MintuBrar7ਹਾਦਸਾ ਤਾਂ ਕਦੋਂ ਵੀ ਤੇ ਕਿਤੇ ਵੀ ਹੋ ਸਕਦਾ ਹੈ ਪਰ ਜਦੋਂ ਜਾਣ ਬੁੱਝ ਕੇ ...
(14 ਜਨਵਰੀ 2020)

 

ਆਸਟ੍ਰੇਲੀਆ ਵਿੱਚ ਅੱਗ ਦੀ ਮਾਰ

28 ਦਸੰਬਰ ਨੂੰ ਇੰਡੀਆ ਦਾ ਚਾਰ ਡਿਗਰੀ ਤਾਪਮਾਨ ਛੱਡ ਕੇ ਸਿੱਧੇ ਆਸਟ੍ਰੇਲੀਆ ਦੇ 44 ਡਿਗਰੀ ਤਾਪਮਾਨ ਵਿੱਚ ਆ ਪਹੁੰਚੇ। ਜਿੱਥੇ ਇੰਡੀਆ ਠੰਢ ਨਾਲ ਠੁਰ-ਠੁਰ ਕਰ ਰਿਹਾ ਹੈ, ਉੱਥੇ ਆਸਟ੍ਰੇਲੀਆ ਇੱਕ ਪਾਸੇ ਸੂਰਜ ਦੀ ਤਪਸ਼ ਅਤੇ ਦੂਜੇ ਪਾਸੇ ਭਿਆਨਕ ਅੱਗਾਂ ਦੀ ਮਾਰ ਹੇਠ ਆਇਆ ਹੋਇਆ ਸੀ।

ਅੱਗ ਕਾਰਨ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਦੀ ਮਦਦ ਇਕੱਲੇ ਧਨ ਨਾਲ ਹੀ ਨਹੀਂ ਹੋ ਰਹੀ, ਤਨ ਅਤੇ ਮਨ ਨਾਲ ਵੀ ਲੋਕ ਜ਼ਮੀਨੀ ਪੱਧਰ ’ਤੇ ਜੁੜੇ ਹੋਏ ਹਨ। ਸਾਨੂੰ ਵੀ ਉਨ੍ਹਾਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਨੂੰ ਆਸਟ੍ਰੇਲੀਆ ਦੀ ਭਾਸ਼ਾ ਵਿੱਚ ‘ਫਾਇਰ ਫਾਈਟਰ’ ਯਾਨੀ ਕਿ ਅੱਗ ਬੁਝਾਉਣ ਵਾਲੇ ਯੋਧੇ ਕਿਹਾ ਜਾਂਦਾ ਹੈ।

ਵਿਕਟੋਰੀਆ ਦੇ ਇੱਕ ਛੋਟੇ ਜਿਹੇ ਕਸਬੇ ਈਡਨ ਹੋਪ ਦੇ ਵੀਹ ਕੁ ਕਿੱਲੋਮੀਟਰ ਚੜ੍ਹਦੇ ਵਾਲੇ ਪਾਸੇ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਜੱਦੋਜਹਿਦ ਚੱਲ ਰਹੀ ਸੀ। ਅਸੀਂ ਅੱਜਕਲ ਇਸ ਕਸਬੇ ਵਿੱਚ ਇੱਕ ਮੋਟਲ ਅਤੇ ਰੈਸਟੋਰੈਂਟ ਚਲਾਉਂਦੇ ਹਾਂ। ਸੋ ਇਹਨਾਂ ਯੋਧਿਆਂ ਲਈ ਅੱਜ ਜਦੋਂ ਮੈਂ ਸ਼ਾਮ ਦਾ ਖਾਣਾ ਲੈ ਕੇ ਗਿਆ ਤਾਂ ਬੜਾ ਅਜੀਬ ਅਤੇ ਭਾਵੁਕ ਮਾਹੌਲ ਦੇਖਣ ਨੂੰ ਮਿਲਿਆ। ਜਦੋਂ ਰੋਹੀ ਬੀਆਬਾਨ ਅਤੇ ਅੱਤ ਦੀ ਗਰਮੀ ਵਿੱਚ ਅੱਗ ਨਾਲ ਮੱਥਾ ਲਾਈ ਬੈਠੇ ਤਕਰੀਬਨ 85 ਯੋਧਿਆਂ ਲਈ ਮੈਂ ਭਾਂਤ-ਭਾਂਤ ਦੇ ਪਕਵਾਨ ਅਤੇ ਠੰਢੇ ਲੈ ਕੇ ਉੱਥੇ ਪਹੁੰਚਿਆ ਤਾਂ ਉਨ੍ਹਾਂ ਦੇ ਮੂੰਹ ਉੱਤੇ ਰੌਣਕ ਦੇਖ ਮਨ ਸਕੂਨ ਨਾਲ ਭਰ ਗਿਆ। ਉਹ ਵਾਰੀ ਨਾਲ ਮੇਰੇ ਕੋਲ ਆਉਣ ਲੱਗੇਆਪਣੇ ਢੰਗ ਨਾਲ ਅਸੀਸਾਂ ਦੇਣ, ਤੇ ਹੈਰਾਨ ਹੋਣ ਇੰਨੇ ਪਕਵਾਨਾਂ ਵਿੱਚੋਂ ਕਿਹੜਾ ਛੱਡੀਏ, ਕਿਹੜਾ ਖਾਈਏ!

ਇਸੇ ਦੌਰਾਨ ਇੱਕ ਅਜੀਬ ਜਿਹੀ ਘਟਨਾ ਵਾਪਰੀ। ਇੱਕ ਪੈਂਤੀ ਕੁ ਵਰ੍ਹਿਆਂ ਦਾ ਗੋਰਾ ਨੌਜਵਾਨ ਆ ਕੇ ਮੈਂਨੂੰ ਅੰਗਰੇਜ਼ੀ ਵਿੱਚ ਪੁੱਛਣ ਲੱਗਿਆ ਕਿ ਬਾਈ ਤੇਰਾ ਪਿੱਛਾ ਕਿੱਥੋਂ ਦਾ? ਮੈਂ ਕਿਹਾ, ਪੰਜਾਬ। ਉਹ ਕਹਿੰਦਾ, ਪੰਜਾਬ ਤੋਂ ਕਿੱਥੋਂ? ਮੈਂ ਕਿਹਾ, ਬਠਿੰਡਾ। ਨਾਲ ਹੀ ਮੈਂ ਪੁੱਛਿਆ ਕਿ ਤੂੰ ਜਾਣਦਾ ਹੈਂ ਕੁਝ ਪੰਜਾਬ ਬਾਰੇ? ਉਹ ਨੌਜਵਾਨ ਮੁਸਕਰਾ ਕੇ ਅੱਗੇ ਤੁਰ ਗਿਆ, ਕਿਉਂਕਿ ਉਸ ਪਿੱਛੇ ਲੰਬੀ ਲਾਈਨ ਲੱਗ ਚੁੱਕੀ ਸੀ। ਮੈਂ ਵੀ ਲੰਗਰ ਵਰਤਾਉਣ ਵਿੱਚ ਜੁਟ ਗਿਆ। ਦਸ ਕੁ ਮਿੰਟਾਂ ਬਾਅਦ ਮੈਂਨੂੰ 10 ਕੁ ਮੀਟਰ ਦੂਰ ਖੜ੍ਹੇ ਖਾਣਾ ਖਾ ਰਹੇ ਨੌਜਵਾਨਾਂ ਦੇ ਪਿੱਛੋਂ ਮੂਲ ਮੰਤਰ ਉਚਾਰਨ ਦੀ ਅਵਾਜ਼ ਸੁਣਾਈ ਦਿੱਤੀਬੜਾ ਸ਼ੁੱਧ ਉਚਾਰਨ। ਮੈਂਨੂੰ ਸਮਝ ਨਾ ਆਵੇ ਕਿ ਇਹ ਮੇਰਾ ਭਰਮ ਸੀ ਕਿਉਂਕਿ ਮੈਂ ਇੱਥੇ ਇਕੱਲਾ ਪੰਜਾਬੀ ਬੋਲਣ ਵਾਲਾ ਬੰਦਾ ਸੀ। ਪੂਰੀ ਪਹਿਲੀ ਪੌੜੀ ਤੋਂ ਬਾਅਦ ਫੇਰ ਸਭ ਸ਼ਾਂਤ। ਮੈਂ ਫੇਰ ਸੋਚਿਆ ਕਿ ਮੈਂ ਆਉਂਦਾ ਕਾਰ ਵਿੱਚ ਸ. ਚਰਨ ਸਿੰਘ ਸਫ਼ਰੀ ਹੋਰਾਂ ਦੀ ਯਾਦਗਾਰੀ ਰਚਨਾ ‘ਸਿੱਖੀ ਦੀ ਦਾਸਤਾਨ’ ਸੁਣਦਾ ਆ ਰਿਹਾ ਸੀ ਤੇ ਗੁਰੂ ਨਾਨਕ ਜੀ ਦੀ ਲੰਗਰ ਪ੍ਰਥਾ ਬਾਰੇ ਸੋਚਦਾ ਆ ਰਿਹਾ ਸੀ, ਇਸ ਕਰਕੇ ਮੇਰੇ ਕੰਨ ਬੋਲੇ ਹੋਣਗੇ।

ਪਰ ਥੋੜ੍ਹੀ ਦੇਰ ਬਾਅਦ ਮੇਰੇ ਬਾਰੇ ਵਿੱਚ ਪੁੱਛਣ ਵਾਲਾ ਨੌਜਵਾਨ ਮੁਸਕਰਾਉਂਦਾ ਹੋਇਆ ਫਿਰ ਮੇਰੇ ਕੋਲ ਆਇਆ ਤੇ ਪਹਿਲੀ ਪੌੜੀ ਦਾ ਜਾਪ ਕਰਨ ਲੱਗਿਆ। ਮੇਰਾ ਮੂੰਹ ਅੱਡਿਆ ਗਿਆ ਉਸ ਨੂੰ ਸੁਣ ਕੇ! ਇੰਨਾ ਸ਼ੁੱਧ ਉਚਾਰਨ ਸ਼ਾਇਦ ਮੈਂ ਵੀ ਨਹੀਂ ਕਰ ਪਾਉਂਦਾ। ਮੈਂ ਉਸ ਵਲ ਸਵਾਲੀਆ ਨਿਗਾਹ ਨਾਲ ਦੇਖਿਆ। ਉਹ ਕਹਿੰਦਾ, ਲੰਮੀ ਕਹਾਣੀ ਹੈ ਇਸ ਪਿੱਛੇ, ਵਿਹਲਾ ਹੋ ਲੈ, ਫੇਰ ਸੰਖੇਪ ਵਿੱਚ ਸੁਣਾਉਂਦਾ ਹਾਂ, ਸਾਰੀ ਕਦੇ ਫੇਰ। ਮੈਂ ਕਿਹਾ, ਕੋਈ ਨਾ ਮੈਂ ਹੱਥਾਂ ਨਾਲ ਲੰਗਰ ਵਰਤਾਈ ਜਾਣਾ ਹੈ ਤੇ ਕੰਨਾਂ ਨਾਲ ਤੁਹਾਡੀ ਗੱਲ ਸੁਣੀ ਜਾਵਾਂਗਾ।

ਕਾਰ ਦਾ ਬੂਟ ਖੋਲ੍ਹ ਕੇ ਮੈਂ ਲੰਗਰ ਵਰਤਾ ਰਿਹਾ ਸੀ ਤੇ ਉਹ ਮੇਰੇ ਪਿੱਛੇ ਆਣ ਖਲੋਤਾ। ਉਹ ਕਹਿੰਦਾ, ਅਸਲ ਵਿੱਚ ਮੈਂ ਇੰਡੀਆ ਵਿਆਹਿਆ ਸੀ। ਮੈਂ ਕਿਹਾ, ਪੰਜਾਬ ਵਿੱਚ? ਉਹ ਕਹਿੰਦਾ, ਨਹੀਂ ਹਿਮਾਚਲ ਵਿੱਚ। ਫੇਰ ਪੰਜਾਬੀ ਅਤੇ ਗੁਰਬਾਣੀ? ਉਹ ਕਹਿੰਦਾ, ਹਰਭਜਨ ਸਿੰਘ ਯੋਗੀ ਅਮਰੀਕਾ ਵਾਲਿਆਂ ਦੇ ਅਸਰ ਵਿੱਚ ਸ਼ੁਰੂ ਕੀਤਾ। ਫੇਰ ਬਹੁਤ ਸਾਰੇ ਪ੍ਰਚਾਰਕਾਂ ਦੇ ਸੰਪਰਕ ਵਿੱਚ ਰਿਹਾ। ਮੈਂ ਸ਼ਰਤੀਆ ਕਹਿ ਸਕਦਾ ਹਾਂ ਕਿ ਮੈਂ ਤੇਰੇ ਨਾਲੋਂ ਵੱਧ ਗੁਰਦੁਆਰਾ ਸਾਹਿਬ ਦੀ ਯਾਤਰਾ ਕਰ ਚੁੱਕਿਆ ਹਾਂ। ਬਦਕਿਸਮਤੀ! ਹੁਣ ਮੈਂ ਆਪਣੀ ਪਤਨੀ ਤੋਂ ਵੱਖ ਹੋ ਚੁੱਕਿਆ ਹਾਂਅੱਜ ਕੱਲ੍ਹ ਮੈਲਬੌਰਨ ਰਹਿ ਰਿਹਾ ਹਾਂ। ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹਨ। - ਜਿਵੇਂ-ਜਿਵੇਂ ਉਹ ਮੈਂਨੂੰ ਦੱਸੀ ਜਾਵੇ, ਮੈਂ ਸੁੰਨ ਜਿਹਾ ਹੋਈ ਜਾਵਾਂ।

ਉਸ ਦੇ ਅਖੀਰ ਇੱਕ ਗੋਰੇ ਨੂੰ ਬੋਲੇ ‘ਉਹ ਬੋਲ’ ਤਾਂ ਮੇਰੇ ਸਰੀਰ ਨੂੰ ਕੰਬਣੀ ਛੇੜ ਗਏ ਜਦੋਂ ਮੈਂਨੂੰ ਫਾਈਟਰਾਂ ਵਿੱਚੋਂ ਇੱਕ ਗੋਰੀ ਕਹਿੰਦੀ, ਕੀ ਮੈਂ ਦੂਜੀ ਬਾਰ ਖਾਣਾ ਲੈ ਸਕਦੀ ਹਾਂ? ਮੈਂ ਕਿਹਾ, ਕਿਉਂ ਨਹੀਂ। ਕਹਿੰਦੀ, ਕਿਤੇ ਮੁੱਕ ਤਾਂ ਨਹੀਂ ਜਾਵੇਗਾ? ਮੈਂ ਹਾਲੇ ਮੁਸਕਰਾਇਆ ਹੀ ਸੀ ਤੇ ਪੰਜਾਬੀ ਦੇ ਸ਼ਬਦ ਬੋਲਣ ਲਈ ਮੈਂ ਦਿਮਾਗ਼ ਵਿੱਚ ਅੰਗਰੇਜ਼ੀ ਬਣਾਉਣ ਦੀ ਕਸਰਤ ਕਰਨ ਹੀ ਲੱਗਿਆ ਸੀ ਕਿ ਉਸ ਤੋਂ ਪਹਿਲਾਂ ਉਹੀ ਨੌਜਵਾਨ ਬੋਲ ਪਿਆਉਹ ਕਹਿੰਦਾ, “ਬੇਫ਼ਿਕਰ ਹੋ ਜਾਓ, ਇਹ ਬਾਬਾ ਨਾਨਕ ਜੀ ਦਾ ਲੰਗਰ ਹੈ ਤੇ ਕਦੇ ਤੋਟ ਨਹੀਂ ਆਉਂਦੀ?”

ਹੁਣ ਤੁਸੀਂ ਆਪ ਹੀ ਮੇਰੀ ਉਸ ਵੇਲੇ ਦੀ ਹਾਲਾਤ ਸਮਝ ਲਵੋ, ਮੇਰੇ ਤੋਂ ਅੱਖਰਾਂ ਵਿੱਚ ਬਿਆਨ ਨਹੀਂ ਹੁੰਦੀ। ਬੱਸ, ਮੈਂ ਇੰਨਾ ਕੁ ਪੁੱਛ ਸਕਿਆ, ਦੋਸਤ ਮੈਂ ਤੁਹਾਡਾ ਨਾਮ ਤਾਂ ਪੁੱਛਣਾ ਭੁੱਲ ਗਿਆ? ਇਸੇ ਦੌਰਾਨ ਮੈਂਨੂੰ ਉਸ ਦੀ ਹਿੱਕ ’ਤੇ ਧਾਗੇ ਨਾਲ ਕੱਢਿਆ ਨਾਂ ਜੋ ਡੀ ਤੋਂ ਸ਼ੁਰੂ ਹੁੰਦਾ ਦਿਸਿਆ, ਉਸ ਨੇ ਛੇਤੀ ਦੇਣੇ ਉਸ ਉੱਤੇ ਹੱਥ ਰੱਖ ਕੇ ਕਿਹਾ, “ਦੋਸਤ ਇਹ ਤਾਂ ਸਰਕਾਰੀ ਨਾਮ ਹੈ ਪਰ ਮੈਂਨੂੰ ਤਾਂ ਉਹ ਲੋਕ ਚੰਗੇ ਲਗਦੇ ਹਨ, ਜੋ ਮੈਂਨੂੰ ਰਣਧੀਰ ਸਿੰਘ ਕਹਿ ਕੇ ਬੁਲਾਉਂਦੇ ਹਨ।” ਇੰਨਾ ਕਹਿ ਕੇ ਤੇਜ਼ੀ ਨਾਲ ਫ਼ਤਿਹ ਬੁਲਾ, ਮੇਰੇ ਮਨ ਵਿੱਚ ਅਣਗਿਣਤ ਸਵਾਲ ਛੱਡ ਰਣਧੀਰ ਸਿੰਘ ਦੂਰ ਲੱਗੀ ਅੱਗ ਦੇ ਰਣ ਵਿੱਚ ਜਾ ਗੱਜਿਆ।

***

ਨਾਮ ਚੋਟੀ ਦਿਆਂ ਮੁਲਕਾਂ ’ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁਝੇ --- ਮਿੰਟੂ ਬਰਾੜ

ਮਾਲਵੇ ਦੇ ਕ੍ਰਾਂਤੀਕਾਰੀ ਲੇਖਕ ਜਗਸੀਰ ਜੀਦਾ ਦੀ ਇਹ ਬੋਲੀ "ਬੰਦੇ ਮਾਰਨ ਲਈ ਖ਼ੋਜੀਆਂ ਮਿਜ਼ਾਈਲਾਂ ਤੇ ਨਰਮੇ ਦੀ ਸੁੰਡੀ ਨਾ ਮਰੇ।" ਅੱਜ ਵਾਰ-ਵਾਰ ਜ਼ਿਹਨ ਵਿੱਚ ਦਸਤਕ ਦੇ ਰਹੀ ਹੈ। ਭਾਵੇਂ ਬਾਈ ਜਗਸੀਰ ਦੀ ਇਹ ਰਚਨਾ ਮਾਲਵੇ ਦੇ ਨਰਮਾ ਉਤਪਾਦਕ ਜ਼ਿਮੀਂਦਾਰ ਦੀ ਪੀੜ 'ਚੋਂ ਨਿਕਲੀ ਹੋਈ ਹੈ। ਪਰ ਅੱਜ ਅੱਗ ਵਿੱਚ ਸੜ ਰਹੇ ਆਸਟ੍ਰੇਲੀਆ ਨੂੰ ਦੇਖ ਕੇ ਕੁਝ ਇਹੋ ਜਿਹੀ ਬੋਲੀ ਮੇਰੇ ਜ਼ਿਹਨ ਵਿੱਚ ਘੁੰਮ ਰਹੀ ਹੈ ਕਿ “ਨਾਮ ਚੋਟੀ ਦੀਆਂ ਮੁਲਕਾਂ ਵਿੱਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁਝੇ।”

ਇਹ ਹੀ ਸੱਚ ਹੈ ਅੱਜ ਦੀ ਘੜੀ ਤਾਂ। ਹੋਂਦ ਵਿੱਚ ਆਉਣ ਤੋਂ ਤਕਰੀਬਨ ਦੋ-ਢਾਈ ਸਦੀਆਂ ਵਿੱਚ ਆਸਟ੍ਰੇਲੀਆ ਦੁਨੀਆ ਦੇ ਮੋਹਰੀ ਮੁਲਕਾਂ ਵਿੱਚ ਆਪਣਾ ਨਾਮ ਦਰਜ ਕਰਵਾ ਗਿਆ। ਇਕੱਲੇ ਭਾਰਤੀਆਂ ਦੀ ਹੀ ਨਹੀਂ ਦੁਨੀਆ ਦੇ ਬਹੁਤੇ ਮੁਲਕਾਂ ਦੇ ਲੋਕਾਂ ਦੀ ਪਰਵਾਸ ਕਰਨ ਲਈ ਆਸਟ੍ਰੇਲੀਆ ਪਹਿਲੀ ਪਸੰਦ ਹੈ। ਜਦੋਂ ਕਦੇ ਸਰਵੇਖਣ ਹੁੰਦੇ ਹਨ ਤਾਂ ਆਸਟ੍ਰੇਲੀਆ ਦੇ ਕਈ ਸ਼ਹਿਰ ਦੁਨੀਆ ਦੇ ਪਹਿਲੇ ਦਸ ਰਹਿਣ ਲਈ ਸਭ ਤੋਂ ਚੰਗੇ ਸ਼ਹਿਰਾਂ ਵਿੱਚ ਆਉਂਦੇ ਹਨ। ਸੋਸ਼ਲ ਸਕਿਉਰਿਟੀ ਵਿੱਚ ਆਸਟ੍ਰੇਲੀਆ ਦੀ ਅਮਰੀਕਾ ਵੀ ਰੀਸ ਨਹੀਂ ਕਰ ਸਕਦਾ। ਹੈਲਥ ਅਤੇ ਸੇਫ਼ਟੀ ਦੇ ਮਾਮਲੇ ਵਿੱਚ ਆਸਟ੍ਰੇਲੀਆ ਇੰਨਾ ਕੁ ਚੌਕਸ ਹੈ ਕਿ ਭਾਵੇਂ ਕਿੰਨਾ ਵੀ ਨੁਕਸਾਨ ਹੋ ਜਾਵੇ ਪਰ ਬੰਦੇ ਦੀ ਜਾਨ ਅਤੇ ਸਿਹਤ ਨਾਲ ਕੋਈ ਸਮਝੌਤਾ ਨਹੀਂ। ਸਾਫ਼ ਆਬੋ-ਹਵਾ, ਸ਼ੁੱਧ ਖਾਣ-ਪੀਣ, ਚੰਗੀਆਂ ਡਾਕਟਰੀ ਸਹੂਲਤਾਂ, ਚੰਗੀ ਪੜ੍ਹਾਈ-ਲਿਖਾਈ ਤੇ ਚੰਗੀਆਂ ਖੇਡਾਂ। ਹੁਣ ਇੰਨਾ ਕੁਝ ਚੰਗਾ ਹੋਣ ਦੇ ਬਾਵਜੂਦ ਅੱਜ ਆਸਟ੍ਰੇਲੀਆ ਦੁਨੀਆ ਦੀ ਨਜ਼ਰ ਵਿੱਚ ਤਰਸ ਦਾ ਪਾਤਰ ਬਣਿਆ ਹੋਇਆ ਹੈ ਜਿਸ ਦਾ ਕਾਰਨ ਹੈ ਇੱਥੇ ਲੱਗੀਆਂ ਅੱਗਾਂ।

ਆਸਟ੍ਰੇਲੀਆ ਵਿੱਚ ਅੱਗਾਂ ਦਾ ਇਤਿਹਾਸ: ਭਾਵੇਂ ਆਸਟ੍ਰੇਲੀਆ ਵਿੱਚ ਜੀਵਨ ਹਜ਼ਾਰਾਂ ਸਾਲ ਪਹਿਲਾਂ ਤੋਂ ਪਾਇਆ ਜਾਂਦਾ ਪਰ ਅੱਜ ਦੇ ਆਸਟ੍ਰੇਲੀਆ ਦੀ ਹੋਂਦ ਵਿੱਚ ਆਉਣ ਤੋਂ ਬਾਅਦ ਜਿਹੜਾ ਰਿਕਾਰਡ ਦਰਜ ਹੋਇਆ ਮਿਲਦਾ ਹੈ ਉਸ ਮੁਤਾਬਿਕ 1851 ਤੋਂ ਲੈ ਕੇ ਹੁਣ ਤੱਕ ਤਕਰੀਬਨ 800 ਇਨਸਾਨ ਅਤੇ ਲੱਖਾਂ ਦੀ ਗਿਣਤੀ ਵਿੱਚ ਜਾਨਵਰ ਅੱਗਾਂ ਕਾਰਨ ਮਾਰੇ ਜਾ ਚੁੱਕੇ ਹਨ। ਪਿਛਲੀ ਡੇਢ ਸਦੀ ਦੌਰਾਨ ਆਏ ਇਹਨਾਂ ਭਿਆਨਕ ਦਿਨਾਂ ਦੀ ਮਾੜੀ ਯਾਦ ਆਸਟ੍ਰੇਲੀਆ ਵੱਸਦੇ ਲੋਕਾਂ ਦੇ ਮਨਾ ਵਿੱਚ ਵੱਖੋ-ਵੱਖ ਨਾਵਾਂ ਨਾਲ ਉੱਕਰੀ ਪਈ ਹੈ। 'ਕਾਲੇ ਵੀਰਵਾਰ', 'ਕਾਲੇ ਸ਼ਨੀਵਾਰ' ਜਾ 'ਸਵਾਹ ਰੰਗੇ ਬੁੱਧਵਾਰ' ਦੀ ਗੱਲ ਅੱਜ ਵੀ ਪ੍ਰਭਾਵਿਤ ਲੋਕਾਂ ਦੇ ਗਲੇ ਭਰ ਦਿੰਦੀ ਹੈ।

ਇਤਿਹਾਸਕਾਰ ਲਿਖਦੇ ਹਨ ਕਿ 6 ਫਰਵਰੀ 1851 ਦਿਨ ਵੀਰਵਾਰ ਨੂੰ ਲੱਗੀ ਅੱਗ ਵਿੱਚ ਬਹੁਤ ਸਾਰੇ ਇਨਸਾਨ, ਦਸ ਲੱਖ ਤੋਂ ਉੱਤੇ ਭੇਡਾਂ ਅਤੇ ਅਣਗਿਣਤ ਹੋਰ ਜਾਨਵਰ ਅੱਗ ਦੀ ਭੇਂਟ ਚੜ੍ਹ ਗਏ ਸਨ, ਜਿਸ ਕਾਰਨ ਅੱਜ ਵੀ ਇਸ ਦਿਨ ਨੂੰ 'ਕਾਲੇ ਵੀਰਵਾਰ' ਦੇ ਤੌਰ ’ਤੇ ਯਾਦ ਕੀਤਾ ਜਾਂਦਾ ਹੈ।

ਆਸਟ੍ਰੇਲੀਆ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਭਿਆਨਕ ਅੱਗ 7 ਫਰਵਰੀ 2009 ਨੂੰ ਲੱਗੀ ਸੀ ਜਿਸ ਦੌਰਾਨ 173 ਇਨਸਾਨ, ਅਣਗਿਣਤ ਜਾਨਵਰ ਤੇ ਪੰਛੀ ਇਸ ਦੀ ਲਪੇਟ ਵਿੱਚ ਆਏ ਸਨ। ਇਸ ਕਾਲੇ ਸ਼ਨੀਵਾਰ ਨੂੰ 400 ਦੇ ਕਰੀਬ ਵੱਖ-ਵੱਖ ਥਾਂਵਾਂ ਤੇ ਅੱਗ ਨੇ ਤਬਾਹੀ ਮਚਾਈ ਸੀ। ਜਿਸ ਵਿਚ 11 ਲੱਖ ਏਕੜ ਜ਼ਮੀਨ ਤਕਰੀਬਨ 2000 ਰਿਹਾਇਸ਼ੀ ਘਰਾਂ ਸਮੇਤ 3500 ਇਮਾਰਤਾਂ ਸੜ ਕੇ ਸਵਾਹ ਹੋ ਗਈਆਂ ਸਨ। 400 ਦੇ ਕਰੀਬ ਲੋਕ ਅੱਗ ਨਾਲ ਬੁਰੀ ਤਰ੍ਹਾਂ ਝੁਲਸੇ ਗਏ ਸਨ।

ਇਸ ਅੱਗ ਦੇ ਕਾਰਨ ਸਾਡੇ ਇੱਕ ਪੰਜਾਬੀ ਸ. ਚਰਨਾਮਤ ਸਿੰਘ ਦੇ ਪਰਵਾਰ ਨੇ ਵੀ ਆਪਣਾ ਸਭ ਕੁਝ ਗੁਆ ਲਿਆ ਸੀ। ਬੱਸ ਵਾਹਿਗੁਰੂ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਤੋਂ ਉਹ ਬਚ ਗਏ ਸਨ। ਦੁਨੀਆ ਭਰ ਵਿੱਚ ਚਰਨਾਮਤ ਸਿੰਘ ਨੂੰ ਜਾਣਨ ਵਾਲੇ ਹਾਸਿਆਂ ਦਾ ਵਣਜਾਰਾ ਸਮਝਦੇ ਹਨ। ਪਰ ਉਨ੍ਹਾਂ ਦੇ ਨਜ਼ਦੀਕੀ ਜਾਣਦੇ ਹਨ ਕਿ ਉਨ੍ਹਾਂ ਦੇ ਹਾਸਿਆਂ ਥੱਲੇ ਜੋ ਅੱਗ ਮੱਚਦੀ ਹੈ ਉਸ ਨੂੰ ਯਾਦ ਕਰਕੇ ਉਹ ਅੱਜ ਵੀ ਡੌਰ-ਭੌਰ ਹੋ ਜਾਂਦੇ ਹਨ। ਉਹ ਦੱਸਦੇ ਹਨ ਕਿ ਅੱਗ ਉਨ੍ਹਾਂ ਦੇ ਫਾਰਮ ਤੋਂ ਕਾਫ਼ੀ ਦੂਰ ਸੀ ਪਰ ਹਵਾ ਵਿੱਚ ਉੱਡ ਕੇ ਆਇਆ ਇਕ ਫਲੂਹਾ ਉਨ੍ਹਾਂ ਦੇ ਪਰਵਾਰ ਦੀ ਜ਼ਿੰਦਗੀ ਭਰ ਦੀ ਕਮਾਈ ਨੂੰ ਸੁਆਹ ਕਰ ਗਿਆ ਸੀ।

ਹਰ ਸਾਲ ਅੱਗ ਪੀੜਤਾਂ ਦੀ ਗਿਣਤੀ ਵਧਦੀ ਜਾਂਦੀ ਹੈ। ਹੁਣ ਤੱਕ ਅਣਗਿਣਤ ਪੀੜਤਾਂ ਨਾਲ ਦੁੱਖ ਵੰਡਾਉਣ ਦਾ ਸਬੱਬ ਬਣਿਆ। ਹਰ ਇਕ ਰੁਆ ਕੇ ਹੀ ਗਿਆ। ਅੱਜ ਦੋ ਅਧਖੜ ਜਿਹੀਆਂ ਗੋਰੀਆਂ ਸਾਡੇ ਕੋਲ ਖਾਣਾ ਖਾਣ ਆਈਆਂ, ਪੁੱਛਣ ’ਤੇ ਪਤਾ ਲੱਗਿਆ ਕਿ ਉਨ੍ਹਾਂ ਵਿੱਚੋਂ ਇਕ ਗਿਬਸਲੈਂਡ ਤੋਂ ਆਈ ਸੀ, ਜਿੱਥੇ ਅੱਗਾਂ ਨੇ ਸਭ ਤਹਿਸ ਨਹਿਸ ਕਰ ਦਿੱਤਾ ਸੀਰੋ-ਰੋ ਸੁੱਕ ਚੁੱਕੀਆਂ ਅੱਖਾਂ ਸਾਰੀ ਕਹਾਣੀ ਬਿਆਨ ਕਰ ਰਹੀਆਂ ਸਨ। ਕਹਿੰਦੀ ਆਹ ਜੋ ਤਨ ਤੇ ਕੱਪੜੇ ਤੇ ਇਹਨਾਂ ਤੋਂ ਬਿਨਾਂ ਉਹ ਕਾਰ ਹੈ ਜਿਸ ਵਿੱਚ ਚੜ੍ਹ ਕੇ ਮੈਂ ਭੱਜ ਆਈ ਹਾਂ, ਸਭ ਤਬਾਹ ਹੋ ਗਿਆ। ਭਲੇ ਵੇਲਿਆਂ ਵਿੱਚ ਇਸ ਕਸਬੇ ਵਿੱਚ ਥੋੜ੍ਹੀ ਜਿਹੀ ਥਾਂ ਖ਼ਰੀਦੀ ਸੀ ਉਸ ਨੂੰ ਵੇਚ ਕੇ ਫੇਰ ਸਿਰ ਢਕਣ ਦੀ ਕੋਸ਼ਿਸ਼ ਕਰ ਰਹੀ ਹਾਂ। ਇਨਸਾਨਾਂ ਦੀਆਂ ਹੱਡ-ਬੀਤੀਆਂ ਤਾਂ ਬਹੁਤ ਲਿਖ ਸਕਦਾ ਹਾਂ ਪਰ ਉਹ ਅੱਗ ਪੀੜਤ ਲੱਖਾਂ ਬੇਸਹਾਰਾ ਚਿੜੀਆਂ-ਜਨੌਰਾਂ ਬਾਰੇ ਸੋਚ ਕੇ ਰੂਹ ਕੰਬ ਜਾਂਦੀ ਹੈ, ਜਿਨ੍ਹਾਂ ਦੀਆਂ ਦਰਦ ਕਹਾਣੀਆਂ ਸਮਝ ਕੇ ਬਿਆਨ ਕਰਨ ਵਾਲਾ ਕੋਈ ਨਹੀਂ।

ਪਿਛਲੇ ਸਾਲਾਂ ਦੇ ਆਂਕੜੇ ਤਾਂ ਸਦਾ ਲਈ ਦਰਜ ਹੋ ਚੁੱਕੇ ਹਨ ਤੇ ਇਸ ਸਾਲ ਦੇ ਆਂਕੜੇ ਚਾਰ ਕੁ ਦਿਨਾਂ ਨੂੰ ਦਰਜ ਹੋ ਜਾਣਗੇ ਤੇ ਇੰਝ ਹੀ ਹਰ ਸਾਲ ਅੱਗ ਪੀੜਤਾਂ ਦੀ ਗਿਣਤੀ ਵਧਦੀ ਜਾਵੇਗੀ? ਇਹ ਸਵਾਲ ਹਰ ਇਕ ਦੇ ਮਨ ਵਿੱਚ ਹੈ ਕਿ ਕੀ ਆਸਟ੍ਰੇਲੀਆ ਜਿਹਾ ਵਿਕਸਤ ਦੇਸ਼ ਇਸ ਦਾ ਕੋਈ ਹੱਲ ਨਹੀਂ ਕੱਢ ਸਕਦਾ? ਇਹਨਾਂ ਸਵਾਲਾਂ ਦੇ ਜਵਾਬ ਲੱਭਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਅੱਗਾਂ ਲੱਗਣ ਦੇ ਕਾਰਨ ਕੀ ਹਨ?

ਕਾਰਨ ਕਈ ਹਨ, ਸੰਖੇਪ ਇਹ ਹੈ ਕਿ ਆਸਟ੍ਰੇਲੀਆ ਵਿੱਚ ਸੂਰਜ ਦੀ ਤਪਸ਼ ਗਰਮੀ ਵਿੱਚ ਬਨਸਪਤੀ ਨੂੰ ਇੰਨਾ ਕੁ ਸੁਕਾ ਦਿੰਦੀ ਹੈ ਕਿ ਇਹ ਸੁੱਕੀ ਹੋਈ ਬਨਸਪਤੀ ਅੱਗ ਨੂੰ ਬਹੁਤ ਹੀ ਤੇਜ਼ੀ ਨਾਲ ਫੜਦੀ ਹੈ। ਇਸ ਤੋਂ ਬਿਨਾਂ ਇੱਥੋਂ ਦੇ ਜੰਗਲਾਂ ਅਤੇ ਖ਼ਾਲੀ ਥਾਂਵਾਂ ’ਤੇ ਜ਼ਿਆਦਾਤਰ ਸਫ਼ੈਦੇ ਅਤੇ ਪਾਈਨ ਦੇ ਦਰਖ਼ਤ ਪਾਏ ਜਾਂਦੇ ਹਨ। ਮਾਹਿਰ ਮੰਨਦੇ ਹਨ ਕਿ ਇਹਨਾਂ ਦਰਖਤਾਂ ਵਿੱਚ ਤੇਲ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਹਰੇ ਵੀ ਸੁੱਕਿਆਂ ਵਾਂਗ ਮੱਚਦੇ ਹਨ। ਇਹ ਅੱਗ ਕਈ ਬਾਰ ਸੂਰਜ ਦੀ ਜ਼ਿਆਦਾ ਤਪਸ਼ ਕਾਰਨ, ਬਿਜਲੀ ਦੇ ਚੰਗਿਆੜੇ ਕਾਰਨ, ਮਸ਼ੀਨਰੀ ਕਾਰਨ ਜਾਂ ਫੇਰ ਕਿਸੇ ਇਨਸਾਨ ਦੀ ਬੇਵਕੂਫ਼ੀ ਜਾਂ ਜਾਣ ਬੁੱਝ ਕੇ ਸੁੱਟੀ ਸਿਗਰਟ ਆਦਿ ਨਾਲ ਲਗਦੀ ਹੈ। ਹਾਦਸਾ ਤਾਂ ਕਦੋਂ ਵੀ ਤੇ ਕਿਤੇ ਵੀ ਹੋ ਸਕਦਾ ਹੈ ਪਰ ਜਦੋਂ ਜਾਣ ਬੁੱਝ ਕੇ ਕੋਈ ਗ਼ਲਤੀ ਕਰਦਾ ਹੈ ਤਾਂ ਤਕਲੀਫ਼ ਜ਼ਿਆਦਾ ਹੁੰਦੀ ਹੈ। ਜੇਕਰ ਪਿਛੋਕੜ ਵਿੱਚ ਝਾਤ ਮਾਰੀ ਜਾਵੇ ਤਾਂ ਇਸ ਸਭਿਅਕ ਮੁਲਕ ਵਿੱਚ ਵੀ ਅਸੱਭਿਅਕ ਤੇ ਸ਼ਰਾਰਤੀ ਲੋਕਾਂ ਦੀ ਵੀ ਕੋਈ ਘਾਟ ਨਹੀਂਸ਼ਰਾਰਤੀ ਨਾਲੋਂ ਵੀ ਅਪਰਾਧਿਕ ਬਿਰਤੀ ਦੇ ਲੋਕ ਲਿਖਣਾ ਵਾਜਬ ਲੱਗਦਾ ਹੈ। ਪਹਿਲਾਂ ਕੁਝ ਕੁ ਹਾਦਸਿਆਂ ਪਿੱਛੇ ਮਛੋਹਰ ਮੱਤ ਦੇ ਮੁੰਡੇ ਕੁੜੀਆਂ ਦਾ ਹੱਥ ਸਾਬਤ ਹੋਇਆ ਸੀ। ਪਰ ਇਸ ਬਾਰ ਇਕ ਵੱਡੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਦੋ ਸੌ ਦੇ ਕਰੀਬ ਬੰਦਿਆਂ ਉੱਤੇ ਪੁਲਿਸ ਵੱਲੋਂ ਜਾਣਬੁੱਝ ਕੇ ਅੱਗ ਲਾਉਣ ਦਾ ਘਿਨਾਉਣਾ ਕਾਰਾ ਕਰਨ ਦਾ ਪਰਚਾ ਦਰਜ ਕੀਤਾ ਹੈ।

ਉਪਰਾਲੇ: ਆਸਟ੍ਰੇਲੀਆ ਦੀ ਵਿਸ਼ਾਲ ਭੂਗੋਲਿਕ ਰਚਨਾ ਸਰਕਾਰਾਂ ਲਈ ਇਕ ਵੱਡਾ ਚੈਲੰਜ ਰਿਹਾ ਹੈ। ਜਦੋਂ ਤੋਂ ਆਂਕੜੇ ਮਿਲਦੇ ਹਨ ਉਸ ਮੁਤਾਬਿਕ 1850 ਵਿੱਚ ਵਿਕਟੋਰੀਆ ਸੂਬੇ ਵਿੱਚ ਸੀ.ਐੱਫ.ਏ. (ਕੰਟਰੀ ਫਾਇਰ ਅਥਾਰਿਟੀ), 1859 ਵਿੱਚ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਿੱਚ ਆਰ.ਐੱਫ.ਐੱਸ. (ਰੂਰਲ ਫਾਇਰ ਸਰਵਿਸਿਜ਼), 1913 ਵਿੱਚ ਸਾਊਥ ਆਸਟ੍ਰੇਲੀਆ ਵਿੱਚ ਸੀ.ਐੱਫ.ਐੱਸ. (ਕੰਟਰੀ ਫਾਇਰ ਸਰਵਿਸਿਜ਼) ਆਦਿ ਸੰਸਥਾਵਾਂ ਹੋਂਦ ਵਿੱਚ ਆਈਆਂ ਸਨ ਤੇ ਜੋ ਅੱਜ ਤੱਕ ਹਰ ਸਾਲ ਇਸ ਆਫ਼ਤ ਨਾਲ ਜੂਝਦੀਆਂ ਆ ਰਹੀਆਂ ਹਨ।

ਆਪਣੇ ਸਲਾਨਾ ਬਜਟ ਵਿੱਚ ਅੱਗਾਂ ਦੀ ਆਫ਼ਤ ਦੇ ਫ਼ੰਡ ਵਿੱਚ ਕਟੌਤੀ ਕਰਕੇ ਅੱਜ ਦੀ ਸਰਕਾਰ ਦੀ ਕਿਰਕਰੀ ਹੋ ਰਹੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਗਰਮੀ ਦੇ ਮੌਸਮ ਵਿਚ ਕਿਤੇ ਵੀ ਅੱਗ ਲਾਉਣਾ ਗੈਰ ਕਾਨੂੰਨੀ ਹੈ। ਥਾਂ ਥਾਂ ਤੇ ਸਰਕਾਰ ਲਿਖਤੀ ਬੋਰਡ ਲਗਾ ਕੇ ਅਤੇ ਮੀਡੀਏ ਜ਼ਰੀਏ ਲੋਕਾਂ ਨੂੰ ਜਾਗ੍ਰਿਤ ਕਰਦੀ ਰਹਿੰਦੀ ਹੈ। ਇੱਥੋਂ ਤੱਕ ਕਿ ਸਿਆਲਾਂ ਵਿੱਚ ਵੀ ਜਦੋਂ ਅਸੀਂ ਆਪਣੇ ਖੇਤਾਂ ਆਦਿ ਦੇ ਝਾੜ ਬੂਝ ਨੂੰ ਅੱਗ ਲਾਉਣੀ ਹੋਵੇ ਤਾਂ ਪਹਿਲਾਂ ਨੇੜੇ ਦੇ ਅੱਗ ਬੁਝਾਊ ਮਹਿਕਮੇ ਨੂੰ ਦੱਸਣਾ ਪੈਂਦਾ ਹੈ। ਤੁਸੀਂ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਮਚਾ ਸਕਦੇ ਜਿਸ ਨਾਲ ਜ਼ਹਿਰੀਲਾ ਧੂੰਆਂ ਬਣਦਾ ਹੋਵੇ ਮਸਲਨ ਜ਼ਹਿਰੀਲੀਆਂ ਦਵਾਈਆਂ ਲੱਗੀ ਲੱਕੜ ਜਾ ਪਲਾਸਟਿਕ ਆਦਿ

ਪਰ ਇਹ ਤਾਂ ਆਮ ਜਿਹੇ ਉਪਰਾਲੇ ਹਨ ਲੋਕਾਂ ਨੂੰ ਜਾਗਰੂਕ ਕਰਨ ਦੇ। ਇਸ ਸੰਬੰਧੀ ਅਸੀਂ ਬਹੁਤ ਸਾਰੇ ਜ਼ਿੰਮੇਵਾਰ ਲੋਕਾਂ ਨੂੰ ਸਵਾਲ ਕੀਤਾ ਕਿ "ਸਾਇੰਸ ਦੇ ਇਸ ਯੁੱਗ ਵਿੱਚ ਅਸੀਂ ਬਹੁਤ ਕੁਝ ਖੋਜ ਲਿਆ ਹੈ ਪਰ ਆਸਟ੍ਰੇਲੀਆ ਵਿੱਚ ਹਰ ਸਾਲ ਲਗਦੀਆਂ ਇਹਨਾਂ ਭਿਆਨਕ ਅੱਗਾਂ ਦਾ ਕੋਈ ਤੋੜ ਕਿਉਂ ਨਹੀਂ ਲੱਭਿਆ?" ਬਹੁਤਿਆਂ ਨੇ ਆਸਟ੍ਰੇਲੀਅਨ ਲੋਕਾਂ ਦੇ ਸੁਸਤ-ਪੁਣੇ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦਾ ਮੰਨਣਾ ਸੀ ਕਿ ਆਸਟ੍ਰੇਲੀਆ ਸਾਲ ਭਰ ਕੁਝ ਨਹੀਂ ਕਰਦਾ ਤੇ ਜਦੋਂ ਅੱਗਾਂ ਲੱਗਣ ਦੀ ਰੁੱਤ ਆ ਜਾਂਦੀ ਹੈ ਫੇਰ ਕੁਰਲਾਉਂਦਾ।

ਇੱਥੇ ਮੈਨੂੰ ਮੋਹੀ ਵਾਲੇ ਬਾਈ ਪਰਮਜੀਤ ਪੰਮੇ ਦੀ ਗੱਲ ਚੇਤੇ ਆ ਰਹੀ ਹੈ। 90 ਦੇ ਦਹਾਕੇ ਦੀ ਗੱਲ ਹੈ ਅਸੀਂ ਬਠਿੰਡੇ ਦੇ ਕੁਝ ਉੱਦਮੀ ਨੌਜਵਾਨਾਂ ਨੇ ਹੇਮਕੁੰਟ ਸਾਹਿਬ ਦੇ ਰਾਹ ਵਿੱਚ ਪੈਂਦੇ ਕਸਬੇ ਚਮੋਲੀ ਵਿੱਚ ਲੰਗਰ ਲਾਉਣਾ ਸ਼ੁਰੂ ਕੀਤਾ। ਦਿਨੇ ਸਾਰਾ ਦਿਨ ਲੰਗਰ ਦੀ ਸੇਵਾ ਵਿੱਚ ਰੁੱਝੇ ਰਹਿਣਾ ਅਤੇ ਜਦੋਂ ਰਾਤ ਨੂੰ ਇਕ ਖੜ੍ਹੇ ਟਰੱਕ ਵਿੱਚ ਸੌ ਜਾਣਾ, ਤਾਂ ਪਹਾੜੀ ਏਰੀਆ ਹੋਣ ਕਾਰਨ ਅੱਧੀ ਕੁ ਰਾਤ ਨੂੰ ਮੀਂਹ ਲਹਿ ਪੈਣਾ। ਫੇਰ ਸਾਰੇ ਏਧਰ-ਓਦਰ ਲੁਕਦੇ ਫਿਰਨਾ ਗਿੱਲੀਆਂ ਰਜਾਈਆਂ ਲੈ ਕੇ। ਫੇਰ ਪੰਮੇ ਬਾਈ ਨੇ ਕਹਿਣਾ ਕੱਲ੍ਹ ਨੂੰ ਆਪਾਂ ਸਭ ਤੋਂ ਪਹਿਲਾਂ ਛੱਤ ਦਾ ਇੰਤਜ਼ਾਮ ਕਰਾਂਗੇ ਤੇ ਨਾਲ ਹੀ ਕੋੜ੍ਹਕਿਰਲੇ ਦੀ ਬਾਤ ਸੁਣਾ ਦੇਣੀ ਕਿ ਕੋੜ੍ਹਕਿਰਲਾ ਹਰ ਰੋਜ਼ ਰਾਤ ਨੂੰ ਕੋੜ੍ਹਕਿਰਲੀ ਨਾਲ ਵਾਅਦਾ ਕਰ ਕੇ ਪੈਂਦਾ ਕਿ ਭਾਗਵਾਨੇ ਕੱਲ੍ਹ ਨੂੰ ਸਭ ਤੋਂ ਪਹਿਲਾਂ ਆਪਾਂ ਖੁੱਡ ਪੱਟਣ ਦਾ ਕੰਮ ਕਰਨਾ। ਪਰ ਸਾਰੀ ਉਮਰ ਇੰਝ ਹੀ ਗੁਜ਼ਾਰ ਲੈਂਦਾ। ਉਹੀ ਹਾਲ ਆਸਟ੍ਰੇਲੀਆ ਦਾ। ਆਸਟ੍ਰੇਲੀਆ ਦੇ ਬਜਟ ਵਿੱਚ ਸੋਸ਼ਲ ਸਿਕਿਉਰਿਟੀ ਦੇ ਨਾਮ ਤੇ ਵਿਹਲਿਆਂ ਨੂੰ ਖੁਆਉਣ ਤੋਂ ਲੈ ਕੇ ਐੱਨ.ਬੀ.ਐੱਨ. ਜਿਹੇ ਚਿੱਟੇ ਹਾਥੀ ਪਤਾ ਨਹੀਂ ਕਿੰਨੇ ਕੁ ਬੰਨ੍ਹ ਰੱਖੇ ਹਨ? ਪਰ ਜਿਹੜੀ ਖੁੱਡ ਪੱਟਣ ਦੀ ਲੋੜ ਹੈ ਉਸ ਬਾਰੇ ਕਦੇ ਕੋਈ ਵਿਚਾਰ ਨਹੀਂ।

ਹਾਸੋ ਹੀਣੀ ਗੱਲ ਇਹ ਹੈ ਕਿ ਅੱਜ ਆਸਟ੍ਰੇਲੀਆ ਬੈਠਾ ਅਮਰੀਕਾ ਤੋਂ ਮਦਦ ਵਿੱਚ ਆ ਰਹੇ ਅੱਗ ਬੁਝਾਉਣ ਵਾਲੇ ਹੈਲੀਕਾਪਟਰ ਉਡੀਕ ਰਿਹਾ ਹੈ।

ਉਪਰੋਕਤ ਸਵਾਲ ਜਦੋਂ ਮੈਂ ਕਿਸੇ ਸਿਆਸੀ ਬੰਦੇ ਨੂੰ ਪਾਏ ਤਾਂ ਉਨ੍ਹਾਂ ਉਹੀ ਦੋਸ਼-ਪਰਦੋਸ਼ ਦਾ ਰਾਜਨੀਤਕ ਬਿਆਨ ਦਿੱਤਾ ਲੇਬਰ ਕਹਿੰਦੀ ਲਿਬਰਲ ਮਾੜੇ, ਲਿਬਰਲ ਕਹਿੰਦੇ ਲੇਬਰ ਮਾੜੀ ਤੇ ਦੋਨੇਂ ਰਲ ਕੇ ਕਹਿੰਦੇ ਗਰੀਨ ਪਾਰਟੀ ਵਾਲੇ ਮਾੜੇ। ਪਰ ਆਮ ਜਨਤਾ ਨੂੰ ਪਤਾ ਹੀ ਹੈ ਕਿ ਤੁਹਾਡੇ 'ਚੋਂ ਦੁੱਧ ਧੋਤਾ ਕੋਈ ਵੀ ਨਹੀਂ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਜ਼ਮੀਨੀ ਪੱਧਰ ਤੇ ਆਪ ਪੀੜਤਾਂ ਨੂੰ ਮਿਲਣ ਗਏ ਤਾਂ ਮੋਹਰੋਂ ਪੀੜਤ ਪੈ ਗਏ ਕਹਿੰਦੇ ਤੁਹਾਨੂੰ ਸਿਰਫ਼ ਸ਼ਹਿਰਾਂ ਵਾਲੇ ਦਿਸਦੇ ਹਨ, ਤੁਸੀਂ ਸਾਡੀ ਪਿੰਡਾਂ ਵਾਲਿਆਂ ਦੀ ਸਾਰ ਨਹੀਂ ਲੈਂਦੇ। ਜਦੋਂ ਮੈਂ ਗਰੀਨ ਵਾਲੇ ਬਾਈ ਨਵਦੀਪ ਨੂੰ ਪੁੱਛਿਆ ਤਾਂ ਉਹ ਕਹਿੰਦੇ ਅਸੀਂ ਤਾਂ ਕਦੋਂ ਦੇ ਕੁਰਲਾਉਂਦੇ ਹਾਂ ਕੀ ਇਸ ਦਾ ਪੱਕਾ ਹੱਲ ਕੱਢ ਲਵੋ ਪਰ ਸਾਡੀ ਸੁਣਦੇ ਨਹੀਂ। ਉਨ੍ਹਾਂ ਦੀ ਦਲੀਲ ਹੈ ਕਿ ਜਿੰਨੇ ਦਰਖ਼ਤ ਆਸਟ੍ਰੇਲੀਆ ਵਿੱਚ ਕੱਟੇ ਜਾਂਦੇ ਹਨ ਓਨੇ ਕਿਤੇ ਵੀ ਨਹੀਂ, ਜਿਸ ਦਾ ਨਤੀਜਾ ਤੁਸੀਂ ਦੇਖ ਲਵੋ ਮੀਂਹ ਵਾਲੇ ਜੰਗਲਾਂ (ਰੇਨ ਫਾਰੈਸਟ) ਵਿੱਚ ਕਦੇ ਅੱਗਾਂ ਲਗਦੀਆਂ ਨਹੀਂ ਸੁਣੀਆਂ ਸਨ ਪਰ ਆਸਟ੍ਰੇਲੀਆ ਵਿੱਚ ਇਹ ਵੀ ਮੱਚ ਰਹੇ ਹਨ।

ਬਹੁਤ ਕੁਝ ਲਿਖਿਆ ਜਾ ਸਕਦਾ ਹੈ ਇਸ ਵਿਸ਼ੇ ਤੇ ਪਰ ਸਮਾਪਤੀ ਤੋਂ ਪਹਿਲਾਂ ਜੇ ਇਕ ਰਾਹਤ ਅਤੇ ਮਾਣ ਕਰਨ ਵਾਲੀ ਗੱਲ ਲਿਖਾਂ ਤਾਂ ਉਹ ਇਹ ਹੈ ਕਿ ਆਸਟ੍ਰੇਲੀਆ ਦੇ ਹਰ ਛੋਟੇ ਵੱਡੇ ਇਨਸਾਨ ਵੱਲੋਂ ਕੀਤੀਆਂ ਜਾ ਰਹੀਆਂ ਨਿੱਜੀ ਕੋਸ਼ਿਸ਼ਾਂ। ਜਿੱਥੇ ਹਰ ਪਾਸੇ ਅੱਗਾਂ ਲੱਗਣ ਦੀਆਂ ਮਾੜੀਆਂ ਖ਼ਬਰਾਂ ਹਰ ਪਲ ਆ ਰਹੀਆਂ ਹਨ ਉੱਥੇ ਆਸਟ੍ਰੇਲੀਆ ਦਾ ਬੱਚਾ-ਬੱਚਾ ਰਾਹਤ ਕਾਰਜਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਜਾਂਦੇ-ਜਾਂਦੇ ਇਕ ਆਸਟ੍ਰੇਲੀਅਨ ਹੋਣ ਦੇ ਨਾਤੇ ਉਨ੍ਹਾਂ ਦੇਸ਼ ਵਿਦੇਸ਼ ਬੈਠੀਆਂ ਸਾਰੀਆਂ ਰੂਹਾਂ ਦਾ ਧੰਨਵਾਦ ਕਰਨਾ ਆਪਣਾ ਫ਼ਰਜ਼ ਸਮਝਦਾ ਹਾਂ ਜਿਨ੍ਹਾਂ ਨੇ ਅਸਟਰੇਲੀਆ ਦੇ ਇਸ ਮੁਸ਼ਕਿਲ ਵਕਤ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸਾਥ ਦੇ ਕੇ ਹਾਅ ਦਾ ਨਾਅਰਾ ਮਾਰਿਆ। ਲੇਖ ਦੇ ਅੰਤ ਵਿੱਚ ਸਰਕਾਰੀ ਕੋੜ੍ਹਕਿਰਲੇ ਤੋਂ ਉਮੀਦ ਕਰਦਾ ਹਾਂ ਕਿ ਅਗਲੀ ਬਾਰ ਦੀਆਂ ਕੁਦਰਤੀ ਆਫ਼ਤਾਂ ਆਉਣ ਤੋਂ ਪਹਿਲਾਂ-ਪਹਿਲਾਂ ਉਹ ਆਪਣੀ ਖੁੱਡ ਜ਼ਰੂਰ ਪੁੱਟ ਲਵੇਗਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1888)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਮਿੰਟੂ ਬਰਾੜ

ਮਿੰਟੂ ਬਰਾੜ

Adelaide, Australia.
Email: (mintubrar@gmail.com)