“ਜਿੰਨਾ ਚਿਰ ਭਾਰਤੀ ਵੋਟਰ ਨੇ ਆਪਣੇ ਦਿਮਾਗ਼ ਨਾਲ ਆਪਣੀ ਕਿਸਮਤ ਦਾ ਫ਼ੈਸਲਾ ਨਾ ਕੀਤਾ ...”
(20 ਅਕਤੂਬਰ 2021)
ਮੁਲਕ ਦੇ ਕੁਝ ਸੂਬਿਆਂ ਵਿਚ ਸੰਨ ਦੋ ਹਜ਼ਾਰ ਬਾਈ ਵਿੱਚ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣੀਆਂ ਹਨ। ਸਮਾਂ ਗਿਣਤੀ ਦੇ ਮਹੀਨੇ ਹੀ ਬਾਕੀ ਬਚਿਆ ਹੈ। ਚੋਣਾਂ ਦਾ ਬਿਗਲ ਕਾਫ਼ੀ ਦੇਰ ਪਹਿਲਾਂ ਦਾ ਹੀ ਵੱਜ ਚੁੱਕਾ ਹੈ। ਹੁਣ ਇਹ ਸਰਗਰਮੀਆਂ ਸ਼ੋਸ਼ਲ ਮੀਡੀਆ ਫੇਸਬੁੱਕ, ਇੰਸਟਾਗ੍ਰਾਮ, ਵੱਟਸਐਪ ਆਦਿ ਸਾਰੀਆਂ ਵੱਖ-ਵੱਖ ਸਾਈਟਾਂ ’ਤੇ ਵੇਖੀਆਂ ਜਾ ਸਕਦੀਆਂ ਹਨ। ਕਈ ਵਾਰ ਸਧਾਰਨ ਵਿਅਕਤੀ ਵੀ ਸਵਾਲ ਕਰਦਾ ਹੈ, “ਬਾਈ ਜੀ, ਊਠ ਕਿਹੜੀ ਕਰਵਟ ਬੈਠੇਗਾ?
ਖਰੀਦੇ ਹੋਏ ਅਤੇ ਨਿੱਜੀ ਮਾਲਕੀ ਵਾਲੇ ਟੀ.ਵੀ. ਚੈਨਲਾਂ ’ਤੇ ਬੇਹਿੱਸ ਜਿਹੀਆਂ ਬਹਿਸਾਂ ਕਰਦੇ ਹਰੇਕ ਪਾਰਟੀ ਦੇ ‘ਅਖੌਤੀ’ ਬੁਲਾਰੇ ਸਭ ਕੁਝ ਸਮਝਦੇ ਹੋਏ ਵੀ ਆਪਣੀ ਜ਼ਮੀਰ ਮਾਰ ਕੇ ਆਪਣੀ ਪਾਰਟੀ ਦੇ ਕੰਮ, ਵਿਰੋਧੀਆਂ ਦੇ ਔਗੁਣ ਗਿਣਾਉਣ ਅਤੇ ਤੀਵੀਆਂ ਵਾਂਗ ਹੋੜੇ-ਮਿਹਣੇ ਦਿੰਦੇ ਹਰ ਘਰ ਵਿਚ ਦਿਖਾਈ ਦੇਂਦੇ ਹਨ। ਸ਼ਾਇਦ ਇਸ ਥੋਥੀ ਆਸ ਉੱਤੇ ਕਿ ਕਿਤੇ ਟਿਕਟ ਦਾ ਟੁੱਕ ਜਾਂ ਚੜੀ-ਚੇਅਰਮੈਨੀ ਦੀ ਹੀ ਬੁਰਕੀ ਪੈ ਜਾਵੇ। ਪਿਛਲੇ ਕੀਤੇ ਇਕਰਾਰਾਂ ਦੀ ਕੋਈ ਵੀ ਗੱਲ ਨਹੀਂ ਕਰਦਾ। ‘ਜੀਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ’ ਅਨੁਸਾਰ ਆਪਣੀ ਪਾਰਟੀ ਨੂੰ ਹੀ ਸਭ ਤੋਂ ਉੱਤਮ ਅਤੇ ਪਾਰਦਰਸ਼ੀ ਸ਼ਾਸਨ ਦੇਣ ਦੀ ਵਕਾਲਤ ਕਰਦੇ ਵੇਖੇ ਜਾ ਸਕਦੇ ਹਨ। ਵਿਚ-ਵਿਚ ਦੱਬੀ ਜ਼ੁਬਾਨ ਨਾਲ ਕਿਸਾਨੀ ਘੋਲ ਦੀ ਹਮਾਇਤ ਕਰਦੇ ਆਪਣੇ-ਆਪ ਨੂੰ ਕਿਸਾਨਾਂ ਦੇ ਹਿਤੈਸ਼ੀ ਵੀ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਆਪਣੀ ਪਾਰਟੀ ਦਾ ਝੰਡਾ ਪਾਸੇ ਕਰਕੇ ਧਰਨੇ ਵਿੱਚ ਜਾ ਕੇ ਬੈਠਣਾ ਆਪਣੀ ਹੱਤਕ ਸਮਝਦੇ ਹਨ। ਆਮ ਵੋਟਰ ਦਿਨ ਦੀ ਲੋਅ ਵਿਚ ਝਾਕਦੇ ਉੱਲੂ ਵਾਂਗ ਵੇਖਣ ਤੋਂ ਬਗੈਰ ਕੁਝ ਨਹੀਂ ਕਰ ਸਕਦਾ। ਕਿਧਰੇ ਸਾਢੇ ਚਾਰ ਸਾਲ ਪਹਿਲਾਂ ਪ੍ਰਚਾਰ ਮੌਕੇ ਹੱਥ ’ਚ ਗੁਟਕਾ ਸਾਹਿਬ ਫੜ ਕੇ ਖਾਧੀਆਂ ਕਸਮਾਂ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਨਸ਼ਰ ਕੀਤੇ ਜਾ ਰਹੇ ਹਨ। ਕਿਤੇ ਹਾਰੀ ਪਾਰਟੀ ਦਾ ਨੇਤਾ ਆਪਣੇ ਹਮਾਇਤੀਆਂ ਨੂੰ ਕੇਂਦਰ ਕੋਲੋਂ ਮਿਲੇ ਨੋਟਾਂ ਦੀਆਂ ਬੋਰੀਆਂ ਵਾਲੇ ਟਰੱਕ ਵਿੱਚੋਂ ਜਿਹੜੀ ਮਰਜ਼ੀ ਬੋਰੀ ਉਤਾਰਨ ਦੀ ਗੱਲ ਕਰ ਰਿਹਾ ਹੈ। ਕੇਂਦਰ ਵਿਚ ਰਾਜ ਕਰਦੀ ਪਾਰਟੀ ਅਤੇ ਰਵਾਇਤੀ ਪਾਰਟੀਆਂ ਦੇ ਮੂਹਰਲੀ ਕਤਾਰ ਦੇ ਲੀਡਰਾਂ ਜਾਂ ਝੋਲ਼ੀ ਚੁੱਕਾਂ ਦਾ ਪਿੰਡਾਂ ਵਿਚ ਵੜਨਾ ਦੁੱਭਰ ਹੋ ਰਿਹਾ ਹੈ। ਕਿਉਂਕਿ ਜਨਤਾ ਦੇ ਸਵਾਲਾਂ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਹੈ। ਇੱਕ ਨੇਤਰੀ ਤਾਂ ਇਹ ਕਹਿੰਦੀ ਵੀ ਸੁਣੀ ਗਈ, “ਹੁਣ ਸਵਾਲਾਂ ਦਾ ਵੇਲਾ ਨਹੀਂ।”
