“ਬੇਸਮੈਂਟ ਦੀਆਂ ਖਿੜਕੀਆਂ ਬਾਹਰ ਨੂੰ ਖੁੱਲ੍ਹਦੀਆਂ ਸਨ। ਉਸ ਅਫਸਰ ਨੇ ਇੱਕ ਖਿੜਕੀ ਖੋਲ੍ਹ ਕੇ ...”
(14 ਮਾਰਚ 2025)
ਇੱਕ ਲੇਖਕ ਹੋਣਾ ਹੀ ਬਹੁਤ ਵੱਡੀ ਗੱਲ ਹੈ ਪਰ ਬਤੌਰ ਲੇਖਕ ਇੱਕ ਖੋਜੀ ਹੋਣਾ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਅਜਿਹਾ ਹੀ ਘੁਮੱਕੜ ਪ੍ਰਵਾਸੀ ਲੇਖਕ ਹੈ ਧਰਮ ਸਿੰਘ ਗੁਰਾਇਆ। ਪੰਜਾਬੀ ਖਤਮ ਹੋਣ ਦਾ ਬਹੁਤ ਰੌਲਾ ਪਾਇਆ ਜਾ ਰਿਹਾ ਹੈ, ਜਿੰਨਾ ਚਿਰ ਧਰਮ ਸਿੰਘ ਵਰਗੇ ਪੰਜਾਬੀ ਦੇ ਸੂਰਮੇ ਪੁੱਤ ਮਾਂ ਬੋਲੀ ਦਾ ਝੰਡਾ ਦੇਸ਼-ਵਿਦੇਸ਼ ਵਿੱਚ ਲਹਿਰਾਉਂਦੇ ਰਹਿਣਗੇ, ਓਨਾ ਚਿਰ ਪੰਜਾਬੀ ਮਾਂ ਬੋਲੀ ਨੂੰ ਕੋਈ ਖਤਰਾ ਨਹੀਂ ਹੋ ਸਕਦਾ। ਆਪਾਂ ਧਰਮ ਸਿੰਘ ਗੁਰਾਇਆ ਜੀ ਦੀ ਰਚਨਾਕਾਰੀ ਦੀ ਗੱਲ ਕਰਦਿਆਂ, ਉਨ੍ਹਾਂ ਦੇ ਨਿੱਜੀ ਜੀਵਨ ਦੀਆਂ ਰਹੱਸਮਈ ਗੱਲਾਂ ਵੀ ਪਾਠਕਾਂ ਦੇ ਸਨਮੁਖ ਕਰਾਂਗੇ।
ਸਵਾਲ: ਗੁਰਾਇਆ ਸਾਹਿਬ, ਸਭ ਤੋਂ ਪਹਿਲਾਂ ਇਹ ਵਾਅਦਾ ਕਰੋ ਕਿ ਤੁਸੀਂ ਜੋ ਵੀ ਕਹੋਗੇ, ਸੱਚ ਕਹੋਗੇ।
ਜਵਾਬ: (ਹੱਸ ਕੇ) ਭੰਗੂ ਜੀ, ਮੈਨੂੰ ਇੰਜ ਲੱਗ ਰਿਹਾ ਹੈ, ਜਿਵੇਂ ਤੁਸੀਂ ਕਿਸੇ ਅਦਾਲਤ ਵਿੱਚ ਵਕੀਲ ਹੋਵੋਂ! ਜਿੱਥੇ ਮੁਜਰਮ ਨੂੰ ਧਾਰਮਿਕ ਪੁਸਤਕ ਉੱਤੇ ਹੱਥ ਰੱਖ ਕੇ ਸੱਚ ਬੋਲਣ ਲਈ ਆਖਿਆ ਜਾਂਦਾ ਹੈ ਪਰ ਉੱਥੇ ਸੱਚ ਨੂੰ ਵੀ ਝੂਠ ਹੀ ਬਣਾ ਕੇ ਬੋਲਿਆ ਜਾਂਦਾ ਹੈ। ਪਹਿਲਾਂ ਤਾਂ ਇਨਸਾਫ਼ ਦੀ ਦੇਵੀ ਦੀਆਂ ਅੱਖਾਂ ’ਤੇ ਪੱਟੀ ਬੱਝੀ ਹੁੰਦੀ ਸੀ ਹੁਣ ਕੁਝ ਸਮਾਂ ਪਹਿਲਾਂ ਖੋਲ੍ਹ ਦਿੱਤੀ ਗਈ ਹੈ ਤਾਂ ਜੋ ਇਨਸਾਫ ਦੀ ਦੇਵੀ ਆਪਣੀਆਂ ਅੱਖਾਂ ਨਾਲ ਹਕੀਕਤ ਵੇਖ ਸਕੇ। ਮੈਂ ਧਾਰਮਿਕ ਪੁਸਤਕ ਨਹੀਂ, ਪੁਸਤਕਾਂ ਦੀ ਸਿਰਜਕ ਕਲਮ ਦੀ ਕਸਮ ਖਾ ਕੇ ਕਹਿੰਦਾ ਹਾਂ ਕਿ ਅੱਜ ਤਕ ਸੱਚ ਲਿਖਿਆ ਹੈ ਤੇ ਸੱਚ ਹੀ ਬੋਲਾਂਗਾ ਬੇਝਿਜਕ ਪੁੱਛੋ।
ਸਵਾਲ: ਸਭ ਤੋਂ ਪਹਿਲਾਂ ਆਪਣੇ ਪਰਿਵਾਰ ਬਾਰੇ ਸੰਖੇਪ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰੋ।
ਜਵਾਬ: ਅਸੀਂ ਪੰਜ ਭਰਾ ਹਾਂ ਤੇ ਸਾਡੀਆਂ ਤਿੰਨ ਭੈਣਾਂ ਹਨ। ਸਭ ਤੋਂ ਵੱਡਾ ਪ੍ਰੋਫੈਸਰ ਨਿਰਮਲ ਸਿੰਘ ਅਜ਼ਾਦ, ਕਾਮਰੇਡ ਕੁਲਵੰਤ ਸਿੰਘ (ਸਰਪੰਚ) ਧਰਮ ਸਿੰਘ, ਪਲਵਿੰਦਰ ਸਿੰਘ ਅਤੇ ਕੁਲਬੀਰ ਸਿੰਘ। ਭੈਣਾਂ ਦਵਿੰਦਰ ਕੌਰ, ਕੁਲਵੰਤ ਕੌਰ ਅਤੇ ਹਰਦੀਪ ਕੌਰ ਹਨ। ਮੇਰਾ ਜਨਮ ਬਾਰਾਂ ਭਾਦਰੋਂ ਅਠਾਈ ਸਤੰਬਰ 1952 ਨੂੰ ਮਾਤਾ ਪ੍ਰਕਾਸ਼ ਕੌਰ ਦੀ ਕੁੱਖੋਂ ਪਿਤਾ ਕਰਤਾਰ ਸਿੰਘ ਜੀ ਦੇ ਗ੍ਰਹਿ ਵਿਖੇ ਪਿੰਡ ਰਣਸੀਂਹਕੇ ਮੀਰਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਦੋ ਭਰਾਵਾਂ ਤੋਂ ਬਾਅਦ ਤੀਜੇ ਥਾਂ ਹੋਇਆ ਸੀ।
ਸਵਾਲ: ਸਾਹਿਤਕ ਚੇਟਕ ਕਹਿ ਲਓ ਜਾਂ ਗੁੜ੍ਹਤੀ ਤੁਹਾਨੂੰ ਕਿੱਥੋਂ ਮਿਲੀ?
