਲੱਗ ਪਿਆ ਸੀ। ਨਾਲ ਦੇ ਜਵਾਨਾਂ ਵੱਲੋਂ ਗਦਾਰੀ ਦੇ ਲੇਬਲ ਦੀਆਂ ਕੱਸੀਆਂ ਕਾਨੀਆਂ ਸੁਣਨੀਆਂ ਪਈਆਂ ਸਨ।
ਚੁਰਾਸੀ ਵਿੱਚ ਕੁਝ ਸਿੱਖ ਯੂਨਿਟਾਂ ਡਿਸਬੈਂਡ ਹੋਣ ਕਰਕੇ ਮੇਰੀ ਬਦਲੀ ਇਕ ਰਲਵੀਂ ਤੋਪਖਾਨਾ ਯੂਨਿਟ ਵਿੱਚ ਹੋ ਗਈ। ਉਸ ਯੂਨਿਟ ਨੇ ਰੂਟੀਨ ਬਦਲੀ ਵਾਸਤੇ ਅਰੂਨਆਂਚਲ ਪ੍ਰਦੇਸ਼ ਵਿਚ ਜਾਣਾ ਸੀ। ਅਡਵਾਂਸ ਪਾਰਟੀ ਵਿਚ ਸ਼ਾਮਿਲ ਮੈਂ ਤੇ ਮੇਰਾ ਦੋਸਤ ਬਖਸ਼ੀਸ਼ ਸਿੰਘ ਵੀ ਰਾਖਵੇਂ ਫੌਜੀ ਡੱਬਿਆਂ ਵਿੱਚ ਮੇਰੇ ਨਾਲ ਸੀ। ਵੈਸਟ ਬੰਗਾਲ ਦੇ ਮਾਲਦਾ ਰੇਲਵੇ ਸਟੇਸ਼ਨ ਉੱਤੇ ਟਰੇਨ ਰੁਕੀ। ਦੋ ਸਰਦਾਰ ਮੁੰਡਿਆਂ ਦੀ ਦੋਵਾਂ ਡੱਬਿਆਂ ’ਤੇ ਸੰਤਰੀ ਡਿਊਟੀ ਸੀ ਕਿ ਕੋਈ ਸਿਵਲੀਅਨ ਫੌਜੀ-ਡੱਬੇ ਵਿਚ ਨਾ ਘੁਸੇ। ਰਾਤ ਦਾ ਵਕਤ ਸੀ, ਤਕਰੀਬਨ ਸਾਰੇ ਡੱਬੇ ਬੰਦ ਸਨ। ਇਕ ਨੌਜਵਾਨ ਮੁੰਡੇ ਕੁੜੀ ਨੇ ਫੌਜੀ ਡੱਬੇ ਦਾ ਦਰਵਾਜ਼ਾ ਖੁੱਲ੍ਹਾ ਵੇਖ ਕੇ ਡੱਬੇ ਵਿਚ ਚੜ੍ਹਨ ਦੀ ਕੋਸ਼ਿਸ਼ ਕੀਤੀ। ਸੰਤਰੀ ਨੇ ਫੌਜੀ ਡੱਬਾ ਕਹਿ ਕੇ ਰੋਕਿਆ ਵੀ ਪਰ ਨੌਜਵਾਨ ਜਬਰਦਸਤੀ ਡੱਬੇ ਵਿਚ ਚੜ੍ਹਨ ਦੀ ਕੋਸ਼ਿਸ਼ ਕਰਦਿਆਂ ਝਗੜਨ ਲੱਗ ਪਿਆ। ਦੂਸਰਾ ਸੰਤਰੀ ਵੀ ਮਦਦ ਵਾਸਤੇ ਪਿੱਛੋਂ ਆ ਗਿਆ। ਰੌਲਾ ਵਧ ਕੇ ਹਾਥੋਪਾਈ ਤੱਕ ਚਲਾ ਗਿਆ। ਇਕ ਟਿਕਟ ਚੈੱਕਰ ਆ ਕੇ ਬੋਲਿਆ, “ਕਿਉਂ ਮਾਰ ਰਹੇ ਹੋ, ਯੇ ਤੋ ਬਿਨਾ ਟਿਕਟ ਹੈਂ। ਮੈਂ ਨੇ ਇਨ ਕੋ ਦੂਸਰੇ ਡਿੱਬੇ ਸੇ ਉਤਾਰਾ ਥਾ, ਯੇ ਇਧਰ ਆ ਗਏ।”
ਰੱਬ ਜਾਣੇ ਉਸ ਲੜਕੇ ਨੇ ਬੰਗਲਾ ਭਾਸ਼ਾ ਵਿਚ ਕੀ ਬੋਲਿਆ, ਸਟੇਸ਼ਨ ’ਤੇ ਜਿਹੜਾ ਟਰੇਨ ਵਿੱਚੋਂ ਉੱਤਰਿਆ ਜਾਂ ਪਲੇਟਫਾਰਮ ਉੱਤੇ ਮੌਜੂਦ ਸੀ, ਸਭ ਨੇ ਇਕ ਤਰ੍ਹਾਂ ਫੌਜੀ ਡੱਬਿਆਂ ਉੱਤੇ ਇੱਟਾਂ ਪੱਥਰਾਂ ਨਾਲ ਹਮਲਾ ਕਰ ਦਿੱਤਾ। ਗੱਲ ਸਰਦਾਰਾਂ ਦੁਆਲੇ ਘੁੰਮ ਗਈ। ਜ਼ਿਆਦਾ ਲੋਕਾਂ ਤੋਂ ਡਰ ਕੇ ਸੰਤਰੀਆਂ ਨੇ ਦਰਵਾਜ਼ਾ ਬੰਦ ਕਰ ਲਿਆ। ਪਲੇਟਫਾਰਮ ’ਤੇ ਰੌਲਾ ਸੁਣ ਕੇ ਸਾਡੀ ਵੀ ਨੀਂਦ ਖੁੱਲ੍ਹ ਗਈ। ਬਾਹਰ ਕੀ ਹੋਇਆ, ਵੇਖਣ ਲਈ ਮੈਂ ਉੱਪਰਲੇ ਬਰਥ ਤੋਂ ਬਾਹਰ ਨੂੰ ਝਾਕਿਆ। ਖਿੜਕੀ ਨੇੜੇ ਤੁਰੇ ਫਿਰਦੇ ਦੋ ਬੰਦੇ ਇਕ ਅਵਾਜ਼ ਵਿਚ ਬੋਲੇ,“ਵੋ ਦੇਖੋ, ਪਗੜੀ ਉਤਾਰ ਕਰ ਸਿਰ ਪਰ ਕੱਪੜਾ ਬਾਂਧ ਲੀਆ ਹੈ, ਉਤਾਰੋ ਨੀਚੇ, ਸਾਲੋਂ ਨੇ ਯਹਾਂ ਭੀ ਪੰਜਾਬ ਸਮਝ ਲੀਆ ਹੈ।” ਹੋਰ ਵੀ ਕਈ ਵਿਗੜੀ ਪੰਜਾਬੀ ਵਿਚ ਗਾਲ਼ਾਂ ਦੇ ਰਹੇ ਸਨ।
ਮਾਮੂਲੀ ਮਾਮਲੇ ਨੂੰ ਸਿੱਖਾਂ ਪ੍ਰਤੀ ਨਫਰਤ ਨੇ ਵੱਖਰਾ ਹੀ ਰੰਗ ਦੇ ਦਿੱਤਾ। ਸੰਤਰੀ ਵਿਚਾਰੇ ਪਤਾ ਨਹੀਂ ਕਿੱਥੇ ਛੁਪ ਗਏ, ਮੈਂ ਤੇ ਮੇਰਾ ਸਾਥੀ ਨਜ਼ਰ ਵਿਚ ਆ ਗਏ। ਸਿੱਖਾਂ ਪ੍ਰਤੀ ਨਫਰਤ ਦੀ ਚਰਮ ਸੀਮਾ ਉਸ ਵੇਲੇ ਮਹਿਸੂਸ ਹੋਈ ਜਦੋਂ ਫੌਜੀ ਡੱਬੇ ਵਿਚ ਸਾਡੇ ਨਾਲ ਇਕੱਠੇ ਰੋਟੀ ਖਾਣ ਵਾਲੇ ਗੈਰ ਸਿੱਖ ਕਿਸੇ ਫੌਜੀ ਸਾਥੀ ਨੇ ਸਾਡੀ ਮਦਦ ਵਾਸਤੇ ਅਵਾਜ਼ ਤੱਕ ਨਹੀਂ ਕੱਢੀ, ਜਦਕਿ ਫੌਜ ਨੂੰ ਬਿਨਾਂ ਹਥਿਆਰ ਵੀ ਲੜਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਉਲਟ ਲੋਕਾਂ ਨੇ ਰੇਲਵੇ ਪੁਲੀਸ ਦੇ ਇਕ ਹੌਲਦਾਰ ਨੂੰ ਡੱਬੇ ਵਿੱਚੋਂ ਸਾਨੂੰ ਬਾਹਰ ਲਿਆਉਣ ਲਈ ਚਾੜ੍ਹ ਦਿੱਤਾ। ਉਸ ਪੁਲਿਸ ਵਾਲੇ ਨੇ ਸਾਨੂੰ ਦੋਵਾਂ ਨੂੰ ਥੱਲੇ ਆਉਣ ਦਾ ਆਦੇਸ਼ ਦਿੱਤਾ। ਅਸੀਂ ਉੱਪਰਲੇ ਬਰਥਾਂ ਤੋਂ ਥੱਲੇ ਉਤਰਦਿਆਂ ਆਪਣੇ ਫੌਜੀ ਸਾਥੀਆਂ ਵੱਲ ਵੀ ਮਜਬੂਰ ਨਜ਼ਰਾਂ ਨਾਲ ਵੇਖਿਆ ਪਰ ਸਭ ਚੁੱਪ ਸਨ। ਸਿਰਫ਼ ਹੌਲਦਾਰ ਬੋਲ ਰਿਹਾ ਸੀ। ਇੰਨੇ ਚਿਰ ਵਿੱਚ ਇਕ ਇੰਸਪੈਕਟਰ ਸਾਡੇ ਵਾਸਤੇ ਰੱਬੀ ਦੂਤ ਬਣ ਕੇ ਬਹੁੜਿਆ, “ਸਰਦਾਰ ਜੀ, ਨੀਚੇ ਨਹੀਂ ਆਨਾ।” ਤੇ ਹੌਲਦਾਰ ਨੂੰ ਉਸਨੇ ਥੱਲੇ ਉੱਤਰ ਕੇ ਭੀੜ ਨੂੰ ਕੰਟਰੋਲ ਕਰਨ ਲਈ ਆਖਿਆ। ਇੰਨੇ ਨੂੰ ਸਾਡਾ ਪਾਰਟੀ ਕਮਾਂਡਰ ਅਫਸਰ ਤੇ ਸੂਬੇਦਾਰ ਸਾਹਬ ਵੀ ਆ ਗਏ, ਜਿਨ੍ਹਾਂ ਨੂੰ ਤਾਰ ਵਾਲੇ ਫੋਨ ਨਾਲ ਸੂਚਨਾ ਦਿੱਤੀ ਗਈ ਸੀ।
ਜਦੋਂ ਡੱਬੇ ਉੱਪਰ ਹਮਲੇ ਦੀ ਸਾਰੀ ਕਹਾਣੀ ਉਨ੍ਹਾਂ ਨੂੰ ਦੱਸੀ ਗਈ ਤਾਂ ਮੇਜਰ ਸਾਹਿਬ ਨੇ ਕਿਹਾ ਕਿ ਸਾਰੀ ਗਲਤੀ ਮੇਰੀ ਹੈ ਜੋ ਮੈਂ ਹਥਿਆਰ ਬੰਦ ਕਰ ਕੇ ਸੰਤਰੀ ਪਹਿਰਾ ਡੰਡੇ ਨਾਲ ਕਰਨ ਦੇ ਹੁਕਮ ਦਿੱਤੇ ਸਨ। ਉਨ੍ਹਾਂ ਉਸੇ ਵੇਲੇ ਸੂਬੇਦਾਰ ਸਾਹਬ ਨੂੰ ਹਥਿਆਰ ਅਤੇ ਰਾਉਂਡ ਬਾਹਰ ਕਢਵਾਉਣ ਲਈ ਕਿਹਾ। ਸੰਤਰੀਆਂ ਕੋਲ ਰਾਈਫਲਾਂ ਆਉਣ ਦੀ ਦੇਰ ਸੀ ਕਿ ਤਮਾਸ਼ਬੀਨ ਗਾਇਬ ਹੋ ਗਏ। ਮੇਜਰ ਸਾਹਬ ਨੇ ਕਿਹਾ ਕਿ ਇਕ ਵਾਰ ਦੀ ਵਾਰਨਿੰਗ ਤੋਂ ਬਾਅਦ ਗੋਲੀ ਦੀ ਅਵਾਜ਼ ਆਉਣੀ ਚਾਹੀਦੀ ਹੈ। ਸਿਵਲੀਅਨ ਦਾ ਫੌਜ ਉੱਤੇ ਹਮਲਾ ਬੜੀ ਸ਼ਰਮ ਦੀ ਗੱਲ ਹੈ।
ਅਣਪਛਾਤੇ ਹਮਲਾਵਰਾਂ ਉੱਤੇ ਪਰਚਾ ਦਰਜ ਕੀਤਾ ਗਿਆ ਤੇ ਰੇਲ ਗੱਡੀ ਅਗਲੇ ਪੰਧ ’ਤੇ ਪੈ ਗਈ।
ਇਸ ਹਮਲੇ ਦੀ ਰਿਪੋਰਟ ਸੀ ਓ ਸਾਹਬ ਨੂੰ ਲੱਗਣੀ ਹੀ ਸੀ। ਮੇਰੇ ਅਤੇ ਮੇਰੇ ਦੋਸਤ ਦੇ ਦਿਲ ਵਿਚ ਸਾਥੀ ਫੌਜੀਆਂ ਪ੍ਰਤੀ ਗੁੱਸਾ ਬਹੁਤ ਸੀ। ਅਸੀਂ ਇਸ ਸਬੰਧੀ ਰਿਪੋਰਟ ਕਰਨ ਦਾ ਫੈਸਲਾ ਕੀਤਾ। ਮਹੀਨੇ ਬਾਅਦ ਪੂਰੀ ਯੂਨਿਟ ਨਵੀਂ ਥਾਂ ’ਤੇ ਪਹੁੰਚ ਗਈ। ਸੀ ਓ ਸਾਹਬ ਨੇ ਦਰਬਾਰ ਲਾ ਲਿਆ। ਆਪਣੀ ਵੱਲੋਂ ਜਵਾਨਾਂ ਦੀ ਹੌਸਲਾ ਹਫਜ਼ਾਈ ਕਰਨ ਤੋਂ ਬਾਅਦ, “ਕਿਸੇ ਦਾ ਕੋਈ ਪੁਆਇੰਟ?” ਕਹਿ ਕੇ ਜਵਾਨਾਂ ਉੱਤੇ ਨਜ਼ਰ ਮਾਰੀ।
ਮੈਂ ਖੜ੍ਹੇ ਹੋ ਕੇ ਸੈਲੂਟ ਮਾਰਿਆ ਤੇ ਆਪਣਾ ਨਾਂ, ਨੰਬਰ ਦੱਸ ਕੇ ਮਾਲਦਾ ਰੇਲਵੇ ਸਟੇਸ਼ਨ ਉੱਤੇ ਆਪਣੇ ਸਾਥੀਆਂ ਵੱਲੋ ਮਦਦ ਨਾ ਕਰਨ ਦੀ ਗੱਲ ਕਹੀ। ਸੀ ਓ ਸਾਹਬ ਨੇ ਇਸ ਮਾਮਲੇ ’ਤੇ ਬੇਹੱਦ ਅਫਸੋਸ ਪ੍ਰਗਟ ਕਰਦਿਆਂ ਕਿਹਾ, “ਇਕ ਫੌਜੀ ਦਾ ਧਰਮ ਸਿਰਫ਼ ਫੌਜੀ ਹੈ, ਫੌਜੀ ਸਾਥੀ ਦਾ ਔਖੀ ਘੜੀ ਵਿੱਚ ਮਦਦਗਾਰ ਨਾ ਹੋਣਾ ਕਾਇਰਾਨਾ ਹਰਕਤ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਫੌਜ ਆਪਸੀ ਭਾਈਚਾਰੇ ਦੀ ਇਕ ਉੱਤਮ ਮਿਸਾਲ ਹੈ। ਅੱਗੇ ਤੋਂ ਕਿਸੇ ਨੇ ਵੀ ਕੋਈ ਜਾਤੀ ਵਿਤਕਰਾ ਰੱਖਿਆ ਤਾਂ ਉਹ ਨਾਕਾਬਲੇ ਬਰਦਾਸ਼ਤ ਹੋਵੇਗਾ।”
ਰੇਲਵੇ ਸਟੇਸ਼ਨ ਵਾਲੀ ਉਹ ਘਟਨਾ ਯਾਦ ਕਰਕੇ ਮੈਂ ਅੱਜ ਵੀ ਕੰਬ ਜਾਂਦਾ ਹਾਂ ਕਿ ਜੇ ਥੱਲੇ ਉੱਤਰ ਜਾਂਦੇ ਤਾਂ ਅਗਲੇ ਦਿਨ ਦੀਆਂ ਅਖਬਾਰਾਂ ਵਿਚ ਸੁਰਖੀਆਂ ਹੋਣੀਆਂ ਸਨ, “ਆਪਣੇ ਹੀ ਦੇਸ਼ ਦੇ ਲੋਕਾਂ ਨੇ ਆਪਣੀ ਫੌਜ ਦੇ ਦੋ ਸਰਦਾਰ ਕੁੱਟ-ਕੁੱਟ ਕੇ ਮਾਰ ਦਿੱਤੇ।” ਕੋਈ ਕਹਾਣੀ ਬਣਾ ਕੇ ਅੱਜ ਵਾਂਗ ਸ਼ਹੀਦ ਦਾ ਰੁਤਬਾ ਵੀ ਨਹੀਂ ਮਿਲਣਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4023)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)







































































































