“ਇਹ ਮੇਰੇ ਡੈਡੀ ਦੀ ਨਿੱਜਤਾ ਦਾ ਸਵਾਲ ਹੈ। ਉਹਨਾਂ ਨੂੰ ਆਖਰੀ ਇਸ਼ਨਾਨ ਕਰਾਉਣ ਦਾ ਹੱਕ ਸਿਰਫ਼ ...”
(13 ਮਈ 2021)
ਆਧੁਨਿਕ ਯੁਗ ਵਿੱਚ ਨਿੱਜਤਾ ਛਿੱਕੇ ’ਤੇ ਟੰਗੀ ਦਿਖਾਈ ਦਿੰਦੀ ਹੈ। ਸਾਡੇ ਬਜ਼ੁਰਗ ਭਾਵੇਂ ਅਨਪੜ੍ਹ ਸਨ ਪਰ ਪਰਦੇ ਦਾ ਮਤਲਬ ਸਮਝਦੇ ਸਨ। ਉਹ ਬੰਦ ਮੁੱਠੀਆਂ ਦੀ ਅਹਿਮੀਅਤ ਤੋਂ ਜਾਣੂ ਸਨ। ਅੱਜ ਹਰ ਕੋਈ ਆਪਣੇ ਪੋਤੜੇ ਜੱਗ ਦੇ ਸਾਹਮਣੇ ਫਰੋਲਣ ਵਿੱਚ ਵਡਿਆਈ ਮਹਿਸੂਸ ਕਰਦਾ ਹੈ। ਹੋ ਸਕਦਾ ਇਸੇ ਨੂੰ ਪੀੜ੍ਹੀਆਂ ਦਾ ਪਾੜਾ (ਜਨਰੇਸ਼ਨ ਗੈਪ) ਕਿਹਾ ਜਾਂਦਾ ਹੋਵੇ। ਹੋ ਸਕਦਾ ਹੈ ਪੜ੍ਹਨ ਲਿਖਣ ਨਾਲ ਉਹਨਾਂ ਦਾ ਤੀਜਾ ਨੇਤਰ ਖੁੱਲ੍ਹ ਕੇ ਇਹ ਕਹਿੰਦਾ ਹੋਵੇ ਕਿ ਨਿੱਜਤਾ ਦਾ ਜਨਾਜ਼ਾ ਕੱਢਣ ਵਾਲਾ ਹੀ ਮਹਾਨ ਹੁੰਦਾ ਹੈ।
ਨਿੱਜਤਾ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਹਾਂ। ਇੱਕ ਆਪਣੀ ਤੇ ਇੱਕ ਦੂਜੇ ਦੀ। ਆਪਣੀ ਨਿੱਜਤਾ ਉੱਤੇ ਤੁਹਾਨੂੰ ਪੂਰਾ ਅਧਿਕਾਰ ਹੈ। ਦੂਜੇ ਦੀ ਨਿੱਜਤਾ ਦੋ ਕਿਸਮ ਦੀ ਹੁੰਦੀ ਹੈ। ਇੱਕ ਜਿਉਂਦੇ ਜੀ ਦੀ ਤੇ ਇੱਕ ਉਸ ਦੇ ਮਰਨ ਤੋਂ ਪਿੱਛੋਂ ਦੀ। ਜਿਊਂਦੇ ਜੀਅ ਤਾਂ ਅਗਲਾ ਆਪੇ ਨਜਿੱਠੂ, ਜੇ ਕੋਈ ਉਸ ਦੀ ਨਿੱਜਤਾ ਵਿੱਚ ਖ਼ਲਲ ਪਾਊ। ਪਰ ਜੋ ਇਨਸਾਨ ਦੁਨੀਆ ਛੱਡ ਗਿਆ, ਉਸ ਦੇ ਕੀਤੇ ਚੰਗੇ ਮੰਦੇ ਕੰਮਾਂ ਨੂੰ ਤਾਂ ਤੁਸੀਂ ਖੰਘਾਲ ਸਕਦੇ ਹੋ ਪਰ ਉਸ ਦੀ ਨਿੱਜਤਾ ਉੱਤੇ ਤੁਹਾਡਾ ਕੋਈ ਅਧਿਕਾਰ ਨਹੀਂ ਬਣਦਾ।
ਆਸਟ੍ਰੇਲੀਆ ਆ ਕੇ ਬਹੁਤ ਕੁਝ ਨਵਾਂ ਦੇਖਿਆ, ਸੁਣਿਆ, ਸਮਝਿਆ ਅਤੇ ਅਪਣਾਇਆ। ਭਾਵੇਂ ਉਹਨਾਂ ਵਿੱਚੋਂ ਬਹੁਤ ਸਾਰੀਆਂ ਗੱਲਾਂ ਬਾਰੇ ਸੰਖੇਪ ਵਿੱਚ ਪਹਿਲਾ ਤੋਂ ਹੀ ਜਾਣਦੇ ਸੀ ਪਰ ਗਹਿਰਾਈ ਵਿੱਚ ਇੱਥੇ ਆ ਕੇ ਪਤਾ ਚੱਲਿਆ। ਅੱਜ ਜਦੋਂ ਦੁਨੀਆ ਮਹਾਂਮਾਰੀ ਨਾਲ ਜੂਝ ਰਹੀ ਹੈ ਤੇ ਹਰ ਦਿਨ ਚੜ੍ਹਦੇ ਨੂੰ ਸੋਸ਼ਲ ਮੀਡੀਆ ਦੁਖਦਾਈ ਸੁਨੇਹਿਆਂ ਨਾਲ ਲੱਦਿਆ ਦਿਖਾਈ ਦਿੰਦਾ ਹੈ ਤਾਂ ਉਸੇ ਦੌਰਾਨ ਜੋ ਨਿੱਜਤਾ ਦਾ ਘਾਣ ਸਾਨੂੰ ਦੇਖਣ ਨੂੰ ਮਿਲਦਾ ਹੈ, ਬੱਸ ਉਸੇ ਬਾਰੇ ਅੱਜ ਗੱਲ ਕਰਨੀ ਹੈ। ਕੀ ਕਿਸੇ ਦੀ ਮ੍ਰਿਤਕ ਦੇਹ ਦੀਆਂ ਤਸਵੀਰਾਂ ਜਨਤਕ ਤੌਰ ’ਤੇ ਸੋਸ਼ਲ ਮੀਡੀਆ ਉੱਤੇ ਪਾਉਣਾ ਜਾਇਜ਼ ਹੈ?
ਹੁਣ ਸੁਣੋ ਨਿੱਜਤਾ ਨਾਲ ਸਬੰਧਤ ਦੋ ਘਟਨਾਵਾਂ। ਮੇਰੇ ਯੂਟਿਊਬ ਚੈਨਲ ‘ਪੇਂਡੂ ਆਸਟ੍ਰੇਲੀਆ’ ਸ਼ੁਰੂ ਕਰਨ ਤੋਂ ਪਹਿਲਾਂ ਦੀ ਗੱਲ ਹੈ। ਮੈਂਨੂੰ ਅਤੇ ਮਨਪ੍ਰੀਤ ਸਿੰਘ ਢੀਂਡਸਾ ਨੂੰ ਸੰਗੀਤਿਕ ਫਿਲਮਾਂ ਬਣਾਉਣ ਦਾ ਭੂਤ ਸਵਾਰ ਹੋ ਗਿਆ। ਇੱਕ ਗਾਣਾ ਤਿਆਰ ਕੀਤਾ ਤੇ ਸ਼ੁਰੂ ਹੋ ਗਿਆ ਉਸ ਨੂੰ ਫਿਲਮਾਉਣ ਦਾ ਕੰਮ। ਚੰਗੀ ਪਟਕਥਾ ਲਿਖੀ, ਅਦਾਕਾਰੀ ਲਈ ਨੌਜਵਾਨ ਮੁੰਡੇ ਕੁੜੀਆਂ ਲੱਭੇ। ਇਸੇ ਦੌਰਾਨ ਇੱਕ ਇਰਾਨੀ ਕੁੜੀ ‘ਡੋਰਸਾ’ ਮਿਲੀ ਜੋ ਕਿ ਹਿੰਦੀ ਫਿਲਮਾਂ ਦੀ ਮੁਰੀਦ ਸੀ। ਉਸ ਨੂੰ ਗਾਣੇ ਦੀ ਮੁੱਖ ਅਦਾਕਾਰਾ ਦੇ ਤੌਰ ’ਤੇ ਚੁਣ ਲਿਆ। ਵੱਖੋ-ਵੱਖ ਮਨਮੋਹਕ ਥਾਂਵਾਂ ’ਤੇ ਗੀਤ ਫਿਲਮਾਇਆ। ਕੁਝ ਅਖੀਰੀ ਸੀਨ ਲੈਣ ਲਈ ਅਸੀਂ ਸਾਊਥ ਆਸਟ੍ਰੇਲੀਆ ਦੇ ਬਹੁਤ ਹੀ ਖ਼ੂਬਸੂਰਤ ਇਲਾਕੇ ਬਰੋਸਾ-ਵੈਲੀ ਦੀ ਇੱਕ ਖ਼ੂਬਸੂਰਤ ਸ਼ਮਸ਼ਾਨ ਨੂੰ ਚੁਣਿਆ। ਅਸੀਂ ਸੈੱਟ ਲਾ ਕੇ ਅਦਾਕਾਰਾ ਦਾ ਇੰਤਜ਼ਾਰ ਕਰ ਰਹੇ ਸੀ। ਜਦੋਂ ਉਹ ਆਈ ਤਾਂ ਕਾਰ ਵਿੱਚੋਂ ਉੱਤਰਦੇ ਹੀ ਬੋਲੀ ਕਿ “ਕੀ ਸੀਨ ਹੈ?” ਅਸੀਂ ਕਿਹਾ ਬੱਸ ਤੁਸੀਂ ਸਾਥੀ ਅਦਾਕਾਰ ਦਾ ਹੱਥ ਫੜ ਕੇ ਇਸ ਸ਼ਮਸ਼ਾਨ ਭੂਮੀ ਵਿੱਚੋਂ ਦੀ ਲੰਘ ਜਾਣਾ ਹੈ। ਕਿਉਂਕਿ ਗੀਤ ਦੇ ਕੁਝ ਬੋਲ ਇੱਦਾਂ ਦੇ ਸਨ। ਪਰ ਉਹ ਤਾਂ ਇਹ ਸੁਣਨ ਸਾਰ ਸਾਨੂੰ ਪੈ ਗਈ। ਕਹਿੰਦੀ, “ਕੀ ਤੁਹਾਡੇ ਹਿਰਦੇ ਵਿੱਚ ਇਹਨਾਂ ਤੁਰ ਗਏ ਲੋਕਾਂ ਪ੍ਰਤੀ ਭੋਰਾ ਸਤਿਕਾਰ ਨਹੀਂ? ਮੈਂ ਤਾਂ ਤੁਹਾਡੀਆਂ ਫਿਲਮਾਂ ਵਿੱਚ ਦੇਖਿਆ ਸੁਣਿਆ ਸੀ ਕਿ ਤੁਸੀਂ ਬਹੁਤ ਸੰਸਕਾਰੀ ਹੁੰਦੇ ਹੋ। ਜਾਓ, ਮੈਂ ਨਹੀਂ ਕਰਨਾ ਇਹ ਸੀਨ ਤੇ ਨਾ ਇਹ ਗਾਣਾ।” ਉਸ ਵਕਤ ਸਾਡੇ ਕੀ ਹਾਲ ਹੋਏ ਹੋਣਗੇ, ਇਹ ਤੁਸੀਂ ਹੁਣ ਆਪ ਆਪਣੇ ਦਿਮਾਗ਼ ਵਿੱਚ ਚਿਤਰ ਲਵੋ।
ਬੜੀ ਮੁਸ਼ਕਲ ਨਾਲ ਅਸੀਂ ਡੋਰਸਾ ਨੂੰ ਸਮਝਾ ਕੇ ਘਰ ਤੋਰਿਆ ਤੇ ਆਪਣੀ ਸਾਰੀ ਮਿਹਨਤ ਖੂਹ ਵਿੱਚ ਪਾ ਕੇ ਨਵੇਂ ਸਿਰੇ ਤੋਂ ਹੋਰ ਅਦਾਕਾਰਾਂ ਤੇ ਹੋਰ ਪਟਕਥਾ ਨਾਲ ਗੀਤ ਫਿਲਮਾਇਆ। ਪਰ ਹਾਂ ਜੋ ਸਬਕ ਉਹ ਕੁੜੀ ਸਾਨੂੰ ਦੇ ਗਈ, ਨਾ ਅਸੀਂ ਹਾਲੇ ਤਕ ਭੁੱਲੇ ਹਾਂ ਅਤੇ ਨਾ ਅਗਾਂਹ ਕਦੇ ਭੁੱਲਾਂਗੇ। ਜਾਂਦੀ-ਜਾਂਦੀ ਉਹ ਕਹਿਣ ਲੱਗੀ, “ਕੀ ਹੋਇਆ ਇਹ ਅੱਜ ਸੰਸਾਰ ਵਿੱਚ ਨਹੀਂ ਹਨ ਪਰ ਕੀ ਜੇ ਉਹ ਅੱਜ ਹੁੰਦੇ, ਉਹ ਸਾਨੂੰ ਆਪਣੀ ਨਿੱਜਤਾ ਵੱਲ ਝਾਕਣ ਦਿੰਦੇ?” ਉਸ ਦੇ ਸਵਾਲ ਬਹੁਤ ਗਹਿਰੇ ਸਨ। ਉਹਨਾਂ ਦਾ ਜਵਾਬ ਨਮੋਸ਼ੀ ਭਰੀ ਚੁੱਪ ਨਾਲ ਅਤੇ ਪਛਤਾਵੇ ਨਾਲ ਹੀ ਦਿੱਤਾ ਜਾ ਸਕਦਾ ਸੀ। ਜੋ ਅਸੀਂ ਉਸ ਵਕਤ ਦਿੱਤਾ।
ਦੂਜੀ ਘਟਨਾ ਵੀ ਸੁਣ ਲਵੋ। ਮੈਂ ਆਸਟ੍ਰੇਲੀਆ ਆਪਣੇ ਵੱਡੇ ਸਾਢੂ ਸਾਹਿਬ ਸ. ਨਿਰਮਲ ਸਿੰਘ ਦੇ ਕਹਿਣ ਅਤੇ ਉਹਨਾਂ ਦੀ ਮਦਦ ਸਦਕਾ ਹੀ ਆਉਣ ਵਿੱਚ ਕਾਮਯਾਬ ਹੋਇਆ ਸੀ। ਰੱਬੀ ਰੂਹ ਸਨ ਉਹ। ਅਚਾਨਕ ਇੱਕ ਭੈੜੀ ਬਿਮਾਰੀ ਉਹਨਾਂ ਨੂੰ ਸਾਡੇ ਕੋਲੋਂ ਲੈ ਗਈ। ਉਹਨਾਂ ਦੇ ਬੱਚੇ ਹਾਲੇ ਜਵਾਨੀ ਦੀ ਦਹਿਲੀਜ਼ ’ਤੇ ਸਨ। ਜਦੋਂ ਆਖ਼ਰੀ ਰਸਮਾਂ ਦੀ ਗੱਲ ਆਈ ਤਾਂ ਵੀਰ ਜੀ ਦੇ ਕੁਝ ਕੁ ਖ਼ਾਸ ਮਿੱਤਰ ਮੇਰੇ ਨਾਲ ਬੈਠੇ ਸਲਾਹ ਮਸ਼ਵਰਾ ਕਰ ਰਹੇ ਸਨ। ਸਾਰਿਆਂ ਨੇ ਰਲ-ਮਿਲ ਆਖ਼ਰੀ ਰਸਮਾਂ ਦੀ ਰੂਪ ਰੇਖਾ ਤੈਅ ਕਰ ਲਈ। ਜਦੋਂ ਇਹ ਉਹਨਾਂ ਦੇ ਬੱਚਿਆਂ ਨਾਲ ਸਾਂਝੀ ਕੀਤੀ ਤਾਂ ਉਹਨਾਂ ਦਾ ਬੇਟਾ ਤਖ਼ਤ ਸਿੰਘ, ਜੋ ਕਿ ਆਸਟ੍ਰੇਲੀਆ ਦਾ ਜੰਮਪਲ ਹੈ, ਕਹਿੰਦਾ, “ਨਹੀਂ! ਇਹ ਸਾਨੂੰ ਮਨਜ਼ੂਰ ਨਹੀਂ।”
ਅਸੀਂ ਠਠੰਬਰ ਗਏ ਕਿ ਕਿਹੜੀ ਗੁਸਤਾਖ਼ੀ ਹੋ ਗਈ ਸਾਡੇ ਕੋਲੋਂ। ਉਹ ਕਹਿੰਦਾ, “ਇਹ ਮੇਰੇ ਡੈਡੀ ਦੀ ਨਿੱਜਤਾ ਦਾ ਸਵਾਲ ਹੈ। ਉਹਨਾਂ ਨੂੰ ਆਖਰੀ ਇਸ਼ਨਾਨ ਕਰਾਉਣ ਦਾ ਹੱਕ ਸਿਰਫ਼ ਸਾਡੇ ਕੋਲ ਆ।”
ਉਹ ਬੱਚਾ ਅੱਖਾਂ ਲਾਲ ਕਰ ਕੇ ਸਾਨੂੰ ਸਵਾਲ ਕਰ ਰਿਹਾ ਸੀ, “ਜੇ ਮੇਰੇ ਡੈਡੀ ਜਿਊਂਦੇ ਹੁੰਦੇ, ਉਹ ਇੱਦਾਂ ਇੱਕ ਭੀੜ ਕੋਲੋਂ ਨਹਾਉਣਾ ਚਾਹੁੰਦੇ?”
ਸਾਡੇ ਲਈ ਇਹ ਗੱਲ ਮੁੱਢੋਂ ਨਵੀਂ ਸੀ, ਅਸੀਂ ਕਦੇ ਇਸ ਪੱਖ ਤੋਂ ਦੇਖਿਆ ਸੋਚਿਆ ਹੀ ਨਹੀਂ ਸੀ, ਪਰ ਗੱਲ ਬਹੁਤ ਪਤੇ ਦੀ ਅਤੇ ਵਜ਼ਨਦਾਰ ਸੀ। ਸੋ ਅਸੀਂ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਅਤੇ ਪਰਿਵਾਰਿਕ ਨਿੱਜਤਾ ਨੂੰ ਕਾਇਮ ਰੱਖਿਆ।
ਸੋ ਦੋਸਤੋ ਹੁਣ ਜਦੋਂ ਵੀ ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਮ੍ਰਿਤਕ ਦੇਹਾਂ ਦੀਆਂ ਤਸਵੀਰਾਂ ਦੇਖਦਾ ਹਾਂ ਤਾਂ ਦਿਲ ਅੰਦਰ ਧੂਹ ਪੈਂਦੀ ਹੈ ਕਿ ਕਦੋਂ ਸਾਡੀ ਸਮਝ ਡੋਰਸਾ ਅਤੇ ਤਖ਼ਤ ਵਰਗੀ ਹੋਵੇਗੀ? ਵੱਡੀ ਗੱਲ ਤਾਂ ਇਹ ਹੈ ਕਿ ਜੋ ਆਖ਼ਰੀ ਫ਼ੋਟੋ ਬੰਦਾ ਦੇਖ ਲੈਂਦਾ, ਤਾਅ ਉਮਰ ਉਹੀ ਜ਼ਿਹਨ ਵਿੱਚ ਘੁੰਮਦੀ ਰਹਿੰਦੀ ਹੈ। ਉੱਘੇ ਕਲਾਕਾਰ ਜਸਪਾਲ ਭੱਟੀ ਹੋਰਾਂ ਨਾਲ ਮੈਂ ਉਹਨਾਂ ਦੀ ਮੌਤ ਤੋਂ ਕੁਝ ਕੁ ਘੰਟੇ ਪਹਿਲਾਂ ਰੇਡੀਓ ’ਤੇ ਇੱਕ ਮੁਲਾਕਾਤ ਕੀਤੀ ਸੀ। ਬਹੁਤ ਖ਼ੂਬਸੂਰਤ ਯਾਦਾਂ ਸਨ ਦਿਮਾਗ਼ ਵਿੱਚ। ਪਰ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਕਿਸੇ ਨੇ ਉਹਨਾਂ ਦੀ ਮ੍ਰਿਤਕ ਦੇਹ ਦੀਆਂ ਤਸਵੀਰਾਂ ਹਸਪਤਾਲ ਦੇ ਇੱਕ ਸਟਰੈਚਰ ’ਤੇ ਬਹੁਤ ਹੀ ਬੁਰੀ ਹਾਲਤ ਵਿੱਚ ਸੋਸ਼ਲ ਮੀਡੀਆ ’ਤੇ ਪਾ ਦਿੱਤੀਆਂ। ਉਸ ਤੋਂ ਬਾਅਦ ਅੱਜ ਤਕ ਮੈਂਨੂੰ ਮੇਰੀਆਂ ਯਾਦਾਂ ਵਿੱਚ ਕਦੇ ਉਹ ਮੁਸਕਰਾਉਂਦਾ ਜਸਪਾਲ ਭੱਟੀ ਨਹੀਂ ਦਿਸਿਆ। ਕਹਿੰਦੇ ਹਨ ਕਿ ਰਾਜੇਸ਼ ਖੰਨਾ ਨੇ ਆਪਣੀ ਬਿਮਾਰੀ ਦੀ ਹਾਲਤ ਵਿੱਚ ਆਪਣੇ ਆਪ ਨੂੰ ਅੰਦਰ ਤਾੜ ਲਿਆ ਸੀ ਕਿਉਂਕਿ ਉਹ ਚਾਹੁੰਦਾ ਸੀ ਉਸ ਦੀ ਸੁਪਰ ਸਟਾਰ ਦੀ ਸਾਖ਼ ਉਸ ਦੇ ਚਾਹੁਣ ਵਾਲਿਆਂ ਵਿੱਚ ਬਣੀ ਰਹੇ। ਨਾ ਕਿ ਲੋਕ ਉਸਦੀਆਂ ਬੁਰੀ ਹਾਲਤ ਵਿੱਚ ਤਸਵੀਰਾਂ ਦੇਖਣ ਤੇ ਉਸੇ ਰਾਜੇਸ਼ ਖੰਨੇ ਨੂੰ ਰਹਿੰਦੀ ਉਮਰ ਯਾਦ ਕਰਨ।
ਹਰ ਮੁਲਕ ਨੇ ਆਪਣੇ-ਆਪਣੇ ਢੰਗ ਨਾਲ ਇਸ ਮਸਲੇ ’ਤੇ ਕਾਨੂੰਨ ਵੀ ਬਣਾਏ ਹੋਏ ਹਨ। ਪਰ ਅਫ਼ਸੋਸ, ਬਹੁਤ ਘੱਟ ਲੋਕ ਜਾਣਦੇ ਹਨ ਅਤੇ ਇਹਨਾਂ ਦੀ ਵਰਤੋਂ ਕਰਦੇ ਹਨ। ਕਾਨੂੰਨ ਵਰਤੋਗੇ ਵੀ ਕੀਹਦੇ ਉੱਤੇ? ਕਿਉਂਕਿ ਅਸੀਂ ਤਾਂ ਆਪ ਹੀ ਆਪਣਿਆਂ ਦੀਆਂ ਹੀ ਮ੍ਰਿਤਕ ਦੇਹਾਂ ਦੀਆਂ ਤਸਵੀਰਾਂ ਜਨਤਕ ਸਾਂਝੀਆਂ ਕਰਦੇ ਹਾਂ। ਹਾਂ, ਇੱਕ ਕਾਨੂੰਨ ਅਕਾਲ ਪੁਰਖ ਦੀ ਰਜ਼ਾ ਵਿੱਚ ਦੁਨਿਆਵੀ ਵੀ ਹੈ ਜਿਸ ਵਿੱਚ ਕਿਸੇ ਦੀ ਮਿੱਟੀ ਨੂੰ ਸਾਂਭਣਾ ਵੀ ਇੱਕ ਵੱਡਾ ਪੁੰਨ ਦੱਸਿਆ ਗਿਆ ਹੈ।
ਕਿਸੇ ਵੀ ਮ੍ਰਿਤਕ ਦੇਹ ਦੀ ਤਸਵੀਰ ਜਨਤਕ ਕਰਨ ਤੋਂ ਪਹਿਲਾਂ ਐਨਾ ਕੁ ਸੋਚ ਲਿਆ ਕਰੋ ਕਿ ਤੁਸੀਂ ਆਪ ਦਸ-ਦਸ ਤਸਵੀਰਾਂ ਵਿੱਚੋਂ ਫਿਲਟਰ ਲਾ-ਲਾ ਕੇ ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਪਾਉਂਦੇ ਹੋ ਤੇ ਕੀ ਤੁਸੀਂ ਚਾਹੋਗੇ ਕਿ ਕੋਈ ਤੁਹਾਡੀ ਬੇ-ਸੂਰਤ ਤਸਵੀਰ ਕੋਈ ਜਨਤਕ ਕਰੇ? ਮੈਂ ਤਾਂ ਕਦੇ ਵੀ ਨਹੀਂ ਚਾਹਾਂਗਾ ਕਿ ਕੋਈ ਮੇਰੀ ਨੱਕ ਵਿੱਚ ਫੰਭੇ ਪਾਏ ਦੀ ਤਸਵੀਰ ਖਿੱਚੇ ਤੇ ਜਨਤਕ ਕਰੇ। ਜੇਕਰ ਕਿਸੇ ਇਨਸਾਨ ਨੂੰ ਤੁਸੀਂ ਸੱਚੇ ਦਿਲੋਂ ਚਾਹੁੰਦੇ ਸੀ ਤਾਂ ਉਸ ਦੀ ਨਿੱਜਤਾ ਨੂੰ ਧਿਆਨ ਰੱਖਦੇ ਉਸ ਦੀ ਮ੍ਰਿਤਕ ਦੇਹ ਦੀਆਂ ਤਸਵੀਰਾਂ ਨਾਲੋਂ ਉਸ ਦੇ ਚੰਗੇ ਸਮੇਂ ਦੀ ਤਸਵੀਰ ਨੂੰ ਜਨਤਕ ਕਰ ਕੇ ਆਪਣੀ ਹਮਦਰਦੀ ਜ਼ਾਹਿਰ ਕਰ ਲਿਆ ਕਰੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2776)
(ਸਰੋਕਾਰ ਨਾਲ ਸੰਪਰਕ ਲਈ: