“ਮੇਰੇ ਹੰਸ ਰਾਜ ਹੰਸ ਨਾਲ ਵੀ ਕੁਝ ਇਹੋ ਜਿਹੇ ਸਿੰਗ ਫਸੇ ਸਨ, ਜਦੋਂ ਉਸ ਨੇ ...”
(8 ਮਈ 2020)
‘ਵਿਵਾਦ’, ਮਸ਼ਹੂਰੀ ਅਤੇ ਸਫਲਤਾ ਲੈਣ ਦਾ ਇੱਕ ਸਭ ਤੋਂ ਕਾਰਗਰ ਤੇ ਸੁਖਾਲਾ ਹਥਿਆਰ ਹੈ, ਜਿਸ ਨੂੰ ਅੱਜ ਕੁਝ ਲੋਕ ਬੜੀ ਬਾਖੂਬੀ ਨਾਲ ਵਰਤਦੇ ਰਹਿੰਦੇ ਹਨ। ਆਮ ਜਨਤਾ ਇਹਨਾਂ ਦਾ ਸ਼ਿਕਾਰ ਹੁੰਦੀ ਹੈ। ਕਦੇ ਇਹ ਜਨਤਾ ਦੀ ਜੇਬ ਕੁਤਰਦੇ ਹਨ ਤੇ ਕਦੇ ਭਾਵਨਾਵਾਂ। ਖ਼ਾਸ ਕਰਕੇ ਜੇ ਪੰਜਾਬੀ ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਸਸਤੀ ਸ਼ੁਹਰਤ ਦੇ ਭੁੱਖੇ ਤੁਹਾਨੂੰ ਆਮ ਹੀ ਦੇਖਣ ਨੂੰ ਮਿਲ ਜਾਣਗੇ। ਜਿਨ੍ਹਾਂ ਗਾਇਕਾਂ ਨੇ ਆਪਣੀ ਜ਼ਮੀਰ ਨਹੀਂ ਵੇਚੀ ਤੇ ਮਿਆਰ ਕਾਇਮ ਰੱਖਿਆ, ਉਨ੍ਹਾਂ ਨੂੰ ਸਦਾ ਸਲਾਮ ਹੈ।
ਪਾਠਕਾਂ ਤੋਂ ਅਗਾਊਂ ਮਾਫ਼ੀ ਇਸ ਲਈ ਮੰਗ ਰਿਹਾ ਹਾਂ ਕਿ ਜੋ ਸ਼ਬਦ ਅੱਜ ਦੇ ਇਸ ਲੇਖ ਵਿੱਚ ਲਿਖੇ ਜਾਣਗੇ ਉਹ ਮੇਰੇ ਕਿਰਦਾਰ ਦਾ ਹਿੱਸਾ ਨਹੀਂ ਹਨ। ਮਾਫ਼ੀ ਸਿਰਫ਼ ਪਾਠਕਾਂ ਤੋਂ ਹੈ ਕਿਉਂਕਿ ਉਹ ਮੇਰੇ ਤੋਂ ਮੰਦੀ ਭਾਸ਼ਾ ਦੀ ਆਸ ਨਹੀਂ ਕਰਦੇ, ਨਾ ਕਿ ਉਨ੍ਹਾਂ ਲੋਕਾਂ ਤੋਂ, ਜਿਹੜੇ ਆਪਣੇ ਕਹੇ ’ਤੇ ਖੜ੍ਹਨ ਦੀ ਹਿੰਮਤ ਨਹੀਂ ਰੱਖਦੇ।
ਲੇਖ ਲਿਖਣ ਦਾ ਕਾਰਨ ਹੈ, ਜਿੰਨੀ ਤੇਜ਼ੀ ਨਾਲ ਆਇਆ ਤੇ ਉੰਨੀ ਹੀ ਤੇਜ਼ੀ ਨਾਲ ਗਿਆ ਗੀਤ ‘ਮੇਰਾ ਕੀ ਕਸੂਰ’ ਜੋ ਕਿ ‘ਬੀਰ ਸਿੰਘ’ ਵੱਲੋਂ ਲਿਖਿਆ ਤੇ ‘ਰਣਜੀਤ ਬਾਵਾ’ ਵੱਲੋਂ ਗਾਇਆ ਗਿਆ ਸੀ। ਗੀਤ ਨੂੰ ਹਰ ਥਾਂ ਤੋਂ ਵਾਪਸ ਲੈ ਕੇ ਗਾਇਕ ਨੇ ਅਫ਼ਸੋਸ ਜਤਾ ਲਿਆ ਹੈ। ਉਸ ਦਾ ਕਹਿਣਾ ਹੈ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੁੰਦਾ।
ਅੱਜ ਜਦੋਂ ਇਸ ਗੱਲ ਦੀਆਂ ਖ਼ਬਰਾਂ ਬਣੀਆਂ ਤਾਂ ਮੈਂ ਆਪਣੇ ਇੱਕ ਮਿੱਤਰ ਗੁਰਪ੍ਰੀਤ ਸਿੰਘ ਗਿੱਲ ਨਾਲ ਗੱਲ ਕਰਦਾ ਕਹਿ ਬੈਠਾ ਕਿ ਆਹ ਜੋ ਪੰਜਾਬੀ ‘ਲੋਕ ਗਾਇਕ’ ਹਨ ਇਹਨਾਂ ਦਾ ਕੀ ਕੀਤਾ ਜਾਵੇ? ਤਾਂ ਉਹ ਕਹਿੰਦਾ, “ਬਾਈ, ਇਹਨਾਂ ਨੂੰ ‘ਲੋਕ ਗਾਇਕ’ ਕਹਿਣਾ ਸ਼ੋਭਾ ਨਹੀਂ ਦਿੰਦਾ। ਲੋਕ ਗਾਇਕ ਤਾਂ ਉਹ ਹੁੰਦੇ ਹਨ ਜੋ ਆਮ ਲੋਕਾਂ ਦੀਆਂ ਮੁਸੀਬਤਾਂ ਨੂੰ ਹਾਕਮਾਂ ਮੂਹਰੇ ਹਿੱਕ ਤਾਣ ਕੇ ਗਾਉਂਦੇ ਹੁੰਦੇ ਹਨ। ਉਦਾਹਰਨ ਦੇ ਤੌਰ ’ਤੇ ਬਹੁਤ ਸਾਰੇ ਅਫ਼ਰੀਕਨ ਗਾਇਕ ‘ਲੋਕ ਗਾਇਕ’ ਕਹਾਉਣ ਦੇ ਹੱਕਦਾਰ ਹਨ।”
ਜਦੋਂ ਮੈਂ ਕਿਹਾ, ਫੇਰ ਇਹਨਾਂ ਨੂੰ ਕੀ ਕਿਹਾ ਜਾਵੇ? ਤਾਂ ਉਹ ਬੜੇ ਹੀ ਸਹਿਜ ਵਿੱਚ ਕਹਿੰਦਾ, ‘ਲੋਕ’ ਦੀ ਥਾਂ ‘ਮੋਕ’ ਕਹਿ ਸਕਦੇ ਹੋ ਬਾਈ, ਕਿਉਂਕਿ ਇਹ ਆਪਣੇ ਗਿੱਟੇ ਲਬੇੜਦੇ ਬਿੰਦ ਨਹੀਂ ਲਾਉਂਦੇ।’ ਸੋ ਸਹਿਜੇ ਹੀ ਗੁਰਪ੍ਰੀਤ ਅੱਜ ਦੇ ਇਸ ਲੇਖ ਦਾ ਸਿਰਲੇਖ ਮੈਂਨੂੰ ਦੇ ਗਿਆ। ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਦੀ ਜਵਾਨੀ ਦੇ ਆਦਰਸ਼ ਜ਼ਿਆਦਾਤਰ ਲੋਕ ਗਾਇਕ ਅਤੇ ਫਿਲਮੀ ਨਾਇਕ ਹਨ। ਅਸਲ ਜ਼ਿੰਦਗੀ ਦੇ ਨਾਇਕ ਤਾਂ ਸਿਰਫ਼ ਕਿਤਾਬਾਂ ਵਿੱਚ ਹੀ ਸਿਮਟ ਕੇ ਰਹਿ ਗਏ ਹਨ। ਦੇਸ਼ ਦੀ ਜਵਾਨੀ ਖ਼ਿਆਲੀ ਪੁਲਾਅ ਦੇ ਗੀਤ ਸੁਣਦੀ ਹੈ ਤੇ ਫੇਰ ਆਪਣੇ ਆਦਰਸ਼ਾਂ ’ਤੇ ਟਿਕ-ਟਾਕ ਬਣਾ ਕੇ ਦੇਸ਼ ਦਾ ਭਵਿੱਖ ਸਿਰਜਣ ਵਿੱਚ ਵਿਅਸਤ ਹੈ।
ਇਹ ਵੀ ਅਫ਼ਸੋਸ ਹੈ ਕਿ ਪਿਛਲੇ ਇੱਕ ਸਾਲ ਵਿੱਚ ਇਹਨਾਂ ਵਿੱਚੋਂ ਕਈ ਗਾਇਕ ਜੋ ਗੀਤਾਂ ਵਿੱਚ ਆਪਣੇ ਆਪ ਨੂੰ ‘ਫੰਨੇ ਖਾਂ’ ਦੱਸਦੇ ਸਨ, ਪਰ ਜਦੋਂ ਵਾਹ ਪਿਆ ਤਾਂ ਗਿੱਟੇ ਲਿਬੇੜ ਗਏ। ਜਿਨ੍ਹਾਂ ਵਿੱਚ ਜ਼ਿਕਰਯੋਗ ਐਲੀ ਮਾਂਗਟ, ਮੂਸੇ ਵਾਲਾ ਅਤੇ ਹੁਣ ਰਣਜੀਤ ਬਾਵਾ ਤੁਹਾਡੇ ਸਾਹਮਣੇ ਹੈ।
ਗੱਲ ਰਣਜੀਤ ਬਾਵਾ ਦੀ ਕਰਦੇ ਹਾਂ। ਸ਼ੁਰੂ ਵਿੱਚ ਚੰਗਾ ਗਾਇਆ ਤੇ ਲੋਕਾਂ ਨੇ ਉਨ੍ਹਾਂ ਕੋਲੋਂ ਉਹੋ ਜਿਹੀਆਂ ਉਮੀਦਾਂ ਰੱਖ ਲਈਆਂ। ਫੇਰ ਜਦੋਂ ਅਚਾਨਕ ਸਲਵਾਰਾਂ ਦੇ ਪੌਂਚੇ ਮਿਣਨ ਲੱਗ ਪਿਆ ਤਾਂ ਥੋੜ੍ਹੀ ਬਹੁਤ ਥੂਹ-ਥੂਹ ਵੀ ਹੋਈ। ਪਰ ਇਹੋ ਜਿਹੇ ਮੌਕਿਆਂ ’ਤੇ ਸਾਡੇ ਇਹਨਾਂ ਗਾਇਕਾਂ ਦੇ ਤਰਕਸ਼ਾਂ ਵਿੱਚ ਇੱਕ ਧਾਰਮਿਕ ਤੀਰ ਹੁੰਦਾ ਹੈ ਤੇ ਉਹ ਇਸਨੂੰ ਚਲਾ ਦਿੰਦੇ ਹਨ ਤੇ ਭੋਲੀ-ਭਾਲੀ ਜਨਤਾ ਭੁੱਲਣਹਾਰ ਹੈ ਤੇ ਭੁੱਲ ਜਾਂਦੀ ਹੈ। ਬਿਨਾਂ ਸ਼ੱਕ ਰਣਜੀਤ ਬਾਵਾ ਨੇ ਚੰਗਾ ਵੀ ਬਹੁਤ ਕੁਝ ਗਾਇਆ। ਇਸ ਚੰਗੇ ਦੀ ਲੜੀ ਵਿੱਚ ਹੀ ਸੀ ‘ਮੇਰਾ ਕੀ ਕਸੂਰ'। ਪਰ ਅਫ਼ਸੋਸ, ਜਦੋਂ ਮਾੜਾ ਗਾਇਆ ਹਿੱਕ ਠੋਕ ਕੇ ਪਹਿਰਾ ਦਿੱਤਾ ਪਰ ਜਦੋਂ ਕੁਝ ਚੰਗਾ ਗਾਇਆ ਤਾਂ ਮੈਦਾਨ ਛੱਡ ਗਿਆ।
ਇਸ ਵਿਸ਼ੇ ’ਤੇ ਮੇਰਾ ਇੱਕ ਮਿੱਤਰ ਮਨਪ੍ਰੀਤ ਕਹਿੰਦਾ ਕਿ ਬਾਈ ਇਸਦਾ ਇੱਕ ਪਹਿਲੂ ਇਹ ਵੀ ਹੋ ਸਕਦਾ ਹੈ ਕਿ ਬਾਵੇ ਦੇ ਪਰਿਵਾਰ ਨੇ ਉਸ ਨੂੰ ਰੋਕ ਦਿੱਤਾ ਹੋਵੇ ਕਿਉਂਕਿ ਉਸ ਨੇ ਬਚਪਨ ਵਿੱਚ ਆਪਣੇ ਬਾਪ ਨੂੰ ਖੋ ਦਿੱਤਾ ਸੀ। ਮੈਂ ਉਸ ਨਾਲ ਇਸ ਗੱਲ ’ਤੇ ਕੁਝ ਹੱਦ ਤਕ ਸਹਿਮਤ ਹਾਂ, ਖ਼ੁਦ ਇਸ ਦੌਰ ਵਿੱਚੋਂ ਲੰਘਿਆ ਹਾਂ। ਪਰ ਫੇਰ ਉਸ ਦਾ ਪਰਿਵਾਰ ਦੋਸ਼ੀ ਹੈ ਕਿਉਂਕਿ ਉਸ ਵਕਤ ਪਰਿਵਾਰ ਨੇ ਉਸ ਨੂੰ ਕਿਉਂ ਨਹੀਂ ਰੋਕਿਆ ਜਦੋਂ ਉਹ ਲੋਕਾਂ ਦੀਆਂ ਧੀਆਂ ਦੀਆਂ ਮਿਣਤੀਆਂ ਕਰਦਾ ਸੀ ਜਾਂ ਫੇਰ ਚੌਂਕ ਵਿੱਚ ਬੰਦੇ ਮਾਰਨ ਦੀਆਂ ਗੱਲਾਂ ਕਰਦਾ ਸੀ।
ਇੱਕ ਪਹਿਲੂ ਹੋਰ ਵਿਚਾਰਨਯੋਗ ਹੈ, ਉਹ ਹੈ ਜੇਕਰ ਅਸੀਂ ਕੋਈ ਸੂਰਬੀਰਤਾ ਵਾਲੀ ਕਵਿਤਾ, ਕਹਾਣੀ, ਕਿਤਾਬ ਜਾਂ ਫੇਰ ਕੋਈ ਫਿਲਮ ਦੇਖ ਲਈਏ ਤਾਂ ਪਿੰਡੇ ’ਤੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ ਤੇ ਦਿਲ ਵਿੱਚ ਵੀ ਇੱਕ ਜਜ਼ਬਾ ਆ ਜਾਂਦਾ ਹੈ ਤੇ ਕਈਆਂ ਦਾ ਮੈਂ ਜੀਵਨ ਵੀ ਸਿਰਫ਼ ਇੱਕ ਘਟਨਾ ਨਾਲ ਬਦਲਦੇ ਦੇਖਿਆ। ਪਰ ਬਾਵੇ ਦੇ ਮਾਮਲੇ ਵਿੱਚ ਮੈਂਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਉਸ ਨੇ ‘ਤੂਫ਼ਾਨ ਸਿੰਘ’ ਫਿਲਮ ਵਿੱਚ ਇੱਕ ਇਹੋ ਜਿਹਾ ਚਰਿੱਤਰ ਜੀਵਿਆ, ਜੋ ਕੌਮ ਦੀ ਅਣਖ ਲਈ ਸਭ ਕੁਝ ਕੁਰਬਾਨ ਕਰ ਗਿਆ। ਲੰਮੇ ਚਿਰ ਵਿੱਚ ਇਹ ਫਿਲਮ ਬਣੀ ਸੀ ਪਰ ਪਤਾ ਨਹੀਂ ਕਿਉਂ ਉਹ ਰਣਜੀਤ ਨੂੰ ਇੰਨਾ ਕੁ ਹੌਸਲਾ ਵੀ ਨਹੀਂ ਦੇ ਕੇ ਗਈ ਕਿ ਅੱਜ ਉਸ ਨੂੰ ਸੱਚ ਬੋਲਣ ’ਤੇ ਭੱਜਣ ਦੀ ਲੋੜ ਨਾ ਪੈਂਦੀ।
ਭਾਵੇਂ ਅਧਿਕਾਰਤ ਤੌਰ ਉੱਤੇ ਗੀਤ ਹਟਾ ਲਿਆ ਗਿਆ ਹੈ ਪਰ ਨਿੱਜੀ ਤੌਰ ਉੱਤੇ ਹਾਲੇ ਵੀ ਬਹੁਤ ਥਾਂ ਘੁੰਮ ਰਿਹਾ ਹੈ। ਉਸ ਗੀਤ ਦੇ ਮੈਂ ਸਾਰੇ ਬੋਲ ਕਈ ਬਾਰ ਸੁਣ ਕੇ ਇਹ ਲੇਖ ਲਿਖਣ ਬੈਠਾ ਹਾਂ। ਮੈਂਨੂੰ ਉਸ ਗੀਤ ਵਿੱਚ ਇੱਕ ਵੀ ਇਹੋ ਜਿਹਾ ਸ਼ਬਦ ਨਹੀਂ ਲੱਭਿਆ ਜੋ ਝੂਠ ਹੋਵੇ। ਗੀਤਕਾਰ ਬੀਰ ਸਿੰਘ ਦੀ ਕਲਮ ਦਾ ਮੈਂ ਵੀ ਇੱਕ ਮੁਰੀਦ ਹਾਂ। ਇਹ ਗੀਤ ਸੁਣ ਕੇ ਸਹਿਜ ਸੁਭਾਅ ਮੈਂ ਉਨ੍ਹਾਂ ਨੂੰ ‘ਸ਼ਾਬਾਸ਼ ਸ਼ੇਰਾ’ ਵੀ ਕਹਿ ਚੁੱਕਿਆ ਹਾਂ।
ਮੈਂਨੂੰ ਲਗਦਾ ਹੈ ਗਿੱਦੜਾਂ ਦੀ ਸਲਾਹ ਕਾਮਯਾਬ ਹੋ ਗਈ ਹੈ, ਜਿਨ੍ਹਾਂ ਅਖੀਰ ‘ਅਖੌਤੀ ਸ਼ੇਰ’ ਘੇਰ ਹੀ ਲਿਆ। ਇੱਕ ਸੱਚ ਬੋਲਣਾ ਤੇ ਫੇਰ ਭੱਜਣਾ, ਸਮਝ ਤੋਂ ਬਾਹਰ ਦੀ ਗੱਲ ਹੈ। ਮਾਫ਼ ਕਰਨਾ! ਫੇਰ ਤਾਂ ਇਸ ਨੂੰ ‘ਮੋਕ’ ਮਾਰਨਾ ਹੀ ਕਿਹਾ ਜਾਵੇਗਾ।
ਗਾਇਕ ਕਹਿ ਰਿਹਾ ਹੈ ਕਿ ਕਿਸੇ ਦਾ ਦਿਲ ਨਹੀਂ ਦੁਖਾਉਣਾ, ਮੈਂ ਇਸ ਲਈ ਇਹ ਗੀਤ ਹਟਾ ਰਿਹਾ ਹਾਂ। ਪਰ ਦਿਲ ਤਾਂ ਉਦੋਂ ਵੀ ਕਈਆਂ ਦੇ ਦੁਖੇ ਹੋਣੇ ਹਨ ਜਦੋਂ ਤੁਸੀਂ ਕਿਸੇ ਦੀ ਧੀ ਵੱਲੋਂ ਪਾਏ ਕੱਪੜਿਆਂ ਨੂੰ ਦੇਖਣ ਦਾ ਨਜ਼ਰੀਆ ਬਦਲ ਦਿੱਤਾ ਸੀ। ਤੁਸੀਂ ਆਪਣੇ ਹੋਰ ਵੀ ਗੀਤ ਸੁਣ ਕੇ ਦੇਖ ਲਵੋ, ਕਿਸੇ ਨਾ ਕਿਸੇ ਦਾ ਹਿਰਦਾ ਤਾਂ ਹਰ ਗੀਤ ਨੇ ਵਲੂੰਧਰਿਆ ਹੋਣਾ ਹੈ। ਇੱਕ ਗੀਤ ਵਿੱਚ ਚੌਂਕ ਵਿੱਚ ਗੋਲੀ ਮਾਰਨ ਤਕ ਦੀ ਗੱਲ ਕੀਤੀ ਜਾਂਦੀ ਹੈ।
ਪਰ ਹੁਣ ਜੇ ਮੂਤ ਅਤੇ ਇਨਸਾਨ ਦੇ ਫ਼ਰਕ ’ਤੇ ਸੱਚ ਬੋਲ ਦਿੱਤਾ ਤਾਂ ਕਿਹੜਾ ਲੋਹੜਾ ਆ ਗਿਆ? ਜੇ ਧਰਮ ਦੇ ਭੇਖੀਆਂ ਨੂੰ ਭੇਖੀ ਕਹਿ ਦਿੱਤਾ ਤਾਂ ਕਿਹੜੀ ਗ਼ਲਤ ਗੱਲ ਹੋ ਗਈ? ਅਸਲ ਵਿੱਚ ਇਸਦਾ ਕਾਰਨ ਇਹ ਹੈ ਕਿ ਜੋ ਬਹੁ ਗਿਣਤੀ ਅਛੂਤ ਜਾਂ ਪੀੜਤ ਹਨ ਉਨ੍ਹਾਂ ਨੇ ਕੋਈ ਸ਼ਾਬਾਸ਼ ਜਾਂ ਆਰਥਿਕ ਫ਼ਾਇਦਾ ਨਹੀਂ ਦੇਣਾ ਸੀ। ਮੁੱਠੀ ਭਰ ਅਮੀਰ ਲੋਕਾਂ ਨੇ ਆਪਣੇ ਰਸੂਖ਼ ਅਤੇ ਪੈਸੇ ਦੇ ਜ਼ੋਰ ’ਤੇ ਖਾਟ ਵੀ ਖੜ੍ਹੀ ਕਰ ਦੇਣੀ ਸੀ ਤੇ ਗਾਇਕ ਦੀ ਰੋਟੀ ਉੱਤੇ ਵੀ ਲੱਤ ਮਾਰਨੀ ਸੀ।
ਕਿਸੇ ਨੇ ਜੇ ਤੁਹਾਡੇ ਖ਼ਿਲਾਫ਼ ਕੋਈ ਪਰਚਾ ਦਰਜ ਕਰਵਾ ਦਿੱਤਾ ਤਾਂ ਕਿਹੜਾ ਤੂਫ਼ਾਨ ਆ ਗਿਆ ਸੀ? ਅਦਾਲਤ ਵਿੱਚ ਸੱਚ ਨੂੰ ਸੱਚ ਕਹਿਣਾ ਅਤੇ ਉਸ ਨੂੰ ਸਾਬਿਤ ਕਰਨਾ ਕਿੰਨਾ ਕੁ ਔਖਾ ਸੀ? ਹੁਣ ਤਕ ਕਮਾਏ ਪੈਸਿਆਂ ਵਿੱਚੋਂ ਜੇ ਚਾਰ ਪੈਸੇ ਲਾ ਕੇ ਆਪਣੀ ਬੇਸ਼ਕੀਮਤੀ ਇੱਜ਼ਤ ਬਚਾ ਲਈ ਜਾਂਦੀ ਤਾਂ ਕੀ ਗ਼ਲਤ ਸੀ? ਮਿਹਨਤ ਕਰ ਕੇ ਪੈਸੇ ਇਸੇ ਲਈ ਕਮਾਏ ਜਾਂਦੇ ਹਨ ਕਿ ਲੋੜ ਪੈਣ ’ਤੇ ਇਹੋ ਜਿਹੇ ਫੋੜੇ ’ਤੇ ਲਾ ਕੇ ਇਸਦਾ ਇਲਾਜ ਕਰਾ ਲਿਆ ਜਾਵੇ।
ਜੇਕਰ ਗੁਰੂ ਨਾਨਕ ਦੇਵ ਜੀ ਇਹ ਸ਼ਬਦ ਉਚਾਰ ਕੇ-
ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
ਭਗਤ ਕਬੀਰ ਜੀ ਇਹ ਦੋਹਾ ਲਿਖ ਕੇ-
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥
ਤਉ ਆਨ ਬਾਟ ਕਾਹੇ ਨਹੀਂ ਆਇਆ॥
ਅਤੇ ਭਗਤ ਨਾਮ ਦੇਵ ਜੀ ਤੁਗਲਕ ਮੂਹਰੇ ਸੱਚ ਬੋਲ ਕੇ ਮਾਫ਼ੀ ਮੰਗ ਜਾਂਦੇ ਤਾਂ ਅੱਜ ਜੋ ਆਜ਼ਾਦੀ ਅਸੀਂ ਮਾਣ ਰਹੇ ਹਾਂ, ਉਹ ਵੀ ਨਹੀਂ ਮਿਲਣੀ ਸੀ।
ਪੰਜ ਅਤੇ ਸੱਤ ਸਾਲ ਦੇ ਬਾਲ ਸਾਹਿਬਜ਼ਾਦੇ ਸੱਚ ਲਈ ਅੜ ਕੇ ਸਾਰੀ ਕਾਇਨਾਤ ਤਕ ਆਪਣਾ ਬਚਪਨ ਸੰਭਾਲ ਗਏ।
ਜੇ ਭਗਤ ਸਿੰਘ ਬੰਬ ਸੁੱਟ ਕੇ ਭੱਜ ਜਾਂਦਾ ਤਾਂ ਉਸ ਨੇ ਰਹਿੰਦੀ ਦੁਨੀਆ ਤਕ ਜਵਾਨ ਨਹੀਂ ਸੀ ਰਹਿਣਾ। ਇਹ ਸੂਰੇ ਡਰੇ ਨਹੀਂ ਅਤੇ ਨਾ ਹੀ ਵਿਕੇ, ਤਾਂ ਹੀ ਇਹਨਾਂ ਦੀਆਂ ਤਸਵੀਰਾਂ ਵਿਕਦੀਆਂ।
ਅਸੀਂ ਉਸ ਗੁਰੂ ਹਰਿ ਰਾਏ ਸਾਹਿਬ ਦੇ ਸਿੱਖ ਹਾਂ ਜਿਨ੍ਹਾਂ ਆਪਣੇ ਪੁੱਤਰ ਬਾਬਾ ਰਾਮ ਰਾਏ ਨੂੰ ਸਾਰੀ ਉਮਰ ਇਸ ਲਈ ਮੱਥੇ ਨਹੀਂ ਸੀ ਲਾਇਆ ਕਿਉਂਕਿ ਉਨ੍ਹਾਂ ਨੇ ਹਕੂਮਤ ਦੇ ਡਰੋਂ ‘ਮਿਟੀ ਮੁਸਲਮਾਨ ਕੀ’ ਦੀ ਥਾਂ ‘ਮਿਟੀ ਬੇਈਮਾਨ ਕੀ’ ਕਹਿ ਦਿੱਤਾ ਸੀ।
ਬਾਵਾ ਜੀ, ਜਦੋਂ ਤੁਸੀਂ ਇਸ ਗੀਤ ਦੇ ਬੋਲ ਸੁਣੇ ਹੋਣਗੇ ਜਾਂ ਗਾਇਆ ਹੋਵੇਗਾ, ਉਦੋਂ ਨਹੀਂ ਪਤਾ ਸੀ ਕਿ ਦਮ ਤਾਂ ਇੱਕ ਦਬਕੇ ਦਾ, ਫੇਰ ਪੰਗਾ ਕਾਹਨੂੰ ਲੈਣਾ? ਇਹ ਸਤਰਾਂ ਲਿਖਦੇ ਨੂੰ ਮੈਂਨੂੰ ਪੂਰਾ ਪਤਾ ਕਿ ਇਹ ਤੁਹਾਡੇ ਅਤੇ ਤੁਹਾਡੇ ਜਿਹੇ ਹੋਰ ਕਈਆਂ ਦਾ ਦਿਲ ਦੁਖਾਉਣਗੀਆਂ। ਭਾਵੇਂ ਤੁਹਾਡਾ ਮਕਸਦ ਕਿਸੇ ਦਾ ਦਿਲ ਦੁਖਾਉਣਾ ਨਹੀਂ ਸੀ ਪਰ ਮੇਰਾ ਮਕਸਦ ਹੀ ਤੁਹਾਨੂੰ ਸ਼ੀਸ਼ਾ ਦਿਖਾਉਣਾ ਹੈ। ਸੋ ਅੰਜਾਮ ਜੋ ਹੋਵੇਗਾ, ਭੁਗਤਾਂਗੇ।
ਬੰਦਾ ਗ਼ਲਤੀਆਂ ਦਾ ਪੁਤਲਾ ਹੈ ਤੇ ਗ਼ਲਤੀ ਹੋਣ ’ਤੇ ਝੁਕ ਜਾਣ ਵਿੱਚ ਕੋਈ ਬੁਰਾਈ ਨਹੀਂ। ਦੁੱਖ ਇਸ ਗੱਲ ਦਾ ਹੈ ਕਿ ਸੱਚ ਬੋਲ ਕੇ ਡਰ ਜਾਣ ਨੂੰ ਤਾਂ ਫੇਰ ‘ਮੋਕ ਮਾਰਨਾ’ ਹੀ ਕਿਹਾ ਜਾਵੇਗਾ। ਫੇਰ ਐਵੇਂ ਨਾ ਲੋਕਾਂ ਦੇ ਪੁੱਤਾਂ ਨੂੰ ਗੁਮਰਾਹ ਕਰੀ ਜਾਇਆ ਕਰੋ ਕਿ ਅਸੀਂ ਸ਼ੇਰ ਹੁੰਦੇ ਹਾਂ, ਚੌਂਕ ਵਿੱਚ ਬੰਦਾ ਮਾਰ ਦਿੰਦੇ ਹਾਂ, ਆਦਿ।
ਗ਼ਲਤ ਨੂੰ ਗ਼ਲਤ ਕਹੇ ਬਿਨਾਂ ਨਹੀਂ ਰਹਿ ਸਕਦਾ। 2012 ਵਿੱਚ ਐਡੀਲੇਡ ਵਿਖੇ ਹਨੀ ਸਿੰਘ ਨਾਲ ਇੱਕ ਮੁਲਾਕਾਤ ਕੀਤੀ ਸੀ, ਉਸ ਦੇ ਮੂੰਹ ’ਤੇ ਸੱਚ ਬੋਲਿਆ ਸੀ। ਪਰਚਾ ਵੀ ਦਰਜ ਹੋਇਆ ਮੇਰੇ ’ਤੇ। ਉਸ ਦੇ ਚਾਹੁਣ ਵਾਲੇ ਇੱਕ ਨਹੀਂ, ਹਜ਼ਾਰਾਂ ਲੋਕਾਂ ਨੇ ਗਾਲ੍ਹਾਂ ਵੀ ਕੱਢੀਆਂ, ਜੋ ਅੱਜ ਵੀ ਯੂਟਿਊਬ ’ਤੇ ਜਾ ਕੇ ਪੜ੍ਹੀਆਂ ਜਾ ਸਕਦੀਆਂ ਹਨ। ਭਾਵੇਂ ਰੋਜ਼ ਕਮਾ ਕੇ ਖਾਣ ਵਾਲੇ ਹਾਂ ਪਰ ਉਨ੍ਹਾਂ ਸਰਮਾਏਦਾਰਾਂ ਅੱਗੇ ਝੁਕੇ ਨਹੀਂ ਸੀ। ਅੱਜ ਵੀ ਮਾਣ ਹੈ ਉਸ ਕਾਰਜ ’ਤੇ ਅਤੇ ਉਨ੍ਹਾਂ ਸਾਥੀਆਂ ’ਤੇ ਜੋ ਉਸ ਵਕਤ ਨਾਲ ਖੜ੍ਹੇ ਸਨ।
ਉਸ ਤੋਂ ਕਈ ਵਰ੍ਹੇ ਪਹਿਲਾਂ ਮੇਰੇ ਹੰਸ ਰਾਜ ਹੰਸ ਨਾਲ ਵੀ ਕੁਝ ਇਹੋ ਜਿਹੇ ਸਿੰਗ ਫਸੇ ਸਨ, ਜਦੋਂ ਉਸ ਨੇ ਆਪਣੀ ਕਲਾ ਛੱਡ ਸਮੇਂ ਦੇ ਹਾਕਮਾਂ ਦੇ ਡਰ ਵਿੱਚ ਸਸਤਾ ਆਟਾ ਦਾਲ ਵੇਚਣਾ ਸ਼ੁਰੂ ਕਰ ਦਿੱਤਾ ਸੀ। ਅੱਜ ਵੀ ਉਹ ਲੇਖ “ਹੁਣ ਸਾਡੇ ਰਾਜ ਗਾਇਕ ਸਸਤਾ ਆਟਾ ਦਾਲ ਵੇਚਿਆ ਕਰਨਗੇ” ਸਿਰਲੇਖ ਥੱਲੇ ਆਨ ਲਾਈਨ ਪੜ੍ਹਿਆ ਜਾ ਸਕਦਾ ਹੈ।
ਰਣਜੀਤ ਤਾਂ ਸਿਰਫ਼ ਇਹ ਲੇਖ ਲਿਖਣ ਦਾ ਸਬੱਬ ਬਣ ਗਿਆ। ਨਿੱਜੀ ਤੌਰ ਉੱਤੇ ਮੇਰਾ ਉਸ ਨਾਲ ਕੋਈ ਵੱਟ ਦਾ ਰੌਲਾ ਨਹੀਂ ਹੈ। ਬਿਨਾਂ ਆਖਿਆ ਨਹੀਂ ਰਹਿ ਸਕਦਾ, ਬਿਨਾਂ ਖਾਧਿਆਂ ਰਹਿ ਸਕਦਾ ਹਾਂ।
ਡਾ, ਜੇ ਡੀ ਚੌਧਰੀ ਦੀ ਇੱਕ ਕਵਿਤਾ, ਜੋ ਮੈਂਨੂੰ ਸਦਾ ਪ੍ਰੇਰਦੀ ਰਹੀ ਹੈ-
ਕੋਈ ਵੀ ਗੱਲ ਸੁਣ ਸਕਦਾ ਹਾਂ,
ਕੋਈ ਵੀ ਗੱਲ ਕਹਿ ਸਕਦਾ ਹਾਂ,
ਬਿਨਾਂ ਆਖਿਆਂ ਨਹੀਂ ਰਹਿ ਸਕਦਾ,
ਬਿਨਾਂ ਖਾਧਿਆਂ ਰਹਿ ਸਕਦਾ ਹਾਂ।
ਉਹ ਖੇਤਾਂ ਵਿੱਚ ਖੜ੍ਹੇ ਡਰਾਉਣੇ,
ਨਾਲੋਂ ਵੱਧ ਕੁਝ ਹੋਰ ਨਹੀਂ,
ਜੋ ਵੀ ਮੇਰਾ ਰਾਹ ਰੋਕੇਗਾ,
ਮੈਂ ਉਹਦੇ ਸੰਗ ਖਹਿ ਸਕਦਾ।
ਬਦਲ ਰਹੇ ਮੌਸਮ ਦੇ ਕੋਲੋਂ,
ਤੈਨੂੰ ਚਿੰਤਾ ਹੋ ਸਕਦੀ ਹੈ,
ਮੈਂ ਗਰਮੀ ਵਿੱਚੋਂ ਵੀ ਲੰਘਿਆ ਹਾਂ,
ਤੇ ਸਰਦੀ ਵੀ ਸਹਿ ਸਕਦਾ ਹਾਂ।
ਜੇ ਕਰ ਵਹਿੰਦੇ ਪਾਣੀ ਦੇ ਸੰਗ,
ਵਹਿ ਜਾਣਾ ਫਿਤਰਤ ਹੈ ਤੇਰੀ,
ਤੂੰ ਕਿੰਝ ਇਹ ਸੋਚ ਲਿਆ,
ਮੈਂ ਤੇਰੇ ਸੰਗ ਵਹਿ ਸਕਦਾ ਹਾਂ।
ਅਣਜਾਣੀ ਵੱਡੀ ਮਹਿਫ਼ਲ ਵਿੱਚ,
ਜਾ ਕੇ ਗ਼ੈਰ ਸਦਾਵਣ ਦੇ ਥਾਂ,
ਮੈਂ ਇਕੱਲਾ ਹੀ ਉੱਠ ਸਕਦਾ ਹਾਂ,
ਮੈਂ ਇਕੱਲਾ ਹੀ ਬਹਿ ਸਕਦਾ ਹਾਂ।
ਉਮੀਦ ’ਤੇ ਦੁਨੀਆ ਕਾਇਮ ਹੈ। ਤਾਂ ਹੀ ਉਮੀਦ ਹੈ ਕਿ ‘ਨਾਨਕ ਦਾ ਪੁੱਤ’ ਕਹਾਉਣ ਵਾਲਾ ‘ਬੀਰ ਸਿੰਘ’ ਇਸ ਤੋਂ ਵੀ ਸਖ਼ਤ ਸ਼ਬਦਾਂ ਦੀਆਂ ਰਚਨਾਵਾਂ ਲਿਖ ਕੇ ਤੇਰਾ-ਤੇਰਾ ਤੋਲਦਾ ਰਹੇਗਾ ਅਤੇ ਲੋਕ ਗੀਤਕਾਰ ਕਹਾਏਗਾ। ਇਸ ਤੋਂ ਬਾਅਦ ਰਣਜੀਤ ਬਾਵਾ ਤੋਂ ਉਮੀਦ ਹੈ ਕਿ ਜੇ ਸੱਚ ਗਾਉਣ ਦਾ ਹੌਸਲਾ ਨਾ ਵੀ ਕਰ ਪਾਇਆ ਤਾਂ ਘੱਟ ਤੋਂ ਘੱਟ ਜਵਾਨੀ ਨੂੰ ਗੁਮਰਾਹ ਕਰਨ ਵਾਲੇ ਗੀਤ ਤਾਂ ਨਹੀਂ ਗਾਏਗਾ।
ਅੰਤ ਵਿੱਚ ਫਿੱਟ ਲਾਹਨਤ ਉਨ੍ਹਾਂ ਪੁਲਿਸ ਵਾਲਿਆਂ ਨੂੰ, ਜਿਨ੍ਹਾਂ ਨੂੰ ਆਪਣੇ ਫ਼ਰਜ਼ਾਂ ਤੋਂ ਵੱਧ ਮੂਸੇ ਆਲੇ ਨੂੰ ਖ਼ੁਸ਼ ਕਰਨਾ ਜ਼ਿਆਦਾ ਸਹੀ ਲੱਗਿਆ। ਬੇਨਤੀ, ਇਹਨਾਂ ਗਾਇਕਾਂ ਨੂੰ ਆਪਣੇ ਆਦਰਸ਼ ਮੰਨਣ ਵਾਲੇ ਨੌਜਵਾਨਾਂ ਨੂੰ ਹੈ ਕਿ ਰੱਜ ਰੱਜ ਜਵਾਨੀਆਂ ਮਾਣੋ। ਜੇ ਕਿਸੇ ਨੂੰ ਆਦਰਸ਼ ਹੀ ਬਣਾਉਣਾ ਹੈ ਤਾਂ ਬਹੁਤ ਉੱਚੀਆਂ ਤੇ ਸੁੱਚੀਆਂ ਸ਼ਖ਼ਸੀਅਤਾਂ ਹੋਈਆਂ ਨੇ ਦੁਨੀਆ ’ਚ, ਉਨ੍ਹਾਂ ਬਾਰੇ ਜਾਣੋ। ਹਾਂ, ਮੈਂ ਨਹੀਂ ਕਹਿੰਦਾ ਕਿ ਜਵਾਨੀ ਵੇਲੇ ਤੁਸੀਂ ਮਨੋਰੰਜਨ ਨਾ ਕਰੋ। ਚੰਗੇ ਗੀਤ ਸੁਣੋ, ਨੱਚੋ ਟੱਪੋ ਤੇ ਇਹਨਾਂ ਕਲਾਕਾਰਾਂ ਨੂੰ ਬਣਦਾ ਮਾਣ ਸਤਿਕਾਰ ਦਿਓ ਪਰ ਆਪਣਾ ਰੱਬ ਨਾ ਬਣਾਓ। ਕਿਉਂਕਿ ਸਾਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਬਹੁਤ ਪਹਿਲਾਂ ਹੀ ‘ਆਸਾ ਕੀ ਵਾਰ’ ਵਿੱਚ ਵਿਸਤਾਰ ਪੂਰਵਕ ਦੱਸ ਗਏ ਸਨ ਕਿ ਇਹ ਸਭ ਰੋਟੀਆਂ ਕਮਾਉਣ ਲਈ ਹੈ;
ਮਃ 1 ॥
ਵਾਇਨਿ ਚੇਲੇ ਨਚਨਿ ਗੁਰ॥
ਪੈਰ ਹਲਾਇਨਿ ਫੇਰਨਿ ਸਿਰ॥
ਉਡਿ ਉਡਿ ਰਾਵਾ ਝਾਟੈ ਪਾਇ॥
ਵੇਖੈ ਲੋਕੁ ਹਸੈ ਘਰਿ ਜਾਇ॥
ਰੋਟੀਆ ਕਾਰਣਿ ਪੂਰਹਿ ਤਾਲ॥
ਆਪੁ ਪਛਾੜਹਿ ਧਰਤੀ ਨਾਲਿ॥
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2113)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)