MintuBrar7“ਜਦੋਂ ਰਾਤ ਨੂੰ ਸੌਣ ਲੱਗਿਆਂ ਦਿਨ ਦਾ ਲੇਖਾ ਜੋਖਾ ਕੀਤਾ ਤਾਂ ਆਪਣੇ ਆਪ ਤੋਂ ਘਿਰਨਾ ਜਿਹੀ ਹੋਈ ਕਿ ...”
(10 ਮਈ 2017)

 

HariSDilbar2ਜਦੋਂ ਵੀ ਦੁਨੀਆ ਦੇ ਕਿਸੇ ਖਿੱਤੇ ’ਤੇ ਲੀਕ ਵਾਹੀ ਜਾਂਦੀ ਹੈ ਤਾਂ ਵੰਡ ਸਿਰਫ਼ ਧਰਤੀ ਦੀ ਨਹੀਂ ਹੁੰਦੀ, ਵੰਡ ਸਰੀਰਾਂ ਦੀ ਵੀ ਹੁੰਦੀ ਹੈ, ਖ਼ੂਨ ਦੀ ਵੀ ਹੁੰਦੀ ਹੈ ਅਤੇ ਵੰਡ ਵਿਰਸੇ ਦੀ ਵੀ ਹੁੰਦੀ ਹੈ। ਜੇ ਕੁਝ ਬਿਨਾਂ ਵੰਡਿਆਂ ਰਹਿ ਜਾਂਦਾ ਹੈ, ਉਹ ਹੈ ਰੂਹਲੱਖ ਲੀਕਾਂ ਖਿੱਚੀਆਂ ਜਾਣ ਤਾਂ ਵੀ ਉਹ ਰੂਹ ਨੂੰ ਡੱਕ ਨਹੀਂ ਸਕਦੀਆਂ। ਵਿਛੋੜਿਆਂ ਦੇ ਦਰਦਾਂ ਵਿੱਚੋਂ ਅਕਸਰ ਬਿਰਹਾ ਉਪਜਦਾ ਦੇਖਿਆ ਜਾਂਦਾ ਹੈ। ਪਰ ਇਹ ਇਕ ਅਜੀਬ ਇਤਫ਼ਾਕ ਹੈ ਕਿ ਭਾਰਤ ਪਾਕਿਸਤਾਨ ਵੰਡ ਨੂੰ ਪਿੰਡੇ ’ਤੇ ਹੰਢਾਉਣ ਵਾਲੀ ਇਕ ਰੂਹ ਨੇ ਦਰਦ ਨੂੰ ਟਿੱਚ ਕਰ ਜਾਣਿਆ ਤੇ ਵਾਹਿਗੁਰੂ ਦੇ ਭਾਣੇ ਨੂੰ ਮੰਨ, ਹਾਕਮਾਂ ਤੋਂ ਮਿਲੇ ਦਰਦ ਦੇ ਬਦਲੇ ਪਰਜਾ ਵਿਚ ਹਾਸੇ ਬਿਖੇਰਨ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ। ਅਫ਼ਸੋਸ ਗ਼ੁਰਬਤ ਨੇ ਉਸ ਦੇ ਅਣਗਿਣਤ ਇਮਤਿਹਾਨ ਲਏ ਤੇ ਹਰ ਮੋੜ ’ਤੇ ਉਸ ਨੂੰ ਰੁਲਾਉਣਾ ਚਾਹਿਆ। ਕਹਿੰਦੇ ਹਨ ਜਦੋਂ ਇਰਾਦੇ ਲੋਹੇ ਦੇ ਹੋਣ ਤਾਂ ਤੂਤ ਦੀਆਂ ਛਮਕਾਂ ਵੀ ਚਮੜੀ ਨਹੀਂ ਉਧੇੜ ਸਕਦੀਆਂ। ਸੋ ਕੁਝ ਇਹੋ ਜਿਹੀ ਜ਼ਿੰਦਗੀ ਦਾ ਮਾਲਕ ਹੋ ਨਿੱਬੜਿਆ ‘ਬਾਬਾ ਹਰੀ ਸਿੰਘ ‘ਦਿਲਬਰ’’।

ਦੁਨੀਆ ਵਿਚ ਅਣਗਿਣਤ ਅਚੰਭਿਤ ਵਰਤਾਰੇ ਹਰ ਰੋਜ਼ ਹੁੰਦੇ ਹਨ, ਪਰ ਭੁੱਖੇ ਢਿੱਡ ਹੱਸਣ ਤੇ ਹਸਾਉਣ ਵਰਗਾ ਵਰਤਾਰਾ ਘੱਟ ਹੀ ਦੇਖਣ ਨੂੰ ਮਿਲਦਾ। ਸ਼ਮਸ਼ਾਨ ਜਿਹੀ ਖ਼ਾਮੋਸ਼ੀ ਅਤੇ ਵੀਰਾਨਗੀ ਜਿਹੀ ਦਹਿਲੀਜ਼ ਤੇ ਬਹਿ ਕੇ ਵੀ ਲੋਕਾਂ ਲਈ ਹਾਸੇ ਬਿਖੇਰਨ ਦਾ ਕੰਮ ਪੰਜਾਬੀ ਜਗਤ ਦੇ ਪ੍ਰਸਿੱਧ ਹਾਸਰਸ ਕਵੀ ਹਰੀ ਸਿੰਘ ਦਿਲਬਰ ਦੇ ਹਿੱਸੇ ਆਇਆ। ਇੱਕੋ ਜ਼ਿਲ੍ਹੇ ਦੇ ਹੋਣ ਕਾਰਨ ਉਨ੍ਹਾਂ ਨਾਲ ਮੇਰਾ ਕਾਫ਼ੀ ਪੁਰਾਣਾ ਵਾਹ ਵਾਸਤਾ ਰਿਹਾ। ਲੰਮਾ ਵਕਤ ਤਾਂ ਉਨ੍ਹਾਂ ਨੂੰ ਸਮਝ ਹੀ ਨਹੀਂ ਸਕਿਆ ਸੀ। ਹੁਣ ਉਨ੍ਹਾਂ ਦੇ ਤੁਰ ਜਾਣ ’ਤੇ ਬਹੁਤ ਦੁਖੀ ਹਾਂ। ਜਿੰਨਾ ਕੁ ਉਨ੍ਹਾਂ ਨੂੰ ਸਮਝ ਸਕਿਆ, ਉਨ੍ਹਾਂ ਨਾਲ ਗੁਜ਼ਾਰੇ ਕੁਝ ਪਲ ਅਤੇ ਕੁਝ ਯਾਦਾਂ ਨੂੰ ਆਪ ਜੀ ਨਾਲ ਇਸ ਲੇਖ ਰਾਹੀਂ ਸਾਂਝਾ ਕਰ ਰਿਹਾ ਹਾਂ।

ਗੱਲ ਪੰਜਾਬ ਦੇ ਮਾੜੇ ਦੌਰ ਤੋਂ ਸ਼ੁਰੂ ਕਰਦੇ ਹਾਂ। ਹਰ ਪਾਸੇ ਸਹਿਮ ਦੀ ਹਨੇਰੀ ਝੁੱਲ ਰਹੀ ਸੀ। ਸਾਡੇ ਜਿਹਾ ਨੌਜਵਾਨ ਵਰਗ ਗੁੱਸੇ ਵਿਚ ਤੇ ਜੋਸ਼ ਵਿਚ ਤੜਪ ਰਿਹਾ ਸੀ। ਮਾਂ ਬਾਪ ਚਿੰਤਤ ਸਨ ਖੌਰੇ ਸਾਡੇ ਜੁਆਕ ਕਿਸੇ ਅਣਹੋਣੀ ਦਾ ਸ਼ਿਕਾਰ ਨਾ ਹੋ ਜਾਣ। ਖ਼ੁਸ਼ੀ ਤੇ ਹਾਸੇ ਦੇ ਪਲ ਤਾਂ ਭਾਲਿਆਂ ਵੀ ਨਹੀਂ ਸੀ ਲੱਭਦੇ। ਉਸ ਵਕਤ ਹਰਿਆਣੇ ਦੀ ਇਕ ਛੋਟੀ ਜਿਹੀ ਮੰਡੀ ਕਾਲਾਂਵਾਲੀ ਵਿਚ ਪੰਜਾਬੀ ਸਾਹਿਤ ਸਭਾ ਵੱਲੋਂ ਭੁਪਿੰਦਰ ਪੰਨੀਵਾਲੀਆ ਬਾਈ ਹੋਰਾਂ ਨੇ ਇਕ ਕਵੀ ਦਰਬਾਰ ਰੱਖਿਆ। ਮੈਨੂੰ ਪਹਿਲੀ ਵਾਰ ਕੋਈ ਕਵੀ ਦਰਬਾਰ ਸੁਣਨ ਦਾ ਮੌਕਾ ਮਿਲਿਆ ਸੀ। ਜਵਾਨੀ ਉਮਰੇ ਕੁਝ ਜ਼ਿਆਦਾ ਪੱਲੇ ਨਹੀਂ ਪਿਆ। ਬੱਸ ਇਕ ਕਵੀ ਦੀਆਂ ਕੁਝ ਹਸਾਉਣ ਵਾਲੀਆਂ ਗੱਲਾਂ ਨੇ ਜ਼ਰੂਰ ਜ਼ਿਹਨ ਵਿਚ ਥਾਂ ਬਣਾ ਲਈ। ਮਹਿਫ਼ਲ ਵਿਚ ਆਏ ਹਰ ਬੰਦੇ ਦੀ ਜ਼ਬਾਨ ਤੇ ਹਰੀ ਸਿੰਘ ਦਿਲਬਰ ਦੇ ਚੌਕੇ ਛੱਕੇ ਸਨ। ਬੱਸ ਉਸ ਦਿਨ ਤੋਂ ਬਾਅਦ ਦਿਮਾਗ਼ ਵਿਚ ਇਸ ਛੋਟੇ ਜਿਹੇ ਕੱਦ ਅਤੇ ਮੋਟੇ ਸ਼ੀਸ਼ੇ ਦੀ ਐਨਕ, ਵਾਂਡੀਆਂ ਲੱਤਾਂ, ਖੁੱਲ੍ਹੇ ਜਿਹੇ ਪਜਾਮੇ ਅਤੇ ਜ਼ਿਆਦਾਤਰ ਹਲਕੇ ਜਿਹੇ ਮੂੰਗੀਆ ਰੰਗ ਦੀ ਪੱਗ ਬੰਨੇ ਇਸ ਬਾਬੇ ਨੂੰ ਦੁਨੀਆ ਦਾ ਸਭ ਤੋਂ ਖ਼ੁਸ਼ ਇਨਸਾਨ ਹੋਣ ਦਾ ਭਰਮ ਮੈਂ ਪਾਲ ਲਿਆ ਸੀ।

ਵਕਤ ਬੀਤਦਾ ਗਿਆ, ਕਈ ਥਾਈਂ ਬਾਬਾ ਜੀ ਨੂੰ ਸੁਣਨ ਦਾ ਮੌਕਾ ਮਿਲਿਆ। ਪਰ ਕਦੇ ਵੀ ਉਸ ਹਾਸਿਆਂ ਦੇ ਵਣਜਾਰੇ ਦੇ ਆਰ-ਪਾਰ ਝਾਕਣ ਦੀ ਸੋਚ ਨਹੀਂ ਆਈ ਤੇ ਨਾ ਹੀ ਕੋਈ ਸਬੱਬ ਬਣਿਆ। 2007 ਵਿਚ ਦਾਣਾ ਪਾਣੀ ਆਸਟ੍ਰੇਲੀਆ ਲੈ ਆਇਆ ਤੇ ਫੇਰ ਇਸ ਹਾਸਿਆਂ ਦੇ ਵਣਜਾਰੇ ਨਾਲ ਯੂ ਟਿਊਬ ਤੇ ਇਕ ਅੱਧੀ ਮੁਲਾਕਾਤ ਹੋਈ ਜਦੋਂ ਕਿਸੇ ਨੇ ਇਹਨਾਂ ਦੇ ਛੋਟੇ ਮੋਟੇ ਕਲਿੱਪ ਪਾਏ। 2010 ਦਾ ਜਨਵਰੀ ਮਹੀਨਾ ਸੀ, ਮੈਂ ਆਪਣੇ ਪਹਿਲੇ ਇੰਡੀਆ ਦੌਰੇ ’ਤੇ ਸੀਇਕ ਦਿਨ ਸਿਰਸੇ ਐਫ.ਐੱਮ. ਰੇਡੀਓ ’ਤੇ ਇਕ ਇੰਟਰਵਿਊ ਦੇਣ ਤੋਂ ਬਾਅਦ ਜਦੋਂ ਮੈਂ ਤੇ ਬਾਈ ਭੁਪਿੰਦਰ ਬਾਹਰ ਆਏ ਤਾਂ ਅਚਨਚੇਤ ਮੈਂ ਬਾਈ ਨੂੰ ਕਿਹਾ, “ਦਿਲਬਰ ਸਾਹਿਬ ਕਿੱਥੇ ਕੁ ਰਹਿੰਦੇ ਹਨ? ਕਿਉਂ ਨਾ ਉਨ੍ਹਾਂ ਨੂੰ ਮਿਲ ਆਇਆ ਜਾਵੇ?”

ਉਹ ਕਹਿੰਦੇ, “ਚਲੋ ਦੇਖਦੇ ਹਾਂ ਜੇ ਘਰ ਹੋਏ, ਨਹੀਂ ਤਾਂ ਬੱਸ ਅੱਡੇ ’ਤੇ ਆਪਣੀ ਰੇਹੜੀ ’ਤੇ ਹੋਣਗੇ।”

ਮੈਂ ਉਨ੍ਹਾਂ ਦੀ ਇਹ ਗੱਲ ਸੁਣ ਕੇ ਠਠੰਬਰ ਗਿਆ ਕਿਉਂਕਿ ਮੈਂ ਤਾਂ ਮੁਸ਼ਾਇਰਿਆਂ ਤੇ ਉਨ੍ਹਾਂ ਦੀ ਪਛਾਣ ਕਰਾਉਣ ਵਾਲੇ ਸਟੇਜ ਸਕੱਤਰਾਂ ਵੱਲੋਂ ਪੜ੍ਹੇ ਉਨ੍ਹਾਂ ਦੇ ਕਸੀਦੇ ਕਿ ਬਾਬਾ ਜੀ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਹਰ ਪ੍ਰਧਾਨ ਮੰਤਰੀ ਦੀ ਪ੍ਰਾਹੁਣਚਾਰੀ ਦਾ ਲੁਤਫ਼ ਲੈ ਚੁੱਕੇ ਹਨ। ਦੱਸਦੇ ਸਨ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਆਜ਼ਾਦੀ ਦਿਵਸ ਦੀ ਪਹਿਲੀ ਸ਼ਾਮ ਨੂੰ ਹੁੰਦੇ ਮੁਸ਼ਾਇਰੇ ਵਿਚ ਸਿਰਫ਼ ਦੋ ਸਾਲ ਹੀ ਇਹੋ ਜਿਹੇ ਹੋਏ ਹਨ ਜਿਨ੍ਹਾਂ ਵਿਚ ਬਾਬਾ ਜੀ ਨੇ ਸ਼ਿਰਕਤ ਨਾ ਕੀਤੀ ਹੋਵੇ। ਜਿਗਿਆਸਾ ਜਾਗੀ ਤੇ ਅਸੀਂ ਮੋੜ ਲਈ ਆਪਣੀ ਕਾਰ ਸਰਸੇ ਦੀ ਇਕ ਭੀੜੀ ਜਿਹੀ ਗਲੀ ਵਲ। ਥੋੜ੍ਹੀ ਦੂਰ ਜਾ ਕੇ ਸਾਨੂੰ ਕਾਰ ਠੱਲ੍ਹਣੀ ਪਈ ਕਿਉਂਕਿ ਅੱਗੇ ਕਾਰ ਦੇ ਜਾਣ ਲਾਇਕ ਰਾਹ ਨਹੀਂ ਸੀ। ਜਿਵੇਂ-ਜਿਵੇਂ ਗਲੀ ਵਿਚ ਅਗਾਂਹ ਨੂੰ ਜਾਈ ਜਾਈਏ, ਗ਼ੁਰਬਤ ਆਪਣੇ ਪੈਰ ਪਸਾਰੀ ਜਾਵੇ। ਗਲੀ ਦੇ ਅਖੀਰ ਵਿਚ ਰੇਲਵੇ ਲਾਈਨ ਦੇ ਉੱਤੇ ਇਕ ਤਿੰਨ ਖੂੰਜੇ ਨਿੱਕੇ ਜਿਹੇ ਪਲਾਟ ਦੀ ਅੱਧੀ ਢਹੀ ਕੰਧ ਅਤੇ ਚੂਲ ਉੱਤਰੀ ਵਾਲਾ ਇਕ ਲੱਕੜ ਦਾ ਤਖ਼ਤਾ, ਜਿਹੜਾ ਕਿ ਸੇਬਾਂ ਦੀਆਂ ਖ਼ਾਲੀ ਪੇਟੀਆਂ ਨਾਲ ਬਣਾਇਆ ਹੋਇਆ ਸੀ, ਨੂੰ ਜਦੋਂ ਅਸੀਂ ਖੜਕਾਇਆ ਤਾਂ ਮੂਹਰੋਂ ਬੜੇ ਗੜ੍ਹਕੇ ਦਾ ਜਵਾਬ ਆਇਆ, “ਕੌਣ ਆ ਵੀਰ, ਲੰਘ ਆਓ, ਲੰਘ ਆਓ।”

ਆਵਾਜ਼ ਜਾਣੀ ਪਛਾਣੀ ਸੀ, ਦਿਲਬਰ ਸਾਹਿਬ ਦੀ। ਇਕ ਭੁੱਖ ਦੀ ਮਾਰੀ ਝੋਟੀ ਬੰਨ੍ਹੀ ਹੋਈ ਸੀ। ਦੋ ਕੁ ਬੱਕਰੀਆਂ ਇਕ ਖੂੰਜੇ ਵਿਚ ਬੈਠੀਆਂ ਸਨ। ਇਕ ਨਿੱਕੇ ਜਿਹੇ ਕਮਰੇ ਦੀ ਅੱਧੀ ਛੱਤ ਡਿੱਗੀ ਹੋਈ ਸੀ ਤੇ ਬਚਦੀ ਛੱਤ ਹੇਠ ਦਿਲਬਰ ਸਾਹਿਬ ਆਪਣਾ ਸਿੰਘਾਸਣ ਲਾਈ ਬੈਠੇ ਸਨ। ਮੇਰਾ ਇੱਥੇ ਸਿੰਘਾਸਣ ਲਿਖਣਾ ਕੋਈ ਮਜ਼ਾਕ ਕਰਨਾ ਨਹੀਂ ਹੈ, ਅਸਲ ਵਿਚ ਮੇਰਾ ਵੀ ਇਕ ਬਾਰ ਦੇਖ ਕੇ ਤ੍ਰਾਹ ਨਿਕਲ ਗਿਆ ਸੀ। ਪਰ ਜਦੋਂ ਉਨ੍ਹਾਂ ਨਾਲ ਘੰਟਾ ਕੁ ਗੁਜ਼ਾਰ ਕੇ ਆਉਣ ਲੱਗੇ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਦਿਲ ਦਾ ਬਾਦਸ਼ਾਹ ਆਪਣੇ ਸਿੰਘਾਸਣ ’ਤੇ ਬਿਰਾਜਮਾਨ ਉਦਾਸੀ ਵਿਚ ਡੁੱਬ ਰਹੀ ਦੁਨੀਆ ਨੂੰ ਹਸਾ ਹਸਾ ਕੇ ਰੱਬ ਨੂੰ ਟਿੱਚਰਾਂ ਕਰ ਰਿਹਾ ਹੈ। ਟੁੱਟੀ ਛੱਤ ਵਾਲੇ ਕਮਰੇ ਵਿਚ ਬੈਠਾ ਇਹ ਬਜ਼ੁਰਗ ਉਸ ਵਕਤ ਆਪਣੀ ਜ਼ਿੰਦਗੀ ਦੇ ਤਕਰੀਬਨ 80 ਤੋਂ ਉੱਤੇ ਵਰ੍ਹੇ ਗੁਜ਼ਾਰ ਚੁੱਕਿਆ ਸੀ। ਕਮਰੇ ਦੀਆਂ ਕੰਧਾਂ ਦਿਲਬਰ ਦੇ ਕਿੱਤੇ ਦੀ ਗਵਾਹੀ ਭਰ ਰਹੀਆਂ ਸਨ। ਤੇਲ ਦੀ ਚਿਕਨਾਹਟ ਅਤੇ ਉਹ ਖ਼ਾਸ ਮਹਿਕ ਦੱਸ ਰਹੀ ਸੀ ਕਿ ਦਿਲਬਰ ਸਮੋਸਿਆਂ ਦਾ ਕਾਰੀਗਰ ਹੈ। ਜਦੋਂ ਅਸੀਂ ਫ਼ਤਿਹ ਬੁਲਾ ਕੇ ਹਾਲ ਪੁੱਛਿਆ ਕਿ ਬਾਬਾ ਜੀ ਕਿ ਹਾਲ ਚਾਲ ਹੈ? ਮੂਹਰੋਂ ਕਹਿੰਦੇ ਹਾਲ ਵਧੀਆ ਤੇ ਚਾਲ ਮਸਤ ਆ। ਅਸੀਂ ਕਿਹਾ ਚਲੋ ਸ਼ੁਕਰ ਆ। ਕਹਿੰਦੇ, ਲੈ! ਤੁਸੀਂ ਇਹ ਨਹੀਂ ਪੁੱਛਿਆ ਕਿ ਚਾਲ ਮਸਤ ਕਿਵੇਂ ਆ? ਮੈਂ ਕਿਹਾ ਚਲੋ ਦੱਸ ਦਿਓ? ਕਹਿੰਦੇ ਬਹਿ-ਬਹਿ ਕੇ ਖੁਰਚਣੇ ਮਾਰਦੇ-ਮਾਰਦੇ ਦੇ ਗੋਡੇ ਜੁੜ ਗਏ ਤੇ ਹੁਣ ਫੇਰ ਮਸਤੀ ਨਾਲ ਹੀ ਤੁਰੀਦਾ!

ਇਹ ਕਹਿ ਕੇ ਉਹ ਠਹਾਕਾ ਮਾਰ ਕੇ ਹੱਸ ਪਏ। ਹਾਸੀ ਉਤਲੀ ਨਹੀਂ ਸੀ, ਧੁਰ ਅੰਦਰੋਂ ਨਿੱਕਲੀ ਸੀ। ਜੁਆਕ ਨੂੰ ਆਵਾਜ਼ ਮਾਰੀ ਤੇ ਉਹ ਇਕ ਪਲਾਸਟਿਕ ਦੀ ਕੁਰਸੀ ਲੈ ਆਇਆ ਤੇ ਬਾਈ ਪੰਨੀਵਾਲੀਆ ਉਸ ’ਤੇ ਬੈਠ ਗਏ ਤੇ ਮੈਂ ਤੇ ਪੰਜਾਬੀ ਸਤਿਕਾਰ ਸਭਾ ਵਾਲਾ ਪ੍ਰਦੀਪ ਸਚਦੇਵਾ ਬਾਬਾ ਜੀ ਦੀ ਮੰਜੀ ਤੇ ਬੈਠ ਗਏ। ਬਾਰ-ਬਾਰ ਮੇਰੀ ਨਿਗਾਹ ਟੁੱਟੀ ਹੋਈ ਛੱਤ ਵੱਲ ਜਾ ਰਹੀ ਸੀ। ਮੇਰੇ ਮੂੰਹ ’ਤੇ ਤਰਸ ਦੀਆਂ ਭਾਵਨਾਵਾਂ ਨੂੰ ਭਾਂਪਦੇ ਦਿਲਬਰ ਸਾਹਿਬ ਨੇ ਜੜ ਦਿੱਤਾ ਚੌਕਾ, ਜਿਨ੍ਹਾਂ ਲਈ ਉਹ ਮਸ਼ਹੂਰ ਨੇ ਤੇ ਕਵਿਤਾ ਦੀ ਇਕ ਵਿਧਾ ਚੌਕੇ ਅਤੇ ਛੱਕੇ ਦੇ ਬਾਨੀ ਵੀ ਹਨ। ਕਹਿੰਦੇ! ਯਾਰ ਇਹ ਤਾਂ ਮੇਰੀ ਰੱਬ ਨਾਲ ਸਿੱਧੀ ਗੱਲਬਾਤ ਲਈ ਰੱਖੀ ਖਿੜਕੀ ਹੈ। ਅਕਸਰ ਇੱਥੋਂ ਦੀ ਸਾਡੀਆਂ ਲੰਮੀਆਂ-ਲੰਮੀਆਂ ਵਾਰਤਾਵਾਂ ਹੁੰਦੀਆਂ ਹਨ। ਮੇਰੇ ਮੂੰਹੋਂ ਨਿੱਕਲਿਆ, ਕਿਹੋ ਜਿਹੀਆਂ ਵਾਰਤਾਵਾਂ? ਕਹਿੰਦੇ! “ਬੱਸ ਮੈਂ ਉਸ ਦਾ ਸ਼ੁਕਰੀਆ ਕਰੀ ਜਾਨਾਂ ਤੇ ਉਹ’ ਕਹੀ ਜਾਂਦਾ ਦੱਸ ਹੋਰ ਤੈਨੂੰ ਕੀ ਚਾਹੀਦਾ? ਮੈਨੂੰ ਲੱਗਿਆ ਜਿਵੇਂ ਉਹ ਆਪਣੇ ਅੰਦਾਜ਼ ਵਿਚ ਗਿਲਾ ਕਰ ਰਹੇ ਹੋਣ ਰੱਬ ਨਾਲ। ਮੈਂ ਬਾਬਾ ਜੀ ਨੂੰ ਪੁੱਛਿਆ, ਫੇਰ ਅੱਜ ਕੱਲ੍ਹ ਕੁਝ ਲਿਖਣ ਪੜ੍ਹਨ ਦਾ ਕਿਵੇਂ ਚੱਲ ਰਿਹਾ? ਮੰਜੇ ਦੇ ਪਾਵੇ ਨਾਲ ਸਰ੍ਹੋਂ ਦੇ ਤੇਲ ਨਾਲ ਚਿੱਪ ਚਿੱਪ ਕਰਦੇ ਝੋਲੇ ਵਿੱਚੋਂ ਚਾਰ ਕਿਤਾਬਾਂ ਕੱਢ ਕੇ ਕਹਿੰਦੇ, ਹਾਲੇ ਤਾਂ ਇਹੀ ਚੱਲ ਰਹੀਆਂ ਹਨ ਪਰ ਇਕ ਹੋਰ ਛਪਵਾਉਣੀ ਹੈ। ਮੈਂ ਕਿਹਾ ਸਾਡੀ ਪੀੜ੍ਹੀ ਵਿਚ ਵੀ ਇਕ ਬਜ਼ੁਰਗ ਦਾ ਨਾਂ ਹਰੀ ਸਿੰਘ ਸੀ। ਬੜੀ ਹਾਜ਼ਰ ਜਵਾਬੀ ਨਾਲ ਕਹਿੰਦੇ “ਨਾਂ ਵਿਚ ਕੀ ਰੱਖਿਆ? ਚਲੋ ਇਸੇ ’ਤੇ ਇਕ 1943 ਵਿਚ ਲਿਖਿਆ ਚੌਕਾ ਸੁਣੋ:

ਵੱਡਾ ਨਾਮ ਰੱਖਣ ਦੀ ਰਸਮ ਨੂੰ ਜਾਣਦਾ ਹਾਂ
ਗੁਰੂ ਪੀਰਾਂ ਦੇ ਨਾਂ ਮੁੰਡਿਆਂ ਦੇ ਨਾਂ ਸੰਗ ਸਾਜਦਾ ਹਾਂ
ਇਕ ਹਰੀ ਸਿੰਘ ਨਲਵਾ ਜੀਹਨੇ ਮਾਂਜੇ ਸੀ ਜ਼ਾਲਮ
ਦਿਲਬਰ ਮੈਂ ਹਰੀ ਸਿੰਘ ਕੜਾਹੀਆਂ ਮਾਂਜਦਾ ਹਾਂ

ਚੌਕਾ ਲਾ ਕੇ ਇੰਜ ਖਿੜ ਖਿੜਾ ਕੇ ਹੱਸ ਪਏ ਜਿਵੇਂ 67 ਸਾਲ ਪੁਰਾਣਾ ਲਿਖਿਆ ਨਾ ਹੋ ਕੇ ਪਹਿਲੀ ਵਾਰ ਸੁਣਿਆ ਸੁਣਾਇਆ ਹੋਵੇ। ਨਾਲੇ ਸਾਨੂੰ ਚੌਕੇ ਛੱਕੇ ਸੁਣਾਈ ਜਾਣ, ਨਾਲ ਹੀ ਆਪਣੀ ਪੋਤੀ ਨੂੰ ਆਵਾਜ਼ ਮਾਰ ਕੇ ਕਹਿੰਦੇ ਦੇਖ ਪੁੱਤ ਆਸਟ੍ਰੇਲੀਆ ਤੋਂ ਮਹਿਮਾਨ ਆਏ ਹਨ ਜਾ ਭੱਜ ਕੇ ਦੁਕਾਨ ਤੋਂ ਦੁੱਧ ਫੜ ਕੇ ਲਿਆ ਤੇ ਕਰੜੀ ਜਿਹੀ ਚਾਹ ਬਣਾ ਕੇ ਪਿਆ। ਅਸੀਂ ਉਨ੍ਹਾਂ ਦੇ ਚੌਕੇ ਛੱਕੇ ਸੁਣਦੇ ਰਹੇ। ਦਿਲਬਰ ਸਾਹਿਬ ਕੋਲੋਂ ਵਾਪਸ ਜਾਂਦੇ ਰਾਹ ਵਿਚ ਇਕ ਦੂਜੇ ਨਾਲ ਅਸੀਂ ਕੁਝ ਨਹੀਂ ਬੋਲੇ ਪਰ ਜਦੋਂ ਰਾਤ ਨੂੰ ਸੌਣ ਲੱਗਿਆਂ ਦਿਨ ਦਾ ਲੇਖਾ ਜੋਖਾ ਕੀਤਾ ਤਾਂ ਆਪਣੇ ਆਪ ਤੋਂ ਘਿਰਨਾ ਜਿਹੀ ਹੋਈ ਕਿ ਅਸੀਂ ਐਵੇਂ ਆਪਣੇ ਆਪ ਨੂੰ ਦੁਖੀ ਕਹੀ ਜਾਂਦੇ ਹਾਂ! ਦਿਲ ਵਿਚ ਬਹੁਤ ਉਬਾਲੇ ਆਏ ਤੇ ਦਿਲਬਰ ਸਾਹਿਬ ਲਈ ਕੁਝ ਕਰਨ ਨੂੰ ਮਨ ਨੇ ਹਲੂਣੇ ਮਾਰੇ, ਪਰ ਖ਼ੁਦ ਵੀ ਹਾਲੇ ਬੇਗਾਨੇ ਮੁਲਕ ਵਿਚ ਜੜ੍ਹਾਂ ਲਾਉਣ ਦੀ ਕੋਸ਼ਿਸ਼ ਵਿਚ ਸਾਂ, ਸੋ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਪਾ ਰਹੇ ਸੀ।

ਵਾਪਸ ਆਸਟ੍ਰੇਲੀਆ ਆ ਗਿਆ ਪਰ ਇਸ ਬਾਰ ਕੁਝ ਬਦਲਿਆ ਬਦਲਿਆ ਸੀ। ਬਿਨਾਂ ਮਤਲਬ ਦੇ ਸ਼ਿਕਵੇ ਕਰਨ ਦੀ ਆਦਤ ਦੂਰ ਹੋ ਚੁੱਕੀ ਸੀ, ਸਿਰਫ਼ ਤੇ ਸਿਰਫ਼ ਦਿਲਬਰ ਸਾਹਿਬ ਦੀ ਛੋਟੀ ਜਿਹੀ ਸੰਗਤ ਨਾਲ।

2011 ਵਿਚ ਵਾਰਿਸ ਭਰਾ ਆਸਟ੍ਰੇਲੀਆ ਦੇ ਦੌਰੇ ’ਤੇ ਸੀ ਤੇ ਐਡੀਲੇਡ ਵਿਖੇ ਉਨ੍ਹਾਂ ਦੇ ਸ਼ੋ ਵਿਚ ਜਾਣ ਦਾ ਮੌਕਾ ਮਿਲਿਆ ਤਾਂ ਸ਼ੋ ਦੌਰਾਨ ਮਨਮੋਹਨ ਵਾਰਿਸ ਹੋਰਾਂ ਨੇ ਕੁਝ ਸ਼ੇਅਰ ਬੋਲੇ ਜਿਨ੍ਹਾਂ ਨਾਲ ਸਾਰਾ ਹਾਲ ਤਾਲੀਆਂ ਨਾਲ ਗੂੰਜ ਉੱਠਿਆ। ਮੈਂ ਬੜਾ ਹੈਰਾਨ ਸਾਂ ਕਿ ਇਹ ਸ਼ੇਅਰ ਤਾਂ ਦਿਲਬਰ ਹੋਰਾਂ ਦੇ ਹਨ। ਹਾਲੇ ਮੈਂ ਗਿਲਾ ਕਰਨ ਸੋਚ ਰਿਹਾ ਸਾਂ ਕਿ ਮਨਮੋਹਨ ਕਹਿੰਦੇ ਕਿ ਇਹ ਹਰੀ ਸਿੰਘ ਦਿਲਬਰ ਹੋਰਾਂ ਦੇ ਸ਼ੇਅਰ ਹਨ। ਮੈਨੂੰ ਕੁਝ ਸਕੂਨ ਮਿਲਿਆ ਕਿ ਚਲੋ ਉਨ੍ਹਾਂ ਨੂੰ ਬਣਦਾ ਕਰੈਡਿਟ ਤਾਂ ਦਿੱਤਾ ਗਿਆ। ਪਰ ਫੇਰ ਵੀ ਮੇਰਾ ਮਨ ਹਲੂਣੇ ਲਵੇ ਕਿ ਕੀ ਵਾਰਿਸ ਭਰਾਵਾਂ ਨੂੰ ਪਤਾ ਹੈ ਕਿ ਜਿਸ ਦੇ ਸ਼ੇਅਰ ਸੁਣ ਕੇ ਲੋਕ ਬਾਗੋ ਬਾਗ਼ ਹੋ ਗਏ ਤੇ ਉਹ ਕਿਹੜੇ ਹਾਲਤਾਂ ਵਿਚ ਜ਼ਿੰਦਗੀ ਬਸਰ ਕਰ ਰਿਹਾ ਹੈ? ਮੈਂ ਸਟੇਜ ਦੇ ਪਿੱਛੇ ਚਲਾ ਗਿਆ ਤੇ ਬਰੇਕ ਦੌਰਾਨ ਜਦੋਂ ਵਾਰਿਸ ਭਰਾਵਾਂ ਨੂੰ ਪੁੱਛਿਆ ਕਿ ਤੁਸੀਂ ਦਿਲਬਰ ਸਾਹਿਬ ਬਾਰੇ ਕਿੱਥੋਂ ਤੱਕ ਜਾਣਦੇ ਹੋ? ਤਾਂ ਉਹ ਕਹਿੰਦੇ, “ਜ਼ਿਆਦਾ ਨਹੀਂ ਪਤਾ, ਬੱਸ ਯੂ ਟਿਊਬ ਤੇ ਸੁਣਿਆ, ਦੇਖਿਆ। ਕੋਈ ਦੱਸ ਰਿਹਾ ਸੀ ਕਿ ਉਹ ਹੁਣ ਇਸ ਜਹਾਨ ਵਿਚ ਨਹੀਂ ਹਨ।” ਜਦੋਂ ਮੈਂ ਉਨ੍ਹਾਂ ਬਾਰੇ ਵਿਸਤਾਰ ਵਿਚ ਦੱਸਿਆ ਕਿ ਅਸਲ ਹਾਲਾਤ ਕੀ ਹਨ ਤਾਂ ਉਨ੍ਹਾਂ ਮੇਰੇ ਨਾਲ ਵਾਅਦਾ ਕੀਤਾ ਕਿ ਕੋਈ ਨਾ ਤੁਸੀਂ ਉਪਰਾਲਾ ਸ਼ੁਰੂ ਕਰੋ ਅਸੀਂ ਵੀ ਮਦਦ ਦੇਵਾਂਗੇ।

ਚਲੋ ਇਸੇ ਦੌਰਾਨ ਹਰਮਨ ਰੇਡੀਉ ਰਾਹੀਂ ਮੁਹਿੰਮ ਵਿੱਢੀ, ਸਰੋਤਿਆਂ ਨੇ ਖੁੱਲ੍ਹਦਿਲੀ ਨਾਲ ਸਹਿਯੋਗ ਦਿੱਤਾ ਤੇ ਦੇਖਾ-ਦੇਖੀ ਦਿਲਬਰ ਸਾਹਿਬ ਦੇ ਘਰ ਦਾ ਕੰਮ ਸ਼ੁਰੂ ਹੋ ਗਿਆ। ਦੋ ਚਾਰ ਖ਼ਬਰਾਂ ਅਖ਼ਬਾਰਾਂ ਵਿਚ ਲੱਗੀਆਂ ਤੇ ਬਾਈ ਪੰਨੀਵਾਲੀਆ ਦੇ ਉੱਦਮ ਸਦਕਾ ਜ਼ਿਲ੍ਹੇ ਦੇ ਡੀ.ਸੀ. ਮਾਨਯੋਗ ਗਣੇਸ਼ਨ ਜੀ ਨੇ ਵੀ ਆਪਣੇ ਹੱਥ ਅੱਗੇ ਕੀਤੇ ਤੇ ਉਨ੍ਹਾਂ ਦਾ ਇਕ ਨਿੱਕਾ ਜਿਹਾ ਆਲ੍ਹਣਾ ਉੱਸਰ ਗਿਆ। 2014 ਵਿਚ ਫੇਰ ਮਿਲਣ ਗਿਆ ਤਾਂ ਉਹੀ ਖ਼ੁਸ਼ੀ ਸੀ, ਨਾਲ ਬਾਰ ਬਾਰ ਧੰਨਵਾਦ ਕਰ ਰਹੇ ਸਨ ਉਨ੍ਹਾਂ ਸਾਰੇ ਸਨੇਹੀਆਂ ਦਾ ਜਿਨ੍ਹਾਂ ਨੇ ਘਰ ਬਣਾਉਣ ਵਿਚ ਮਦਦ ਕੀਤੀ। ਮਾਣਮੱਤੀ ਸ਼ਖ਼ਸੀਅਤ ਤੇ ਉੱਘੇ ਲੇਖਕ, ਚਿੰਤਕ ਪ੍ਰੋ. ਹਰਪਾਲ ਸਿੰਘ ਪੰਨੂ ਨੂੰ ਜਦੋਂ ਸਾਰੀ ਵਿੱਥਿਆ ਸੁਣਾਈ ਤਾਂ ਉਨ੍ਹਾਂ ਨੇ ਪੱਚੀ ਹਜ਼ਾਰ ਰੁਪਇਆ ਹੱਥ ਫੜਾ ਦਿੱਤਾ, ਕਹਿੰਦੇ, ਮੈਂ ਵੀ ਦਿਲਬਰ ਸਾਹਿਬ ਦੇ ਚਾਹੁਣ ਵਾਲਿਆਂ ਦੀ ਕਤਾਰ ਵਿੱਚੋਂ ਹਾਂ। 2015 ਫਰਵਰੀ ਮਹੀਨੇ ਉਨ੍ਹਾਂ ਨਾਲ ਲੰਮੀ ਚੌੜੀ ਗੱਲਬਾਤ ਦੀ ਵੀਡੀਓ ਰਿਕਾਰਡ ਕੀਤੀ, ਜਿਸ ਵਿਚ ਉਨ੍ਹਾਂ ਨੇ ਆਪਣੇ ਜੀਵਨ ਬਾਰੇ ਵਿਸਥਾਰ ਵਿਚ ਸਾਂਝ ਪਾਈ, ਜੋ ਹੂਬਹੂ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ:

? ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਜਨਮ ਸਥਾਨ ਬਾਰੇ ਚਾਨਣਾ ਪਾਓ।

: ਪਾਕਿਸਤਾਨ ਦਾ ਜਨਮ ਐ ਜੀ ਮੇਰਾ ... ਲਾਇਲਪੁਰ ਤੋਂ, ਆਜ਼ਾਦੀ ਤੋਂ ਬਾਅਦ ਇਸ ਦਾ ਨਾਮ ਫ਼ੈਸਲਾਬਾਦ ਰੱਖ ਲਿਆ ਗਿਆ।

? 1947 ਵਾਲੀ ਗਾਜ ਤੁਹਾਡੇ ਪਰਿਵਾਰ ’ਤੇ ਵੀ ਗਿਰੀ

: ਪੂਰੀ ਤਰ੍ਹਾਂ ਗਿਰੀ ਜੀ ... ਗਾਜ ਸਾਡੇ ਪੂਰੇ ਪਰਿਵਾਰ ’ਤੇ।

? ਉੱਥੇ ਤੁਹਾਡੇ ਪਰਿਵਾਰ ਦਾ ਕੀ ਕੰਮ ਧੰਦਾ ਸੀ

: ਮੇਰੇ ਬਾਬਾ ਜੀ ਫ਼ੌਜੀ ਸਨ ਤੇ ਰਿਟਾਇਰ ਹੋਣ ਤੋਂ ਬਾਅਦ ਸਾਡੀ ਥੋੜ੍ਹੀ ਜਿਹੀ ਜ਼ਮੀਨ ਇਸ ਪਾਸੇ ਸੀ, ਜ਼ਿਲ੍ਹਾ ਕਪੂਰਥਲਾ ਵਿੱਚ। ਫੇਰ ਉੱਧਰ ਵੀ ਜ਼ਮੀਨ ਠੇਕੇ ਤੇ ਲੈ ਲਈ ਸੀ 55 ਚੱਕ ਤੇ 60 ਚੱਕ ਵਿੱਚ ... ਉਹ ਵਾਹੀ ਕਰਦੇ ਸੀ ਜੀ ... ਤੇ ਮੇਰੇ ਪਿਤਾ ਜੀ ਫਰੀਡਮ ਫਾਈਟਰ ਸਨ ਤੇ ਭਰਤ ਰਾਮ ਰਾਓ ਦੀ ਕੰਟੀਨ ਜੋ ਕਿ ਅੰਗਰੇਜ਼ਾਂ ਨਾਲ ਸਾਂਝੀ ਸੀ ਤੇ ਉਹ ਅੱਜ ਵੀ ਚੱਲ ਰਹੀ ਹੈ ... ਵਿੱਚ ਕੰਮ ਕਰਦੇ ਸਨ।

? 1947 ਦੀ ਵੰਡ ਵੇਲੇ ਤੁਸੀਂ ਜਦੋਂ ਉੱਥੋਂ ਸਭ ਕੁਝ ਛੱਡ ਕੇ ਆਏ ਤਾਂ ਸਭ ਤੋਂ ਪਹਿਲਾਂ ਕਿੱਥੇ ਆ ਕੇ ਰੁਕੇ

: ਅਸੀਂ ਆਏ ਜੀ ਬਾਬੇ ਨਾਨਕ ਦੇ ਪਿੰਡ ਸੁਲਤਾਨ ਪੁਰ ਲੋਧੀ ... ਸਾਡੇ ਨਾਨਕੇ ਵੀ ਸਨ ਇੱਥੇ ... ਪਿੰਡ ਸੈਦਪੁਰ ਵਿਖੇ ... ਥੋੜ੍ਹਾ ਬਹੁਤਾ ਕੰਮ ਸ਼ੁਰੂ ਕੀਤਾ ਹੀ ਸੀ ਕਿ 1952 ਵਿੱਚ ਹੜ੍ਹ ਆ ਗਿਆ ਤੇ ਸਾਡਾ ਸਾਰਾ ਕੁੱਝ ਫੇਰ ਤੋਂ ਤਬਾਹ ਹੋ ਗਿਆ।

ਕਿਉਂਕਿ ਚੌਧਰੀ ਦੇਵੀ ਲਾਲ ਨਾਲ ਮੇਰੇ ਪਿਤਾ ਜੀ ਨੇ ਜੇਲ੍ਹ ਯਾਤਰਾ ਕੀਤੀ ਹੋਈ ਸੀ ਤਾਂ ਉਹ ਜਦੋਂ ਇੱਧਰ ਆਏ ਤਾਂ ਅਸੀਂ ਫੇਰ ਤੋਂ ਆਪਣਾ ਕਾਰੋਬਾਰ ਉਨ੍ਹਾਂ ਦੀ ਮਦਦ ਨਾਲ ਸ਼ੁਰੂ ਕੀਤਾ, ਹਲਵਾਈ ਦਾ ... ਸੋਹਣ ਸਿੰਘ ਨਾਮਧਾਰੀ ਜਲੇਬੀਆਂ ਬਣਾਉਂਦਾ ਸੀ ... ਜਦੋਂ ਮੈਂ ਇੱਥੇ ਜਲੇਬੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਬਹੁਤ ਪਸੰਦ ਕੀਤੀਆਂ ਗਈਆਂ ... ਕਿਉਂਕਿ ਇੱਥੇ ਪਹਿਲਾਂ ਮੈਦੇ ਵਿੱਚ ਖ਼ਮੀਰ ਪਾ ਕੇ ਜਲੇਬੀਆਂ ਬਣਾਈਆਂ ਜਾਂਦੀਆਂ ਸਨ, ਮੈਂ ਇੱਥੇ ਜਲੰਧਰੀ ਸਟਾਈਲ ਦੀਆਂ ਜਲੇਬੀਆਂ ਬਣਾ ਕੇ ਵੇਚੀਆਂ ਤਾਂ ਲੋਕਾਂ ਦੀ ਲਾਇਨ ਲੱਗੀ ਰਹਿੰਦੀ ਸੀ ਖ਼ਰੀਦਣ ਵਾਸਤੇ।

*****

(696)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮਿੰਟੂ ਬਰਾੜ

ਮਿੰਟੂ ਬਰਾੜ

Adelaide, Australia.
Email: (mintubrar@gmail.com)