ਕੋਰੋਨਾ ਮਹਾਰਾਜ ਵੀ ਇਹਨਾਂ ਨੂੰ ਕਾਫ਼ੀ ਰਾਸ ਆਇਆ ਸੀ, ਘਰਾਂ ਵਿੱਚੋਂ ਹੀ ਹਦਾਇਤਾ ਦੇਂਦੇ ਰਹੇ। ਜੇ ਕਿਸੇ ਦੇ ਨੱਕ ਵਿੱਚੋਂ ਪਾਣੀ ਜਾਂ ਦੋ ਛਿੱਕਾਂ ਵੀ ਆ ਗਈਆਂ ਤਾਂ ਉਹ ਕੋਰੋਨਾ ਯੋਧਾ ਬਣ ਗਿਆ। ਲਾਲ ਧੋਤੀ ਵਾਲਾ ਬਾਬਾ, ਜਿਹੜਾ ਧੋਤੀ ਘੱਟ ਤੇ ਸਾੜ੍ਹੀ ਸਲਵਾਰ ਵਾਲਾ ਕਰਕੇ ਬਹੁਤਾ ਮਸ਼ਹੂਰ ਹੈ, ਕਦੇ ਉਹਦਾ ਪੈਂਤੀ ਰੁਪਏ ਲੀਟਰ ਪੈਟਰੋਲ ਦੀ ਵਕਾਲਤ ਕਰਦੇ ਦਾ ਮੂੰਹ ਸੁੱਕਦਾ ਸੀ, ਹੁਣ ਆਪਣੀ ਕੋਰੋਨਿਲ ਦਵਾਈ ਦੀ ਵਕਾਲਤ ਕਰ ਰਿਹਾ ਹੈ। ਸੂਬੇ ਵਿੱਚ ਰਾਜ ਕਰਦੀ ਪਾਰਟੀ ਦੇ ਸਿਰ ਕੱਢ ਤੇ ਮੂੰਹ ਫੱਟ ਬੁਲਾਰੇ ਨੇ ਦੋ ਤਿੰਨ ਸਾਲ ਦੀ ਚੁੱਪ ਤੋਂ ਬਾਅਦ ਟਵਿਟਰੀ ਬੋਲੀ ਨਾਲ ਆਪਣੀ ਪਾਰਟੀ ਨੂੰ ਹੀ ਪੜ੍ਹਨੇ ਪਾਇਆ ਹੋਇਆ ਹੈ। ਮਹੱਤਵਪੂਰਨ ਅਹੁਦਾ ਲੈ ਕੇ ਵੀ ਅਲੱਗ-ਥਲੱਗ ਦਿਸ ਰਿਹਾ ਹੈ। ਕੋਵਿਡ ਦੇ ਬਹਾਨੇ ਅੰਦਰੀਂ ਵੜੇ ਲੀਡਰ ਖੁੱਡਾਂ ਵਿੱਚ ਪਾਣੀ ਪੈਣ ਬਾਦ ਚੂਹਿਆਂ ਵਾਂਗ ਆਪਣੀਆਂ ਅਲੀਸ਼ਾਨ ਕੋਠੀਆਂ ਵਿੱਚੋਂ ਜਦੋਂ ਬਾਹਰ ਨਿਕਲੇ ਹਨ ਤਾਂ ਲੋਕ ਪਿੰਡਾਂ ਵਿਚ ਪੌੜ ਚੁੱਕ-ਚੁੱਕ ਪੈਂਦੇ ਕਹਿ ਰਹੇ ਹਨ, “ਜਦੋਂ ਵੋਟਾਂ ਲੈਣੀਆਂ ਸੀ, ਹੱਥ ਜੋੜੀ ਇਕੱਲਾ ਆਇਆ ਸੀ, ਹੁਣ ਐਨੀ ਫੌਜ ਲੈ ਕੇ ਕਿਉਂ ਆਇਆ ਏਂ? ਸ਼ਰਮਿੰਦੇ ਹੋਏ ਨੇਤਾ ਸੁਰੱਖਿਆ ਘੇਰਿਆਂ ਵਿੱਚ ਘਿਰੇ ਕੁਝ ਬੋਲਣ ਤੋਂ ਅਸਮਰਥ ਲੱਗ ਰਹੇ ਹਨ। ਰਵਾਇਤੀ ਪਾਰਟੀਆਂ ਦੇ ਲੀਡਰਾਂ ਦੀ ਹਾਲਤ ਪਾਣੀਓਂ ਪਤਲੀ ਹੋਈ ਪਈ ਹੈ। ਕੋਈ ਵਾਹ ਪੇਸ਼ ਨਾ ਜਾਂਦੀ ਵੇਖ ਦੁੰਬ ਦਬਾ ਕੇ ਭੱਜਣ ਵਿੱਚ ਹੀ ਭਲਾਈ ਸਮਝਦੇ ਹਨ। ਦੂਜੇ ਪਾਸੇ ਮੁਫ਼ਤਖੋਰੇ ਲੋਕ ਮੁਫ਼ਤ ਸਹੂਲਤਾਂ ਮਾਣਦੇ ਤੇ ਨਵੀਆਂ ਨੂੰ ਝਾਕਦੇ, ਆਪਣੇ-ਆਪਣੇ ਪਸੰਦੀਦਾ ਲੀਡਰਾਂ ਦੇ ਗੁਣਗਾਨ ਕਰਦੇ ਭੀੜਾਂ ਦਾ ਹਿੱਸਾ ਵੀ ਬਣ ਰਹੇ ਹਨ। ਇਨ੍ਹਾਂ ਦੇ ਬੁੱਲ੍ਹਾਂ ’ਤੇ “ਏਹੀ ਹੁੰਦਾ ਹੈ, ਫਲਾਣੇ ਨੇ ਆਹ ਕੁਝ ਦਿੱਤਾ, ਢਿਮਕਾ ਆਹ ਕੁਝ ਦੇ ਰਿਹਾ ਹੈ।”
ਇਕ ਨਵੇਂ ਆਉਣ ਵਾਲੇ ਦੇ ਵੱਡੇ ਵਾਅਦਿਆਂ ਨੇ ਮੁਫ਼ਤਖੋਰਿਆਂ ਦੀ ਨੀਂਦ ਹਰਾਮ ਤਾਂ ਕੀਤੀ ਹੀ ਹੈ, ਰਵਾਇਤੀ ਪਾਰਟੀਆਂ ਨੂੰ ਵੀ ਸੁੱਕਣੇ ਪਾ ਦਿੱਤਾ ਹੈ। ਵਾਆਦੇ ਕਰਕੇ ਭਾਰਤੀ ਨੇਤਾਵਾਂ ਵੱਲੋਂ ਮੁੱਕਰਨਾ ਕੋਈ ਨਵੀਂ ਗੱਲ ਨਹੀਂ। ਭਾਵੇਂ ਇਸ ਵਾਰ ਲੋਕ ਲਾਰੇ ਲਾ ਕੇ ਮੁੱਕਰਿਆਂ ਨੂੰ ਭੁੱਲੇ ਨਹੀਂ ਪਰ ਲੀਡਰਾਂ ਦੀਆਂ ਦਿਨ ਦੁੱਗਣੀ ਰਾਤ ਚੌਗਣੀ ਵਧੀਆਂ ਜਾਇਦਾਦਾਂ ਦਾ ਕਿਸੇ ਨੂੰ ਵੀ ਖਿਆਲ ਨਹੀਂ। ਹਾਂ, “ਸਾਨੂੰ ਕੀ ਦਿਉਗੇ?” ਦਾ ਖਿਆਲ ਜ਼ਰੂਰ ਹੈ। ਲੀਡਰ ਵੀ ਸਮਝਦੇ ਹਨ ਕਿ ਭੋਲੇ ਵੋਟਰ ਦੋ ਤਿੰਨ ਮਹੀਨੇ ਪਹਿਲਾਂ ਮਿਲਿਆ ਤੇ ਖਾਧਾ ਹੀ ਯਾਦ ਰੱਖਦੇ ਹਨ। ਇਸ ਲਈ ਛੇ ਮਹੀਨੇ ਆਰਾਮ ਹਰਾਮ ਕਰਕੇ ਸਾਢੇ ਚਾਰ ਸਾਲ ਕੁੰਭਕਰਨੀ ਨੀਂਦ ਦਾ ਆਨੰਦ ਲੈਣਾ ਸਸਤਾ ਸੌਦਾ ਹੈ। ਤਾਂ ਹੀ ਕੜਕਦੀ ਧੁੱਪ ਵਿਚ ਰੇਤ ਦੀਆਂ ਖੱਡਾਂ ’ਤੇ ਛਾਪੇ, ਸੁੱਕੇ ਝੋਨੇ ਦੇ ਖੇਤ ਕਿਨਾਰੇ ਖਲੋਅ ਕੇ ਵੀਡੀਓ, ਕਿਸੇ ਬੰਬੀ ’ਤੇ ਬੈਠ ਕੇ ਤਾਸ਼ ਕੁੱਟਣ ਦਾ ਢੋਂਗ, ਲਿੱਬੜੇ-ਤਿੱਬੜੇ ਨਲੀ ਵਗਦੇ ਕਪੋਸ਼ਣ ਦੇ ਮਾਰੇ ਜਵਾਕਾਂ ਨੂੰ ਕੁੱਛੜ ਚੁੱਕ ਕੇ ਵੀਡੀਓ ਵਾਇਰਲ ਕਰਨ ਆਦਿ ਦਾ ਸਿਲਸਿਲਾ ਜਾਰੀ ਹੈ।
ਭਾਰਤੀ ਲੋਕ ਧਰਮ-ਕਰਮ ਅਤੇ ਅੰਧ ਵਿਸਵਾਸ਼ ਦੇ ਮਾਮਲੇ ਵਿਚ ਬਿਨਾ ਸੋਚੇ ਸਮਝੇ ਭੀੜ ਦਾ ਹਿੱਸਾ ਬਣਦੇ ਇਹ ਨਹੀਂ ਸੋਚਦੇ ਕਿ ਇਕ ਦੂਜੇ ਦੇ ਪਿੱਛੇ ਤੁਰਦੀ ਭੀੜ ਦੀ ਤੁਲਨਾ ਭੇਡਾਂ ਨਾਲ ਕੀਤੀ ਜਾਂਦੀ ਹੈ। ਇਸ ਮਾਮਲੇ ਵਿੱਚ ਤਾਂ ਏਹੀ ਕਹਿਣਾ ਬਣਦਾ ਕਿ ਇਸ ਮੁਲਕ ਦੇ ਲੋਕਾਂ ਦਾ ਵੱਖਰਾ-ਵੱਖਰਾ ਰੱਬ ਇਹਨਾਂ ਨੂੰ ਸੁਮੱਤ ਬਖ਼ਸ਼ੇ।
ਕਿਸਾਨੀ ਘੋਲ ਦੀ ਏਕਤਾ ਨੇ ਲੋਕਾਂ ਦੀ ਸਿਆਣਪ ਦਾ ਸਬੂਤ ਦਿੱਤਾ ਹੈ। ਇਸ ਮੁੱਦੇ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਲੀਡਰਸ਼ਿੱਪ ਦੇ ਨਾਸੀਂ ਧੂਆਂ ਦੇ ਰੱਖਿਆ ਹੈ। ਇਸ ਮੋਰਚੇ ਨੂੰ ਫੇਲ ਕਰਨ ਲਈ ਹਰ ਸਿਆਸੀ ਹਰਬਾ ਵਰਤਿਆ ਜਾ ਰਿਹਾ ਹੈ। ਵਿਚੋਲਗੀ ਦਾ ਸਹਾਰਾ ਲੈ ਕੇ ਸਿਆਸੀ ਜ਼ਮੀਨ ਵੀ ਤਲਾਸ਼ੀ ਜਾ ਰਹੀ ਹੈ।
ਪੰਜਾਬ ਸਮੇਤ ਹੋਰ ਸੂਬਿਆਂ ਵਿਚ 2022 ਦਾ ਸਿਅਸੀ ਊਠ ਕਿਹੜੀ ਕਰਵਟ ਬੈਠੇਗਾ, ਇਹ ਤਾਂ ਸਮੇਂ ਦੇ ਗਰਭ ਵਿਚ ਹੈ ਪਰ ਸੂਝਵਾਨ ਤੇ ਸਿਆਸੀ ਮਾਹਰ ਇਹ ਵੀ ਕਹਿ ਰਹੇ ਹਨ ਕਿ ਇਹਨਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੇ 2024 ਦੀ ਭਵਿੱਖੀ ਸਿਆਸੀ ਤਸਵੀਰ ਸਾਫ਼ ਕਰ ਦੇਣੀ ਹੈ।
ਇਕ ਪੰਜਾਬੀ ਗੀਤ ਦੇ ਬੋਲ ਹਨ, “ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ” ਜਿਸ ਦਾ ਭਾਵ ਹੈ, ਸ਼ਰਾਬੀ ਤੇ ਅਮਲੀ ਬੰਦੇ ਨਾਲੋਂ ਵੱਡੀ ਤੇ ਵਧੀਆ ਗੱਪ ਕੋਈ ਨਹੀਂ ਮਾਰ ਸਕਦਾ। ਭਲਾ ਜੇ ਕੋਈ ‘ਭਲਾਮਾਣਸ’ ਗੱਲਾਂ ਵੇਚ ਕੇ ਹੀ ਲੋਕਾਂ ਨੂੰ ਪੰਦਰਾਂ ਲੱਖ ਖਾਤੇ ਵਿਚ ਪਾਉਣ ਦੀ ਗੱਪ ਮਾਰ ਕੇ ਦਸ ਸਾਲਾਂ ਵਾਸਤੇ ਰਾਜ ਗੱਦੀ ਹੀ ਆਪਣੇ ਨਾਂ ਕਰਵਾ ਲਵੇ ਤਾਂ ਏਹੀ ਕਿਹਾ ਜਾ ਸਕਦਾ ਹੈ, “ਭਾਰਤੀਓ, ਸਿਆਸੀ ਊਠ ਦਾ ਬੁੱਲ੍ਹ ਤੁਹਾਡਾ ਹੀ ਹੈ, ਜਦੋਂ ਡਿੱਗੂ ਚੁੱਕ ਲਿਓ।”
ਅਖੀਰ ਵਿਚ ਏਹੀ ਕਹਿਣਾ ਬਣਦਾ ਹੈ ਕਿ ਜਿੰਨਾ ਚਿਰ ਭਾਰਤੀ ਵੋਟਰ ਨੇ ਆਪਣੇ ਦਿਮਾਗ਼ ਨਾਲ ਆਪਣੀ ਕਿਸਮਤ ਦਾ ਫ਼ੈਸਲਾ ਨਾ ਕੀਤਾ, ਓਨਾ ਚਿਰ ਇਸਦੀ ਹੋਣੀ ਬਦਲਣ ਵਾਲੀ ਨਹੀਂ। ਸੱਪ ਨਿਕਲਣ ਤੋਂ ਬਾਅਦ ਲਕੀਰ ਪਿੱਟਣਾ ਬੇਵਕੂਫ਼ੀ ਹੁੰਦੀ ਹੈ। ਭਾਵ, ਵੋਟ ਪਾਉਣ ਤੋਂ ਬਾਅਦ ਵੋਟਰ ਜਿੱਤੇ ਹੋਏ ਨੇਤਾ ਦੀ ਧੂੜ ਉਡਾਉਂਦੀ ਜਾਂਦੀ ਇੰਪੋਰਟਿਡ ਕਾਰ ਦੀ ਪਿੱਠ ਨੂੰ ਘੂਰਨ ਤੋਂ ਬਗੈਰ ਕੁਝ ਨਹੀਂ ਕਰ ਸਕਦਾ। ਕਿਉਂਕਿ ਉਹ ਕਾਰ ਫਿਰ ਸਾਢੇ ਚਾਰ ਸਾਲ ਬਾਅਦ ਹੀ ਵਾਪਸ ਆਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3091)
(ਸਰੋਕਾਰ ਨਾਲ ਸੰਪਰਕ ਲਈ: