“ਸੁਣਿਆ ਹੈ ਕਿ ਇਸ ਕੇਸ ਵਿੱਚ ਜੋ ਧਾਰਾਵਾਂ ਲੱਗਣੀਆਂ ਹਨ, ਉਹ ਇਹਨਾਂ”
(2 ਸਤੰਬਰ 2020)
ਆਖ਼ਿਰ ਬਾਰਾਂ ਸਾਲਾਂ ਬਾਅਦ ਹੁਣ ਫਿਰ ਆਸਟ੍ਰੇਲੀਆ ਵਿੱਚ ਕੁਝ ਕੁ ਲੋਕਾਂ ਕਾਰਨ ਸਾਡਾ ਨੌਜਵਾਨ ਵਰਗ ਚਰਚਾ ਵਿੱਚ ਹੈ। ਭਾਵੇਂ ਇਹਨਾਂ ਬਾਰਾਂ ਸਾਲਾਂ ਦੌਰਾਨ ਸਾਡੇ ਬਹੁਤ ਸਾਰੇ ਬੱਚਿਆਂ ਨੇ ਵੱਡੀਆਂ-ਵੱਡੀਆਂ ਮੱਲ੍ਹਾਂ ਮਾਰੀਆਂ ਹਨ ਪਰ ਅੱਜ ਦੇ ਯੁਗ ਦੀ ਰੀਤ ਹੈ ਕਿ ਜੋ ਚੰਗਾ ਕਾਰਜ ਹੋਵੇ, ਉਹ ਨਜ਼ਰਾਂ ਤੋਂ ਓਹਲੇ ਹੀ ਰਹਿ ਜਾਂਦਾ ਹੈ ਪਰ ਬੁਰਾ ‘ਕਾਰਾ’ ਨਜ਼ਰੀਂ ਚੜ੍ਹਦਾ ਬਿੰਦ ਨਹੀਂ ਲਾਉਂਦਾ।
ਪਹਿਲਾਂ 2008 ਵਿੱਚ ਸਾਡੇ ਕੁਝ ਕੁ ਨੌਜਵਾਨ ਆਸਟ੍ਰੇਲੀਆ ਦੀਆਂ ਸੜਕਾਂ ’ਤੇ ਆਏ ਸਨ। ਉਸ ਗ਼ਲਤੀ ਦੇ ਨਤੀਜੇ ਕਈਆਂ ਨੇ ਕਈ ਸਾਲਾਂ ਤਕ ਭੁਗਤੇ ਸਨ। ਉਸ ਵਕਤ ਹਾਲੇ ਫੇਰ ਵੀ ਨਰਾਜ਼ਗੀ ਦੀ ਵਜ੍ਹਾ ਸਹੀ ਸੀ, ਪਰ ਇਤਰਾਜ਼ ਜਿਤਾਉਣ ਦਾ ਤਰੀਕਾ ਗ਼ਲਤ ਸੀ। ਪਰ ਇਸ ਬਾਰ ਤਾਂ ਬਿਨਾਂ ਵਜ੍ਹਾ ਦੇ ਸੋਸ਼ਲ ਮੀਡੀਆ ਦੇ ਮੈਦਾਨ ਵਿੱਚ ਬੜ੍ਹਕਾਂ ਮਾਰਨ ਤੋਂ ਲੈ ਕੇ ਹੈਰਿਸ ਪਾਰਕ ਦੀਆਂ ਗਲੀਆਂ ਵਿੱਚ ਉੱਡੀਆਂ ਧੱਜੀਆਂ ਸਭ ਨੇ ਦੇਖੀਆਂ। ਅਫ਼ਸੋਸ ਇਸ ਗੱਲ ਦਾ ਹੈ ਕਿ ਹਰ ਬਾਰ ਦੀ ਤਰ੍ਹਾਂ ਇਸ ਨੂੰ ਰੰਗਤ ਭਾਈਚਾਰੇ ਦੀ ਜਾਂ ਫੇਰ ਧਰਮ ਦੀ ਦੇ ਦਿੱਤੀ ਗਈ।
ਹਰ ਪਾਸੇ ਤੋਂ ਪ੍ਰਤੀਕਰਮ ਦੇਖਣ ਸੁਣਨ ਨੂੰ ਮਿਲੇ ਪਰ ਜ਼ਿਆਦਾਤਰ ਨੇ ਇਸ ਵਰਤਾਰੇ ਦੀ ਨਿੰਦਿਆ ਹੀ ਕੀਤੀ। ਕੁਝ ਕੁ ਨੇ ਇਸ ਨੂੰ ਸਹੀ ਦਰਸਾਉਣ ਲਈ ਵੀ ਵਾਹ ਲਾਈ। ਇੱਥੇ ਹਰ ਇੱਕ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ। ਪਰ ਸਿਰਫ਼ ਇਸ ਲਈ ਟਿੰਡ ਵਿੱਚ ਕਾਨਾ ਨਹੀਂ ਫਸਾਈਦਾ ਹੁੰਦਾ ਕਿ ਭਾਵੇਂ ਅਸੀਂ ਸਹੀ ਹਾਂ, ਭਾਵੇਂ ਗ਼ਲਤ ਹਾਂ ਪਰ ਹਾਰਨਾ ਨਹੀਂ। ਬਿਨਾਂ ਕਿਸੇ ਵੀ ਗੱਲ ਦੀ ਤਹਿ ਤਕ ਗਿਆਂ ਨਤੀਜਾ ਕੱਢ ਲੈਣਾ ਸਹੀ ਨਹੀਂ ਹੁੰਦਾ।
ਬੀਤੇ ਦਿਨੀਂ ਸਿਡਨੀ ਵਿੱਚ ਜੋ ਹੋਇਆ ਉਸ ਬਾਰੇ ਕਿਸੇ ਇੱਕ ਧਿਰ ਨੂੰ ਦੋਸ਼ੀ ਨਹੀਂ ਗਰਦਾਨਦਿਆਂ ਜਾ ਸਕਦਾ। ਪਰ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਵਿਦੇਸ਼ ਵਿੱਚ ਹਰ ਕੋਈ ਆਪਣੀ ਕੌਮ, ਰਾਜ ਜਾਂ ਦੇਸ਼ ਦਾ ਰਾਜ ਨਾਇਕ ਹੁੰਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਕੋਈ ਵੀ ਵਰਤਾਰਾ ਕਰਨ ਤੋਂ ਪਹਿਲਾਂ ਸੌ ਬਾਰ ਸੋਚ ਲੈਣਾ ਚਾਹੀਦਾ ਹੈ। ਪਹਿਲੀ ਗੱਲ ਤਾਂ ਲੜਨ ਵਾਲੀਆਂ ਦੋਨੋਂ ਧਿਰਾਂ ਇੱਕੋ ਮੁਲਕ ਨਾਲ ਸੰਬੰਧਿਤ ਹਨ। ਸੋ ਤੀਜਿਆਂ ’ਤੇ ਸਾਡਾ ਜੋ ਅਕਸ ਬਣਿਆ ਉਹ ਸਭ ਦੇ ਸਾਹਮਣੇ ਹੈ। ਦੂਜੀ ਗੱਲ, ਜਿਸ ਮਸਲੇ ਦੀ ਲੜਾਈ ਸੀ, ਉਸ ਲਈ ਜੰਗ ਦਾ ਮੈਦਾਨ ਇਹ ਮੁਲਕ ਨਹੀਂ ਹੋ ਸਕਦਾ ਸੀ।
ਭਾਵੇਂ ਕੁਝ ਲੋਕ ਇਸ ਨੂੰ ਨਿੱਜੀ ਲੜਾਈ ਦਾ ਨਾਮ ਦੇ ਰਹੇ ਹਨ ਪਰ ਮੇਰਾ ਮੰਨਣਾ ਹੈ ਕਿ ਲੜਾਈ ਉੱਨੀ ਦੇਰ ਨਿੱਜੀ ਹੁੰਦੀ ਹੈ ਜਿੰਨੀ ਦੇਰ ਕਿਸੇ ਝੰਡੇ ਥੱਲੇ ਨਾ ਲੜੀ ਜਾਵੇ। ਪਰ ਇੱਥੇ ਤਾਂ ਨਾਅਰੇ, ਜੈਕਾਰੇ ਸਭ ਮੁਲਕ ਜਾਂ ਕੌਮ ਦੀ ਅਗਵਾਈ ਕਰ ਰਹੇ ਸਨ। ਸੋ ਲੜਾਈ ਨੂੰ ‘ਹਰਿਆਣਾ ਬਨਾਮ ਪੰਜਾਬ’ ਦਾ ਨਾਮ ਦਿੱਤਾ ਗਿਆ।
ਭਾਵੇਂ ਧਰਮ ਨਾਲੋਂ ਪਹਿਲਾਂ ਮੈਂ ਇਨਸਾਨੀਅਤ ਵਿੱਚ ਵਿਸ਼ਵਾਸ ਰੱਖਦਾ ਹਾਂ, ਦੋਨਾਂ ਧਿਰਾਂ ਵਿੱਚ ਆਪਣੇ ਹੀ ਸਨ। ਪਰ ਮੇਰਾ ਪਹਿਲਾ ਗਿਲਾ ਉਸ ਨੌਜਵਾਨ ਨਾਲ ਹੈ, ਜੋ ਬਿਨਾਂ ਸੋਚੇ ਸਮਝੇ ਸਾਹਿਬ-ਏ-ਕਮਾਲ ਦੀ ਲਲਕਾਰ ਮਾਰ ਰਿਹਾ ਸੀ। ਉਸ ਨੂੰ ਇਹ ਲਲਕਾਰ ਮਾਰਨ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਸੀ ਕਿ ਗੁਰੂ ਸਾਹਿਬ ਨੇ ਤਾਂ ਕਿਹਾ ਕਿ ਸੂਰਾ ਉਸੇ ਨੂੰ ਸਮਝੋ ਜਿਹੜਾ ਦੀਨ ਕੇ ਹੇਤ ਲੜਦਾ ਹੈ ਜਾਂ ਬੰਦਾ ਉਹ ਹੁੰਦਾ ਜੋ ਵਕਤ ਵਿਚਾਰੇ। ਉਸ ਨੂੰ ਕੈਮਰੇ ਮੂਹਰੇ ਬਹਿ ਕੇ ਗੱਜਣ ਤੋਂ ਪਹਿਲਾਂ ਦੇਖ ਲੈਣਾ ਚਾਹੀਦਾ ਸੀ ਕਿ ਉਸ ਦੀਆਂ ਬਾਂਹਾਂ ਵਿੱਚ ਬਾਬਾ ਦੀਪ ਸਿੰਘ ਵਰਗਾ ਜ਼ੋਰ ਹੈ ਕਿ ਨਹੀਂ? ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਭਾਈ ਬਚਿੱਤਰ ਸਿੰਘ ਦੀ ਨਾਗਣੀ ਕੀ ਆਪੇ ਮਸਤੇ ਹਾਥੀ ਦਾ ਮੱਥਾ ਚੀਰ ਗਈ ਸੀ? ਹਰੀ ਸਿੰਘ ਨਲੂਏ ਨੂੰ ‘ਨਲੂਆ’ ਕਿਉਂ ਕਿਹਾ ਜਾਂਦਾ ਸੀ? ਇਸ ਬਾਰੇ ਪਤਾ ਹੋਣਾ ਚਾਹੀਦਾ ਸੀ। ਉਸ ਨੂੰ ਇਹ ਵੀ ਗਿਆਨ ਹੋਣਾ ਚਾਹੀਦਾ ਸੀ ਕਿ ਸਵਾ ਲਾਖ ਨਾਲ ਏਕ ਲੜਾਊਂ ਪਿੱਛੇ ਉਹ ‘ਏਕ’ ਗੁਰੂ ਦੀ ਬਖ਼ਸ਼ੀਸ਼ ਵਿੱਚੋਂ ਨਿਕਲੇ ‘ਮਰਜੀਵੜੇ’ ਸਨ ਜੋ ਮੈਦਾਨ ਵਿੱਚ ਆਪਣੇ ਸੈਨਾਪਤੀ ਨੂੰ ਇਕੱਲਾ ਜਾਂ ਜ਼ਖ਼ਮੀ ਨਹੀਂ ਛੱਡਦੇ ਹੁੰਦੇ। ਜੇ ਕਰ ਇੰਨਾ ਬਾਹੂ-ਬਲ ਨਹੀਂ ਸੀ ਤਾਂ ਮੁਗ਼ਲਾਂ ਨੂੰ ਉਨ੍ਹਾਂ ਦੇ ਦਰਬਾਰ ਵਿੱਚ ਲਲਕਾਰਨ ਵਾਲੇ ਛੋਟੇ ਸਾਹਿਬਜ਼ਾਦਿਆਂ ਵਾਂਗ ਲੋਹੇ ਦੇ ਇਰਾਦੇ ਦੇ ਧਾਰਨੀ ਹੋਣਾ ਲਾਜ਼ਮੀ ਸੀ। ਹੁਣ ਜੋ ਮਰਜ਼ੀ ਕਹੀ ਜਾਓ ਕਿ ਪਿੱਛੋਂ ਬਾਰ ਕਰ ਦਿੱਤਾ ਜਾਂ ਕੁਝ ਹੋਰ, ਪਰ ਅਸਲ ਵਿੱਚ ਜੋ ਹੋਇਆ ਉਹ ਲੋਕਾਂ ਦੇ ਸਾਹਮਣੇ ਹੈ।
ਹੁਣ ਜਾਂ ਤਾਂ ਇਸ ਵਰਤਾਰੇ ਨੂੰ ਆਪਣਾ ਨਿੱਜੀ ਮੰਨ ਕੇ ਤੁਸੀਂ ਆਪਣੇ ਆਪ ਨੂੰ ਸਹੀ ਸਾਬਿਤ ਕਰ ਸਕਦੇ ਹੋ, ਨਹੀਂ ਤਾਂ ਅੱਗੇ ਤੋਂ ਆਪੇ ਕਿਸੇ ਕੌਮ ਦੇ ਸੈਨਾਪਤੀ ਨਾ ਬਣਿਓ।
ਦੂਜਾ ਗਿਲਾ ਹਰਿਆਣਵੀ ਭਰਾਵਾਂ ਨੂੰ, ਦੱਸ ਦੇਵਾਂ ਕਿ ਨਿੱਜੀ ਗੱਲਾਂ ਨੂੰ ਜਾਤਾਂ-ਪਾਤਾਂ ਦੇ ਲੀੜੇ ਨਹੀਂ ਪਵਾਈਦੇ ਹੁੰਦੇ। ਜੀ ਸਦਕੇ ਤਰੱਕੀਆਂ ਕਰੋ। ਮਾਂ ਬਾਪ ਨੇ ਜਿਸ ਕੰਮ ਭੇਜੇ ਹੋ ਉਸ ਨੂੰ ਨੀਝ ਨਾਲ ਕਰੋ। ਥੋੜ੍ਹਾ ਜਿਹਾ ਇਤਿਹਾਸ ਵੀ ਪੜ੍ਹ ਲਓ ਕਿ ਅਸੀਂ-ਤੁਸੀਂ ਕੌਣ ਹਾਂ। ਐਵੇਂ ਨਾ ਮੌਕਾਪ੍ਰਸਤ ਨੇਤਾਵਾਂ ਦੀਆਂ ਗੱਲਾਂ ਵਿੱਚ ਆ ਜਾਇਆ ਕਰੋ। ਤੁਸੀਂ ਨਿੱਜੀ ਤੌਰ ’ਤੇ ਜੋ ਮਰਜ਼ੀ ਕਿਸੇ ਨੂੰ ਕਹਿ ਦਿਓ ਪਰ ਕਿਸੇ ਦੇ ਧਰਮ ’ਤੇ ਉਂਗਲਾਂ ਉਠਾਉਣ ਤੋਂ ਜਿੰਨਾ ਗੁਰੇਜ਼ ਹੋ ਜਾਵੇ ਚੰਗਾ ਹੁੰਦਾ ਹੈ। ਇਹ ਗੱਲ ਇਕੱਲੀ ਤੁਹਾਡੇ ਲਈ ਨਹੀਂ ਇਹ ਦੋਨਾਂ ਧਿਰਾਂ ਸਮੇਤ ਸਾਰੀ ਕਾਇਨਾਤ ’ਤੇ ਵਸਦੇ ਧਰਮਾਂ ਲਈ ਹੈ।
ਇੱਕ ਗੱਲ ਹੋਰ ਉਨ੍ਹਾਂ ਲੋਕਾਂ ਲਈ ਜੋ ਅਕਸਰ ਇਸ ਗੱਲ ਤੋਂ ਦੁਖੀ ਹੁੰਦੇ ਹਨ ਕਿ ਸਿੱਖ ਆਪਣਾ ਵੱਖਰਾ ਘਰ ਕਿਉਂ ਮੰਗਦੇ ਹਨ। ਉਨ੍ਹਾਂ ਲੋਕਾਂ ਨੂੰ ਦੱਸ ਦੇਵਾਂ ਕਿ ਜੇ ਕਿਸੇ ਦਾ ਘਰ ਗ਼ੱਦਾਰੀ ਕਰ ਕੇ ਦੱਬ ਲਿਆ ਜਾਵੇ ਤਾਂ ਕੀ ਉਹ ਆਪਣਾ ਘਰ ਵਾਪਸ ਮੰਗਣ ਕਾਰਨ ‘ਦੋਸ਼ੀ’ ਹੋ ਗਿਆ? ਸੋ ਇਤਿਹਾਸ ਪੜ੍ਹੋ, ਏਸ਼ੀਆ ਦਾ ਸਭ ਤੋਂ ਤਾਕਤਵਰ ਸੀ ‘ਖ਼ਾਲਸਾ ਰਾਜ’।
ਕਿਸੇ ਨੇ ਖੂਬ ਕਿਹਾ ਕਿ ਕੌਣ ਕਹਿੰਦਾ ਕਿ ਜ਼ਿੰਦਗੀ ਇੱਕ ਬਾਰ ਮਿਲਦੀ ਹੈ? ਜ਼ਿੰਦਗੀ ਤਾਂ ਹਰ ਰੋਜ਼ ਮਿਲਦੀ ਹੈ। ਇੱਕ ਬਾਰ ਤਾਂ ਬੱਸ ਮੌਤ ਮਿਲਦੀ ਹੈ। ਸੋਸ਼ਲ ਮੀਡੀਆ ’ਤੇ ਆਉਣ ਵਾਲੇ ਲਾਈਕ ਸਥਾਈ ਨਹੀਂ ਹੁੰਦੇ, ਉਹ ਤਾਂ ਸਿਰਫ਼ ਸਿੰਗ ਫਸਾਉਣ ਤਕ ਹੀ ਸੀਮਤ ਹੁੰਦੇ ਹਨ। ਬਾਅਦ ਵਿੱਚ ਤਾਂ ਮੇਰੇ ਵਰਗੇ ਅਕਸਰ ਆਪਣੇ ਸਟੇਟਸ ਜ਼ਰੀਏ ਇਹਨਾਂ ਵਰਤਾਰਿਆਂ ਦੀ ਪੁਰਜ਼ੋਰ ਨਿੰਦਿਆ ਹੀ ਕਰਦੇ ਦੇਖੇ ਜਾਂਦੇ ਹਨ। ਕਿਸੇ ਦਾ ਪੁੱਤ ਮਰਵਾ ਕੇ ਉਸ ਨੂੰ ਸ਼ਹੀਦ ਦਾ ਦਰਜਾ ਗਵਾਂਢ ਵਿੱਚ ਸੋਹੰਦਾ ਹੁੰਦਾ। ਜਦੋਂ ਸ਼ਹੀਦੀ ਜਾਮ ਪੀਣ ਵਾਲਾ ਆਪਣਾ ਹੋਵੇ ਤਾਂ ਦੁੱਖ ਝੱਲਣਾ ਔਖਾ ਹੋ ਜਾਂਦਾ ਹੈ।
ਸ਼ਾਇਦ ਕੁਝ ਲੋਕਾਂ ਲਈ ਇਹ ਸਾਰਾ ਘਟਨਾਕ੍ਰਮ ਮਹਿਜ਼ ਮਨੋਰੰਜਨ ਹੋਵੇ ਪਰ ਉਸ ਮਾਂ ਦੇ ਧੜਕਦੇ ਕਾਲਜੇ ਦੀ ਆਵਾਜ਼ ਸੁਣ ਕੇ ਦੇਖੋ ਜਿਸਦਾ ਪੁੱਤ ਬਿਨਾਂ ਕਿਸੇ ਉਦੇਸ਼ ਦੀ ਲੜਾਈ ਦੇ ਮੈਦਾਨ ਵਿੱਚ ਹੁੰਦਾ ਹੈ। ਪਹਿਲਾਂ ਪਿੰਡਾਂ ਵਿੱਚ ਸੁਣਦੇ ਹੁੰਦੇ ਸੀ ਕਿ ਫਲਾਣੇ ਨੂੰ ਫਲਾਣੇ ਦੀ ਚੁੱਕ ਨੇ ਮਰਵਾ ਦਿੱਤਾ। ਹੁਣ ਇਸੇ ਕਾਰਜ ਵਿੱਚ ਥੋੜ੍ਹੀ ਜਿਹੀ ਆਧੁਨਿਕਤਾ ਆ ਗਈ, ਹੁਣ ਮਰਵਾਉਂਦੇ ਹਨ ਲਾਈਕ ਅਤੇ ਸ਼ੇਅਰ।
ਸੁਣਿਆ ਹੈ ਕਿ ਇਸ ਕੇਸ ਵਿੱਚ ਜੋ ਧਾਰਾਵਾਂ ਲੱਗਣੀਆਂ ਹਨ, ਉਹ ਇਹਨਾਂ ਟਿਕ-ਟਾਕ ਯੋਧਿਆਂ ਨੂੰ ਦਸ ਕੁ ਸਾਲ ਤਾਂ ਜੇਲ ਦੀਆਂ ਰੋਟੀਆਂ ਖਵਾਉਣਗੀਆਂ ਹੀ। ਸੋ ਇਹ ਭਵਿੱਖਬਾਣੀ ਵੀ ਸੁਣਦੇ ਜਾਇਓ ਜਵਾਨੋ, ਜਦੋਂ ਤੁਸੀਂ ਝੁੱਗੇ ਦੇ ਚਾਰ ਛਿੱਲੜ ਲਾ ਕੇ ਤੇ ਜ਼ਿੰਦਗੀ ਦਾ ਕੀਮਤੀ ਸਮਾਂ ਜੇਲ ਵਿੱਚ ਗੁਆ ਕੇ ਆਉਗੇ ਨਾ, ਤਾਂ ਉਦੋਂ ਤਕ ਸੋਸ਼ਲ ਮੀਡੀਆ ਹੋਰ ਵੀ ਐਡਵਾਂਸ ਹੋ ਚੁੱਕਾ ਹੋਵੇਗਾ। ਇਹ ਭੁਲੇਖਾ ਕੱਢ ਦਿਓ ਕਿ ਤੁਹਾਡੇ ਇਹ ਅਖੌਤੀ ਫੌਲੋਅਰ ਤੁਹਾਡੀ ਵਾਪਸੀ ’ਤੇ ਜੇਲ ਮੂਹਰੇ ਹਾਰ ਲਈ ਖੜ੍ਹੇ ਹੋਣਗੇ। ਉਹ ਤਾਂ ਆਪਣੀ ਜ਼ਿੰਦਗੀ ਰਾਹ ਪਾ ਚੁੱਕੇ ਹੋਣਗੇ। ਕੋਈ ਮਹਾਨ ਕਾਰਜ ਕਰ ਕੇ ਤੁਸੀਂ ਜੇਲ ਨਹੀਂ ਜਾਣਾ ਕਿ ਤੁਹਾਡੇ ਬੁੱਤ ਚੌਂਕਾਂ ਵਿੱਚ ਲੱਗੇ ਹੋਣਗੇ। ਅਗਲੇ ਜੇਲ ਵਿੱਚੋਂ ਸਿੱਧਾ ਤੁਹਾਡੇ ਪਿੰਡ ਆਲਾ ਜਹਾਜ਼ ਚੜ੍ਹਾ ਕੇ ਤੁਹਾਡੇ ਸੁਪਨਿਆਂ ਦੀ ਵਾਪਸੀ ਦੀ ਉਡਾਰੀ ਲਗਵਾਉਣਗੇ। ਉਦੋਂ ਤਕ ਭਾਵੇਂ ਤੁਹਾਡਾ ਸਰੀਰ ਤਾਂ ਜੋਸ਼ ਗੁਆ ਚੁੱਕਾ ਹੋਵੇਗਾ ਪਰ ਇੰਨੀ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਫੇਰ ਅਗਲੀਆਂ ਪੀੜ੍ਹੀਆਂ ਨੂੰ ਹੋਸ਼ ਵਿੱਚ ਰਹਿਣ ਦਾ ਪ੍ਰਵਚਨ ਕਰਨਾ ਤੁਸੀਂ ਜ਼ਰੂਰ ਸਿੱਖ ਜਾਵੋਗੇ।
ਨੌਜਵਾਨ ਭਰਾਵੋ, ਚੰਗਾ ਕਹੋ ਜਾਂ ਮਾੜਾ, ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨਾ ਫ਼ਿਕਰ ਤੁਸੀਂ ਦੁਨੀਆ ਦਾ ਕਰਦੇ ਹੋ, ਜੇ ਉਸ ਨਾਲੋਂ ਅੱਧਾ ਵੀ ਆਪਣਿਆਂ ਦਾ ਕਰ ਲਵੋਂ, ਜਿਨ੍ਹਾਂ ਨੇ ਤੁਹਾਨੂੰ ਆਪਾ ਵੇਚ ਕੇ ਕੁਝ ਬਣਨ ਲਈ ਵਿਦੇਸ਼ ਭੇਜਿਆ ਹੈ ਤਾਂ ਤੁਸੀਂ ਅੱਗਾ ਪਿੱਛਾ ਸਵਾਰ ਲਵੋਗੇ। ਹਾਂ, ਮੈਂ ਨਹੀਂ ਕਹਿੰਦਾ ਕਿ ਆਪਣੇ ਧਰਮ, ਵਿਰਸੇ ਅਤੇ ਸਵੈਮਾਣ ਦੀ ਰਾਖੀ ਨਾ ਕਰੋ, ਕਰੋ, ਜ਼ਰੂਰ ਕਰੋ, ਪਰ ਹਰ ਇੱਕ ਦੀ ਜ਼ਿੰਦਗੀ ਵਿੱਚ ਇਸ ਨੂੰ ਕਰਨ ਦਾ ਇੱਕ ਸਹੀ ਸਮਾਂ ਜ਼ਰੂਰ ਆਉਂਦਾ ਹੈ। ਉਦੋਂ ਪਿੱਛੇ ਨਾ ਹਟੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2322)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)