ਜਵਾਬ: ਅਨਪੜ੍ਹ ਹੋਣ ਦੇ ਬਾਵਜੂਦ ਪਿਤਾ ਜੀ ਨੇ ਸਾਨੂੰ ਵਿੱਦਿਆ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇੱਕ ਪਛੜੇ ਇਲਾਕੇ ਵਿੱਚੋਂ ਉੱਠ ਕੇ ਵੱਡੇ ਵੀਰ ਨਿਰਮਲ ਸਿੰਘ ਅਜ਼ਾਦ ਦਾ ਪ੍ਰੋਫੈਸਰ ਬਣਨਾ ਬੜੀ ਵੱਡੀ ਤੇ ਮਾਣ ਵਾਲੀ ਗੱਲ ਸੀ। ਪ੍ਰਾਇਮਰੀ ਵਿੱਚ ਪੜ੍ਹਦਿਆਂ ਹੀ 1961-62 ਤੋਂ ਨਿਰਮਲ ਵੀਰ ਵੱਲੋਂ ਮੰਗਵਾਏ ਜਾਂਦੇ ਪ੍ਰੀਤ ਲੜੀ, ਨਵਾਂ ਜ਼ਮਾਨਾ ਅਖਬਾਰ ਅਤੇ ਹੋਰ ਅਗਾਂਹਵਧੂ ਰਸਾਲਿਆਂ ਵਿੱਚੋਂ ਮੂਰਤਾਂ ਵੇਖਦਿਆਂ ਮੇਰਾ ਸਾਹਿਤ ਵੱਲ ਝੁਕਾਅ ਹੋ ਗਿਆ ਸੀ। ਮੈਂ ਸਮਝਦਾ ਹਾਂ ਕਿ ਵੱਡੇ ਵੀਰ ਨਿਰਮਲ ਦੀ ਬਦੌਲਤ ਮੈਂ ਪੜ੍ਹਾਈ ਦੇ ਨਾਲ-ਨਾਲ ਸਾਹਿਤ ਅਤੇ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਲੱਗ ਪਿਆ ਸਾਂ। ਮੇਰੇ ਤੋਂ ਇਲਾਵਾ ਨਿਰਮਲ ਤੋਂ ਛੋਟੇ ਵੀਰ ਕੁਲਵੰਤ ਤੋਂ ਬਿਨਾਂ ਸਾਰੇ ਭੈਣ ਭਰਾਵਾਂ ਨੂੰ ਪੜ੍ਹਾਈ ਦੀ ਪ੍ਰੇਰਨਾ ਨਿਰਮਲ ਕਰਕੇ ਹੀ ਸੀ।
ਮੈਂ ਪ੍ਰਾਇਮਰੀ ਦੀ ਪੜ੍ਹਾਈ ਸ਼ਾਹਪੁਰ ਗੁਰਾਇਆ ਵਿੱਚ ਕੀਤੀ ਸੀ ਤੇ ਦਸਵੀਂ ਡੇਰਾ ਬਾਬਾ ਨਾਨਕ ਤੋਂ। ਇੱਕ ਬੜੀ ਰੋਚਕ ਯਾਦ ਵੀਰ ਨਿਰਮਲ ਨਾਲ ਜੁੜੀ ਹੋਈ ਹੈ। ਜਦੋਂ ਮੈਂ ਦਸਵੀਂ ਵਿੱਚ ਸੀ, ਵੀਰ ਨਿਰਮਲ ਸਿੰਘ ਆਜ਼ਾਦ ਉਦੋਂ ਅੰਮ੍ਰਿਤਸਰ ਖਾਲਸਾ ਕਾਲਜ ਵਿੱਚ ਬੀ. ਏ. ਦੇ ਆਖਰੀ ਸਾਲ ਵਿੱਚ ਸੀ। ਵੀਰ ਦੇ ਕਹੇ ’ਤੇ ਹੀ ਮੈਨੂੰ ਡੇਰਾ ਬਾਬਾ ਨਾਨਕ ਪੜ੍ਹਨ ਲਾਇਆ ਹੋਇਆ ਸੀ। ਖਾਸਾਂਵਾਲੀ ਦੇ ਹੋਰ ਮੁੰਡੇ ਤੇ ਮੈਂ ਇੱਕ ਚੁਬਾਰੇ ਵਿੱਚ ਰਹਿੰਦੇ ਸਾਂ। ਉੱਥੇ ਸਾਨੂੰ ਵੀਰ ਦਾ ਜਮਾਤੀ ਕਸ਼ਮੀਰੀ ਲਾਲ ਟਿਊਸ਼ਨ ਪੜ੍ਹਾਉਂਦਾ ਸੀ। ਅਸੀਂ ਸਾਰੇ ਬੋਰਡ ਦੇ ਇਮਤਿਹਾਨ ਦੀ ਤਿਆਰੀ ਕਰ ਰਹੇ ਸਾਂ। ਖਾਸਾਂਵਾਲੀ ਦਾ ਮਹਿੰਦਰ ਸਿੰਘ ਵੀਰ ਨਿਰਮਲ ਸਿੰਘ ਦਾ ਬੜਾ ਗੂੜ੍ਹਾ ਮਿੱਤਰ ਸੀ। ਉਹ ਸ਼ਾਮ ਨੂੰ ਡੇਰਾ ਬਾਬਾ ਨਾਨਕ ਦੁੱਧ ਦੇਣ ਆਉਂਦਾ ਰੋਜ਼ ਆਪਣੇ ਚਾਚੇ ਦੇ ਪੁੱਤ ਭਰਾ ਨੂੰ ਦੁੱਧ ਦੇ ਕੇ ਜਾਂਦਾ। ਡੇਰਾ ਬਾਬਾ ਨਾਨਕ ਦਾ ਚੋਲ਼ੇ ਦਾ ਮੇਲਾ ਬੜਾ ਮਸ਼ਹੂਰ ਹੈ। ਉਹਨਾਂ ਦਿਨਾਂ ਵਿੱਚ ਹੀ ਦਸਵੀਂ ਬੋਰਡ ਦੇ ਪਰਚੇ ਸਨ। ਮੇਲੇ ’ਤੇ ਖਰਚਣ ਵਾਸਤੇ ਉਦੋਂ ਘਰੋਂ ਮੈਨੂੰ ਅੱਠ ਆਨੇ ਮਿਲੇ ਸਨ। ਮੇਲੇ ਵਾਲੇ ਦਿਨ ਛੁੱਟੀ ਸੀ। ਅਸੀਂ ਸਾਰੇ ਮੇਲਾ ਵੇਖਣ ਚਲੇ ਗਏ। ਮੇਲੇ ਵਿੱਚ ਇੱਕ ਰਸਾਲਿਆਂ ਵਾਲੀ ਦੁਕਾਨ ’ਤੇ ਹੀਰ ਦੀ ਕਿਤਾਬ ਮੈਨੂੰ ਨਜ਼ਰ ਪਈ। ਰਾਂਝੇ ਤੇ ਹੀਰ ਸਮੇਤ ਬੇਲੇ ਵਿੱਚ ਚੁਗਦੀਆਂ ਮੱਝਾਂ ਦੀ ਰੰਗਦਾਰ ਤਸਵੀਰ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ। ਮੈਂ ਹੀਰ ਦੀ ਕਿਤਾਬ ਖਰੀਦ ਲਈ। ਮੇਲਾ ਵੇਖ ਕੇ ਅਸੀਂ ਕਮਰੇ ਵਿੱਚ ਆ ਗਏ। ਸ਼ਾਮ ਨੂੰ ਜਦੋਂ ਮਹਿੰਦਰ ਸਿੰਘ ਦੁੱਧ ਲੈ ਕੇ ਆਇਆ ਤਾਂ ਅਸੀਂ ਸਾਰੇ ਪੜ੍ਹ ਰਹੇ ਸਾਂ। ਸਵੇਰੇ ਹਿਸਾਬ ਦਾ ਪੇਪਰ ਸੀ। ਇਤਫ਼ਾਕ ਵੱਸ ਮੇਰੇ ਸਾਹਮਣੇ ਹਿਸਾਬ ਦੀਆਂ ਕਿਤਾਬਾਂ ਕਾਪੀਆਂ ਵੀ ਖੁੱਲ੍ਹੀਆਂ ਪਈਆਂ ਸਨ ਪਰ ਜ਼ਿਆਦਾ ਧਿਆਨ ਮੇਰਾ ਮੇਲਿਓਂ ਖਰੀਦੀ ਹੀਰ ਵੱਲ ਸੀ। ਮਹਿੰਦਰ ਸਿੰਘ ਦੇ ਪਹੁੰਚਣ ਮੌਕੇ ਹੀਰ ਦੀ ਕਿਤਾਬ ਮੇਰੇ ਹੱਥਾਂ ਵਿੱਚ ਸੀ। ਮਹਿੰਦਰ ਕੁਝ ਬੋਲਿਆ ਤਾਂ ਨਾ ਪਰ ਲੌਢੇ ਵੇਲੇ ਡੇਰੇ ਤੋਂ ਅੰਮ੍ਰਿਤਸਰ ਮੁੜਦੀ ਗੱਡੀ ਵਿੱਚ ਕਿਸੇ ਰਾਹੀਂ ਉਹਨੇ ਵੀਰ ਨਿਰਮਲ ਨੂੰ ਖਾਲਸਾ ਕਾਲਜ ਸੁਨੇਹਾ ਘੱਲ ਦਿੱਤਾ, “ਆ ਕੇ ਧਰਮੇ ਦੀ ਖਬਰ ਲੈ, ਇਹ ਪੜ੍ਹਾਈ ਘੱਟ ਤੇ ਹੀਰ ਜ਼ਿਆਦਾ ਪੜ੍ਹ ਰਿਹਾ ਈ!”
ਹੋਇਆ ਇੰਝ ਕਿ ਸੁਨੇਹਾ ਮਿਲਣ ਤੋਂ ਬਾਅਦ ਵੀਰ ਅੰਮ੍ਰਿਤਸਰੋਂ ਤੜਕੇ 4.20 ਵਾਲੀ ਡੇਰੇ ਆਉਣ ਵਾਲੀ ਗੱਡੀ ਬੈਠ ਡੇਰਾ ਬਾਬਾ ਨਾਨਕ ਆ ਗਿਆ। ਸੈਂਟਰ ਜਾਣ ਤੋਂ ਪਹਿਲਾਂ ਵੀਰ ਨੂੰ ਅਚਾਨਕ ਆਇਆ ਵੇਖ ਮੇਰੇ ਹੋਸ਼ ਉਡ ਗਏ। ਸਾਰੀ ਰਾਤ ਹੀਰ ਨੇ ਸੌਣ ਨਹੀਂ ਸੀ ਦਿੱਤਾ। ਅੱਖਾਂ ਬੁਰੀ ਤਰ੍ਹਾਂ ਲਾਲ ਸਨ। ਉਸ ਵੇਲੇ ਵੀਰ ਵੱਲੋਂ ਹੋਈ ਝਾੜ-ਝੰਬ ਯਾਦ ਕਰਦਿਆਂ ਅੱਜ ਵੀ ਅੱਖਾਂ ਭਰ ਆਉਂਦੀਆਂ ਨੇ। (ਭਾਵੁਕ ਹੁੰਦਿਆਂ) ਅਜਿਹੇ ਵੀਰ ਭੰਗੂ ਸਾਹਿਬ ਹਰੇਕ ਨੂੰ ਨਸੀਬ ਨਹੀਂ ਹੁੰਦੇ। ਵਾਰਸ ਸ਼ਾਹ ਵੱਲੋਂ ਲਿਖਿਆ ਬੈਂਤ, ‘ਭਾਈ ਮਰਨ ਤਾਂ ਪੈਂਦੀਆਂ ਭੱਜ ਬਾਹੀਂ ਬਿਨਾਂ ਭਾਈਆਂ ਪਰੇ ਪਰਿਵਾਰ ਨਾਹੀਂ’ ਨਹੀਂ ਭੁੱਲਦਾ।
(ਭਰੀਆਂ ਅੱਖਾਂ ਖਾਲੀ ਕਰਕੇ) ਭੰਗੂ ਜੀ, ਪੇਪਰ ਦਿੰਦਿਆਂ ਨੀਂਦ ਦੇ ਝੋਕਿਆਂ ਵਿੱਚ ਵੀ ਹੀਰ ਹੀ ਸੀ। ਨਤੀਜਾ ਇਹ ਹੋਇਆ ਕਿ ਮੈਂ ਦਸਵੀਂ ਵਿੱਚੋਂ ਪਾਸ ਤਾਂ ਹੋ ਗਿਆ ਪਰ ਹਿਸਾਬ ਵਿੱਚੋਂ ਰੀ-ਅਪੀਅਰ ਆ ਗਈ।
ਬੇਸ਼ਕ ਮੈਂ ਇਸ ਘਟਨਾ ਕਰਕੇ ਸ਼ਰਮਿੰਦਾ ਵੀ ਹੋਇਆ ਪਰ ਮੇਰੀ ਜ਼ਿੰਦਗੀ ਦੀ ਪਹਿਲੀ ਹੀਰ ਨੇ ਮੈਨੂੰ ਸਾਹਿਤਕ ਰਾਂਝਾ ਪੱਕੇ ਤੌਰ ’ਤੇ ਬਣਾ ਦਿੱਤਾ। ਪੂਰੀ ਦੁਨੀਆ ਦੇ ਜੰਗਲ ਬੇਲੇ ਛਾਣਦਾ ਅਸਲ ਜ਼ਿੰਦਗੀ ਦੇ ਆਸ਼ਕਾਂ ਦੀਆਂ ਪੈੜਾਂ ਅੱਜ ਵੀ ਲੱਭਦਾ ਫਿਰਦਾ ਹਾਂ।
ਸਵਾਲ: ਗੁਰਾਇਆ ਸਾਹਿਬ, ਸਾਹਿਤ ਨਾਲ ਜੋੜਨ ਲਈ ਤਾਂ ਵਾਰਸ ਸ਼ਾਹ ਦੀ ਹੀਰ ਦਾ ਹੀ ਮੁਢਲਾ ਯੋਗਦਾਨ ਕਿਹਾ ਜਾ ਸਕਦਾ ਹੈ ਪਰ ਅਸੀਂ ਕਿਸੇ ਨਾ ਕਿਸੇ ਨੂੰ ਆਪਣਾ ਆਦਰਸ਼ ਤਾਂ ਮੰਨਦੇ ਹੀ ਹਾਂ!
ਜਵਾਬ: ਭੰਗੂ ਜੀ, ਜੇ ਆਦਰਸ਼ ਦੀ ਗੱਲ ਕਰਾਂ ਤਾਂ ਮੈਂ ਸਮਝਦਾ ਹਾਂ ਕਿ ਮੇਰੇ ਸਾਰੇ ਪਰਿਵਾਰ ਦਾ ਆਦਰਸ਼ ਵੱਡਾ ਵੀਰ ਪ੍ਰੋਫੈਸਰ ਨਿਰਮਲ ਸਿੰਘ ਅਜ਼ਾਦ ਹੀ ਹੈ। ਮੈਥੋਂ ਵੱਡੇ ਕਾਮਰੇਡ ਕੁਲਵੰਤ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਹੀ ਉੱਚ ਸਿੱਖਿਆ ਪ੍ਰਾਪਤ ਹਨ। ਕੁਲਵੰਤ ਢਾਈ ਜਮਾਤਾਂ ਪੜ੍ਹ ਕੇ ਵੀ ਸਾਡੇ ਨਾਲੋਂ ਕਿਤੇ ਅੱਗੇ ਹੈ। ਉਹ ਆਪਣੀ ਯੋਗਤਾ ਕਰਕੇ ਲੰਮਾ ਸਮਾਂ ਪਿੰਡ ਦਾ ਸਰਪੰਚ ਰਿਹਾ ਹੈ। ਵੈਸੇ ਅਕਾਦਮਿਕ ਪੱਖ ਦਾ ਉਸ ਨੂੰ ਮਲਾਲ ਜ਼ਰੂਰ ਹੈ। ਕਈ ਵਾਰ ਜਦੋਂ ਕਿਤੇ ਕੁਲਵੰਤ ਹੱਸਦਿਆਂ ਮਿਹਣੇ ਵਰਗੀ ਗੱਲ ਕਰਦਾ ਆਖਦਾ ਹੈ, “ਤੁਸੀਂ ਸਾਰੇ ਪੜ੍ਹ ਗਏ, ਮੈਂ ਅਨਪੜ੍ਹ ਰਹਿ ਗਿਆ।”
ਸੁਣ ਕੇ ਦੁੱਖ ਤਾਂ ਹੁੰਦਾ ਹੈ ਪਰ ਮੈਂ ਸੋਚਦਾ ਹਾਂ ਕਿ ਜੇ ਕੁਲਵੰਤ ਬਾਪੂ ਜੀ ਦੇ ਬਰਾਬਰ ਹੱਲ ਦੀ ਜੰਘੀ ਨਾ ਫੜਦਾ ਤਾਂ ਹੋ ਸਕਦਾ ਸੀ ਅਸੀਂ ਅੱਜ ਜਿਸ ਮੁਕਾਮ ’ਤੇ ਹਾਂ, ਨਾ ਹੁੰਦੇ। ਨਿਰਮਲ ਵੀਰ ਦੇ ਸਾਹਿਤਕ ਰਸਾਲੇ ਜਾਗ ਨਾ ਲਾਉਂਦੇ ਤਾਂ ਮੈਂ ਵੱਡੇ ਲੇਖਕਾਂ ਨੂੰ ਨਾ ਪੜ੍ਹਦਾ, ਜਿਨ੍ਹਾਂ ਦੀਆਂ ਲਿਖਤਾਂ ਨੇ ਮੇਰੀ ਅਗਵਾਈ ਕੀਤੀ। ਸਾਹਿਤਕ ਪ੍ਰਰੇਣਾ ਜਸਵੰਤ ਸਿੰਘ ਕੰਵਲ, ਪ੍ਰਿੰਸੀਪਲ ਸੁਜਾਨ ਸਿੰਘ ਤੋਂ ਮਿਲੀ। ਜਸਵੰਤ ਕੰਵਲ ਦੇ ‘ਰਾਤ ਬਾਕੀ ਹੈ’ ਨਾਵਲ ਨੇ ਤਾਂ ਨਕਸਲੀਆਂ ਨਾਲ ਜੋੜਨ ਦਾ ਵੱਡਾ ਯੋਗਦਾਨ ਪਾਇਆ। ਪ੍ਰਿੰਸੀਪਲ ਸੁਜਾਨ ਸਿੰਘ ਜੀ ਵੀ ਕਮਿਊਨਿਸਟ ਸੋਚ ਦੇ ਧਾਰਨੀ ਸਨ।
ਦਸਵੀਂ ਤੋਂ ਬਾਅਦ ਹਾਇਰ ਸਕੈਂਡਰੀ ਕਰਕੇ ਵੀਰ ਨੇ ਅਗਲੇਰੀ ਪੜ੍ਹਾਈ ਵਾਸਤੇ ਬੀ. ਏ. ਪਾਰਟ ਪਹਿਲਾ ਚੰਡੀਗੜ੍ਹ ਗੌਰਮਿੰਟ ਕਾਲਜ ਵਿੱਚ ਦਾਖਲ ਕਰਵਾ ਦਿੱਤਾ। ਕਾਲਜ ਦੀ ਪੜ੍ਹਾਈ ਅੰਗਰੇਜ਼ੀ ਮਾਧਿਅਮ ਵਿੱਚ ਸੀ। ਵੀਰ ਉਦੋਂ ਰੀਜਨਲ ਸੈਂਟਰ ਰੋਹਤਕ ਵਿੱਚ ਪ੍ਰੋਫੈਸਰ ਸੀ। ਵੀਰ ਦੇ ਉੱਥੇ ਦੋਸਤ ਮਿੱਤਰ ਵੀ ਸਨ ਪਰ ਚੰਡੀਗੜ੍ਹ ਮੈਨੂੰ ਚੰਗਾ ਨਹੀਂ ਲੱਗਾ। ਮੈਂ ਮਾਈਗ੍ਰੇਸ਼ਨ ਕਰਵਾ ਕੇ ਨਵੇਂ-ਨਵੇਂ ਖੁੱਲ੍ਹੇ ਗੁਰੂ ਨਾਨਕ ਕਾਲਜ ਗੁਰਦਾਸਪੁਰ ਆ ਗਿਆ। ਚੰਡੀਗੜ੍ਹ ਕਾਲਜ ਦੀ ਅੰਗਰੇਜ਼ੀ ਨਾਲ ਮੇਰੇ ਵਿੱਚ ਆਤਮ ਵਿਸ਼ਵਾਸ ਆ ਗਿਆ ਸੀ। ਮੈਂ ਪ੍ਰੋਫੈਸਰਾਂ ਨਾਲ ਨਿਝੱਕ ਅੰਗਰੇਜ਼ੀ ਵਿੱਚ ਗੱਲ ਕਰ ਲੈਂਦਾ। ਅੱਧਾ ਸੈਸ਼ਨ ਪੜ੍ਹ ਚੁੱਕੇ ਵਿਦਿਆਰਥੀ ਮੈਨੂੰ ਅੰਗਰੇਜ਼ੀ ਬੋਲਦੇ ਨੂੰ ਵੇਖ ਪੇਂਡੂ ਜਿਹਾ ਸਮਝ ਮੇਰੇ ਮੂੰਹ ਵੱਲ ਝਾਕਦੇ ਹੈਰਾਨ ਹੁੰਦੇ। ਚੰਡੀਗੜ੍ਹ ਮੇਰੀ ਨੇੜਤਾ ਨਕਸਲੀਆਂ ਨਾਲ ਵੀ ਹੋ ਗਈ ਸੀ। ਅਗਲਾ ਸਾਲ ਮਿਸ ਹੋ ਗਿਆ। ਮੈਂ ਖਾਲਸਾ ਕਾਲਜ ਅੰਮ੍ਰਿਤਸਰ ਦਾਖਲਾ ਲੈਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਾ ਬਣੀ। ਫਿਰ ਦੋ ਸਾਲ ਲਾ ਕੇ ਪ੍ਰਿੰਸੀਪਲ ਸੁਜਾਨ ਸਿੰਘ ਜੀ ਕੋਲ ਆ ਕੇ ਬੀ. ਏ. ਕੀਤੀ। ਇਹ ਦੋ ਸਾਲ ਸਟੂਡੈਂਟਸ ਯੂਨੀਅਨ ਦਾ ਜਨਰਲ ਸਕੱਤਰ ਵੀ ਰਿਹਾ। ਇਹ ਮੇਰੇ ਚਮਕਣ ਦੇ ਦਿਨ ਸਨ।
ਸਵਾਲ: ਪ੍ਰਿੰਸੀਪਲ ਸੁਜਾਨ ਸਿੰਘ ਜੀ ਆਪਣੇ ਵੇਲੇ ਦੇ ਨਾਮਵਰ ਕਹਾਣੀਕਾਰ ਸਨ। ਉਹ ਤੁਹਾਡੀਆਂ ਸਰਗਰਮੀਆਂ ਨੂੰ ਕਿਵੇਂ ਵੇਖਦੇ ਸਨ। ਕਾਲਜ ਵੇਲੇ ਦੀ ਕੋਈ ਯਾਦ ਸਾਂਝੀ ਕਰੋ।
ਜਵਾਬ: ਪ੍ਰਿੰਸੀਪਲ ਸਾਹਿਬ ਕਮਿਊਨਿਸਟ ਸੋਚ ਦੇ ਧਾਰਨੀ ਸਨ। ਅਗਾਂਹਵਧੂ ਸਾਹਿਤ ਪੜ੍ਹ ਕੇ ਮੈਂ ਵੀ ਇਸੇ ਸੋਚ ਨੂੰ ਪਰਨਾਇਆ ਗਿਆ। ਜਦੋਂ ਕਦੇ ਸਟੂਡੈਂਟਸ ਯੂਨੀਅਨ ਦੇ ਸਕੱਤਰ ਨਾਤੇ ਮੈਂ ਵਿਹਲੇ ਸਮੇਂ ਮੁੰਡਿਆਂ-ਕੁੜੀਆਂ ਨੂੰ ਰਾਜਨੀਤਕ ਤੌਰ ’ਤੇ ਚੇਤਨ ਕਰਨ ਲਈ ਸੰਬੋਧਨ ਕਰਦਾ ਤਾਂ ਪ੍ਰਿੰਸੀਪਲ ਸਾਹਿਬ ਬਾਕੀ ਸਟਾਫ ਨਾਲ ਦੂਰ ਖਲੋਤੇ ਪਿੱਠ ਪਿੱਛੇ ਹੱਥ ਕਰੀ ਜ਼ਰੂਰ ਸੁਣਦੇ। ਉਹ ਮੇਰੀ ਅਗਵਾਈ ਵੀ ਕਰਦੇ। ਇੱਕ ਸਰਕਾਰੀ ਸਮਾਗਮ ਵਿੱਚ ਪ੍ਰਿੰਸੀਪਲ ਸਾਹਿਬ ਨੂੰ 5100 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਅਸੀਂ ਮੁੰਡਿਆਂ ਨੇ ਇਸ ਰਾਸ਼ੀ ਨੂੰ ਪ੍ਰਿੰਸੀਪਲ ਜੀ ਦੇ ਕੱਦ ਅਨੁਸਾਰ ਊਠ ਦੇ ਮੂੰਹ ਵਿੱਚ ਜੀਰੇ ਦੇ ਬਰਾਬਰ ਸਮਝਿਆ।
ਯੂਨੀਅਨ ਨੇ ਸਲਾਹ ਕਰਕੇ ਫਰਵਰੀ 1973 ਨੂੰ ਪਿੰਡ ਘੁੰਮਣ ਕਲਾਂ ਵਿਖੇ ਪ੍ਰਿੰਸੀਪਲ ਸਾਹਿਬ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਬਣਾਇਆ। ਉਸ ਇਕੱਠ ਵਿੱਚ ਪੁਲਿਸ ਦੇ ਦਖਲ ਦੇਣ ਦੇ ਬਾਵਜੂਦ ਤਕਰੀਬਨ 5000 ਲੋਕਾਂ ਦਾ ਇਕੱਠ ਸੀ, ਜਿਸ ਵਿੱਚ ਮਰਹੂਮ ਗਾਇਕ ਅਮਰਜੀਤ ਗੁਰਦਾਸਪੁਰੀ, ਰੇਡੀਓ ਕਲਾਕਾਰ ਠੰਡੂ ਰਾਮ ਅਤੇ ਭਾਈਆ ਜੀ ਨੇ ਵੀ ਸ਼ਿਰਕਤ ਕੀਤੀ। ਦੋ ਕਿੱਲਿਆਂ ਵਿੱਚ ਟੈਂਟ ਅਤੇ ਕੁਰਸੀਆਂ ਲੱਗੀਆਂ ਸਨ। ਉਸ ਵੇਲੇ ਅਸੀਂ ਪ੍ਰਿੰਸੀਪਲ ਸਾਹਿਬ ਨੂੰ 5,500 ਰੁਪਏ ਦੇ ਕੇ ਸਨਮਾਨਿਤ ਕੀਤਾ ਸੀ।
ਸਵਾਲ: ਗੁਰਾਇਆ ਸਾਹਿਬ ਮੇਰਾ ਖਿਆਲ ਹੈ ਤੁਹਾਡੇ ਸੁਫਨਿਆਂ ਦੀ ਅਸਲ ਹੀਰ ਦੀ ਗੱਲ ਕਰ ਲਈਏ ਕਿਉਂਕਿ ਅੱਲ੍ਹੜ ਉਮਰੇ ਹੀਰ ਪੜ੍ਹਨ ਵਾਲੇ ਨੂੰ ਹੀਰ ਚੈਨ ਨਹੀਂ ਲੈਣ ਦਿੰਦੀ। ਹਰੇਕ ਕੁੜੀ ਹੀਰ ਹੀ ਨਜ਼ਰ ਆਉਂਦੀ ਹੈ। ਵਿਦੇਸ਼ ਜਾਣ ਲਈ ਵਰਤਮਾਨ ਵਾਂਗ ਕਿਸੇ ਹੀਰ ਨਾਲ ਸੌਦੇਬਾਜ਼ੀ ਹੋਈ ਜਾਂ …?
ਜਵਾਬ: (ਹੱਸ ਕੇ) ਭੰਗੂ ਜੀ, ਤੁਸੀਂ ਬੜੇ ਖੋਚਰੀ ਹੋ, ਤੁਹਾਨੂੰ ਢਿੱਡ ਵਿੱਚੋਂ ਗੱਲ ਕੱਢਣੀ ਆਉਂਦੀ ਹੈ। ਲਗਦਾ ਹੈ ਤੁਸੀਂ ਵੀ ਹੀਰਾਂ ਮਗਰ ਗੇੜੇ ਕੱਢੇ ਹੋਣਗੇ। ਖੈਰ! ਉਖਲ਼ੀ ਵਿੱਚ ਸਿਰ ਦੇ ਦਿੱਤਾ, ਫਿਰ ਮੋਹਲ਼ਿਆਂ ਦਾ ਡਰ ਕਾਹਦਾ! ਤੁਹਾਡਾ ਸਵਾਲ ਮਹੱਤਵਪੂਰਨ ’ਤੇ ਵੱਡਾ ਹੈ, ਓਨਾ ਵੱਡਾ ਈ ਜਵਾਬ ਆ। ਹੀਰ ਤੇ ਵਿਦੇਸ਼ ਦੀ ਗੱਲ ਇਕੱਠੀ ਹੀ ਕਰਦੇ ਹਾਂ।
ਭੰਗੂ ਸਾਹਿਬ, ਨਰ-ਮਦੀਨ ਦਾ ਇੱਕ ਦੂਜੇ ਵੱਲ ਆਕਰਸ਼ਿਤ ਹੋਣਾ ਕੁਦਰਤੀ ਵਰਤਾਰਾ ਹੈ। ਜਿਣਸੀ ਭੁੱਖ ਹਰੇਕ ਜਾਨਦਾਰ ਪ੍ਰਾਣੀ ਵਿੱਚ ਹੁੰਦੀ ਹੈ ਤਾਂ ਹੀ ਸ੍ਰਿਸ਼ਟੀ ਹੋਂਦ ਵਿੱਚ ਹੈ। ਅਸੀਂ ਸਾਰੇ ਇਸਦਾ ਹਿੱਸਾ ਹਾਂ। ਅੱਥਰੀ ਜਵਾਨੀ ਹੁੰਦੀ ਹੀ ਅਜਿਹੀ ਹੈ। ਜਵਾਨੀ ਚੜ੍ਹਦਿਆਂ ਕਈ ਕੁੜੀਆਂ ਮੇਰੇ ਸੰਪਰਕ ਵਿੱਚ ਆਈਆਂ।
ਕਾਲਜ ਪੜ੍ਹਦਿਆਂ ਇੱਕ ਕਲਾਕਾਰ ਦੀ ਬੇਟੀ ਦੀ ਗੰਭੀਰਤਾ ਕਰਕੇ ਉਹ ਮੈਨੂੰ ਚੰਗੀ ਲੱਗੀ। ਮੈਂ ਉਸ ਨੂੰ ਇੱਕ ਚਿੱਠੀ ਰਾਹੀਂ ਪ੍ਰਪੋਜ਼ ਕੀਤਾ। ਕੁਝ ਚਿਰ ਬਾਦ ਮੇਰੇ ਤੋਂ ਸੀਨੀਅਰ ਵੱਡੀਆਂ ਭੈਣਾਂ ਵਰਗੀ ਇੱਕ ਕੁੜੀ ਹੱਥ ਮੇਰੀ ਚਿੱਠੀ ਦੇ ਨਾਲ ਹੀ ਕੁਝ ਲਾਈਨਾਂ ਵਿੱਚ ਲਿਖਿਆ ਜਵਾਬ ਮਿਲਿਆ, “ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਪੋਹ, ਹੱਕ ਜਿਨ੍ਹਾਂ ਦੇ ਆਪਣੇ ਆਪ ਲੈਣਗੇ ਖੋਹ।”
ਮੈਂ ਪਟਿਆਲਾ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਸਾਂ। ਪਟਿਆਲਿਓਂ ਆਉਂਦਿਆਂ ਬੱਸ ਵਿੱਚ ਮੇਰੀ ਮੁਲਾਕਾਤ ਇੱਕ ਕੁੜੀ ਨਾਲ ਹੋਈ। ਉਹ ਮੁਕੇਰੀਆਂ ਦੀ ਸੀ ਤੇ ਉਸ ਨੇ ਪੰਜਾਬੀ ਦੀ ਐੱਮ. ਏ. ਕੀਤੀ ਹੋਈ ਸੀ। ਤਾਲਮੇਲ ਬਣਿਆ ਰਿਹਾ। ਉਹ ਕਾਲਾ ਅਫ਼ਗਾਨਾ ਕਾਲਜ ਵਿੱਚ ਕੱਚੀ ਪ੍ਰੋਫੈਸਰ ਲੱਗ ਗਈ। ਮੈਂ ਜਰਮਨੀ ਚਲਾ ਗਿਆ। ਉਸ ਨੂੰ ਪੱਕੇ ਹੋਣ ਲਈ ਥੀਸਸ ਪਾਸ ਕਰਨਾ ਪੈਣਾ ਸੀ। ਉਸਨੇ ਮੈਨੂੰ ਚਿੱਠੀ ਲਿਖੀ। ਮੈਂ ਦੁੱਲਾ ਭੱਟੀ ਦੀਆਂ ਆਊਟ ਲਾਈਨਾਂ ਲਿਖ ਕੇ ਭੇਜ ਦਿੱਤੀਆਂ। ਉਹ ਪੱਕੀ ਤਾਂ ਹੋ ਗਈ ਪਰ … …!
ਯੂਨੀਵਰਸਿਟੀ ਪੜ੍ਹਦਿਆਂ ਹੀ ਇੱਕ ਪੁਲਿਸ ਅਫਸਰ ਦੀ ਸਾਲੀ ਨਾਲ ਸ਼ਿਮਲਾ ਟੂਰ ’ਤੇ ਜਾਣ ਦਾ ਮੌਕਾ ਮਿਲਿਆ ਪਰ ਵਿਚਾਰਾਂ ਦੇ ਟਕਰਾਅ ਹੋਣ ਕਰਕੇ ਇਹ ਮੁਲਾਕਾਤਾਂ ਕੌਫ਼ੀ ਹਾਊਸ ਤਕ ਹੀ ਹੋ ਨਿੱਬੜੀਆਂ ਸਨ।
ਅੱਪਰ ਡਿਵੀਜ਼ਨ ਕਲਰਕ ਦੀ ਨੌਕਰੀ ਮੈਨੂੰ ਹਿਮਾਚਲ ਵਿੱਚ ਬਸੀ ਪਾਵਰ ਹਾਊਸ ਵਿੱਚ ਬੜੇ ਸੰਘਰਸ਼ਾਂ ਬਾਅਦ ਮਿਲੀ ਸੀ। ਗੁਰਦਾਸਪੁਰ ਪੜ੍ਹਦਿਆਂ ਨਕਸਲੀ ਲਹਿਰ ਨਾਲ ਜੁੜੇ ਹੋਣ ਕਰਕੇ ਸੀ. ਆਈ. ਡੀ. ਵੀ ਪੈੜਾਂ ਦੱਬੀ ਫਿਰਦੀ ਸੀ। ਨਕਸਲੀਆਂ ਨਾਲ ਪੁਲਿਸ ਦੀ ਲੁਕਣਮੀਟੀ ਕਰਕੇ ਪੰਜਾਬ ਵਿੱਚ ਨੌਜਵਾਨੀ ਦਾ ਘਾਣ ਹੋ ਰਿਹਾ ਸੀ। ਉੱਥੇ ਇੱਕ ਸੋਹਣੀ ਸੁਨੱਖੀ ਦਫਤਰ ਵਿੱਚ ਲੱਗੀ ਪਹਾੜਨ ਮੇਰੇ ਵੱਲ ਉਲਾਰ ਹੋ ਗਈ।
ਉਨ੍ਹਾਂ ਵੇਲਿਆਂ ਵਿੱਚ ਜੋਗੋਸਲਾਵੀਆ ਜਾਣ ਵਾਸਤੇ ਭਾਰਤੀਆਂ ਨੂੰ ਵੀਜ਼ੇ ਦੀ ਲੋੜ ਨਹੀਂ ਸੀ। ਅੱਜ ਵੀ ਕਈ ਮੁਲਕ ਹਨ, ਜਿੱਥੇ ਵੀਜ਼ੇ ਬਿਨਾਂ ਜਾ ਸਕਦੇ ਹਾਂ। ਕੁਝ ਮਿੱਤਰਾਂ ਦੀ ਸਲਾਹ ਕਰਕੇ ਪੁਲਿਸ ਦੀ ਨਜ਼ਰ ਤੋਂ ਬਚਣ ਲਈ ਵਿਦੇਸ਼ ਜਾਣ ਨੂੰ ਪਹਿਲ ਦਿੱਤੀ। ਸੰਨ 1979 ਵਿੱਚ ਈਸਟ ਬਰਲਿਨ ਸ਼ਹਿਰ ਤੋਂ ਵੈੱਸਟ ਬਰਲਿਨ ਜਾਂਦਿਆਂ ਫੜੇ ਗਏ। ਉਦੋਂ ਜਰਮਨ ਵਿੱਚ ਵੀ ਵੀਜ਼ੇ ਦੀ ਲੋੜ ਨਹੀਂ ਸੀ। ਚਾਰ ਦਿਨ ਜੇਲ੍ਹ ਵਿੱਚ ਰੱਖ ਕੇ ਪੰਜਵੇਂ ਦਿਨ ਤਕਰੀਬਨ 35 ਮੁੰਡਿਆਂ ਨੂੰ ਡੀਪੋਰਟ ਕਰ ਦਿੱਤਾ। ਦਿੱਲੀ ਏਅਰਪੋਰਟ ਇੰਮੀਗਰੇਸ਼ਨ ਦਫਤਰ ਵਿੱਚ ਪਾਸਪੋਰਟਾਂ ਲਈ ਬਹਿਸ ਦੌਰਾਨ ਉਦੋਂ ਕਾਲਜ ਦੀ ਲੀਡਰੀ ਅਤੇ ਅੰਗਰੇਜ਼ੀ ਕੰਮ ਆਈ।
ਇਸ ਤੋਂ ਮਗਰੋਂ ਧਾਰੀਵਾਲ ਤੋਂ ਮੈਡੀਕਲ ਲੈ ਕੇ ਫਿਰ ਨੌਕਰੀ ’ਤੇ ਹਾਜ਼ਰ ਹੋ ਗਿਆ। ਪਹਾੜਨ ਫਿਰ ਮਗਰ ਪੈ ਗਈ ਪਰ ਮੇਰਾ ਧਿਆਨ ਵਿਦੇਸ਼ ਵੱਲ ਜ਼ਿਆਦਾ ਸੀ। ਛੇ ਮਹੀਨੇ ਬਾਅਦ ਮੈਂ ਫਿਰ ਪੋਲੈਂਡ ਉਡਾਰੀ ਮਾਰ ਗਿਆ। ਉੱਥੇ ਵੀ ਐਂਟਰੀ ਹੀ ਸੀ। ਉੱਥੋਂ ਇੰਟਰਨੈਸ਼ਨਲ ਟਰੇਨ ਯੂਰਪ ਦੇ ਮੁਲਕਾਂ ਵਿੱਚ ਮਾਸਕੋ ਤੋਂ ਹਾਲੈਂਡ ਤਕ ਚਲਦੀ ਸੀ। ਕੁਝ ਸਮਾਂ ਜਰਮਨ ਵਿੱਚ ਕੰਮ ਕੀਤਾ। ਜੁਲਾਈ 1981 ਨੂੰ ਕਨੇਡਾ ਲਬਰਟਾ ਸਟੇਟ ਵਿੱਚ ਵੀ ਐਂਟਰੀ ਸੀ। ਉੱਥੇ ਫਿਰ ਫੜਿਆ ਗਿਆ। ਛੁੱਟਣ ਵਾਸਤੇ ਜ਼ਮਾਨਤੀ ਦੀ ਲੋੜ ਸੀ। ਕੋਈ ਜ਼ਮਾਨਤੀ ਨਾ ਮਿਲਣ ਕਰਕੇ ਉੱਥੇ ਮੈਨੂੰ ਜਰਮਨ ਵਿੱਚ ਕਮਾਏ 2000 ਕਨੇਡੀਅਨ ਡਾਲਰ ਭਰ ਕੇ ਕੁਝ ਸ਼ਰਤਾਂ ਨਾਲ ਜ਼ਮਾਨਤ ਮਿਲੀ। ਜਿਵੇਂ, ਨਾ ਕੰਮ, ਨਾ ਡ੍ਰਾਇਵਿੰਗ ਲਸੰਸ, ਨਾ ਪੜ੍ਹਾਈ ਪਰ ਮੈਂ ਸਾਰੇ ਕੰਮ ਉਲਟ ਕੀਤੇ। ਨਤੀਜੇ ਵਜੋਂ ਛੇ ਮਹੀਨੇ ਬਾਅਦ ਰਾਇਲ ਕਨੇਡੀਅਨ ਮਾਉਂਟਡ ਪੁਲਿਸ ਨੇ ਮੈਨੂੰ ਫੜ ਲਿਆ ਤੇ ਜੇਲ੍ਹ ਭੇਜ ਦਿੱਤਾ। ਜਦੋਂ ਇੰਮੀਗਰੇਸ਼ਨ ਜੱਜ ਅੱਗੇ ਪੇਸ਼ ਕੀਤਾ ਗਿਆ ਤਾਂ ਜੱਜ ਨੇ ਕਿਹਾ, “ਤੂੰ ਜ਼ਮਾਨਤ ਵੀ ਗਵਾ ਬੈਠਾ ਏਂ, ਅਸੀਂ ਤੈਨੂੰ ਡੀਪੋਰਟ ਕਰਾਂਗੇ।”
ਮੈਂ ਜੱਜ ਨੂੰ ਬੇਨਤੀ ਕੀਤੀ, “ਮੈਨੂੰ ਰਾਜਸੀ ਤੌਰ ’ਤੇ ਭਾਰਤ ਵਿੱਚ ਖਤਰਾ ਹੈ, ਇਸ ਲਈ ਮੈਨੂੰ ਰਾਜਨੀਤਕ ਪਨਾਹ ਦਿੱਤੀ ਜਾਵੇ।”
ਜੱਜ ਦਾ ਜਵਾਬ ਸੀ, “ਤੂੰ ਜ਼ਮਾਨਤ ਦੀਆਂ ਸ਼ਰਤਾਂ ਤੋੜਨ ਕਰਕੇ ਵਿਸ਼ਵਾਸਯੋਗ ਨਹੀਂ ਰਿਹਾ।”
ਬੇਸ਼ਕ ਮੈਂ ਕਮਿਊਨਿਸਟ ਸੋਚ ਕਰਕੇ ਚਮਤਕਾਰਾਂ ਵਿੱਚ ਵਿਸ਼ਵਾਸ ਨਹੀਂ ਕਰਦਾ ਪਰ ਕੁਝ ਦਿਨ ਬਾਅਦ ਮੇਰੇ ਨਾਲ ਇੱਕ ਚਮਤਕਾਰ ਹੀ ਹੋ ਗਿਆ। ਸੱਤਵੇਂ ਦਿਨ ਰਾਇਲ ਕਨੇਡੀਅਨ ਮਾਉਂਟਡ ਪੁਲਿਸ ਦਾ ਇੱਕ ਅਫਸਰ ਮੇਰੇ ਕੋਲ ਆਇਆ ਤੇ ਮੈਨੂੰ ਜੇਲ੍ਹ ਵਿੱਚੋਂ ਬਾਹਰ ਲੈ ਆਇਆ ਤੇ ਗੱਡੀ ਵਿੱਚ ਬਿਠਾ ਲਿਆ। ਗੱਡੀ ਵਿੱਚ ਇੱਕ ਟਰੇਂਡ ਕੁੱਤਾ ਵੀ ਸੀ।
ਮੈਂ ਉਸ ਨੂੰ ਪੁੱਛਿਆ, “ਹੁਣ ਕਿੱਥੇ ਲੈ ਕੇ ਚੱਲੋਗੇ?”
ਉਸਦਾ ਜਵਾਬ ਸੀ, “ਜਿੱਥੇ ਤੂੰ ਰਹਿੰਦਾ ਏਂ।”
ਅਸੀਂ ਬਹੁਤ ਖੁੱਲ੍ਹੀਆਂ ਗੱਲਾਂ ਕਰਦੇ ਗਏ ਕਿਉਂਕਿ ਬਚਪਨ ਵਿੱਚ ਦੋ ਵਾਰ ਮੌਤ ਤੋਂ ਬਚਣ ਕਰਕੇ ਮੈਂ ਮੌਤ ਦੇ ਡਰ ਨੂੰ ਟਿੱਚ ਸਮਝਦਾ ਸਾਂ। ਨਹੀਂ ਤਾਂ ਭਾਰਤ ਵਿੱਚ ਇੰਜ ਮੁਜਰਮ ਨੂੰ ਲਿਜਾਣ ਦਾ ਮਤਲਬ ਐਨਕਾਊਂਟਰ ਹੀ ਹੁੰਦਾ ਸੀ।
ਮੈਂ ਬੇਸਮੈਂਟ ਵਿੱਚ ਰਹਿੰਦਾ ਸਾਂ ਪਰ ਕਮਰੇ ਦੀ ਚਾਬੀ ਮੇਰੇ ਕੋਲ ਨਹੀਂ ਸੀ। ਉਹ ਮੇਰੇ ਕੰਮ ਵਾਲੇ ਥਾਂ ਹੀ ਰਹਿ ਗਈ ਸੀ। ਬੇਸਮੈਂਟ ਦੀਆਂ ਖਿੜਕੀਆਂ ਬਾਹਰ ਨੂੰ ਖੁੱਲ੍ਹਦੀਆਂ ਸਨ। ਉਸ ਅਫਸਰ ਨੇ ਇੱਕ ਖਿੜਕੀ ਖੋਲ੍ਹ ਕੇ ਮੈਨੂੰ ਕਿਹਾ, “ਅੰਦਰ ਛਾਲ ਮਾਰ।”
ਮੇਰੇ ਮਗਰ ਉਸਨੇ ਵੀ ਛਾਲ ਮਾਰ ਦਿੱਤੀ। ਕਮਰੇ ਵਿੱਚ ਮੇਰੇ ਸਮਾਨ ਦੀ ਤਲਾਸ਼ੀ ਲਈ ਗਈ। ਉਸ ਨੂੰ ਕੁਝ ਵੀ ਇਤਰਾਜ਼ਯੋਗ ਨਾ ਮਿਲਿਆ। ਵਾਪਸੀ ’ਤੇ ਘੁਲ-ਮਿਲ ਜਾਣ ਕਰਕੇ ਉਹਨੇ ਮੈਨੂੰ ਹੱਥਕੜੀ ਨਹੀਂ ਲਾਈ। ਜੇਲ੍ਹ ਵਿੱਚ ਜਾ ਕੇ ਉਸਨੇ ਮੈਨੂੰ ਕਾਊਂਟਰ ਵਾਲੀ ਕੁੜੀ ਦੇ ਸਾਹਮਣੇ ਪੇਸ਼ ਕੀਤਾ। “ਆਰ ਯੂ ਮਿਸਟਰ ਸਿੰਘ? ਯੂ ਆਰ ਬੇਲਡ ਆਊਟ।”
“ਯੈੱਸ।” ਮੈਨੂੰ ਉਹਦੇ ਬੋਲਾਂ ’ਤੇ ਯਕੀਨ ਨਹੀਂ ਆਇਆ ਪਰ ਨਾਲ ਹੀ ਮੈਂ ਹੈਰਾਨੀ ਵੀ ਪ੍ਰਗਟ ਨਾ ਕੀਤੀ। ਉਸਨੇ ਮੈਨੂੰ ਜੇਲ੍ਹ ਵਾਲੇ ਕੱਪੜੇ ਲਾਹ ਕੇ ਆਪਣੇ ਕੱਪੜੇ ਪਾਉਣ ਨੂੰ ਕਿਹਾ। ਮੈਂ ਝੱਟ ਕੱਪੜੇ ਬਦਲ ਕੇ ਥੈਂਕਯੂ ਕਰਕੇ ਉੱਥੋਂ ਨਿਕਲ ਤੁਰਿਆ। ਚਮਤਕਾਰ ਇਹ ਕਿ ਮੈਨੂੰ ਦੁਬਾਰਾ ਕਿਸੇ ਨੇ ਡੱਕਿਆ ਨਹੀਂ। ਟੈਕਸੀ ਲੈ ਕੇ ਮੈਂ ਕੰਮ ਵਾਲੀ ਥਾਂ ’ਤੇ ਜਾ ਕੇ ਫੋਨ ਤੋਂ ਆਪਣੇ ਵਕੀਲ ਨੂੰ ਫੋਨ ਲਾਇਆ। ਜੇਲ੍ਹ ਵਿੱਚੋਂ ਨਿਕਲਿਆਂ ਪੌਣਾ ਘੰਟਾ ਹੋ ਗਿਆ ਸੀ। ਵਕੀਲ ਨੇ ਮੈਨੂੰ ਆਪਣੇ ਕੋਲ ਆਉਣ ਤੋਂ ਰੋਕ ਦਿੱਤਾ ਕਿਉਂਕਿ ਕਨੇਡੀਅਨ ਪੁਲਿਸ ਮੈਨੂੰ ਦੁਬਾਰਾ ਫੜਨ ਲਈ ਉੱਥੇ ਪਹੁੰਚ ਚੁੱਕੀ ਸੀ। ਕਨੇਡੀਅਨ ਇੰਮੀਗਰੇਸ਼ਨ ਵਾਲੇ ਮੈਨੂੰ ਗਲਤੀ ਨਾਲ ਛੱਡ ਚੁੱਕੇ ਸਨ। 2005 ਵਿੱਚ ਵੀ ਕੰਪਿਊਟਰ ਬੋਲ ਰਿਹਾ ਸੀ ਕਿ ਇਹ ਇਸ਼ਤਿਹਾਰੀ ਮੁਜਰਮ ਹੈ।
ਸਵਾਲ: ਵਿਦੇਸ਼ ਵਿੱਚ ਪੱਕੇ ਹੋਣ ਦਾ ਸਬੱਬ ਕਿਵੇਂ ਬਣਿਆ?
ਜਵਾਬ: ਭੰਗੂ ਜੀ, ਗੱਲ ਲੰਮੀ ਨਾ ਕਰਾਂ, ਵਰਤਮਾਨ ਵਿੱਚ ਜੰਗਲਾਂ ਰਸਤੇ ਪੈਦਲ ਜਾਣ ਵਾਲਿਆਂ ਵਾਂਗ ਮੈਂ ਵੀ ਅਮਰੀਕਾ ਪਹੁੰਚ ਗਿਆ। ਰਸਤੇ ਵਿੱਚ ਮੈਨੂੰ ਮੇਰੇ ਬਾਬੇ ਦਾ ਕਿਹਾ ਯਾਦ ਆਇਆ -“ਅਨਜਾਣ ਇਲਾਕੇ ਵਿੱਚ ਵਿਚਰਦਿਆਂ ਹੱਥ ਵਿੱਚ ਆਪਣੀ ਰੱਖਿਆ ਲਈ ਹਥਿਆਰ ਹੋਣਾ ਜ਼ਰੂਰੀ ਹੈ ਤੇ ਸਭ ਤੋਂ ਜ਼ਰੂਰੀ ਆਤਮ ਵਿਸ਼ਵਾਸ।” ਅਮਰੀਕਾ ਵਿੱਚ ਕੰਮ ਜਿਹੜਾ ਵੀ ਮਿਲਦਾ, ਮੈਂ ਕਰ ਲੈਂਦਾ। ਪੱਕੇ ਹੋਣ ਲਈ ਮੈਂ ਖੇਤੀ ਕੰਟਰੈਕਟ ਲਈ ਫਾਰਮ ਭਰ ਦਿੱਤਾ ਪਰ ਉਸ ਮਾਲਕ ਦੀ ਮਾਲਕੀ ਘੱਟ ਹੋਣ ਕਰਕੇ ਗੱਲ ਨਹੀਂ ਬਣੀ। ਫਿਰ ਕਿਸੇ ਜ਼ਰੀਏ ਪੱਕੇ ਹੋਣ ਲਈ ਸ਼ਰਤਾਂ ਅਧੀਨ ਵਿਆਹ ਦਾ ਜੁਗਾੜ ਕੀਤਾ।
ਭੰਗੂ ਜੀ, ਬਚਪਨ ਵਿੱਚ ਇੱਕ ਬਜ਼ੁਰਗ ਬਾਬੇ ਕੋਲੋਂ ਸੁਣੀਆਂ ਸਿਆਣੀਆਂ ਗੱਲਾਂ ਨੂੰ ਮੈਂ ਕਦੀ ਨਹੀਂ ਭੁੱਲਿਆ। ਉਹ ਪਹਿਲੀ ਆਲਮੀ ਜੰਗ ਵਿੱਚੋਂ ਵਾਪਸ ਮੁੜਿਆ ਸੀ। ਉਹ ਆਖਦਾ ਹੁੰਦਾ ਸੀ, “ਬੰਦੇ ਕੋਲ ਬੇਸ਼ਕ ਧੇਲਾ ਨਾ ਹੋਵੇ ਪਰ ਹਿੰਮਤ ਅਤੇ ਦਲੇਰੀ ਉਸ ਨੂੰ ਹਮੇਸ਼ਾ ਅਮੀਰ ਬਣਾਈ ਰੱਖਦੀ ਹੈ।” ਸੋ ਮੈਂ ਸੌਦੇ ਦੇ ਵਿਆਹ ਨਾਲ ਪੱਕਾ ਹੋ ਗਿਆ। ਜਲਦੀ ਹੀ ਯੂ. ਐੱਸ. ਏ. ਡਾਕ ਵਿਭਾਗ ਵਿੱਚ ਅਸਾਮੀਆਂ ਨਿਕਲੀਆਂ। ਮੈਂ ਫਾਰਮ ਭਰ ਦਿੱਤਾ, ਟੈੱਸਟ ਪਾਸ ਕਰ ਲਿਆ, ਤੇ ਸਰਕਾਰੀ ਮੁਲਾਜ਼ਮ ਬਣ ਗਿਆ। ਵੀਰ ਨਿਰਮਲ ਨੇ ਅਖਬਾਰਾਂ ਵਿੱਚ ਅਮਰੀਕਾ ਪੱਕੇ ਮੁੰਡੇ ਨਾਲ ਵਿਆਹ ਦੇ ਚਾਹਵਾਨ ਸੰਪਰਕ ਕਰਨ, ਇਸ਼ਤਿਹਾਰ ਦੇ ਦਿੱਤਾ। ਵਿਆਹ ਲਈ ਭਾਰਤ ਆਉਣ ਤੋਂ ਪਹਿਲਾਂ ਕੋਈ ਪੈਂਤੀ ਕੁੜੀਆਂ ਦੀਆਂ ਫੋਟੋਆਂ ਸਮੇਤ ਪਤੇ ਚਿੱਠੀਆਂ ਆਈਆਂ ਹੋਈਆਂ ਸਨ। ਵੀਰ ਨੇ ਤਾਂ ਇੱਕ ਤਰ੍ਹਾਂ ਫੋਟੋਆਂ ਦੀ ਐਲਬਮ ਹੀ ਬਣਾ ਰੱਖੀ ਸੀ। ਫੋਟੋਆਂ ਵੇਖਦਿਆਂ ਜਦੋਂ ਬਲਬੀਰ ਦੀ ਫੋਟੋ ਵੇਖੀ ਤਾਂ ਮੈਂ ਹੋਰ ਅੱਗੇ ਵੇਖਣ ਤੋਂ ਮਨ੍ਹਾ ਕਰ ਦਿੱਤਾ। ਵੀਰ ਨੇ ਬਲਬੀਰ ਦੇ ਪਰਿਵਾਰ ਨਾਲ ਸੰਪਰਕ ਕਰਕੇ ਵਿਚੋਲੇ ਦੀ ਭੂਮਿਕਾ ਨਿਭਾਅ ਕੇ ਮੇਰੇ ਸੁਫਨਿਆਂ ਦੀ ਹੀਰ ਨਾਲ ਜਨਮਾਂ ਦਾ ਨਾਤਾ ਜੋੜ ਦਿੱਤਾ।
ਸਵਾਲ: ਜੇ ਤੁਹਾਡੀ ਰਚਨਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਜ਼ਿਆਦਾ ਵਾਰਤਕ ਖੋਜ ਭਰਪੂਰ ਲਿਖੀ ਹੈ। ਤੁਸੀਂ ਲਿਖਣਾ ਕਦੋਂ ਸ਼ੁਰੂ ਕੀਤਾ ਤੇ ਹੁਣ ਤਕ ਦੀਆਂ ਪੁਸਤਕਾਂ ਅਤੇ ਅੱਗੇ ਨਵਾਂ ਕੀ ਲਿਖ ਰਹੇ ਹੋ, ਬਾਰੇ ਪਾਠਕਾਂ ਨਾਲ ਸਾਂਝਾ ਕਰੋ।
ਜਵਾਬ: ਭੰਗੂ ਜੀ, ਲਿਖਣਾ ਮੈਂ ਕਾਲਜ ਪੜ੍ਹਦੇ ਸਮੇਂ ਹੀ ਸ਼ੁਰੂ ਕਰ ਦਿੱਤਾ ਸੀ। ਲੇਕਿਨ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਛਪਣਾ ਅਮਰੀਕਾ ਜ ਕੇ ਸ਼ੁਰੂ ਹੋਇਆ ਸੀ। ਵੀਹ ਕੁ ਸਾਲ ਤੋਂ ਜ਼ਿਆਦਾ ਸਰਗਰਮ ਹੋਇਆ ਹਾਂ। ਮੈਂ ਖੁਦ ਬਾਗੀ ਤਬੀਅਤ ਦਾ ਮਾਲਕ ਹਾਂ। ਸਭ ਤੋਂ ਪਹਿਲਾਂ ਮੈਂ (2010) ਵਿੱਚ ‘ਦੁੱਲਾ ਭੱਟੀ’ ਪੁਸਤਕ ਲਿਖੀ। (2011) ਵਿੱਚ ਹੀ ‘ਬੁਲੰਦ ਹਵੇਲੀ’, (2013) ਵਿੱਚ ‘ਪੰਜਾਬ ਟੂ ਪੰਜਾਬ’ ਲਿਖੀ ਜੋ ਅੰਗਰੇਜ਼ੀ ਅਤੇ ਉਰਦੂ ਵਿੱਚ ਛਪੀ ਸੀ (2014) ਵਿੱਚ ‘ਜੱਗਾ ਡਾਕੂ’, ਮੈਕਸੀਕੋ, ਅਰਜਨਟੀਨਾ, ਬੋਲੀਵੀਆ ਆਦਿ ਮੁਲਕਾਂ ਵਿੱਚ ਘੁੰਮ ਕੇ ਲੰਮੀ ਖੋਜ ਮਗਰੋਂ (2017) ਵਿੱਚ ‘ਚੀ ਗੁਵੇਰਾ’, (2019) ਵਿੱਚ 'ਮਾਟੀ ਰੁਦਨ ਕਰੇਂਦੀ’ ਪੁਸਤਕ ਆਈ। ‘ਲੋਹ ਪੁਰਸ਼ ਮਰਜੀਵੜਾ ਕਾਮਰੇਡ ਤੇਜਾ ਸਿੰਘ ਸੁਤੰਤਰ' (2020) ਅਤੇ ਅਣਖੀਲਾ ਧਰਤੀ ਪੁੱਤਰ ਦੁੱਲਾ ਭੱਟੀ (2022) ਵਿੱਚ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ, ਰਾਵੀ ਦਾ ਰਾਠ: ‘ਰਾਏ ਅਹਿਮਦ ਖਾਂ ਖਰਲ’ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ (2023) ਵਿੱਚ ਪ੍ਰਕਾਸ਼ਿਤ ਹੋਈਆਂ। ਦਸੰਬਰ (2024) ਵਿੱਚ ਜੀਵਨੀ ਮੂਲਕ ਨਾਵਲ ‘ਕਰਮਾ’ ਛਪਿਆ ਹੈ। ਭਵਿੱਖ ਵਿੱਚ ‘ਰਾਵੀ ਦੇ ਆਰ-ਪਾਰ’ ਵਾਰਤਕ ਪੁਸਤਕ ਲਿਖ ਰਿਹਾ ਹਾਂ।
ਸਵਾਲ: ਤੁਹਾਡੀਆਂ ਖੋਜ ਭਰਪੂਰ ਲਿਖਤਾਂ ਨੂੰ ਸੈਲੂਟ ਕਰਨਾ ਬਣਦਾ ਹੈ। ਪਰ ਤੁਸੀਂ ਬਾਗੀ ਅਤੇ ਜੰਗਜੂ ਸੂਰਮਿਆਂ ਨੂੰ ਹੀ ਕਿਉਂ ਚੁਣਿਆ?
ਜਵਾਬ: ਤੁਸੀਂ ਕਿਹਾ ਕਿ ਜੰਗਜੂ ਸੂਰਮਿਆਂ ਨੂੰ ਹੀ ਕਿਉਂ ਚੁਣਿਆ। ਮੈਂ ਕਹਾਂਗਾ ਕਿ ਵਾਰਾਂ ਸੂਰਮਿਆਂ ਦੀਆਂ ਹੀ ਗਾਈਆਂ ਤੇ ਲਿਖੀਆਂ ਜਾਂਦੀਆਂ ਨੇ, ਨਿਗੱਲਿਆਂ ਦੀ ਤਾਂ ਕੋਈ ਅਣਖੀ ਜੰਞੇ ਵੀ ਨਹੀਂ ਜਾਂਦਾ! ਆਪਣੇ ਦਿਲ ਦੀ ਗੱਲ ਕਹਿਣੀ ਚਾਹਾਂਗਾ ਕਿ ਖੋਜ ਦੇ ਬਾਵਜੂਦ ਮੈਂ ਪੁਸਤਕ ਦਾ ਨਾਂ ‘ਜੱਗਾ ਡਾਕੂ’ ਲਿਖ ਕੇ ਸੂਰਮੇ ਨਾਲ ਨਿਆਂ ਨਹੀਂ ਕੀਤਾ। ਹੋਰ ਖੋਜ ਕਰਕੇ ‘ਜੱਗਾ ਸੂਰਮਾ’ ਪੁਸਤਕ ਲਿਖ ਕੇ ਮੈਂ ਆਪਣੀ ਗਲਤੀ ਸੁਧਾਰ ਰਿਹਾ ਹਾਂ।
ਸਵਾਲ: ‘ਕਰਮਾ’ ਪੁਸਤਕ ਪੜ੍ਹਦਿਆਂ ਇੰਜ ਲਗਦਾ ਹੈ ਜਿਵੇਂ ਪਾਤਰ ਕਰਮਾ ਨਹੀਂ ਧਰਮਾ ਹੈ। ਕੀ ਕਹਿਣਾ ਚਾਹੋਗੇ?
ਜਵਾਬ: ਤੁਸੀਂ ਬਿਲਕੁਲ ਸਹੀ ਕਿਹਾ ਹੈ। ਜੇ ਮੈਂ ਧਰਮੇ ਦੀ ਗੱਲ ਕਰਦਾ ਤਾਂ ਉਹ ਸਿਰਫ਼ ਮੇਰੀ ਜੀਵਨੀ ਦੀ ਗੱਲ ਹੋਣੀ ਸੀ। ਕਰਮੇ ਰਾਹੀਂ ਮੈਂ ਹਰੇਕ ਸੰਘਰਸ਼ੀ ਮਨੁੱਖ ਦੀ ਗਾਥਾ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਉੱਚ ਵਿੱਦਿਆ ਪ੍ਰਾਪਤ ਅਨੇਕਾਂ ਨੌਜਵਾਨਾਂ ਦੀ ਬੇਕਦਰੀ, ਹੋਰ ਕਈ ਰੋਟੀ-ਰੋਜ਼ੀ ਦੀ ਭਾਲ ਵਿੱਚ ਏਅਰਪੋਰਟਾਂ ਤੋਂ ਉਡ ਕੇ ਜੰਗਲਾਂ ਵਿੱਚ ਦੁੱਖ ਮੁਸੀਬਤਾਂ ਸਹਿੰਦੇ ਕਈ ਸਫਲ ਤੇ ਕਈ ਅਸਫਲ ਹੋ ਕੇ ਡੀਪੋਰਟ ਹੋਣ ਵਾਲਿਆਂ ਦੀ ਗੱਲ ਕੀਤੀ ਹੈ। ਇਸ ਲਈ ਕਰਮੇ ਵਿੱਚ ਬਹੁਤ ਸਾਰਿਆਂ ਨੂੰ ਆਪਣੀ ਹੀ ਤਸਵੀਰ ਨਜ਼ਰ ਪਏਗੀ।
ਸਵਾਲ: ਪਾਠਕ ਤੁਹਾਡੇ ਖੁਦ ਦੇ ਪਰਿਵਾਰ ਬਾਰੇ ਵੀ ਜਾਣਨਾ ਚਾਹੁਣਗੇ।
ਜਵਾਬ: ਭੰਗੂ ਜੀ, 1988 ਵਿੱਚ ਬਲਬੀਰ ਕੌਰ ਨਾਲ ਵਿਆਹ ਤੋਂ ਛੇ ਮਹੀਨੇ ਬਾਅਦ ਹੀ ਮੈਂ ਉਸ ਨੂੰ ਅਮਰੀਕਾ ਸਮੇਤ ਛੋਟੇ ਭਰਾ ਪਲਵਿੰਦਰ ਸਿੰਘ ਬੁਲਾ ਲਿਆ। ਬਲਬੀਰ ਨੇ ਨਰਸਿੰਗ ਕੀਤੀ ਹੋਈ ਸੀ ਤੇ ਸਰਵਿਸ ਵੀ ਕਰ ਰਹੀ ਸੀ। ਉਸਦੇ ਅਧਾਰ ’ਤੇ ਉਸਨੇ ਅਮਰੀਕਾ ਵਿੱਚ ਬੋਰਡ ਦਾ ਨਰਸਿੰਗ ਦਾ ਟੈੱਸਟ ਦਿੱਤਾ ਜੋ ਉਸਨੇ ਪਹਿਲੀ ਵਾਰ ਹੀ ਪਾਸ ਕਰ ਲਿਆ ਤੇ ਹਸਪਤਾਲ ਵਿੱਚ ਜਾਬ ਮਿਲ ਗਈ। ਸਾਡੇ ਘਰ ਇੱਕ ਬੇਟੀ ਨੇ ਜਨਮ ਲਿਆ, ਜਿਸਦਾ ਨਾਂ ਹਨੀਤ ਕੌਰ ਹੈ। ਛੋਟਾ ਭਰਾ ਕੁਲਬੀਰ ਸਾਂਢੂ ਵੀ ਹੈ। ਉਸਦਾ ਬੇਟਾ ਹਰਸ਼ਦੀਪ ਸਿੰਘ ਅਸੀਂ ਗੋਦ ਲੈ ਲਿਆ। ਆਪਣਾ ਗੈਸ ਸਟੇਸ਼ਨ ਹੈ, ਨਾਲ ਹੀ ਸਟੋਰ ਅਟੈਚ ਹੈ। ਇੱਕ ਗੱਡੀਆਂ ਦੀ ਆਟੋ ਸ਼ਾਪ ਹੈ, ਇੱਕ ਚੀਨੀ ਰੈਸਟੋਰੈਂਟ ਹੈ। ਫੈਡਰਲ ਸਰਕਾਰ ਦੀ ਨੌਕਰੀ 31 ਸਾਲ ਕਰਨ ਤੋਂ ਬਾਅਦ ਸੇਵਾ ਮੁਕਤ ਜੀਵਨ ਵਧੀਆ ਗੁਜ਼ਰ ਰਿਹਾ ਹੈ। ਮਿੱਟੀ ਦਾ ਮੋਹ ਹਰ ਸਾਲ ਖਿੱਚ ਲਿਆਉਂਦਾ ਹੈ।
ਸਵਾਲ: ਕਮਿਊਨਿਸਟ ਵਿਚਾਰਧਾਰਾ ਬਾਰੇ ਵੀ ਕੁਝ ਕਹਿਣਾ ਚਾਹੋਗੇ?
ਜਵਾਬ: ਕਦੀ ਸਮਾਂ ਸੀ ਪਹਿਲੀ ਸੰਸਾਰ ਜੰਗ ਤੋਂ ਕੁਝ ਸਾਲ ਪਹਿਲਾਂ ਹੀ ਅਮਰੀਕਾ ਦੀ ਧਰਤੀ ’ਤੇ ਗਦਰ ਪਾਰਟੀ ਦੀਆਂ ਜੜ੍ਹਾਂ ਲੱਗ ਚੁੱਕੀਆਂ ਸਨ। ਬੱਬਰ ਮੂਵਮੈਂਟ ਜਨਮ ਲੈਂਦੀ ਹੈ। ਕਮਿਊਨਿਸਟ ਪਾਰਟੀ ਬਣਦੀ ਹੈ। 1962 ਵੇਲੇ ਵਿਚਾਰਾਂ ਦੇ ਟਕਰਾਅ ਨੇ ਪਾਰਟੀ ਦੋਫਾੜ ਕੀਤੀ। ਹੁਣ ਕਈ ਗਰੁੱਪ ਬਣੇ ਹੋਏ ਹਨ। ਕੀ ਇਹ ਸ਼ੁਰੂ ਕੀਤਾ ਟੀਚਾ ਹਾਸਲ ਕਰ ਸਕਣਗੇ? ਕਿ ਜਾਂ ਬਦਲ-ਬਦਲ ਰਾਜ ਕਰਦੀਆਂ ਪਾਰਟੀਆਂ ਦੇ ਹਿਤ ਹੀ ਪੂਰਦੇ ਰਹਿਣਗੇ!
ਇਸਦਾ ਸਭ ਤੋਂ ਵੱਡਾ ਕਾਰਨ ਪੁਰਾਣੇ ਰੂਸ ਦੇ ਸੋਵੀਅਤ ਯੂਨੀਅਨ ਦੀ ਟੁੱਟ-ਭੱਜ, ਬਹੁਤੇ ਭਾਰਤੀ ਕਮਿਊਨਿਸਟ ਆਗੂ ਲੈਨਿਨ, ਮਾਓ ਜ਼ੇ ਤੁੰਗ ਅਤੇ ਮਾਰਕਸ ਦਿਆਂ ਸਿਧਾਂਤਾਂ ਨੂੰ ਭਾਰਤੀ ਵਾਤਾਵਰਣ ਅਤੇ ਸੱਭਿਆਚਾਰ ਅਨੁਕੂਲ ਨਾ ਕਰ ਸਕੇ। ਉੱਥੇ ਅੱਜ ਲੀਡਰਾਂ ਵਿੱਚ ਆਪਾ ਉਭਾਰ ਹਉਮੈ ਭਾਰੂ ਹੋਣ ਕਰਕੇ ਸਮਰਪਣ ਭਾਵਨਾ ਖਤਮ ਹੋ ਚੁੱਕੀ ਹੈ। ਸਿਰਫ਼ ਤੇ ਸਿਰਫ਼ ਹਰੇਕ ਬੰਦਾ ਨਿੱਜ ਨਾਲ ਜੁੜ ਗਿਆ ਹੈ। ਧਰਮ ਦੇ ਮਾਮਲੇ ਵਿੱਚ ਨਾਸਤਿਕ ਦਾ ਬਿੱਲਾ ਲਾਉਣ ਨਾਲ ਨੁਕਸਾਨ ਹੋਇਆ ਹੈ। ਇਸ ਮੁਤੱਲਕ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਭਾਰਤ ਵਿੱਚ ਵੀ ਇਵੇਂ ਹੀ ਹੈ।
ਸਵਾਲ: ‘ਕਰਮਾ’ ਨਾਵਲ ਅਨੁਸਾਰ ਤੁਸੀਂ ਪਾਕਿਸਤਾਨ ਨੌਂ ਵਾਰ ਜਾ ਚੁੱਕੇ ਹੋ। ਅਮਰੀਕਾ ਮੁੜਦਿਆਂ ਇੰਮੀਗਰੇਸ਼ਨ ਵਾਲਿਆਂ ਪਾਸਪੋਰਟ ਉੱਪਰ ਪਾਕਿਸਤਾਨ ਦੀਆਂ ਮੋਹਰਾਂ ਵੇਖ ਕੇ ਕੋਈ ਪੁੱਛਗਿੱਛ ਕੀਤੀ ਹੋਵੇ ਜਾਂ ਤਿਰਸ਼ੀ ਨਜ਼ਰ ਵੇਖਿਆ ਹੋਵੇ?
ਜਵਾਬ: ਹਾਂ ਪੁੱਛਗਿੱਛ ਹੋਈ ਸੀ ਪਰ ਮੈਂ ਹਮੇਸ਼ਾ ਬੈਗ ਵਿੱਚ ਆਪਣੀਆਂ ਪੁਸਤਕਾਂ ਰੱਖਦਾ ਹਾਂ। ਅੱਗੇ ਕਰਦਿਆਂ ਆਖ ਦਿੰਦਾ ਹਾਂ, ਪੜ੍ਹ ਸਕਦੇ ਹੋ ਤਾਂ ਪੜ੍ਹ ਲਓ, ਮੈਂ ਕਿਸੇ ਗਲਤ ਮਕਸਦ ਵਾਸਤੇ ਕਿਤੇ ਵੀ ਨਹੀਂ ਜਾਂਦਾ।
ਸਵਾਲ: ਆਖਰੀ ਸਵਾਲ ਗੁਰਾਇਆ ਸਾਹਿਬ, ਅੱਜ-ਕੱਲ੍ਹ ਅਮਰੀਕਾ ਆਏ ਦਿਨ ਹੀ ਜਹਾਜ਼ਾਂ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਡੀਪੋਰਟ ਕਰ ਰਿਹਾ ਹੈ। ਕੀ ਕਹੋਗੇ?
ਜਵਾਬ: ਭੰਗੂ ਸਾਹਿਬ, ਹਿਜਰਤ ਕੋਈ ਨਵੀਂ ਗੱਲ ਨਹੀਂ। ਡੀਪੋਰਟੇਸ਼ਨ ਪਹਿਲਾਂ ਵੀ ਹੁੰਦੀ ਰਹੀ ਹੈ। ਕਿਸੇ ਮੁਲਕ ਵਿੱਚ ਵੀ ਜਾਣਾ ਹੈ ਪੜ੍ਹਾਈ ਵਾਸਤੇ ਜਾਂ ਕੰਮ ਵਾਸਤੇ, ਜੰਗਲਾਂ ਵਿੱਚ ਧੱਕੇ ਖਾਣ ਨਾਲੋਂ ਸਹੀ ਤਰੀਕੇ ਨਾਲ ਜਾਓ। ਜੰਮ-ਜੰਮ ਕਮਾਈਆਂ ਕਰੋ ਪਰ ਗਲਤ ਏਜੰਟਾਂ ਦੇ ਧੱਕੇ ਚੜ੍ਹ ਕੇ ਮਾਪਿਆਂ ਦੀ ਕਮਾਈ ਅਤੇ ਜਾਇਦਾਦਾਂ ਨਾ ਰੋਲ਼ੋ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (