“ਅਸੀਂ ਛੱਤ ’ਤੇ ਚੜ੍ਹਕੇ ਐਂਟੀਨੇ ਹਿਲਾ-ਹਿਲਾ, ਘੁਮਾ-ਘੁਮਾ ਕੇ ਟੀਵੀ ਸਕਰੀਨ ’ਤੇ ਹਿੱਲਦੀਆਂ ਤਸਵੀਰਾਂ ...”
(30 ਨਵੰਬਰ 2025)
ਕਦੇ-ਕਦੇ ਮੈਂ ਸੋਚਦਾ ਹਾਂ ਸ਼ਾਇਦ ਅਸੀਂ ਉਸ ਆਖ਼ਰੀ ਪੀੜ੍ਹੀ ਦੇ ਲੋਕ ਹਾਂ ਜਿਨ੍ਹਾਂ ਦੀ ਸਾਂਝੇ ਪਰਿਵਾਰ ਵਿੱਚ ਪਰਵਰਿਸ਼ ਹੋਈ। ਸਾਨੂੰ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਆਪਣੇ ਦਾਦਾ-ਦਾਦੀ, ਨਾਨਾ-ਨਾਨੀ, ਮਾਮਾ-ਮਾਮੀ, ਤਾਏ-ਤਾਈ, ਚਾਚੇ-ਚਾਚੀ ਅਤੇ ਭੂਆ-ਮਾਸੀ ਦਾ ਪੂਰਾ ਪਿਆਰ ਮਿਲਿਆ। ਅਸੀਂ ਹਾਂ ਜਿਨ੍ਹਾਂ ਨੇ ਦਾਦਕੇ-ਨਾਨਕੇ ਛੁੱਟੀਆਂ ਕੱਟੀਆਂ ਅਤੇ ਬਚਪਨ ਵਿੱਚ ਆਪਣੇ ਬਜ਼ੁਰਗਾਂ ਤੋਂ ਰਾਜੇ-ਰਾਣੀਆਂ, ਭੂਤਾਂ-ਪ੍ਰੇਤਾਂ ਦੀਆਂ ਕਹਾਣੀਆਂ ਸੁਣੀਆਂ। ਅਸੀਂ ਹਾਂ ਜਿਹੜੇ ਮਾਣੋ ਬਿੱਲੀ ਆਉਣ ਦੇ ਡਰੋਂ ਦੜ ਵੱਟ ਕੇ ਸੌਂ ਜਾਣ ਦਾ ਨਾਟਕ ਕਰਦੇ ਰਹੇ। ਪਿੰਡ ਦੇ ਸਕੂਲ ਵਿੱਚ ਦਾਖਲੇ ਸਮੇਂ ਸਾਡਾ ਕੋਈ ਜਨਮ ਪ੍ਰਮਾਣ ਪੱਤਰ ਨਾ ਹੋਣ ਕਰਕੇ ਕਿਸੇ ਰਿਸ਼ਤੇਦਾਰ ਦੇ ਬੱਚਿਆਂ ਦੇ ਜਨਮ ਦੇ ਹਿਸਾਬ ਨਾਲ ਅੰਦਾਜ਼ਾ ਲਾ ਕੇ ਸਾਡੀ ਜਨਮ ਤਰੀਕ ਦਰਜ਼ ਕਰਾ ਦਿੱਤੀ ਗਈ। ਪਹਿਲੇ ਦਿਨ ਮਾਸਟਰ ਜੀ ਤੋਂ, “ਲਟ-ਪਟ ਪੰਛੀ ਚਤਰ ਸੁਜਾਨ, ਸਭ ਕਾ ਦਾਤਾ ਸ਼੍ਰੀ ਭਗਵਾਨ?” ਦਾ ਬੀਜ ਮੰਤਰ ਯਾਦ ਕਰਕੇ ਆਪਣੀ ਪੜ੍ਹਾਈ ਦਾ ਸ਼੍ਰੀਗਣੇਸ਼ ਕੀਤਾ।
ਅਸੀਂ ਪੁਰਾਣੇ ਕੱਪੜਿਆਂ ਤੋਂ ਤਿਆਰ ਕੀਤੇ ਥੈਲਿਆਂ ਵਿੱਚ ਕਿਤਾਬਾਂ ਰੱਖ ਕੇ ਹੱਥ ਵਿੱਚ ਫੱਟੀ ਅਤੇ ਬੈਠਣ ਲਈ ਤੱਪੜ ਲੈ ਕੇ ਸਕੂਲੇ ਜਾਂਦੇ ਰਹੇ। ਅਸੀਂ ਸਕੂਲ ਦੇ ਚੁਬੱਚੇ ਜਾਂ ਨੇੜਲੀ ਛੱਪੜੀ ’ਤੇ ਫੱਟੀਆਂ ਧੋਤੀਆਂ। ਪੀਲੀ ਗਾਚਨੀ ਨਾਲ ਫੱਟੀ ਲਿਤਪ ਕੇ, ਉਸਨੂੰ ਹਵਾ ਵਿੱਚ ਘੁਮਾਉਂਦਿਆਂ “ਸੂਰਜਾ ਸੂਰਜਾ ਫੱਟੀ ਸੁਕਾ, ਸਾਡੀ ਕੋਠੀ ਦਾਣੇ ਪਾ?” ਦੀ ਮੁਹਾਰਨੀ ਪੜ੍ਹੀ। ਅਸੀਂ ਕੱਚ ਜਾਂ ਲੋਹੇ ਦੀ ਦਵਾਤ ਵਿੱਚ ਆਪ ਘਰ ਤਿਆਰ ਕੀਤੀ ਸਿਆਹੀ ਵਿੱਚ ਕਾਨੇ ਦੀਆਂ ਕਲਮਾਂ ਡੋਬ ਕੇ ਫੱਟੀਆਂ ਅਤੇ ਕਾਪੀਆਂ ਉੱਤੇ ਖੁਸ਼ਖ਼ਤ ਇਬਾਰਤਾਂ ਲਿਖੀਆਂ। ਅਸੀਂ ਮਿੱਟੀ ਜਾਂ ਰੇਤ ਉੱਤੇ ਉਂਗਲਾਂ ਨਾਲ ਊੜਾ ਐੜਾ ਈੜੀ ਲਿਖਣਾ ਸਿੱਖਿਆ। ਸਲੇਟੀ ਨਾਲ ਸਲੇਟ ਉੱਤੇ ਗਣਿਤ ਦੇ ਸਵਾਲ ਹੱਲ ਕਰਨੇ ਸਿੱਖੇ। ਸਾਨੂੰ ਅੱਧੇ, ਪੌਣੇ, ਡਿਉੜੇ, ਢਾਹੇ ਆਦਿ ਦੇ ਪਹਾੜੇ ਗਾ ਕੇ ਸਿੱਖਾਏ ਗਏ ਅਤੇ ਕਾਪੀਆਂ ਦੀ ਅਣਹੋਂਦ ਵਿੱਚ ਰਫ ਕੰਮ ਵੀ ਸਲੇਟੀ ਨਾਲ ਸਲੇਟਾਂ ’ਤੇ ਕੀਤੇ ਅਤੇ ਪੋਟੇ ਜ਼ਖ਼ਮੀ ਕੀਤੇ। ਗਾਚਣੀ ਅਤੇ ਸਲੇਟੀਆਂ ਖਾਣ ਦੀ ਆਦਤ ਕਰਕੇ ਘਰਦਿਆਂ ਤੋਂ ਮਾਰ ਵੀ ਖਾਧੀ। ਜਦੋਂ ਕਿਸੇ ਸਾਥੀ ਨਾਲ ਲੜਾਈ ਹੋਈ ਤਾਂ ਹਥਲੀਆਂ ਫੱਟੀਆਂ ਹੀ ਸਾਡਾ ਪ੍ਰਮੁੱਖ ਹਥਿਆਰ ਬਣੀਆਂ। ਅਸੀਂ ਗੁੱਲੀ-ਡੰਡਾ, ਪਿੱਠੂ, ਬੰਟੇ, ਲੁਕਣ-ਮੀਟੀ, ਸਟਾਪੂ-ਸਮੁੰਦਰ, ਕੋਟਲਾ-ਛਪਾਕੀ ਅਤੇ ਭੰਡਾ-ਭੰਡਾਰੀਆਂ ਲੋਕ ਖੇਡਾਂ ਖੇਡ ਕੇ ਆਪਣਾ ਮਨ-ਪਰਚਾਵਾ ਕੀਤਾ। ਅਸੀਂ ਬਚਪਨ ਵਿੱਚ ਵਿਦਾ ਹੁੰਦੀ ਡੋਲੀ ਜਾਂ ਕਿਸੇ ਘੋੜ-ਚੜ੍ਹੀ ਦੌਰਾਨ ਉੱਤੋਂ ਦੀ ਕੀਤੇ ਵਾਰਨੇ ਦੀਆਂ ਪੰਜੀਆਂ-ਦਸੀਆਂ ਚੁੱਕ ਕੇ ਆਪਣਾ ਜੇਬ-ਖਰਚ ਇਕੱਠਾ ਕਰਕੇ ਆਪਣੇ ਸਾਥੀਆਂ ਉੱਤੇ ਰੋਬ ਪਾਉਂਦੇ ਰਹੇ। ਅਸੀਂ ਹਾਂ ਜਿਨ੍ਹਾਂ ਨੇ ਘਰ ਦੇ ਦੁੱਧ, ਦਹੀਂ, ਲੱਸੀ, ਮੱਖਣ ਅਤੇ ਘਿਉ ਨੂੰ ਮਿਲ਼ੇ ਨਾਲੋਂ ਵੱਧ ਚੋਰੀ ਖਾਧਾ।
ਅਸੀਂ ਹਾਂ ਜਿਨ੍ਹਾਂ ਨੇ ਕਿਤਾਬਾਂ-ਕਾਪੀਆਂ ਵਿੱਚ ਲੁਕੋ ਕੇ ਪ੍ਰੇਮ-ਪੱਤਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਆਪਣਾ ਦੋਸਤ ਪਿਆਰਾ ਦੂਰ ਹੋਣ ’ਤੇ ਸ਼ਾਇਦ ਡਾਕੀਏ ਦੀ ਸਭ ਤੋਂ ਵੱਧ ਉਡੀਕ ਕੀਤੀ। ਸਹੀ ਹੱਥਾਂ ਵਿੱਚ ਆਪਣਾ ਖ਼ਤ ਸਹੀ-ਸਲਾਮਤ ਪੁਚਾਉਣ ਲਈ ਡਾਕੀਏ ਦੀ ਮੁੱਠੀ ਵੀ ਗਰਮ ਕੀਤੀ। ਲਾਲ ਰੰਗੇ ਲੈਟਰ ਬਾਕਸ ਵਿੱਚ ਚਿੱਠੀ ਪਾਉਂਦਿਆਂ ਸਾਰ ਹੀ ਜਵਾਬ ਦੀ ਉਡੀਕ ਸ਼ੁਰੂ ਕੀਤੀ ਅਤੇ ਕਲਪਨਾ ਕਰਦੇ ਕਿੰਨੇ ਦਿਨਾਂ ਬਾਅਦ ਇਸਦਾ ਮੋੜਵਾਂ ਜਵਾਬ ਆਵੇਗਾ। ਕਿਸੇ ਅਨਮੋਲ ਖ਼ਜਾਨੇ ਵਾਂਗ ਲੁਕੋ-ਲੁਕੋ ਰੱਖੇ ਉਨ੍ਹਾਂ ਜਵਾਬੀ ਖ਼ਤਾਂ ਨੂੰ ਇੰਨੀ ਵਾਰ ਪੜ੍ਹਨਾ ਕਿ ਉਸਦਾ ਅੱਖਰ-ਅੱਖਰ ਚੇਤੇ ਹੋ ਜਾਂਦਾ। ਉਨ੍ਹਾਂ ਖ਼ਤਾਂ ਨੂੰ ਬਾਲ-ਬੱਚੇਦਾਰ ਹੋ ਕੇ ਵੀ ਸਾੜਨ ਦਾ ਹੌਸਲਾ ਨਾ ਹੋਇਆ। ਉਨ੍ਹਾਂ ਨੂੰ ਮ੍ਰਿਤ ਮੁਹੱਬਤ ਦੀਆਂ ਅਸਥੀਆਂ ਵਾਂਗ ਵਗਦੇ ਪਾਣੀ ਵਿੱਚ ਵਹਾ ਆਉਂਦੇ ਅਤੇ ਰਹਿਬਰ ਸਾਹਿਬ ਦੀ ਲਿਖੀ ਅਤੇ ਜਗਜੀਤ ਸਿੰਘ ਵੱਲੋਂ ਗਾਈ ਗ਼ਜ਼ਲ, “ਤੇਰੇ ਖ਼ੁਸ਼ਬੂ ਮੇਂ ਵਸੇ ਖ਼ਤ ਜਲਾਤਾ ਕੈਸੇ…?” ਅੱਖਾਂ ਵਿੱਚ ਨਮੀ ਅਤੇ ਭਰੜਾਏ ਗਲੇ ਨਾਲ ਗੁਣਗੁਣਾਉਂਦੇ ਰਹਿੰਦੇ।
