“ਆਸਟ੍ਰੇਲੀਆ ਦੀ ਪੁਲਿਸ ਕਦੇ ਉੱਚਾ ਨਹੀਂ ਬੋਲਦੀ, ਗਾਲ੍ਹਾਂ ਨਹੀਂ ਕੱਢਦੀ ...”
(17 ਅਪਰੈਲ 2020)
ਜਦੋਂ ਕੋਈ ਘਟਨਾ ਜਾਂ ਫਿਰ ਕਹਿ ਲਵੋ ਦੁਰਘਟਨਾ ਵਾਪਰਦੀ ਹੈ ਤਾਂ ਸੌ ਫ਼ੀਸਦੀ ਕੋਈ ਸਹੀ ਨਹੀਂ ਹੁੰਦਾ ਤੇ ਨਾ ਹੀ ਕੋਈ ਸੌ ਫ਼ੀਸਦੀ ਗ਼ਲਤ ਹੁੰਦਾ ਹੈ। ਬਹੁਤ ਸਾਰੇ ਪਹਿਲੂ ਹੁੰਦੇ ਹਨ ਵਿਚਾਰਨਯੋਗ। ਕੋਈ ਵੀ ਘਟਨਾ ਅਚਾਨਕ ਨਹੀਂ ਵਾਪਰਦੀ ਬਲਕਿ ਉਸ ਦੀ ਇਬਾਰਤ ਬਹੁਤ ਪਹਿਲਾਂ ਲਿਖੀ ਜਾਣ ਲੱਗ ਪੈਂਦੀ ਹੈ। ਖ਼ਾਲਸਾ ਸਾਜਣਾ ਦਿਵਸ ਤੋਂ ਕੁਝ ਵਕਤ ਪਹਿਲਾਂ ਪਟਿਆਲਾ ਵਿਖੇ ਨਿਹੰਗਾਂ ਅਤੇ ਪੁਲਿਸ ਵਿਚਾਲੇ ਵਾਪਰੇ ਮੰਦਭਾਗੇ ਅਤੇ ਨਿੰਦਣਯੋਗ ਘਟਨਾਕ੍ਰਮ ਦੇ ਕੁਝ ਕੁ ਪਹਿਲੂਆਂ ’ਤੇ ਨਿਰਪੱਖ ਰਹਿ ਕੇ ਵਿਚਾਰ ਕਰਦੇ ਹਾਂ।
ਹੁਣ ਉਹ ਜ਼ਮਾਨਾ ਨਹੀਂ ਰਿਹਾ ਕਿ ਕਿਸੇ ਹਾਦਸੇ ਦੇ ਗਵਾਹ ਸਿਰਫ਼ ਉਹੀ ਲੋਕ ਹੋਣ ਜੋ ਉਸ ਵਕਤ ਹਾਦਸੇ ਵਾਲੀ ਥਾਂ ’ਤੇ ਮੌਜੂਦ ਸਨ। ਹੁਣ ਤਾਂ ਹਾਦਸਾ ਵਾਪਰਨ ਤੋਂ ਬਾਅਦ ਮਿੰਟਾਂ ਵਿੱਚ ਦੁਨੀਆ ਭਰ ‘ਅੱਖੀਂ ਦੇਖੀ’ ਗਵਾਹ ਬਣ ਜਾਂਦੀ ਹੈ। ਕਈ ਹਾਦਸਿਆਂ ਦੇ ਦੁਨੀਆ ਤੱਕ ਪੁੱਜਣ ਵਿੱਚ ਹੋ ਸਕਦਾ ਦਸ-ਵੀਹ ਮਿੰਟ ਲੱਗ ਜਾਣ, ਨਹੀਂ ਤਾਂ ਜ਼ਿਆਦਾਤਰ ਦਾ ਤਾਂ ਹੁਣ ਸਿੱਧਾ ਪ੍ਰਸਾਰਨ ਹੀ ਚਲਦਾ ਹੁੰਦਾ। ਹੁਣ ਕੋਈ ਇਹ ਨਹੀਂ ਕਹਿ ਸਕਦਾ ਕਿ ਸੁਣੀ-ਸੁਣਾਈ ਗੱਲ ਹੈ, ਸਰਕਾਰ ਗ਼ਲਤ ਪੇਸ਼ ਕਰ ਰਹੀ ਹੈ ਜਾਂ ਫੇਰ ਮੀਡੀਆ ਮਸਾਲੇ ਲਾ ਰਿਹਾ ਹੈ। ਸਭ ਨੇ ਬਾਰ-ਬਾਰ ਇਹ ਹਾਦਸਾ ਵਾਪਰਦਾ ਦੇਖਿਆ ਹੋਣਾ ਹੈ। ਪਰ ਸਭ ਦੇ ਵਿਚਾਰ ਵੱਖੋ-ਵੱਖਰੇ ਹੋਣਗੇ। ਕੋਈ ਅੱਜ ਸੋਸ਼ਲ ਮੀਡੀਆ ’ਤੇ ਨਿਹੰਗ ਸਿੰਘਾਂ ਨੂੰ ਮਾੜਾ ਕਹਿ ਰਿਹਾ ਤੇ ਕੋਈ ਪੁਲਿਸ ਨੂੰ। ਭਾਵੇਂ ਹਮੇਸ਼ਾ ਹਮਦਰਦੀ ਦੀ ਬਹੁਤਾਤ ਪੀੜਤਾਂ ਨਾਲ ਵੱਧ ਹੁੰਦੀ ਹੈ ਪਰ ਜੇ ਜ਼ਮੀਨੀ ਪੱਧਰ ’ਤੇ ਆਮ ਲੋਕਾਂ ਦੀ ਆਵਾਜ਼ ਸੁਣੀ ਜਾਵੇ ਤਾਂ ਉਹ ਇਹ ਹੀ ਕਹਿ ਰਹੇ ਹਨ ਕਿ ਚੰਗੀ ਕੀਤੀ, ਐਵੇਂ ਹਰ ਇੱਕ ਨਿਹੱਥੇ ’ਤੇ ਡਾਂਗਾਂ ਵਰ੍ਹਾਉਂਦੇ ਫਿਰਦੇ ਸੀ। ਅੱਜ ਟੱਕਰਿਆ ਮੂਹਰੇ ਇਹਨਾਂ ਨੂੰ ਵੀ ਕੋਈ ਸਵਾ ਸੇਰ।
ਭਾਵੇਂ ਕਾਨੂੰਨੀ ਤੌਰ ’ਤੇ ਅਤੇ ਇਖ਼ਲਾਕੀ ਤੌਰ ’ਤੇ ਇਹ ਸਹੀ ਨਹੀਂ ਹੈ ਪਰ ਜਿਵੇਂ ਕਿ ਉੱਪਰ ਲਿਖਿਆ ਹੈ ਕਿ ਕਿਸੇ ਵੀ ਹਾਦਸੇ ਦੀ ਇਬਾਰਤ ਬਹੁਤ ਪਹਿਲਾਂ ਲਿਖਣੀ ਸ਼ੁਰੂ ਹੋ ਜਾਂਦੀ ਹੈ। ਪੰਜਾਬ ਪੁਲਿਸ ਨੇ ਜੋ ਡੰਡਾ ਪਿਛਲੇ ਕਈ ਦਿਨਾਂ ਤੋਂ ਆਮ ਲੋਕਾਂ ’ਤੇ ਫੇਰਿਆ ਸੀ, ਇਹ ਇਸ ਤਾਜ਼ਾ ਹਾਦਸੇ ਦੀ ਨੀਂਹ ਹੀ ਤਾਂ ਸੀ। ਇਸੇ ਦਾ ਦੂਜਾ ਪੱਖ ਇਹ ਵੀ ਹੈ ਕਿ ਜੇ ਕੋਈ ਕਾਨੂੰਨ ਦੀ ਪਾਲਣ ਕਰ ਲਵੇ ਤਾਂ ਪੁਲਿਸ ਡੰਡਾ ਘਰ ਵਿੱਚ ਬੈਠਿਆਂ ਉੱਤੇ ਤਾਂ ਫੇਰਨੋ ਰਹੀ।
ਇੱਕ ਹੋਰ ਪੱਖ ’ਤੇ ਵੀ ਗੱਲ ਕਰਨੀ ਬਣਦੀ ਹੈ। ਕਾਨੂੰਨ ਕੋਈ ਇਕੱਲੇ ਪੰਜਾਬ ਵਿੱਚ ਨਹੀਂ ਤੋੜੇ ਜਾਂਦੇ ਬਲਕਿ ਦੁਨੀਆ ਭਰ ਦੇ ਕਹਿੰਦੇ ਕਹਾਉਂਦੇ ਮੁਲਕਾਂ ਵਿੱਚ ਆਮ ਹੀ ਕਾਨੂੰਨ ਦੀਆਂ ਧੱਜੀਆਂ ਵੇਲੇ-ਕੁਵੇਲੇ ਉੱਡਦੀਆਂ ਅਸੀਂ ਸਭ ਹਰ ਰੋਜ਼ ਦੇਖਦੇ ਹਾਂ। ਉਦਾਹਰਨ ਦੇ ਤੌਰ ਉੱਤੇ ਅਮਰੀਕਾ ਨੂੰ ਲੈ ਲਵੋ, ਉੱਥੇ ਹਰ ਰੋਜ਼ ਗੋਲੀ ਚਲਦੀ ਹੈ, ਨਿਹੱਥੇ ਮਾਰੇ ਜਾਂਦੇ ਹਨ। ਆਸਟ੍ਰੇਲੀਆ ਵਿੱਚ ਹਰ ਰੋਜ਼ ਕੋਈ ਨਾ ਕੋਈ ਖ਼ਬਰ ਆਉਂਦੀ ਹੈ ਕਿ ਪੰਜਾਹ ਦੀ ਸਪੀਡ ਵਾਲੇ ਏਰੀਆ ਵਿੱਚ ਇੱਕ ਸੌ ਵੀਹ ’ਤੇ ਗੱਡੀ ਚਲਾਉਂਦੇ ਫੜੇ ਗਏ। ਬੱਸ ਫ਼ਰਕ ਇੰਨਾ ਕੁ ਹੈ ਕਿ ਇਹਨਾਂ ਮੁਲਕਾਂ ਦੀ ਪੁਲਿਸ ਫੋਰਸ ਦੀ ਸਿਖਲਾਈ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਇਹ ਲੋਕ ਸੱਪ ਵੀ ਮਾਰ ਲੈਂਦੇ ਹਨ ਤੇ ਸੋਟੀ ਵੀ ਬਚਾ ਲੈਂਦੇ ਹਨ।
ਹੁਣ ਤੁਸੀਂ ਕਹੋਗੇ ਕਿ ਪੰਜਾਬ ਪੁਲਿਸ ਦੀ ਵੀ ਬੜੀ ਸਖ਼ਤ ਟਰੇਨਿੰਗ ਹੁੰਦੀ ਹੈ। ਬਿਲਕੁਲ ਹੁੰਦੀ ਹੈ! ਪਰ ਉਸ ਟਰੇਨਿੰਗ ਦਾ ਪਾਲਣ ਉਦੋਂ ਤੱਕ ਕੀਤਾ ਜਾਂਦਾ ਹੈ ਜਦੋਂ ਤੱਕ ਮੁਲਾਜ਼ਮ ਪੱਕਾ ਹੋ ਕੇ ਤਨਖ਼ਾਹ ਨਹੀਂ ਲੈਣ ਲੱਗ ਜਾਂਦਾ। ਉਸ ਤੋਂ ਬਾਅਦ ਤਾਂ ਸਿਰਫ਼ ਗੋਗੜ ਹੀ ਵਧਾਉਣੀ ਹੁੰਦੀ ਹੈ। ਜਾਂ ਫੇਰ ਆਪਣੇ ਤੋਂ ਵੱਡਿਆਂ ਦੀ ਜੀ ਹਜ਼ੂਰੀ ਕਰਨੀ ਹੁੰਦੀ ਹੈ। ਮੈਂ ਤਾਂ ਨਹੀਂ ਦੇਖਿਆ ਕਿ ਉਹ ਕਦੇ ਅਚਾਨਕ ਪਈ ਬਿਪਤਾ ਲਈ ਤਿਆਰ ਹੁੰਦੇ ਹਨ।
ਤੁਸੀਂ ਜੇ ਕਦੇ ਇੱਕ ਆਸਟ੍ਰੇਲੀਆ ਦੇ ਪੁਲਿਸ ਵਾਲੇ ਨੂੰ ਤਿਆਰ ਹੁੰਦਾ ਦੇਖ ਲਵੋ ਤਾਂ ਹੈਰਾਨ ਰਹਿ ਜਾਵੋਗੇ। ਉਹ ਜਦੋਂ ਵੀ ਕਦੇ ਆਪਣੀ ਨੌਕਰੀ ਕਰਨ ਜਾਂਦੇ ਹਨ ਤਾਂ ਪਹਿਲਾਂ ਆਪਣਾ ਸਮਾਂ ਇਕੱਲਾ ਜੁੱਤੇ ਲਿਸ਼ਕਾਉਣ ਵਿੱਚ ਨਹੀਂ ਲਾਉਂਦੇ ਬਲਕਿ ਉਹ ਸਾਰਾ ਤੰਗੜ-ਪੱਟੀਆਂ ਕੱਸਦੇ ਹਨ, ਜਿਸ ਦੀ ਭਾਵੇਂ ਉਨ੍ਹਾਂ ਨੂੰ ਕਦੇ ਲੋੜ ਨਹੀਂ ਪਈ। ਪਰ ਫੇਰ ਵੀ ਉਨ੍ਹਾਂ ਨੂੰ ਹਦਾਇਤ ਹੁੰਦੀ ਹੈ ਕਿ ਯੋਧੇ ਨੂੰ ਪਤਾ ਨਹੀਂ ਕਦੋਂ ਜੰਗ ਦੇ ਮੈਦਾਨ ਵਿੱਚ ਕੁੱਦਣਾ ਪੈ ਜਾਵੇ, ਸੋ ਹਰ ਵੇਲੇ ਤਿਆਰ ਬਰ ਤਿਆਰ ਰਹੋ। ਉਨ੍ਹਾਂ ਨੂੰ ਇਸ ਸ਼ਬਦ ਦੇ ਮਾਅਨੇ ਦੱਸੇ ਜਾਂਦੇ ਹਨ ਕਿ ਸੂਰਾ ਉਹੀ ਹੈ ਜੋ ਸਮੇਂ ਦੀ ਨਜ਼ਾਕਤ ਨੂੰ ਸਮਝਦਾ ਹੋਇਆ ਤੁਰਤ-ਫੁਰਤ ਫੈਸਲਾ ਲਵੇ ਅਤੇ ਸਮਾਂ ਵਿਚਾਰੇ।
ਜੇਕਰ ਤਾਜ਼ਾ ਘਟਨਾਕ੍ਰਮ ਅਮਰੀਕਾ ਦੀ ਪੁਲਿਸ ਨਾਲ ਵਾਪਰਿਆ ਹੁੰਦਾ ਤਾਂ ਉਨ੍ਹਾਂ ਕਿਸੇ ਅਫਸਰ ਨੂੰ ਨਹੀਂ ਸੀ ਉਡੀਕਣਾ, ਉੱਥੇ ਹੀ ਗੋਲੀ ਮਾਰ ਕੇ ਢੇਰੀ ਕਰ ਦੇਣਾ ਸੀ। ਜੇ ਇਸ ਵਿੱਚ ਆਸਟ੍ਰੇਲੀਆ ਦੀ ਪੁਲਿਸ ਸ਼ਾਮਲ ਹੁੰਦੀ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸੁਰੱਖਿਅਤ ਕਰ ਕੇ ਵਕਤ ਵਿਚਾਰਨਾ ਸੀ ਤੇ ਨਾਕਾ ਤੋੜਨ ਵਾਲਿਆਂ ਦੀ ਸ਼ਨਾਖ਼ਤ ਕਰ ਕੇ ਬਾਅਦ ਵਿੱਚ ਇਹੋ ਜਿਹੀਆਂ ਧਾਰਾਵਾਂ ਵਿੱਚ ਫਸਾਉਣਾ ਸੀ ਕਿ ਨਾਕਾ ਤੋੜਨ ਦਾ ਪਛਤਾਵਾ ਉਨ੍ਹਾਂ ਨੂੰ ਸਾਰੀ ਉਮਰ ਭੋਗਣਾ ਪੈਣਾ ਸੀ।
ਆਸਟ੍ਰੇਲੀਆ ਦੀ ਪੁਲਿਸ ਕਦੇ ਉੱਚਾ ਨਹੀਂ ਬੋਲਦੀ, ਗਾਲ੍ਹਾਂ ਨਹੀਂ ਕੱਢਦੀ, ਜੀ ਹਜ਼ੂਰ! ਤੋਂ ਬਿਨਾਂ ਤੁਹਾਨੂੰ ਸੰਬੋਧਨ ਨਹੀਂ ਹੁੰਦੀ। ਸੜਕ ’ਤੇ ਰੋਕਣ ਸਾਰ ਪਹਿਲਾਂ ਤੁਹਾਡੇ ਤੋਂ ਮਾਫ਼ੀ ਮੰਗਦੀ ਹੈ। ਫੇਰ ਤੁਹਾਡਾ ਹਾਲ-ਚਾਲ ਪੁੱਛਦੀ ਹੈ। ਫੇਰ ਤੁਹਾਡਾ ਦਿਨ ਕਿੱਦਾਂ ਦਾ ਰਿਹਾ, ਇਹ ਜਾਣਦੀ ਹੈ। ਕੁਝ ਕੁ ਇੱਧਰਲੀਆਂ-ਉੱਧਰਲੀਆਂ ਗੱਲਾਂ ਮਾਰ ਕੇ ਫੇਰ ਤੁਹਾਨੂੰ ਪਿਆਰ ਨਾਲ ਕਾਰਨ ਪੁੱਛਦੀ ਹੈ ਕਿ ਭਾਈ, ਤੁਹਾਡੀ ਉਹ ਕਿਹੜੀ ਮਜਬੂਰੀ ਸੀ, ਜਿਸ ਕਰਕੇ ਤੁਸੀਂ ਅੱਸੀ ਦੀ ਰਫ਼ਤਾਰ ਵਾਲੇ ਇਲਾਕੇ ਵਿੱਚ ਸੌ ’ਤੇ ਜਾ ਰਹੇ ਸੀ? ਪੂਰੀ ਗੱਲ ਸੁਣਨ ਤੋਂ ਬਾਅਦ ਮਾਫ਼ੀ ਮੰਗਦੇ ਹੋਏ ਤੁਹਾਡਾ ਚਲਾਨ ਕੱਟ ਕੇ ਹੱਥ ਵਿੱਚ ਫੜਾ ਦਿੰਦੀ ਹੈ ਅਤੇ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਅਲਵਿਦਾ ਕਹਿ ਦਿੰਦੀ ਹੈ।
ਉਤਲੇ ਸਾਰੇ ਵਰਤਾਰੇ ਤੋਂ ਬਾਅਦ ਤੁਹਾਨੂੰ ਕੀ ਲਗਦਾ ਹੈ ਕਿ ਅਸੀਂ ਪੁਲਿਸ ਕੋਲੋਂ ਡਰਦੇ ਨਹੀਂ? ਨਹੀਂ, ਸਾਡੀ ਹਾਲਾਤ ਉਸ ਵਕਤ ਦੇਖਣੀ ਬਣਦੀ ਹੈ ਜਦੋਂ ਕੋਈ ਪੁਲਿਸ ਦੀ ਗੱਡੀ ਸਾਨੂੰ ਰੋਕ ਲੈਂਦੀ ਹੈ ਤਾਂ ਇੰਨੀ ਇੱਜ਼ਤ ਕਰਦੇ ਪੁਲਿਸ ਅਫਸਰ ਨੂੰ ਦੇਖ ਕੇ ਦਿਲ ਪਾਟਣ ਨੂੰ ਜਾਂਦਾ ਹੈ। ਉਦੋਂ ਪਤਾ ਲੱਗਦਾ ਜਦੋਂ ਪੰਜ-ਚਾਰ ਸੌ ਡਾਲਰ ਦਾ ਜੁਰਮਾਨਾ ਤੇ ਲਾਇਸੈਂਸ ਦੇ ਤਿੰਨ-ਚਾਰ ਪੁਆਇੰਟ ਉੱਡ ਜਾਂਦੇ ਹਨ। ਇਹ ਸਭ ਨੂੰ ਪਤਾ ਕਿ ਇੱਥੇ ਲਾਇਸੈਂਸ ਤੋਂ ਬਿਨਾਂ ਬੰਦਾ ਕੱਖਾਂ ਤੋਂ ਵੀ ਹੌਲਾ ਹੋ ਕੇ ਰਹਿ ਜਾਂਦਾ ਹੈ। ਇੰਨੇ ਪਿਆਰੇ ਵਰਤਾਰੇ ਤੋਂ ਬਾਅਦ ਬੰਦਾ ਆਪਣੀਆਂ ਪੁਸ਼ਤਾਂ ਨੂੰ ਵੀ ਦੱਸ ਕੇ ਜਾਂਦਾ ਹੈ ਕਿ ਭਾਈ ਗੱਡੀ ਚਲਾਉਂਦੇ ਸਮੇਂ ਗ਼ਲਤੀ ਨਾ ਕਰਿਓ।
ਦੂਜੇ ਪਾਸੇ ਮਾਂ-ਭੈਣ ਇੱਕ ਕਰਦੀ ਪੰਜਾਬ ਪੁਲਿਸ ਲਗਭਗ ਆਪਣਾ ਰੋਹਬ ਜਨਤਾ ਵਿੱਚੋਂ ਗਵਾ ਚੁੱਕੀ ਹੈ। ਹਰ ਦੂਜੇ ਦਿਨ ਇਹੋ ਜਿਹੀਆਂ ਵੀਡੀਓ ਆਉਂਦੀਆਂ ਹਨ ਜਿਸ ਵਿੱਚ ਪੁਲਸ ਦੀ ਵਧੀਕੀ ਅਕਸਰ ਦੇਖਣ ਨੂੰ ਮਿਲਦੀ ਹੈ ਜੋ ਕਿ ਇੱਕ ਚੰਗੇ ਰਾਜ ਲਈ ਬਹੁਤ ਹੀ ਮੰਦਭਾਗੀ ਗੱਲ ਹੈ।
ਇੱਥੇ ਇਕੱਲੇ ਪੁਲਿਸ ਵਾਲਿਆਂ ਦਾ ਹੀ ਸਾਰਾ ਕਸੂਰ ਨਹੀਂ, ਸਰਕਾਰਾਂ ਦਾ ਉਸ ਤੋਂ ਵੀ ਜ਼ਿਆਦਾ ਹੈ। ਸਰਕਾਰਾਂ ਅਕਸਰ ਪੁਲਿਸ ਨੂੰ ਆਪਣੇ ਫ਼ਾਇਦਿਆਂ ਲਈ ਵਰਤਦੀਆਂ ਹਨ। ਇਹ ਵੀ ਸੱਚ ਹੈ ਕਿ ਵੱਡੇ ਪੁਲਿਸ ਅਫਸਰ ਸਰਕਾਰੇ-ਦਰਬਾਰੇ ਆਪਣੀ ਪੈਂਠ ਬਣਾਉਣ ਲਈ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਹਨ। ਵੱਡੀਆਂ ਪੋਸਟਾਂ ਵਿਕਦੀਆਂ ਹਨ। ਪਰ ਸਾਡੀ ਹਮਦਰਦੀ ਵਰਦੀ ਦੇ ਪਿੱਛੇ ਉਸ ਇਨਸਾਨ ਨਾਲ ਵੀ ਹੈ ਜਿਸਦਾ ਪਰਿਵਾਰ ਉਸ ਉੱਤੇ ਨਿਰਭਰ ਹੈ।
ਕੁਝ ਕੁ ਸਾਲਾਂ ਦੀ ਗੱਲ ਹੈ, ਐਡੀਲੇਡ ਵਿੱਚ ਇੱਕ ਪੰਜਾਬੀ ਟੈਕਸੀ ਚਾਲਕ ਨਾਲ ਇਕ ਸਵਾਰੀ ਨੇ ਬੁਰਾ ਸਲੂਕ ਕੀਤਾ। ਅਸੀਂ ਪੁਲਿਸ ਵਿੱਚ ਸ਼ਿਕਾਇਤ ਕੀਤੀ ਪਰ ਸਾਨੂੰ ਲੱਗਿਆ ਕਿ ਪੁਲਿਸ ਵਲੋਂ ਸਹੀ ਕਦਮ ਨਹੀਂ ਚੁੱਕੇ ਗਏ। ਅਸੀਂ ਇੰਡੀਆ ਵਾਲਾ ਪੱਤਾ ਖੇਡਿਆ। ਸਿੱਧੀ ਪੁਲਿਸ ਦੇ ਮੰਤਰੀ ਨਾਲ ਜਾ ਮੁਲਾਕਾਤ ਕੀਤੀ। ਸਾਨੂੰ ਲੱਗਿਆ ਕਿ ਹੁਣ ਤਾਂ ਬੱਸ ਪੁਲਿਸ ਵਾਲਾ ਗਧੀ-ਗੇੜ ਪਿਆ ਸਮਝੋ। ਪਰ ਮੰਤਰੀ ਜੀ ਪੂਰੀ ਗੱਲ ਸੁਣ ਕੇ ਕਹਿੰਦੇ, “ਚਲੋ ਆਪਾਂ ਥਾਣੇ ਵਿੱਚ ਜਾ ਕੇ ਉਸ ਸਿਪਾਹੀ ਨੂੰ ਪੁੱਛਦੇ ਹਾਂ ਕਿ ਅਸਲ ਵਿੱਚ ਕੀ ਗੱਲ ਹੈ।”
ਅਸੀਂ ਕਿਹਾ ਕਿ ਤੁਸੀਂ ਪੁਲਿਸ ਕਮਿਸ਼ਨਰ ਨੂੰ ਤਲਬ ਕਰੋ। ਉਹ ਕਹਿੰਦੇ, ਉਸ ਨਾਲ ਕੀ ਕੰਮ ਆ ਤੁਹਾਨੂੰ? ਜਿਹੜੇ ਸਿਪਾਹੀ ਕੋਲ ਕੇਸ ਹੈ, ਉਸ ਕੋਲ ਚੱਲਦੇ ਹਾਂ। ਸਾਡੇ ਨਾਲ ਗਿਆ ਮੰਤਰੀ ਸਾਨੂੰ ਪਿੰਡ ਦੇ ਮੈਂਬਰ ਵਾਂਗ ਜਾਪੇ। ਜਾ ਕੇ ਜਦੋਂ ਅਸੀਂ ਉਸ ਸਿਪਾਹੀ ਨੂੰ ਮਿਲਣ ਦਾ ਵਕਤ ਮੰਗਿਆ ਤਾਂ ਮੂਹਰੇ ਉੱਥੇ ਬੈਠੀ ਬੀਬੀ ਕਹਿੰਦੀ ਉਹ ਤਾਂ ਅਗਲੇ ਹਫ਼ਤੇ ਤੱਕ ਵਿਅਸਤ ਹਨ। ਮੰਤਰੀ ਜੀ ਧੰਨਵਾਦ ਕਰ ਕੇ ਸਾਡੇ ਨਾਲ ਬਾਹਰ ਆ ਗਏ ਤੇ ਕਹਿੰਦੇ ਅਗਲੇ ਹਫ਼ਤੇ ਦਾ ਸਮਾਂ ਲੈ ਲਵੋ, ਫੇਰ ਮਿਲਾਂਗੇ। ਸਾਨੂੰ ਸਮਝ ਨਾ ਆਵੇ ਕਿ ਸਿਪਾਹੀ ਵੱਡਾ ਜਾਂ ਮੰਤਰੀ? ਇੱਥੇ ਇਹ ਘਟਨਾ ਸੁਣਾਉਣ ਦਾ ਮਕਸਦ ਤੁਸੀਂ ਸਮਝ ਹੀ ਗਏ ਹੋਵੋਗੇ ...।
ਹੁਣ ਮੁੱਦੇ ’ਤੇ ਆਉਂਦੇ ਹਾਂ। ਇਸ ਵਾਪਰੇ ਹਾਦਸੇ ਵਿੱਚ ਜਦੋਂ ਇੱਕ ਗੱਡੀ, ਜਿਸ ਵਿੱਚ ਸੱਤ ਸ਼ਸਤਰਧਾਰੀ ਨਿਹੰਗ ਬੈਠੇ ਹਨ ਤੇ ਜੋ ਪੁਲਿਸ ਦੀ ਹਾਜ਼ਰੀ ਵਿੱਚ ਨਾਕਾ ਤੋੜਨ ਦੀ ਜੁਰਅਤ ਕਰ ਰਹੇ ਹਨ, ਉਨ੍ਹਾਂ ਨੂੰ ਡੰਡਿਆਂ ਨਾਲ ਰੋਕਣਾ ਕੀ ਪੁਲਿਸ ਦਾ ਸਹੀ ਕਦਮ ਸੀ? ਪਹਿਲੀ ਗੱਲ, ਦੁਨੀਆ ਵਿੱਚ ਬਹੁਤ ਘੱਟ ਮੁਲਕ ਰਹਿ ਗਏ ਹੁਣ ਜਿਸ ਦੀ ਪੁਲਿਸ ਕੋਲ ਡੰਡੇ ਰੂਪੀ ਹਥਿਆਰ ਹਨ। ਦੂਜੀ ਗੱਲ, ਜਿਹੜਾ ਅਸਲਾ ਉਨ੍ਹਾਂ ਕੋਲ ਹੈ ਸੀ, ਉਹ ਉਸ ਨੂੰ ਚਲਾਉਣ ਦਾ ਹੱਕ ਨਹੀਂ ਰੱਖਦੇ। ਤੀਜੀ ਗੱਲ, ਉਹ ਸਰੀਰਕ ਪੱਖੋਂ ਨਾ ਹੋਇਆਂ ਵਰਗੇ ਜਿਹਨਾਂ ਨੂੰ ਪੁਲਿਸ ‘ਬੱਲ’ ਕਹਿਣਾ ਵੀ ਦਰੁਸਤ ਨਹੀਂ ਹੈ। ਚੌਥੀ ਗੱਲ, ਸੱਪ ਲੰਘਣ ਤੋਂ ਬਾਅਦ ਹੁਣ ਪੁਲਿਸ ਨੂੰ ਲੱਖਾਂ ਰੁਪਏ ਅਤੇ ਨਸ਼ੇ ਲੱਭ ਗਏ, ਆਪਣੇ ਹੀ ਨੱਕ ਥੱਲਿਓਂ। ਪਰ ਇਹ ਨਿਹੰਗ ਤਾਂ ਬਹੁਤ ਪਹਿਲਾਂ ਤੋਂ ਉੱਥੇ ਵਿਚਰ ਰਹੇ ਸਨ!
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2061)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)