“ਦੁਨੀਆ ਭਰ ਵਿੱਚ ਜੋ ਵਿਹਾਰ ਵੱਧ ਗਿਣਤੀ ਵਾਲੇ ਘੱਟ ਗਿਣਤੀਆਂ ...”
(3 ਜੂਨ 2020)
“ਇੱਕੀ ਦੁੱਕੀ ਚੱਕ ਦਿਆਂਗੇ, ਧੌਣ ’ਤੇ ਗੋਡਾ ਰੱਖ ਦਿਆਂਗੇ” ਇਸ ਨਾਅਰੇ ਦੀ ਉਮਰ ਬਾਰੇ ਤਾਂ ਮੈਂ ਨਹੀਂ ਦੱਸ ਸਕਦਾ, ਪਰ ਹਾਂ! ਇਹ ਮੇਰੇ ਤੋਂ ਜ਼ਰੂਰ ਵੱਡਾ ਹੋਵੇਗਾ, ਕਿਉਂਕਿ ਜਦੋਂ ਤੋਂ ਸੁਰਤ ਸੰਭਾਲੀ ਹੈ, ਗਾਹੇ-ਵਗਾਹੇ ਇਹ ਨਾਅਰਾ ਮੇਰੇ ਕੰਨੀ ਪੈਂਦਾ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਇਸਦੀ ਸਮਝ ਹੁਣ ਆਈ ਹੈ। ਕਿਉਂਕਿ ਅੱਜ ਮਹਿਸੂਸ ਕੀਤਾ ਹੈ ਕਿ ਇਹ ਜੋ ਨਾਅਰੇ ਅਕਸਰ ਹਾਕਮਾਂ ਵਿਰੁੱਧ ਜਾਂ ਸਮੇਂ ਦੀ ਤਾਕਤ ਵਿਰੁੱਧ ਆਮ ਤੌਰ ’ਤੇ ਸਤਾਏ ਹੋਏ ਲੋਕ ਲਾਉਂਦੇ ਹਨ, ਅਸਲ ਵਿੱਚ ਉਹ ਉਲਟੇ ਨਾਅਰੇ ਲਾ ਰਹੇ ਹੁੰਦੇ ਹਨ। ਆਪਣੇ ਨਾਅਰਿਆਂ ਵਿੱਚੋਂ ਉਹ ਜੋ ਧਮਕੀਆਂ ਦੇ ਰਹੇ ਹੁੰਦੇ ਹਨ, ਉਹ ਸਿਰਫ਼ ਗਿੱਦੜ ਭਬਕੀਆਂ ਹੀ ਹੁੰਦੀਆਂ ਹਨ।
ਮਸਲਨ ਉਪਰੋਕਤ ਨਾਅਰਾ ਹੀ ਲੈ ਲਵੋ, ਕੀ ਨਾਅਰੇ ਲਾਉਣ ਵਾਲਿਆਂ ਵਿੱਚ ਹੈ ਇਹ ਤਾਕਤ ਜੋ ਹਾਕਮਾਂ ਦੀ ਧੌਣ ’ਤੇ ਗੋਡਾ ਰੱਖ ਸਕਦੇ ਹੋਣ? ਇਸਦੇ ਉਲਟ ਆਮ ਲੋਕਾਂ ਦਾ ਰੱਤ ਪੀ ਕੇ ਬਣੇ ਤਾਕਤਵਰ ਜਦੋਂ ਚਾਹੁਣ ਮਾੜੇ ਦੀ ਧੌਣ ਮਰੋੜ ਦਿੰਦੇ ਹਨ। ਤਾਜ਼ਾ ਉਦਾਹਰਨ ਤੁਹਾਡੇ ਸਾਹਮਣੇ ਹੈ। ਦੁਨੀਆ ਦਾ ਸਿਰਮੌਰ ਜਾਂ ਮੋਹਰੀ ਕਹਾਉਣ ਵਾਲਾ ਮੁਲਕ ਅਮਰੀਕਾ, ਉੱਥੋਂ ਦੇ ਹਾਕਮ ਅਤੇ ਕੁਝ ਗੋਰੀ ਚਮੜੀ ਵਾਲੇ ਭੇੜੀਏ, ਜਿਨ੍ਹਾਂ ਨੇ ਦੁਨੀਆ ਨੂੰ ਸੱਚ ਹੀ ਧੌਣ ’ਤੇ ਗੋਡਾ ਰੱਖ ਕੇ ਦਿਖਾ ਦਿੱਤਾ ਹੈ ਅਤੇ ਦੱਸ ਦਿੱਤਾ ਹੈ ਕਿ ਉਨ੍ਹਾਂ ਦੀ ਨਜ਼ਰ ਵਿੱਚ ਤੁਸੀਂ ਦੁੱਕੀ ਤਿੱਕੀ ਤੋਂ ਵੱਧ ਕੁਝ ਨਹੀਂ।
ਬੀਤੇ ਦਿਨੀਂ ਜੋ ਕੁਝ ‘ਜੌਰਜ ਫਲੌਇਡ’ ਨਾਲ ਵਾਪਰਿਆ, ਇਹ ਕੋਈ ਨਵੀਂ ਗੱਲ ਨਹੀਂ, ਬਹੁਤ ਲੰਮਾ ਇਤਿਹਾਸ ਹੈ ਇਸਦੇ ਪਿੱਛੇ। ਇਸਦੀ ਤਹਿ ਤਕ ਜਾਣ ਲਈ ਕਈ ਸਦੀਆਂ ਨੂੰ ਖੋਦਣਾ ਪੈਣਾ ਹੈ ਜੋ ਕਿ ਇੱਕ ਲੇਖ ਵਿੱਚ ਸਮੇਟਣਾ ਔਖਾ ਹੈ। ਪਰ ਕੋਸ਼ਿਸ਼ ਕਰਦੇ ਹਾਂ ਇਸ ਗੱਲ ਨੂੰ ਖੰਘਾਲਣ ਦੀ ਕਿ ਜੌਰਜ ਕੋਈ ਪਹਿਲਾ ਬੰਦਾ ਨਹੀਂ ਸੀ ਜੋ ‘ਆਈ ਕਾਂਟ ਬਰੀਦ’ (ਮੈਨੂੰ ਸਾਹ ਨਹੀਂ ਆ ਰਿਹਾ) ਕੁਰਲਾਉਂਦੇ ਹੋਏ ਨੂੰ ਸੀਨਾ ਜ਼ੋਰਾਂ ਨੇ ਜ਼ਿੰਦਗੀ ਦੀ ਚਲਦੀ ਗੱਡੀ ਤੋਂ ਧੱਕਾ ਦੇ ਦਿੱਤਾ ਹੋਵੇ।
ਅੱਜ ਦਾ ਅਮਰੀਕਾ ਦੁਨੀਆ ਦੇ ਪਰਵਾਸੀਆਂ ਲਈ ਸੁਪਨਿਆਂ ਦਾ ਦੇਸ਼ ਹੈ। ਪਰਵਾਸ ਕਰਨ ਦੀ ਚਾਹਤ ਵਾਲੇ ਨੂੰ ਨਿਊਯਾਰਕ ਦੀ ਰੌਸ਼ਨੀ, ਐੱਲ.ਏ. ਦੀਆਂ ਰੰਗੀਨ ਰਾਤਾਂ ਅਤੇ ਲਾਸ ਵੇਗਸ ਦੇ ਸ਼ਰਾਬ, ਕਬਾਬ, ਸ਼ਬਾਬ ਦੇ ਨਾਲ ਜੂਏਖ਼ਾਨੇ ਦੀਆਂ ਮਸਤੀਆਂ ਹੀ ਸੁਫ਼ਨਿਆਂ ਵਿੱਚ ਦਿਸਦੀਆਂ। ਪਰ ਹਰ ਚੰਗੀ ਦਿਸਣ ਵਾਲੀ ਚੀਜ਼ ਦਾ ਦੂਜਾ ਪੱਖ ਵੀ ਹੁੰਦਾ ਹੈ। ਜਿਸ ਨੂੰ ਜਾਂ ਤਾਂ ਸਮੇਂ ਦੇ ਹਾਕਮ ਲੁਕਾ ਲੈਂਦੇ ਹਨ, ਜਾਂ ਮੀਡੀਆ ਵਿਕ ਜਾਂਦਾ ਹੈ, ਜਾਂ ਫੇਰ ਕਿਸੇ ਵੀ ਚੀਜ਼ ਦੀ ਅੰਨ੍ਹੀ ਭਗਤੀ ਦੇਖਣ ਵਾਲੇ ਦੀਆਂ ਅੱਖਾਂ ’ਤੇ ਪਰਦਾ ਪਾ ਦਿੰਦੀ ਹੈ।
ਥੋੜ੍ਹਾ ਇਤਿਹਾਸ ਫਰੋਲਦੇ ਹਾਂ। ਅਗਸਤ 2020 ਵਿੱਚ 401 ਸਾਲ ਹੋ ਜਾਣਗੇ ਜਦੋਂ ਪਹਿਲੀ ਵਾਰ 1619 ਵਿੱਚ ਅਫ਼ਰੀਕਾ ਤੋਂ 20 ਕਾਲੀ ਚਮੜੀ ਵਾਲੇ (ਉਸੇ ਰੱਬ ਦੇ ਬਣਾਏ ਬੰਦਿਆਂ ਨੂੰ, ਜਿਸ ਨੇ ਚਿੱਟੀ ਚਮੜੀ ਵਾਲੇ ਵੀ ਬਣਾਏ ਹਨ) ਇਨਸਾਨਾਂ ਨੂੰ ਗੁਲਾਮ ਬਣਾ ਕੇ ਅਮਰੀਕਾ ਲਿਆਂਦਾ ਗਿਆ ਸੀ। ਪਰ ਉਸ ਤੋਂ ਬਾਅਦ ਅਮਰੀਕਾ ਨੂੰ ਆਬਾਦ ਕਰਵਾਉਣ ਲਈ ਅਣਗਿਣਤ ਕਾਲੀ ਚਮੜੀ ਦੇ ਇਨਸਾਨਾਂ ਨੂੰ ਜਾਨਵਰਾਂ ਵਾਂਗ ਸਮੁੰਦਰੀ ਜਹਾਜ਼ਾਂ ਵਿੱਚ ਲੱਦ-ਲੱਦ ਕੇ ਅਮਰੀਕਾ ਵਿੱਚ ਬਲਦਾਂ ਵਾਂਗ ਜੋਤਿਆ ਗਿਆ। ਹੱਦ ਤਾਂ ਉਦੋਂ ਹੋ ਗਈ ਸੀ ਜਦੋਂ ਇਹਨਾਂ ਚਿੱਟੀ ਚਮੜੀ ਵਾਲਿਆਂ ਨੇ 1662 ਵਿੱਚ ਇੱਕ ਕਾਨੂੰਨ ਹੀ ਪਾਸ ਕਰ ਦਿੱਤਾ ਕਿ ਅਮਰੀਕਾ ਵਿੱਚ ਹਰ ਜੰਮਣ ਵਾਲਾ ਬੱਚਾ ਉਹੀ ਹੈਸੀਅਤ ਰੱਖੇਗਾ ਜੋ ਹੈਸੀਅਤ ਸਰਕਾਰ ਵੱਲੋਂ ਉਸ ਦੀ ਮਾਂ ਨੂੰ ਮਿਲੀ ਹੋਈ ਹੈ। ਮਤਲਬ ਗੁਲਾਮ ਮਾਂ ਦਾ ਬੱਚਾ ਵੀ ਜਮਾਂਦਰੂ ਗੁਲਾਮ ਹੋਵੇਗਾ। ਮੁੱਕਦੀ ਗੱਲਕਿ ਅੱਜ ਦੇ ਅਮਰੀਕਾ ਦੀਆਂ ਨੀਂਹਾਂ ਵਿੱਚ ਗੁਲਾਮਾਂ ਦੇ ਖੂਨ ਵਿੱਚ ਭਿੱਜੀਆਂ ਉਨ੍ਹਾਂ ਦੇ ਹੱਡਾਂ ਰੂਪੀ ਇੱਟਾਂ ਨੂੰ ਉਨ੍ਹਾਂ ਦੀ ਹੀ ਚਮੜੀ ਦੇ ਸੀਮਿੰਟ ਵਿੱਚ ਮਿਲਾ ਕੇ ਵਰਤਿਆ ਗਿਆ ਹੈ।
ਕਹਿਣ ਨੂੰ ਅੱਜ ਤੋਂ 155 ਵਰ੍ਹੇ ਪਹਿਲਾਂ ਯਾਨੀ 1865 ਵਿੱਚ ਗੁਲਾਮੀ ਪ੍ਰਥਾ ਨੂੰ ਸ਼ਹਿ ਦਿੰਦਾ ਕਾਨੂੰਨ ਅਮਰੀਕਾ ਦੇ ਇਤਿਹਾਸ ਵਿੱਚੋਂ ਮਨਫ਼ੀ ਕਰ ਦਿੱਤਾ ਸੀ ਪਰ ਸਿਰਫ਼ ਕਾਗ਼ਜ਼ਾਂ ਵਿੱਚੋਂ। ਆਪਣੇ ਆਪ ਨੂੰ ਸਰਵਉੱਚ ਕਹਾਉਣ ਵਾਲੇ ਗੋਰੇ ਆਪਣੀ ਅੰਦਰੂਨੀ ਸੋਚ ਨੂੰ ਤਾਂ ਪੀੜ੍ਹੀ ਦਰ ਪੀੜ੍ਹੀ ਵਿਰਾਸਤ ਦੇ ਰੂਪ ਵਿੱਚ ਆਪਣੀ ਔਲਾਦ ਨੂੰ ਦਿੰਦੇ ਹੀ ਗਏ ਹਨ, ਜਿਸਦਾ ਸਬੂਤ ਉਹ ਪੁਲਿਸ ਵਾਲਾ ‘ਡੇਰਿਕ ਚੋਵਿੱਨ’ ਤੁਹਾਡੇ ਸਾਹਮਣੇ ਹੈ, ਜਿਸ ਵਿੱਚੋਂ ਵਰਦੀ ਦਾ ਹੰਕਾਰ ਸਾਫ਼ ਝਲਕਦਾ।
ਸਿਆਣੇ ਕਹਿੰਦੇ ਹਨ ਕਿ ਜੇ ਬੰਦੇ ਨੂੰ ਗ਼ੁੱਸਾ ਆਵੇ ਤਾਂ ਉਹ ਗਿਣਤੀ ਗਿਣਨ ਲੱਗ ਜਾਵੇ ਤੇ ਦਸ ਤਕ ਜਾਂਦੇ-ਜਾਂਦੇ ਉਸ ਦਾ ਗ਼ੁੱਸਾ ਸ਼ਾਂਤ ਹੋ ਜਾਂਦਾ। ਪਰ ਇੱਥੇ ਤਾਂ ਸੱਤ ਮਿੰਟ ਨਾ ਤਾਂ ਡੇਰਿਕ ਦਾ ਗ਼ੁੱਸਾ ਸ਼ਾਂਤ ਹੋਇਆ, ਨਾ ਉਸ ਦੇ ਨਾਲ ਮੌਕਾ ਵਾਰਦਾਤ ਤੇ ਖੜ੍ਹੇ ਹੋਰ ਪੁਲਿਸ ਵਾਲਿਆਂ ਨੂੰ ਤਰਸ ਆਇਆ। ਪਤਾ ਹੈ ਕਿਉਂ? ਕਿਉਂਕਿ ਉਨ੍ਹਾਂ ਦੇ ਦਿਮਾਗ਼ ਵਿੱਚ ਪੁਸ਼ਤਾਂ ਤੋਂ ਕਾਲਿਆਂ ਪ੍ਰਤੀ ਨਫ਼ਰਤ ਅਤੇ ਬੇਰਹਿਮੀ ਭਰੀ ਹੋਈ ਹੈ।
ਬਿਲਕੁਲ ਇਹੋ ਜਿਹਾ ਹੀ ਇੱਕ ਹਾਦਸਾ ਜੁਲਾਈ 2014 ਵਿੱਚ ‘ਐਰਿਕ’ ਨਾਂ ਦੇ ਇੱਕ ਕਾਲੀ ਚਮੜੀ ਵਾਲੇ ਨਾਲ ‘ਡੈਨੀਅਲ’ ਨਾਂ ਦੇ ਇੱਕ ਗੋਰੀ ਚਮੜੀ ਵਾਲੇ ਪੁਲਿਸ ਵਾਲੇ ਨੇ ਕੀਤਾ ਸੀ। ਉਸ ਨੇ ਵੀ ‘ਐਰਿਕ’ ਦੀ ਧੌਣ ਨੂੰ ਆਪਣੀ ਬਾਂਹ ਵਿੱਚ ਜਕੜ ਕੇ ਉੱਨੀ ਦੇਰ ਨਹੀਂ ਛੱਡਿਆ ਸੀ ਜਿੰਨੀ ਦੇਰ ਉਸ ਦੀ ਜਾਨ ਨਹੀਂ ਸੀ ਨਿਕਲ ਗਈ। ਇਸ ਦੌਰਾਨ ਐਰਿਕ ਵੀ ਉਹੀ ਵਾਕ ਦੁਹਰਾਉਂਦਾ ਰਿਹਾ ਜੋ ਹੁਣ ਜੌਰਜ ਮਰਨ ਤਕ ਕਹਿੰਦਾ ਰਿਹਾ ‘ਆਈ. ਕਾਂਟ ਬਰੀਦ’ (ਮੈਨੂੰ ਸਾਹ ਨਹੀਂ ਆ ਰਿਹਾ)।
ਜੂਡੋ ਖੇਡ ਵਿੱਚ ਕਿਸੇ ਦੀ ਧੌਣ ਦੁਆਲੇ ਇੰਝ ਬਾਂਹ ਪਾ ਕੇ ਘੁੱਟਣ ਨੂੰ ‘ਚੋਕ ਹੋਲਡ’ ਕਹਿੰਦੇ ਹਨ ਤੇ ਇੰਝ ਕਰਨਾ ਅਮਰੀਕਾ ਵਿੱਚ 1994 ਤੋਂ ਰੋਕ ਲੱਗੀ ਹੋਈ ਹੈ। ਪਰ ਫੇਰ ਵੀ ਇਸ ਪੁਲਿਸ ਵਾਲੇ ਨੇ ਐਰਿਕ ਦਾ ਕਤਲ ਕਰਨ ਲਈ ਇਹ ਪੈਂਤੜਾ ਵਰਤਿਆ। ਉਦੋਂ ਵੀ ਆਮ ਲੋਕਾਂ ਨੇ ਇੱਕ ਮੁਹਿੰਮ ਚਲਾਈ ਸੀ ਪਰ ਸਮੇਂ ਨਾਲ ਅਤੇ ਹਾਕਮਾਂ ਦੇ ਦਬਾਅ ਕਾਰਨ ਸਾਹ ਤੋੜ ਗਈ ਸੀ। ਹੁਣ ਵੀ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਦੇ ਰਬੜ ਦੀਆਂ ਗੋਲੀਆਂ ਤੋਂ ਲੈ ਕੇ ਹੋਰ ਵੀ ਕਈ ਕਿਸਮ ਦਾ ਧੱਕਾ ਕੀਤਾ ਜਾ ਰਿਹਾ ਹੈ। ਇੱਥੋਂ ਤਕ ਕਿ ਦੇਸ਼ ਦਾ ਰਾਸ਼ਟਰਪਤੀ ਪ੍ਰਦਰਸ਼ਨਕਾਰੀਆਂ ਨੂੰ ਟਵਿਟਰ ’ਤੇ ਸਿੱਧੀ ਧਮਕੀ ਵੀ ਦੇ ਰਿਹਾ ਹੈ ਕਿ ਜੇ ਨਾ ਟਿਕੇ ਤਾਂ ਅਸਲੀ ਗੋਲੀਆਂ ਚੱਲਣਗੀਆਂ।
ਸੋਚਣ ਵਾਲੀ ਗੱਲ ਹੈ ਕਿ ਜਦੋਂ ਇਸੇ ਮੈਨੀਸੋਟਾ ਰਾਜ ਵਿੱਚ ਬੀਤੇ ਦਿਨੀਂ ਲਾਕ ਡਾਊਨ ਦਾ ਵਿਰੋਧ ਕਰਦੇ ਕੁਝ ਕੁ ਗੋਰੇ ਮਸ਼ੀਨ ਗੰਨਾਂ ਲੈ ਕੇ ਰਾਜ ਦੀ ਰਾਜਧਾਨੀ ਦੀ ਇੱਕ ਸਰਕਾਰੀ ਇਮਾਰਤ ਵਿੱਚ ਚਲੇ ਗਏ ਸਨ ਤਾਂ ਇਸੇ ਪੁਲਿਸ ਨੇ ਕਿਸੇ ਦੀ ਧੌਣ ’ਤੇ ਗੋਡਾ ਨਹੀਂ ਰੱਖਿਆ ਤੇ ਜਦੋਂ ਇੱਕ ਕਾਲੇ ਦੀ ਕੋਈ ਫ਼ੋਨ ’ਤੇ ਸਿਰਫ਼ ਇਹ ਸ਼ਿਕਾਇਤ ਕਰ ਦਿੰਦਾ ਹੈ ਕਿ ਮੈਂਨੂੰ ਸ਼ੱਕ ਹੈ ਕਿ ਉਹ ਕੋਈ ਹੇਰਾ-ਫੇਰੀ ਕਰ ਰਿਹਾ ਹੈ ਤਾਂ ਉਹੀ ਪੁਲਿਸ ਬਿਨਾਂ ਪੜਤਾਲੇ ਧੌਣ ’ਤੇ ਗੋਡਾ ਰੱਖ ਕੇ ਕਤਲ ਕਰ ਦਿੰਦੀ ਹੈ।
ਇੱਥੇ ਸਕੂਨ ਦੀ ਗੱਲ ਇਹ ਹੈ ਕਿ ਵੱਡੀ ਗਿਣਤੀ ਵਿੱਚ ਗੋਰੇ ਵੀ ਕਾਲਿਆਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ਦੇ ਹੱਥਾਂ ਵਿੱਚ ਫੜੀਆਂ ਤਖ਼ਤੀਆਂ ਵੀ ਬੜੇ ਹਲੂਣੇ ਭਰੇ ਸੁਨੇਹੇ ਦੇ ਰਹੀਆਂ ਹਨ। ਜਿਵੇਂ ਕਿ- “ਚੁੱਪ ਵੀ ਅਪਰਾਧ ਹੈ, ਗੋਰਿਆਂ ਦੀ ਚੁੱਪ ਵੀ ਅਪਰਾਧ ਹੈ, ਸ਼ਾਂਤੀ ਲਈ ਨਿਆਂ ਜ਼ਰੂਰੀ ਹੈ ਅਤੇ ਅਸੀਂ ਸਾਹ ਨਹੀਂ ਲੈ ਪਾ ਰਹੇ ਆਦਿ।”
ਹੂਸਟਨ ਦੇ ਇੱਕ ਗੋਰੇ ਪੁਲਿਸ ਮੁਖੀ ਨੇ ਤਾਂ ਆਪਣੀ ਜੁਰਅਤ ਦਿਖਾਉਂਦੇ ਹੋਏ ਸਾਰਿਆਂ ਦਾ ਦਿਲ ਹੀ ਜਿੱਤ ਲਿਆ ਜਦੋਂ ਉਸ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਇਹ ਕਹਿ ਦਿੱਤਾ ਕੇ ਜੇ ਤੁਹਾਨੂੰ ਚੰਗਾ ਬੋਲਣਾ ਨਹੀਂ ਆਉਂਦਾ ਤਾਂ ਆਪਣਾ ਮੂੰਹ ਬੰਦ ਰੱਖੋ, ਇਹ ਹਾਲੀਵੁੱਡ ਨਹੀਂ, ਅਸਲ ਜ਼ਿੰਦਗੀ ਹੈ। ਉਸ ਨੇ ਇਸ ਵਕਤ ਲੋਕਾਂ ਨੂੰ ਉਨ੍ਹਾਂ ਦੀ ਵੋਟ ਦੀ ਤਾਕਤ ਦਾ ਵੀ ਹਲੂਣਾ ਦਿੱਤਾ।
ਵੱਡੀ ਗਿਣਤੀ ਵਿੱਚ ਲੋਕਾਂ ਨੇ ਸੜਕਾਂ ’ਤੇ ਮੂਧੇ ਪੈ ਕੇ, ਆਪਣੇ ਹੱਥ ਪਿੱਛੇ ਰੱਖ ਕੇ, ਜੌਰਜ ਵਾਂਗ ਤਕਰੀਬਨ ਸੱਤ ਅੱਠ ਮਿੰਟ ‘ਆਈ. ਕਾਂਟ ਬਰੀਦ’ ਦੇ ਹਾਅ ਦੇ ਨਾਅਰੇ ਵੀ ਮਾਰੇ ਅਤੇ ਖ਼ੁਦ ਅਤੇ ਲੋਕਾਂ ਨੂੰ ਅਹਿਸਾਸ ਦੁਆਇਆ ਕਿ ਦੇਖੋ ਜੌਰਜ ਦਾ ਆਖ਼ਰੀ ਸਮਾਂ ਕਿੱਦਾਂ ਦਾ ਰਿਹਾ ਹੋਵੇਗਾ।
ਚੋਰ ਦਾ ਪੁੱਤ ਵੀ ਚੋਰ ਬਣੇ, ਇਹ ਜ਼ਰੂਰੀ ਨਹੀਂ ਹੈ। ਜੇ ਫੇਰ ਵੀ ਬਣਦਾ ਹੈ ਤਾਂ ਉਸ ਦਾ ਕਾਰਨ ਸਰਕਾਰਾਂ ਵੱਲੋਂ ਉਸ ਨੂੰ ਚੰਗਾ ਮਾਹੌਲ ਨਾ ਦਿੱਤਾ ਜਾਣਾ ਹੋ ਸਕਦਾ ਹੈ,ਜਾਂ ਫੇਰ ਉਸ ਦੇ ਆਲੇ ਦੁਆਲੇ ਵੱਲੋਂ ਉਸ ਨਾਲ ਕੀਤਾ ਵਿਹਾਰ ਮਾਅਨੇ ਰੱਖਦਾ ਹੈ।
ਕੱਲ੍ਹ ਹੀ ਇੱਕ ਕਾਲੀ ਚਮੜੀ ਵਾਲੇ ਇਨਸਾਨ ਦੀ ਇੰਟਰਵਿਊ ਸੁਣ ਰਿਹਾ ਸੀ ਤੇ ਉਹ ਕਹਿ ਰਿਹਾ ਸੀ ਕਿ ਤੁਹਾਨੂੰ ਪੁਲਿਸ ਨੂੰ ਦੇਖ ਕੇ ਰਾਹਤ ਮਿਲਦੀ ਹੋਣੀ ਹੈ ਕਿ ਆ ਗਏ ਸਾਡੇ ਰਖਵਾਲੇ ਪਰ ਸਾਨੂੰ ਤਾਂ ਬਚਪਨ ਵਿੱਚ ਮਾਵਾਂ ਇਹ ਸਿਖਾਉਂਦੀਆਂ ਹਨ ਕਿ ਜੇ ਕਦੇ ਪੁਲਿਸ ਮਗਰ ਲੱਗ ਜਾਵੇ ਤਾਂ ਭੱਜ ਲਵੀਂ ਜਾਂ ਲੁਕ ਕੇ ਆਪਣੀ ਜਾਨ ਬਚਾ ਲਵੀਂ, ਕਿਉਂਕਿ ਤੇਰੀ ਚਮੜੀ ਕਾਲੀ ਹੈ ਇਸ ਲਈ ਤੂੰ ਜਮਾਂਦਰੂ ਕਸੂਰਵਾਰ ਹੈ। ਉਸ ਇਨਸਾਨ ਦੀਆਂ ਗੱਲਾਂ ਵਿੱਚੋਂ ਜੋ ਲਾਚਾਰੀ ਝਲਕ ਰਹੀ ਸੀ, ਉਸ ਨੂੰ ਸੁਣ ਕੇ ਹੈਰਾਨੀ ਹੋ ਰਹੀ ਸੀ ਕਿ ਕੀ ਇਹ ਰਿਪਬਲਿਕ ਕਹਾਉਣ ਵਾਲੇ ਅਮਰੀਕਾ ਦਾ ਬਾਸ਼ਿੰਦਾ ਹੈ?
ਅਸੀਂ ਅਕਸਰ ਸੁਣਦੇ ਹਾਂ ਕਿ ਕਾਲੇ ਲੁੱਟਾਂ ਖੋਹਾਂ ਕਰਦੇ ਹਨ, ਜਦੋਂ ਮਰਜ਼ੀ ਕਿਸੇ ਨੂੰ ਕੁੱਟ ਦਿੰਦੇ ਹਨ, ਗੋਲੀ ਮਾਰਨ ਵਿੱਚ ਦੇਰੀ ਨਹੀਂ ਕਰਦੇ। ਪਰ ਕਦੇ ਸੋਚਿਆ ਹੈ ਕਿ ਇਸ ਪਿੱਛੇ ਕਾਰਨ ਕੀ ਹਨ। ਨਾ ਸਾਰੇ ਗੋਰੇ ਨਸਲਵਾਦੀ ਹਨ ਨਾ ਸਾਰੇ ਕਾਲੇ ਲੁਟੇਰੇ। ਅਜਿਹਾ ਕਰਨ ਵਾਲੇ ਉਹ ਲੋਕ ਹਨ, ਜਿਨ੍ਹਾਂ ਦੇ ਜ਼ਿਹਨ ਵਿੱਚ ਇਤਿਹਾਸ ਵਰੋਲੇ ਵਾਂਗ ਤਰਥੱਲੀ ਮਚਾਈ ਜਾਂਦਾ ਹੈ। ਰੂੜੀਵਾਦੀ ਗੋਰੇ ਆਪਣੀ ਸਰਵਉੱਚਤਾ ਦੀ ਹੈਂਕੜ ਨਹੀਂ ਛੱਡਦੇ ਤੇ ਸਦੀਆਂ ਤੋਂ ਸਤਾਏ ਕਾਲੇ ਆਪਣੇ ’ਤੇ ਹੋਏ ਅਣਮਨੁੱਖੀ ਵਰਤਾਰੇ ਦੀ ਅੱਗ ਸੀਨੇ ਵਿੱਚ ਲਈ ਫਿਰਦੇ ਹਨ।
ਇੱਥੇ ਇੱਕ ਗੱਲ ਹੋਰ ਵਿਚਾਰਨ ਵਾਲੀ ਹੈ ਕਿ ਸਖ਼ਤ ਜ਼ਿੰਦਗੀ ਵਿੱਚੋਂ ਲੰਘੇ ਲੋਕ ਅਕਸਰ ਸਰੀਰਕ ਅਤੇ ਮਾਨਸਿਕ ਤੌਰ ਉੱਤੇ ਮਜ਼ਬੂਤ ਹੁੰਦੇ ਹਨ, ਜੋ ਕਿ ਅਸੀਂ ਅਕਸਰ ਦੇਖਦੇ ਹਾਂ। ਸ਼ਾਇਦ ਉਲੰਪਿਕ ਜਿਹੀਆਂ ਖੇਡਾਂ ਵਿੱਚ ਕਾਲੀ ਚਮੜੀ ਦਾ ਦਬਦਬਾ ਵੀ ਕਿਤੇ ਨਾ ਕਿਤੇ ਆਪਣੇ ਆਪ ਵਿੱਚ ਗੋਰਿਆਂ ਨੂੰ ਹਜ਼ਮ ਕਰਨਾ ਔਖਾ ਹੋਵੇ।
ਇਹੀ ਗੱਲ ਸਿੱਖ ਕੌਮ ’ਤੇ ਵੀ ਢੁੱਕਦੀ ਹੈ। ਸਿੱਖ ਕੌਮ ਵੀ ਕੰਡਿਆਂ ਦੀਆਂ ਸੇਜਾਂ ਵਿੱਚੋਂ ਪੈਦਾ ਹੋਈ ਹੈ। ਗੁਰੂ ਸਾਹਿਬਾਨਾਂ ਨੇ ਇਹੋ ਜਿਹਾ ਜਜ਼ਬਾ ਭਰਿਆ ਕਿ ਸਵਾ ਲੱਖ ਨਾਲ ਟੱਕਰ ਲੈਣ ਦੇ ਕਾਬਿਲ ਬਣਾ ਦਿੱਤਾ। ਤਾਂਹੀਂਓਂ ਸਮੇਂ ਦੇ ਹਾਕਮਾਂ ਦੀ ਅੱਖ ਵਿੱਚ ਰੜਕਦੀ ਰਹਿੰਦੀ ਹੈ। ਬਹੁਤ ਘੱਲੂਘਾਰੇ ਆਪਣੇ ਪਿੰਡੇ ’ਤੇ ਝੱਲ ਕੇ ਵੀ ਦੂਣ ਸਵਾਈ ਹੋਈ ਹੈ। ਪਰ ਅਮਰੀਕਾ ਨਾਲੋਂ ਸਾਡੇ ਹਾਕਮ ਸ਼ਾਤਰ ਨਿਕਲੇ। ਜਦੋਂ ਉਨ੍ਹਾਂ ਦੇਖਿਆ ਕਿ ਇਹ ਕੌਮ ਬਲ ਨਾਲ ਦਬਣ ਵਾਲੀ ਨਹੀਂ ਹੈ ਤਾਂ ਉਨ੍ਹਾਂ ਬੁੱਧੀ ਨਾਲ ਕੌਮ ਦੀ ਜਵਾਨੀ ਨੂੰ ਕਦੇ ਨਸ਼ਿਆਂ ਮਗਰ, ਕਦੇ ਨਚਾਰਾਂ ਮਗਰ ਤੇ ਹੁਣ ਤਾਂ ਹੱਦ ਹੀ ਕਰ ਦਿੱਤੀ, ਇਹਨਾਂ ਅਣਖੀ ਲੋਕਾਂ ਦਿਆਂ ਧੀਆਂ-ਪੁੱਤਾਂ ਨੂੰ ਖ਼ੁਦ ਹੀ ਨਚਾਰ ਬਣਾ ਕੇ ਟਿੱਕ ਟਾਕ ’ਤੇ ਨੱਚਣ ਲਾ ਦਿੱਤਾ। ਇਸ ਨੂੰ ਕਹਿੰਦੇ ਹਨ ਸੀਪ ਲਾਉਣੀ। ਇਸ ਨੂੰ ਮੰਨੋ ਤੇ ਭਾਵੇਂ ਨਾ ਮੰਨੋ, ਪਰ ਇਹ ਲੱਗ ਚੁੱਕੀ ਹੈ।
ਗੁਰਬਾਣੀ ਕਹਿੰਦੀ ਹੈ ਕਿ ਜੋ ਉਪਜਦਾ ਹੈ, ਉਸ ਨੇ ਬਿਨਸਣਾ ਵੀ ਹੈ। ਸਮੇਂ-ਸਮੇਂ ਸਿਰ ਮੁਹੰਮਦ ਅਲੀ ਜਿਹੇ ਇਨਸਾਨ ਵੀ ਪੈਦਾ ਹੁੰਦੇ ਰਹੇ ਹਨ, ਜਿਹਾਂ ਨੇ ਅਮਰੀਕਾ ਲਈ ਵੀਅਤਨਾਮ ਵਿੱਚ ਜਾ ਕੇ ਜੰਗ ਲੜਨ ਤੋਂ ਇਨਕਾਰ ਕਰ ਕੇ ਆਪਣਾ ਖੇਡ ਜੀਵਨ ਦਾਅ ’ਤੇ ਲਾ ਦਿੱਤਾ ਸੀ। ਮੰਡੇਲਾ ਵੀ ਇਸੇ ਦਰਦ ਦੀ ਇੱਕ ਚੀਕ ਵਿੱਚੋਂ ਨਿਕਲ ਕੇ ਇਤਿਹਾਸ ਸਿਰਜ ਗਿਆ। ਲਿੰਕਨ ਅਤੇ ਓਬਾਮਾ ਨੇ ਵੀ ਅਮਰੀਕਾ ਦੀ ਹਿੱਕ ’ਤੇ ਪੈੜਾਂ ਪਾ ਕੇ ਨਸਲਵਾਦੀਆਂ ਦਾ ਗ਼ਰੂਰ ਲਿਤਾੜਿਆ ਸੀ।
ਸਬੱਬੀਂ ਅਮਰੀਕਾ ਵਿੱਚ ਚੋਣਾਂ ਦਾ ਮਾਹੌਲ ਹੈ ਤੇ ਇਸ ਮੌਕੇ ਤੇ ‘ਜੌਰਜ’ ਦੀ ਇਹ ਕੁਰਬਾਨੀ ਲੱਗਦਾ ਆਪਣਾ ਰੰਗ ਦਿਖਾਏਗੀ। ਅੱਜ ਤਾਂ ਦਿਖਾਵੇ ਲਈ ਲੋਕ ਸੜਕਾਂ ’ਤੇ ਆਏ ਹਨ ਪਰ ਜਦੋਂ ਇਹ ਲੋਕ ਬੁਲਟ ਦੇ ਜਵਾਬ ਵਿੱਚ ਬੈਲਟ ਪੇਪਰ ਚਲਾਉਣਗੇ ਤਾਂ ਕਈਆਂ ਦਾ ਗ਼ਰੂਰ ਟੁੱਟੇਗਾ। ਹੋ ਸਕਦਾ ਹੈ ‘ਜੌਰਜ’ ਲੋਕਾਂ ਵੰਡੇ ਦੇ ਔਖੇ ਸਾਹ ਆਪ ਭੋਗ ਕੇ ਦੂਜਿਆਂ ਲਈ ਆਜ਼ਾਦ ਫਿਜ਼ਾ ਸਿਰਜ ਗਿਆ ਹੋਵੇ।
ਇਹ ਸਮੱਸਿਆ ਤਾਂ ਆਪਾਂ ਵਿਚਾਰ ਲਈ ਪਰ ਇਸਦੇ ਹੱਲ ਕੀ ਹੋ ਸਕਦੇ ਹਨ? ਜਦੋਂ ਇਸ ਬਾਰੇ ਆਪਣੇ ਮਿੱਤਰ ਮੰਡਲੀ ਵਿੱਚ ਵਿਚਾਰ ਕਰ ਰਿਹਾ ਸਾਂ ਤਾਂ ਬਹੁਤ ਸੁਝਾਅ ਮਿਲੇ, ਜਿਨ੍ਹਾਂ ਵਿੱਚੋਂ ਇੱਕ ਸੁਝਾਅ ਦਾ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ। ਇਤਿਹਾਸ ਵੀ ਦੋ ਕਿਸਮ ਦੇ ਹੁੰਦੇ ਹਨ, ਇੱਕ ਸਹੀ ਜਾਂ ਲੋਕਾਂ ਦਾ ਇਤਿਹਾਸ ਤੇ ਦੂਜਾ ਹਾਕਮਾਂ ਦਾ ਇਤਿਹਾਸ। ਹਾਕਮ ਸਦਾ ਹੀ ਆਪਣੀ ਮਰਜ਼ੀ ਦੇ ਇਤਿਹਾਸ ਨੂੰ ਅਗਲੀ ਪੀੜ੍ਹੀ ’ਤੇ ਥੋਪਦੇ ਹਨ। ਜੇਕਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਇਤਿਹਾਸ, ਜੋ ਵਾਪਰਿਆ, ਉਹ ਸਕੂਲਾਂ ਵਿੱਚ ਪੜ੍ਹਾਇਆ ਜਾਵੇ ਤਾਂ ਉਹ ਆਪਣੀ ਬੁੱਧੀ ਵਿਕਸਤ ਕਰ ਸਕਣ।
ਹੁਣ ਤੁਸੀਂ ਸੋਚ ਕੇ ਦੇਖੋ ਜੇ ਸਾਰੇ ਮੁਲਕ ਸਹੀ ਇਤਿਹਾਸ ਆਪਣੇ ਸਕੂਲਾਂ ਵਿੱਚ ਲਾਗੂ ਕਰ ਦੇਣ ਤਾਂ ਉਹ ਕਿਹੋ ਜਿਹਾ ਹੋਵੇਗਾ; ਇੰਗਲੈਂਡ ਦੇ ਬੱਚੇ ਪੜ੍ਹਿਆ ਕਰਨਗੇ ਕਿ ਇੰਗਲੈਂਡ ਦੀਆਂ ਬਸਤੀਆਂ ਬਣਾਉਣ ਲਈ ਲੱਖਾਂ ਧੌਣਾਂ ਵੱਢੀਆਂ ਗਈਆਂ, ਬੇ-ਦੋਸ਼ਿਆਂ ਦੇ ਖੂਨ ਦੀਆਂ ਨਦੀਆਂ ਬਹਾ ਦਿੱਤੀ ਗਈਆਂ। ਇੰਨਾ ਲਹੂ ਬਹਾਉਣ ਕਾਰਨ ਇੱਥੋਂ ਦੀ ਮਹਾਰਾਣੀ ਸਦਾ ਦਸਤਾਨੇ ਪਾ ਕੇ ਰੱਖਦੀ ਹੈ, ਕਿਤੇ ਲੋਕ ਉਸ ਦੇ ਲਹੂ ਰੰਗੇ ਹੱਥ ਦੇਖ ਨਾ ਲੈਣ। ਉੱਥੇ ਇਹ ਵੀ ਪੜ੍ਹਾਇਆ ਜਾਵੇਗਾ ਕਿ ਭਗਤ ਸਿੰਘ ਤੇ ਊਧਮ ਸਿੰਘ ਸ਼ਹੀਦ ਸਨ ਨਾ ਕਿ ਅੱਤਵਾਦੀ।
ਪੰਜਾਬ ਦਾ ਇਤਿਹਾਸ ਇੰਝ ਲਿਖਿਆ ਹੋਵੇ ਕਿ 47 ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਨਹੀਂ ਬਣੇ ਸਨ, ਅਸਲ ਵਿੱਚ ਤਾਂ ਹਾਕਮ ਪੰਜਾਬੀਆਂ ਤੋਂ ਡਰਦੇ ਸਨ। ਜਿਨ੍ਹਾਂ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਆਜ਼ਾਦੀ ਲੈ ਕੇ ਦਿੱਤੀ, ਉਸ ਦੇ ਇਨਾਮ ਵਿੱਚ ਦਸ ਲੱਖ ਪੰਜਾਬੀ ਵੱਢ ਕੇ ਉਨ੍ਹਾਂ ਦਾ ਖੂਨ ਵੰਡਿਆ ਗਿਆ। 84 ਵਿੱਚ ਵੀ ਹਾਕਮ ਦੀ ਹਉਮੈ ਸ਼ਾਂਤ ਕਰਨ ਲਈ ਪੂਰੀ ਇੱਕ ਪੀੜ੍ਹੀ ਦਾ ਅਣਮਨੁੱਖੀ ਘਾਣ ਕਰ ਦਿੱਤਾ। ਨਿਹੱਥੇ ਲੋਕਾਂ ਦੇ ਗਲ਼ਾਂ ਵਿੱਚ ਟਾਇਰ ਪਾ ਕੇ ਕਿਵੇਂ ਅੱਗਾਂ ਲਾਈਆਂ ਸਨ, ਪੜ੍ਹਾਇਆ ਜਾਵੇਗਾ ਤਾਂ ਬੱਚਾ ਵੱਡਾ ਹੋ ਕੇ ਜਦੋਂ ਕੁਝ ਬਣੇਗਾ ਤਾਂ ਉਸ ਨੂੰ ਇਨ੍ਹਾਂ ਕੁ ਗਿਆਨ ਤਾਂ ਹੋਵੇਗਾ ਕਿ ਸਹੀ ਕੀ ਸੀ ਤੇ ਗ਼ਲਤ ਕੀ ਹੈ।
ਅੰਤ ਵਿੱਚ ਆਪ ਸਭ ਨੂੰ ਇੱਕ ਸਵਾਲ ਅਤੇ ਬੇਨਤੀ ਹੈ ਕਿ ਦੁਨੀਆ ਭਰ ਵਿੱਚ ਜੋ ਵਿਹਾਰ ਵੱਧ ਗਿਣਤੀ ਵਾਲੇ ਘੱਟ ਗਿਣਤੀਆਂ ਨਾਲ ਕਰਦੇ ਹਨ, ਕੀ ਤੁਸੀਂ ਉਹ ਖ਼ੁਦ ਤੇ ਝੱਲ ਸਕਦੇ ਹੋ? ਜੇ ਇਸਦਾ ਜਵਾਬ ‘ਨਹੀਂ’ ਹੈ ਤਾਂ ਫੇਰ ਚੁੱਪ ਕਿਉਂ? ਜਿਵੇਂ ਕਿ ਸਿਆਣੇ ਕਹਿੰਦੇ ਹਨ ਕਿ ਚੁੱਪ ਵੀ ਇੱਕ ਅਪਰਾਧ ਹੈ। ਸੋ ਹੁਣ ਵੇਲਾ ਹੈ ਆਪਣਾ ਪੱਖ ਰੱਖਣ ਦਾ। ਇਸ ਲਈ ਹਿੰਸਕ ਹੋਣ ਦੀ ਲੋਯ ਨਹੀਂ। ਅੱਜ ਤੁਹਾਡੇ ਕੋਲ ਆਪਣੇ ਵਿਚਾਰ ਰੱਖਣ ਲਈ ਤੇ ਰੋਸ ਜ਼ਾਹਿਰ ਕਰਨ ਲਈ ਸੋਸ਼ਲ ਮੀਡੀਆ ਹੈ। ਜੇ ਅਸੀਂ ਅੱਜ ਕਿਸੇ ਲਈ ਹਾਅ ਦਾ ਨਾਅਰਾ ਮਾਰਾਂਗੇ ਤਾਂ ਕੱਲ੍ਹ ਨੂੰ ਉਹ ਵੀ ਸਾਡੇ ਨਾਲ ਖੜ੍ਹਨਗੇ। ਸੋ ਆਓ ਜਾਰਜ ਦੀ ਇਸ ਕੁਰਬਾਨੀ ਨੂੰ ਅਜਾਈਂ ਨਾ ਜਾਣ ਦੇਈਏ ਤੇ ਹਿੱਕ ਠੋਕ ਕੇ ਕਹੀਏ, ਅਸੀਂ ਬਾਬੇ ਨਾਨਕ ਦੇ ਵਾਰਿਸ ਹਾਂ ਤੇ ਉਨ੍ਹਾਂ ਦੇ ਸ਼ਬਦਾਂ ’ਤੇ ਪਹਿਰਾ ਦਿੰਦੇ ਹਾਂ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2174)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)