ਅਸੀਂ ਆਲ ਇੰਡੀਆ ਰੇਡੀਓ ਦੀ ਉਰਦੂ ਸਰਵਿਸ ’ਤੇ ਸਵੇਰੇ “ਸ਼ਮ-ਏ-ਫਰੋਜ਼ਾਂ” ਤੋਂ ਲੈ ਕੇ ਦੇਰ ਰਾਤ ਤਕ “ਤਾਮੀਲੇ-ਇਰਸ਼ਾਦ” ਜਿਹੇ ਪਰੋਗ੍ਰਾਮਾਂ ਰਾਹੀਂ ਆਪਣੇ ਪਸੰਦੀਦਾ ਫਿਲਮੀ/ਗ਼ੈਰ ਫਿਲਮੀ ਗੀਤਾਂ ਦੀ ਉਡੀਕ ਕਰਦੇ ਰਹੇ। ਅਮੀਨ ਸਿਆਨੀ ਦੀ ਪੁਰਕਸ਼ਿਸ਼ ਆਵਾਜ਼ ਵਿੱਚ ਬਿਨਾਕਾ ਗੀਤਮਾਲਾ ਰਾਹੀਂ ਉਸ ਹਫਤੇ ਦੇ ਸੁਪਰ ਹਿੱਟ ਗੀਤ ਨੂੰ ਸੁਣਨ ਲਈ ਉਤਾਵਲੇ ਹੁੰਦੇ ਰਹੇ। ਦੂਰ-ਦੁਰੇਡੇ ਕਿਸੇ ਇਕਲੌਤੇ ਘਰ ਦੇ ਬਲੈਕ ਐਂਡ ਵਾਈਟ ਟੀ.ਵੀ ’ਤੇ ਚਿੱਤਰਹਾਰ ਅਤੇ ਕ੍ਰਿਕੇਟ ਦਾ ਟੈੱਸਟ ਮੈਚ ਦੇਖਣ ਲਈ ਜਾਂਦੇ ਰਹੇ। ਅਸੀਂ ਛੱਤ ’ਤੇ ਚੜ੍ਹਕੇ ਐਂਟੀਨੇ ਹਿਲਾ-ਹਿਲਾ, ਘੁਮਾ-ਘੁਮਾ ਕੇ ਟੀਵੀ ਸਕਰੀਨ ’ਤੇ ਹਿੱਲਦੀਆਂ ਤਸਵੀਰਾਂ ਅਤੇ ਗੁਆਚੀ ਆਵਾਜ਼ ਠੀਕ ਕਰਦੇ ਰਹੇ। ਅਸੀਂ ਕਿਸੇ ਵਿਆਹ ਵਾਲੇ ਘਰ ਛੱਤ ’ਤੇ ਮੰਜੇ ਜੋੜ ਕੇ ਰੱਖੇ ਸਪੀਕਰਾਂ ਰਾਹੀਂ ਤਵਿਆਂ ਵਾਲੇ ਵਾਜੇ ਉੱਤੇ ਪੁਰਾਣੇ ਗੀਤਾਂ ਨੂੰ ਸੁਣਿਆ, ਮਾਣਿਆ। ਅਸੀਂ ਭਾਫ ਵਾਲੇ ਕਾਲੇ ਇੰਜਣ ਨੂੰ ਪਟੜੀ ’ਤੇ ਦੌੜਦਿਆਂ ਦੇਖਿਆ। ਅਸੀਂ ਬਿਰਹਾ ਦੇ ਸੁਲਤਾਨ ਸ਼ਿਵ ਨੂੰ ਪੂਰੇ ਸਰੂਰ ਵਿੱਚ ਮੰਚ ’ਤੇ “ਕੀ ਪੁੱਛਦੇ ਓ ਹਾਲ ਫਕੀਰਾਂ ਦਾ, ਸਾਡਾ ਨਦੀਓਂ ਵਿੱਛੜੇ ਨੀਰਾਂ ਦਾ …?” ਹੇਕ ਲਾ ਕੇ ਗੀਤ ਗਾਉਂਦੇ ਦੇਖਿਆ।
ਅਸੀਂ ਹੀ ਉਹ ਲੋਕ ਹਾਂ ਜਿਨ੍ਹਾਂ ਨੇ ਆਪਣੇ ਮਾਂ-ਪਿਉ ਦੇ ਮੋਢਿਆਂ ’ਤੇ ਬੈਠ ਕੇ ਬਜ਼ਾਰ ਅਤੇ ਮੇਲਿਆਂ ਦਾ ਅਨੰਦ ਮਾਣਿਆ ਅਤੇ ਰਾਮ ਲੀਲਾ ਮੈਦਾਨ ਵਿੱਚ ਲੋਕਾਂ ਦੀ ਅਣਮੁੱਕ ਭੀੜ ਵਿੱਚੋਂ ਰਾਵਣ, ਮੇਘਨਾਦ ਅਤੇ ਕੁੰਭਕਰਣ ਦੇ ਸੜਦੇ ਪੁਤਲੇ ਦੇਖੇ। ਅਸੀਂ ਰਾਤਾਂ ਨੂੰ ਖੁੱਲ੍ਹੇ ਵਿਹੜੇ ਜਾਂ ਛੱਤ ’ਤੇ ਮੱਛਰਦਾਨੀਆਂ ਲਾ ਕੇ ਸੌਂਦੇ ਰਹੇ। ਅਸੀਂ ਸਾਈਕਲ ਦੇ ਡੰਡੇ ’ਤੇ ਤੌਲੀਆ ਲਪੇਟੇ ਹੋਏ ਅਤੇ ਮਾਂ ਨੂੰ ਕੈਰੀਅਰ ’ਤੇ ਬਿਠਾ ਕੇ ਕਿਸੇ ਸਰਕਸ ਦੇ ਹੰਢੇ ਹੋਏ ਕਲਾਕਾਰ ਵਾਂਗ ਸਾਈਕਲ ਚਲਾਉਂਦੇ ਪਿਤਾ ਨਾਲ “ਵਿੱਦ ਫੈਮਲੀ” ਹਵਾਈ ਸਫਰ ਕੀਤਾ। ਅਸੀਂ ਹਾਂ ਜਿਨ੍ਹਾਂ ਨੇ ਪਹਿਲੋਂ ਕੈਂਚੀ ਚਲਾ ਕੇ ਤੇ ਮਗਰੋਂ ਲੱਤ ਘੁਮਾ ਕੇ ਕਾਠੀ ’ਤੇ ਬੈਠ ਕੇ ਸਾਈਕਲ ਚਲਾਉਣਾ ਸਿੱਖਿਆ। ਸਾਥੀਆਂ ਨੂੰ ਅੱਗੇ ਪਿੱਛੇ ਬਿਠਾ ਕੇ ਖੂਬ ਆਵਾਰਾਗਰਦੀ ਕੀਤੀ। ਅਸੀਂ ਹਾਂ ਜਿਨ੍ਹਾਂ ਨੇ ਹਲਟ ਦੀ ਮਾਹਲ ਵਿੱਚੋਂ ਚੁਬੱਚੇ ਵਿੱਚ ਡਿਗਦੀ ਠੰਢੇ ਪਾਣੀ ਦੀ ਧਾਰ ਹੇਠ ਨਹਾਉਣ ਦਾ ਅਨੰਦ ਲਿਆ; ਜਿਨ੍ਹਾਂ ਨੇ ਆਪਣੇ ਬਾਪ-ਦਾਦੇ ਨੂੰ ਖੇਤਾਂ ਵਿੱਚ ਬੌਲਦਾਂ ਨਾਲ ਸਿਆੜ ਕੱਢਦਿਆਂ ਦੇਖਿਆ। ਸੁਹਾਗਾ ਝੂਟਣ ਦਾ ਅਨੰਦ ਲਿਆ। ਫਲਾਹ ਘੁਮਾ ਕੇ ਪੱਕੀ ਕਣਕ ਨੂੰ ਗਾਹੁੰਦਿਆਂ ਅਤੇ ਛੱਜ ਨਾਲ ਹਵਾ ਵਿੱਚ ਉਡਾ ਕੇ ਤੂੜੀ ਅਤੇ ਦਾਣਿਆਂ ਨੂੰ ਵੱਖ ਕਰਦਿਆਂ ਦੇਖਿਆ। ਅਸੀਂ ਹਾਂ ਜਿਨ੍ਹਾਂ ਨੇ ਬਰਸਾਤਾਂ ਦੀ ਝੜੀ ਵਿੱਚ ਦਾਦੀ-ਮਾਂ ਹੱਥੋਂ ਬਣੇ ਪੂੜਿਆਂ ਅਤੇ ਪਕੌੜਿਆਂ ਦਾ ਸਵਾਦ ਮਾਣਿਆ। ਵਗਦੇ ਪਾਣੀ ਵਿੱਚ ਕਾਗ਼ਜ਼ ਦੀਆਂ ਕਿਸ਼ਤੀਆਂ ਚਲਾਈਆਂ।
