“ਪਰ ਹੁਣ ਤਾਂ ਡਰੱਗ ਅਡਿਕਸ਼ਨ ਦੇ ਨਾਲ ਨਾਲ ਇਸ ਤੋਂ ਵੀ ਵੱਡੀ ਤੇ ਭਿਆਨਕ ਸਮੱਸਿਆ ...”
(18 ਜੁਲਾਈ 2017)
ਇਸ ਸੂਚਨਾ ਕ੍ਰਾਂਤੀ ਨੇ ਸਾਡੇ ਜੀਵਨ ਅਤੇ ਸੱਭਿਆਚਾਰ ਵਿੱਚ ਪ੍ਰਦੂਸ਼ਣ ਦੀ ਹੱਦ ਤੱਕ ਘੁਸਪੈਠ ਕਰ ਲਈ ਹੈ। ਮਨੁੱਖ ਦੀਆ ਜੜ੍ਹਾਂ ਉਸਦੇ ਵਿਰਸੇ ਯਾਨੀ ਸੱਭਿਆਚਾਰ ਵਿੱਚ ਹੁੰਦੀਆਂ ਹਨ। ਪਰ ਇੱਕ ਤਰ੍ਹਾਂ ਨਾਲ ਇਸ ਸੂਚਨਾ ਕ੍ਰਾਂਤੀ ਨੇ ਸਾਡਾ ਸਾਰੇ ਦਾ ਸਾਰਾ ਵਾਤਾਵਰਣ ਹੀ ਗੰਧਲਾ ਕਰ ਦਿੱਤਾ ਹੈ। ਵਿਗਿਆਨ ਦੀਆਂ ਕਾਢਾਂ ਕਰਕੇ ਹੋਂਦ ਵਿੱਚ ਆਈ ਇਸ ਸੂਚਨਾ ਕ੍ਰਾਂਤੀ ਦੀ ਇਨਫੈਕਸ਼ਨ ਵੱਡੇ ਬਜ਼ੁਰਗਾਂ ਤੋਂ ਹੁੰਦੀ ਹੋਈ ਜਵਾਨਾਂ, ਕਿਸ਼ੋਰਾਂ ਅਤੇ ਸਾਡੇ ਟੀਨਏਜ਼ਰ ਬਾਲਾਂ ਵਿੱਚ ਵੀ ਪ੍ਰਵੇਸ਼ ਕਰ ਗਈ ਹੈ। ਸਾਡੇ ਬੱਚਿਆਂ ਦਾ ਬਚਪਨ ਖਤਮ ਹੀ ਹੋ ਗਿਆ ਹੈ। ਉਹ ਬਾਲਾਂ ਤੋਂ ਸਿੱਧੇ ਜਵਾਨ ਹੋ ਰਹੇ ਹਨ। ਇੱਕ ਤਰ੍ਹਾਂ ਨਾਲ ਬਚਪਨ ਦੀ ਭਰੂਣ ਹੱਤਿਆ ਹੋ ਰਹੀ ਹੈ। ਉਹ ਅਚਾਨਕ ਬਜ਼ੁਰਗਾਂ ਵਰਗੀਆਂ ਗੱਲਾਂ ਕਰਨ ਲੱਗ ਪਏ ਹਨ। ਇਸ ਨਵੀਂ ਪੀੜ੍ਹੀ ਦੇ ਬੱਚਿਆਂ ਦੇ ਹੱਥਾਂ ਵਿਚ ਜੰਮਦਿਆਂ ਹੀ ਰਿਮੋਟ, ਮੁਬਾਈਲ, ਲੈਪਟਾਪ, ਟੈਬ, ਕੰਪਿਉਟਰ ਆ ਗਏ ਹਨ। ਰੋਂਦੇ ਬੱਚੇ ਨੂੰ ਮਾਂ ਚੁੱਪ ਕਰਾਉਣ ਲਈ ਕਿਸੇ ਲੋਰੀ ਦੀ ਥਾਂ ਉਸ ਦੇ ਹੱਥ ਵਿੱਚ ਤੁਰੰਤ ਮੁਬਾਈਲ ਫੜਾ ਦਿੰਦੀ ਹੈ। ਬੱਚਾ ਉਸ ’ਤੇ ਕਾਰਟੂਨ ਜਾਂ ਗਾਣੇ ਸੁਣਨ ਲੱਗ ਪੈਂਦਾ ਹੈ ਤੇ ਮਾਂ ਆਪਣੇ ਕੰਮ ਨੂੰ ਝਟਾਪਟ ਨਿਪਟਾਉਣ ਦੀ ਕਰਦੀ ਹੈ। ਉਹ ਘੜੀ ਪਲ ਦੀ ਸੌਖ ਲਈ ਇਹ ਬਿਲਕੁਲ ਹੀ ਭੁੱਲ ਜਾਂਦੀ ਹੈ ਕਿ ਜਿਹੜਾ ਖਿਡੌਣਾ (ਮੁਬਾਈਲ) ਉਸ ਨੇ ਆਪਣੇ ਲਾਡਲੇ ਦੇ ਹੱਥ ਵਿੱਚ ਫੜਾਇਆ ਹੈ, ਇੱਕ ਦਿਨ ਉਹ ਬੱਚਾ ਖੁਦ ਉਸ ਦੇ ਹੱਥ ਦਾ ਖਿਡੌਣਾ ਬਣ ਕੇ ਰਹਿ ਜਾਵੇਗਾ। ਭਾਵੇਂ ਕਿ ਵੱਡੇ ਵਿਅਕਤੀਆਂ ਦੇ ਜੀਵਨ ਵਿੱਚ ਇਨ੍ਹਾਂ ਵਿਗਿਆਨਕ ਜੁਗਤਾਂ ਨੇ ਦੇਰ ਨਾਲ ਪ੍ਰਵੇਸ਼ ਕੀਤਾ ਹੈ ਪਰ ਉਹ ਵੀ ਆਪਣੇ ਆਪ ਨੂੰ ਨਵੀਂ ਪੀੜ੍ਹੀ ਦੇ ਹਾਣ ਦਾ ਕਹਾਉਣ ਲਈ ਇਨ੍ਹਾਂ ਜੁਗਤਾਂ ਦੀ ਖੁੱਲ੍ਹ ਕੇ ਵਰਤੋਂ ਕਰ ਰਹੇ ਹਨ। ਉਹ ਵੀ ਇਸ ਜੁਗਤ ਦੇ ਗੁਲਾਮ ਹੋ ਕੇ ਰਹਿ ਗਏ ਹਨ। ਅਜਿਹੇ ਲੋਕਾਂ ਵਾਸਤੇ ਹੀ ਸ਼ਾਇਦ ਕਿਸੇ ਸ਼ਾਇਰ ਨੇ ਕਿਹਾ ਹੈ:
“ਯੇ ਦੌਰ-ਏ-ਤਰੱਕੀ ਭੀ ਆਫਤ ਕੀ ਨਿਸ਼ਾਨੀ ਹੈ,
ਬੱਚੋਂ ਪੇ ਬੁਢਾਪਾ ਹੈ ਔਰ ਬੂਢੋਂ ਪੇ ਜਵਾਨੀ ਹੈ।
ਉਹ ਗਿਆਨ ਅਤੇ ਸੂਚਨਾਵਾਂ ਜਿਹੜੀਆਂ ਪੁਰਾਣੇ ਲੋਕਾਂ ਨੂੰ 25-30 ਸਾਲ ਦੀ ਉਮਰ ਵਿੱਚ ਕਿੱਧਰੋਂ ਸੁਣ ਸਣਾ ਕੇ, ਪੜ੍ਹ ਪੜ੍ਹਾ ਕੇ ਜਾਂ ਅਸਿੱਧੇ ਢੰਗ ਨਾਲ ਪ੍ਰਾਪਤ ਹੁੰਦੀਆਂ ਸਨ, ਹੁਣ ਉਹੀ ਸਾਰਾ ਕੁਝ ਹੀ ਨਹੀਂ, ਸਗੋਂ ਹੋਰ ਬਹੁਤ ਕੁਝ ਜਿਨ੍ਹਾਂ ਦੀ ਉਸ ਨੂੰ ਹਾਲੇ ਲੋੜ ਵੀ ਨਹੀਂ ਹੈ ਉਸ ਟੀਨਏਜਰ ਨੂੰ ਉਮਰ ਤੋਂ ਪਹਿਲੋਂ ਹੀ ਅਸਾਨੀ ਨਾਲ ਉਸ ਦੇ ਜ਼ਹਿਨ ਦਾ ਸਦੀਵੀ ਹਿੱਸਾ ਬਣਦਾ ਜਾ ਰਿਹਾ ਹੈ। ਜਿਸ ਵਿੱਚ ਨਾ ਕੋਈ ਪਰਦਾ ਹੈ, ਨਾ ਕੋਈ ਝਿਜਕ। ਬੱਚੇ ਬਜ਼ੁਰਗਾਂ ਤੋਂ ਵੀ ਵੱਡੇ ਹੋ ਗਏ ਹਨ। ਇਕ ਤਰ੍ਹਾਂ ਨਾਲ ਬਚਪਨ ਦੀ ਭਰੂਣ ਹਤਿਆ ਹੋ ਰਹੀ ਹੈ। ਉਨ੍ਹਾਂ ਨੂੰ ਮਹਿਜ ਬੱਚੇ ਸਮਝਣਾ ਸਾਡੀ ਬਹੁਤ ਵੱਡੀ ਭੁੱਲ ਹੋਵੇਗੀ। ਪਾਕਿਸਤਾਨ ਦੀ ਮਰਹੂਮ ਸ਼ਾਇਰਾ ਪਰਵੀਨ ਸ਼ਾਕਿਰ ਦਾ ਬਹੁਤ ਹੀ ਮਕਬੂਲ ਸ਼ੇਅਰ ਹੈ:
ਲਹਿਰਾ ਰਹੀ ਹੈ ਬਰਫ ਕੀ ਚਾਦਰ ਹਟਾ ਕੇ ਘਾਸ, ਧੂਪ ਕੀ ਸ਼ਹਿ ਪੇ ਤਿਨਕੇ ਭੀ ਬੇਬਾਕ ਹੋ ਗਏ,
ਦਿਨ ਕੇ ਵਕਤ ਜੁਗਨੂਓਂ ਕੋ ਪਰਖਨੇ ਕੀ ਜ਼ਿੱਦ ਕਰੇਂ, ਬੱਚੇ ਮੇਰੇ ਅਹਿਦ ਕੇ ਚਾਲਾਕ ਹੋ ਗਏ।
ਸਾਡੇ ਬਾਲ (ਟੀਨਏਜਰ) ਜਿਨ੍ਹਾਂ ਮੋਬਾਈਲ, ਮਾਊਸ, ਲੈਪਟਾਪ ਨੂੰ ਖਿਡੌਣੇ ਸਮਝ ਕੇ ਖੇਡਦੇ ਪਏ ਹਨ, ਉਹ ਇੱਕ ਦਿਨ ਆਪ ਹੀ ਇਨ੍ਹਾਂ ਜੰਤਰਾਂ ਦੇ ਹੱਥਾਂ ਦੇ ਖਿਡੌਣੇ ਬਣ ਜਾਣਗੇ, ਅਜਿਹਾ ਸੋਚਨਾ ਕਲਪਨਾ ਤੋਂ ਪਰੇ ਦੀ ਗੱਲ ਸੀ। ਬੱਚੇ ਡਰੱਗ ਅਤੇ ਨੈੱਟ ਅਡਿਕਸ਼ਨ ਤੋਂ ਅਣਜਾਣ ਹੁੰਦੇ ਹਨ। ਉਨ੍ਹਾਂ ਨੂੰ ਚੰਗੇ ਮਾੜੇ ਦੀ ਕੋਈ ਸੋਝੀ ਨਹੀਂ ਹੁੰਦੀ। ਉਹ ਤਾਂ ਗ਼ਲਤ ਸਹੀ ਦੀ ਪਛਾਣ ਕੀਤੇ ਬਿਨਾਂ ਚਲਦੇ ਟ੍ਰੈਂਡ ਨੂੰ ਅਪਣਾ ਲੈਂਦੇ ਹਨ। ਉਹ ਅੱਖਾਂ ਬੰਦ ਕਰਕੇ ਉਸੇ ਰਸਤੇ ’ਤੇ ਚੱਲ ਪੈਂਦੇ ਹਨ ਜਿਸ ’ਤੇ ਉਨ੍ਹਾਂ ਦੇ ਹਮ ਉਮਰ ਸਾਥੀ ਚੱਲ ਰਹੇ ਹੁੰਦੇ ਹਨ। ਜਾਂ ਫਿਰ ਆਪਣੇ ਤੋਂ ਵੱਡਿਆਂ ਦੀ ਨਕਲ ਕਰਨ ਲੱਗ ਪੈਂਦੇ ਹਨ। ਅਜੇ ਤਾਂ ਸਮਾਜ ਵਿੱਚ ਡਰੱਗ ਦਾ ਹੀ ਬੋਲਬਾਲਾ ਹੈ। ਜਵਾਨ, ਕਿਸ਼ੋਰ ਕੀ ਹੁਣ ਤਾਂ ਸਕੂਲ ਜਾਣ ਵਾਲੇ ਬੱਚੇ ਵੀ ਇਸ ਅਲਾਮਤ ਦੇ ਜ਼ਬਰਦਸਤ ਸ਼ਿਕਾਰ ਹੋ ਗਏ ਹਨ। ਬੀਤੇ ਦਿਨੀਂ “ਉੜਦਾ ਪੰਜਾਬ” ਫਿਲਮ ਵੀ ਇਸੇ ਕਰਕੇ ਬਹੁਤ ਚਰਚਿਤ ਹੋਈ ਸੀ।
ਇਸ ਤੋਂ ਇਲਾਵਾ ਇੱਕ ਹੋਰ ਬਹੁਤ ਹੀ ਗੰਭੀਰ ਅਤੇ ਖਤਰਨਾਕ ਜਿਸ ਲਤ ਨੇ ਸਾਡੇ ਟੀਨਏਜਰਜ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ, ਉਹ ਹੈ ਨੈੱਟ ਅਡਿਕਸ਼ਨ। ਇਸ ਪਾਸੇ ਸਾਡਾ ਧਿਆਨ ਬਹੁਤ ਹੀ ਘੱਟ ਗਿਆ ਹੈ। ਸਾਡੇ ਕੋਮਲ ਮਨਾਂ ਅਤੇ ਕੋਰੇ ਦਿਮਾਗਾਂ ਵਾਲੇ ਬੱਚੇ ਡਰੱਗ ਅਡਿਕਸ਼ਨ ਦੇ ਨਾਲ ਨਾਲ ਨੈੱਟ ਅਡਿਕਸ਼ਨ ਦੇ ਬਹੁਤ ਹੀ ਤੇਜ਼ੀ ਨਾਲ ਸ਼ਿਕਾਰ ਹੋ ਰਹੇ ਹਨ। ਡਰੱਗ ਅਡਿਕਸ਼ਨ ਦੇ ਲੱਛਣ ਤਾਂ ਕਾਫੀ ਹੱਦ ਤੀਕ ਸਪਸ਼ਟ ਹੋ ਚੁੱਕੇ ਹਨ। ਇਸ ਪ੍ਰਤੀ ਮਾਪੇ, ਸਰਕਾਰੀ, ਗ਼ੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਗੰਭੀਰਤਾ ਨਾਲ ਡਰੱਗ ਡੀਅਡਿਕਸ਼ਨ ਕੇਂਦਰ ਚਲਾ ਕੇ ਨੌਜਵਾਨਾਂ ਨੂੰ ਇਸ ਅਲਾਮਤ ਤੋਂ ਛੁਟਕਾਰਾ ਦੁਆਉਣ ਦਾ ਸ਼ਲਾਘਾਯੋਗ ਕਾਰਜ ਕਰਕੇ ਲੋਕਾਂ ਦਾ ਭਲਾ ਕਰ ਰਹੇ ਹਨ। ਕਈ ਮਾਪੇ ਸੋਚਦੇ ਹਨ ਕਿ ਉਨ੍ਹਾਂ ਦੇ ਬੱਚੇ ਪੜ੍ਹਨ ਜਾਂ ਨਾ ਪੜ੍ਹਨ ਪਰ ਡਰੱਗ ਦੇ ਸ਼ਿਕਾਰ ਨਾ ਹੋ ਜਾਣ। ਪੁਲਿਸ ਅਤੇ ਫੌਜ ਵਿੱਚ ਭਰਤੀ ਲਈ ਸਿਹਤਮੰਦ ਨੌਜਵਾਨ ਨਹੀਂ ਮਿਲ ਰਹੇ ਹਨ।
ਪਰ ਹੁਣ ਤਾਂ ਡਰੱਗ ਅਡਿਕਸ਼ਨ ਦੇ ਨਾਲ ਨਾਲ ਇਸ ਤੋਂ ਵੀ ਵੱਡੀ ਤੇ ਭਿਆਨਕ ਸਮੱਸਿਆ ਨੈੱਟ ਅਡਿਕਸ਼ਨ ਨੇ ਸਾਡੀ ਬਾਲ ਪੀੜ੍ਹੀ ਨੂੰ ਆਪਣੇ ਸ਼ਿਕੰਜੇ ਵਿੱਚ ਜਕੜ ਲਿਆ ਹੈ। ਉਹ ਮੁਬਾਈਲ, ਲੈਪਟਾਪ, ਕੰਪਿਉਟਰ, ਟੈਬ, ’ਤੇ ਚਲਦੇ ਵੱਟਸਐਪ, ਚੈਟਿੰਗ, ਟਵੀਟ, ਫੇਸਬੁੱਕ, ਇੰਸਟਾਗ੍ਰਾਮ ਅਤੇ ਬੱਚਿਆਂ ਲਈ ਵਰਜਿਤ ਵੈੱਬਸਾਈਟਾਂ ਰਾਹੀਂ ਅਜਿਹੀ ਆਭਾਸੀ (ਵਰਚੂਅਲ) ਦੁਨੀਆ ਵਿੱਚ ਪ੍ਰਵੇਸ਼ ਕਰ ਚੁੱਕੇ ਹਨ, ਜਿੱਥੋਂ ਬਾਹਰ ਨਿਕਲਣਾ ਬੇਹਦ ਮੁਸ਼ਕਿਲ ਹੈ। ਉਹ ਇੱਕ ਵੱਖਰੇ ਹੀ ਕਲਪਨਾ ਲੋਕ ਵਿੱਚ ਵਿਚਰ ਰਹੇ ਹਨ, ਜਿੱਥੇ ਇੱਕ ਵਾਰੀ ਪ੍ਰਵੇਸ਼ ਕਰਨਾ ਤਾਂ ਆਸਾਨ ਹੈ ਪਰ ਉਸ ਲੋਕ ਵਿੱਚੋਂ ਵਾਪਿਸ ਪਰਤਣਾ ਬਹੁਤ ਹੀ ਮੁਸ਼ਕਿਲ ਹੈ।
ਦਰਅਸਲ ਰੱਜੇ-ਪੁੱਜੇ ਪਰਿਵਾਰਾਂ ਨੇ ਹੀ ਨਹੀਂ ਸਗੋਂ ਆਮ ਸਧਾਰਣ ਲੋਕਾਂ ਨੇ ਵੀ ਆਪਣੇ ਲਾਡਲਿਆਂ-ਲਾਡਲੀਆਂ ਹੱਥ ਕਿਸੇ ਨਾ ਕਿਸੇ ਬਹਾਨੇ ਜਾਂ ਮਜਬੂਰੀ ਵੱਸ ਇਹ ਵਿਗਿਆਨਕ ਜੁਗਤਾਂ ਭੇਂਟ ਕਰ ਦਿੱਤੀਆਂ ਹਨ। ਇਸ ਨਾਲ ਸਾਡੇ ਬੱਚੇ ਸਰੀਰਕ ਤੌਰ ’ਤੇ ਹੀ ਨਹੀਂ ਮਾਨਸਿਕ ਤੌਰ ’ਤੇ ਵੀ ਅਪੰਗ ਹੋ ਕੇ ਰਹਿ ਗਏ ਹਨ। ਇਹ ਜੁਗਤਾਂ ਜਾਣਕਾਰੀ ਦਾ ਅਥਾਹ ਸੋਮਾ ਹਨ। ਚੰਗਾ ਵੀ ਤੇ ਅਣਲੋੜੀਦਾਂ ਜਾਂ ਵਰਜਿਤ ਸੂਚਨਾ ਭੰਡਾਰ ਇਨ੍ਹਾਂ ਦੀ ਮੁੱਠੀ ਵਿੱਚ ਕੈਦ ਹੈ। ਜੀਵਨ ਉਪਯੋਗੀ ਗਿਆਨ ਦੀ ਥਾਂ ਬੱਚੇ ਵਰਜਿਤ ਗਿਆਨ, ਉਹ ਵੀ ਉਮਰ ਤੋਂ ਪਹਿਲਾਂ ਹੀ ਪ੍ਰਾਪਤ ਕਰ ਰਹੇ ਹਨ। ਇਨ੍ਹਾਂ ਦੀ ਦੁਰਵਰਤੋਂ ਕਰਕੇ ਸਾਡੇ ਬੱਚਿਆਂ ਦੇ ਮਾਸੂਮ ਚਿਹਰੇ ਖਿੜਨ ਤੋਂ ਪਹਿਲਾਂ ਹੀ ਮੁਰਝਾ ਰਹੇ ਹਨ। ਇਨ੍ਹਾਂ ਵਿਗਿਆਨਕ ਜੁਗਤਾਂ ਤੇ ਪੋਰਨ ਸਾਈਟ ਅਤੇ ਸੈਕਸ ਸੰਬੰਧੀ ਸਮਗਰੀ ਅਸਾਨੀ ਨਾਲ ਉਪਲਬਧ ਹੈ। ਇਨ੍ਹਾਂ ਜੁਗਤਾਂ ’ਤੇ ਕੋਈ ਪਰਦਾ ਨਾ ਹੋਣ ਕਰਕੇ ‘ਗੁੱਡ ਮੌਰਨਿੰਗ’ ਤੋਂ ਲੈ ਕੇ ‘ਗੁੱਡ ਨਾਈਟ’ ਤੱਕ ਹਰ ਤਰ੍ਹਾਂ ਦੇ ਅਸ਼ਲੀਲ ਮੈਸੇਜ ਫਰੈਂਡਸ਼ਿੱਪ ਦੇ ਨਾਂ ਹੇਠ ਭੇਜੇ ਜਾ ਰਹੇ ਹਨ।
ਅਜਿਹੀ ਗੱਲ ਨਹੀਂ ਕਿ ਇਨ੍ਹਾਂ ਸਾਈਟਾਂ ’ਤੇ ਸਭ ਕੁਝ ਅਸ਼ਲੀਲ ਅਤੇ ਵਰਜਿਤ ਹੀ ਹੈ। ਇਹ ਵਿਗਿਆਨਕ ਜੁਗਤਾਂ ਦੁਨੀਆ ਭਰ ਦੇ ਗਿਆਨ ਦਾ ਅਥਾਹ ਸੋਮਾ ਹਨ। ਘਰ ਬੈਠਿਆਂ ਹੀ ਇਸ ਦਾ ਬਹੁਤ ਫਾਇਦਾ ਉਠਾਇਆ ਜਾ ਸਕਦਾ ਹੈ। ਪਰ ਬਾਲ ਕੋਮਲ ਮਨ ਤਾਂ ਹਰ ਸਮੇਂ ਇਸ ਤਾਂਘ ਵਿੱਚ ਰਹਿੰਦਾ ਹੈ ਕਿ ਉਹ ਸਭ ਜਾਣਿਆ ਜਾਵੇ ਜਿਸ ਤੋਂ ਉਸ ਨੂੰ ਵਰਜਿਆ ਜਾਂਦਾ ਹੈ। ਉਹ ਹੋਰ ਕੰਮ ਦੀਆਂ ਗੱਲਾਂ ਨਾਲੋਂ ਕੰਪਿਉਟਰ ’ਤੇ ਗੇਮਜ਼, ਕਾਰਟੂਨ, ਐਨੀਮੇਸ਼ਨ ਫਿਲਮਾਂ ਅਤੇ ਪੋਰਨ ਸਾਈਟਾਂ ਵੱਲ ਵਧੇਰੇ ਖਿੱਚਿਆ ਜਾਂਦਾ ਹੈ, ਆਪਣੇ ਕਮਰੇ, ਘਰੋਂ ਬਾਹਰ ਨਿਵੇਕਲੀ ਥਾਂ ’ਤੇ, ਆਪਣੇ ਹਮ ਉਮਰ ਦੋਸਤਾਂ ਸੰਗ, ਸਾਈਬਰ ਕੈਫਿਆਂ ਵਿੱਚ ਲੁਕ ਛਿਪ ਕੇ ਇਸ ਦੁਨੀਆ ਵਿੱਚ ਗੁਆਚਿਆ ਰਹਿੰਦਾ ਹੈ। ਮਾਤਾ ਪਿਤਾ ਵੀ ਕਈ ਵਾਰੀ ਇਸ ਗੱਲੋਂ ਅਵੇਸਲੇ ਰਹਿੰਦੇ ਹਨ ਕਿ ਉਨ੍ਹਾਂ ਦਾ ਬੱਚਾ ਕੀ ਕਰ ਰਿਹਾ ਹੈ। ਕਦੇ ਉਸ ਦਾ ਮੁਬਾਈਲ ਜਾਂ ਲੈਪਟਾਪ ਜਾਂ ਕੰਪਿਉਟਰ ਚੈੱਕ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾਂਦੀ।
ਕਈ ਵਡੇਰੀ ਉਮਰ ਦੇ ਮਾਪਿਆਂ ਨੂੰ ਇਸ ਜੁਗਤ ਦਾ ਉੱਕਾ ਹੀ ਗਿਆਨ ਨਹੀਂ ਹੈ। ਅਜੋਕੇ ਐਂਡਰਾਇਡ ਵਰਗੇ ਮੁਬਾਈਲਾਂ ’ਤੇ ਹਜ਼ਾਰਾਂ ਹੀ ਫੰਕਸ਼ਨ ਆ ਗਏ ਹਨ, ਪਰ ਕਈ ਜਾਣਦੇ ਹੋਏ ਵੀ ਇਸ ਗੱਲੋਂ ਅਵੇਸਲੇ ਰਹਿੰਦੇ ਹਨ। ਉਨ੍ਹਾਂ ਦਾ ਇਹ ਅਵੇਸਲਾਪਨ ਇੱਕ ਦਿਨ ਉਨ੍ਹਾਂ ਲਈ ਵੱਡੀ ਮੁਸੀਬਤ ਬਣ ਸਕਦਾ ਹੈ। ਜਦੋਂ ਤੱਕ ਮਾਪਿਆਂ ਨੂੰ ਇਸ ਗੱਲ ਦਾ ਇਲਮ ਹੁੰਦਾ ਹੈ ਉਦੋਂ ਤੱਕ ਪਾਣੀ ਸਿਰ ਤੋਂ ਦੀ ਲੰਘ ਚੁੱਕਿਆ ਹੁੰਦਾ ਹੈ।
ਅਜਿਹੇ ਨੈੱਟ ਅਡਿਕਸ਼ਨ ਦੇ ਸ਼ਿਕਾਰ ਟੀਨਏਜਰ ਸਾਨੂੰ ਅਸਾਨੀ ਨਾਲ ਆਪਣੇ ਇਰਦ-ਗਿਰਦ, ਸਾਈਬਰ ਕੈਫੇ, ਸਕੂਲਾਂ-ਕਾਲਜਾਂ, ਗਲੀ-ਮੁਹੱਲਿਆਂ, ਪਾਰਕਾਂ, ਚੁਰਸਤਿਆਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਗੱਲ ਕਿ ਸੜਕਾਂ ’ਤੇ ਤੁਰਦੇ ਫਿਰਦੇ ਨਜ਼ਰ ਆ ਜਾਣਗੇ। ਵਿਡੰਬਨਾ ਇਹ ਹੈ ਕਿ ਡਰੱਗ ਅਡਿਕਟਡ ਟੀਨਏਜਰ ਤਾਂ ਅਸਾਨੀ ਨਾਲ ਪਛਾਣੇ ਜਾ ਸਕਦੇ ਹਨ। ਉਨ੍ਹਾਂ ਦੇ ਇਲਾਜ ਲਈ ਡਰੱਗ ਡੀਅਡਿਕਸ਼ਨ ਸੈਂਟਰ ਵੀ ਸ਼ਹਿਰਾਂ ਵਿੱਚ ਮਿਲ ਜਾਂਦੇ ਹਨ, ਜਿੱਥੇ ਵਿਧੀਵੱਤ ਢੰਗ ਨਾਲ ਇਲਾਜ ਕਰਾ ਕੇ ਡਰੱਗ ਅਡਿਕਸ਼ਨ ਵਰਗੀ ਅਲਾਮਤ ਤੋਂ ਖਹਿੜਾ ਛੁੜਾਇਆ ਜਾ ਸਕਦਾ ਹੈ। ਪਰ ਨੈੱਟ ਅਡਿਕਸ਼ਨ ਦੇ ਲੱਛਣ ਤਾਂ ਅਸਾਨੀ ਨਾਲ ਨਾ ਮਾਪਿਆਂ ਨੂੰ ਤੇ ਨਾ ਹੀ ਅਧਿਆਪਕਾਂ ਤੇ ਰਿਸ਼ਤੇਦਾਰਾਂ ਨੂੰ ਸਮਝ ਪੈਂਦੇ ਹਨ। ਪਰ ਜਦੋਂ ਬੱਚਾ ਨੈੱਟ ਅਡਿਕਸ਼ਨ ਵਿੱਚ ਪੂਰੀ ਤਰ੍ਹਾਂ ਗਲਤਾਨ ਹੋ ਚੁੱਕਿਆ ਹੁੰਦਾ ਹੈ, ਫਿਰ ਉਸ ਦਾ ਸਾਡੇ ਦੇਸ਼ ਵਿੱਚ ਸਹੀ ਇਲਾਜ ਸੰਭਵ ਨਹੀਂ ਹੈ। ਇਸ ਅਲਾਮਤ ਕਰਕੇ ਯਾਦ ਸ਼ਕਤੀ ਦਾ ਘਟ ਜਾਣਾ, ਆਪਣੇ ਆਪ ਵਿੱਚ ਗੁਆਚੇ ਰਹਿਣਾ, ਪਰਿਵਾਰ ਤੋਂ ਦੂਰ-ਦੂਰ ਰਹਿਣਾ, ਭੁੱਖ ਦਾ ਘਟ ਜਾਣਾ, ਹਰ ਸਮੇਂ ਅਲੱਗ ਰਹਿ ਕੇ ਆਪਣੀ ਵਸਾਈ ਦੁਨੀਆ ਵਿੱਚ ਮਸਤ ਰਹਿਣਾ, ਪੜ੍ਹਾਈ ਵਿੱਚ ਪਛੜ ਜਾਣਾ, ਮਾਨਸਿਕ ਰੋਗੀਆਂ ਵਾਂਗ ਵਿਵਹਾਰ ਕਰਨਾ ਆਦਿ ਵਿਵਹਾਰਕ ਬਦਲਾਅ ਮਹਿਸੂਸ ਕੀਤੇ ਜਾ ਸਕਦੇ ਹਨ। ਜੇ ਬਦਕਿਸਮਤੀ ਨਾਲ ਬੱਚਾ ਡਰੱਗ ਅਤੇ ਨੈੱਟ ਅਡਿਕਸ਼ਨ ਦੋਹਾਂ ਅਲਾਮਤਾਂ ਦਾ ਸ਼ਿਕਾਰ ਹੋ ਗਿਆ ਹੋਵੇ ਤਾਂ ਫਿਰ ਉਸ ਦਾ ਰੱਬ ਹੀ ਮਾਲਕ ਹੈ। ਮਨੋਵਿਗਿਆਨੀਆਂ ਅਨੁਸਾਰ ਨੈੱਟ ਅਡਿਕਸ਼ਨ ਦੇ ਸ਼ਿਕਾਰ ਬੱਚੇ ਉਸ ਦੁਨੀਆ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਜਿੱਥੋਂ ਉਨ੍ਹਾਂ ਨੂੰ ਵਾਪਿਸ ਲਿਆਉਣਾ ਵਿੱਚ ਬਹੁਤ ਲੰਮਾ ਸਮਾਂ ਲੱਗ ਸਕਦਾ ਹੈ। ਪਰ ਗਰੰਟੀ ਕੋਈ ਨਹੀਂ ਦੇ ਸਕਦਾ ਕਿ ਉਹ ਪਹਿਲਾਂ ਵਾਂਗ ਨਾਰਮਲ ਹੋ ਜਾਵੇਗਾ।
ਵਿਕਸਤ ਮੁਲਕਾਂ ਵਿੱਚ ਨੈੱਟ ਅਡੀਕਸ਼ਨ ਇੱਕ ਬਹੁਤ ਹੀ ਗੰਭੀਰ ਸਮੱਸਿਆ ਬਣ ਚੁੱਕੀ ਹੈ। ਭਾਰਤ ਲਈ ਇਹ ਇੱਕ ਚੁਣੌਤੀ ਤੋਂ ਘੱਟ ਨਹੀਂ ਹੈ। ਸਾਡੇ ਦੇਸ਼ ਵਿੱਚ ਮੈਟਰੋਪੌਲੇਟਿਨ ਸ਼ਹਿਰਾਂ ਵਿੱਚ ਅਜਿਹੇ ਨੈੱਟ ਅਡਿਕਟਡ ਰੋਗੀਆਂ ਦੇ ਇਲਾਜ ਲਈ ਮਾਹਿਰ ਮਨੋਵਿਗਿਆਨੀ ਡਾਕਟਰ ਹੀ ਉਪਲਬਧ ਨਹੀਂ ਹਨ। ਨੈੱਟ ਅਡਿਕਸ਼ਨ ਦਾ ਅਸਰ ਤਾਂ ਵੱਡਿਆਂ ਛੋਟਿਆਂ ਸਾਰਿਆਂ ’ਤੇ ਹੁੰਦਾ ਹੈ। ਲੇਕਿਨ ਬਾਲਾਂ (ਟੀਨਏਜਰ) ’ਤੇ ਪੈ ਰਿਹਾ ਅਸਰ ਬੇਹੱਦ ਗੰਭੀਰ ਅਤੇ ਖਤਰਨਾਕ ਹੱਦ ਤੱਕ ਵਧ ਗਿਆ ਹੈ। ਚੋਣਾਂ ਦੇ ਦਿਨਾਂ ਵਿੱਚ ਵੋਟਾਂ ਖਾਤਿਰ ਵੋਟਰਾਂ ਨੂੰ ਮੁਫਤ ਮੁਬਾਈਲ ਵੰਡਣ ਦਾ ਲਾਲਚ ਦੇਣਾ, ਇੱਕ ਤਰ੍ਹਾਂ ਨਾਲ ਸਮਾਜ ਦੀ ਨਵੀਂ ਪੀੜ੍ਹੀ ਨੂੰ ਗਰਕ ਕਰਨ ਦੇ ਸਮਾਨ ਹੈ। ਦੇਸ਼ ਦੀ ਜਵਾਨੀ ਨੂੰ ਅਜਿਹੇ ਟੋਏ ਵਿੱਚ ਧਕੇਲਣਾ ਹੈ, ਜਿੱਥੋਂ ਉਹ ਇਸ ਚੱਕਰਵਿਊ ਵਿੱਚ ਇੱਕ ਵਾਰੀ ਪ੍ਰਵੇਸ਼ ਤਾਂ ਆਸਾਨੀ ਨਾਲ ਕਰ ਜਾਂਦੇ ਹਨ ਪਰ ਅਭਿਮਨਿਉ ਦੀ ਤਰ੍ਹਾਂ ਬਾਹਰ ਨਿਕਲਨਾ ਸੌਖਾ ਨਹੀਂ ਹੁੰਦਾ ਹੈ।
ਇਸ ਲਈ ਹੁਣ ਮਾਪਿਆਂ ਦੇ ਸਿਰ ਇਸ ਗੱਲ ਦੀ ਬਹੁਤ ਹੀ ਵੱਡੀ ਜ਼ਿੰਮੇਦਾਰੀ ਆ ਗਈ ਹੈ ਕਿ ਉਹ ਬੇਹੱਦ ਚੁਕੰਨੇ ਹੋ ਕੇ ਆਪਣੇ ਬੱਚਿਆਂ ਦੀ ਪੂਰੀ ਨਿਗਰਾਨੀ ਕਰਨ। ਸਟੇਟਸ ਸਿੰਬਲ ਕਰਕੇ ਜਾਂ ਲੋੜ ਮਹਿਸੂਸ ਕਰਦੇ ਹੋਏ ਜੇ ਅਸੀਂ ਆਪਣੇ ਬੱਚਿਆਂ ਦੇ ਹੱਥਾਂ ਵਿੱਚ ਮੁਬਾਈਲ ਵਰਗੇ ਜੀਵਨ ਦੇ ਦੁਸ਼ਮਣ ਲੈ ਕੇ ਦਿੱਤੇ ਹੋਏ ਹੋਣ ਤਾਂ ਸਾਨੂੰ ਉਨ੍ਹਾਂ ਦੀ ਪੂਰੀ ਜਾਣਕਾਰੀ ਹੋਣੀ ਬਹੁਤ ਹੀ ਜ਼ਰੂਰੀ ਹੈ। ਤਾਂਹੀਓਂ ਅਸੀਂ ਆਪਣੇ ਬੱਚਿਆਂ ਨੂੰ ਇਸ ਨਾਮੁਰਾਦ ਬੀਮਾਰੀ ਤੋਂ ਬਚਾਉਣ ਵਿਚ ਸਫਲ ਹੋ ਸਕਾਂਗੇ।
*****
(ਲੇਖਕ ਸਿੱਖਿਆ ਸ਼ਾਸ਼ਤਰੀ ਅਤੇ ਰਾਸ਼ਟਰਪਤੀ ਤੋਂ ਸਨਮਾਨਤ ਸਾਹਿਤਕਾਰ ਹੈ)
(769)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)