MintuBrar7ਹੁਣ ਜਦੋਂ ਔਕਾਤ ਤੋਂ ਬਾਹਰ ਹੋ ਕੇ ਇਹ ਗੱਲਾਂ ਲਿਖ ਹੀ ਦਿੱਤੀਆਂ ਹਨ ਤਾਂ ਜਾਂਦੇ-ਜਾਂਦੇ  ...
(18 ਜਨਵਰੀ 2016)

 

ਪੰਜਾਬ ਵਿਚ ਚੋਣਾਂ ਦਾ ਬਿਗਲ ਵੱਜਦੇ ਸਾਰ ਪਹਿਲਾਂ ਹੀ ਭਖਿਆ ਚੋਣ ਦੰਗਲ ਹੋਰ ਮਘ ਚੁੱਕਿਆ ਹੈ। ਸਿਆਸੀ ਭਲਵਾਨਾਂ ਨੇ ਪਿੰਡਿਆਂ ਨੂੰ ਤੇਲ ਮਲਣਾ ਸ਼ੁਰੂ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਅਖਾੜਾ ਪੁੱਟ ਦਿੱਤਾ ਹੈ। ਜ਼ਾਬਤੇ ਰੂਪੀ ਕਲੀ ਪਾ ਕੇ ਮੈਦਾਨ ਦਾ ਦਾਇਰਾ ਬਣਾ ਦਿੱਤਾ ਹੈ। ਫ਼ਿਜ਼ਾ ਵਿੱਚ ਵਾਅਦਿਆਂ ਦੀ ਗੂੰਜ ਹੈ, ਨਾਅਰਿਆਂ ਦਾ ਸ਼ੋਰ ਹੈ, ਮੁਜ਼ਾਹਰੇ, ਰੈਲੀਆਂ, ਨੁੱਕੜ ਸਭਾਵਾਂ ਅਤੇ ਦਰ-ਦਰ ਜਾਣ ਦਾ ਸਿਲਸਿਲਾ ਰਫ਼ਤਾਰ ਫੜ ਰਿਹਾ ਹੈ। ਰੁੱਸਿਆਂ ਨੂੰ ਮਨਾਉਣ ਲਈ ਨਰਾਇਣ ਕੀੜੀਆਂ ਦੇ ਘਰ ਤਸ਼ਰੀਫ਼ ਲਿਆ ਰਹੇ ਹਨ। ਗ਼ਰੀਬ ਦੀ ਬੱਕਰੀ ਦੇ ਦੁੱਧ ਵਿੱਚ ਦੋਇਮ ਦਰਜੇ ਦੇ ਗੁੜ ਵਾਲੀ ਅਤੇ ਵੱਡੇ ਵੱਡੇ ਡੱਕਰਿਆਂ ਵਾਲੀ ਚਾਹ ਪੱਤੀ ਨੂੰ ‘ਸਾਫ਼ੀ’ ਸਮਝ ਕੇ ਨੇਤਾ ਲੋਕ ਸੜ੍ਹਾਕੇ ਮਾਰ-ਮਾਰ ਕੇ ਹਲ਼ਕੋਂ ਹੇਠਾਂ ਕਰ ਰਹੇ ਹਨ। (ਅੱਗੇ ਵਧਣ ਤੋਂ ਪਹਿਲਾਂ ‘ਸਾਫ਼ੀ’ ਸ਼ਬਦ ਦੀ ਇੱਥੇ ਕੀਤੀ ਵਰਤੋਂ ਬਾਰੇ ਜ਼ਰਾ ਪਰਤ ਖੋਲ੍ਹ ਦਿਆਂ, ਵੈਸੇ ਬਹੁਤੇ ਲੋਕ ਜਾਣਦੇ ਹੋਣਗੇ, ਪਰ ਹਮਾਤੜ ਜਿੰਨੀ ਸੋਝੀ ਰੱਖਣ ਵਾਲਿਆਂ ਨੂੰ ਦੱਸਦਿਆਂ ਕਿ ‘ਸਾਫ਼ੀ’ ਆਯੁਰਵੈਦ ਵੱਲੋਂ ਬਣਾਈ ਗਈ ਉਹ ਦਵਾਈ ਹੈ ਜੋ ਬੰਦੇ ਦੇ ਖ਼ੂਨ ਨੂੰ ਸਾਫ਼ ਕਰਦੀ ਹੈ। ਪਰ ਇੱਥੇ ਇਸ ਸ਼ਬਦ ਦੀ ਵਰਤੋਂ ਇਸ ਦਾ ਅਤਿ ਬੇਸੁਆਦਾ ਅਤੇ ਕੌੜਾ ਹੋਣਾ ਹੈ, ਜੋ ਪੀਣੀ ਬੜੀ ਔਖੀ ਹੈ ਪਰ ਇਸ ਦੇ ਨਤੀਜੇ ਸ਼ਾਨਦਾਰ ਹੁੰਦੇ ਹਨ। ਬੱਸ ਸ਼ਾਨਦਾਰ ਨਤੀਜਿਆਂ ਕਰਕੇ ਹੀ ਛੰਨਾਂ, ਢਾਰਿਆਂ, ਕੱਚੇ ਕੋਠੜਿਆਂ ਵਾਲਿਆਂ ਦੀ ‘ਸਾਫ਼ੀ’ ਨੇਤਾ ਲੋਕ ਪੀ ਰਹੇ ਨੇ ਅੱਜ-ਕੱਲ੍ਹ)।

ਪਰ ਇਹ ਵੀ ਸੱਚ ਹੈ ਕਿ ਇਹੋ ਜਿਹੇ ਉਪਰਾਲੇ ਤਾਂ ਰਵਾਇਤ ਹਨ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਬੱਸ ਜੇ ਇਸ ਰਵਾਇਤ ਵਿੱਚ ਕੁੱਝ ਨਵਾਂ ਜੁੜਿਆ ਤਾਂ ਉਹ ਹੈ ਮੋਨੀ ਵੋਟਰ ਬਾਬਾ ਨੂੰ ਅੱਜ ਸਵਾਲਾਂ ਵਾਲੀ ਚੇਟਕ ਲੱਗ ਚੁੱਕੀ ਹੈ, ਜੋ ਇਸ ਰਵਾਇਤੀ ਦੰਗਲ ਦੇ ਮਾਹੌਲ ਨੂੰ ਹੋਰ ਦਿਲਚਸਪ ਬਣਾਉਣ ਵਿੱਚ ਸਹਾਈ ਹੋਣਗੇ। ਇਹ ਆਸ ਤਾਂ ਹੈ, ਪਰ ਜ਼ਮੀਨੀ ਸਚਾਈ ਕੁੱਝ ਹੋਰ ਵੀ ਕਹਿੰਦੀ ਹੈ। (ਆਪਾਂ ‘ਦੰਗਲ’ ਸ਼ਬਦ ਨੂੰ ਵੀ ਖੋਲ੍ਹ ਲਈਏ ਪਹਿਲਾਂ - ਦੰਗਲ ਦਾ ਅਸਲ ਵਿੱਚ ਅੱਖਰੀ ਅਰਥ ਉਹ ਥਾਂ ਹੁੰਦੀ ਹੈ ਜਿੱਥੇ ਦੋ ਪਹਿਲਵਾਨ ਆਪਸ ਵਿੱਚ ਘੁਲ਼ਦੇ ਹਨ, ਜਿਸ ਦੇ ਆਪਣੇ ਕੁੱਝ ਨਿਯਮ-ਕਾਨੂੰਨ ਹੁੰਦੇ ਹਨ। ਪਹਿਲਵਾਨ ਗੁੱਝੇ ਦਾਅ ਲਾਉਣ ਲਈ ਆਜ਼ਾਦ ਹੁੰਦੇ ਹਨ ਪਰ ਆਪਣੀਆਂ ਹੱਦਾਂ ਵਿੱਚ ਰਹਿ ਕੇ। ਭਾਵੇਂ ਦੰਗਲ ਦਾ ਮਾਹੌਲ ਜਿੰਨਾ ਮਰਜ਼ੀ ਭਖ਼ ਜਾਵੇ ਪਰ ਕਦੇ ਕੋਈ ਪਹਿਲਵਾਨ ਦੂਜੇ ਪਹਿਲਵਾਨ ਦੇ ਸਿਰ ਵਿੱਚ ਡਲ਼ੇ ਜਾ ਛਿੱਤਰ ਨਹੀਂ ਮਾਰਦਾ ਹੁੰਦਾ।

ਤੇ ਅੱਗੇ ਵਧਣ ਤੋਂ ਪਹਿਲਾਂ ਛਿੱਤਰ ਸ਼ਬਦ ਨੂੰ ਵੀ ਖੋਲ੍ਹ ਦੇਣਾ ਚਾਹੀਦਾ ਹੈ। ਹਰ ਚੀਜ਼ ਦੇ ਤਕਰੀਬਨ ਕਈ ਨਾਂ ਹੁੰਦੇ ਹਨ ਜੋ ਸਮੇਂ ਅਤੇ ਵਾਰਤਾ ਅਨੁਸਾਰ ਹੀ ਵਰਤੇ ਜਾਣ ਤਾਂ ਚੰਗੇ ਲੱਗਦੇ ਹਨ। ਮਸਲਨ ਜੇ ਅਸੀਂ ਕਿਸੇ ਨੂੰ ਇਹ ਕਹੀਏ ਕਿ ਆਹ ਆਪਣੇ ਛਿੱਤਰ ਲਾਹ ਕੇ ਅੰਦਰ ਆਓ ਜੀ, ਤਾਂ ਹਜ਼ਮ ਨਹੀਂ ਹੁੰਦਾ। ਸੋ ਸਭਿਅਕ ਸ਼ਬਦ ਜੁੱਤੀ ਵਰਤਿਆ ਜਾਂਦਾ ਹੈ। ਸੋ ਜੇ ‘ਜੁੱਤੀ’ ਸ਼ਬਦ ਸਭਿਅਕ ਜਾਂ ਸਤਿਕਾਰਤ ਸ਼ਬਦਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਤਾਂ ਫੇਰ ਕਿਸੇ ਦੇ ਮਾਰਨ ਲਈ ਇਸ ਸ਼ਬਦ ਦਾ ਉਪਯੋਗ ਜਾਇਜ਼ ਨਹੀਂ ਲੱਗਦਾ। ਕਹਿਣ ਦਾ ਭਾਵ ਜਦੋਂ ਲੜਾਈ ਝਗੜੇ ਵਿੱਚ ਇਸ ਦੀ ਵਰਤੋਂ ਹੁੰਦੀ ਹੈ ਤਾਂ ਉੱਥੇ ਇਹ ਨਹੀਂ ਕਿਹਾ ਜਾਣਾ ਚਾਹੀਦਾ ਕਿ ਫਲਾਂ ਬੰਦੇ ਦੇ ਜੁੱਤੀਆਂ ਮਾਰੀਆਂ। ਢੁੱਕਵੇਂ ਸਿਰਲੇਖ ਵਿਚ ਛਿੱਤਰ ਪਏ ਜਾਂ ਮਾਰੇ ਵਰਤਿਆ ਜਾਣਾ ਚਾਹੀਦਾ ਹੈ। ਉਂਞ ਇਹ ਤਾਂ ਐਵੇਂ ਗੱਲ ਵਿੱਚੋਂ ਗੱਲ ਨਿਕਲ ਆਈ ਮੀਡੀਆ ਦੀਆਂ ਸੁਰਖ਼ੀਆਂ ਵਿੱਚੋਂ। ਮੀਡੀਆ ਅਕਸਰ ਮਾੜੀਆਂ ਖ਼ਬਰਾਂ ਦਿੰਦੇ ਹੋਏ ਡਰਦੇ ਮਾਰੇ ਸ਼ਬਦਾਂ ਦੀ ਚੋਣ ਕਰਦਿਆਂ ਭਾਸ਼ਾ ਦੇ ਦਾਇਰੇ ਤੋੜ ਦਿੰਦੇ ਹਨ।)

ਹੁਣ ਦੰਗਲ ਦੀ ਗੱਲ ਆ ਜਾਂਦੀ ਹੈ ਤਾਂ ਜਦੋਂ ਦੰਗਲ ਵਿਚ ਕੁੱਦਣ ਵਾਲੇ ਬੰਦੇ ਨੂੰ ਉਸ ਦੇ ਕਾਇਦੇ ਕਾਨੂੰਨ ਮੰਨਣੇ ਪੈਂਦੇ ਹਨ ਤਾਂ ਚੋਣ ਦੰਗਲ ਵਿਚ ਡਲ਼ੇ ਛਿੱਤਰ ਕਿੱਥੋਂ ਆ ਗਏ? ਇਸ ਦਾ ਜਵਾਬ ਵੀ ਹੈ ਸਾਡੇ ਕੁੱਝ ਕੁ ਵਿਦਵਾਨਾਂ ਕੋਲ ਹੈ! ਕਹਿੰਦੇ ਹਨ ਕਿ ‘ਪਿਆਰ ਅਤੇ ਸਿਆਸਤ ਵਿੱਚ ਸਭ ਜਾਇਜ਼ ਹੈ।’

ਪਰ ਆਪਾਂ ਨੂੰ ਹੁਣ ਇੱਕ ਸ਼ਬਦ ਹੀ ਨਹੀਂ ਇਸ ਸਾਰੀ ਸਤਰ ਨੂੰ ਹੀ ਖੋਲ੍ਹਣਾ ਪੈਣਾ। ਇਤਿਹਾਸ ਗਵਾਹ ਹੈ ਕਿ ਜੇ ਕੋਈ ਰਾਜ ਕਰਨਾ ਚਾਹੁੰਦਾ ਹੈ, ਭਾਵ ਸੱਤਾ ਸਾਂਭਣੀ ਚਾਹੁੰਦਾ ਹੈ ਤਾਂ ਉਸ ਦਾ ਚੰਗਾ ਸਿਆਸਤਦਾਨ ਹੋਣਾ ਲਾਜ਼ਮੀ ਹੁੰਦਾ ਹੈ। ਸਿਆਸਤ ਦੇ ਅੱਖਰੀ ਅਰਥ ਭਾਵੇਂ ‘ਕਾਲਾ ਸੱਚ’ ਹੁੰਦੇ ਨੇ, ਪਰ ਮੇਰਾ ਮੰਨਣਾ ਹੈ ਕਿ ਸਿਆਸਤ ਦਾ ਮਤਲਬ ਉਹ ਸੱਚ ਹੈ ਜੋ ਵਾਪਰਨ ਤੋਂ ਬਾਅਦ ਵਿੱਚ ਸਮਝ ਆਵੇ ਤੇ ਮੂਹਰਲਾ ਆਪ ਮੁਹਾਰੇ ਕਹੇ “ਜੀ, ਇਹ ਤਾਂ ਮੇਰੇ ਨਾਲ ਸਿਆਸਤ ਹੋ ਗਈ'ਮਤਲਬ ਠੱਗੀ ਹੋ ਗਈ। ਇੱਕ ਅਜੀਬ ਇਤਫ਼ਾਕ ਸ਼ਬਦਾਂ ਦੇ ਜੋੜ ਮੇਲ ਤੇ ਅਰਥਾਂ ਵਿੱਚ ਨਿਕਲ ਆਇਆ, ਸੋ ਸਿਆਸਤ ਦਾ ਮਤਲਬ ‘ਠੱਗੀ’ ਹੋ ਗਿਆ! ਫੇਰ ਤੁਸੀਂ ਹੁਣ ਅਗਲੇ ਅਰਥ ਆਪ ਹੀ ਕੱਢ ਲਵੋ ਕਿ ਠੱਗੀ ਮਰਨ ਵਾਲੇ ਬੰਦੇ ਨੂੰ ਕਿਹਾ ਕੀ ਜਾਂਦਾ ਹੈ? ਸੋ ਜੇ ਕਿਤੇ ਅਚਨਚੇਤ ਮੇਰੇ ਤੋਂ ਕਿਸੇ ਸਿਆਸੀ ਬੰਦੇ ਨੂੰ ਠੱਗ ਲਿਖਿਆ ਜਾਵੇ ਤਾਂ ਬੁਰਾ ਨਾ ਮਨਾਇਓ ਜੀ, ਮੈਂ ਤਾਂ ਸ਼ਬਦਾਂ ਦੀ ਸੁ-ਵਰਤੋਂ ਕਰਨ ਵਿੱਚ ਯਕੀਨ ਰੱਖਦਾਂ।

ਲੀਹ ਤੋਂ ਨਾ ਭਟਕਾਂ ਤੇ ਉਪਰੋਕਤ ਕਥਨ ਮਤਲਬ ਪਿਆਰ ਤੇ ਸਿਆਸਤ ਵਿੱਚ ਸਭ ਜਾਇਜ਼ ਨੂੰ ਖੋਲ੍ਹਾਂ। ਦੇਖੋ ਪਿਆਰ ਵਿੱਚ ਤਾਂ ਹੋ ਸਕਦਾ ਕਿ ਕਾਫ਼ੀ ਹੱਦ ਤੱਕ ਜਾਇਜ਼ ਹੋਵੇ, ਹੈ ਤਾਂ ਉੱਥੇ ਵੀ ਨਹੀਂ ਕਿਹਾ ਜਾ ਸਕਦਾ। ਪਰ ਇਸ ਕਥਨ ਦੀ ਆੜ ਲੈ ਕੇ ਜੋ ਕੁੱਝ ਸਿਆਸਤ ਵਿੱਚ ਅੱਜ ਕੱਲ੍ਹ ਵਾਪਰ ਰਿਹਾ ਹੈ, ਉਸ ਨੂੰ ਸੋਚ ਕੇ ਕਈ ਵਾਰ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਸਾਡੇ ਰੌਂਗਟੇ ਤਾਂ ਸਿਰਫ਼ ਜੋ ਸਾਹਮਣੇ ਵਾਪਰ ਰਿਹਾ ਹੈ ਜਾਂ ਜਿੰਨੀ ਕੁ ਸਿਆਸਤ ਸਾਡੇ ਸਮਝ ਆ ਰਹੀ ਹੈ ਉਸ ਨੂੰ ਦੇਖ ਕੇ ਹੀ ਖੜ੍ਹੇ ਹੋ ਜਾਂਦੇ ਹਨਜਿਹੜੀਆਂ ਮੰਝੀਆਂ ਹੋਈਆਂ ਚਾਲਾਂ ਘਾਗ ਸਿਆਸਤਦਾਨ ਚੱਲ ਜਾਂਦੇ ਹਨ ਉਨ੍ਹਾਂ ਬਾਰੇ ਤਾਂ ਸੋਚਣ ਨੂੰ ਵੀ ਜੀਅ ਨਹੀਂ ਕਰਦਾ।

ਜ਼ਿਆਦਾ ਗਹਿਰਾਈ ਵਿੱਚ ਨਾ ਜਾਇਆ ਜਾਏ, ਸਿਰਫ਼ ਇੱਕ ਮੁੱਦਾ ਹੀ ਵਿਚਾਰ ਕੇ ਗੱਲ ਖ਼ਤਮ ਕਰਦੇ ਹਾਂ। ਸਿਆਸਤ ਦੇ ਅੱਜ ਦੇ ਯੁੱਗ ਵਿੱਚ ਕਿਸੇ ਇੱਕ ਪਾਰਟੀ ਦੀ ਹੂੰਝਾ ਫੇਰ ਜਾਂ ਪਾਸਾ-ਪਲਟ ਜਿੱਤ ਦੇ ਸੰਯੋਗ ਬਹੁਤ ਘੱਟ ਦਿਸਦੇ ਹਨ। ਪਿਛਲੇ ਕੁੱਝ ਸਾਲਾਂ ’ਤੇ ਝਾਤ ਮਾਰੀ ਜਾਵੇ ਤਾਂ ਦਿੱਲੀ ਵਿੱਚ ‘ਆਪ’ ਦੀ ਜਿੱਤ ਨੂੰ ਛੱਡ ਬਾਕੀ ਥਾਵਾਂ ’ਤੇ ਕਿਸੇ ਇੱਕ ਪਾਰਟੀ ਨੂੰ ਉਹ ਜਿੱਤ ਨਹੀਂ ਮਿਲੀ। ਗਠਬੰਧਨ ਦੀ ਰਾਜਨੀਤੀ ਭਾਰੂ ਬਣੀ ਹੋਈ ਹੈ। ਇੱਕ ਤਰਫੀ ਜਾਂ ਪਾਸਾ-ਪਲਟ ਰਾਜਨੀਤੀ ਕਈ ਕਾਰਨਾਂ ਕਰਕੇ ਹੁੰਦੀ ਹੈ। ਬਾਕੀ ਛੱਡੀਏ, ਸਿਰਫ਼ ਇੱਕ ਕਾਰਨ ਨੂੰ ਖੋਲ੍ਹਦੇ ਹਾਂ। ਉਹ ਹੈ ਹਮਦਰਦੀ ਵਿੱਚੋਂ ਨਿਕਲਿਆ ਵੋਟਰ ਦਾ ਜਜ਼ਬਾਤੀ ਉਲਾਰ। ਉਹ ਕਦੋਂ ਹੁੰਦਾ? ਜਦੋਂ ਲੋਕਾਂ ਦੇ ਧੁਰ ਅੰਦਰਲੇ ਜਜ਼ਬਾਤਾਂ ਤੱਕ ਪਹੁੰਚ ਕੀਤੀ ਜਾ ਸਕੇ। ਅਜਿਹਾ ਕੁੱਝ ਹੋ-ਵਾਪਰ ਜਾਵੇ ਕਿ ਲੋਕ ਸਭ ਗਿਲੇ ਭੁਲਾ ਕੇ ਹਮਦਰਦੀ ਵਾਲੇ ਸਾਰੇ ਨੱਕੇ ਤੋੜ ਦੇਣ ਤੇ ਜਜ਼ਬਾਤਾਂ ਦੇ ਵਹਿਣ ਵਿੱਚ ਵਹਿ ਜਾਣ। ਸਭ ਤੋਂ ਵੱਧ ਜਜ਼ਬਾਤ ਕਦੋਂ ਪ੍ਰਭਾਵਿਤ ਹੁੰਦੇ ਹਨ? ਜਦੋਂ ਧਰਮ ਦਾ ਪੱਤਾ ਚੱਲਿਆ ਜਾਵੇ। ਪਰ ਇਹ ਪੱਤਾ ਤਾਂ ਹੁਣ ਜੱਗ ਜ਼ਾਹਿਰ ਹੋ ਚੁੱਕਿਆ। ਸੋ ਕੋਈ ਨਵੀਂ ਚਾਲ ਬਾਰੇ ਸੋਚੋ। ਚਾਲ ਤਾਂ ਅਗਲੀ ਵੀ ਕੋਈ ਨਵੀਂ ਨਹੀਂ ਪਰ ਹਾਲੇ ਵੀ ਉਹ ਅਸਰਦਾਰ ਹੈ।

ਭਾਰਤ ਵਿੱਚ ਰਾਜੀਵ ਗਾਂਧੀ ਨੂੰ ਇਸ ਦਾ ਫ਼ਾਇਦਾ ਮਿਲ ਚੁੱਕਿਆ ਹੈ ਤੇ ਪਾਕਿਸਤਾਨ ਵਿੱਚ ਆਸਿਫ਼ ਅਲੀ ਜ਼ਰਦਾਰੀ। ਦੋਵਾਂ ਨੂੰ ਜਾਣਨ ਵਾਲੇ ਜਾਣਦੇ ਹਨ ਕਿ ਉਹ ਕਿੰਨੇ ਕੁ ਸੁਲਝੇ ਹੋਏ ਸਿਆਸਤਦਾਨ ਸਨ! ਸਿਆਸਤ ਦਾ ਤਾਂ ਉਨ੍ਹਾਂ ਨੂੰ ਹਾਲੇ ਊੜਾ-ਐੜਾ ਵੀ ਨਹੀਂ ਸੀ ਆਉਂਦਾ ਕਿ ਉਨ੍ਹਾਂ ਦੀ ਝੋਲ਼ੀ ਤਾਂ ਕੁਰਸੀ ਹਮਦਰਦੀ+ਜਜ਼ਬਾਤੀ ਵੋਟ ਨੇ ਪਾ ਦਿੱਤੀ ਸੀ। ਜੇ ਇੰਦਰਾ ਗਾਂਧੀ ਦਾ ਕਤਲ ਨਾ ਹੁੰਦਾ ਤਾਂ ਕੀ ਰਾਜੀਵ ਨੇ ਪ੍ਰਧਾਨ ਮੰਤਰੀ ਬਣਨਾ ਸੀ? ਕਾਂਗਰਸ ਦਾ ਜੋ ਹਾਲ ਹੁਣ ਹੋਇਆ, ਓਦੋਂ ਹੀ ਹੋ ਜਾਣਾ ਸੀ। ਜੇ ਬੇਨਜ਼ੀਰ ਨਾ ਮਾਰੀ ਜਾਂਦੀ ਤਾਂ ਆਸਿਫ਼ ਅਲੀ ਜ਼ਰਦਾਰੀ ਰਾਸ਼ਟਰਪਤੀ ਤਾਂ ਕੀ, ਦਰਬਾਨ ਲੱਗਣ ਦੀ ਕਾਬਲੀਅਤ ਦੇ ਵੀ ਮਾਲਕ ਨਹੀਂ ਸੀ।

ਸੋ ਹੁਣ ਤੱਕ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਕਿ ਮੈਨੂੰ ਕਿਹੜੀ ਸਿਆਸੀ ਚਾਲ ਦਾ ਡਰ ਆਉਣ ਵਾਲੀਆਂ ਵੋਟਾਂ ਵਿੱਚ ਸਤਾ ਰਿਹੈ? ਜਾਂਦਾ-ਜਾਂਦਾ ਗੱਲ ਨੂੰ ਥੋੜ੍ਹਾ ਜਿਹਾ ਹੋਰ ਖੋਲ੍ਹ ਦਿਆਂ। ਇੱਥੇ ਧਿਆਨ ਰੱਖਣਯੋਗ ਗੱਲ ਇਹ ਹੈ ਕਿ ਹਮਦਰਦੀ+ਜਜ਼ਬਾਤੀ ਵੋਟ ਹਾਸਲ ਕਰਨ ਲਈ ਕੋਈ ਪਾਰਟੀ ਕਦੇ ਵੀ ਦੂਜੀ ਪਾਰਟੀ ਤੇ ਨਿਰਭਰ ਨਹੀਂ ਹੁੰਦੀ। ਇਹ ਤਾਂ ਪਾਰਟੀ ਦਾ ਅੰਦਰੂਨੀ ਮਸਲਾ ਹੁੰਦਾ ਹੈ ਕਿ ਕੁਰਬਾਨੀ ਕਿਸ ਦੀ ਦਿੱਤੀ ਜਾਵੇ। ਲੋਕਾਂ ਦੇ ਜਜ਼ਬਾਤਾਂ ਨੂੰ ਛੋਟੀ ਮੋਟੀ ਕੁਰਬਾਨੀ ਨਾਲ ਨਹੀਂ ਜਿੱਤਿਆ ਜਾ ਸਕਦਾ, ਸਗੋਂ ਲੋੜ ਹੁੰਦੀ ਹੈ ਵੱਡੀ ਕੁਰਬਾਨੀ ਦੀ।

ਹੋ ਸਕਦਾ ਮੈਂ ਔਕਾਤ ਤੋਂ ਬਾਹਰ ਦੀ ਗੱਲ ਕਰ ਰਿਹਾ ਹੋਵਾਂ, ਹੋ ਸਕਦਾ ਕਿਸੇ ਦੇ ਗੱਲ ਹਜ਼ਮ ਨਾ ਆਵੇ। ਪਰ ਪੁਰਾਣੀ ਆਦਤ ਹੈ ਮਸਲੇ ਦੇ ਹਰ ਪਹਿਲੂ ਨੂੰ ਫਰੋਲਣ ਦੀ। ਹੁਣ ਸੋਚਣ ਦਾ ਕੰਮ ਤੁਹਾਡੇ ’ਤੇ ਛੱਡਦਾ ਹਾਂ ਕਿ ਵਾਹਿਗੁਰੂ ਜੀ ਮਿਹਰ ਕਰਨ ਤੇ ਇਹੋ ਜਿਹਾ ਕੁੱਝ ਨਾ ਹੀ ਵਾਪਰੇ ਤਾਂ ਚੰਗਾ ਹੈ। ਜੇ ਸਿਆਸਤ ਵਿੱਚ ਸਭ ਜਾਇਜ਼ ਹੈ ਤਾਂ ਸੋਚੋ ਕਿਹੜੀ ਪਾਰਟੀ ਕਿਹੜੇ ਬੰਦੇ ਦੀ ਕੁਰਬਾਨੀ ਦੇ ਕੇ ਸਭ ਤੋਂ ਵੱਧ ਹਮਦਰਦੀ+ਜਜ਼ਬਾਤੀ ਵੋਟ ਹਾਸਿਲ ਕਰ ਸਕਦੀ ਹੈ? ਹੁਣ ਜਦੋਂ ਔਕਾਤ ਤੋਂ ਬਾਹਰ ਹੋ ਕੇ ਇਹ ਗੱਲਾਂ ਲਿਖ ਹੀ ਦਿੱਤੀਆਂ ਹਨ ਤਾਂ ਜਾਂਦੇ-ਜਾਂਦੇ ਉਨ੍ਹਾਂ ਨੇਤਾਵਾਂ ਨੂੰ ਵੀ ਨਸੀਹਤ ਦੇ ਹੀ ਦਿੰਦੇ ਹਾਂ ਜੋ ਅਕਸਰ ਕਹਿੰਦੇ ਹਨ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ, ਵਿਰੋਧੀ ਉਨ੍ਹਾਂ ਨੂੰ ਮਰਵਾ ਵੀ ਸਕਦੇ ਹਨ। ਪਰ ਪਿਆਰੇ ਨੇਤਾਗਣ ਵਿਰੋਧੀ ਇਹੋ ਜਿਹੇ ਵਕਤ ’ਤੇ ਤੁਹਾਡੀ ਹਿਫ਼ਾਜ਼ਤ ਕਰਦੇ ਹੁੰਦੇ ਹਨ, ਮਰਵਾ ਕੇ ਉਨ੍ਹਾਂ ਨੇ ਸਿਆਸੀ ਤੌਰ ’ਤੇ ਮਰਨਾ ਨਹੀਂ ਹੁੰਦਾ। ਸੋ ਜੇ ਮੰਨਣਾ ਹੈ ਤਾਂ ਖ਼ਤਰਾ ਆਪਣਿਆਂ ਤੋਂ ਮੰਨੋ। ਇਹ ਨਾ ਹੋਵੇ ਕਿ ਆਪ ਜੀ ਦੀ ਕੁਰਬਾਨੀ ਹਮਦਰਦੀ+ਜਜ਼ਬਾਤੀ ਵੋਟ ਜ਼ਰੀਏ ਕਿਸੇ ਦੇ ਸਿੰਘਾਸਣ ਦੇ ਰੂਪ ਵਿੱਚ ਬਦਲ ਜਾਵੇ।

ਮੇਰੀ ਬੇਨਤੀ ਹੈ ਕਿ ਗਿਲਾ ਨਾ ਕਰਿਓ ਮੇਰੇ ਇਹਨਾਂ ਸ਼ਬਦਾਂ ਨਾਲ, ਕਿਉਂਕਿ ਤੁਸੀਂ ਆਪ ਹੀ ਤਾਂ ਕਿਹਾ ਕਿ ਪਿਆਰ ਤੇ ਸਿਆਸਤ ਵਿੱਚ ਸਭ ਜਾਇਜ਼ ਹੈ। ਪਿਆਰ ਅਸੀਂ (ਵੋਟਰ) ਤੁਹਾਨੂੰ ਬਹੁਤ ਕਰਦੇ ਹਾਂ ਤੇ ਸਿਆਸਤ ਤੁਸੀਂ ਸਾਡੇ ਨਾਲ ਬਹੁਤ ਕਰਦੇ ਹੋ, ਫੇਰ ਹੋਏ ਨਾ ਆਪਾਂ ਦੋਨੋਂ ਹੀ ਜਾਇਜ਼!

*****

(565)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮਿੰਟੂ ਬਰਾੜ

ਮਿੰਟੂ ਬਰਾੜ

Adelaide, Australia.
Email: (mintubrar@gmail.com)

More articles from this author