ਅਸੀਂ ਹਾਂ ਜਿਨ੍ਹਾਂ ਨੇ ਨਾਨਕ ਸਿੰਘ ਅਤੇ ਗੁਲਸ਼ਨ ਨੰਦਾ ਦੇ ਨਾਵਲ ਕਿਰਾਏ ’ਤੇ ਲੈ ਕੇ ਕਿਸੇ ਵਰਜਿਤ ਪੁਸਤਕ ਵਾਂਗ ਸਿਲੇਬਸ ਦੀਆਂ ਕਿਤਾਬਾਂ ਹੇਠ ਲੁਕੋ-ਲੁਕੋ ਕੇ ਪੜ੍ਹੇ ਅਤੇ ਆਪ ਵੀ ਕੱਚੇ-ਪੱਕੇ ਅਫਸਾਨੇ ਲਿਖਣ ਅਤੇ ਤੁਕਬੰਦੀ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਹੀ ਸ਼ਾਇਦ ਆਖ਼ਰੀ ਪੀੜ੍ਹੀ ਦੇ ਲੋਕ ਹੋਵਾਂਗੇ ਜਿਹੜੇ ਬਜ਼ਾਰ ਤੋਂ ਖਰੀਦ ਕੇ ਜਾਂ ਲਾਇਬਰੇਰੀ ਤੋਂ ਜਾਰੀ ਕਰਵਾ ਕੇ ਪੁਸਤਕਾਂ ਪੜ੍ਹਦੇ ਰਹੇ। ਅਸੀਂ ਹਾਂ ਜਿਨ੍ਹਾਂ ਨੇ ਆਪਣੇ ਚਹੇਤਿਆਂ ਨੂੰ ਪ੍ਰਪੋਜ਼ ਕਰਨ ਲਈ ਸਾਲਾਂ ਬੱਧੀ ਉਡੀਕ ਕੀਤੀ ਅਤੇ ਆਪਣੀ ਪਸੰਦ ਦੱਸਣ ਦਾ ਹੌਸਲਾ ਨਾ ਕਰਨ ਕਰਕੇ, ਆਪਣੇ ਮਾਤਾ-ਪਿਤਾ ਅਤੇ ਖਾਨਦਾਨ ਦੀ ਇੱਜ਼ਤ ਖ਼ਾਤਿਰ ਆਪਣੇ ਅਰਮਾਨਾਂ ਦਾ ਆਪਣੇ ਹੱਥੀਂ ਗਲਾ ਘੁੱਟ ਲਿਆ ਅਤੇ ਉਨ੍ਹਾਂ ਦੀ ਪਸੰਦ ਨੂੰ ਆਪਣੀ ਪਸੰਦ ਮਨਜ਼ੂਰ ਕਰਕੇ ਸਾਰੀ ਉਮਰ ਹਉਕੇ ਭਰਦਿਆਂ ਕੱਟ ਲਈ। ਜੀ ਹਾਂ, ਅਸੀਂ ਹੀ ਉਸ ਆਖ਼ਰੀ ਪੀੜ੍ਹੀ ਦੇ ਕੁਝ ਬਚੇ-ਖੁਚੇ ਲੋਕ ਹਾਂ ਜਿਨ੍ਹਾਂ ਨੇ ਅਜਿਹਾ ਹੋਰ ਬਹੁਤ ਕੁਝ ਦੇਖਿਆ, ਸੁਣਿਆ, ਪੜ੍ਹਿਆ, ਹੰਢਾਇਆ ਅਤੇ ਨਿਭਾਇਆ, ਜਿਹੜਾ ਸਾਡੇ ਮਗਰਲੀ ਪੀੜ੍ਹੀ ਲਈ ਇੱਕ ਅਜੂਬਾ ਹੋਵੇਗਾ …।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (