MintuBrar7“ਜੇ ਅੱਜ ਪੰਜਾਬ ਵਿਚ ਆਪ ਦਾ ਆਧਾਰ ਹੈ ਤਾਂ ਇਸ ਦਾ ਇਕੱਲਾ ਭਗਵੰਤ 80 ਫੀਸਦੀ ਤੋਂ ਵੱਧ ਦਾ ...”
(22 ਫਰਵਰੀ 2017)

 

ਖ਼ੈਰ ... ਸਿਆਸਤ ਹੈ, ਇੱਥੇ ਕੁਝ ਵੀ ਹੋ ਸਕਦਾ ਹੈ ਗੱਲ ਪੰਜਾਬ ਚੋਣਾਂ ਦੀ ਕਰੀਏ ਤਾਂ ਇਹ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈਆਂ ਜਾਂ ਕਹਿ ਸਕਦੇ ਹਾਂ ਕਿ ਚਾੜ੍ਹ ਲਈਆਂ ਗਈਆਂ ਚੋਣ ਕਮਿਸ਼ਨ ਦੇ ਕਾਰ-ਵਿਹਾਰ ਵਿੱਚ ਪਿਛਲੇ ਦੋ ਕੁ ਦਹਾਕਿਆਂ ਤੋਂ ਜਾਂ ਕਹਿ ਲਓ ਟੀ.ਐੱਨ. ਸੇਸ਼ਨ ਦੇ ਯੁੱਗ ਤੋਂ ਬਾਅਦ ਕਾਫ਼ੀ ਤਬਦੀਲੀ ਆਈ ਹੈ ਚੋਣ ਪ੍ਰਕਿਰਿਆ ਵਿੱਚ ਜਿੱਥੇ ਆਧੁਨਿਕ ਤਕਨੀਕ ਨੂੰ ਅਪਣਾਇਆ ਗਿਆ ਹੈ, ਉੱਥੇ ਚੌਕਸੀ ਵੀ ਕਾਫ਼ੀ ਵਧੀ ਹੈ। ਪਰ ਹਾਲੇ ਵੀ ਬਹੁਤ ਚੋਰ ਮੋਰੀਆਂ ਨੇ, ਜੋ ਸਿਆਸੀ ਲੋਕ ਬਾਖ਼ੂਬੀ ਵਰਤ ਲੈਂਦੇ ਨੇ ਇਸ ਵਾਰ ਪੰਜਾਬ ਚੋਣਾਂ ਦੌਰਾਨ ਭਾਵੇਂ ਕੈਮਰਿਆਂ ਵਾਲੀਆਂ ਗੱਡੀਆਂ ਦਿਨ ਰਾਤ ਵੱਖ-ਵੱਖ ਹਲਕਿਆਂ ’ਤੇ ਬਾਜ਼ ਅੱਖ ਰੱਖਣ ਲਈ ਘੁੰਮਦੀਆਂ ਰਹੀਆਂ ਪਰ ਸਵਾਲ ਤਾਂ ਇਹ ਹੈ ਕਿ ਪੰਜਾਹ/ਸੱਠ ਪਿੰਡਾਂ ਦੇ ਇੱਕ ਹਲਕੇ ਵਿਚ ਕੀ ਇੱਕ ਗੱਡੀ ਨਾਲ ਨਿਗਰਾਨੀ ਰੱਖੀ ਜਾ ਸਕਦੀ ਹੈ? ਉਹ ਵੀ ਤਕਨੀਕੀ ਯੁੱਗ ਦੇ ਉਸ ਦੌਰ ਵਿਚ ਜਿੱਥੇ ਮਾਪੇ ਵੀ ਆਪਣੇ ਜੁਆਕਾਂ ਨੂੰ ਕਮਰਿਆਂ ਵਿਚ ਸੌਣ ਲਈ ਭੇਜ ਕੇ ਉਨ੍ਹਾਂ ਲਈ ਦੁਨੀਆ ਦੇ ਦਰਵਾਜ਼ੇ ਬੰਦ ਨਹੀਂ ਕਰ ਸਕਦੇ? ਭਾਵੇਂ ਪਿਛਲੇ ਪੰਜ ਸਾਲਾਂ ਤੋਂ ਤਕਨੀਕ ਨੇ ਕਾਫੀ ਪੈਰ ਪਸਾਰੇ ਨੇ, ਪਰ ਫੇਰ ਵੀ ਜੇ ਪੰਜਾਬ ਨੂੰ ਆਧਾਰ ਬਣਾ ਕੇ ਦੋਵਾਂ ਚੋਣਾਂ ਵਿਚ ਚੋਣ ਕਮਿਸ਼ਨਾਂ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਪਿਛਲੀ ਚੋਣ ਕਮਿਸ਼ਨਰ ਬੀਬੀ ਕੁਸਮਜੀਤ ਕੌਰ ਸਿੱਧੂ ਦੀ ਜੋ ਦਹਿਸ਼ਤ ਸਿਆਸੀ ਲੋਕਾਂ ਵਿਚ ਸੀ ਉਹ ਇਸ ਵਾਰ ਦੇਖਣ ਨੂੰ ਨਹੀਂ ਮਿਲੀ ਖ਼ੈਰ ... ਫੇਰ ਵੀ ਕੁਝ ਕੁ ਬੂਥਾਂ ਨੂੰ ਛੱਡ ਸਭ ਠੀਕ-ਠਾਕ ਹੀ ਰਿਹਾ

ਤੇ ਹੁਣ ਵੇਲਾ ਅੰਦਾਜ਼ਿਆਂ ਦਾ ਜਾਂ ਇੱਕ-ਦੂਜੇ ਨੂੰ ਦਿਲਾਸਿਆਂ ਦਾ ਹੈ ਹਰ ਪਾਰਟੀ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ ਭਾਵੇਂ ਉਹ ਸੱਤਾਧਾਰੀ ਅਕਾਲੀ ਹੀ ਕਿਉਂ ਨਾ ਹੋਣ, ਜਿਨ੍ਹਾਂ ਪ੍ਰਤੀ ਆਮ ਜਨਤਾ ਦਾ ਰੋਸ ਇਸ ਵਾਰ ਸਿਰ ਚੜ੍ਹ ਕੇ ਬੋਲਦਾ ਸਭ ਨੂੰ ਦਿਸਿਆ ਚੋਣ ਸਮੀਖਿਅਕ ਭਾਵੇਂ ਮੀਡੀਆ, ਹਲਕਿਆਂ ਦੇ ਹੋਣ, ਭਾਵੇਂ ਪਿੰਡਾਂ ਦੀਆਂ ਸੱਥਾਂ ਵਾਲੇ ਹੋਣ, ਸਭ ਆਪੋ-ਆਪਣੇ ਲੱਖਣ ਲਾ ਰਹੇ ਨੇ। ਆਪੋ-ਆਪਣੇ ਵਿਚਾਰ ਦੇ ਰਹੇ ਨੇ ਇਹ ਸਭ ਅੱਜ ਦੀ ਘੜੀ ਕਿਸੇ ਵੀ ਪਾਰਟੀ ਲਈ ਦਿਲ ਦਾ ਦਿਲਾਸਾ ਤਾਂ ਹੋ ਸਕਦਾ ਹੈ ਪਰ ਇਹ ਵਿਚਾਰ, ਇਹ ਲੱਖਣ-ਅੰਦਾਜ਼ੇ, ਹੁਣ ਜਿੱਤ ਹਾਰ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ ਅਸਲ ਵਿਚ ਸਿਆਸੀ ਸਮੀਖਿਅਕਾਂ ਦਾ ਨਿੱਜੀ ਝੁਕਾਅ ਜਿਸ ਪਾਰਟੀ ਵੱਲ ਹੁੰਦਾ ਹੈ, ਉਹ ਉਸੇ ਪਾਰਟੀ ਨੂੰ ਜੋੜ-ਤੋੜ ਨਾਲ ਮੂਹਰੇ ਲਿਆ ਖੜ੍ਹਾ ਕਰਦੇ ਨੇ ਭਾਵੇਂ ਸਿਆਸੀ ਸੱਚ ਵਾਲਾ ਸੂਰਜ 11 ਮਾਰਚ ਨੂੰ ਚੜ੍ਹ ਹੀ ਜਾਣਾ ਹੈ, ਫੇਰ ਵੀ ਉਦੋਂ ਤੱਕ ਭਰਮ ਵਿਚ ਜਿਊਣ ਦਾ ਹਰਜ਼ ਵੀ ਕੀ ਹੈ ਨਾਲੇ ਇਹੀ ਵਕਤ ਹੁੰਦਾ ਹੈ ਜਦੋਂ ਪਤਾ ਲੱਗਦਾ ਹੈ ਕਿ ਕਿਸ ਨੇ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਤੇ ਕਿਸ ਨੇ ਪਾਣੀ ਮਾਰਿਆ ਜਦੋਂ ਹਰ ਪਾਸੇ ਚੋਣ ਨਤੀਜਿਆਂ ਦੀ ਸਮੀਖਿਆ ਹੋ ਹੀ ਰਹੀ ਹੈ ਤਾਂ ਆਪਾਂ ਵੀ ਇਸ ਵਗਦੀ ਗੰਗਾ ਵਿਚ ਹੱਥ ਧੋ ਲੈਂਦੇ ਹਾਂ ਪਰ ਪਹਿਲਾਂ ਇੱਕ ਹੱਡਬੀਤੀ ਸਾਂਝੀ ਕਰ ਲਵਾਂ ਪਾਣੀ ਮਾਰਨ ਵਾਲੇ ਸੱਜਣਾਂ ਬਾਰੇ

ਗੱਲ 1992 ਦੀਆਂ ਪੰਜਾਬ ਚੋਣਾਂ ਦੀ ਹੈ, ਜਦੋਂ ਬਹੁਤੀਆਂ ਪਾਰਟੀਆਂ ਨੇ ਚੋਣ ਬਾਈਕਾਟ ਕੀਤਾ ਸੀ ਤੇ ਜਿਹੜੀਆਂ ਪਾਰਟੀਆਂ ਚੋਣ ਲੜ ਰਹੀਆਂ ਸਨ, ਉਨ੍ਹਾਂ ਨੂੰ ਵੀ ਮੁਸ਼ਕਿਲ ਨਾਲ ਉਮੀਦਵਾਰ ਮਿਲ ਰਹੇ ਸਨ ਖਾੜਕੂਵਾਦ ਦਾ ਵਕਤ ਸੀ ਤੇ ਸਿੰਘਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਜਿਹੜਾ ਪਹਿਲੀ ਵੋਟ ਪਾਉਣ ਜਾਊ ਉਹਨੂੰ ਸੋਧ ਦਿਆਂਗੇ ਚਲੋ ਜੀ, ਇਹੋ ਜਿਹੇ ਮਾਹੌਲ ਵਿਚ ਕਿਵੇਂ ਨਾ ਕਿਵੇਂ ਚੋਣਾਂ ਦਾ ਦਿਨ ਆ ਗਿਆ ਚੋਣਾਂ ਤੋਂ ਪਹਿਲੀ ਰਾਤ ਅੱਡੋ-ਅੱਡ ਪਿੰਡਾਂ ਵਿਚ ਪਾਰਟੀਆਂ ਵੱਲੋਂ ਆਪਣੇ ਏਜੰਟ ਲਾ ਦਿੱਤੇ ਗਏ ਇਸੇ ਦੌਰਾਨ ਇੱਕ ਹਲਕੇ ਦਾ ਇੱਕ ਨਿੱਕਾ ਜਿਹਾ ਪਿੰਡ ਸੀ, ਜਿਸਦੀ ਵੋਟ ਢਾਈ ਕੁ ਸੌ ਸੀ ਉਸ ਪਿੰਡ ਲਈ ਪਾਰਟੀ ਦੇ ਇੱਕ ਬੜੇ ਹੀ ਉੱਦਮੀ ਦਿਸਣ ਵਾਲੇ ਕਰਿੰਦੇ ਨੇ ਜ਼ੁੰਮੇਵਾਰੀ ਚੁੱਕ ਲਈ ਵੋਟਾਂ ਪੈਣ ਤੋਂ ਬਾਅਦ ਸਭ ਆਪੋ-ਆਪਣੀ ਰਿਪੋਰਟ ਆਪਣੇ ਉਮੀਦਵਾਰ ਨੂੰ ਦੇਣ ਆ ਗਏ ਉਹ ਉੱਦਮੀ ਨੌਜਵਾਨ ਕਹਿੰਦਾ - ਜੀ ਉਸ ਪਿੰਡ ਵਿਚ ਦਹਿਸ਼ਤ ਈ ਬੜੀ ਸੀ, ਕੋਈ ਘਰੋਂ ਨਿਕਲਿਆ ਹੀ ਨਹੀਂ ਤੇ ਮੈਂ ਪ੍ਰੀਜ਼ਾਈਡਿੰਗ ਅਫ਼ਸਰ ਨਾਲ ਮਿਲ ਕੇ ਸਾਰੀਆਂ ਵੋਟਾਂ ਤੁਹਾਨੂੰ ਪਾ ਦਿੱਤੀਆਂ ਸਾਰੇ ਖ਼ੁਸ਼ ਹੋ ਗਏ ਕਿ ਚਲੋ ਆਹ ਢਾਈ ਸੌ ਵੋਟ ਤਾਂ ਪੱਕੀ ਹੋਈ ਉਸ ਵਕਤ ਏਨੀ ਵੋਟ ਵੀ ਬੜੇ ਮਾਅਇਨੇ ਰੱਖਦੀ ਸੀ ਕਿਉਂਕਿ ਵੋਟਾਂ ਸਿਰਫ਼ ਪੰਜ/ਸੱਤ ਪ੍ਰਤੀਸ਼ਤ ਪੋਲ ਹੋਈਆਂ ਸਨ ਖ਼ੈਰ ਜੀ, ਤੀਜੇ ਕੁ ਦਿਨ ਵੋਟਾਂ ਦੀ ਗਿਣਤੀ ਹੋ ਰਹੀ ਸੀ ਤੇ ਹਰ ਪਿੰਡ ਦੇ ਬਕਸੇ ਵਿੱਚੋਂ ਦਸ-ਵੀਹ ਵੋਟਾਂ ਨਿਕਲ ਰਹੀਆਂ ਸਨ ਇੰਨੇ ਨੂੰ ਵਾਰੀ ਉਸ ਪਿੰਡ ਦੀ ਆ ਗਈ ਤੇ ਉਮੀਦਵਾਰ ਜੀ ਖ਼ੁਸ਼! ਬਈ ਹੁਣ ਤਾਂ ਇਕੱਠੀ ਢਾਈ ਸੌ ਵੋਟ ਨਿਕਲੂ, ਪਰ ਹੈਰਾਨੀ ਓਦੋਂ ਹੋਈ ਜਦੋਂ ਪੀਪੀ ਜਮਾ ਈ ਖ਼ਾਲੀ ਨਿਕਲੀ ਉਮੀਦਵਾਰ ਦਾ ਅਗਾਊਂ ਖ਼ੁਸ਼ੀ ਵਿਚ ਬੁੜ੍ਹਕ ਬੁੜ੍ਹਕ ਜਾਂਦਾ ਜੀਅ ਝੱਗ ਵਾਂਗੂੰ ਬਹਿ ਗਿਆ ... ਤੇ ਅਗਲੇ ਦਿਨ ਉਸ ਕਰਿੰਦੇ ਨੂੰ ਤਲਬ ਕਰ ਲਿਆ, ਤਾਂ ਪਤਾ ਲੱਗਿਆ ਕਿ ਸਾਹਿਬ ਚੋਣ ਏਜੰਟ ਵਾਲਾ ਝੋਲਾ ਲੈ ਕੇ ਆਪਣੇ ਘਰ ਜਾ ਸੁੱਤੇ ਤੇ ਸ਼ਾਮ ਨੂੰ ਆ ਕੇ ਰਿਪੋਰਟ ਦੇ ਦਿੱਤੀ ਸੀ, ਇਸ ਭਰਮ ਵਿਚ ਕਿ ਕਿਹੜਾ ਕਿਸੇ ਨੂੰ ਪਤਾ ਲੱਗਣਾ ਹੈ

ਇਹ ਘਟਨਾ ਉਨ੍ਹਾਂ ਕਰਿੰਦਿਆਂ ਲਈ ਹੈ ਜੋ ਸਿਰਫ਼ ਪਾਣੀ ਮਾਰਦੇ ਨੇ

ਆਓ! ਵਿਸ਼ੇ ਵੱਲ ਮੁੜਦੇ ਹਾਂ ਕਿ ਕੁਝ ਵੀ ਹੋ ਸਕਦਾ ਹੈ ...

ਆਪਾਂ ਪਾਰਟੀ ਦਰ ਪਾਰਟੀ ਗੱਲ ਕਰਦੇ ਹਾਂ ਮੰਨ ਲਓ, ਕਾਂਗਰਸ 55 ਸੀਟਾਂ ਜਿੱਤ ਜਾਂਦੀ ਹੈ, ਉਤਲੀਆਂ 17 ਬਾਕੀ ਵੰਡ ਲੈਂਦੇ ਨੇ 45 ‘ਆਪ’ ਲੈ ਜਾਂਦੀ ਹੈ ਤਾਂ ਕੀ ਹੋਊ? ਚੇਤੇ ਰਹੇ ਕਿ ਆਪ ਦੀਆਂ 45 ਵਿੱਚ ਬੈਂਸ ਭਰਾਵਾਂ ਦੀਆਂ ਵੀ ਘੱਟੋ-ਘੱਟ 4 ਸੀਟਾਂ ਹੋਣਗੀਆਂ (ਬੈਂਸ ਭਰਾ ਜੇ ਦੋ ਤੋਂ ਚਾਰ ਸੀਟਾਂ ਜਿੱਤਦੇ ਹਨ ਤਾਂ ਇਸ ਵਿੱਚ ਵੱਡਾ ਯੋਗਦਾਨ ਆਪ ਦਾ ਹੋਵੇਗਾ, ਨਹੀਂ ਤਾਂ ਇਹਨਾਂ ਭਰਾਵਾਂ ਦੀ ਪਾਰਟੀ ਦਾ ਆਧਾਰ ਦੋ ਸੀਟਾਂ ’ਤੇ ਸੀ), ਇਹੋ ਜਿਹੀ ਸਥਿਤੀ ਵਿਚ ਕਪਤਾਨ ਸਾਹਿਬ ਕਰਨਗੇ ਕੀ? ਬਿਲਕੁਲ ਜੀ ... ਚਾਰ ਐੱਮ.ਐੱਲ.. ਲੱਭਣਗੇ ਉਤਲੇ 17 ਵਿੱਚੋਂ ਤਾਂ ਔਖਾ ਲੱਗਦਾ ਫੇਰ ਬਾਕੀ ਬਚਦਾ ਹੈ ਬੈਂਸ ਖੇਮਾ, ਜਿਨ੍ਹਾਂ ਨੂੰ ਜੇ ਦੋ ਅਹਿਮ ਮਹਿਕਮੇ ਮਿਲ ਜਾਣ ਤਾਂ “ਕੌਨ ਆਪ ਕੌਨ ਹਮ” ਅਤੇ “ਹਮਾਰਾ ਸਾਥ ਹਾਥ ਕੇ ਸਾਥ” ਹੋਣਾ ਕੋਈ ਵੱਡੀ ਗੱਲ ਨਹੀਂ ਭਾਵੇਂ ਕਿ ਅਸੀਂ ਬੈਂਸ ਭਰਾਵਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਹਾਂ ਪਰ ਉਨ੍ਹਾਂ ਦੇ ਪਿਛੋਕੜ ਵਿਚ ਨਿਭਾਈ ਰੁੜ੍ਹਨ ਵਾਲੇ ਲਾਟੂ ਦੀ ਭੂਮਿਕਾ ਤੋਂ ਵੀ ਬੇਖ਼ਬਰ ਨਹੀਂ ਹਾਂ

ਹੁਣ ਗੱਲ ਕਰਦੇ ਹਾਂ ‘ਆਪ’ ਦੀ! ਆਪ ਸੱਜਰੀ ਪਾਰਟੀ ਹੈ, ਗਵਾਉਣ ਲਈ ਕੁਝ ਨਹੀਂ ਪਾਉਣ ਲਈ ਸਭ ਕੁਝ ਜਵਾਨੀ ਦੇ ਜੋਸ਼ ਅਤੇ ਕੰਮ ਕਰਨ ਦੀ ਸ਼ਕਤੀ ਨੇ ਦੋ ਵੱਡੀਆਂ ਪਾਰਟੀਆਂ ਦੇ ਬਰਾਬਰ ਲਿਆ ਖੜ੍ਹਾ ਕੀਤਾ ਸਿਆਸੀ ਸਮੀਖਿਅਕ ਸੱਤਰ ਜਮ੍ਹਾਂ ਸੀਟਾਂ ਦੇ ਰਹੇ ਹਨ ਜੇ ਤਾਂ ਇੰਜ ਹੁੰਦਾ ਤਾਂ ਅੱਧੇ ਸਵਾਲ ਖ਼ਤਮ ਆਪਾਂ ਅੱਧੇ ਸਵਾਲ ਖ਼ਤਮ ਮੰਨ ਕੇ ਹੀ ਚੱਲਦੇ ਹਾਂ ਤੇ ਇੱਥੇ ਬਾਕੀ ਦੇ ਅੱਧੇ ਵਿਚਾਰਦੇ ਹਾਂ ਅੱਧਾ ਸਵਾਲ ਇਹ ਹੈ ਕਿ ਮੁੱਖ ਮੰਤਰੀ ਦਾ ਦਾਅਵੇਦਾਰ ਕੌਣ ਹੋਵੇਗਾ? ਤਿੰਨ ਚਾਰ ਨਾਮ ਚਰਚਾ ਵਿਚ ਨੇ ਹਾਈ ਕਮਾਂਡ ਕਈ ਵਾਰ ਇਸ਼ਾਰਿਆਂ ਵਿਚ ਜਰਨੈਲ ਸਿੰਘ ਦਾ ਚਿਹਰਾ ਮੂਹਰੇ ਕਰ ਚੁੱਕੀ ਹੈ ਕਿਉਂਕਿ ਹੁਣ ਕੇਜਰੀਵਾਲ ਵੀ ਸਿਆਸਤ ਸਿੱਖ ਗਏ ਹਨ ਤੇ ਸੰਕੇਤਿਕ ਭਾਸ਼ਾ ਦਾ ਇਸਤੇਮਾਲ ਬਾਖ਼ੂਬੀ ਕਰ ਲੈਂਦੇ ਹਨ ਮਸਲਨ ਪੰਜਾਬ ਦਾ ਮੁੱਖ ਮੰਤਰੀ ਸਿੱਖ ਚਿਹਰਾ ਹੋਵੇਗਾ, ਜੋ ਸ਼ਰਾਬ ਨਹੀਂ ਪੀਂਦਾ ਹੋਵੇਗਾ ਵਗ਼ੈਰਾ ਵਗ਼ੈਰਾ ਜਰਨੈਲ ਸਿੰਘ ਨੂੰ ਦਿੱਲੀ ਤੋਂ ਲਿਆ ਕੇ ਸੀ.ਐੱਮ. ਅਹੁਦੇ ਦੇ ਮੂਹਰੇ ਬਾਕੀ ਮੁਕਾਬਲੇਬਾਜ਼ਾਂ ਦੇ ਨਾਲ ਖੜ੍ਹਾ ਕਰਨਾ ਵੀ ਇੱਕ ਸੰਕੇਤਕ ਸੁਨੇਹਾ ਹੀ ਹੈ ਜੇ ਜਰਨੈਲ ਸਿੰਘ ਦਾ ਸਿਆਸੀ ਸਫ਼ਰ ਦੇਖਿਆ ਜਾਵੇ ਤਾਂ ਭਾਵੇਂ ਉਨ੍ਹਾਂ ਦੇ ਸਿਆਸੀ ਸਫ਼ਰ ਦਾ ਆਗਾਜ਼ ਇੱਕ ਅਗਰੈੱਸਿਵ ਬੰਦੇ ਦੇ ਤੌਰ ’ਤੇ ਉਦੋਂ ਹੋਇਆ ਜਦੋਂ ਉਨ੍ਹਾਂ ਦੇਸ਼ ਦੇ ਵੇਲੇ ਦੇ ਵਿੱਤ ਮੰਤਰੀ ’ਤੇ ਆਪਣੀ ਜੁੱਤੀ ਸੁੱਟੀ ਸੀ ਪਰ ਤੁਸੀਂ ਵੀ ਨੋਟ ਕੀਤਾ ਹੋਣਾ ਹੈ ਕਿ ਜਦੋਂ ਤੋਂ ਉਹ ਆਪ ਵਿਚ ਸ਼ਾਮਲ ਹੋਏ ਨੇ, ਉਦੋਂ ਤੋਂ ਉਨ੍ਹਾਂ ਦੇ ਤੇਵਰ ਬੜੇ ਸ਼ਾਂਤ ਨੇ ਜਿਸ ਦੇ ਦੋ ਕਾਰਨ ਹੋ ਸਕਦੇ ਨੇ ਜਾਂ ਤਾਂ ਆਪ ਵਿਚ ਕੁਝ ਗ਼ਲਤ ਹੋ ਹੀ ਨਹੀਂ ਰਿਹਾ ਜਾਂ ਫੇਰ ਉਹ “ਹਾਈ ਕਮਾਂਡ ਨਾਲ ਲਾ ਕੇ ਖਾਓ ਅਤੇ ਵੱਧ ਸੌਗਾਤਾਂ ਪਾਓ” ਦੇ ਫ਼ਾਰਮੂਲੇ ’ਤੇ ਕੰਮ ਕਰ ਰਹੇ ਹਨ

ਉਸ ਤੋਂ ਬਾਅਦ ਨਾਮ ਆਉਂਦਾ ਹੈ ਫੂਲਕਾ ਸਾਹਿਬ ਦਾ ਉਨ੍ਹਾਂ ਦੀ ਸਿੱਖ ਕੌਮ ਲਈ ਕੀਤੀ ਘਾਲਣਾ ਬਾਰੇ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਉਹ ਕਈ ਵੇਲਿਆਂ ’ਤੇ ਦਬਾ ਝੱਲਣ ਵਿਚ ਨਾਕਾਮ ਰਹੇ ਹਨ, ਜੋ ਕਿ ਇੱਕ ਨੇਤਾ ਦਾ ਪਹਿਲਾ ਗੁਣ ਹੋਣਾ ਚਾਹੀਦਾ ਹੈ ਕਿ ਉਹ ਦਬਾ ਵਿਚ ਰਹਿ ਕੇ ਕਿਹੋ ਜਿਹਾ ਵਤੀਰਾ ਅਪਣਾਉਂਦਾ ਹੈ ਇਹਨਾਂ ਕਾਰਨਾਂ ਕਰਕੇ ਪਿਛਲੇ ਕੁਝ ਸਮੇਂ ਤੋਂ ਉਹ ਇਸ ਦੌੜ ਵਿੱਚੋਂ ਬਾਹਰ ਹੀ ਹਨ ਪਰ ਆਪਾਂ ਤਾਂ ਗੱਲ ਹੀ ਇੱਥੋਂ ਸ਼ੁਰੂ ਕੀਤੀ ਐ ਕਿ “ਕੁਝ ਵੀ ਹੋ ਸਕਦਾ ਹੈ ...” ਇਸ ਤੋਂ ਬਿਨਾਂ ਗੁਰਪ੍ਰੀਤ ਵੜੈਚ ਜਾਂ ਫੇਰ ਕੋਈ ਬਾਹਰੀ ਮੁੱਖ ਮੰਤਰੀ ਬਾਰੇ ਵੀ ਵਿਚਾਰਿਆ ਜਾ ਸਕਦਾ

ਬਾਹਰੀ ਬਾਰੇ ਤਾਂ ਇੰਨਾ ਹੀ ਕਾਫ਼ੀ ਹੈ ਕਿ ਆਮ ਜਨਤਾ ਉਹਨੂੰ ਮਨਜ਼ੂਰ ਨਹੀਂ ਕਰੇਗੀ ਤੇ ਆਪ ਜੇ ਇਹੋ ਜਿਹਾ ਫ਼ੈਸਲਾ ਕਰਦੀ ਹੈ ਤਾਂ ਖ਼ੁਦਕੁਸ਼ੀ ਤੋਂ ਘੱਟ ਨਹੀਂ ਹੋਣਾ ਗੁਰਪ੍ਰੀਤ ਕਾਫ਼ੀ ਸੁਲਝਿਆ ਇਨਸਾਨ ਹੈ ਪਰ ਹਾਲੇ ਮੁੱਖ ਮੰਤਰੀ ਬਣਨ ਲਈ ਉਸ ਨੂੰ ਨੈਤਿਕਤਾ ਦੇ ਆਧਾਰ ’ਤੇ ਇੰਤਜ਼ਾਰ ਕਰਨਾ ਪਵੇਗਾ ਜ਼ਮੀਨੀ ਪੱਧਰ ’ਤੇ ਕੰਮ ਕਰਕੇ ਆਪਣੇ ਆਪ ਨੂੰ ਸਾਬਤ ਕਰਨਾ ਪਵੇਗਾ ਉਹ ਬਹੁਤ ਸਾਰੇ ਚਾਹੁਣ ਵਾਲਿਆਂ ਦੀ ਸੂਚੀ ਵਿਚ ਸ਼ੁਮਾਰ ਹੈ ਜੋ ਉਸ ਨੂੰ ਕਿਸੇ ਵਕਤ ਉੱਚੇ ਮੁਕਾਮ ’ਤੇ ਬੈਠਾ ਦੇਖਣ ਦੇ ਚਾਹਵਾਨ ਹਨ ਆਪ ਦੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਦੀ ਜੇ ਸਿਖਰ ਛੋਹੀ ਜਾਵੇ ਤਾਂ ਭਗਵੰਤ ਮਾਨ ਦਾ ਨਾਮ ਸਭ ਤੋਂ ਮੂਹਰੇ ਆਉਂਦਾ ਹੈ ਆਵੇ ਵੀ ਕਿਉਂ ਨਾ, ਜੇ ਅੱਜ ਪੰਜਾਬ ਵਿਚ ਆਪ ਦਾ ਆਧਾਰ ਹੈ ਤਾਂ ਇਸ ਦਾ ਇਕੱਲਾ ਭਗਵੰਤ 80 ਫੀਸਦੀ ਤੋਂ ਵੱਧ ਦਾ ਹਿੱਸੇਦਾਰ ਹੈ ਜਿੱਥੇ ਉਹ ਆਮ ਲੋਕਾਂ ਦੀ ਪਸੰਦ ਹੈ, ਉੱਥੇ ਉਹ ਬਹੁਤੇ ਪਾਰਟੀ ਉਮੀਦਵਾਰਾਂ ਦੀ ਵੀ ਪਹਿਲੀ ਪਸੰਦ ਹੈ ਇਹ ਵੱਖਰੀ ਗੱਲ ਹੈ ਕਿ ਕੁਝ ਕੁ ਪੜ੍ਹਿਆ ਲਿਖਿਆ ਵਰਗ ਉਸ ’ਤੇ ਸਵਾਲੀਆ ਨਿਸ਼ਾਨ ਲਾਉਂਦਾ ਸੀ ਮੇਰਾ ਇੱਥੇ ‘ਸੀ’ ਲਿਖਣ ਦਾ ਕਾਰਨ ਇਹ ਹੈ ਕਿ ਪਿਛਲੇ ਸਮੇਂ ਵਿਚ ਆਪਣੇ ਐੱਮ.ਪੀ. ਹੋਣ ਦੇ ਫ਼ਰਜ਼ਾਂ ਤੋਂ ਲੈ ਕੇ ਆਮ ਲੋਕਾਂ ਨਾਲ ਸੰਪਰਕ ਬਣਾਈ ਰੱਖਣਾ, ਅਣਥੱਕ ਮਿਹਨਤ ਅਤੇ ਵਕਤ ਮੁਤਾਬਿਕ ਆਪਣੇ ਆਪ ਨੂੰ ਢਾਲਣ ਕਾਰਨ ਹੁਣ ਬਹੁਤ ਸਾਰਾ ਬੁੱਧੀਜੀਵੀ ਵਰਗ ਵੀ ਇਹ ਮੰਨਣ ਲਈ ਤਿਆਰ ਹੈ ਕਿ ਭਗਵੰਤ ਮਿਹਨਤੀ ਹੈ, ਜ਼ਮੀਨ ਨਾਲ ਜੁੜਿਆ ਹੈ, ਸੋ ਇੱਕ ਚੰਗਾ ਮੁੱਖ ਮੰਤਰੀ ਸਾਬਤ ਹੋ ਸਕਦਾ ਹੈ ਉਸ ਉੱਤੇ ਲਗਦੇ ਇਲਜ਼ਾਮ ਇਹੋ ਜਿਹੇ ਨਹੀਂ ਹਨ ਜਿਨ੍ਹਾਂ ਵਿੱਚੋਂ ਉੱਭਰਿਆ ਨਾ ਜਾ ਸਕੇ ਜਿਵੇਂ ਕਿ ਸ਼ਰਾਬ ਪੀਣਾ ਇੱਕ ਬਹੁਤ ਵੱਡਾ ਮੁੱਦਾ ਬਣਾਇਆ ਗਿਆ ਹੈ ਭਾਵੇਂ ਅਸੀਂ ਖ਼ੁਦ ਵੀ ਇਸ ਦੇ ਖ਼ਿਲਾਫ਼ ਹਾਂ ਪਰ ਇਹ ਕੋਈ ਮੁੱਦਾ ਨਹੀਂ ਹੈ ਤੁਸੀਂ ਕਦੇ ਕਿਸੇ ਵਿਦੇਸ਼ ਦੇ ਪਾਰਲੀਮੈਂਟ ਵਿਚ ਜਾ ਕੇ ਦੇਖੋ ਬਹੁਤੇ ਨੇਤਾਵਾਂ ਦੇ ਦਫ਼ਤਰਾਂ ਵਿਚ ਸ਼ਰਾਬ ਸ਼ੋਅ ਕੇਸਾਂ ਵਿਚ ਰੱਖੀ ਮਿਲਦੀ ਹੈ ਤੇ ਉਹ ਆਮ ਲੋਕਾਂ ਦੇ ਚਹੇਤੇ ਨੇਤਾ ਹੁੰਦੇ ਹਨ ਦੂਜੇ ਪਾਸੇ ਇਸ ਤੋਂ ਛੁਟਕਾਰਾ ਪਾਉਣਾ ਵੀ ਕੋਈ ਚਿੜੀਆਂ ਦਾ ਦੁੱਧ ਲਿਆਉਣਾ ਨਹੀਂ ਜੋ ਉਸ ਨੇ ਕਰਕੇ ਦਿਖਾਇਆ ਵੀ ਹੈ। ਪਰ ਜੇ ਤੁਸੀਂ ਕਿਸੇ ਬੰਦੇ ਨੂੰ ਸੁਧਰਨ ਹੀ ਨਹੀਂ ਦੇਣਾ ਚਾਹੁੰਦੇ ਤਾਂ ਫੇਰ ਮਾਰੀ ਜਾਓ ਚੋਭਾਂ ਤੇ ਬਾਕੀ ਦੇ 99 ਗੁਣਾਂ ਤੋਂ ਰਹਿ ਜਾਇਓ ਵਾਂਝੇ ਹੁਣ ਮਹਾਰਾਜੇ ’ਤੇ ਦੋਸ਼ ਲੱਗਦਾ ਹੈ ਕਿ ਉਹ ਤਾਂ ‘ਤੜਕੇ 11 ਵਜੇ’ ਉੱਠਦਾ ਹੈ, ਸ਼ਰੇਆਮ ਅਰੂਸਾ ਨਾਲ ਘੁੰਮਦਾ ਹੈ। ਲੋਕ ਨੁਮਾਇੰਦਾ ਹੋਣ ਦੇ ਬਾਵਜੂਦ ਕਦੇ ਲੋਕਾਂ ਦੀ ਤਕਲੀਫ਼ ਲਈ ਕਦੇ ‘ਦਰਬਾਰ’ ਨਹੀਂ ਗਿਆ ਆਦਿ। ਪਰ ਕਦੇ ਕਿਸੇ ਪ੍ਰਧਾਨ ਮੰਤਰੀ ਨੇ ਮਹਾਰਾਜੇ ’ਤੇ ਸੰਸਦ ਵਿਚ ਇਹ ਦੋਸ਼ ਨਹੀਂ ਲਾਏ

ਇਸ ਗੱਲ ਦਾ ਅਖੀਰ ਤਾਂ ਇਹੀ ਹੋਣਾ ਚਾਹੀਦਾ ਹੈ ਕਿ ਭਗਵੰਤ ਮਾਨ ਨੇ ਬੇਜ਼ੁਬਾਨ ਪੰਜਾਬੀਆਂ ਨੂੰ ਜ਼ੁਬਾਨ ਦਿੱਤੀ ਹੈ, ਸੋ ਉਸ ਦਾ ਬਣਦਾ ਮੁੱਲ ਤਾਰਨਾ ਬਣਦਾ ਹੈ ਜੇ ਆਮ ਆਦਮੀ ਪਾਰਟੀ ਜਿੱਤਣ ਤੋਂ ਬਾਅਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਨਾ ਬਣਾਉਣ ਵਾਲਾ ਗ਼ਲਤ ਫ਼ੈਸਲਾ ਲੈ ਗਈ (ਭਾਵੇਂ ਭਗਵੰਤ ਖ਼ੁਦ ਐੱਮ.ਐੱਲ.. ਦੀ ਚੋਣ ਹਾਰ ਜਾਣ) ਤਾਂ ਆਪ ਦਾ ਇਹ ਪਹਿਲਾ ਤੇ ਅਖੀਰੀ ਪੰਜਾਬ ਇਲੈੱਕਸ਼ਨ ਹੋ ਸਕਦਾ ਹੈ ਕਿਉਂਕਿ ਮੈਂ ਤਾਂ ਪਹਿਲਾਂ ਹੀ ਕਿਹਾ ਹੈ ਕਿ “ਕੁਝ ਵੀ ਹੋ ਸਕਦਾ ਹੈ ...” ਆਪ ਹਾਈ ਕਮਾਂਡ ਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਜੇ ਦਿੱਲੀ ਤੋਂ ਬਾਅਦ ਸਭ ਤੋਂ ਵੱਧ ਪੰਜਾਬੀਆਂ ਨੇ ਤੁਹਾਨੂੰ ਅੱਖਾਂ ’ਤੇ ਬਿਠਾਇਆ ਹੈ ਤਾਂ ਉਹ ਸਭ ਤੋਂ ਪਹਿਲਾਂ ਮਿੱਟੀ ਵਿਚ ਰੋਲਣ ਦੀ ਵੀ ਕਸਰ ਨਹੀਂ ਛੱਡਣਗੇ, ਕਿਉਂਕਿ ਤਖ਼ਤਾਂ-ਤਾਜਾਂ ’ਤੇ ਬਿਠਾਉਣ ਵਾਲੇ ਪੰਜਾਬੀ ਤਖ਼ਤ ਪਲਟਾਉਣ ਵਾਲੇ ਜਜ਼ਬਾਤ ਵੀ ਰੱਖਦੇ ਨੇ ਉਦਾਹਰਨ ਦੇ ਤੌਰ ’ਤੇ ਅਕਾਲੀ ਦਲ ਮਾਨ, ਲੋਕ ਭਲਾਈ ਪਾਰਟੀ, ਸੰਸਦੀ ਕਮਿਊਨਿਸਟ ਪਾਰਟੀਆਂ, ਬਹੁਜਨ ਸਮਾਜ ਪਾਰਟੀ ਅਤੇ ਪੀ.ਪੀ.ਪੀ. ਦਾ ਹਸ਼ਰ ਜੱਗ ਜ਼ਾਹਿਰ ਹੈ

ਆਓ! ਆਪਾਂ ਇਹਨਾਂ ਪਾਰਟੀਆਂ ਤੋਂ ਬਿਨਾਂ ਕੁਝ ਕੁ ਸਿਆਸਤਦਾਨਾਂ ਦੀ ਵੀ ਸਮੀਖਿਆ ਕਰ ਲਈਏ। ਨਵਜੋਤ ਸਿੱਧੂ, ਜਿਸ ਨੂੰ ਪਿਛਲੇ ਕੁਝ ਸਮੇਂ ਤੋਂ ਮਜ਼ਾਕ ਦਾ ਪਾਤਰ ਬਣਨਾ ਪਿਆ ਹੈ, ਜੇ ਤਾਂ ਉਸ ਦਾ ਤਾਰਾ ਚੜ੍ਹ ਗਿਆ, ਫੇਰ ਤਾਂ ਉਪ ਮੁੱਖ ਮੰਤਰੀ ਦੀ ਕੁਰਸੀ ਪੱਕੀ, ਪਰ ਜੇ ਕਿਤੇ ਤਾਰਾ ਡੁੱਬਿਆ ਰਹਿ ਗਿਆ ਤਾਂ “ਠੋਕੋ ਤਾਲੀ” ਤਾਂ ਫੇਰ ਕਿਤੇ ਗਈ ਅਜਿਹੇ ਹਾਲਾਤ ਵਿਚ ਮੈਡਮ ਸਿੱਧੂ ਲਈ “ਵੇਲਿਓਂ ਖੁੰਝੀ ਡੂਮਣੀ” ਢੁੱਕਵੇਂ ਸ਼ਬਦ ਹੋਣਗੇ

ਤੇ ਜੇ ਆਹ ਸਿਆਸਤਦਾਨ ਦੀ ਗੱਲ ਨਾ ਕੀਤੀ, ਫੇਰ ਤਾਂ ਗੱਲ ਅਧੂਰੀ ਰਹਿ ਜਾਊ ... ਇਹ ਜਨਾਬ ਜੀ ਨੇ ਸੁੱਚਾ ਸਿੰਘ ਛੋਟੇਪੁਰ ਹੁਰੀਂ! ਮੈਨੂੰ ਉਨ੍ਹਾਂ ਲਈ ਇਸ ਗੀਤ ਦੇ ਬੋਲ ਕਾਫ਼ੀ ਢੁੱਕਵੇਂ ਲੱਗਦੇ ਨੇ “ਨੀ ਤਕਦੀਰੇ, ਅਸੀਂ ਬਣ ਜਾਣਾ ਹੀਰੇ, ਸਾਡੀ ਵਾਰੀ ਆਉਣ ਦੇ” ਕਹਿੰਦੇ ਹੁੰਦੇ ਆ ਕਿ ਬਾਰ੍ਹਾਂ ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ ਜੇ ਕਿਤੇ ਰੱਬ ਨੇ ਜਨਾਬ ਛੋਟੇਪੁਰ ਦੀ ਨੇੜੇ ਹੋ ਕੇ ਸੁਣ ਲਈ! ਬੱਸ ਫੇਰ ਦੇਖਿਓ ਉਨ੍ਹਾਂ ਨੂੰ ਮਸ਼ਕਰੀਆਂ ਕਰਨ ਵਾਲਿਆਂ ਨੂੰ ਲੁਕਣ ਲਈ ਥਾਂ ਨਈਂ ਥਿਆਉਣਾ ... ਕਿਉਂਕਿ “ਕੁਝ ਵੀ ਹੋ ਸਕਦਾ ਹੈ ...” ਇਸੇ ਤਹਿਤ ਮੰਨ ਲਵੋ ਕਿ ਛੋਟੇਪੁਰ ਸਾਹਿਬ ਆਪਣੀ ਸੀਟ ਜਿੱਤ ਗਏ ਤੇ ਦੂਜੇ ਪਾਸੇ ਕਿਸੇ ਪਾਰਟੀ ਨੂੰ ਸਰਕਾਰ ਬਣਾਉਣ ਲਈ ਇੱਕ ਐੱਮ.ਐੱਲ.. ਦੀ ਲੋੜ ਹੋਈ ਤਾਂ ਫੇਰ ਹਰਿਆਣੇ ਵਾਲਾ ਇਤਿਹਾਸ ਦੁਹਰਾਇਆ ਜਾਣਾ ਹੈ, ਜਦੋਂ ਭੁਪਿੰਦਰ ਸਿੰਘ ਹੁੱਡਾ ਨੂੰ ਸਰਕਾਰ ਬਣਾਉਣ ਲਈ ਇੱਕ ਐੱਮ.ਐੱਲ.. ਦੀ ਲੋੜ ਸੀ ਤੇ ਉਹ ਐੱਮ.ਐੱਲ.. ਗੋਪਾਲ ਕਾਂਡਾ ਬਣਿਆ, ਜਿਹੜਾ ਕੁਝ ਵਕਤ ਪਹਿਲਾਂ ਇੱਕ ਜੂਸ ਦੀ ਦੁਕਾਨ ਚਲਾਉਂਦਾ ਸੀ। ਉਸ ’ਤੇ ਰੱਬ ਦੀਆਂ ਰਹਿਮਤਾਂ ਇਹੋ ਜਿਹੀਆਂ ਵਰ੍ਹੀਆਂ ਕਿ ਰਾਤੋ-ਰਾਤ ਪਹਿਲਾਂ ਤਾਂ ਕੋਈ ਖ਼ਜ਼ਾਨਾ ਹੱਥ ਲੱਗ ਗਿਆ ਫੇਰ ਉਹ ਐੱਮ.ਐੱਲ.. ਦੀ ਚੋਣ ਜਿੱਤ ਗਿਆ, ਤੇ ਹੁੱਡਾ ਸਰਕਾਰ ਨੂੰ ਹਮਾਇਤ ਦੇਣ ਲਈ ਅੜ ਕੇ ਗ੍ਰਹਿ ਮੰਤਰੀ ਦੀ ਪਦਵੀ ਲਈ ਸੋ ਇਹ ਨਾ ਹੋ ਜਾਏ ਕਿਤੇ ਆਉਣ ਵਾਲੀ ਪੰਜਾਬ ਸਰਕਾਰ ਵਿਚ ਉਪ ਮੁੱਖ ਮੰਤਰੀ ਸੁੱਚਾ ਸਿੰਘ ਛੋਟੇਪੁਰ ਹੋਣ ਤੇ ‘ਹੈਲੀਕਾਪਟਰ ਸਿਰਫ਼ ਪੰਜਾਬ ਤੋਂ ਬਾਹਰ ਜਾਣ ਲਈ ਵਰਤਾਂਗੇ’ ਦੇ ਆਪਣੇ ਐਲਾਨ ਨੂੰ ਅਮਲੀਜਾਮਾ ਪਹਿਨਾਉਂਦੇ ਦਿਸਣ

ਥੋੜ੍ਹਾ ਜਿਹਾ ਡੇਰਾ ਫੈਕਟਰ ਵੀ ਵਿਚਾਰ ਲਿਆ ਜਾਵੇ ਬਾਕੀ ਡੇਰਿਆਂ ਦੀ ਛੱਡੋ, ਸਰਸੇ ਵਾਲੇ ਡੇਰੇ ਦੀ ਜੇ ਗੱਲ ਕੀਤੀ ਜਾਵੇ ਤਾਂ ਮੰਨਿਆ ਜਾਂਦਾ ਕਿ ਉਹ ਅੱਠ ਪ੍ਰਤੀਸ਼ਤ ਤੱਕ ਵੋਟਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜੋ ਤਿਕੋਣੀ ਟੱਕਰ ਵਿਚ ਕਾਫ਼ੀ ਵੱਡਾ ਅੰਕੜਾ ਹੋ ਸਕਦਾ ਹੈ ਪਰ! ਹੁਣ ਡੇਰੇ ਦੇ ਮੁਖੀ ਤੇ ਡੇਰੇ ਦੇ ਪ੍ਰੇਮੀਆਂ ਵਿਚ ਬਹੁਤ ਤਬਦੀਲੀਆਂ ਆ ਗਈਆਂ ਹਨ, ਜਿਨ੍ਹਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕੋਈ ਵੇਲਾ ਸੀ ਬਾਬੇ ਦੇ ਸ਼ਰਧਾਲੂ ਹੁੰਦੇ ਸਨ, ਪਰ ਹੁਣ ਆਧੁਨਿਕਤਾ ਦੇ ਦੌਰ ਵਿਚ ਬਾਬਾ ਧਰਮ ਪ੍ਰਚਾਰਕ ਤੋਂ ਐਕਟਰ ਬਣ ਚੁੱਕਿਆ ਹੈ ਤੇ ਸ਼ਰਧਾਲੂ ਉਸ ਦੇ ਫੈਨ ਸ਼ਰਧਾਲੂ ਸ਼ਰਧਾ ਵਿਚ ਉੱਲੂ ਬਣ ਜਾਂਦਾ ਪਰ ਫੈਨ ਸਿਰਫ਼ ਕਲਾ ਦਾ ਹੁੰਦਾ ਨਾ ਕੇ ਭਾਵਨਾਵਾਂ ਦਾ

ਮਿੱਤਰੋ ... ਆਪਣੇ ਆਪ ਨੂੰ ਤਿਆਰ ਇਸ ਲਈ ਵੀ ਰੱਖਿਓ ਕਿ ਜੇ ਦੁਬਾਰਾ ਅਕਾਲੀ ਸਰਕਾਰ ਆ ਗਈ ਤਾਂ ਉਨ੍ਹਾਂ ਦੇ ਅਣਅਧਿਕਾਰਤ ਚੋਣ ਮਨੋਰਥ ਪੱਤਰ ਵਿਚ “ਕੰਮ ਕਰਾ ਕੇ ਦੂਜਿਆਂ ਨੂੰ ਵੋਟਾਂ ਪਾਉਣ ਵਾਲਿਆਂ” ਅਤੇ “ਐੱਨ.ਆਰ.ਆਈਜ਼” ਲਈ ਖ਼ਾਸ ਯੋਜਨਾਵਾਂ ਤਹਿਤ “5911 ਟਰੈਕਟਰ ਮਗਰ ਟੋਚਨ ਪਾ-ਪਾ ਘੜੀਸਣਾ” ... ਅਤੇ ... “ਦੇਖ ਲਵਾਂਗੇ” ... ਵਰਗੇ ਸ਼ਬਦ ਵੀ ਜੱਗ ਜ਼ਾਹਿਰ ਹੋ ਚੁੱਕੇ ਹਨ ਖ਼ਾਸ ਕਰਕੇ ਐਨ.ਆਰ.ਆਈ. ਭਰਾਵਾਂ ਨੂੰ ਕਿਤੇ ਆਪਣੇ ਆਪ ਨੂੰ “ਮੈਂ ਐੱਨ.ਆਰ.ਆਈ. ਨਹੀਂ ਹਾਂ” ਸਾਬਤ ਕਰਨ ਲਈ ਮਿੰਨਤਾਂ-ਤਰਲੇ ਨਾ ਕੱਢਣੇ ਪੈ ਜਾਣ

ਗੱਲਾਂ ਤਾਂ ਹੋਰ ਵੀ ਬਹੁਤ ਨੇ ਪਰ ਆਪਾਂ ਗੱਲ ਇੱਥੇ ਹੀ ਸਮੇਟਦੇ ਹਾਂ

ਤੇ ਜਾਂਦਾ ਜਾਂਦਾ ਇਕ ਗੁਜ਼ਾਰਿਸ਼ ਜ਼ਰੂਰ ਕਰਨੀ ਚਾਹਾਂਗਾ ਕਿ ਗਿਆਰਾਂ ਮਾਰਚ ਨੂੰ “ਕੁਝ ਵੀ ਹੋ ਸਕਦਾ ਹੈ ...” ਦਾ ਮੂਡ ਬਣਾ ਕੇ ਨਤੀਜੇ ਸੁਣਿਓ ਐਵੇਂ ਨਾ ...! ਸਰਕਾਰ ਭਾਵੇਂ ਕੋਈ ਬਣ ਜਾਵੇ, ਰਾਤੋ ਰਾਤ ਇਨਕਲਾਬ ਨਹੀਂ ਆਉਣ ਲੱਗਿਆ। ਵਕਤ ਲੱਗੇਗਾ ... ਸੋ ਲੋੜ ਹੈ ਸਬਰ ਬਣਾਈ ਰੱਖਣ ਦੀ

*****

(609)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.com)

About the Author

ਮਿੰਟੂ ਬਰਾੜ

ਮਿੰਟੂ ਬਰਾੜ

Adelaide, Australia.
Email: (mintubrar@gmail.com)

More articles from this author