“ਧਰਮ ਸਿਆਂ, ਇਨ੍ਹਾਂ ਬੱਚਿਆਂ ਹੀ ਖਾਣਾ ਆ, ਵਿੱਚੋਂ ਮੈਂ ਵੀ ਦੋ ਮੰਨੀਆਂ ...”
(28 ਮਾਰਚ 2020)
ਮੈਂ ਹੈਦਰਾਬਾਦ ਵਿਖੇ ਤੋਪਖਾਨਾ ਰੈਜਮੈਂਟ ਦੀ ਮੁੱਢਲੀ ਸਿਖਲਾਈ ਪ੍ਰਾਪਤ ਕਰਨ ਮਗਰੋਂ ਦੇਸ਼ ਦੀ ਰਾਖੀ ਦੀ ਕਸਮ ਖਾ ਕੇ ਆਪਣੀ ਨਵੀਂ ਯੂਨਿਟ ਵਿੱਚ ਪਹੁੰਚ ਕੇ ਆਪਣਾ ਨਵਾਂ ਪਤਾ ਲਿਖ ਕੇ ਘਰ ਚਿੱਠੀ ਪਾ ਦਿੱਤੀ ਕਿ ਅੱਗੇ ਮੈਂਨੂੰ ਇਸ ਪਤੇ ਉੱਤੇ ਚਿੱਠੀ ਪੱਤਰ ਪਾਇਆ ਜਾਵੇ। ਠੀਕ ਦਸ ਦਿਨਾਂ ਬਾਅਦ ਮੈਂਨੂੰ ਘਰੋਂ ਆਈ ਰਾਜ਼ੀ-ਖੁਸ਼ੀ ਦੀ ਚਿੱਠੀ ਮਿਲ ਗਈ।
ਮੇਰੀ ਡਿਊਟੀ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿੱਚ ਸੀ। ਬੇਸ਼ੱਕ 1971 ਦੀ ਭਾਰਤ-ਪਾਕਿ ਜੰਗ ਤੋਂ ਬਾਅਦ ਦੋਵਾਂ ਦੇਸ਼ਾਂ ਦਾ ਸਮਝੌਤਾ ਹੋ ਚੁੱਕਾ ਸੀ, ਪਰ ਸੀਜ਼ ਫਾਇਰ ਦੀ ਉਲੰਘਣਾ ਅਕਸਰ ਹੁੰਦੀ ਹੀ ਰਹਿੰਦੀ ਸੀ। ਗਵਾਂਢੀ ਮੁਲਕ ਬੁਰੀ ਤਰ੍ਹਾਂ ਹਾਰਨ ਦੇ ਬਾਵਜੂਦ ਚੂੰਢੀਆਂ ਵੱਢਣੋਂ ਨਾ ਹਟਦਾ। ਸਾਨੂੰ ਸਾਡੇ ਸੀਨੀਅਰ ਦਾ ਹੁਕਮ ਸੀ ਕਿ ਇੱਕ ਦੇ ਜਵਾਬ ਵਿੱਚ ਪੰਜ ਫਾਇਰ ਕੀਤੇ ਜਾਣ। ਬੇਸ਼ਕ ਦੋਵੇਂ ਧਿਰਾਂ ਹੀ ਛੋਟੇ ਹਥਿਆਰਾਂ ਦੀ ਮਾਰ ਤੋਂ ਦੂਰ-ਦੂਰ ਹੀ ਬੈਠੀਆਂ ਸਨ, ਫਿਰ ਵੀ ਗੋਲੀਆਂ ਦਾ ਅਦਾਨ-ਪ੍ਰਦਾਨ ਹੋਣਾ ਆਪਣੇ-ਆਪਣੇ ਮੋਰਚਿਆਂ ਵਿੱਚ ਡਟੇ ਹੋਣ ਦਾ ਸੰਕੇਤ ਦਿੰਦਾ ਸੀ।
ਸਾਡਾ ਮੋਰਚਾ ਪੁੰਛ ਸ਼ਹਿਰ ਤੋਂ ਉੱਤਰ ਦਿਸ਼ਾ ਵੱਲ ਉੱਚੀ ਪਹਾੜੀ ਦੇ ਸਿਖਰ ਉੱਤੇ ਸੀ, ਜਿੱਥੋਂ ਗਵਾਂਢੀ ਮੁਲਕ ਦੀ ਹੱਦ ਦੂਰ ਤੱਕ ਦਿਸਦੀ ਸੀ। ਸਰਹੱਦ ਦੇ ਦਰਮਿਆਨ ਉੱਚੇ ਪਹਾੜਾਂ ਵਿੱਚੋਂ ਉੱਤਰਦਾ ਦਰਿਆ ਨੁਮਾ ਫੈਲਿਆ ਪੱਥਰਾਂ ਨਾਲ ਭਰਿਆ ਸੁੱਕਾ ਨਾਲਾ ਲੱਘਦਾ ਸੀ, ਜਿਸ ਵਿੱਚ ਬਰਸਾਤਾਂ ਤੋਂ ਬਾਅਦ ਪਿਘਲ ਕੇ ਵਹਿੰਦੀ ਬਰਫ ਦਾ ਪਾਣੀ ਕਿਤੇ ਕਿਤੇ ਮੋਟੀ ਲੀਕ ਵਾਂਗ ਦਿਖਾਈ ਦਿੰਦਾ। ਸਾਡੇ ਕਮਾਂਡਰ ਲੜਾਈ ਦੇ ਮੁਤੱਲਕ ਕਲਾਸਾਂ ਲਾ ਕੇ ਲੈਕਚਰ ਦਿੰਦੇ ਰਹਿੰਦੇ ਸਨ। ਵਾਰੀ ਸਿਰ ਛੁੱਟੀਆਂ ਵੀ ਮਿਲ ਰਹੀਆਂ ਸਨ। ਕੁਲ ਮਿਲਾ ਕੇ ਸ਼ਾਂਤੀ ਹੀ ਸੀ।
ਉਦੋਂ ਵਿਹਲੇ ਵੇਲੇ ਫੌਜੀਆਂ ਨੂੰ ਸਭ ਤੋਂ ਜ਼ਰੂਰੀ ਕੰਮ ਘਰ ਚਿੱਠੀਆਂ ਲਿਖਣਾ ਹੀ ਹੁੰਦਾ ਸੀ। ਅੱਜ ਵਾਂਗ ਹਰੇਕ ਦੇ ਹੱਥ ਵਿੱਚ ਮੋਬਾਇਲ ਫੋਨ ਨਹੀਂ ਸੀ। ਘਰ ਦੀ ਖਬਰ ਸੁਰਤ ਘੱਟੋ-ਘੱਟ ਪੰਦਰਾਂ ਵੀਹ ਦਿਨਾਂ ਬਾਅਦ ਮਿਲਦੀ ਸੀ। ਫੌਜੀ ਨੂੰ ਛੇਤੀ ਘਰ ਵਾਲਿਆਂ ਨਾਲ ਜੁੜਨ ਲਈ ਡਾਕਖਾਨੇ ਵਿੱਚ ਤਾਰ ਦੀ ਸਹੂਲਤ ਜ਼ਰੂਰ ਸੀ। ਕਿਸੇ ਫੌਜੀ ਦੀ ਤਾਰ ਆਉਣਾ ਘਰ ਵਿੱਚ ਕਿਸੇ ਘਟਨਾ ਦਾ ਸੰਕੇਤ ਹੁੰਦੀ, ਪਰ ਤਾਰ ਵੀ ਮੋਰਚਿਆਂ ਉੱਤੇ ਤੀਜੇ-ਚੌਥੇ ਦਿਨ ਪਹੁੰਚਦੀ ਸੀ। ਅਸੀਂ ਕਮਾਂਡਰ ਕੋਲੋਂ ਮਿਲੇ ਲਾਲ ਜਾਂ ਹਰੇ ਰੰਗ ਦੇ ਲਿਫਾਫਿਆਂ ਤੋਂ ਇਲਾਵਾ ਡਾਕਖਾਨੇ ਦੀ ਚਿੱਠੀ ਇਸਤੇਮਾਲ ਨਹੀਂ ਕਰ ਸਕਦੇ ਸੀ। ਚਿੱਠੀ ਲਿਖ ਕੇ ਖੁੱਲ੍ਹੀ ਹੀ ਦੇਣੀ ਪੈਂਦੀ ਸੀ, ਜੋ ਸੂਬੇਦਾਰ ਸਾਹਿਬ ਪੜ੍ਹ ਕੇ ਆਪਣੇ ਦਸਤਖਤ ਕਰ ਕੇ ਫੌਜੀ ਡਾਕਖਾਨੇ ਭੇਜਦਾ ਸੀ। ਮੇਰੇ ਵੱਲੋਂ ਰਾਜ਼ੀ-ਬਾਜ਼ੀ ਦੀ ਚਿੱਠੀ ਲਿਖਣ ਤੋਂ ਬਾਅਦ ਬੀਬੀ ਵੱਲੋਂ ਪਾਈ ਤਾਰ ਚਾਰ ਦਿਨਾਂ ਬਾਅਦ ਮਿਲੀ, ‘ਤੇਰੀ ਤਾਈ ਆਸੋ ਤੁਰ ਗਈ, ਜਲਦੀ ਆ।’ ਤਾਰ ਦੇ ਇੱਕ ਵਾਕ ਨਾਲ ਮੈਂਨੂੰ ਬਿਜਲੀ ਦੇ ਕਰੰਟ ਵਾਂਗ ਝਟਕਾ ਲੱਗਾ। ਮੈਂ ਤਾਰ ਵਿੱਚ ਲਿਖਿਆ ਵਾਕ ਫਿਰ ਪੜ੍ਹਿਆ ਜਿਵੇਂ ਗਲਤ ਹੋਵੇ, ਪਰ ਉਹ ਸੱਚ ਸੀ। ਪਹਿਲਾਂ ਚਿੱਠੀ ਵਿੱਚ ਸਾਰੇ ਮਜ਼ਮੂਨ ਤੋਂ ਬਾਅਦ ਮੇਰੇ ਤੇ ਤੇਰੇ ਭਾਅ (ਬਾਪ) ਵੱਲੋਂ ਪਿਆਰ ਅਤੇ ਤੇਰੀ ਤਾਈ ਆਸੋ ਵੱਲੋਂ ਪਿਆਰ ਲਿਖਿਆ ਹੁੰਦਾ ਸੀ। ਮੈਂਨੂੰ ਅਹਿਸਾਸ ਹੋਇਆ ਕਿ ਇਸ ਪਿੱਛੋਂ ਕਿਸੇ ਚਿੱਠੀ ਵਿੱਚ ਤਾਈ ਆਸੋ ਦਾ ਜ਼ਿਕਰ ਨਹੀਂ ਹੋਣਾ।
ਤਾਈ ਆਸੋ ਰਿਸ਼ਤੇ ਵਜੋਂ ਅਸਲ ਵਿੱਚ ਮੇਰੀ ਤਾਈ ਨਹੀਂ, ਦਾਦੀ ਲੱਗਦੀ ਸੀ। ਸਾਡਾ ਪਰਿਵਾਰ ਹੀ ਨਹੀਂ, ਸਾਰਾ ਮੁਹੱਲਾ ਅਤੇ ਸਕਾ ਸ਼ਰੀਕਾ ਵੀ ਉਸ ਨੂੰ ਤਾਈ ਇਸ ਲਈ ਆਖਦਾ ਸੀ ਕਿ ਬੀਬੀ ਦੇ ਦੱਸਣ ਅਨੁਸਾਰ ਮੇਰੇ ਦਾਦੇ ਦਾ ਵਿਆਹ ਪਹਿਲਾਂ ਹੋ ਗਿਆ ਸੀ ਤੇ ਉਨ੍ਹਾਂ ਦਾ ਵੱਡਾ ਭਰਾ ਰਹਿ ਗਿਆ ਸੀ। ਵੈਸੇ ਵੀ ਉਨ੍ਹਾਂ ਵੇਲਿਆਂ ਵਿੱਚ ਤਿੰਨ ਚਾਰ ਭਰਾਵਾਂ ਵਿੱਚੋਂ ਇੱਕ ਦਾ ਵਿਆਹ ਹੋਣਾ ਹੀ ਗਨੀਮਤ ਮੰਨ ਲਿਆ ਜਾਂਦਾ ਸੀ। ਵੱਡੇ ਛੋਟੇ ਦੀ ਵਿਚਾਰ ਨਹੀਂ ਕੀਤੀ ਜਾਂਦੀ ਸੀ। ਕਿਉਂਕਿ ਕੁੜੀਆਂ ਦੀ ਘਾਟ ਕਰ ਕੇ ਕਈ ਥਾਂਈਂ ਵੱਟੇ ਦੇ ਰਿਸ਼ਤੇ ਹੁੰਦੇ ਸਨ, ਭਾਵ ਕੁੜੀ ਦਿਓ ਅਤੇ ਕੁੜੀ ਲੈ ਜਾਓ। ਜਿਸ ਘਰ ਵਿੱਚ ਕੁੜੀ ਨਾ ਹੁੰਦੀ ਉਸ ਘਰ ਵਿੱਚ ਮੁਸ਼ਕਲ ਨਾਲ ਇੱਕ ਅੱਧਾ ਹੀ ਵਿਆਹਿਆ ਜਾਂਦਾ।
ਮੇਰੇ ਦਾਦੇ ਦੇ ਵੱਡੇ ਭਰਾ ਨੇ ਵਿਆਹ ਦਾ ਵਿਰੋਧ ਤਾਂ ਨਾ ਕੀਤਾ, ਪਰ ਸ਼ਾਇਦ ਆਪਣਾ ਘਰ ਨਾ ਵਸਣ ਕਰ ਕੇ ਚੁੱਪ ਕੀਤਾ ਘਰੋਂ ਤੁਰ ਗਿਆ। ਪਹਿਲਾਂ ਕਾਫੀ ਸਮਾਂ ਤਾਏ ਦੀ ਕੋਈ ਉੱਘ ਸੁੱਘ ਨਾ ਮਿਲਣ ਕਰ ਕੇ ਉਸ ਨੂੰ ਮਰ ਗਿਆ ਸਮਝਿਆ ਗਿਆ ਸੀ, ਪਰ ਅਚਾਨਕ ਕਿਸੇ ਛਲੇਡੇ ਵਾਂਗ ਪ੍ਰਗਟ ਹੋਣ ਉੱਤੇ ਪਤਾ ਲੱਗਾ ਕਿ ਤਾਇਆ ਜਿਊਂਦਾ ਹੈ। ਕੁਝ ਦਿਨ ਫੌਜੀਆਂ ਵਾਂਗ ਪਿੰਡ ਰਹਿ ਕੇ ਤਾਇਆ ਫਿਰ ਜਿੱਥੋਂ ਆਇਆ ਸੀ, ਉੱਥੇ ਮੁੜ ਗਿਆ। ਇਸ ਸਮੇਂ ਤੱਕ ਮੇਰੇ ਦਾਦੇ ਦੇ ਘਰ ਕੋਈ ਔਲਾਦ ਨਹੀਂ ਹੋਈ ਸੀ। ਤਾਇਆ ਭਾਰਤ ਦੇ ਪੂਰਬੀ ਹਿੱਸੇ ਵਿੱਚ ਕਿਸੇ ਥਾਂ ਕੋਲੇ ਦੀ ਖਾਣ ਵਿੱਚ ਕੰਮ ਕਰਦਾ ਸੀ। ਉਦੋਂ ਪੰਜਾਬੋਂ ਬਾਹਰ ਗਏ ਨੂੰ ਕਾਲੀ ਮਿੱਟੀ ਗਿਆ ਕਹਿੰਦੇ ਹੁੰਦੇ ਸਨ। ਉੱਧਰ ਗਏ ਬਹੁਤੇ ਉੱਧਰੋਂ ਹੀ ਕੋਈ ਔਰਤ ਲੈ ਆਉਂਦੇ ਸਨ, ਜਿਸ ਨੂੰ ਲੋਕ ਪੂਰਬਣ ਜਾਂ ਕੁਦੇਸਣ ਆਖਦੇ ਸਨ।
ਮੇਰੇ ਦਾਦੇ ਕਿਆਂ ਦੀ ਜ਼ਮੀਨ ਕਾਫੀ ਖੁੱਲ੍ਹੀ ਸੀ, ਪਰ ਬਹੁਤੀ ਪਸ਼ੂਆਂ ਦੀ ਚਰਾਂਦ ਹੀ ਸੀ। ਬਹੁਤੀ ਖੇਤੀ ਬਰਸਾਤਾਂ ਉੱਤੇ ਨਿਰਭਰ ਹੋਣ ਕਰ ਕੇ ਜਿਸ ਘਰ ਵਿੱਚ ਚੇਤ ਮਹੀਨੇ ਰੋਟੀ ਪੱਕਦੀ, ਉਹ ਘਰ ਸਹਿੰਦੇ ਘਰਾਂ ਵਿੱਚ ਗਿਣਿਆ ਜਾਂਦਾ ਸੀ। ਮੇਰੇ ਭਾਅ ਦਾ ਤਾਇਆ ਕਾਲੀ ਮਿੱਟੀ ਦੀ ਖਾਣ ਵਿੱਚ ਕੰਮ ਕਰਦੀ ਕੋਲੇ ਵਰਗੀ ਤਾਈ ਨਾਲ ਵਿਆਹ ਕਰਵਾ ਕੇ ਆਪਣਾ ਜ਼ਮੀਨੀ ਹਿੱਸਾ ਸਾਂਭਣ ਲਈ ਘਰ ਆ ਗਿਆ। ਭਾਅ ਨੇ ਦੱਸਿਆ ਸੀ ਕਿ ਸਾਡੀ ਬੇਬੇ ਦੱਸਦੀ ਹੁੰਦੀ ਸੀ ਕਿ ਜਦੋਂ ਤਾਈ ਆਈ ਸੀ ਉਦੋਂ ਤਾਏ ਨਾਲੋਂ ਬਹੁਤ ਛੋਟੀ ਸੀ, ਮੇਰੇ ਨਾਲੋਂ ਵੀ ਉਮਰ ਵਿੱਚ ਘੱਟ ਸੀ। ਉਸ ਦੀ ਬੋਲੀ ਤਾਏ (ਬਾਬੇ) ਤੋਂ ਬਿਨਾਂ ਕਿਸੇ ਨੂੰ ਕੁਝ ਸਮਝ ਨਾ ਪੈਂਦੀ। ਤਾਏ ਨੇ ਆਪਣਾ ਬੂਟਾ ਲਾਉਣ ਦੀ ਆਸ ਉੱਤੇ ਸ਼ਾਇਦ ਤਾਈ ਦਾ ਨਾਮਕਰਨ ‘ਆਸ ਕੌਰ’ ਕਰ ਕੇ ਕੀਤਾ ਹੋਊ। ਗਲੀ ਦੀਆਂ ਸਾਰੀਆਂ ਤਾਈਆਂ-ਚਾਚੀਆਂ ਤੋਂ ਉਹ ਉਮਰੋਂ ਛੋਟੀ ਸੀ, ਪਰ ਤਾਏ ਦੇ ਵੱਡਾ ਹੋਣ ਕਰ ਕੇ ਰਿਸ਼ਤੇ ਵਜੋਂ ਵੀ ਤੇ ਮਖੌਲ ਵਜੋਂ ਵੀ ਉਸ ਨੂੰ ਹਰੇਕ ਤਾਈ ਆਸੋ ਕਰ ਕੇ ਬੁਲਾਉਣ ਲੱਗ ਪਿਆ। ਤਾਏ ਨੇ ਕਾਲੀ ਮਿੱਟੀ ਦੀ ਕਮਾਈ ਨਾਲ ਇੱਕ ਪਾਸੇ ਕੱਚੀਆਂ ਇੱਟਾਂ ਦਾ ਕਮਰਾ ਬਣਾ ਲਿਆ ਤੇ ਤਾਈ ਦੇ ਲਿੱਪੇ ਪੋਚੇ ਚੌਕੇ ਵਿੱਚੋਂ ਕਰਾਰੇ ਮਸਾਲੇ ਦੇ ਤੜਕੇ ਦੀਆਂ ਮਹਿਕਾਂ ਆਉਣ ਲੱਗ ਪਈਆਂ। ਮੇਰੀ ਦਾਦੀ ਜੇਠ ਨੂੰ ਭਾਈਆ ਆਖਦੀ, ਘੁੰਢ ਕੱਢ ਕੇ ਰੱਖਦੀ ਸੀ। ਇਸ ਲਈ ਵੱਡੇ ਭਰਾ ਨੇ ਮੇਰੇ ਬਾਬੇ ਨੂੰ ਕਿਹਾ, “ਧਰਮ ਸਿਆਂ ਤੇਜੋ ਨੂੰ ਕਹੀਂ, ਤੇਰੀ ਭਰਜਾਈ ਨੂੰ ਪੰਜਾਬੀ ਰਹਿਣ-ਸਹਿਣ ਦੱਸੇ, ਜਲਦੀ ਸਿੱਖ ਜਾਵੇਗੀ, ਉਂਝ ਹੁਸ਼ਿਆਰ ਬਹੁਤ ਹੈ।”
ਦਾਦੀ ਤੇਜ਼ ਕੌਰ ਜਦੋਂ ਵੀ ਤਾਈ ਨੂੰ ‘ਭੈਣ ਜੀ’ ਕਹਿ ਕੇ ਬੁਲਾਉਂਦੀ ਤਾਂ ਉਹ ਮੁਤਰ-ਮੁਤਰ ਝਾਕਦੀ ਰਹਿੰਦੀ। ਜਦੋਂ ਉਸ ਦੇ ਮੇਚ ਦਾ ਸੂਟ ਬਣਾ ਕੇ ਦਿੱਤਾ ਤਾਂ ਉਹ ਪਾਵੇ ਨਾ। ਜਦੋਂ ਉਸ ਨੇ ਕੁਝ ਵੀ ਨਾ ਸਮਝਣਾ ਤਾਂ ਦਾਦੀ ਨੇ ਘੁੰਢ ਵਿਚਦੀ ਝਾਕਦਿਆਂ ਕਹਿ ਦੇਣਾ, ‘ਭਾਈਆ, ਇਹਨੂੰ ਆਹ ਸਮਝਾ ਦੇਵੀਂ, ਇਹਨੂੰ ਹਾਲੇ ਕੁਝ ਸਮਝ ਨਹੀਓਂ ਲੱਗਦਾ।” ਹੌਲੀ-ਹੌਲੀ ਤਾਈ ਸਭ ਕੁਝ ਸਿੱਖਦੀ ਗਈ। ਰੋਹੀ ਦੇ ਕਿੱਕਰ ਵਰਗਾ ਤਾਈ ਦਾ ਦਰਾਵੜੀ ਰੰਗ ਮੁਹੱਲੇ ਵਿੱਚ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ। ਪਰ ਤਾਈ ਦਾ ਦਿਲ ਸੋਨੇ ਵਰਗਾ ਸੀ। ਭਾਅ ਨੇ ਬੀਬੀ ਨੂੰ ਦੱਸਿਆ ਸੀ ਕਿ ਜਦੋਂ ਉਸ ਦਾ ਜਨਮ ਹੋਇਆ ਸੀ ਤਾਂ ਸਾਰੇ ਮੁਹੱਲੇ ਵਾਲੇ ਸਾਡੇ ਘਰ ਤਾਈ ਦੇ ਪੈਰਾਂ ਦਾ ਪੈਣਾ ਸੁਲੱਖਣਾ ਕਹਿਣ ਲੱਗ ਪਏ ਸਨ। ਮੇਰੀ ਦਾਦੀ ਦੇ ਉੱਪਰੋਥੱਲੀ ਤਿੰਨ ਨਿਆਣੇ ਹੋਣ ਕਰ ਕੇ ਵੱਡੇ ਦੋਵਾਂ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਸਾਂਭਦੀ ਤਾਈ ਨੇ ਸਭ ਦਾ ਦਿਲ ਜਿੱਤ ਲਿਆ।
ਵਕਤ ਦਾ ਪਹੀਆ ਘੁੰਮਦਾ ਰਿਹਾ। ਤਾਇਆ ਤੇ ਬਾਬਾ ਖੇਤੀ ਇਕੱਠੀ ਕਰਦੇ ਪਰ ਰੋਟੀ ਪਾਣੀ ਵੱਖੋ-ਵੱਖ ਸੀ। ਤਾਈ ਆਸੋ ਮੁਹੱਲੇ ਵਿੱਚ ਵਿਚਰਦੀ ਆਪਣੇ ਸੁਭਾਅ ਨਾਲ ਸਾਰਿਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋ ਗਈ। ਪਰ ਆਪਣੀ ਗੋਦ ਹਰੀ ਹੋਣ ਦੀ ਉਸ ਦੀ ਆਸ ਨਾ ਫਲੀ। ਉਹ ਪਰਿਵਾਰ ਦੇ ਬੱਚਿਆਂ ਨਾਲ ਪਿਆਰ ਕਰਦੀ, ਉਨ੍ਹਾਂ ਨਾਲ ਪਰਚੀ ਰਹਿੰਦੀ। ਚੰਗਾ-ਚੋਖਾ ਬਣਾਇਆ ਆਪ ਵਾਸਤੇ ਬੇਸ਼ਕ ਨਾ ਬਚੇ, ਪਰ ਦਿਓਰਾਂ ਦੇ ਬੱਚਿਆਂ ਨੂੰ ਉਹ ਕਦੀ ਨਿਰਾਸ਼ ਨਾ ਮੋੜਦੀ। ਭਾਅ ਦੱਸਦਾ ਹੁੰਦਾ ਸੀ ਕਿ ਮੇਰੀ ਸੰਭਾਲ ਵਿੱਚ ਪਲੇਗ ਦੀ ਬੜੀ ਖਤਰਨਾਕ ਬਿਮਾਰੀ ਫੈਲੀ ਸੀ। ਇਲਾਜ ਦੀਆਂ ਸਹੂਲਤਾਂ ਨਾ ਹੋਣ ਕਰ ਕੇ ਹਰ ਪਿੰਡ ਵਿੱਚ ਰੋਜ਼ ਇੱਕ ਦੋ ਸਿਵੇ ਬਲਦੇ ਹੀ ਰਹਿੰਦੇ ਸਨ। ਤਾਇਆ ਉਸ ਬਿਮਾਰੀ ਦਾ ਸ਼ਿਕਾਰ ਹੋ ਕੇ ਵਿਲਕਦੀ ਨੌਜਵਾਨ ਤਾਈ ਛੱਡ ਕੇ ਜਹਾਨੋਂ ਕੂਚ ਕਰ ਗਿਆ। ਭਾਅ ਦੇ ਦੱਸਣ ਅਨੁਸਾਰ ਦਾਦੇ ਤੋਂ ਬਾਅਦ ਮੇਰੀ ਦਾਦੀ ਵੀ ਉਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਈ। ਉਸ ਵਕਤ ਤਾਈ ਨੇ ਮਾਂ ਬਣ ਕੇ ਸਾਨੂੰ ਚਾਰ ਭੈਣ-ਭਰਾਵਾਂ ਨੂੰ ਕੁੱਕੜੀ ਵਾਂਗ ਆਪਣੇ ਖੰਭਾਂ ਥੱਲੇ ਲੈ ਲਿਆ ਸੀ। ਮੋਇਆਂ ਦਾ ਗਮ ਭੁੱਲ ਕੇ ਉਦਾਸ ਜ਼ਿੰਦਗੀਆਂ ਰਵਾਨਗੀ ਫੜਨ ਲੱਗ ਪਈਆਂ ਸਨ। ਸਾਡਾ ਚੁੱਲ੍ਹਾ ਠੰਢਾ ਹੋ ਗਿਆ ਸੀ, ਪਰ ਤਾਈ ਦੇ ਤਪਦੇ ਚੁੱਲ੍ਹੇ ਨੇ ਸਾਡੇ ਢਿੱਡ ਦੀ ਅੱਗ ਹਮੇਸ਼ਾ ਠਾਰੀ। ਤਾਈ ਸਾਡੇ ਹੱਥ ਖੇਤਾਂ ਵਿੱਚ ਚਾਹ ਰੋਟੀ ਆਦਿ ਫਿਕਰ ਨਾਲ ਭੇਜ ਦਿੰਦੀ। ਬੱਚੇ ਛੋਟੇ ਹੋਣ ਕਰ ਕੇ ਕਈਆਂ ਸਲਾਹ ਵੀ ਦਿੱਤੀ ਕਿ ਸਾਡਾ ਬਾਪੂ ਛੋਟੇ ਥਾਂ ਹੋਣ ਕਰ ਕੇ ਭਰਜਾਈ ਉੱਤੇ ਚਾਦਰ ਪਾ ਲਵੇ, ਪਰ ਬਾਪੂ ਦੀਆਂ ਨਜ਼ਰਾਂ ਵਿੱਚ ਬੱਚੇ ਸਾਂਭਦੀ ਤਾਈ ਇੱਕ ਦੇਵੀ ਸੀ।
ਬੀਬੀ ਦੱਸਦੀ ਸੀ ਕਿ ਉਸ ਦਾ ਵਿਆਹ ਸੋਲ-ਸਤਾਰਾਂ ਸਾਲ ਦੀ ਉਮਰ ਵਿੱਚ ਹੋ ਗਿਆ ਸੀ। ਭਾਅ ਵੀ ਹੌਲਾ ਹੀ ਸੀ। ਵਿਆਹੀ ਆਈ ਤੋਂ ਤਾਈ ਆਸੋ ਨੇ ਸਿਆਣੀ ਸੱਸ ਵਾਂਗ ਪਾਣੀ ਵਾਰ ਕੇ ਪੀਤਾ ਸੀ। ਉਸ ਵੇਲੇ ਤਾਈ ਦਾ ਹੱਦੋਂ ਵੱਧ ਕਾਲਾ ਰੰਗ ਵੇਖ ਕੇ ਮੈਂਨੂੰ ਹੋਰੂੰ-ਹੋਰੂੰ ਲੱਗਿਆ ਸੀ। ਪੇਕੇ ਫੇਰਾ ਪਾਉਣ ਗਈ ਨੂੰ ਸੱਸ ਕਾਲੀ ਮਿਲਣ ਉੱਤੇ ਮਖੌਲ ਬੜੇ ਹੋਏ ਸਨ, ਪਰ ਤਾਈ ਤਾਂ ਬਹੁਤ ਹੀ ਪਿਆਰੇ ਦਿਲ ਦੀ ਮਾਲਕ ਸੀ। ਬੀਬੀ ਦੇ ਦੱਸਣ ਅਨੁਸਾਰ ਬਾਪੂ ਹਿੱਸੇ ਮੁਤਾਬਕ ਤਾਈ ਨੂੰ ਹਰ ਜਿਣਸ ਵੰਡ ਕੇ ਦਿੰਦਾ ਰਿਹਾ, ਪਰ ਉਹ ਹਮੇਸ਼ਾ ਆਖਦੀ, “ਧਰਮ ਸਿਆਂ, ਇਨ੍ਹਾਂ ਬੱਚਿਆਂ ਹੀ ਖਾਣਾ ਆ, ਵਿੱਚੋਂ ਮੈਂ ਵੀ ਦੋ ਮੰਨੀਆਂ ਖਾ ਲੈਣੀਆਂ, ਮੈਂ ਕੀਹਨੂ ਦੇਣਾ ਆ।” ਤੇ ਸਭ ਕੁਝ ਬੀਬੀ ਨੂੰ ਸੰਭਾਲ ਦਿੰਦੀ।
ਮੇਰੇ ਜਨਮ ਤੋਂ ਪਹਿਲਾਂ ਹੀ ਮੇਰਾ ਦਾਦਾ ਪੂਰਾ ਹੋ ਗਿਆ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਭਾਅ ਦੇ ਸਿਰ ਉੱਤੇ ਆ ਪਈ ਸੀ। ਮੇਰਾ ਜਨਮ ਕਾਫੀ ਪਛੜ ਕੇ ਹੋਇਆ ਸੀ। ਜਦੋਂ ਮੈਂ ਪੈਦਾ ਹੋਇਆ ਸੀ ਤਾਂ ਕਿਸੇ ਕਾਰਨ ਬੀਬੀ ਨੂੰ ਦੁੱਧ ਨਹੀਂ ਆਇਆ। ਜਦੋਂ ਤਾਈ ਨੇ ਮੈਂਨੂੰ ਮਾਤਰੀ ਮੋਹ ਨਾਲ ਆਪਣੀ ਹਿੱਕ ਨਾਲ ਲਾਇਆ ਤਾਂ ਢਲਦੀ ਉਮਰੇ ਉਸ ਦੀਆਂ ਛਾਤੀਆਂ ਵਿੱਚੋਂ ਸ਼ੀਰ ਉੱਤਰ ਆਇਆ ਸੀ, ਜੋ ਮੈਂ ਆਪਣੇ ਛੋਟੇ ਭਰਾ ਦੇ ਜਨਮ ਤੋਂ ਬਾਅਦ ਵੀ ਚੁੰਘਦਾ ਰਿਹਾ। ਮੈਂਨੂੰ ਸਾਂਭਦੀ ਨੂੰ ਵੇਖ ਗਲੀ ਗਵਾਂਢ ਆਖਦਾ- ਮੁੰਡਾ ਭਜਨੋ ਨੇ ਨਹੀਂ, ਤਾਈ ਆਸੋ ਨੇ ਜੰਮਿਆ ਹੈ
ਮੈਂ ਹੋਸ਼ ਸੰਭਾਲਦਿਆਂ ਆਪਣੇ-ਆਪ ਨੂੰ ਤਾਈ ਦੀ ਉਂਗਲ ਫੜੀ ਵੇਖਿਆ। ਮੈਂ ਮਾਂ ਨੂੰ ਬੀਬੀ ਆਖਦਾ, ਪਰ ਦੂਸਰਿਆਂ ਦੀ ਰੀਸੇ ਦਾਦੀ ਲੱਗਦੀ ਨੂੰ ਤਾਈ ਜਾਂ ਚੌੜ ਕਰਦਾ ਤੋਤਲੀ ਜ਼ੁਬਾਨ ਵਿੱਚ ‘ਤਾਈ ਆਥੋ’ ਆਖਦਾ। ਤਾਈ ਦਾ ਦੁੱਧ ਪੀਣ ਕਰ ਕੇ ਮੈਂ ਤਾਈ ਉੱਤੇ ਆਪਣਾ ਹੱਕ ਜ਼ਿਆਦਾ ਸਮਝਦਾ ਸਾਂ। ਸਿਆਣੇ ਹੋਣ ਤੱਕ ਮੈਂ ਤਾਈ ਵਾਲੇ ਕਮਰੇ ਵਿੱਚ ਹੀ ਪੈਂਦਾ ਰਿਹਾ ਸਾਂ।
ਘਰ ਦੇ ਕਮਰੇ ਪੱਕੇ ਹੋ ਗਏ ਸਨ, ਪਰ ਤਾਈ ਦਾ ਲਿੱਪਿਆ-ਪੋਚਿਆ ਕੋਠਾ ਪੱਕਿਆਂ ਨੂੰ ਪਰ੍ਹੇ ਕਰਦਾ ਸੀ। ਤਾਈ ਬੋਲਦੀ ਦੀ ਪੰਜਾਬੀ ਸਮਝ ਪੈਂਦੀ ਸੀ, ਪਰ ਬੀਬੀ ਵਾਂਗ ਜਾਂ ਹੋਰ ਬਜ਼ੁਰਗ ਔਰਤਾਂ ਤੋਂ ਵੱਖਰੀ ਤਰ੍ਹਾਂ ਬੋਲਣ ਕਰ ਕੇ ਜਦੋਂ ਮੈਂ ਬੀਬੀ ਨੂੰ ਇਸ ਸੰਬੰਧੀ ਪੁੱਛਿਆ ਤਾਂ ਉਸਨੇ ਦੱਸਿਆ, “ਤੇਰੀ ਤਾਈ ਵੀ ਕਾਹਲੋਆਂ ਦੀ ਮਾਈ ਵਾਂਗ ਕੁਦੇਸਣ ਆ।” ਇਹ ਮੈਂ ਹੀ ਨਹੀਂ ਹਰੇਕ ਜਾਣਦਾ ਹੈ ਕਿ ਕਿਸੇ ਰਿਸ਼ਤੇ ਦੇ ਨਿੱਘ ਦੇ ਅਰਥ ਉਸ ਰਿਸ਼ਤੇ ਨੂੰ ਮਾਣ ਕੇ ਮਹਿਸੂਸ ਕੀਤਿਆਂ ਹੀ ਪਤਾ ਲੱਗਦੇ ਹਨ। ਬੇਸ਼ਕ ਵੱਡੇ ਹੋਇਆਂ ਪੂਰਬੀ ਭਾਰਤ ਵਿੱਚੋਂ ਆ ਕੇ ਪੰਜਾਬੀਆਂ ਦੇ ਘਰੀਂ ਵਸੀਆਂ ਔਰਤਾਂ ਨੂੰ ਕੁਦੇਸਣਾਂ ਕਹਿਣ ਦੀ ਸਮਝ ਪੈ ਗਈ ਸੀ, ਪਰ ਮੇਰੇ ਸਮੇਤ ਸਾਰੇ ਛੋਟੇ ਭੈਣ-ਭਰਾਵਾਂ ਨੂੰ ਹਮੇਸ਼ਾ ਤਾਈ ਵਿੱਚੋਂ ਮਿੱਠਾ ਪਿਆਰਾ ਦਾਦੀ ਦਾ ਰਿਸ਼ਤਾ ਹੀ ਨਜ਼ਰੀਂ ਪਿਆ।
ਮੈਂ ਕੁਝ ਵੱਡਾ ਹੋ ਕੇ ਤਾਈ ਉੱਤੇ ਆਪਣਾ ਵੱਧ ਹੱਕ ਜਤਾ ਕੇ ਭਾਅ ਨੂੰ ਆਖ ਉਸ ਦਾ ਕਮਰਾ ਤਾਂ ਪੱਕਾ ਕਰਵਾ ਦਿੱਤਾ ਸੀ, ਪਰ ਉਸ ਨੇ ਕਮਰਾ ਬਦਲਿਆ ਨਹੀਂ। ਅੱਜ ਇਹ ਸਮਝਦਾ ਹਾਂ ਕਿ ਉਸ ਕਮਰੇ ਵਿੱਚ ਤਾਈ ਨੂੰ ਬਾਬੇ ਦੀ ਹੋਂਦ ਦਾ ਅਹਿਸਾਸ ਹੁੰਦਾ ਹੋਵੇਗਾ।
ਫੌਜ ਵਿੱਚ ਭਰਤੀ ਹੋਣ ਤੱਕ ਹੋਰ ਕਈ ਸਮਾਜਕ ਕੁਰੀਤੀਆਂ ਦੀ ਸਮਝ ਪਈ, ਜਿਵੇਂ ਤਾਈ ਵਰਗੀਆਂ ਹੋਰ ਕਈ ਮਾਪਿਆਂ ਵਾਲੀਆਂ ਹੋ ਕੇ ਵੀ, ਮੌਤ ਹੋਣ ਉੱਤੇ ਨਾ ਇਨ੍ਹਾਂ ਦੀ ਮੜ੍ਹੀ ਉੱਤੇ ਕੋਈ ਲੀੜਾ ਪਾਉਂਦਾ, ਨਾ ਹੀ ਇਨ੍ਹਾਂ ਦੀ ਕੋਈ ਮੋੜਵੀਂ ਮਕਾਣ ਜਾਂਦੀ। ਲਾਵਾਰਸ ਲਾਸ਼ ਵਾਂਗ ਇਨ੍ਹਾਂ ਦਾ ਸਸਕਾਰ ਕਰ ਦਿੱਤਾ ਜਾਂਦਾ, ਜੋ ਮੈਂਨੂੰ ਹਮੇਸ਼ਾ ਚੁੱਭਦਾ ਸੀ। ਬੇਸ਼ੱਕ ਤਾਈ ਦੀ ਆਪਣੀ ਕੁੱਖ ਹਰੀ ਨਹੀਂ ਹੋਈ, ਪਰ ਉਸ ਦਾ ਕਮਰਾ ਹਮੇਸ਼ਾ ਬੱਚਿਆਂ ਨਾਲ ਭਰਿਆ ਰਿਹਾ। ਆਪਣਾ ਬਚਪਨ ਯਾਦ ਕਰਦਿਆਂ ਮੋਰਚੇ ਵਿੱਚ ਡਿਊਟੀ ਉੱਤੇ ਖਲੋਤਿਆਂ ਮੇਰੀਆਂ ਅੱਖਾਂ ਪਰਲ ਪਰਲ ਵਹਿ ਰਹੀਆਂ ਸਨ। ਇਹ ਪੱਕਾ ਮੋਰਚਾ ਇੰਝ ਲੱਗ ਰਿਹਾ ਸੀ ਜਿਵੇਂ ਤਾਈ ਦਾ ਕਮਰਾ ਹੋਵੇ ਤੇ ਅਸੀਂ ਸਾਰੇ ਭੈਣ-ਭਰਾ ਤਾਈ ਦੀ ਰਜਾਈ ਵਿੱਚ ਘੁਸੜਦੇ ਇੱਕ ਦੂਜੇ ਤੋਂ ਅੱਗੇ ਹੋ ਕੇ ਤਾਈ ਨਾਲ ਚਿੰਬੜਨ ਦੀ ਕੋਸ਼ਿਸ਼ ਕਰ ਰਹੇ ਹੋਈਏ।
ਮੈਂਨੂੰ ਯਾਦ ਹੈ, ਟਰੇਨਿੰਗ ਦੌਰਾਨ ਜਦੋਂ ਮੈਂ ਪਹਿਲੀ ਛੁੱਟੀ ਆਇਆ ਤਾਂ ਮੈਂ ਆਪਣੀ ਕਮਾਈ ਵਿੱਚੋਂ ਬੀਬੀ-ਭਾਅ ਦੇ ਕੱਪੜਿਆਂ ਸਮੇਤ ਤਾਈ ਲਈ ਸੂਟ ਲਿਆ ਕੇ ਦਿੱਤਾ ਸੀ। ਤਾਈ ਕਿਸੇ ਗਰੂਰ ਵਿੱਚ ਹਰ ਆਈ ਗਈ ਨੂੰ ਸੂਟ ਵਿਖਾਉਂਦੀ ਆਖਦੀ, “ਆਹ ਮੇਰੇ ਹਰਮੇਸ਼ ਨੇ ਬਾਹਰੋਂ ਆਂਦਾ ਆ, ਇਹ ਮੈਂ ਉਹਦੇ ਵਿਆਹ ਉੱਤੇ ਪਾਊਂ ਸੁੱਖ ਨਾਲ।” ਇਹ ਵਾਕ ਯਾਦ ਆਉਂਦਿਆਂ ਮੇਰੀਆਂ ਭੁੱਬਾਂ ਹੀ ਨਿਕਲ ਗਈਆਂ, ਜੋ ਡਿਊਟੀ ਬਦਲੀ ਕਰਨ ਆਏ ਸੰਤਰੀ ਨੇ ਵੇਖ ਲਈਆਂ। ਇਹਦਾ ਕਾਰਨ ਜਦੋਂ ਮੈਂ ਉਸ ਨਾਲ ਸਾਂਝਾ ਕੀਤਾ, “ਮੇਰੀ ਦਾਦੀ ਦੇ ਚੜ੍ਹਾਈ ਕਰਨ ਦੀ ਤਾਰ ਆਈ ਹੈ।” ਨਵਾਂ ਹੋਣ ਕਰਕੇ ਉਸ ਨੇ ਮੈਂਨੂੰ ਹੌਸਲਾ ਦਿੰਦਿਆਂ ਕਿਹਾ, “ਘਬਰਾ ਨਾ, ਐਮਰਜੈਂਸੀ ਛੁੱਟੀ ਤਾਂ ਲੜਾਈ ਲੱਗੀ ਤੋਂ ਵੀ ਮਿਲ ਜਾਂਦੀ ਹੈ, ਤੇਰੀ ਦਾਦੀ ਦੀ ਮੌਤ ਹੋਈ ਹੈ।” ਮੈਂਨੂੰ ਮੇਰੀ ਬਾਕੀ ਬਚਦੀ ਸਾਲਾਨਾ ਬੱਤੀ ਦਿਨ ਦੀ ਛੁੱਟੀ ਮਿਲ ਗਈ।
ਛੁੱਟੀ ਆਏ ਨੂੰ ਮੈਨੂੰ ਸਾਰਾ ਪਰਿਵਾਰ ਇੰਝ ਚਾਅ ਨਾਲ ਮਿਲਿਆ ਜਿਵੇਂ ਤਾਈ ਦਾ ਜਾਣਾ ਕਿਸੇ ਨੂੰ ਵੀ ਕੋਈ ਖਾਸ ਨਾ ਚੁੱਭਿਆ ਹੋਵੇ। ਮੇਰਾ ਧਿਆਨ ਇੱਕ ਵਾਰ ਫਿਰ ਬੀਬੀ ਵੱਲੋਂ ਤਾਈ ਲਈ ਵਰਤੇ ‘ਕੁਦੇਸਣ’ ਸ਼ਬਦ ਵੱਲ ਚਲਾ ਗਿਆ, ‘ਤੇਰੀ ਤਾਈ ਵੀ ਕਾਹਲੋਆਂ ਦੀ ਮਾਈ ਵਾਂਗ ਕੁਦੇਸਣ ਆ।’
ਮੈਂ ਚੁੱਪ ਕੀਤੇ ਨੇ ਸਿੱਧਾ ਜਾ ਕੇ ਤਾਈ ਵਾਲੇ ਕਮਰੇ ਦੇ ਢੋਏ ਹੋਏ ਦਰਵਾਜ਼ੇ ਨੂੰ ਖੋਲ੍ਹ ਕੇ ਆਪਣਾ ਫੌਜੀ ਬੈਗ ਤਾਈ ਦੇ ਮੰਜੇ ਉੱਤੇ ਰੱਖ ਦਿੱਤਾ। ਬਾਹਰੋਂ ਆਏ ਨੂੰ ਅੱਜ ਇਹ ਕਮਰਾ ਪਹਿਲੀ ਵਾਰ ਖਾਲੀ ਖਾਲੀ ਲੱਗਾ। ਅੱਗੋਂ ਇਸ ਕਮਰੇ ਨੇ ਖਾਲੀ ਰਹਿਣਾ ਸੀ। ਬੀਬੀ ਤੇ ਭਾਅ ਮੇਰੀਆਂ ਭਾਵਨਾਵਾਂ ਸਮਝਦੇ ਸਨ। ਰਿਸ਼ਤਿਆਂ ਦੇ ਅਰਥ ਮੈਂ ਉਨ੍ਹਾਂ ਤੋਂ ਮਿਲੇ ਸੰਸਕਾਰਾਂ ਤੋਂ ਗ੍ਰਹਿਣ ਕੀਤੇ ਸਨ। ਬੀਬੀ ਨੇ ਮੈਂਨੂੰ ਹੌਸਲਾ ਦੇਣ ਵਜੋਂ ਮੇਰੇ ਮੋਢੇ ਉੱਤੇ ਆਪਣਾ ਹੱਥ ਰੱਖ ਦਿੱਤਾ। ਮੈਂਨੂੰ ਇੰਝ ਮਹਿਸੂਸ ਹੋਇਆ ਜਿਵੇਂ ਤਾਈ ਨੇ ਮੇਰਾ ਮੋਢਾ ਪਲੋਸ ਕੇ ਮੈਂਨੂੰ ਕਿਹਾ ਹੋਵੇ, ‘ਆ ਗਿਆ ਮੇਰਾ ਮ੍ਹੇਸ਼ਾ ਪੁੱਤ?” ਮੇਰੀਆਂ ਭੁੱਬਾਂ ਨਿਕਲ ਗਈਆਂ। ਬੀਬੀ ਨੇ ਮੈਂਨੂੰ ਵਰਾਇਆ ਨਹੀਂ। ਜਿਵੇਂ ਇਸ ਵੇਲੇ ਮੇਰਾ ਖੁੱਲ੍ਹ ਕੇ ਰੋਣਾ ਜ਼ਰੂਰੀ ਹੋਵੇ। ਤਾਈ ਦੀ ਮੇਰੇ ਨਾਲ ਸਭ ਤੋਂ ਵੱਧ ਨੇੜਤਾ ਬਾਰੇ ਬੀਬੀ ਬਾਖੂਬੀ ਸਮਝਦੀ ਸੀ। ਮੈਂ ਆਪਣੇ ਆਪ ਨੂੰ ਸਾਵਾਂ ਕਰ ਕੇ ਬੀਬੀ ਨੂੰ ਪੁੱਛਿਆ, “ਬੀਬੀ, ਤਾਈ ਦੀ ਮੜ੍ਹੀ ਢਕੀ ਸੀ?”
ਬੀਬੀ ਕੋਲ ਮੇਰੇ ਇਸ ਅਨੋਖੇ ਸਵਾਲ ਦਾ ਕੋਈ ਜਵਾਬ ਨਹੀਂ ਸੀ। ਫਿਰ ਵੀ ਉਸ ਨੇ ਕਿਹਾ, “ਪੁੱਤਰ ਮੜ੍ਹੀ ਤਾਂ ਪੇਕੇ ਢਕਦੇ ਨੇ, ਹਾਂ ਤੇਰੇ ਭਾਅ ਦੇ ਨਾਨਕਿਆਂ ਨੇ ਸਸਕਾਰ ਵਾਸਤੇ ਲੱਕੜਾਂ ਦੇ ਪੈਸੇ ਜ਼ਰੂਰ ਦਿੱਤੇ ਸਨ।” ਇਸ ਦਾ ਮਤਲਬ ਇਹ ਹੋਇਆ ਕਿ ਭਾਅ ਦੇ ਨਾਨਕਿਆਂ ਵਿੱਚ ਕੋਈ ਸਿਆਣਾ ਜ਼ਰੂਰ ਹੈ, ਜੋ ਆਪਣੀ ਧੀ ਦੀਆਂ ਦਰਾਣੀਆਂ-ਜਠਾਣੀਆਂ ਨੂੰ ਵੀ ਆਪਣੀਆਂ ਧੀਆਂ ਬਰਾਬਰ ਸਮਝਦਾ ਹੈ। ਮੇਰੀਆਂ ਇਨ੍ਹਾਂ ਗੱਲਾਂ ਦਾ ਆਪਣੇ ਆਪ ਨੂੰ ਸਿਆਣੇ ਸਮਝਦੇ ਬੀਬੀ, ਭਾਅ ਕੋਲ ਕੋਈ ਵੀ ਜਵਾਬ ਨਹੀਂ ਸੀ।
ਮੈਂ ਅਗਲੇ ਦਿਨ ਸ਼ਹਿਰੋਂ ਜਾ ਕੇ ਮਲਮਲ ਦੀ ਚੁੰਨੀ ਖਰੀਦ ਲਿਆਇਆ। ਆਪਣੇ ਚਾਚਿਆਂ ਅਤੇ ਸਕੇ ਸ਼ਰੀਕੇ ਵਾਲਿਆਂ ਨੂੰ ਇਕੱਠਾ ਕਰ ਕੇ ਕਿਹਾ, “ਆਓ, ਤਾਈ ਦੀ ਮੜ੍ਹੀ ਢਕਣ ਜਾਣਾ ਹੈ।”
ਬੇਸ਼ਕ ਮੈਂ ਛੋਟਾ ਸਾਂ, ਪਰ ਬਤੌਰ ਫੌਜੀ ਮੈਂਨੂੰ ਸਿਆਣਾ ਸਮਝਦਿਆਂ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ। ਕੁਝ ਹੀ ਦਿਨ ਪਹਿਲਾਂ ਸੱਜਰਾ ਬਲਿਆ ਠੰਢਾ ਹੋ ਚੁੱਕਿਆ ਤਾਈ ਦਾ ਸਿਵਾ ਢਕਣ ਵੇਲੇ ਸਭ ਦੀਆਂ ਅੱਖਾਂ ਗਿੱਲੀਆਂ ਸਨ। ਮੈਂ ਅਗਲੇ ਦਿਨ ਭਾਅ ਦੇ ਨਾਨਕੀਂ ਚਲਾ ਗਿਆ। ਮੇਰੇ ਨਾਲ ਤਾਈ ਦੇ ਚਲਾਣੇ ਦਾ ਹਿਰਖ-ਅਫਸੋਸ ਸਾਰੇ ਪਰਿਵਾਰ ਨੇ ਕੀਤਾ ਕਿਉਂਕਿ ਤਾਈ ਨਾਲ ਮੇਰੇ ਮੋਹ ਦਾ ਕਾਰਨ ਉਨ੍ਹਾਂ ਸਭਨਾਂ ਨੂੰ ਪਤਾ ਸੀ। ਮੈਂ ਭਾਅ ਦੇ ਮਾਮੇ ਦੇ ਪੁੱਤਰ ਨੂੰ ਕਿਹਾ, “ਚਾਚਾ ਜੀ, ਤਾਈ ਦੀ ਮੋੜਵੀਂ ਮਕਾਣ ਸਾਂਭੋਗੇ?”
ਕਾਮਰੇਡ ਖਿਆਲਾਂ ਦੇ ਚਾਚੇ ਨੇ ਮੈਂਨੂੰ ਜੱਫੀ ਵਿੱਚ ਲੈਂਦਿਆਂ ਕਿਹਾ, “ਪੁੱਤਰਾ, ਤੇਰੀ ਸੋਚ ਉੱਤੇ ਮੈਂਨੂੰ ਫਖਰ ਹੋ ਰਿਹਾ ਹੈ, ਤੇਰੇ ਵਰਗੇ ਨੌਜਵਾਨ ਹੀ ਕੁਰੀਤੀਆਂ ਵਿੱਚ ਗ੍ਰਸੇ ਇਸ ਸਮਾਜ ਵਿੱਚ ਬਰਾਬਰਤਾ ਲਿਆ ਸਕਦੇ ਹਨ। ਬੇਸ਼ੱਕ ਇਨ੍ਹਾਂ ਬੇਲੋੜੀਆਂ ਰਸਮਾਂ ਦਾ ਮੈਂ ਹਾਮੀ ਨਹੀਂ, ਪਰ ਮਨੁੱਖਤਾ ਦੀ ਬਰਾਬਰਤਾ ਦਾ ਹਮਾਇਤੀ ਜ਼ਰੂਰ ਹਾਂ।”
ਤਾਈ ਦੇ ਭੋਗ ਤੋਂ ਬਾਅਦ ਤਾਈ ਦੇ ਪੇਕੇ ਉਸ ਦੀ ਮੋੜਵੀਂ ਮਕਾਣ ਜਾਣ ਵਾਸਤੇ ਸਾਰੇ ਜੀਅ ਤਿਆਰ ਸਨ। ਮੈਨੂੰ ਲੱਗਿਆ ਜਿਵੇਂ ਤਾਈ ਨੂੰ ਮਾਪਿਆਂ-ਪੇਕਿਆਂ ਵਾਲੀ ਬਣਾ ਕੇ ਮੈਂ ਤਾਈ ਦੇ ਚੁੰਘੇ ਦੁੱਧ ਦਾ ਕਰਜ਼ ਲਾਹਿਆ ਹੋਵੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2023)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)